ਬਠਿੰਡਾ: ਸਿੱਖ ਸੰਘਰਸ਼ ਕਮੇਟੀ ਵੱਲੋਂ ਪੰਥਕ ਸੇਵਾ ਲਹਿਰ ਦੇ ਸਹਿਯੋਗ ਨਾਲ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੱਢੇ ਜਾਣ ਵਾਲੇ ਮਾਰਚ ਨੂੰ ਪੁਲਿਸ ਨੇ ਰੋਕ ਦਿੱਤਾ ਤੇ ਪੰਥਕ ਸੇਵਾ ਲਹਿਰ ਦੇ ਮੁੱਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੂੰ ਉਨ੍ਹਾਂ ਦੇ ਹੈੱਡਕੁਆਟਰ ਗੁਰਦੁਆਰਾ ਜੰਡਾਲੀਸਰ ਸਾਹਿਬ ਕੋਟਸ਼ਮੀਰ ਵਿਖੇ ਨਜ਼ਰਬੰਦ ਕਰ ਦਿੱਤਾ।
ਜੇਲ੍ਹਾਂ ਵਿਚ ਬੰਦ ਨੌਜਵਾਨਾਂ ਦੀ ਰਿਹਾਈ ਲਈ ਸਿੱਖ ਸੰਘਰਸ਼ ਕਮੇਟੀ ਨੇ ਬਠਿੰਡਾ ਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਦੋ ਮਾਰਚ ਕੱਢਣ ਦਾ ਫੈਸਲਾ ਕੀਤਾ ਸੀ ਤੇ 16 ਤੇ 18 ਅਪਰੈਲ ਨੂੰ ਇਹ ਮਾਰਚ ਰਵਾਨਾ ਹੋਣੇ ਸਨ। 16 ਅਪਰੈਲ ਨੂੰ ਬਠਿੰਡਾ ਤੋਂ ਕੱਢੇ ਜਾਣ ਵਾਲੇ ਮਾਰਚ ਨੂੰ ਵੀ ਪੁਲਿਸ ਨੇ ਰੋਕ ਲਿਆ ਸੀ ਤੇ ਮਾਰਚ ਦੇ ਮੁੱਖ ਪ੍ਰਬੰਧਕਾਂ ਨੂੰ ਸੰਤ ਦਾਦੂਵਾਲ ਸਮੇਤ ਗੁਰਦੁਆਰਾ ਸਾਹਿਬ ਵਿਚ ਸ਼ਾਮ ਤੱਕ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਵਿਚ ਸੰਤ ਦਾਦੂਵਾਲ ਦੀ ਸ਼ਮੂਲੀਅਤ ਦੇ ਮੱਦੇਨਜਰ ਉਨ੍ਹਾਂ ਦੇ ਹੈੱਡਕੁਆਟਰ ਗੁਰਦੁਆਰਾ ਜੰਡਾਲੀਸਰ ਸਾਹਿਬ ਦੇ ਆਲੇ ਦੁਆਲੇ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਸੀ, ਜਦੋਂ ਤੈਅ ਸਮੇਂ ‘ਤੇ ਸੰਤ ਦਾਦੂਵਾਲ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਗੇਟ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪੁਲਿਸ ਵੱਲੋਂ ਗੇਟ ‘ਤੇ ਹੀ ਰੋਕ ਲਿਆ ਗਿਆ ਤੇ ਗੁਰਦੁਆਰਾ ਸਾਹਿਬ ਅੰਦਰ ਹੀ ਨਜ਼ਰਬੰਦ ਕਰਨ ਦੇ ਹੁਕਮ ਸੁਣਾ ਦਿੱਤੇ ਗਏ।
ਇਸ ਮੌਕੇ ਸੰਤ ਦਾਦੂਵਾਲ ਨੇ ਪੁਲਿਸ ਅਧਿਕਾਰੀਆਂ ਨਾਲ ਬਹਿਸ ਵੀ ਕੀਤੀ ਤੇ ਗ੍ਰਿਫਤਾਰੀ ਦੇਣ ਦੀ ਪੇਸ਼ਕਸ ਵੀ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਨਜ਼ਰਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਪੰਥਕ ਸੇਵਾ ਲਹਿਰ ਦੇ ਸਰਪ੍ਰਸਤ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਰੋਸ ਮਾਰਚ ਦੀ ਪ੍ਰਵਾਨਗੀ ਲਈ ਪੱਤਰ ਵੀ ਦਿੱਤਾ ਸੀ ਪਰ ਪ੍ਰਸ਼ਾਸਨ ਨੇ ਪ੍ਰਵਾਨਗੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮਾਰਚ ਦਾ ਮਕਸਦ ਲੋਕਾਂ ਨੂੰ ਸਿੱਖ ਬੰਦੀਆਂ ਬਾਰੇ ਜਾਗਰੂਕ ਕਰਨਾ ਸੀ।
ਦੱਸਣਯੋਗ ਹੈ ਕਿ ਸਿੱਖ ਆਗੂ 25 ਮਾਰਚ ਨੂੰ ਮੁੱਖ ਮੰਤਰੀ ਦੇ ਨਾਂ 118 ਬੰਦੀ ਸਿੱਖ ਕੈਦੀਆਂ ਦੇ ਕੇਸਾਂ ਦੀ ਮੁੜ ਤੋਂ ਨਜ਼ਰਸਾਨੀ ਕਰਨ ਬਾਰੇ ਮੰਗ ਪੱਤਰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਸਿੱਖ ਕੈਦੀਆਂ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਬੰਦ ਕੀਤਾ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਬਲਜੀਤ ਸਿੰਘ ਭਾਊ ਪੁੱਤਰ ਕੈਪਟਨ ਦਲੀਪ ਸਿੰਘ ਖ਼ਿਲਾਫ਼ ਛੇ ਮੁਕੱਦਮੇ ਦਰਜ ਕੀਤੇ ਗਏ ਜਿਨ੍ਹਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਪਰ ਉਨ੍ਹਾਂ ਨੂੰ ਪਟਿਆਲਾ ਤੋਂ ਦਿੱਲੀ ਪੁਲਿਸ ਚੁੱਕ ਕੇ ਲੈ ਗਈ ਤੇ ਉਹ ਹੁਣ ਤਿਹਾੜ ਜੇਲ੍ਹ ਅੰਦਰ ਬੰਦ ਹੈ।
ਇਸੇ ਤਰ੍ਹਾਂ ਦਇਆ ਸਿੰਘ ਲਾਹੌਰੀਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਲਖਵਿੰਦਰ ਸਿੰਘ ਨੂੰ ਇਕ ਮਹੀਨੇ ਦੀ ਪੈਰੋਲ ਦਿੱਤੀ ਗਈ ਪਰ ਰਿਹਾਈ ਨਹੀਂ ਹੋਈ। ਇਹ ਸਿੱਖ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ। ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿੱਖ ਕੈਦੀਆਂ ਦੇ ਕੇਸਾਂ ‘ਤੇ ਮੁੜ ਤੋਂ ਨਜ਼ਰਸਾਨੀ ਕੀਤੀ ਜਾਵੇ ਤੇ ਇਨ੍ਹਾਂ ਦੀ ਰਿਹਾਈ ਲਈ ਪੰਜਾਬ ਸਰਕਾਰ, ਕੈਬਨਿਟ ਤੇ ਵਿਧਾਨ ਸਭਾ ਅੰਤਰ ਮਤਾ ਪਾਸ ਕਰੇ।
Leave a Reply