ਖੌਰੇ ਕੀ ਖ਼ਬਰ ਹੈ!

ਬਲਜੀਤ ਬਾਸੀ
ਅੱਜ ਤੋਂ ਕੋਈ ਢਾਈ ਦਹਾਕੇ ਪਹਿਲਾਂ ਹਰਸ਼ਦ ਮਹਿਤਾ ਨਾਮੀ ਇਕ ਸ਼ਖਸ ਨੇ ਸ਼ੇਅਰ ਬਾਜ਼ਾਰ ਵਿਚ ਇਕ ਅਜਿਹਾ ਘੁਟਾਲਾ ਕੀਤਾ ਸੀ ਜਿਸ ਕਾਰਨ ਭਾਰਤ ਦਾ ਸਾਰਾ ਸ਼ੇਅਰ ਬਾਜ਼ਾਰ ਹੀ ਡਾਵਾਂਡੋਲ ਹੋ ਗਿਆ ਸੀ। ਘੁਟਾਲੇ ਤਾਂ ਦੇਸ਼ ਵਿਚ ਹੁੰਦੇ ਹੀ ਆਏ ਹਨ ਪਰ ਇਹ ਉਸ ਵੇਲੇ ਤੱਕ ਹੋਏ ਘੁਟਾਲਿਆਂ ਦਾ ਸਿਰਾ ਸਮਝਿਆ ਗਿਆ ਸੀ, ਇਸ ਲਈ ਇਸ ਦੀ ਘੋਰਤਾ ਦਰਸਾਉਣ ਲਈ ਘੁਟਾਲਾ, ਘਪਲਾ, ਧੋਖਾਧੜੀ ਆਦਿ ਜਿਹੇ ਸ਼ਬਦ ਬਹੁਤ ਨਿਮਾਣੇ ਸਮਝੇ ਗਏ ਸਨ। ਇਸ ਨੂੰ ਬਿਆਨਣ ਲਈ ਭਾਰਤ ਦੇ ਅਖਬਾਰਨਵੀਸਾਂ ਨੇ ਸਕੈਮ ਸ਼ਬਦ ਦੀ ਸ਼ਾਇਦ ਪਹਿਲੀ ਵਾਰ ਵਰਤੋਂ ਕੀਤੀ ਸੀ। ਪੰਜਾਬੀ ਤੇ ਹੋਰ ਭਾਰਤੀ ਅਖਬਾਰਾਂ ਨੇ ਵੀ ਇਸ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਹ ਸ਼ਬਦ ਭਾਰਤ ਵਿਚ ਚੱਲਿਆ ਤਾਂ ਸਮਝਿਆ ਗਿਆ ਕਿ ਇਹ ਸ਼ਬਦ ਸ਼ਾਇਦ ਸਕੀਮ ਤੋਂ ਬਣਿਆ ਹੋਵੇਗਾ-ਸਕੈਮ ਮਤਲਬ ਕਿ ਬਹੁਤ ਵੱਡੀ ਸਕੀਮ। ਪਰ ਘੋਖ ਕੀਤਿਆਂ ਪਤਾ ਲੱਗਾ ਕਿ ਅੰਗਰੇਜ਼ੀ ਵਿਚ ਇਹ ਸ਼ਬਦ 1963 ਵਿਚ ਪਹਿਲੀ ਵਾਰੀ ਵੱਡੀ ਪਧਰ ਦੀ ਧੋਖਾਧੜੀ ਲਈ ਵਰਤਿਆ ਗਿਆ ਸੀ ਅਤੇ ਇਹ ਅੰਗਰੇਜ਼ੀ ਦੇ ਸਬਦ ਸਚਅਮਪ ਤੋਂ ਵਿਗਸਿਆ ਹੈ ਜਿਸ ਦਾ ਅਰਥ ਰਾਹਜ਼ਨ ਹੁੰਦਾ ਹੈ।
ਖੈਰ, ਆਪਾਂ ਗੱਲ ਹੋਰ ਕਰਨੀ ਸੀ। ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਇਕ ਦਿਹਾੜੇ ਮੈਂ ਦੁਪਹਿਰ ਨੂੰ ਸਾਗ ਨਾਲ ਰੋਟੀ ਖਾ ਕੇ ਪਿੰਡ ਆਈ ਅਖਬਾਰ ਚੁੱਕੀ ਤਾਂ ਮੇਰੀ ਨਜ਼ਰ ਇਸ ਸਕੈਮ ਵਾਲੀ ਸੁਰਖੀ ‘ਤੇ ਜੰਮ ਗਈ। ਅੱਖਾਂ ਤੇ ਮੂੰਹ ਦੀ ਬਣਤਰ ਬਹੁਤੀ ਹੀ ਤਣਾਅ ਭਰਪੂਰ ਹੋ ਗਈ ਹੋਣੀ ਹੈ ਜੁ ਕੋਲ ਪੀੜ੍ਹੀ ਡਾਹ ਕੇ ਬੈਠੀ ਬੀਬੀ ਦੇ ਮੂੰਹੋਂ ਸਹਿਜ ਸੁਭਾਵਕ ਨਿਕਲਿਆ, “ਖੌਰੇ ਕੀ ਖਬਰ ਹੈ, ਮੂੰਹ ਕਿੱਦਾਂ ਦਾ ਬਣਾਇਆ?” ਬੀਬੀ ਦੇ ਸਲੋਕ ਸੁਣਦਿਆਂ ਹੀ ਮੇਰੇ ਮੂੰਹ ਨੇ ਆਪਣੀ ਸ਼ਕਲ ਹੋਰ ਵਿਗਾੜ ਲਈ। ਸ਼ਬਦ-ਨਿਹਾਰਕ ਹੋਣ ਦੇ ਨਾਤੇ ਮੈਨੂੰ Ḕਖੌਰੇ ਕੀ ਖਬਰḔ ਵਾਕੰਸ਼ ਬੜਾ ਅਟਪਟਾ ਜਿਹਾ ਲੱਗਾ। ਮੈਂ ਵਧੇਰੇ ਅਚੰਭਿਤ ਹੋਇਆ ਸਾਂ ਖੌਰੇ ਅਤੇ ਖਬਰ ਸ਼ਬਦਾਂ ਦੀ ਨਾਲੋ ਨਾਲ ਵਰਤੋਂ ਸੁਣ ਕੇ। Ḕਸ਼ਾਇਦḔ ਜਾਂ Ḕਪਤਾ ਨਹੀਂḔ ਦੇ ਅਰਥਾਂ ਵਾਲਾ ḔਖੌਰੇḔ ਸ਼ਬਦ ਪੰਜਾਬੀ ਬੋਲਚਾਲ ਵਿਚ ਆਮ ਹੀ ਸੁਣੀਦਾ ਹੈ, ਖਾਸ ਤੌਰ ‘ਤੇ ਦਿਹਾਤੀ ਲੋਕਾਂ ਵਿਚ। ਚਲੋ ਪਹਿਲਾਂ ਇਸ ਦੀ ਕੁਝ ਵਰਤੋਂ ਦੇ ਨਮੂਨੇ ਦੇਖ ਲਈਏ,
ਨੀ ਅੱਜ ਕੋਈ ਆਇਆ ਸਾਡੇ ਵਿਹੜੇ,
ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ।
ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂੰ,
ਆਇਆ ਨੀ ਖੌਰੇ ਅੰਬਰ ਘੁੰਮ ਘੁੰਮ ਕਿਹੜੇ।
-ਮੋਹਨ ਸਿੰਘ।
ਖੌਰੇ ਪਾਂਧੀ ਕਿੰਨਾ ਚਿਰ
ਬਹਿ ਸਕਣ ਇਨ੍ਹਾਂ ਦੀ ਛਾਂਵੇਂ।
ਪੱਤਝੜ ਪੁੱਛਦੀ ਫਿਰਦੀ ਸੀ
ਕੱਲ੍ਹ ਰੁੱਖਾਂ ਦੇ ਸਿਰਨਾਵੇਂ।
-ਰਾਜਿੰਦਰਜੀਤ
ਹੁਣ ਇਹ ਦੱਸਣਾ ਬਣਦਾ ਹੈ ਕਿ ਦਰਅਸਲ ਖੌਰੇ ਸ਼ਬਦ Ḕਖਬਰ ਏḔ ਦਾ ਹੀ ਸੁੰਗੜਿਆ ਰੂਪ ਹੈ ਜਿਵੇਂ Ḕਦਾਦੇ ਮਹੱਗਿਆḔ Ḕਦਾਦੇ ਦੇ ਮੂੰਹ ਵਿਚ ਹੱਗਿਆḔ ਦਾ ਨਪੀੜਿਆ ਰੂਪ ਹੈ। ਇਸ ਲਈ Ḕਖੌਰੇ ਕੀ ਖਬਰḔ ਦਾ ਸ਼ਾਬਦਿਕ ਅਰਥ Ḕਖਬਰ ਏ ਕੀ ਖਬਰḔ ਹੀ ਹੋਇਆ ਜੋ ਮੈਨੂੰ ਅਜੀਬ ਲੱਗਾ ਸੀ। ਮੁਖ-ਸੁੱਖ ਕਾਰਨ ਅਕਸਰ ਉਚਰੀਆਂ ਜਾਂਦੀਆਂ ਬਹੁਤ ਸਾਰੀਆਂ ਉਕਤੀਆਂ ਸੁੰਗੜਦੀਆਂ ਚਲੀਆਂ ਜਾਂਦੀਆਂ ਹਨ ਤੇ ਹੌਲੀ ਹੌਲੀ ਸੁਤੰਤਰ ਸ਼ਬਦ ਹੀ ਬਣ ਜਾਂਦੀਆਂ ਹਨ। ਉਪਰਲੀਆਂ ਦੋ ਕਾਵਿ-ਟੁਕੜੀਆ ਵਿਚ ḔਖੌਰੇḔ ਦੀ ਥਾਂ Ḕਖਬਰ ਏḔ ਲਾ ਕੇ ਦੇਖ ਲਵੋ, ਅਰਥਾਂ ਵਿਚ ਕੋਈ ਫਰਕ ਨਹੀਂ ਪਵੇਗਾ। ਖਬਰ ਏ/ਖੌਰੇ ਦਾ ਮਤਲਬ ਨਿਕਲਦਾ ਹੈ ਕੀ ਪਤਾ? ਅਕਸਰ ਹੀ ਕਿਸੇ ਪ੍ਰਸ਼ਨਵਾਚੀ ਉਕਤੀ ਨੂੰ ਨਾਂਹਵਾਚਕ ਵਿਚ ਬਦਲਣ ਨਾਲ ਅਰਥ ਲਗਭਗ ਸਮਾਨ ਹੀ ਰਹਿੰਦੇ ਹਨ। Ḕਖਬਰ ਏ?Ḕ ਉਕਤੀ ਪ੍ਰਸ਼ਨਵਾਚਕ ਹੈ ਜਿਸ ਨੂੰ Ḕਕੋਈ ਖਬਰ ਨਹੀਂḔ ਨਾਲ ਵਟਾ ਦੇਈਏ ਤਾਂ ਆਸ਼ੇ ਵਿਚ ਕੋਈ ਫਰਕ ਨਹੀਂ ਪੈਂਦਾ। ਇਥੇ ਇਹ ਵੀ ਚੇਤੇ ਕਰਾਉਣਾ ਕੁਥਾਂ ਨਹੀਂ ਹੋਵੇਗਾ ਕਿ Ḕਖਬਰ ਏḔ ਦਾ ਇਕ ਰੂਪ ḔਖਬਰੇḔ ਵੀ ਹੈ ਮਸਲਨ, “ਖਬਰੇ ਕੀ ਗੱਲ ਹੈ, ਉਹ ਆਇਆ ਨਹੀਂ।” ਪੂਰਬੀ ਪੰਜਾਬ ਵਿਚ ḔਹੈḔ ਜਾਂ ḔਏḔ ਦੀ ਥਾਂ ਆਮ ਤੌਰ ‘ਤੇ ḔਆḔ ਜਾਂ ḔਇਆḔ ਸਹਾਇਕ ਕਿਰਿਆ ਹੀ ਬੋਲੀ ਜਾਂਦੀ ਹੈ। ਇਸ ਲਈ Ḕਖਬਰ ਇਆḔ ਸੁੰਗੜ ਕੇ ਪਹਿਲਾਂ ਖਬਰਿਆ ਬਣਿਆ ਤੇ ਫਿਰ ਇਸ ਵਿਚੋਂ ਜੀਭ ਨੇ ਆਪਣੇ ਸੁੱਖ ਵਾਸਤੇ ḔਬḔ ਧੁਨੀ ਵੀ ਖਾਰਜ ਕਰ ਦਿੱਤੀ ਤੇ ਰਹਿ ਗਿਆ ਖਰਿਆ, “ਖਰਿਆ ਦੋ ਸਾਹ ਆਉਣੇ ਆ ਖਰਿਆ ਨਹੀਂ।”
ਬੌਂਦਲ ਕਿਉਂ ਗਏ! ਖਬਰ ਸ਼ਬਦ ਦਾ ਤਾਂ ਅਜੇ ਮੈਂ ਹੋਰ ਵੀ ਕਚੂਮਰ ਕਢਣਾ ਹੈ। ਜਿਵੇਂ ਅਸੀਂ ਉਪਰ ਦੱਸਿਆ ਹੈ ਕਿ ਪ੍ਰਸ਼ਨਵਾਚੀ ਉਕਤੀ ਨੂੰ ਨਾਂਹਵਾਚੀ ਉਕਤੀ ਵਿਚ ਬਦਲ ਦਈਏ ਤਾ ਅਕਸਰ ਅਰਥਾਂ ਵਿਚ ਖਾਸ ਫਰਕ ਨਹੀਂ ਪੈਂਦਾ। ਉਪਰ ਅਸੀਂ ਪ੍ਰਸ਼ਨਵਾਚੀ ਉਕਤੀਆਂ ਦੇ ਹੀ ਸੁੰਗੜਵੇਂ ਰੂਪ ਦੇਖੇ ਹਨ। ਹੁਣ ਦੇਖਦੇ ਹਾਂ ਨਾਂਹਵਾਚੀ ਉਕਤੀਆਂ ਦੇ। ਖੌਰੇ, ਖਬਰੇ ਆਦਿ ਦੇ ਹੀ ਅਰਥਾਂ ਵਿਚ ਇਕ ਹੋਰ ਸ਼ਬਦ ਵਰਤਿਆ ਜਾਦਾ ਹੈ, ḔਖਬਰਨੀḔ, ਸਪੱਸ਼ਟ ਹੈ ਇਹ ਨਾਂਹਵਾਚਕ Ḕਖਬਰ ਨਹੀਂḔ ਉਕਤੀ ਦਾ ਹੀ ਸੰਕੁਚਿਤ ਰੂਪ ਹੈ, ਇਕੋ ਵੇਲੇ Ḕਰਾਜ ਵੀ ਤੇ ਸੇਵਾ ਵੀ’ ਦਾ ਸੂਤਰ ਸਮਝ ਆ ਗਿਆ ਤੇ ਨਾਲ ਹੀ ਸਮਝ ਆ ਗਿਆ ਉਰਦੂ ਦਾ ਉਹ ਸ਼ੇਅਰ ਜਿਹੜਾ ਕਹਿੰਦੈ, ਖਬਰਨੀ ਪੁੱਛਦੈ, Ḕਵੋ ਹੀ ਕਾਤਿਲ ਵੋ ਹੀ ਮੁਨਸਿਫ ਐ ਖੁਦਾਇਆ ਕਰੂੰ ਖੂੰ ਕਾ ਦਾਵਾ।Ḕ ਪੰਜਾਬੀਆਂ ਦੇ ਟਿਕ ਕੇ ਨਾ ਬੈਠਣ ਬਾਰੇ ਬਹੁਤ ਲਤੀਫੇ ਬਣੇ ਹੋਏ ਹਨ। ਖਬਰਨੀ, ਇਹ ਬਾਬੇ ਨਾਨਕ ਦਾ ਅਸਰ ਹੈ ਕਿ ਵਸਣ ਖਾਤਰ ਪੰਜਾਬੀ ਉਜੜਦੇ ਹੀ ਰਹੇ ਹਨ। ਹੋਰ ਤਾਂ ਹੋਰ ਦੁਆਬੀਆਂ ਨੇ ਖਬਰਨੀ ਸ਼ਬਦ ਨੂੰ ਹੋਰ ਪਿਚਕਾ ਕੇ ਇਸ ਵਿਚੋਂ ਬਰ ਕੱਢ ਦਿਤਾ ਤੇ ਬਣਾ ਧਰਿਆ, ਖਨੀ; Ḕਐਮੀ ਨਜਰ ਨਾ ਲਾ ਦਈਂ, ਖਨੀ ਏਸੇ ਧੀ-ਧਿਆਣੀ ਕਰ ਕੇ ਮੇਰੀ ਜਾਨ ਬਚ ਚੱਲੀ ਆ।’ ਮਾਂ ਮੁਸਕਰਾ ਕੇ ਹੌਲੀ ਦੇਣੀ ਬੋਲਦੀ।
ਹੁਣ ਆਈਏ ਕੇਂਦਰੀ ਸ਼ਬਦ ਖਬਰ ਉਤੇ। ਇਸ ਸ਼ਬਦ ਦਾ ਮੁਖ ਅਰਥ ਸਮਾਚਾਰ, ਅਰਥਾਤ ਤਾਜ਼ਾ ਵਾਪਰੀ ਕਿਸੇ ਅਜਿਹੀ ਘਟਨਾ ਦਾ ਵੇਰਵਾ ਹੈ ਜਿਸ ਵਿਚ ਮਨੁਖ ਦੀ ਜੈਵਿਕ ਦਿਲਚਸਪੀ ਹੁੰਦੀ ਹੈ। ਇਸ ਦਾ ਅਰਥ ਕਿਸੇ ਦਾ ਹਾਲਚਾਲ, ਪਤਾ ਸਤਾ ਆਦਿ ਵੀ ਹੈ ਜਿਵੇਂ ਕਿਸੇ ਬੀਮਾਰ ਦੀ ਖਬਰ ਨੂੰ ਜਾਣਾ, “ਸਾਨੂੰ ਕਾਬਾ ਕਿਬਲਾ, ਪਿਆਰਾ ਦਸੇਂਦਾ, ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ” -ਬੁਲ੍ਹੇ ਸ਼ਾਹ। “ਤੁਮ ਹੋ ਪਲੰਘ ਪਰ ਮੈਂ ਹੂੰ ਜ਼ਮੀਂ ਪਰ ਤੁਝ ਕੋ ਖਬਰ ਕਿਆ ਹਮਾਰੀ।” ਇਸ ਦਾ ਅਰਥ ਚੁਗਿਰਦੇ ਦੀ ਸੋਝੀ, ਸਾਵਧਾਨੀ ਜਾਂ ਚੇਤਨਤਾ ਵੀ ਹੈ ਜਿਵੇਂ, “ਸੋਇ ਰਹੀ ਪ੍ਰਭ ਖਬਰਿ ਨਾ ਜਾਨੀ” -ਗੁਰੂ ਅਰਜਨ ਦੇਵ। “ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ॥” -ਗੁਰੂ ਨਾਨਕ ਦੇਵ।
ਖਬਰ ਦਾ ਅਰਥ ਜਾਣਕਾਰੀ ਵੀ ਹੈ, ਵਾਰਿਸ ਸ਼ਾਹ ਦੇ ਇਹ ਸੁਖਨ ਵਾਚੋ,
ਚੌਦਾਂ ਤਬਕ ਨੌਂ ਖੰਡ ਦੀ ਖਬਰ ਸਾਨੂੰ,
ਮੂੰਹ ਫਕਰ ਥੋ ਕਾਸ ਨੂੰ ਕੱਜੀਏ ਨੀ।
ਜੈਂਦੇ ਹੁਕਮ ਵਿਚ ਜਾਨ ਤੇ ਮਾਲ ਆਲਮ,
ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ।
ਸਾਰੀ ਉਮਰ ਈ ਪਲੰਘ ‘ਤੇ ਪਈ ਰਹਿਸੇਂ,
ਏਸ ਅਕਲ ਦੇ ਨਾਲ ਕੁਚੱਜੀਏ ਨੀ।
ਸ਼ਰਮ ਜੇਠ ਤੇ ਸਹੁਰਿਉਂ ਕਰਨ ਆਈ
ਮੂੰਹ ਫਕਰ ਥੋਂ ਕਾਸਨੂੰ ਲੱਜੀਏ ਨੀ।
Ḕਖਬਰ ਲੈਣਾḔ ਦਾ ਆਮ ਅਰਥ ਤਾਂ ਕਿਸੇ ਬੀਮਾਰ ਆਦਿ ਦਾ ਹਾਲਚਾਲ ਪੁੱਛਣਾ ਹੈ ਪਰ ਲਾਖਣਿਕ ਵਰਤੋਂ ਵਿਚ ਇਸ ਦਾ ਅਰਥ ਕਿਸੇ ਨੂੰ ਡਾਂਟਣਾ ਹੋ ਜਾਂਦਾ ਹੈ। ਉੜਦੀ ਖਬਰ ਅਫਵਾਹ ਹੁੰਦੀ ਹੈ ਤੇ ਗਰਮ ਖਬਰ ਬਹੁਤ ਤਾਜ਼ੀ ਤੇ ਗੰਭੀਰ ਹੁੰਦੀ ਹੈ। ਖਬਰ ਸ਼ਬਦ ਤੋਂ ਬਣਦੇ ਹੋਰ ਸ਼ਬਦਾਂ ਦੀ ਚਰਚਾ ਕਰਨ ਤੋਂ ਪਹਿਲਾਂ ਜ਼ਰਾ ਇਸ ਦਾ ਪਿੱਛਾ ਫਰੋਲ ਲਈਏ। ਮੁਢਲੇ ਤੌਰ ‘ਤੇ ਇਹ ਅਰਬੀ ਦਾ ਲਫਜ਼ ਹੈ ਜਿਸ ਦਾ ਧਾਤੂ ਹੈ ਖ-ਬ-ਰ। ਇਹ ਫਾਰਸੀ ਰਾਹੀਂ ਭਾਰਤੀ ਬੋਲੀਆਂ ਵਿਚ ਅੱਪੜਿਆ। ਇਸ ਵਿਚ ਇਤਲਾਹ ਦੇਣ, ਸਲਾਹ ਦੇਣ ਜਾਂ ਜਾਣਕਾਰੀ ਪ੍ਰਦਾਨ ਕਰਨ ਜਿਹੇ ਭਾਵ ਹਨ। ਪੈਗੰਬਰ ਮੁਹੰਮਦ ਦੇ ਵਚਨਾਂ ਨੂੰ ਵੀ ਖਬਰ ਕਿਹਾ ਗਿਆ ਗਿਆ ਹੈ। ਇਸ ਦਾ ਬਹੁਵਚਨ ਅਖਬਾਰ ਹੈ। ਸਾਡੇ ਕੋਲ ਅਖਬਾਰ ਸ਼ਬਦ ਸਮਾਚਾਰ ਪੱਤਰ ਦੇ ਅਰਥਾਂ ਵਿਚ ਆਇਆ ਹੈ ਮਤਲਬ ਜਿਸ ਵਿਚ ਬਹੁਤ ਸਾਰੀਆਂ ਖਬਰਾਂ ਤੇ ਹੋਰ ਮਸਾਲਾ ਹੋਵੇ। ਉਂਜ ਅਰਬੀ ਵਿਚ ḔਅਲḔ ਅਗੇਤਰ ਲੱਗ ਕੇ ਬਣਦੇ ਸ਼ਬਦ ਅਲ-ਅਖਬਾਰ ਦਾ ਅਰਥ ਕੋਈ ਵਿਸ਼ੇਸ਼ ਅਖਬਾਰ ਜਾਂ ਜਾਣਕਾਰੀ ਭਰਪੂਰ ਪੁਸਤਕ ਹੁੰਦਾ ਹੈ। ਮਿਸਾਲ ਵਜੋਂ ਮਿਸਰ ਅਤੇ ਤੀਰੂਵੰਤਪੁਰਮ ਤੋਂ ਨਿਕਲਦੀਆਂ ਦੋ ਅਖਬਾਰਾਂ ਦਾ ਨਾਂ ਅਲ-ਅਖਬਾਰ ਹੈ।
ਖਬਰ ਸ਼ਬਦ ਦੇ ਅੱਗੇ ਅਰਬੀ ਅਗੇਤਰ ḔਮੁḔ ਲਗ ਕੇ ਮੁਖਬਰ ਸ਼ਬਦ ਬਣ ਗਿਆ। ਮੁਖਬਰ ਕਿਸੇ ਦੀਆਂ ਹਰਕਤਾਂ ਬਾਰੇ ਪੁਲਿਸ ਆਦਿ ਨੂੰ ਗੁਪਤ ਸੂਹ ਦਿੰਦਾ ਹੈ। ਪੰਜਾਬੀ ਵਿਚ ਮੁਖਬਰ ਬੜਾ ਬਦਨਾਮ ਹੈ। ਖਬਰ ਲਿਖਣ ਵਾਲੇ ਨੂੰ ਖਬਰਨਵੀਸ ਕਿਹਾ ਜਾਂਦਾ ਹੈ। ਅਮਰਜੀਤ ਚੰਦਨ ਦਾ ਵਿਚਾਰ ਹੈ ਕਿ ਪੱਤਰ ਪ੍ਰੇਰਕ ਦੀ ਥਾਂ ਖਬਰ ਸ਼ਬਦ ਦੇ ਪਿਛੇ ਫਾਰਸੀ ਅਗੇਤਰ ḔਚੀḔ ਲਾ ਕੇ ਬਣਾਇਆ ਸ਼ਬਦ ਖਬਰਚੀ ਵਰਤਿਆ ਜਾਣਾ ਚਾਹੀਦਾ ਹੈ। ਸੁਝਾਅ ਮਾੜਾ ਨਹੀਂ। ਖਬਰਾਂ ਦੇ ਬੁਲਿਟਨ ਲਈ ਖਬਰਨਾਮਾ ਸ਼ਬਦ ਵੀ ਚਲਦਾ ਹੈ। ਹੋਸ਼ਿਆਰ ਜਾਂ ਚੇਤੰਨ ਦੇ ਅਰਥਾਂ ਵਿਚ ਖਬਰਦਾਰ ਸ਼ਬਦ ਖੂਬ ਚਲਦਾ ਹੈ, “ਜਿਲਨੂੰ ਸਬਰ ਹੈ ਨੀ, ਉਹਨੂੰ ਖਬਰ ਹੈ ਨੀ, ਬੇਸਬਰਿਆਂ ਨੂੰ ਖਬਰਦਾਰ ਕਰੀਏ।” -ਬੁਲ੍ਹੇ ਸ਼ਾਹ। ਖਬਰਦਾਰ ਸ਼æਬਦ ਕਿਸੇ ਨੂੰ ਚਿਤਾਵਨੀ ਦੇਣ ਲਈ ਵੀ ਵਰਤਿਆ ਜਾਂਦਾ ਹੈ, “ਖਬਰਦਾਰ ਜੇ ਤੂੰ ਮੁੜ ਮੇਰੇ ਘਰ ਵੜਿਆ।” ਕਾਸੇ ਦੀ ਗਲਤ ਵਰਤੋਂ ਤੋਂ ਵਰਜਣ ਲਈ ḔਖਬਰਦਾਰḔ ਸ਼ਬਦ ਆਮ ਹੀ ਜਨਤਕ ਸਥਾਨਾਂ ‘ਤੇ ਲਿਖਿਆ ਜਾਂਦਾ ਹੈ ਜਿਵੇਂ “ਖਬਰਦਾਰ! ਕਿਸੇ ਤੋਂ ਕੁਝ ਲੈ ਕੇ ਨਾ ਖਾਓ, ਇਸ ਵਿਚ ਜ਼ਹਿਰ ਮਿਲਿਆ ਹੋ ਸਕਦਾ ਹੈ।”
ਚੰਗੀ ਖਬਰ ਲਈ ਖੁਸ਼ਖਬਰੀ ਸ਼ਬਦ ਚਲਦਾ ਹੈ, “ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ॥” (ਭਗਤ ਰਵਿਦਾਸ) ਅਰਥਾਤ ਹੇ ਸੱਜਣ ਤੇਰੀ ਖਬਰ ਠੰਡ ਪਾਉਣ ਵਾਲੀ ਹੈ। ਬੇਖਬਰੀ ਕਿਸੇ ਨਾ ਜਾਨਣ ਦੀ ਸਥਿਤੀ ਹੈ, “ਦਰੋਗੁ ਪੜ੍ਹ ਪੜ੍ਹ ਖੁਸੀ ਹੋਇ ਬੇਖਬਰ ਬਾਦਿ ਬਕਾਹਿ॥” (ਭਗਤ ਕਬੀਰ) ਅਰਥਾਤ ਬੇਸਮਝ ਲੋਕ (ਅਨਮਤਾਂ ਦੀਆਂ ਧਰਮ ਪੁਸਤਕਾਂ) ਪੜ੍ਹ ਪੜ੍ਹ ਕੇ, ਇਨ੍ਹਾਂ ਵਿਚ ਜੋ ਲਿਖਿਆ ਹੈ, ਝੂਠ ਹੈ, ਖੁਸ਼ ਹੋ ਕੇ ਬਹਿਸ ਕਰਦੇ ਹਨ। ਖਬਰ ਲਈ ਠੇਠ ਪੰਜਾਬੀ ਸ਼ਬਦ ਸਾਰ ਹੈ ਜਿਵੇਂ ਕਿਸੇ ਦੀ ਖਬਰ ਲੈਣ ਦੀ ਥਾਂ ਅਸੀਂ ਕਿਸੇ ਦੀ ਸਾਰ ਲੈਣਾ ਸ਼ਬਦ ਵਰਤ ਲੈਂਦੇ ਹਾਂ। ਖਬਰ ਦੇ ਪਿਛੇ ਸਾਰ ਸ਼ਬਦ ਲਾ ਕੇ ਬਣਾਇਆ ਸ਼ਬਦ ਜੁੱਟ ਖਬਰਸਾਰ ਬਹੁਤ ਹੀ ਖੂਬਸੂਰਤ ਸ਼ਬਦ ਹੈ। ਕਈ ਅਖਬਾਰਾਂ ਸੰਖੇਪ ਖਬਰਾਂ ਲਈ ਖਬਰਸਾਰ ਸ਼ਬਦ ਵਰਤਦੀਆਂ ਹਨ।

Be the first to comment

Leave a Reply

Your email address will not be published.