ਚੰਡੀਗੜ੍ਹ: ਪੰਜਾਬ ਨੇ ਪਿਛਲੇ 20 ਸਾਲਾਂ ਦੌਰਾਨ ਸ਼ਰਾਬ ਦੇ ਧੰਦੇ ਵਿਚ ਸਭ ਤੋਂ ਵੱਧ ਤਰੱਕੀ ਕੀਤੀ ਹੈ। ਠੇਕਿਆਂ ‘ਤੇ ਸ਼ਰਾਬ ਦੀ ਵਿਕਰੀ ਵਿਚ ਹੋਇਆ ਬੇਤਹਾਸ਼ਾ ਵਾਧਾ ਦੱਸਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਪ੍ਰਤੀ ਜੀਅ ਆਮਦਨ ਵਿਚ ਤਾਂ ਭਾਵੇਂ ਪਿਛਲੇ 20 ਸਾਲਾਂ ਦੌਰਾਨ ਮਸਾਂ 50 ਫੀਸਦੀ ਵਾਧਾ ਹੋਇਆ ਹੋਵੇਗਾ ਪਰ ਸ਼ਰਾਬ ਤੋਂ ਸਰਕਾਰ ਨੂੰ ਆਮਦਨ ਵਿਚ ਪੰਜ ਗੁਣਾ ਨਾਲੋਂ ਵਧੇਰੇ ਫਾਇਦਾ ਹੋਇਆ ਹੈ। ਇੰਨਾ ਭਾਰੀ ਵਾਧਾ ਸਨਅਤ, ਖੇਤੀ ਤੇ ਹੋਰ ਕਿਸੇ ਵੀ ਖੇਤਰ ਵਿਚ ਨਹੀਂ ਹੋਇਆ।
ਪੰਜਾਬ ਵਿਚ ਕਰ ਤੇ ਆਬਕਾਰੀ ਵਿਭਾਗ ਦੀ ਕੁੱਲ ਮਾਲੀਆ ਉਗਰਾਹੀ ਤਕਰੀਬਨ 25 ਹਜ਼ਾਰ ਕਰੋੜ ਰੁਪਏ ਹੈ ਤੇ ਇਸ ਵਿਚੋਂ 4700 ਕਰੋੜ ਰੁਪਏ ਇਕੱਲੇ ਸ਼ਰਾਬ ਤੋਂ ਮਿਲਦੇ ਹਨ ਤੇ ਬਾਕੀ 20 ਹਜ਼ਾਰ ਕਰੋੜ ਰੁਪਏ ਦੀ ਟੈਕਸ ਉਗਰਾਹੀ ਵਪਾਰ ਤੇ ਸਨਅਤ ਤੋਂ ਹੋ ਰਹੀ ਹੈ। ਇਸ ਦਾ ਮਤਲਬ ਹੈ ਕਿ ਮਾਲੀਆ ਉਗਰਾਹੀ ਵਿਚ ਸ਼ਰਾਬ ਦਾ ਹਿੱਸਾ ਤਕਰੀਬਨ 20 ਫੀਸਦੀ ਹੈ। ਦੇਸ਼ ਦੇ ਹੋਰ ਕਿਸੇ ਵੀ ਸੂਬੇ ਦੀ ਆਮਦਨ ਵਿਚ ਸ਼ਰਾਬ ਤੋਂ ਇੰਨੀ ਕਮਾਈ ਨਹੀਂ ਹੁੰਦੀ।
ਮਿਲੇ ਅੰਕੜਿਆਂ ਮੁਤਾਬਕ 1995-96 ਵਿਚ 766 ਕਰੋੜ ਰੁਪਏ ਸ਼ਰਾਬ ਦੇ ਠੇਕਿਆਂ ਦੀ ਉਗਰਾਹੀ ਤੋਂ ਮਿਲੇ ਸਨ ਤੇ ਉਸ ਸਮੇਂ ਸ਼ਰਾਬ ਦੀ ਲਾਗਤ ਸੂਬੇ ਅੰਦਰ ਤਿੰਨ ਲੱਖ ਪਰੂਫ ਲਿਟਰ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਅੰਦਰ ਸ਼ਰਾਬ ਦੀ ਵਿਕਰੀ ਅਗਲੇ ਪੰਜ ਸਾਲ ਵਿਚ ਢਾਈ ਗੁਣਾ ਵਧ ਗਈ। 1995 ਵਿਚ ਤਿੰਨ ਲੱਖ ਪਰੂਫ ਲਿਟਰ ਵਾਲਾ ਕੋਟਾ ਸਾਲ 2000 ਵਿਚ ਵਧ ਕੇ 10 ਲੱਖ ਪਰੂਫ ਲਿਟਰ ਹੋ ਗਿਆ।
ਇਸ ਸਾਲ ਵਿਚ ਠੇਕਿਆਂ ਤੋਂ ਆਮਦਨ ਵੀ ਤਕਰੀਬਨ ਦੁੱਗਣੀ ਹੋ ਗਈ। ਸਾਲ 2000-01 ਵਿਚ ਠੇਕੇ 1385 ਕਰੋੜ ਰੁਪਏ ਵਿਚ ਨਿਲਾਮ ਹੋਏ ਸਨ ਤੇ ਉਸ ਸਮੇਂ ਠੇਕਿਆਂ ਦੀ ਗਿਣਤੀ ਵੀ ਤਕਰੀਬਨ ਦੁੱਗਣੀ 4912 ਹੋ ਗਈ। ਸਾਲ 2010-11 ਵਿਚ ਸ਼ਰਾਬ ਦੇ ਠੇਕੇ 2500 ਕਰੋੜ ਰੁਪਏ ਵਿਚ ਨਿਲਾਮ ਹੋਏ ਸਨ, ਪਰ ਸ਼ਰਾਬ ਦੇ ਕੋਟੇ ਤੇ ਠੇਕਿਆਂ ਦੀ ਗਿਣਤੀ ਵਿਚ ਕੋਈ ਖਾਸ ਵਾਧਾ ਨਹੀਂ ਸੀ ਹੋਇਆ।
ਇਸ ਤੋਂ ਅਗਲੇ ਦੋ ਸਾਲਾਂ ਵਿਚ ਸ਼ਰਾਬ ਤੋਂ ਆਮਦਨੀ ਤੇ ਸ਼ਰਾਬ ਦੀ ਵਿਕਰੀ ਵਿਚ ਰਿਕਾਰਡ ਤੋੜ ਵਾਧਾ ਹੋਇਆ। ਸਾਲ 2014-15 ਲਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 4700 ਕਰੋੜ ਰੁਪਏ ਦੀ ਹੋਈ ਹੈ ਤੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦਾ ਕੋਟਾ 14 ਲੱਖ ਪਰੂਫ ਲਿਟਰ (ਤਕਰੀਬਨ 40 ਕਰੋੜ ਬੋਤਲਾਂ) ਮਿਥਿਆ ਗਿਆ। ਇਸ ਸਮੇਂ ਠੇਕਿਆਂ ਦੀ ਗਿਣਤੀ ਵੀ ਵਧ ਕੇ ਛੇ ਹਜ਼ਾਰ ‘ਤੇ ਜਾ ਪੁੱਜੀ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉੱਚ-ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਹਰ ਤਰ੍ਹਾਂ ਦੇ ਸੂਬਾਈ ਤੇ ਕੌਮੀ ਹਾਈਵੇਜ਼ ਉਪਰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਪੂਰਨ ਮਨਾਹੀ ਹੈ। ਦੇਸ਼ ਅੰਦਰ ਪੰਜਾਬ ਸੂਬਾ ਅਜਿਹਾ ਹੈ ਜਿਸ ਦੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਵਿਸ਼ੇਸ਼ ਲੀਵ ਪਟੀਸ਼ਨ ਪਾ ਕੇ ਮੰਗ ਕੀਤੀ ਹੈ ਕਿ ਸੂਬਾਈ ਹਾਈਵੇਜ਼ ਉੱਪਰ ਠੇਕੇ ਖੋਲ੍ਹਣ ਦੀ ਛੋਟ ਦਿੱਤੀ ਜਾਵੇ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਥੇ ਸਵੇਰੇ ਪੰਜ ਵਜੇ ਤੋਂ ਰਾਤ 11 ਵਜੇ ਤੱਕ ਠੇਕੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੈ। ਸ਼ਰਾਬ ਦੀਆਂ ਕੀਮਤਾਂ ਵੀ ਪਿਛਲੇ ਦੋ ਦਹਾਕੇ ਦੌਰਾਨ ਤਕਰੀਬਨ 4-5 ਗੁਣਾ ਵਧ ਗਈਆਂ ਹਨ।
Leave a Reply