ਭਾਰਤ ਦੇ ਅਖੌਤੀ ਲੋਕਰਾਜ ਵਿਚ ਹਰ ਵਾਰੀ ਚੋਣਾਂ ਮੌਕੇ ਸਿਆਸੀ ਪਾਰਟੀਆਂ ਦੇ ਆਗੂ ਵਾਅਦਿਆਂ ਦੇ ਲੁਭਾਵਣੇ ਸੁਪਨੇ ਦਿਖਾ ਕੇ ਲੋਕਾਂ ਦੀਆਂ ਵੋਟਾਂ ਬਟੋਰਦੇ ਰਹਿੰਦੇ ਹਨ ਅਤੇ ਫਿਰ ਇਨ੍ਹਾਂ ਵਾਅਦਿਆਂ ਨੂੰ ਅਗਲੇ ਪੰਜ ਸਾਲ ਬਿਲਕੁਲ ਭੁੱਲ ਜਾਂਦੇ ਹਨ। ਨਵੀਂ ਚੋਣ ਮੌਕੇ ਮੁੜ ਲੁਭਾਵਣੇ ਵਾਅਦੇ ਲੈ ਕੇ ਆ ਹਾਜ਼ਰ ਹੁੰਦੇ ਹਨ ਅਤੇ ਸਾਡੀ ਜਨਤਾ ਵੀ ਇਨ੍ਹਾਂ ਵਾਅਦਿਆਂ ਦੇ ਹੜ੍ਹ ਵਿਚ ਵਹਿ ਕੇ ਜਾਂ ਆਪੋ ਆਪਣੇ ਨਿੱਕੇ ਨਿੱਕੇ ਸਵਾਰਥਾਂ ਖਾਤਰ ਉਨ੍ਹਾਂ ਨੂੰ ਵੋਟਾਂ ਪਾ ਜਿਤਾ ਦਿੰਦੀ ਹੈ। ਇਹੋ ਵਾਰਤਾ ਬਿਆਨੀ ਹੈ ਇਸ ਕਹਾਣੀ ਵਿਚ ਜਗਦੀਸ਼ ਕੌਸ਼ਲ ਨੇ। -ਸੰਪਾਦਕ
-ਜਗਦੀਸ਼ ਕੌਸ਼ਲ
ਫੋਨ: 91-98116-55834
“ਬਸਤੀ ਵਾਸੀਓ! ਭੈਣੋ ਤੇ ਭਰਾਓ!”
Ḕਇਹ ਭੈਣਾਂ-ਭਰਾਵਾਂ ਵਾਲਾ ਰਿਸ਼ਤਾ ਗੰਢਣ ਵਾਲੇ ਕੌਣ ਹੋਏ!Ḕ ਗ਼ਰੀਬਦਾਸ ਲਾਊਡ ਸਪੀਕਰ ਦੀ ਅਵਾਜ਼ ਸੁਣ ਕੇ ਚੁਕੰਨਾ ਹੋ ਗਿਆ।
“ਆਪ ਜੀ ਨੂੰ ਪਤਾ ਹੀ ਹੈ!”
Ḕਸਾਨੂੰ ਸਭ ਪਤਾ ਹੈ, ਤੁਸੀਂ ਪੰਜਾਂ ਸਾਲਾਂ ਬਾਅਦ ਫੇਰ ਸਾਨੂੰ ਮੂਰਖ ਬਣਾਉਣ ਆ ਗਏ ਓ।Ḕ ਗ਼ਰੀਬਦਾਸ ਨੇ ਮਨ ਵਿਚ ਕਿਹਾ।
“ਅੱਜ ਸ਼ਾਮ ਦੇ ਠੀਕ ਸੱਤ ਵਜੇ ਗੋਬਿੰਦ ਪਾਰਕ ਵਿਚ ਜਨਤਾ ਮੰਡਲ ਵੱਲੋਂ ਭਾਰੀ ਜਲਸਾ ਹੋਵੇਗਾ!”
Ḕਤਾਂ ਸਾਨੂੰ ਕੀ!Ḕ ਗ਼ਰੀਬਦਾਸ ਨੇ ਨੱਕ ਵੱਟਿਆ।
“ਸ਼੍ਰੀæææਜੀ ਤੇ ਹੋਰ ਵੱਡੇ-ਵੱਡੇ ਨੇਤਾ ਭਾਸ਼ਣ ਦੇਣਗੇ!”
Ḕਭਾਸ਼ਣਾਂ ਤੋਂ ਬਿਨਾਂ ਦੇ ਵੀ ਕੀ ਸਕਦੇ ਐ, ਵੱਡੇ-ਵੱਡੇ ਨੇਤਾ!Ḕ ਗ਼ਰੀਬਦਾਸ ਦਾ ਦਿਲ ਕੀਤਾ, ਲਾਊਡ ਸਪੀਕਰ ਵਾਲੇ ਤੋਂ ਹੀ ਇਹ ਸੁਆਲ ਪੁੱਛੇ। ਤੇ ਉਹ ਝੁੱਗੀ ਤੋਂ ਬਾਹਰ ਨਿਕਲ ਆਇਆ। ਆਟੋ-ਰਿਕਸ਼ੇ ਵਾਲਾ ਲਾਊਡ ਸਪੀਕਰ ਉਤੇ ਬੋਲਦਾ ਦੂਰ ਨਿਕਲ ਗਿਆ ਸੀ। ਪਿੱਛੇ ਰਹਿ ਗਈ ਸੀ ਧੂੜ, ਜਿਸ ਵਿਚ ਆਟੋ ਪਿੱਛੇ ਭੱਜਣ ਵਾਲੇ ਨੰਗ-ਧੜੰਗੇ ਬੱਚੇ ਹੋਰ ਵਾਧਾ ਕਰ ਰਹੇ ਸਨ। ਧੂੜ ਦੇ ਬੱਦਲ ਓਹਲੇ ਲਾਊਡ ਸਪੀਕਰ ਦੀ ਅਵਾਜ਼ ਦੂਰ, ਹੋਰ ਦੂਰ ਹੁੰਦੀ ਜਾ ਰਹੀ ਸੀ।
ਗ਼ਰੀਬਦਾਸ ਨੇ ਤੁਰੇ ਜਾਂਦੇ ਕਿਸੇ ਘੜੀ ਵਾਲੇ ਤੋਂ ਵਕਤ ਦਾ ਪਤਾ ਕੀਤਾ। ਸਾਢੇ ਛੇ ਵੱਜੇ ਸਨ। ਉਹਨੇ ਆਪਣੀ ਪਤਨੀ ਨੂੰ ਅਵਾਜ਼ ਦਿੱਤੀ, “ਮਖ਼ਿਆ! ਮੈਂ ਜ਼ਰਾ ਤੁਰ-ਫਿਰ ਆਵਾਂ।” ਤੇ ਉਹ ਟਹਿਲਦਾ-ਟਹਿਲਦਾ ਗੋਬਿੰਦ ਪਾਰਕ ਵਿਚ ਪਹੁੰਚ ਗਿਆ, ਹਰਿਆਲੀ-ਵਿਹੂਣੇ, ਟੋਇਆਂ-ਟਿੱਬਿਆਂ ਵਾਲੇ ਗੋਬਿੰਦ ਪਾਰਕ ਵਿਚ।
Ḕਪੌਣੇ ਸੱਤ।Ḕ ਗ਼ਰੀਬਦਾਸ ਨੇ ਕਿਸੇ ਤੋਂ ਵਕਤ ਪੁੱਛਿਆ। ਪੰਦਰਾਂ ਮਿੰਟਾਂ ਤੱਕ ਨੇਤਾ ਆ ਜਾਣਗੇ ਤੇ ਭਾਸ਼ਣ ਦੇਣਗੇ।
Ḕਸੱਤ।Ḕ ਨੇਤਾ ਆਉਣ ਹੀ ਵਾਲੇ ਹਨ।
ਗ਼ਰੀਬਦਾਸ ਇੱਕ ਪਾਸੇ ਜਿਹੇ ਹੋ ਕੇ ਖੜ੍ਹਾ ਹੋ ਗਿਆ। ਪੰਡਾਲ ਤਿਆਰ ਹੋ ਰਿਹਾ ਸੀ। ਦਰੀਆਂ ਵਿਛ ਰਹੀਆਂ ਸਨ। ਲਾਊਡ ਸਪੀਕਰ ਫ਼ਿੱਟ ਕੀਤਾ ਜਾ ਰਿਹਾ ਸੀ। ਆਲੇ-ਦੁਆਲੇ ਝੰਡੇ-ਝੰਡੀਆਂ ਤੇ ਪੋਸਟਰ ਸਜਾ ਦਿੱਤੇ ਗਏ ਸਨ।
Ḕਸਾਢੇ ਸੱਤ!Ḕ ਨੇਤਾ ਲੇਟ ਹੋ ਗਏ ਸਨ।
Ḕਅੱਠ!Ḕ ਨੇਤਾ ਕਾਫ਼ੀ ਲੇਟ ਸਨ। Ḕਲੋਕਾਂ ਨੂੰ ਵੱਧ ਤੋਂ ਵੱਧ ਉਡੀਕ ਵਿਚ ਪਾਈ ਰੱਖਣ ਵਾਲਾ ਨੇਤਾ ਹੀ ਅਸਲ ਨੇਤਾ ਹੁੰਦਾ ਹੈ।Ḕ ਗ਼ਰੀਬਦਾਸ ਮਨ ਵਿਚ ਨੇਤਾਵਾਂ ਦੇ ḔਗੁਣਾਂḔ Ḕਤੇ ਵਿਚਾਰ ਕਰਨ ਲੱਗ ਪਿਆ।
“ਵੀਰੋ ਤੇ ਭੈਣੋ!” ਲਾਊਡ ਸਪੀਕਰ ਬੋਲਿਆ, “ਆਲੇ-ਦੁਆਲੇ ਖੜ੍ਹੇ ਸਾਰੇ ਸੱਜਣ ਦਰੀਆਂ ਉਤੇ ਅਰਾਮ ਨਾਲ ਬੈਠ ਜਾਓ!”
Ḕਤੁਸੀਂ ਸਾਨੂੰ ਅਰਾਮ ਨਾਲ ਬੈਠਣ ਈ ਕਿੱਥੇ ਦਿੰਦੇ ਓ!Ḕ ਗ਼ਰੀਬਦਾਸ ਨੇ ਮਨ ਵਿਚ ਆਖਿਆ।
“ਹੁਣੇ ਆਪ ਜੀ ਦੇ ਸਾਹਮਣੇ, ਆਪ ਜੀ ਦੇ ਹਰਮਨ-ਪਿਆਰੇ ਨੇਤਾ ਸ਼੍ਰੀæææਜੀ ਪਧਾਰਨ ਵਾਲੇ ਹਨ।”
Ḕਸਾਡੇ ਹਰਮਨ-ਪਿਆਰੇ ਕਿਵੇਂ ਹੋ ਗਏ! ਧੱਕੇ ਨਾਲ ਈ! ਸਾਨੂੰ ਤਾਂ ਪੁੱਛ ਲਓ, ਸਾਡੇ ਹਰਮਨ-ਪਿਆਰੇ ਹਨ ਵੀ ਕਿ ਨਹੀਂ!Ḕ
ਸਪੀਕਰ ਬੋਲ ਰਿਹਾ ਸੀ, “ਏਸ ਦੌਰਾਨ ਤੁਸੀਂ ਰੇਡੀਓ-ਆਰਟਿਸਟ ਪਰਿੰਦਾ ਜੀ ਕੋਲੋਂ ਦੇਸ਼-ਪਿਆਰ ਦਾ ਗੀਤ ਸੁਣੋ।”
Ḕਅੱਛਾ! ਦੇਸ਼-ਪਿਆਰ ਦਾ ਗੀਤ!Ḕ ਗ਼ਰੀਬਦਾਸ ਨੇ ਅਜੀਬ ਜਿਹਾ ਮੂੰਹ ਬਣਾਇਆ, Ḕਕਮਾਲ ਐ ਬਈ! ਤੁਹਾਨੂੰ ਦੇਸ਼æ ਨਾਲ ਪਿਆਰ ਵੀ ਐ!Ḕ ਤੇ ਲਾਊਡ ਸਪੀਕਰ ਉਤੇ Ḕਦੇਸ਼æ-ਪਿਆਰḔ ਦਾ ਗੀਤ ਗੂੰਜਣ ਲੱਗ ਪਿਆ, Ḕਬੇੜਾ ਦੇਸ਼ ਦਾ ਜੇ ਬੰਨੇ ਲਾਉਣਾ ਤਾਂ ਵੋਟ ਪਾਓ ਸ਼੍ਰੀæææਜੀ ਨੂੰ ਊਂਊਂ, ਊਂਊਂ, ਓਏ!Ḕ
ਗ਼ਰੀਬਦਾਸ ਓਥੋਂ ਖਿਸਕ ਤੁਰਿਆ, ਜਿਵੇਂ ਦੇਸ਼æ ਨਾਲ ਉਹਨੂੰ ਕੋਈ ਪਿਆਰ ਈ ਨਾ ਹੋਵੇ, ਜਿਵੇਂ ਦੇਸ਼ ਤੋਂ ਉਹਨੇ ਕੁਝ ਲੈਣਾ-ਦੇਣਾ ਈ ਨਾ ਹੋਵੇ।
ਉਹ ਅਜੇ ਬਹੁਤੀ ਦੂਰ ਨਹੀਂ ਸੀ ਗਿਆ ਕਿ ਉਹਨੇ ਕਾਰਾਂ ਦਾ ਕਾਫ਼ਲਾ ਗੋਬਿੰਦ ਪਾਰਕ ਵੱਲ ਮੁੜਦਾ ਦੇਖਿਆ। Ḕਇਹ ਜ਼ਰੂਰ ਸ੍ਰੀæææਜੀ ਦਾ ਲਾਮ-ਲਸ਼ਕਰ ਹੋਏਗਾ,Ḕ ਗ਼ਰੀਬਦਾਸ ਨੇ ਸੋਚਿਆ, Ḕਨਹੀਂ ਤਾਂ ਝੁੱਗੀਆਂ-ਝੌਂਪੜੀਆਂ ਵਾਲੇ ਪਾਸੇ ਸੋਹਣੀਆਂ ਕਾਰਾਂ ਦੇ ਆਉਣ ਦਾ ਕੀ ਕੰਮ!Ḕ
ਤੇ ਕਾਰਾਂ ਗ਼ਰੀਬਦਾਸ ਦੇ ਕੋਲੋਂ ਦੀ ਮਿੱਟੀ-ਘੱਟਾ ਉਡਾਉਂਦੀਆਂ ਨਿਕਲ ਗਈਆਂ। ਉਹ ਵਾਪਸ ਗੋਬਿੰਦ ਪਾਰਕ ਵੱਲ ਮੁੜ ਪਿਆ।
“ਵੀਰੋ ਤੇ ਭੈਣੋ!” ਗੋਬਿੰਦ ਪਾਰਕ ਵੱਲੋਂ ਅਵਾਜ਼ ਆਈ, “ਆਪ ਜੀ ਦੇ ਹਰਮਨ-ਪਿਆਰੇ ਨੇਤਾ, ਸ਼੍ਰੀæææਜੀ, ਨੀਲ ਕੰਠ ਜੀ ਤੇ ਹੋਰ ਉਘੇ ਨੇਤਾ ਪਧਾਰ ਚੁੱਕੇ ਹਨ। ਆਪ ਆਪਣੀ-ਆਪਣੀ ਥਾਂ ਸ਼ਾਂਤੀ ਨਾਲ ਬੈਠ ਜਾਓ!”
ਤੇ ਫੇਰ ਗ਼ਰੀਬਦਾਸ ਨੇ ਕੁਝ ਦੂਰੋਂ ਸੁਣਿਆ, ਨਾਅਰੇ ਲੱਗ ਰਹੇ ਸਨ, “ਸ਼੍ਰੀæææਜੀ! ਜ਼ਿੰਦਾਬਾਦ! ਜਨਤਾ ਮੰਡਲ! ਜ਼ਿੰਦਾਬਾਦ!”
ਗ਼ਰੀਬਦਾਸ ਲੋਕਾਂ ਦੇ ਪਿੱਛੇ ਜਾ ਕੇ ਖੜ੍ਹਾ ਹੋ ਗਿਆ। ਸਟੇਜ-ਸਕੱਤਰ ਬੋਲ ਰਿਹਾ ਸੀ, “ਹੁਣ ਅਸੀਂ ਸਾਡੇ ਸਤਿਕਾਰਯੋਗ ਨੇਤਾ, ਸ੍ਰੀæææਜੀ ਦਾ ਸੁਆਗਤ ਕਰਾਂਗੇ! ਸਭ ਤੋਂ ਪਹਿਲਾਂ ਮੁਲਤਾਨੀ ਸਭਾ ਦੇ ਸਕੱਤਰ ਹਾਰ ਪਾ ਕੇ ਸ੍ਰੀæææਜੀ ਦਾ ਸੁਆਗਤ ਕਰਨਗੇ। ਫਿਰ ਝੁੱਗੀ-ਝੌਂਪੜੀ ਸੁਧਾਰ-ਸਭਾ ਦੇ ਪ੍ਰਧਾਨ, ਇਸ ਤੋਂ ਬਾਅਦ ਸਾਊਥ-ਇੰਡੀਅਨ ਸੁਸਾਇਟੀ, ਫਿਰ ਗੁਰਦੁਆਰਾ ਝੁੱਗੀ-ਝਂੌਪੜੀ, ਫਿਰ ਬ੍ਰਾਹਮਣ ਸਭਾ, ਫਿਰ ਖੱਤਰੀ ਸਭਾ ਦੇæææ ਤੇ ਫਿਰæææ!”
ਗ਼ਰੀਬਦਾਸ ਸੋਚਣ ਲੱਗ ਪਿਆ, Ḕਇਹ ਕਿਹੋ ਜਿਹਾ ਸੁਆਗਤ ਐ! ਇਕੱਠੇ ਵਸਦੇ ਲੋਕਾਂ ਨੂੰ ਜ਼ਾਤਾਂ ਵਿਚ ਵੰਡ ਕੇ, ਸਾਊਥ-ਇੰਡੀਅਨਾਂ, ਪੰਜਾਬੀਆਂ, ਮੁਲਤਾਨੀਆਂ ਵਿਚ ਵੰਡ ਕੇ, ਲੋਕਾਂ ਦੇ ਟੋਟੇ ਕਰ ਕੇ ਸੱਤਾ ਹਥਿਆਉਣ ਦਾ ਇਹ ਕਿਹੋ ਜਿਹਾ ਢੰਗ ਹੈ! ਕੀ ਕਰ ਰਹੇ ਨੇ ਇਹ ਲੋਕ!Ḕ
ਉਹਦਾ ਜੀਅ ਕੀਤਾ, ਉਚੀ-ਉਚੀ ਰੌਲਾ ਪਾ ਕੇ ਆਖੇ, Ḕਲੋਕ ਤਾਂ ਲੋਕ ਹਨ! ਤੁਸੀਂ ਲੋਕਾਂ ਦੀਆਂ ਵੰਡੀਆਂ ਪਾਉਣ ਵਾਲੇ ਕੌਣ ਹੁੰਦੇ ਓ! ਤੁਸੀਂ ਮਨੂੰ ਦੇ ਸਿਧਾਂਤ ਨੂੰ ਜਿਉਂਦਾ ਰੱਖਣ ਵਾਲੇ!Ḕ
ਪਰ ਗ਼ਰੀਬਦਾਸ ਅੰਦਰੇ-ਅੰਦਰ ਵਿਹੁ ਘੋਲ ਕੇ ਰਹਿ ਗਿਆ। ਇਹ ਉਹਦਾ ਆਪਣਾ ਜਲਸਾ ਨਹੀਂ ਸੀ। ਉਹ ਕਿਸੇ ਜਨਤਾ ਮੰਡਲ ਦਾ ਨੇਤਾ ਨਹੀਂ ਸੀ। ਉਹਨੂੰ ਚੁੱਪ ਕਰਾਉਣ ਵਾਸਤੇ ਜਲਸਾ ਕਰ ਰਹੀ ਪਾਰਟੀ ਦੇ ਗ਼ੁੰਡੇ ਹਾਜ਼ਰ ਸਨ, ਪੁਲਿਸ ਮੌਜੂਦ ਸੀ।
ਉਹ ਕੁਝ ਕਦਮ ਪਿੱਛੇ ਹਟ ਕੇ ਖੜ੍ਹਾ ਹੋ ਗਿਆ, ਜਿਵੇਂ ਡਰ ਗਿਆ ਹੋਵੇ ਕਿ ਕਿਤੇ ਕੁਝ ਕਰ ਈ ਨਾ ਬੈਠੇ।
ਸ਼੍ਰੀæææਜੀ ਦਾ ਭਾਸ਼ਣ ਸ਼ੁਰੂ ਹੋ ਗਿਆ, “ਭਾਈਓ, ਭੈਣੋ ਤੇ ਬਜ਼ੁਰਗੋ!”
ਇਹ ਕੋਮਲ ਰਿਸ਼ਤੇ ਕਿੰਨੇ ਕੁ ਦਿਨ ਨਿਭਾਓਗੇ? ਗ਼ਰੀਬਦਾਸ ਨੇ ਮਨ ਹੀ ਮਨ ਸ੍ਰੀæææਜੀ ਨਾਲ ਸਵਾਲ-ਜਵਾਬ ਸ਼ੁਰੂ ਕਰ ਦਿੱਤੇ।
“ਪਹਿਲਾਂ ਵੀ ਇੱਕ ਵਾਰ ਮੈਂ ਏਸੇ ਸਟੇਜ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸਨ। (ਤੇ ਉਸ ਤੋਂ ਬਾਅਦ ਪੰਜ ਵਰ੍ਹੇ ਕਿੱਥੇ ਲੁਕੇ ਰਹੇ?) ਅੱਜ ਫੇਰ ਤੁਹਾਡਾ ਪਿਆਰ ਮੈਨੂੰ ਤੁਹਾਡੇ ਕੋਲ (ਸਾਡਾ ਪਿਆਰ ਜਾਂ ਤੁਹਾਡਾ ਸੁਆਰਥ?) ਤੁਸੀਂ ਜਾਣਦੇ ਹੀ ਹੋ ਕਿ ਪੰਜ ਸਾਲ ਦੇ ਥੋੜ੍ਹੇ ਜਿਹੇ ਅਰਸੇ ਵਿਚ (ਥੋੜ੍ਹਾ ਜਿਹਾ ਅਰਸਾ!) ਜੋ ਕੰਮ ਜਨਤਾ ਮੰਡਲ ਨੇ ਕਰ ਕੇ ਦਿਖਾਏ ਹਨ, ਉਹ ਪਿਛਲੇ ਪੰਜਾਹ ਸਾਲਾਂ ਵਿਚ ਵੀ ਨਹੀਂ ਸਨ ਹੋਏ (ਕਿਹੜੇ ਕੰਮ ਜੀ?) ਅੱਜ ਤੁਹਾਡੇ ਏਸ ਸ਼ਹਿਰ ਦੀਆਂ ਸੜਕਾਂ ਗਵਾਹ ਹਨ (ਕਿ ਹਨੇਰੇ ਪਏ, ਕੰਮ ਤੋਂ ਮੁੜਦਿਆਂ ਕੱਚੀ ਸੜਕ ਦੇ ਟੋਇਆਂ ਵਿਚ ਡਿੱਗ ਕੇ ਗ਼ਰੀਬਦਾਸ ਦਾ ਸਾਈਕਲ ਕਿੰਨੀ ਵਾਰ ਟੁੱਟ ਚੁੱਕਿਆ ਹੈ!) ਕਿ ਜਨਤਾ ਮੰਡਲ ਦੀਆਂ ਕੋਸ਼ਿਸ਼ਾਂ ਸਦਕਾ ਥਾਂ-ਥਾਂ ਪਾਰਕ ਬਣ ਗਏ ਹਨ ਜੋ ਤੁਹਾਡੀ ਸਿਹਤ ਲਈæææ!”
ਗ਼ਰੀਬਦਾਸ ਦੀਆਂ ਅੱਖਾਂ ਅੱਗੇ ਆਪਣੀ ਝੁੱਗੀ ਦੇ ਸਾਹਮਣੇ ਵਾਲੇ ਗੰਦੇ ਪਾਣੀ ਦੇ ਛੱਪੜ ਦਾ ਨਜ਼ਾਰਾ ਘੁੰਮ ਗਿਆ, ਜਿਸ ਵਿਚ ਆਲੇ-ਦੁਆਲੇ ਦਾ ਸਾਰਾ ਗੰਦ-ਮੰਦ ਇਕੱਠਾ ਹੁੰਦਾ ਰਹਿੰਦਾ ਹੈ ਤੇ ਗਰਮੀਆਂ ਵਿਚ ਬਦਬੂ ਤੇ ਮੱਛਰ ਕਰਕੇ ਬਾਹਰ ਸੌਣਾ ਔਖਾ ਹੋ ਜਾਂਦਾ ਹੈ। ਲੋਕ ਅਨੇਕਾਂ ਵਾਰ ਨੀਲ ਕੰਠ ਨੂੰ ਆਖ ਚੁੱਕੇ ਹਨ ਕਿ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਵਾ ਦੇਵੇ।
ਤੇ ਸ੍ਰੀæææਜੀ ਦਾ ਭਾਸ਼ਣ ਚੱਲ ਰਿਹਾ ਸੀ, “ਜਨਤਾ ਮੰਡਲ ਨੇ ਪਾਰਕਾਂ ਵਿਚ, ਚੁਰਸਤਿਆਂ ਉਤੇ ਥਾਂ-ਥਾਂ ਫੁਹਾਰੇ ਲੁਆਏ!”
ਗ਼ਰੀਬਦਾਸ ਦੇ ਕੰਨਾਂ ਵਿਚ ਖ਼ਾਲੀ ਬਾਲਟੀਆਂ ਦਾ ਖੜਕਾ ਗੂੰਜ ਉਠਿਆ। ਉਹਦੇ ਮਹੱਲੇ ਵਿਚ ਦੋ ਸੌ ਝੁੱਗੀਆਂ ਵਾਸਤੇ ਪਾਣੀ ਦੀ ਇੱਕੋ ਟੂਟੀ ਹੈ। ਉਸ ਵਿਚ ਵੀ ਪਾਣੀ ਟਾਈਮ-ਬੇਟਾਈਮ ਆਉਂਦਾ ਹੈ। ਲੋਕ ਪਾਣੀ ਖ਼ਾਤਰ ਲੜ-ਲੜ ਮਰਦੇ ਹਨ; ਘੜੇ-ਬਾਲਟੀਆਂ ਮਾਰ ਕੇ ਇੱਕ-ਦੂਜੇ ਦੇ ਸਿਰ ਪਾੜ ਛੱਡਦੇ ਹਨ। ਉਸ ਵੇਲੇ ਤਾਂ ਹੋਰ ਵੀ ਭੈੜਾ ਹਾਲ ਹੋ ਜਾਂਦਾ ਹੈ, ਜਦੋਂ ਸਾਹਮਣੇ ਵਾਲੇ ਚੌਥਾ ਦਰਜਾ ਕਰਮਚਾਰੀਆਂ ਦੇ ਸਰਕਾਰੀ ਕੁਆਰਟਰਾਂ ਦੀਆਂ ਉਪਰਲੀਆਂ ਮੰਜ਼ਲਾਂ ਤੱਕ ਪਾਣੀ ਨਹੀਂ ਚੜ੍ਹਦਾ ਤੇ ਉਹ ਵੀ ਇਸੇ ਟੂਟੀ ਦੁਆਲੇ ਆ ਜੁੜਦੇ ਹਨ।
ਗ਼ਰੀਬਦਾਸ ਨੂੰ ਇਸ ਟੂਟੀ ਦਾ ਇਤਿਹਾਸ ਚੇਤੇ ਆਉਣ ਲੱਗ ਪਿਆ। ਅੱਜ ਵਾਂਗ ਪੰਜ ਸਾਲ ਪਹਿਲਾਂ ਵੀ ਚੋਣਾਂ ਦੇ ਦਿਨ ਸਨ। ਗ਼ਰੀਬਦਾਸ ਦੇ ਮਹੱਲੇ ਵਾਲਿਆਂ ਨੇ ਸ਼ਰਤ ਰੱਖ ਦਿੱਤੀ ਕਿ ਜਿਹੜੀ ਪਾਰਟੀ ਮਹੱਲੇ ਵਿਚ ਬਿਜਲੀ ਦੇ ਖੰਭੇ, ਪਾਣੀ ਵਾਸਤੇ ਸਰਕਾਰੀ ਟੂਟੀਆਂ ਲੁਆਏਗੀ ਅਤੇ ਪੱਕੀਆਂ ਗਲੀਆਂ ਤੇ ਨਾਲੀਆਂ ਬਣਵਾਏਗੀ, ਉਸੇ ਪਾਰਟੀ ਨੂੰ ਵੋਟ ਦਿੱਤੇ ਜਾਣਗੇ। ਪਰ ਸਰਕਾਰੀ ਵਿਉਂਤਾਂ ਵਿਚ ਤਾਂ ਇਨ੍ਹਾਂ ਝੁੱਗੀਆਂ ਨੂੰ ਛੇਤੀ ਤੋਂ ਛੇਤੀ ਹਟਾ ਕੇ ਤੇ ਜ਼ਮੀਨ ਪੱਧਰੀ ਕਰ ਕੇ ਕ੍ਰਿਕਟ ਕਲੱਬ ਬਣਾਉਣ ਦੀ ਸਕੀਮ ਸੀ। ਇਸ ਕਰਕੇ ਬਿਜਲੀ ਪਾਣੀ ਵਰਗੀਆਂ ਚੀਜ਼ਾਂ ਉਤੇ ਫ਼ਜ਼ੂਲ ਖ਼ਰਚ ਨਹੀਂ ਸੀ ਕੀਤਾ ਜਾ ਸਕਦਾ। ਵਿਸ਼ਾਲ ਮੁਕਤੀ ਦਲ ਵੱਲੋਂ ਚੋਣ ਲੜ ਰਹੇ ਸ਼ਿਵ ਸ਼ੰਭੂ ਨੇ ਇਹ ਕੰਮ ਕਰ ਦਿੱਤਾ। ਉਹਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਬਿਜਲੀ ਦੇ ਖੰਭੇ ਲਗਵਾ ਦਿੱਤੇ। ਇਹ ਵੱਖਰੀ ਗੱਲ ਹੈ ਕਿ ਨਾ ਤਾਰਾਂ ਪਈਆਂ ਨਾ ਬਿਜਲੀ ਆਈ। ਉਹਨੇ ਇੱਟਾਂ ਲੁਆ ਕੇ ਕੁਝ ਗਲੀਆਂ ਪੱਕੀਆਂ ਕਰਵਾ ਦਿੱਤੀਆਂ; ਨਾਲੀਆਂ ਪੱਕੀਆਂ ਕਰਵਾ ਕੇ ਗੰਦੇ ਪਾਣੀ ਦਾ ਵਹਾਅ ਇੱਕ ਡੂੰਘੇ ਟੋਏ ਵੱਲ ਕਰਵਾ ਦਿੱਤਾ, ਜਿੱਥੇ ਪਾਣੀ ਇਕੱਠਾ ਹੋ-ਹੋ ਕੇ ਇੱਕ ਵੱਡਾ ਛੱਪੜ ਬਣ ਗਿਆ, ਅੱਜ ਜਿਸ ਵਿਚੋਂ ਬਦਬੂ ਉਠਦੀ ਹੈ ਤੇ ਪੈਦਾ ਹੋ-ਹੋ ਕੇ ਮੱਛਰ ਉਡਦੇ ਹਨ। ਪਾਣੀ ਵਾਸਤੇ ਉਹਨੇ ਪਲੰਬਰ ਬੁਲਵਾਏ ਤੇ ਜ਼ਮੀਨ ਹੇਠ ਨੇੜਿਓਂ ਲੰਘਦੀ ਲਾਈਨ ਵਿਚੋਂ ਕੁਨੈਕਸ਼ਨ ਲੈ ਕੇ ਟੂਟੀ ਖੜ੍ਹੀ ਕਰਵਾ ਦਿੱਤੀ। ਮਾੜੀ ਗੱਲ ਇਹ ਹੋਈ ਕਿ ਭਾਵੇਂ ਝੁੱਗੀ-ਝੌਂਪੜੀ ਵਾਲਿਆਂ ਨੇ ਵੋਟਾਂ ਦਿੱਤੀਆਂ ਸਨ ਪਰ ਸ਼ਿਵ ਸ਼ੰਭੂ ਹਾਰ ਗਿਆ ਤੇ ਹੋਰ ਮਹੱਲਿਆਂ ਵਿਚੋਂ ਬਹੁਤੀਆਂ ਵੋਟਾਂ ਮਿਲਣ ਨਾਲ ਨੀਲ ਕੰਠ ਜਿੱਤ ਗਿਆ। ਕੁਝ ਦਿਨਾਂ ਬਾਅਦ ਹੀ ਸਰਕਾਰੀ ਆਦਮੀ ਟੂਟੀ ਪੁੱਟਣ ਆ ਪਏ ਕਿਉਂਕਿ ਟੂਟੀ ਬਾਕਾਇਦਾ ਮਨਜ਼ੂਰੀ ਨਾਲ ਨਹੀਂ ਸੀ ਲੱਗੀ। ਪਰ ਮਹੱਲੇ ਵਾਲੇ ਟੂਟੀ ਦੀ ਰਾਖੀ ਲਈ ਡਟ ਕੇ ਖੜ੍ਹੇ ਹੋ ਗਏ। ਸਰਕਾਰੀ ਆਦਮੀ ਜਿਵੇਂ ਆਏ ਸੀ, ਓਵੇਂ ਈ ਮੁੜ ਗਏ।
“ਜ਼ਿੰਦਾਬਾਦ!” ਜਲਸੇ ਵਿਚ ਨਾਹਰਾ ਗੂੰਜਿਆ।
ਗ਼ਰੀਬਦਾਸ ਦਾ ਮਨ ਜਲਸੇ ਵਿਚ ਪਰਤ ਆਇਆ। ਸ੍ਰੀæææਜੀ ਦਾ ਭਾਸ਼ਣ ਖ਼ਤਮ ਹੋ ਗਿਆ ਸੀ। ਸ੍ਰੀæææਜੀ ਸਟੇਜ ਤੋਂ ਹੇਠਾਂ ਉਤਰ ਕੇ ਆਪਣੀ ਕਾਰ ਵੱਲ ਜਾ ਰਹੇ ਸਨ। ਕਈ ਬੰਦਿਆਂ ਦੀ ਭੀੜ ਉਨ੍ਹਾਂ ਨੂੰ ਘੇਰੇ ਵਿਚ ਲੈ ਕੇ ਨਾਲ-ਨਾਲ ਚੱਲ ਰਹੀ ਸੀ। ਗ਼ਰੀਬਦਾਸ ਨੂੰ ਇਹ ਦ੍ਰਿਸ਼ ਦੇਖ ਕੇ ਲੱਗਿਆ ਜਿਵੇਂ ਕੀੜੀਆਂ ਮਰੀ ਹੋਈ ਟਿੱਡੀ ਨੂੰ ਘੜੀਸ ਕੇ ਖੁੱਡ ਵੱਲ ਲਿਜਾ ਰਹੀਆਂ ਹੋਣ। ਫੇਰ ਸ੍ਰੀæææਜੀ ਕਾਰ ਵਿਚ ਬੈਠ ਗਏ ਤੇ ਕਾਰ ਤੁਰ ਗਈ। ਗ਼ਰੀਬਦਾਸ ਨੂੰ ਜਾਪਿਆ, ਜਿਵੇਂ ਮਰੀ ਹੋਈ ਟਿੱਡੀ ਨੂੰ ਲੈ ਕੇ ਖੁੱਡ ਤੁਰ ਗਈ ਹੋਵੇ। ਫੇਰ ਉਹਨੇ ਸੋਚਿਆ, Ḕਇਹ ਲੋਕ ਮੈਨੂੰ ਕੀੜੇ-ਮਕੌੜੇ ਕਿਉਂ ਲੱਗਣ ਲੱਗ ਪਏ ਨੇ!Ḕ
ਸਟੇਜ ਉਤੇ ਇੱਕ ਬੰਦਾ ਨਾਹਰੇ ਲਾ ਰਿਹਾ ਸੀ। ਗ਼ਰੀਬਦਾਸ ਨੇ ਦੇਖਿਆ, ਸਰੋਤਿਆਂ ਨਾਲੋਂ ਸਟੇਜ ਵਾਲੇ ਦੀ ਅਵਾਜ਼ ਵਧੇਰੇ ਉਚੀ ਸੀ।
ਨਾਹਰੇ ਹਟੇ। ਸ਼ਾਂਤੀ ਹੋਈ। ਫੇਰ ਐਲਾਨ ਹੋਇਆ, “ਹੁਣ ਸ਼੍ਰੀ ਨੀਲ ਕੰਠ ਜੀ ਆਪਣੇ ਵਿਚਾਰ ਰੱਖਣਗੇ!”
ਗ਼ਰੀਬਦਾਸ ਨੂੰ ਅਚਾਨਕ ਖ਼ਿਆਲ ਆਇਆ, Ḕਉਹਨੇ ਅਜੇ ਰੋਟੀ ਨਹੀਂ ਸੀ ਖਾਧੀ ਤੇ ਭਾਸ਼ਣ ਨਾਲ ਢਿੱਡ ਨਹੀਂ ਸੀ ਭਰ ਜਾਣਾ।Ḕ ਤੇ ਉਹ ਘਰ ਵੱਲ ਤੁਰ ਪਿਆ।
ਘਰਵਾਲੀ ਰੋਟੀ ਪਕਾ ਚੁੱਕੀ ਸੀ। ਬੱਚੇ ਸੌਂ ਚੁਕੇ ਸਨ। ਗ਼ਰੀਬਦਾਸ ਦਾ ਬੇਰੁਜ਼ਗਾਰ ਛੋਟਾ ਭਰਾ ਅਜੇ ਤੱਕ ਘਰ ਨਹੀਂ ਸੀ ਮੁੜਿਆ। ਉਹ ਸਵੇਰ ਤੋਂ ਕੰਮ ਦੀ ਭਾਲ ਵਿਚ ਨਿਕਲਿਆ ਹੋਇਆ ਸੀ। ਗ਼ਰੀਬਦਾਸ ਨੇ ਪਤਨੀ ਨੂੰ ਭਰਾ ਬਾਰੇ ਪੁੱਛਿਆ ਤੇ ਫੇਰ ਰੋਟੀ ਖਾਣ ਬੈਠ ਗਿਆ। ਅਣਤੜਕੀ ਦਾਲ ਨਾਲ ਰੋਟੀ ਖਾਂਦਾ ਉਹ ਸੋਚ ਰਿਹਾ ਸੀ, Ḕਭਾਸ਼ਣ ਦੇਣ ਵਾਲੇ ਨੇਤਾ ਕਿਹੋ ਜਿਹੀ ਰੋਟੀ ਖਾਂਦੇ ਹੋਣਗੇ!Ḕ ਫੇਰ ਉਹਨੇ ਮਨ ਵਿਚ ਹੀ ਜਵਾਬ ਦੇ ਲਿਆ, Ḕਨੇਤਾ ਰੋਟੀ ਨਹੀਂ, ਖਾਣਾ ਖਾਂਦੇ ਨੇ। ਖਾਣੇ ਵਿਚ ਸਭ ਕੁਝ ਸ਼ਾਮਲ ਹੁੰਦਾ ਹੈ-ਮੀਟ-ਮੱਛੀ, ਦਾਰੂ-ਮੁਰਗਾ, ਸਲਾਦ-ਰਾਇਤਾ ਤੇ ਹੋਰ ਪਤਾ ਨਹੀਂ ਕੀ-ਕੀ। ਤੇ ਰੋਟੀ ਵਿਚ-ਦੋ ਮੋਟੀਆਂ ਰੋਟੀਆਂ, ਨਾਲ ਅਣਤੜਕੀ ਦਾਲ, ਚਟਣੀ ਜਾਂ ਅਚਾਰ ਦੀ ਫਾੜੀ।Ḕ
ਗ਼ਰੀਬਦਾਸ ਨੇ ਪਾਣੀ ਪੀਤਾ ਤੇ ਨੀਲੂ ਨਾਲ ਮੰਜੀ ਉਤੇ ਜਾ ਲੇਟਿਆ। ਉਹਦੇ ਕੰਨਾਂ ਵਿਚ ਅਜੇ ਵੀ ਲਾਊਡ ਸਪੀਕਰ ਉਤੇ ਕਿਸੇ ਦੇ ਬੋਲਣ ਦੀ ਅਵਾਜ਼ ਆ ਰਹੀ ਸੀ। ਅਵਾਜ਼ ਕਦੇ ਉਚੀ ਹੋ ਜਾਂਦੀ ਸੀ, ਕਦੇ ਨੀਂਵੀਂ, ਜਿਵੇਂ ਨੀਲ ਕੰਠ ਦਾ ਭਾਸ਼ਣ ਅਜੇ ਵੀ ਚੱਲੀ ਜਾ ਰਿਹਾ ਹੋਵੇ। ਉਹਨੂੰ ਯਾਦ ਸੀ, ਪਿਛਲੀਆਂ ਚੋਣਾਂ ਤੋਂ ਪਹਿਲਾਂ ਨੀਲ ਕੰਠ ਬੜੀ ਨੀਂਵੀਂ ਅਵਾਜ਼ ਵਿਚ ਗੱਲ ਕਰਦਾ ਹੁੰਦਾ ਸੀ। ਚੋਣ ਜਿੱਤ ਕੇ ਉਹ ਛੇਤੀ ਹੀ ਉਚੀ ਅਵਾਜ਼ ਵਿਚ ਬੋਲਣ ਲੱਗ ਪਿਆ ਸੀ। ਤੇ ਅੱਜ-ਕੱਲ੍ਹ ਉਹਦੀ ਅਵਾਜ਼ ਕਦੇ ਉਚੀ ਹੋ ਜਾਂਦੀ ਹੈ, ਕਦੇ ਨੀਂਵੀਂ। ਗ਼ਰੀਬਦਾਸ ਨੂੰ ਯਾਦ ਆਇਆ, ਨੀਲ ਕੰਠ ਨੇ ਉਚੀ ਅਵਾਜ਼ ਵਿਚ ਹੀ ਕਿਹਾ ਸੀ ਝੁੱਗੀ-ਝੌਂਪੜੀ ਇਲਾਕੇ ਵੱਲੋਂ ਕੋਈ ਬੰੰਦਾ ਉਸ ਕੋਲ ਕੋਈ ਕੰਮ ਕਰਾਉਣ ਨਾ ਆਵੇ, ਕਿਉਂਕਿ ਓਧਰੋਂ ਕਿਸੇ ਨੇ ਉਸ ਨੂੰ ਵੋਟ ਨਹੀਂ ਸੀ ਪਾਈ। ਇਸੇ ਕਰਕੇ ਪਿਛਲੇ ਸਾਲਾਂ ਵਿਚ ਮਹੱਲੇ ਦੀ ਕਿਸੇ ਗਲੀ, ਨਾਲੀ ਦੀ ਮੁਰੰਮਤ ਤੱਕ ਨਹੀਂ ਸੀ ਹੋਈ, ਨਵੀਂ ਤਾਂ ਕੀ ਬਣਨੀ ਸੀ! ਘਰਾਂ ਦਾ ਗੰਦ-ਮੰਦ ਵੀ ਛੱਪੜ ਵਿਚ ਭਰ-ਭਰ ਕੇ ਬਦਬੂ ਛੱਡ ਰਿਹਾ ਸੀ।
ਗ਼ਰੀਬਦਾਸ ਨੇ ਇੱਕਦਮ ਕੱਪੜੇ ਨਾਲ ਮੂੰਹ ਢਕ ਲਿਆ, ਜਿਵੇਂ ਛੱਪੜ ਵਿਚੋਂ ਉਠਦੀ ਸਾਰੀ ਦੀ ਸਾਰੀ ਬਦਬੂ ਉਹਦੇ ਨੱਕ ਵਿਚੋਂ ਦੀ ਹੋ ਕੇ ਦਿਮਾਗ਼ ਨੂੰ ਚੜ੍ਹਨ ਲੱਗ ਪਈ ਹੋਵੇ।
ਸਵੇਰੇ ਢੋਲਕੀ-ਛੈਣਿਆਂ ਦੀ ਅਵਾਜ਼ ਨਾਲ ਗ਼ਰੀਬਦਾਸ ਦੀ ਅੱਖ ਖੁੱਲ੍ਹੀ। ਉਹਨੇ ਸਿਰ ਚੁੱਕ ਕੇ ਧਿਆਨ ਨਾਲ ਸੁਣਿਆ, ਕੋਈ ਕੀਰਤਨ-ਮੰਡਲੀ ਢੋਲਕੀ-ਛੈਣੇ ਖੜਕਾਉਂਦੀ ਆ ਰਹੀ ਸੀ। ਉਹ ਉਠਿਆ ਤੇ ਗਲੀ ਵਿਚ ਆ ਖਲੋਤਾ। ਉਹਨੇ ਦੇਖਿਆ, ਜਨਤਾ ਮੰਡਲ ਦੇ ਉਮੀਦਵਾਰ ਸ੍ਰੀæææਜੀ ਤੇ ਕੁਝ ਹੋਰ ਲੋਕ ਭਜਨ ਗਾਉਂਦੇ ਆ ਰਹੇ ਸਨ। ਕੋਲ ਆਏ ਤਾਂ ਗ਼ਰੀਬਦਾਸ ਨੇ ਜਾਣ-ਪਛਾਣ ਵਾਲੇ ਇੱਕ ਬੰਦੇ ਨੂੰ ਰੋਕ ਕੇ ਪੁੱਛਿਆ, “ਇਹ ਪ੍ਰਭਾਤ-ਫੇਰੀ ਕਾਹਦੀ! ਕੋਈ ਤਿਉਹਾਰ ਆਉਣ ਵਾਲਾ ਏ?”
“ਲਓ ਜੀ, ਏਸ ਵਿਚ ਤਿਉਹਾਰ ਵਾਲੀ ਕਿਹੜੀ ਗੱਲ ਐ, ਗ਼ਰੀਬਦਾਸ! ਜਦੋਂ ਭਗਵਾਨ ਦਾ ਨਾਂ ਲੈਣਾ ਹੋਇਆ, ਕੀਰਤਨ ਕਰ ਲਿਆ।” ਤੇ ਗੱਲ ਕਰਨ ਵਾਲਾ ਕਾਹਲੇ ਕਦਮੀਂ ਭਜਨ-ਮੰਡਲੀ ਦੇ ਨਾਲ ਜਾ ਰਲਿਆ, ਜਿਵੇਂ ਉਹਨੂੰ ਭਗਵਾਨ ਨੂੰ ਮਿਲਣ ਦੀ ਕਾਹਲ ਹੋਵੇ।
ਗ਼ਰੀਬਦਾਸ ਸੋਚਣ ਲੱਗ ਪਿਆ, Ḕਭਗਵਾਨ ਦਾ ਨਾਂ ਘਰਾਂ ਵਿਚ ਬੈਠ ਕੇ ਕਿਉਂ ਨਹੀਂ ਲੈ ਲੈਂਦੇ! ਗਲੀਆਂ-ਮਹੱਲਿਆਂ ਵਿਚ ਤੁਰ-ਫਿਰ ਕੇ ਦਿਖਾਵਾ ਕਰਨ ਦੀ ਕੀ ਲੋੜ ਐ!Ḕ
ਤੇ ਇਸ ਲੋੜ ਦੀ ਉਹਨੂੰ ਛੇਤੀ ਹੀ ਸਮਝ ਆ ਗਈ, ਜਦੋਂ ਉਹਨੂੰ ਧਿਆਨ ਆਇਆ ਕਿ ਚੋਣਾਂ ਵਿਚ ਖੜ੍ਹੇ ਉਮੀਦਵਾਰ ਸ੍ਰੀæææਜੀ ਵੀ ਤਾਂ ਭਜਨ-ਮੰਡਲੀ ਵਿਚ ਅੱਗੇ-ਅੱਗੇ ਸਨ। ਗ਼ਰੀਬਦਾਸ ਵਿਅੰਗ ਨਾਲ ਮੁਸਕਰਾਇਆ ਤੇ ਝੁੱਗੀ ਦੇ ਅੰਦਰ ਵੜ ਕੇ ਜ਼ੋਰ ਨਾਲ ਬੂਹਾ ਬੰਦ ਕਰ ਲਿਆ।
ਘਰਵਾਲੀ ਜਾਗ ਪਈ ਸੀ। ਬੱਚੇ ਸੁੱਤੇ ਪਏ ਸਨ। ਗ਼ਰੀਬਦਾਸ ਨੂੰ ਨਹੀਂ ਸੀ ਪਤਾ ਕਿ ਸਰਨਦਾਸ ਰਾਤ ਕਿਹੜੇ ਵੇਲੇ ਘਰ ਮੁੜਿਆ ਸੀ। ਉਹਨੇ ਸੁੱਤੇ ਪਏ ਭਰਾ ਵੱਲ ਦੇਖਿਆ। ਉਹਦਾ ਮਨ ਤਰਸ ਨਾਲ ਭਰ ਆਇਆ।
ਸਰਨਦਾਸ ਦੋ ਸਾਲ ਤੋਂ ਬੇਕਾਰ ਸੀ। ਬੀæਏæ ਕਰ ਕੇ ਵੀ ਉਹਨੂੰ ਕੋਈ ਕੰਮ ਨਹੀਂ ਸੀ ਮਿਲਿਆ। ਅੱਗੋਂ ਕੋਈ ਟ੍ਰੇਨਿੰਗ ਵੀ ਨਹੀਂ ਸੀ ਕਰ ਸਕਿਆ। ਟ੍ਰੇਨਿੰਗ ਵਾਸਤੇ ਨਾ ਤਾਂ ਗ਼ਰੀਬਦਾਸ ਵਿਚ ਹਿੰਮਤ ਸੀ ਨਾ ਪਿੰਡ ਦੀ ਡੇਢ ਕਿੱਲਾ ਜ਼ਮੀਨ ਦਾ ਕੋਈ ਆਸਰਾ। ਇਸ ਤੋਂ ਬਾਅਦ ਵੀ ਤਾਂ ਕੋਈ ਫ਼ਾਇਦਾ ਨਜ਼ਰ ਨਹੀਂ ਸੀ ਆਉਂਦਾ। ਟ੍ਰੇਨਿੰਗ ਕਰ ਕੇ ਵਿਹਲੇ ਫਿਰਦੇ ਉਹਨੇ ਅਨੇਕਾਂ ਦੇਖੇ ਸਨ। ਬੀæਏæ ਦੀ ਡਿਗਰੀ ਲੈ ਕੇ ਉਹ ਸਾਲ ਭਰ ਆਪਣੇ ਜ਼ਿਲ੍ਹੇ ਵਿਚ ਤੇ ਫੇਰ ਸੂਬੇ ਵਿਚ ਕੋਸ਼ਿਸ਼ ਕਰਦਾ ਫਿਰਿਆ ਸੀ। ਪਰ ਕਿਧਰੇ ਕੰਮ ਨਹੀਂ ਸੀ ਮਿਲਿਆ। ਸਾਲ ਕੁ ਹੋਇਆ, ਗ਼ਰੀਬਦਾਸ ਨੇ ਅਖ਼ਬਾਰ ਵਿਚ ਪੜ੍ਹਿਆ ਸੀ ਕਿ ਕੇਂਦਰ ਦੀ ਸਰਕਾਰ ਇਸੇ ਸਾਲ ਬੇਕਾਰੀ ਦੂਰ ਕਰਨ ਦੀਆਂ ਵਿਉਂਤਾਂ ਬਣਾ ਰਹੀ ਹੈ। ਇਸ ਲਈ ਉਹਨੇ ਸਰਨਦਾਸ ਨੂੰ ਆਪਣੇ ਕੋਲ ਦਿੱਲੀ ਸੱਦ ਲਿਆ ਸੀ। ਦਿੱਲੀ ਆ ਕੇ ਸਰਨਦਾਸ ਨੇ ਕਾਫ਼ੀ ਭੱਜ-ਨੱਠ ਕੀਤੀ। ਉਹਨੂੰ ਲੋਹੇ ਦੀ ਇੱਕ ਫ਼ਰਮ ਵਿਚ ਹਿਸਾਬ-ਕਿਤਾਬ ਰੱਖਣ ਦੀ ਨੌਕਰੀ ਮਿਲ ਗਈ। ਪਰ ਪੰਦਰਾਂ ਕੁ ਦਿਨਾਂ ਬਾਅਦ ਨੌਕਰੀਓਂ ਜਵਾਬ ਵੀ ਮਿਲ ਗਿਆ। ਉਹਨੇ ਫ਼ਰਮ ਦੇ ਹੀ ਕਿਸੇ ਬੰਦੇ ਕੋਲ ਕਹਿ ਦਿੱਤਾ ਕਿ ਉਹਨੂੰ ਦੋ-ਦੋ ਵਹੀ-ਖਾਤੇ ਤਿਆਰ ਕਰ ਕੇ ਹੇਰਾ-ਫੇਰੀ ਕਰਨੀ ਠੀਕ ਨਹੀਂ ਸੀ ਲੱਗਦੀ। ਉਹਨੂੰ ਇਹ ਗੱਲ ਵੀ ਚੰਗੀ ਨਹੀਂ ਸੀ ਲੱਗਦੀ ਕਿ ਫ਼ਰਮ ਦੇ ਸਟੋਰ ਵਿਚ ਮਾਲ ਤਾਂ ਪਹੁੰਚੇ ਨਾ, ਬਿੱਲ ਪਹੁੰਚ ਜਾਣ ਤੇ ਮਾਲ ਬਾਹਰੋ-ਬਾਹਰ ਵਿਕ ਜਾਵੇ। ਫੇਰ ਉਹਨੂੰ ਇੱਕ ਸੈਰ-ਸਪਾਟਾ ਏਜੰਸੀ ਵਿਚ ਕਾਫ਼ੀ ਘੱਟ ਤਨਖ਼ਾਹ ਉਤੇ ਨੌਕਰੀ ਮਿਲੀ। ਪਰ ਕੰਪਨੀ ਨੇ ਦੋ ਮਹੀਨੇ ਤਨਖ਼ਾਹ ਨਾ ਦਿੱਤੀ। ਤੀਜਾ ਮਹੀਨਾ ਸਰਨਦਾਸ ਨੇ ਤਨਖ਼ਾਹ ਮੰਗਦਿਆਂ ਬਿਤਾ ਦਿੱਤਾ। ਅਖ਼ੀਰ ਤੰਗ ਆ ਕੇ ਉਹ ਤਿੰਨ ਮਹੀਨੇ ਦੀ ਤਨਖ਼ਾਹ ਵੀ ਛੱਡ ਆਇਆ ਤੇ ਨੌਕਰੀ ਵੀ।
ਗ਼ਰੀਬਦਾਸ ਨੇ ਘਰਵਾਲੀ ਨੂੰ ਕਹਿ ਦਿੱਤਾ ਕਿ ਉਹ ਸਰਨਦਾਸ ਨੂੰ ਜਗਾਏ ਨਾ; ਥੱਕੇ-ਟੁੱਟੇ ਸਰੀਰ ਨੂੰ ਬਹੁਤੇ ਅਰਾਮ ਦੀ ਲੋੜ ਹੁੰਦੀ ਹੈ। ਤੇ ਆਪ ਉਹ ਗਲਾਸ ਲੈ ਕੇ ਦੁੱਧ ਲੈਣ ਤੁਰ ਪਿਆ।
ਉਹਨੇ ਡੇਰੀ ਦੇ ਤਖ਼ਤ ਉਤੇ ਗਲਾਸ ਜਾ ਰੱਖਿਆ। ਭਾਂਡਿਆਂ ਦੀ ਕਤਾਰ ਵਿਚ ਉਹਦੀ ਵਾਰੀ ਅਜੇ ਦੂਰ ਸੀ। ਦੁੱਧ ਵਾਲੀ ਕੌਲਾਂ ਤਖ਼ਤ ਉਤੇ ਪਥੱਲਾ ਮਾਰੀ ਬੈਠੀ ਸੀ। ਉਹਦਾ ਘਰਵਾਲਾ, ਵਲੈਤੀ, ਮੱਝ ਦੀ ਧਾਰ ਕੱਢ ਰਿਹਾ ਸੀ। ਦੁੱਧ ਲੈਣ ਆਈਆਂ ਔਰਤਾਂ ਤਖ਼ਤ ਦੇ ਆਸੇ-ਪਾਸੇ ਖੜ੍ਹੀਆਂ ਸਨ। ਫ਼ਲੈਟਾਂ ਵਾਲੇ ਪਾਸਿਓਂ ਸਪੀਕਰ ਦੀ ਅਵਾਜ਼ ਸੁਣਾਈ ਦਿੱਤੀ, “ਬਸਤੀ ਵਾਸੀਓ! ਆਪ ਦਾ ਕੀਮਤੀ ਵੋਟæææ!” ਇੱਕ ਤੀਂਵੀਂ ਬੋਲ ਪਈ, “ਅਸੀਂ ਤਾਂ ਐਤਕੀਂ ਕਿਸੇ ਨੂੰ ਵੋਟ-ਵੂਟ ਨਹੀਂ ਪਾਉਣੀ।”
Ḕਵੋਟ ਨਾ ਪਾ ਕੇ ਤੁਸੀਂ ਵੋਟਾਂ ਮੰਗਣ ਵਾਲਿਆਂ ਦਾ ਕੀ ਵਿਗਾੜ ਲਓਗੇ!Ḕ ਗ਼ਰੀਬਦਾਸ ਨੇ ਮਨ ਵਿਚ ਆਖਿਆ, Ḕਤੁਸੀਂ ਵੋਟ ਨਾ ਵੀ ਪਾਓਗੇ, ਉਹ ਫੇਰ ਵੀ ਜਿੱਤ ਜਾਣਗੇ। ਉਹ ਹਮੇਸ਼ਾ ਜਿੱਤਦੇ ਨੇ, ਤੁਸੀਂ ਹਮੇਸ਼ਾ ਹਾਰਦੇ ਓ, ਲੋਕ ਹਮੇਸ਼ਾ ਹਾਰਦੇ ਨੇ!Ḕ ਫੇਰ ਉਹਨੇ ਆਪਣੇ ਬਾਰੇ ਮਨ ਵਿਚ ਕਿਹਾ, Ḕਗ਼ਰੀਬਦਾਸ, ਤੂੰ ਵੀ ਤਾਂ ਹੁਣ ਤੱਕ ਹਾਰਦਾ ਈ ਆਇਐਂ!Ḕ
“ਵੋਟ ਨਾ ਕਿਤੇ, ਸੁਆਹ ਪਾਵਾਂਗੇ ਇਨ੍ਹਾਂ ਨੂੰ! ਉਧਾਰ-ਸੁਧਾਰ ਫੜ ਕੇ ਪਿਛਲੇ ਸਾਲ ਇੱਕ ਕੋਠਾ ਖੜ੍ਹਾ ਕੀਤਾ ਸੀ, ਉਹ ਵੀ ਢਾਹ ਗਏ, ਜਾਇ-ਖਾਣੇ!”
“ਜੇ ਨਾ ਢਾਹੁਣ ਤਾਂ ਆਪਣੀਆਂ ਕੋਠੀਆਂ ਕਿਵੇਂ ਖੜ੍ਹੀਆਂ ਕਰਨ!” ਪਹਿਲੀ ਤੀਂਵੀਂ ਨੇ ਵਿਅੰਗ ਕੀਤਾ, “ਅਖੇ ਜੀ, ਕਨੂੰਨ ਐ! ਨਾ ਭਲਾ ਕਨੂੰਨ ਗਰੀਬਾਂ ਦੇ ਕੋਠੇ ਢਾਹੁਣ ਵਾਸਤੇ ਈ ਐ! ਬਣਾਉਣ ਵਾਸਤੇ ਕਿੰਨਾ ਕੁ ਐ!”
ਗ਼ਰੀਬਦਾਸ ਨੂੰ ਜਾਪਿਆ, ਵੋਟਾਂ ਨਾ ਪਾਉਣ ਵਾਲਿਆਂ ਦੀ ਗਿਣਤੀ ਵਧ ਜਾਏਗੀ। ਲੋਕ ਜਿੱਤ ਜਾਣਗੇ ਤੇ ਨੇਤਾ ਲੋਕ ਹਾਰ ਜਾਣਗੇ।
ਦੁੱਧ ਵਾਲੀ ਕੌਲਾਂ ਕਹਿ ਰਹੀ ਸੀ, “ਕਨੂੰਨ ਤਾਂ ਉਨ੍ਹਾਂ ਵਾਸਤੇ ਐ ਭਾਈ, ਜਿਹੜੇ ਬੁੱਕ ਰੁਪਈਆਂ ਦਾ ਲੈ ਕੇ ਬਿਨਾਂ ਮਨਜ਼ੂਰੀ ਦੇ ਮਕਾਨ ਬਣਨ ਦਿੰਦੇ ਨੇ।”
Ḕਆਹੋ, ਤੂੰ ਵੀ ਤਾਂ ਓਸੇ ਕਾਨੂੰਨ ਮੁਤਾਬਕ ਚੱਲਦੀ ਐਂ! ਜੇ ਨਾ ਇੰਸਪੈਕਟਰਾਂ ਦੀਆਂ ਜੇਬਾਂ ਭਰੇਂ ਤਾਂ ਤੇਰੀਆਂ ਮੱਝਾਂ ਦਾ ਰੋਜ਼-ਰੋਜ਼ ਚਲਾਨ ਨਾ ਹੋ ਜਾਇਆ ਕਰੇ!Ḕ ਗ਼ਰੀਬਦਾਸ ਨੇ ਮਨ ਵਿਚ ਦੁੱਧ ਵਾਲੀ ਕੌਲਾਂ ਉਤੇ ਚੋਟ ਕੀਤੀ। ਤੇ ਫੇਰ ਉਹ ਥੋੜ੍ਹਾ ਜਿਹਾ ਦੂਰ ਹਟ ਕੇ ਟਹਿਲਣ ਲੱਗ ਪਿਆ। ਉਹਨੂੰ ਡਰ ਸੀ ਮਤੇ ਜ਼ਨਾਨੀਆਂ ਨਾਲ ਬਹਿਸ ਵਿਚ ਨਾ ਪੈ ਜਾਏ। ਪਰ ਚੱਲ ਰਹੀਆਂ ਗੱਲਾਂ ਤੋਂ ਉਹ ਬਚ ਨਾ ਸਕਿਆ। ਉਹ ਸੋਚਣ ਲੱਗ ਪਿਆ, ਕੌਲਾਂ ਵਰਗੇ ਲੋਕ ਹੀ ਤਾਂ ਨੀਲ ਕੰਠ ਵਰਗਿਆਂ ਨੂੰ ਤੇ ਅਫ਼ਸਰਾਂ ਨੂੰ ਚੜਾ੍ਹਵੇ ਚੜ੍ਹਾਉਂਦੇ ਹਨ ਤੇ ਫੇਰ ਆਏ ਦਿਨ ਦੁੱਧ ਦਾ ਭਾਅ ਵਧਾਉਂਦੇ ਰਹਿੰਦੇ ਹਨ। ਆਖ਼ਰਕਾਰ ਸਾਰਾ ਭਾਰ ਸਾਡੇ ਵਰਗੇ ਆਮ ਲੋਕਾਂ Ḕਤੇ ਪੈਂਦਾ ਹੈ।Ḕ
“ਇਲਾਕਾ ਨਿਵਾਸੀਓ! ਆਪ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀæææ।”
ਲਾਊਡ ਸਪੀਕਰ ਦੀ ਅਵਾਜ਼ ਸੁਣ ਕੇ ਗ਼ਰੀਬਦਾਸ ਰੁਕ ਗਿਆ, Ḕਖ਼ੁਸ਼ੀ ਹੋਵੇਗੀ! ਸਾਨੂੰ ਕਿਸ ਗੱਲ ਦੀ ਖ਼ੁਸ਼ੀ ਹੋਵੇਗੀ! ਖ਼ੁਸ਼ੀ ਤਾਂ ਹੁੰਦੀ ਐ ਤੁਹਾਨੂੰ, ਜਿਹੜੇ ਤੀਜੇ ਕੁ ਦਿਨ ਚੋਣਾਂ ਲੜਨ ਵਾਸਤੇ ਸਾਡੇ ਸਿਰ Ḕਤੇ ਆ ਖਲੋਂਦੇ ਓ ਤੇ ਫੇਰ ਜਿੱਤ ਕੇ ਚੋਣਾਂ ਦਾ ਖ਼ਰਚਾ ਸਾਡੇ ਸਿਰੋਂ ਕੱਢਣ ਲੱਗ ਪੈਂਦੇ ਓ ਤੇ ਜੇਬਾਂ ਭਰਨ ਲੱਗ ਪੈਂਦੇ ਓ!Ḕ
“ਆਪ ਦੇ ਜਾਣੇ-ਪਛਾਣੇ ਨੇਤਾ, ਸ਼੍ਰੀ ਮਿੱਤਰਸੈਣ ਜੀ (ਅਸੀਂ ਇਨ੍ਹਾਂ ਨੂੰ ਖ਼ੂਬ ਜਾਣਦੇ ਹਾਂ ਤੇ ਪਛਾਣਦੇ ਵੀ ਆਂ!) ਆਪਣੀ ਕੀਮਤੀ ਵੋਟæææ।” (ਅੱਛਾ! ਸਾਡੀ ਵੋਟ ਦੀ ਕੀਮਤ ਵੀ ਹੈ! ਪੰਜ ਸਾਲ ਪਹਿਲਾਂ ਵੀ ਇਹਦੀ ਕੀਮਤ ਸੀ, ਪੰਜ ਸਾਲ ਬਾਅਦ ਵੀ ਇਹਦੀ ਕੀਮਤ ਹੈ। ਪਰ ਪੰਜ ਸਾਲ ਦਾ ਵਿਚਲਾ ਸਮਾਂ ਇਹ ਕਾਗ਼ਜ਼ ਦਾ ਇੱਕ ਪੁਰਜ਼ਾ ਹੁੰਦਾ ਹੈ, ਜਿਸ ਨੂੰ ਰੱਦੀ ਵਾਲੇ ਵੀ ਨਹੀਂ।) ਇਹ ਸਾਡੀ ਅਮਾਨਤ ਹੈ।
Ḕਅਮਾਨਤ!Ḕ ਗ਼ਰੀਬਦਾਸ ਨੂੰ ਗ਼ੁੱਸਾ ਆ ਗਿਆ। ਉਹ ਆਉਂਦੇ ਆਟੋ ਦੇ ਰਾਹ ਵੱਲ ਤੁਰ ਪਿਆ। ਉਹ ਬੋਲਣ ਵਾਲੇ ਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਤੁਹਾਡੀ ਅਮਾਨਤ ਨਹੀਂ, ਮੇਰੀ ਹੈ, ਜਿਹੜੀ ਮੈਂ ਹਰ ਵਾਰ ਤੁਹਾਡੇ ਵਿਚੋਂ ਕਿਸੇ ਨਾ ਕਿਸੇ ਨੂੰ ਸੌਂਪੀ ਰੱਖੀ, ਪਰ ਤੁਸੀਂ ਹਮੇਸ਼ਾ ਅਮਾਨਤ ਵਿਚ ਖ਼ਿਆਨਤ ਕੀਤੀ! ਤੁਸੀਂ ਆਪ ਵੱਡੇ ਬਣਨ ਵਿਚ ਲੱਗੇ ਰਹੇ; ਪਰਮਿਟ, ਕੋਟੇ, ਲਾਇਸੈਂਸ, ਠੇਕੇ ਤੁਸੀਂ ਆਪਸ ਵਿਚ ਵੰਡ ਕੇ ਵੱਡਿਆਂ ਨੂੰ ਹੋਰ ਵੱਡੇ ਬਣਾਉਂਦੇ ਰਹੇ ਤੇ ਸਾਨੂੰ ਛੋਟਿਆਂ ਨੂੰ ਹੋਰ ਛੋਟੇ ਕਰ ਦਿੱਤਾ! ਹੁਣ ਇਹ ਅਮਾਨਤ ਮੈਂ ਆਪਣੇ ਕੋਲ ਰੱਖਾਂਗਾ, ਆਪਣੇ ਕੋਲ!
“ਗਰੀਬੂ! ਆਪਣਾ ਦੁੱਧ ਲੈ ਜਾ!” ਦੁੱਧ ਵਾਲੀ ਕੌਲਾਂ ਨੇ ਅਵਾਜ਼ ਮਾਰੀ। ਉਹ ਦੁੱਧ ਲੈਣ ਲਈ ਮੁੜ ਪਿਆ। ਪਿੱਛੋਂ ਲਾਊਡ ਸਪੀਕਰ ਤੋਂ ਅਵਾਜ਼ ਆ ਰਹੀ ਸੀ, “ਸ਼ਹਿਰ ਨੂੰ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਵੋਟæææ।”
Ḕਸੁੰਦਰਤਾ ਢਿੱਡ ਤੋਂ ਸ਼ੁਰੂ ਹੁੰਦੀ ਐ, ਪਾਰਕਾਂ-ਫ਼ੁਹਾਰਿਆਂ ਤੋਂ ਨਹੀਂ।Ḕ ਗ਼ਰੀਬਦਾਸ ਨੇ ਮਨ ਵਿਚ ਆਖਿਆ ਤੇ ਦੁੱਧ ਵਾਲੇ ਤਖ਼ਤ ਕੋਲ ਆ ਗਿਆ। ਕੌਲਾਂ ਨੇ ਉਹਦੇ ਗਲਾਸ ਵਿਚ ਇੱਕ ਪਾ ਦੁੱਧ ਪਾਇਆ। ਦੁੱਧ ਦੀ ਝੱਗ ਸਦਕਾ ਗਲਾਸ ਨੱਕੋ-ਨੱਕ ਭਰ ਗਿਆ। ਪਰੇ, ਮੱਝ ਦੀ ਧਾਰ ਕੱਢਦਾ ਵਲੈਤੀ ਕੌਲਾਂ ਨੂੰ ਕਹਿ ਰਿਹਾ ਸੀ, “ਨਾਲੋ-ਨਾਲ ਦੱਸਦੀ ਰਹੀਂ, ਭਲਕ ਤੋਂ ਦੁੱਧ ਪੰਜਾਹ ਪੈਸੇ ਮਹਿੰਗਾ ਹੋ ਗਿਆ ਜੇ।”
ਗ਼ਰੀਬਦਾਸ ਨੇ ਸੁਣਿਆ, ਕਿਸੇ ਲਾਊਡ ਸਪੀਕਰ ਤੋਂ ਅਵਾਜ਼ ਆ ਰਹੀ ਸੀ, “ਮਹਿੰਗਾਈ ਨੂੰ ਰੋਕਣਾ ਹੈ ਤਾਂ ਆਪਣਾ ਕੀਮਤੀ ਵੋਟæææ!”
ਗ਼ਰੀਬਦਾਸ ਨੇ ਦੁੱਧ ਦੇ ਗਲਾਸ ਵਿਚ ਉਂਗਲ ਡੋਬ ਕੇ ਦੇਖਿਆ। ਹੇਠਾਂ ਤੱਕ ਉਹਦੀ ਉਂਗਲ ਨੂੰ ਦੁੱਧ ਨਹੀਂ ਛੁਹਿਆ। ਉਹਨੇ ਝੱਗ ਨਾਲ ਲਿੱਬੜੀ ਉਂਗਲ ਬਾਹਰ ਕੱਢ ਲਈ। ਕੌਲਾਂ ਨੂੰ ਉਲਾਂਭਾ ਦੇਣਾ ਉਹਨੇ ਬੇਕਾਰ ਸਮਝਿਆ। ਉਲਾਂਭਾ ਸੁਣ ਕੇ ਉਹ ਦੁੱਧ ਮੋੜ ਕੇ ਬਾਲਟੀ ਵਿਚ ਪਾ ਲੈਂਦੀ ਹੈ ਤੇ ਖ਼ਾਲੀ ਭਾਂਡਾ ਗਾਹਕ ਦੇ ਹੱਥ ਫੜਾ ਦਿੰਦੀ ਹੈ।
ਝੱਗ ਨਾਲ ਭਰੇ ਗਲਾਸ ਵੱਲ ਦੇਖਦਾ ਉਹ ਘਰ ਵੱਲ ਤੁਰ ਪਿਆ।
ਘਰਵਾਲੀ ਚਾਹ ਬਣਾਉਣ ਲੱਗ ਪਈ। ਦੋਵੇਂ ਬੱਚੇ ਜਾਗ ਪਏ ਸਨ। ਸਰਨਦਾਸ ਸੁੱਤਾ ਪਿਆ ਸੀ। ਦੂਰੋਂ ਆਉਂਦੀ ਇੱਕ ਹੋਰ ਲਾਊਡ ਸਪੀਕਰ ਦੀ ਅਵਾਜ਼ ਕੰਨੀਂ ਪਈ। ਗ਼ਰੀਬਦਾਸ ਬਾਹਰ ਖੜ੍ਹਾ ਹੋ ਗਿਆ। ਸੱਜੇ ਪਾਸਿਓਂ ਲਾਊਡ ਸਪੀਕਰ ਵਾਲਾ ਇੱਕ ਟੈਂਪੂ ਆ ਰਿਹਾ ਸੀ। ਝੁੱਗੀਆਂ ਦੇ ਬੱਚੇ ਟੈਂਪੂ ਪਿੱਛੇ ਲਮਕ ਕੇ ਝੂਟੇ ਲੈਣ ਲਈ ਭੱਜ ਰਹੇ ਸਨ। ਲਾਊਡ ਸਪੀਕਰ ਬੋਲ ਰਿਹਾ ਸੀ, “ਪਾਰਟੀ ਨੇ ਜੋ-ਜੋ ਕੰਮ ਆਪ ਜੀ ਦੀ ਭਲਾਈ ਲਈ ਕੀਤੇ, ਉਹ ਆਪ ਤੋਂ ਭੁੱਲੇ ਹੋਏ ਨਹੀਂ!”
ਗ਼ਰੀਬਦਾਸ ਨੇ ਦੇਖਿਆ, ਉਹਦਾ ਛੋਟਾ ਮੁੰਡਾ ਤੇ ਹੋਰ ਬੱਚੇ ਕੱਚੀ ਸੜਕ ਦੀ ਮਿੱਟੀ ਉਡਾਉਂਦੇ ਟੈਂਪੂ ਦੇ ਪਿੱਛੇ ਭੱਜ ਉਠੇ।
“ਆਪ ਦੇ ਸ਼ਹਿਰ ਨੂੰ ਸੁੰਦਰ ਬਣਾਉਣ ਵਾਲੀ ਇੱਕੋ-ਇੱਕ ਪਾਰਟੀæææ!”
ਗ਼ਰੀਬਦਾਸ ਨੇ ਦੇਖਿਆ, ਸਾਹਮਣੇ ਵਾਲੇ ਛੱਪੜ ਦੇ ਕੰਢੇ ਲੱਗੀ ਰੂੜੀ ਉਤੇ ਇੱਕ ਗੁਆਂਢਣ ਕੂੜੇ ਦਾ ਬੱਠਲ਼ ਸੁੱਟ ਗਈ। ਇਸ ਨਾਲ ਮਿੱਟੀ-ਘੱਟੇ ਦਾ ਇੱਕ ਵਾਵਰੋਲਾ ਜਿਹਾ ਉਠਿਆ ਤੇ ਹੌਲੀ-ਹੌਲੀ ਚਾਰੇ ਪਾਸੇ ਖਿੱਲਰ ਕੇ ਬੈਠ ਗਿਆ।
ਗ਼ਰੀਬਦਾਸ ਨੇ ਦੇਖਿਆ, ਰੂੜੀ ਉਤੇ ਇੱਕ ਪਾਸੇ ਇੱਕ ਬੱਚਾ ਟੱਟੀ ਕਰ ਰਿਹਾ ਸੀ। ਇੱਕ ਕੁੱਤਾ ਲਲਚਾਇਆ ਜਿਹਾ ਖੜ੍ਹਾ ਬੱਚੇ ਦੇ ਉਠਣ ਦੀ ਉਡੀਕ ਕਰ ਰਿਹਾ ਸੀ।
ਲਾਊਡ ਸਪੀਕਰ ਨੇੜੇ ਆਉਂਦਾ ਜਾ ਰਿਹਾ ਸੀ, “ਆਪ ਦੇ ਬੱਚਿਆਂ ਦੀ ਪੜ੍ਹਾਈ ਦਾ ਸੁਚੱਜਾ ਪ੍ਰਬੰਧæææ!”
ਸਕੂਲ ਨਾ ਜਾਣ ਵਾਲੇ ਝੁੱਗੀਆਂ ਦੇ ਦੋ-ਤਿੰਨ ਹੋਰ ਬੱਚੇ ਟੈਂਪੂ ਪਿੱਛੇ ਭੱਜ ਪਏ। ਟੱਟੀ ਕਰਦਾ ਬੱਚਾ ਵੀ ਝੱਗਾ ਹੇਠਾਂ ਸੁੱਟ ਕੇ ਟੈਂਪੂ ਪਿੱਛੇ ਭੱਜ ਉਠਿਆ।
Ḕਸੁਚੱਜਾ ਪ੍ਰਬੰਧḔ ਵਿਅੰਗ ਵਿਚ ਗ਼ਰੀਬਦਾਸ ਦੇ ਬੁੱਲ੍ਹ ਹਿੱਲੇ। ਉਹਨੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਟੈਂਪੂ ਪਿੱਛੇ ਭੱਜਣ ਵਾਲੇ ਕਿੰਨੇ ਕੁ ਬੱਚੇ ਸਕੂਲ ਪੜ੍ਹਦੇ ਹਨ! ਇੱਕ-ਦੋ ਨੂੰ ਛੱਡ ਕੇ ਸਾਰੇ ਗਲੀਆਂ ਕੱਛਣ ਵਾਲੇ ਹੀ ਨਜ਼ਰ ਆਏ। ਉਹਦਾ ਆਪਣਾ ਮੁੰਡਾ ਛੇ ਸਾਲ ਦਾ ਹੋਣ ਵਾਲਾ ਹੈ। ਪਿਛਲੇ ਸਾਲ ਪੰਜ ਸਾਲ ਦਾ ਹੋਇਆ ਸੀ ਤਾਂ ਗ਼ਰੀਬਦਾਸ ਉਹਨੂੰ ਨੇੜੇ ਦੇ ਸਕੂਲ ਵਿਚ ਦਾਖ਼ਲ ਕਰਾਉਣ ਲੈ ਗਿਆ। ਸਕੂਲ ਵਾਲਿਆਂ ਨੇ ਦਾਖ਼ਲਾ-ਫ਼ਾਰਮ ਉਤੇ ਇਲਾਕੇ ਦੇ ਚੁਣੇ ਹੋਏ ਮੈਂਬਰ ਦੇ ਦਸਤਖ਼ਤ ਕਰਾ ਕੇ ਲਿਆਉਣ ਨੂੰ ਕਿਹਾ। ਜਦੋਂ ਗ਼ਰੀਬਦਾਸ ਨੀਲ ਕੰਠ ਕੋਲ ਦਸਤਖ਼ਤ ਕਰਵਾਉਣ ਗਿਆ ਤਾਂ ਨੀਲ ਕੰਠ ਨੇ ਤਾਅਨਾ ਮਾਰਿਆ ਕਿ ਝੁੱਗੀ-ਝੌਂਪੜੀ ਵਾਲਿਆਂ ਨੇ ਉਹਨੂੰ ਵੋਟਾਂ ਤਾਂ ਪਾਈਆਂ ਨਹੀਂ ਸਨ, ਹੁਣ ਦਸਤਖ਼ਤ ਕਰਾਉਣ ਕਿਹੜੇ ਮੂੰਹ ਨਾਲ ਆਉਂਦੇ ਨੇ! ਗ਼ਰੀਬਦਾਸ ਨੂੰ ਇਸ ਗੱਲ ਦਾ ਬੜਾ ਗ਼ੁੱਸਾ ਲੱਗਿਆ। ਉਹਨੇ ਨੀਲ ਕੰਠ ਦੇ ਸਾਹਮਣੇ ਹੀ ਦਾਖ਼ਲਾ-ਫ਼ਾਰਮ ਪਾੜ ਦਿੱਤਾ ਤੇ ਘਰ ਮੁੜ ਆਇਆ। ਹੁਣ ਛੇ ਸਾਲ ਦਾ ਹੋਣ ਲੱਗਿਆ ਹੈ ਤਾਂ ਦਾਖ਼ਲ ਕਰਾਉਣਾ ਹੀ ਪਏਗਾ। ਨੀਲ ਕੰਠ ਤੋਂ ਨਾ ਸਹੀ, ਕਿਸੇ ਅਫ਼ਸਰ ਦੇ ਦਸਤਖ਼ਤ ਹੋ ਜਾਣਗੇ। ਚੋਣਾਂ ਦੇ ਦਿਨ ਹਨ, ਹੁਣ ਤਾਂ ਨੀਲ ਕੰਠ ਵੀ ਹੱਸ ਕੇ ਕਰ ਦੇਵੇਗਾ। ਪਰ ਉਹਤੋਂ ਕਰਵਾਉਣੇ ਨਹੀਂ। ਕਿਸੇ ਦਫ਼ਤਰ ਦੇ ਚਪੜਾਸੀ ਨੂੰ ਦੋ-ਚਾਰ ਰੁਪਈਏ ਦੇ ਦਿਆਂਗੇ; ਉਹ ਆਪੇ ਅਫ਼ਸਰ ਤੋਂ ਕਰਵਾ ਦੇਵੇਗਾ। ਪਰ, ਦੋ-ਚਾਰ ਰੁਪਈਏ ਤੋਂ ਸ਼ੁਰੂ ਹੋ ਕੇ ਗੱਲ ਕਿੱਥੇ ਪਹੁੰਚੇਗੀ!
ਤੇ ਉਹਦਾ ਧਿਆਨ ਛੇਵੀਂ ਵਿਚ ਪੜ੍ਹਦੀ ਕੁੜੀ ਵੱਲ ਚਲਿਆ ਗਿਆ। ਜਿਉਂ-ਜਿਉਂ ਕੁੜੀ ਵੱਡੀਆਂ ਜਮਾਤਾਂ ਵੱਲ ਵਧ ਰਹੀ ਹੈ, ਉਹਦੀਆਂ ਕਾਪੀਆਂ-ਕਿਤਾਬਾਂ ਦਾ ਬੋਝ ਗ਼ਰੀਬਦਾਸ ਵਾਸਤੇ ਚੁੱਕਣਾ ਔਖਾ ਹੁੰਦਾ ਜਾ ਰਿਹਾ ਹੈ। ਹਰ ਹਫ਼ਤੇ ਕੁੜੀ ਦੀ ਕੋਈ ਨਾ ਕੋਈ ਮੰਗ ਪੂਰੀ ਕਰਨੀ ਪੈਂਦੀ ਹੈ-ਕਦੇ ਸਿਲਾਈ-ਕਢਾਈ ਲਈ ਕੱਪੜਾ ਤੇ ਧਾਗੇ, ਕਦੇ ਰਸੋਈ ਵਾਸਤੇ ਮਾਲ-ਮਤਾਹ। ਇੱਕ-ਇੱਕ ਕੰਮ ਲਈ ਦੋ-ਦੋ ਕਾਪੀਆਂ, ਪੈਨ, ਪੈਨਸਿਲਾਂ। ਕਦੇ-ਕਦੇ ਗ਼ਰੀਬਦਾਸ ਦਾ ਦਿਲ ਕਰਦਾ ਹੈ, ਕੁੜੀ ਨੂੰ ਪੜ੍ਹਨੋਂ ਹੀ ਹਟਾ ਲਏ ਪਰ ਜ਼ਮਾਨੇ ਦੀ ਮੰਗ ਅੱਗੇ ਹਾਰ ਜਾਂਦਾ ਹੈ। ਤੇ ਹੁਣ ਮੁੰਡਾ ਛੇ ਸਾਲ ਦਾ ਹੋਣ ਵਾਲਾ ਹੈ। ਕੱਲ੍ਹ ਨੂੰ ਉਹ ਵੀ ਕਾਪੀਆਂ-ਪੈਨਸਿਲਾਂ ਮੰਗਣ ਲੱਗ ਪਏਗਾ। ਇਹ ਕੁਝ ਸੋਚਦਿਆਂ ਗ਼ਰੀਬਦਾਸ ਦੇ ਦਿਲ ਨੂੰ ਹੌਲ ਜਿਹਾ ਪਿਆ ਤੇ ਉਹ ਝੁੱਗੀ ਦੇ ਅੰਦਰ ਹੋ ਗਿਆ।
ਟੈਂਪੂ ਦੂਰ ਚਲਿਆ ਗਿਆ ਸੀ। ਗ਼ਰੀਬਦਾਸ ਨੂੰ ਲੱਗ ਰਿਹਾ ਸੀ, ਜਿਵੇਂ ਲਾਊਡ ਸਪੀਕਰ ਵਿਚੋਂ ਤੋਤੇ ਦੇ ਟੈਂ-ਟੈਂ ਦੀ ਅਵਾਜ਼ ਆ ਰਹੀ ਹੋਵੇ। ਬਹੁਤ ਸਾਰੇ ਕੁੱਤੇ ਵੀ ਭੌਂਕਦੇ ਸੁਣਾਈ ਦਿੱਤੇ। ਗ਼ਰੀਬਦਾਸ ਨੂੰ ਕੁੱਤਿਆਂ ਦੀ ਹਰਕਤ ਭੈੜੀ ਨਾ ਲੱਗੀ। ਸਗੋਂ ਉਹਦਾ ਜੀਅ ਕੀਤਾ, ਬਾਹਰ ਜਾ ਕੇ ਕੁੱਤਿਆਂ ਨੂੰ ਹਲਾ-ਹਲਾ ਕਰ ਆਵੇ ਤਾਂ ਜੋ ਉਹ ਟੈਂਪੂ ਨੂੰ ਮਹੱਲਿਓਂ ਬਾਹਰ ਕੱਢ ਆਉਣ।
ਚਾਹ ਤਿਆਰ ਹੋ ਗਈ ਸੀ। ਕੁੜੀ ਚਾਹ ਦਾ ਗਲਾਸ ਗ਼ਰੀਬਦਾਸ ਦੇ ਕੋਲ ਕੱਚੇ ਫ਼ਰਸ਼ ਉਤੇ ਰੱਖ ਗਈ। ਸਰਨਦਾਸ ਜਾਗ ਪਿਆ ਸੀ। ਉਹ ਪਿਆ-ਪਿਆ ਉਸਲਵੱਟੇ ਲੈ ਰਿਹਾ ਸੀ। ਬਾਹਰ ਕੋਈ ਹੋਰ ਟੈਂਪੂ ਜਾਂ ਆਟੋ ਮਹੱਲੇ ਵੱਲ ਨੂੰ ਆ ਰਿਹਾ ਸੀ। ਲਾਊਡ ਸਪੀਕਰ ਉਤੇ ਨਾਹਰੇ ਗੂੰਜ ਰਹੇ ਸਨ, “ਗਰੀਬੀ ਹਟਾਓ! ਦੇਸ਼ ਬਚਾਓ! ਗੈਂਡੇ ਦੇ ਨਿਸ਼ਾਨ ਉਤੇ ਮੋਹਰ ਲਾਓ!”
Ḕਗੈਂਡੇ ਦੇ ਨਿਸ਼ਾਨ ਉਤੇ ਜਾਂ ਸਫ਼ੈਦ ਹਾਥੀਆਂ ਉਤੇ!Ḕ ਗ਼ਰੀਬਦਾਸ ਨੇ ਫ਼ਰਸ਼ ਤੋਂ ਚਾਹ ਦਾ ਗਲਾਸ ਚੁੱਕਦਿਆਂ ਮਨ ਵਿਚ ਵਿਅੰਗ ਕੀਤਾ। ਲਾਊਡ ਸਪੀਕਰ ਦੀ ਅਵਾਜ਼ ਨੇੜੇ ਆਉਂਦੀ ਜਾ ਰਹੀ ਸੀ, “ਹਰ ਮੂੰਹ ਨੂੰ ਰੋਟੀ, ਹਰ ਬੱਚੇ ਨੂੰ ਮੁਫ਼ਤ ਪੜ੍ਹਾਈ, ਹਰ ਹੱਥ ਨੂੰ ਕੰਮ-ਆਪਦਾ ਕੀਮਤੀ ਵੋਟæææ!”
ਗ਼ਰੀਬਦਾਸ ਨੇ ਸਰਨਦਾਸ ਨੂੰ ਅਵਾਜ਼ ਦਿੱਤੀ, “ਉਠ ਬਈ ਸਰਨਿਆ! ਬਾਹਰ ਬੇਕਾਰੀ ਦੂਰ ਹੋ ਰਹੀ ਐ ਤੇ ਤੂੰ ਬੇਕਾਰ ਮੰਜੇ Ḕਤੇ ਪਿਆ ਉਸਲਵੱਟੇ ਲਈ ਜਾਨੈਂ!”
ਸਰਨਦਾਸ ਨੇ ਪਾਸਾ ਪਰਤਿਆ, “ਬੇਕਾਰੀ ਦੂਰ ਜਾਂ ਬੇਕਾਰ ਦੂਰ!” ਤੇ ਸਰਨਦਾਸ ਵਿਅੰਗ ਨਾਲ ਹੱਸ ਪਿਆ।
“ਦੋਵਾਂ ਵਿਚੋਂ ਕੁਝ ਤਾਂ ਹੋਵੇਗਾ ਈ। ਜੇ ਬੇਕਾਰ ਦੂਰ ਹੋ ਗਏ ਤਾਂ ਬੇਕਾਰੀ ਆਪੇ ਦੂਰ ਹੋ ਗਈ ਸਮਝੋ!” ਤੂੰ ਉਠ ਤੇ ਹੱਥ-ਮੂੰਹ ਧੋ ਕੇ ਚਾਹ ਪੀ ਲੈ।
“ਜਦੋਂ ਤੱਕ ਬੇਕਾਰੀ ਦੂਰ ਹੋਵੇਗੀ, ਓਦੋਂ ਤੱਕ ਮੇਰੇ ਵਰਗੇ ਬੇਕਾਰਾਂ ਦਾ ਮੱਚ ਮਰ ਚੁੱਕਿਆ ਹੋਵੇਗਾ। ਕੁਝ ਕਰਨ ਦਾ ਜਿੰਨਾ ਹੌਸਲਾ ਕੱਲ੍ਹ ਸੀ, ਓਨਾ ਅੱਜ ਨਹੀਂ ਤੇ ਜਿੰਨਾ ਅੱਜ ਹੈ, ਓਨਾ ਭਲਕੇ ਨਹੀਂ ਰਹਿਣਾ! ਕੰਮ ਲੱਭਣ ਦੀ ਹਰ ਕੋਸ਼ਿਸ਼ ਨਾਲ ਹੌਸਲੇ ਦੀ ਇੱਕ ਕਿਸ਼ਤ ਘੱਟ ਹੋ ਜਾਂਦੀ ਐ। ਡਰ ਐ, ਕਿਤੇ ਬਿਲਕੁਲ ਈ ਨਿਕੰਮਾ ਨਾ ਹੋ ਜਾਵਾਂ!” ਤੇ ਉਹ ਗੜਵੀ ਵਿਚ ਪਾਣੀ ਲੈ ਕੇ ਮੂੰਹ-ਹੱਥ ਧੋਣ ਬਾਹਰ ਵੱਲ ਤੁਰ ਪਿਆ।
ਗ਼ਰੀਬਦਾਸ ਚਾਹ ਪੀ ਕੇ ਗੁਪਤੇ ਹਲਵਾਈ ਦੀ ਦੁਕਾਨ ਵੱਲ ਅਖ਼ਬਾਰ ਦੇਖਣ ਤੁਰ ਪਿਆ। ਦੁਕਾਨ ਉਤੇ ਵੀ ਉਹੋ ਕੁਝ ਸੁਣਨ ਨੂੰ ਮਿਲਿਆ, ਫਲਾਣਾ ਖੜ੍ਹਾ ਹੋ ਗਿਆ, ਢਿਮਕਾ ਬੈਠ ਗਿਆ, ਅਮਕੇ ਨੂੰ ਢਿਮਕੀ ਪਾਰਟੀ ਨੇ ਟਿਕਟ ਨਹੀਂ ਦਿੱਤੀ, ਉਹ ਫਲਾਣੀ ਪਾਰਟੀ ਵਿਚ ਸ਼ਾਮਲ ਹੋ ਗਿਆ, ਫਲਾਣਾ ਜਿੱਤੇਗਾ, ਢਿਮਕਾ ਹਾਰੇਗਾ, ਅਮਕੇ ਦੀ ਜ਼ਮਾਨਤ ਜ਼ਬਤ ਹੋ ਜਾਏਗੀ, ਵਗੈਰਾ-ਵਗੈਰਾ। ਮਹੱਲੇ ਵਿਚ ਲਾਊਡ ਸਪੀਕਰ ਵਾਲੀ ਕਦੇ ਕੋਈ ਟੈਕਸੀ ਆ ਵੜਦੀ, ਕਦੇ ਕਾਰ, ਕਦੇ ਆਟੋ ਕਦੇ ਟੈਂਪੂ ਅਤੇ ਕਦੇ ਕੋਈ ਰਿਕਸ਼ੇ ਉਤੇ ਚੜ੍ਹ ਕੇ ਈ ਗ਼ਰੀਬਾਂ ਦਾ ਹਮਾਇਤੀ ਹੋਣ ਦਾ ਦਾਅਵਾ ਕਰਦਾ ਆਉਂਦਾ। ਗ਼ਰੀਬਦਾਸ ਦਾ ਐਤਵਾਰ ਇਸ ਖੱਪ-ਖਾਨੇ ਵਿਚ ਈ ਬੀਤਿਆ। ਲਾਊਡ ਸਪੀਕਰਾਂ ਦੀ ਤਰ੍ਹਾਂ-ਤਰ੍ਹਾਂ ਦੀ ਕੈਂ-ਕੈਂ, ਟੈਂ-ਟੈਂ ਤੋਂ ਤੰਗ ਆ ਕੇ ਕਦੇ ਉਹ ਕੁੜ੍ਹਨ ਲੱਗ ਪੈਂਦਾ, ਕਦੇ ਬੋਲਣ ਵਾਲਿਆਂ ਉਤੇ ਤਰਸ ਕਰਨ ਲੱਗ ਪੈਂਦਾ।
ਸੋਮਵਾਰ ਤੋਂ ਨਵਾਂ ਹਫ਼ਤਾ ਸ਼ੁਰੂ ਹੋਇਆ। ਫ਼ੈਕਟਰੀ ਜਾਂਦਿਆਂ-ਆਉਂਦਿਆਂ ਸ਼ਾਮ-ਸਵੇਰ ਟੈਕਸੀਆਂ, ਆਟੋ, ਟੈਂਪੂ, ਰਿਕਸ਼ੇ ਸੜਕਾਂ ਉਤੇ, ਗਲੀਆਂ ਵਿਚ ਉਹਨੂੰ ਆਮ ਦਿਖਾਈ ਦਿੰਦੇ। ਤਰ੍ਹਾਂ-ਤਰ੍ਹਾਂ ਦੇ ਨਾਹਰੇ ਉਹਨੂੰ ਸੁਣਨੇ ਪੈਂਦੇ। ਉਹ ਸੋਚਦਾ, Ḕਪਾਰਟੀਆਂ ਵਾਲੇ ਵੋਟਾਂ ਦੀ ਖ਼ਾਤਰ ਕਿਵੇਂ ਤਰਲੇ ਲੈਂਦੇ ਫਿਰਦੇ ਨੇ! ਚੋਣਾਂ ਤੋਂ ਪਿੱਛੋਂ ਲੋਕ ਇਨ੍ਹਾਂ ਦੇ ਅੱਗੇ-ਪਿੱਛੇ ਤਰਲੇ ਲੈਂਦੇ ਫਿਰਨਗੇ।Ḕ
ਵੋਟਾਂ ਪੈਣ ਵਿਚ ਹਫ਼ਤਾ ਕੁ ਰਹਿ ਗਿਆ। ਇੱਕ ਸ਼ਾਮ ਗ਼ਰੀਬਦਾਸ ਨੇ ਫ਼ੈਕਟਰੀ ਤੋਂ ਮੁੜਦਿਆਂ ਦੇਖਿਆ, ਉਹਦੀ ਝੁੱਗੀ ਦੇ ਨੇੜੇ ਭੀੜ ਸੀ। ਇੱਕ ਬੰਦੇ ਦੇ ਗਲ ਵਿਚ ਫੁੱਲਾਂ ਦੇ ਏਨੇ ਹਾਰ ਸਨ ਕਿ ਉਹਦਾ ਮੂੰਹ ਨਜ਼ਰ ਨਹੀਂ ਸੀ ਆ ਰਿਹਾ। ਹਾਰਾਂ ਵਾਲਾ ਗ਼ਰੀਬਦਾਸ ਦੀ ਇੱਕ ਗੁਆਂਢਣ ਦੇ ਪੈਰੀਂ ਹੱਥ ਲਾ ਰਿਹਾ ਸੀ। ਗ਼ਰੀਬਦਾਸ ਨੇੜੇ ਪਹੁੰਚਿਆ ਤਾਂ ਉਹਦੀ ਝੁੱਗੀ ਦਾ ਮਾਲਕ, ਚੌਧਰੀ ਬੋਲ ਪਿਆ, “ਲਓ ਜੀ, ਗ਼ਰੀਬਦਾਸ ਜੀ ਵੀ ਆ ਗਏ।”
ਆਪਣੇ ਨਾਂ ਨਾਲ ḔਜੀḔ ਦਾ ਉਚਾਰਨ ਸੁਣ ਕੇ ਗ਼ਰੀਬਦਾਸ ਧੰਨ ਹੋ ਉਠਿਆ। ਉਹਨੂੰ ਖ਼ਿਆਲ ਆਇਆ, ਇਹੀ ਚੌਧਰੀ ਉਹਨੂੰ ਗਰੀਬੂ ਕਹਿ ਕੇ ਬੁਲਾਇਆ ਕਰਦਾ ਹੈ ਤੇ ਇੱਕ ਵਾਰ ਝੁੱਗੀ ਦਾ ਦੋ ਮਹੀਨੇ ਦਾ ਕਿਰਾਇਆ ਨਾ ਦੇ ਸਕਣ ਕਰਕੇ ਉਹਦੀ ਲਾਹ-ਪਾ ਵੀ ਕਰ ਗਿਆ ਸੀ। ਇਸ ਮਹੱਲੇ ਵਿਚ ਉਹਦੀਆਂ ਦਸ ਝੁੱਗੀਆਂ ਹਨ ਤੇ ਨਾਲ ਦੀ ਵੱਡੀ ਕਾਲੋਨੀ ਵਿਚ ਕੋਠੀ। ਗ਼ਰੀਬਦਾਸ ਨੇ ਪਾਸੇ ਕਰ ਕੇ ਥੁੱਕ ਦਿੱਤਾ ਜਿਵੇਂ ਚੌਧਰੀ ਬਾਰੇ ਸੋਚ ਨੂੰ ਵਗਾਹ ਮਾਰਿਆ ਹੋਵੇ।
“ਆਓ, ਆਓ, ਗ਼ਰੀਬਦਾਸ ਜੀ! ਬੜਾ ਚਿਰ ਲਾ ਕੇ ਆਏ ਓ!” ਚੌਧਰੀ ਨੇ ਉਹਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਤੇ ਫੇਰ ਪੈਰੀਂ ਹੱਥ ਲਾਉਂਦੇ ਫਿਰਦੇ ਨੇਤਾ ਨਾਲ ਜਾਣ-ਪਛਾਣ ਕਰਾਈ। ਗ਼ਰੀਬਦਾਸ ਨੇ ਬਹੁਤਾ ਧਿਆਨ ਨਹੀਂ ਦਿੱਤਾ। ਉਹ ਸ੍ਰੀæææਜੀ ਤੋਂ ਜਾਣੂੰ ਸੀ; ਇੱਕ ਜਲਸੇ ਵਿਚ ਸ੍ਰੀæææਜੀ ਦਾ ਭਾਸ਼ਣ ਸੁਣ ਚੁੱਕਿਆ ਸੀ।
ਚੌਧਰੀ ਨੇ ਬਾਂਹ ਉਤੇ ਟੰਗੇ ਹਾਰਾਂ ਵਿਚੋਂ ਇੱਕ ਹਾਰ ਕੱਢ ਕੇ ਗ਼ਰੀਬਦਾਸ ਨੂੰ ਫੜਾਉਂਦਿਆਂ ਕਿਹਾ, “ਲਓ, ਸ੍ਰੀæææਜੀ ਹੋਰਾਂ ਦਾ ਸੁਆਗਤ ਕਰੋ ਤੇ ਨਾਲੇ ਇਨ੍ਹਾਂ ਨੂੰ ਆਪਣਾ ਕੀਮਤੀ ਵੋਟ ਦੇਣ ਦਾ ਵਾਅਦਾ ਕਰੋ।”
“ਬਸ ਜੀ, ਤੁਸੀਂ ਆ ਗਏ, ਆਪਾਂ ਮਿਲ ਲਏ, ਸੁਆਗਤ ਈ ਸੁਆਗਤ ਐ।” ਏਨਾ ਕਹਿ ਕੇ ਗ਼ਰੀਬਦਾਸ ਨੇ ਕੋਲ ਖੜ੍ਹੇ ਆਪਣੇ ਮੁੰਡੇ ਨੂੰ ਹਾਰ ਫੜਾਉਂਦਿਆਂ ਕਿਹਾ, “ਲੈ ਨੀਲੂ, ਤੂੰ ਕਰ ਸੁਆਗਤ ਸ੍ਰੀæææਜੀ ਹੋਰਾਂ ਦਾ।”
ਨੀਲੂ ਹਾਰ ਫੜ ਕੇ ਬੜਾ ਖ਼ੁਸ਼ ਹੋਇਆ ਤੇ ਸ੍ਰੀæææਜੀ ਦੇ ਗਲ ਵਿਚ ਪਾਉਣ ਲਈ ਅੱਡੀਆਂ ਚੁੱਕ ਕੇ ਹੱਥ ਉਚੇ ਕੀਤੇ। ਸ੍ਰੀæææਜੀ ਨੇ ਨੀਂਵਾਂ ਹੋ ਕੇ ਹਾਰ ਪੁਆ ਲਿਆ ਤੇ ਨੀਲੂ ਦੇ ਪੈਰੀਂ ਹੱਥ ਲਾ ਦਿੱਤੇ। ਚੌਧਰੀ ਤੇ ਹੋਰਨਾਂ ਨੂੰ ਗ਼ਰੀਬਦਾਸ ਤੋਂ ਇਸ ਤਰ੍ਹਾਂ ਦੀ ਆਸ ਨਹੀਂ ਸੀ। ਇੱਕ ਗੁਆਂਢੀ ਬੁੱਢੇ ਨੇ ਮਾਹੌਲ ਸੁਖਾਵਾਂ ਕਰਨ ਲਈ ਆਖਿਆ, “ਚਲੋ ਜੀ, ਵਧੀਆ ਹੋਇਆ! ਬੱਚੇ ਵੱਲੋਂ ਸੁਆਗਤ ਹੋ ਗਿਆ। ਬੱਚੇ ਭਗਵਾਨ ਦਾ ਰੂਪ ਹੁੰਦੇ ਐ।”
ਗ਼ਰੀਬਦਾਸ ਨੇ ਬੁੱਢੇ ਵੱਲ ਅਜੀਬ ਨਜ਼ਰਾਂ ਨਾਲ ਦੇਖਿਆ। ਉਹਦਾ ਜੀਅ ਕੀਤਾ, ਹੱਥ ਵਿਚ ਫੜਿਆ ਰੋਟੀ ਵਾਲਾ ਡੱਬਾ ਬੁੱਢੇ ਦੇ ਸਿਰ ਵਿਚ ਮਾਰੇ ਤੇ ਪੁੱਛੇ, Ḕਉਸ ਦਿਨ ਇਹੀ ਬੱਚਾ ਭਗਵਾਨ ਦਾ ਰੂਪ ਨਹੀਂ ਸੀ, ਜਿਸ ਦਿਨ ਖੇਡਦਿਆਂ ਇਹਦੀ ਪਲਾਸਟਿਕ ਦੀ ਗੇਂਦ ਤੇਰੀ ਮੰਜੀ ਉਤੇ ਜਾ ਡਿੱਗੀ ਸੀ ਤੇ ਤੂੰ ਇਸ ਭਗਵਾਨ ਦੇ ਰੂਪ ਨੂੰ ਕੁੱਟਣ ਲੱਗ ਪਿਆ ਸੀ, ਇਹਦੇ ਸਾਰੇ ਖ਼ਾਨਦਾਨ ਨੂੰ ਗਾਲ੍ਹਾਂ ਦੇਣ ਲੱਗ ਪਿਆ ਸੀ!Ḕ ਪਰ ਗ਼ਰੀਬਦਾਸ ਮਨ ਮਾਰ ਕੇ ਰਹਿ ਗਿਆ। ਦੂਜੇ ਮਹੱਲੇ ਦਾ ਇੱਕ ਬੰਦਾ ਉਹਨੂੰ ਸਮਝਾਉਣ ਲੱਗ ਪਿਆ, “ਇਹ ਆਪਣੇ ਸ੍ਰੀæææਜੀ ਬਹੁਤ ਈ ਨੇਕ, ਇਮਾਨਦਾਰ ਤੇ ਮਿਹਨਤੀ ਨੇ। ਤੁਸੀਂ ਇਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਉਣਾ।” ਤੇ ਇਉਂ ਉਹ ਗ਼ਰੀਬਦਾਸ ਨੂੰ ਸਮਝਾਉਂਦਾ ਹੋਇਆ ਦੂਜਿਆਂ ਦੇ ਪਿੱਛੇ-ਪਿੱਛੇ ਤੁਰ ਗਿਆ।
ਗ਼ਰੀਬਦਾਸ ਸ੍ਰੀæææਜੀ ਬਾਰੇ ਸੋਚਣ ਲੱਗ ਪਿਆ, Ḕਸ਼੍ਰੀæææਜੀ ਪਿਛਲੀ ਵਾਰ ਕਿਸੇ ਦੂਜੇ ਇਲਾਕੇ ਵਿਚੋਂ ਚੁਣੇ ਗਏ ਸਨ। ਚੰਗਾ ਕੰਮ ਨਾ ਕਰਨ ਕਰਕੇ ਇਸ ਵਾਰ ਇਨ੍ਹਾਂ ਨੂੰ ਓਥੋਂ ਜਿੱਤਣ ਦੀ ਆਸ ਨਹੀਂ ਸੀ। ਇਸ ਲਈ ਸਾਡੇ ਇਲਾਕੇ ਵਿਚ ਆ ਖੜ੍ਹੇ ਹੋਏ ਹਨ। ਇਹ ਮੀਟਿੰਗਾਂ ਵਿਚ ਅਕਸਰ ਪੁੱਠਾ ਈ ਬੋਲਦੇ ਐ, ਕੰਮ ਦੀ ਕੋਈ ਗੱਲ ਨਹੀਂ ਕਰਦੇ, ਕੋਈ ਉਸਾਰੂ ਕੰਮ ਨਹੀਂ ਕਰਦੇ।Ḕ
ਗ਼ਰੀਬਦਾਸ ਨੇ ਦੇਖਿਆ, ਸ੍ਰੀæææਜੀ ਅੱਗੇ ਜਾ ਕੇ ਕਿਸੇ ਘਰ ਦੇ ਮੂਹਰੇ ਕਿਸੇ ਜ਼ਨਾਨੀ ਦੇ ਪੈਰੀਂ ਹੱਥ ਲਾ ਰਹੇ ਸਨ। ਮਹੱਲੇ ਦੇ ਬੱਚੇ ਆਲੇ-ਦੁਆਲੇ ਖੜ੍ਹੇ ਸਨ। ਨੀਲੂ ਵੀ ਉਨ੍ਹਾਂ ਵਿਚ ਸ਼ਾਮਲ ਸੀ। ਉਹ ਇੰਜ ਖੜ੍ਹਾ ਸੀ ਜਿਵੇਂ ਉਹਨੂੰ ਉਮੀਦ ਹੋਵੇ ਕਿ ਗਲ ਵਿਚ ਹਾਰ ਪਾਈ ਫਿਰਦਾ ਬੰਦਾ ਇੱੱਕ ਵਾਰ ਫੇਰ ਉਹਦੇ ਪੈਰੀਂ ਹੱਥ ਲਾਏਗਾ। ਇਹ ਨਜ਼ਾਰਾ ਦੇਖ ਕੇ ਗ਼ਰੀਬਦਾਸ ਮੁਸਕਰਾ ਪਿਆ। ਉਹਨੇ ਦੂਰ ਤੱੱਕ ਨਜ਼ਰ ਮਾਰੀ, ਸ੍ਰੀæææਜੀ ਦੀਆਂ ਕਾਰਾਂ ਦਾ ਕਾਫ਼ਲਾ ਨੇੜੇ-ਤੇੜੇ ਨਜ਼ਰ ਨਹੀਂ ਆਇਆ। ਉਹਦਾ ਜੀਅ ਕੀਤਾ, ਸ੍ਰੀæææਜੀ ਤੋਂ ਪੁੱਛੇ, Ḕਹਮੇਸ਼ਾ ਇਸੇ ਤਰ੍ਹਾਂ ਜ਼ਮੀਨ Ḕਤੇ ਤੁਰਦੇ-ਫਿਰਦੇ ਮਿਲਿਆ ਕਰੋਗੇ?Ḕ ਤੇ ਰੋਟੀ ਵਾਲਾ ਡੱਬਾ ਹਿਲਾਉਂਦਾ ਉਹ ਝੁੱੱਗੀ ਅੰਦਰ ਵੜ ਗਿਆ।
ਰਾਤ ਨੂੰ ਦੇਰ ਤੱਕ ਉਹ ਸੋਚਦਾ ਰਿਹਾ, Ḕਵੋਟ ਕੀਹਨੂੰ ਪਾਉਣੀ ਚਾਹੀਦੀ ਹੈ! ਕਿਸੇ ਨੂੰ ਪਾਉਣੀ ਵੀ ਚਾਹੀਦੀ ਹੈ ਜਾਂ ਨਹੀਂ! ਅਜਿਹਾ ਕੋਈ ਹੈ ਤਾਂ ਨਹੀਂ, ਜੀਹਨੂੰ ਪਾਈ ਜਾ ਸਕਦੀ ਹੋਵੇ!Ḕ
ਅਗਲੇ ਦਿਨ ਉਹ ਫ਼ੈਕਟਰੀ ਜਾਣ ਲਈ ਤਿਆਰ ਹੋ ਰਿਹਾ ਸੀ ਕਿ ਇੱਕ ਹੋਰ ਟੋਲੀ ਉਹਦੇ ਬੂਹੇ ਉਤੇ ਆ ਖਲੋਤੀ। ਇਹ ਵਿਸ਼ਾਲ ਮੁਕਤੀ ਦਲ ਵਾਲੇ ਸਨ। ਗ਼ਰੀਬਦਾਸ ਬਾਹਰ ਨਿਕਲਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ। ਟੋਲੀ ਵਿਚ ਉਹਦੀ ਫ਼ੈਕਟਰੀ ਦਾ ਮਾਲਕ ਵੀ ਸੀ। ਨਾ ਚਾਹੁੰਦਿਆਂ ਹੋਇਆਂ ਵੀ ਗ਼ਰੀਬਦਾਸ ਨੂੰ ਹੱਥ ਜੋੜਨੇ ਪਏ।
“ਲੈ, ਇਹ ਤਾਂ ਗ਼ਰੀਬਦਾਸ ਦਾ ਘਰ ਐ!” ਫ਼ੈਕਟਰੀ-ਮਾਲਕ ਬੋਲਿਆ, “ਭਾਈ ਗ਼ਰੀਬਦਾਸ, ਤੁਹਾਡੀਆਂ ਵੋਟਾਂ ਸਾਡੀ ਅਮਾਨਤ ਨੇ ਭਾਈ। ਅਸੀਂ ਇਹੀ ਕਹਿਣ ਆਏ ਸਾਂ, ਨਾ ਵੀ ਆਉਂਦੇ ਤਾਂ ਵੀ ਕੋਈ ਗੱਲ ਨਹੀਂ ਸੀ। ਤੂੰ ਤਾਂ ਆਪਣਾ ਹੀ ਬੰਦਾ ਹੈਂ। ਖ਼ਿਆਲ ਰੱਖੀਂ।”
“ਅੱਛਾ ਜੀ।”
ਉਂਜ ਗ਼ਰੀਬਦਾਸ ਦਾ ਜੀਅ ਕੀਤਾ, ਹੁਣ ਮੌਕਾ ਹੈ, ਆਪਣੇ ਮਾਲਕ ਨੂੰ ਪੁੱਛੇ, ਹੜਤਾਲ ਵਿਚ ਹਿੱਸਾ ਲੈਣ ਦੀ ਸਜ਼ਾ ਵਜੋਂ ਤੂੰ ਚਾਰ ਸਾਲ ਤੋਂ ਮੇਰਾ ਇਨਕ੍ਰੀਮੈਂਟ ਰੋਕਿਆ ਹੋਇਐ। ਜਦੋਂ ਵੀ ਮੈਂ ਆਪਣਾ ਹੱਕ ਮੰਗਦਾਂ, ਤੂੰ ਟਾਲ ਦਿੰਦੈਂ। ਹੁਣ ਕਿਹੜੇ ਮੂੰਹ ਨਾਲ ਮੈਥੋਂ ਵੋਟ ਮੰਗ ਰਿਹੈਂ!
ਪਰ ਗ਼ਰੀਬਦਾਸ ਏਥੇ ਵੀ ਚੁੱਪ ਹੀ ਰਿਹਾ। ਚੁੱਪ ਨਾ ਰਹਿੰਦਾ ਤਾਂ ਹੋਰ ਕੀ ਕਰਦਾ!
ਇਸ ਤੋਂ ਮਗਰੋਂ ਵੀ ਅਗਲੇ ਦਿਨੀਂ ਸ਼ਾਮ-ਸਵੇਰ ਵੋਟਾਂ ਮੰਗਣ ਵਾਲੇ ਉਹਦੇ ਬੂਹੇ ਉਤੇ ਆਉਂਦੇ ਰਹੇ। ਗ਼ਰੀਬਦਾਸ ਦਾ ਨੱਕ Ḕਚ ਦਮ ਆ ਗਿਆ। ਕਿਵੇਂ ਨਾ ਕਿਵੇਂ ਉਹ ਆਉਣ ਵਾਲਿਆਂ ਨੂੰ ਟਾਲ ਦਿੰਦਾ ਰਿਹਾ। ਉਹਨੇ ਕਿਸੇ ਨੂੰ ਖੁੱਲ੍ਹ ਕੇ ਨਾਂਹ ਨਹੀਂ ਆਖੀ, ਹਾਂ ਤਾਂ ਆਖਣੀ ਕੀ ਸੀ!
ਵੋਟਾਂ ਪੈਣ ਵਿਚ ਦੋ ਦਿਨ ਰਹਿ ਗਏ। ਪ੍ਰਚਾਰ ਦਾ ਕੰਮ ਬੰਦ ਹੋ ਗਿਆ। ਲੋਕਾਂ ਨੂੰ ਅਰਾਮ ਨਾਲ ਸੋਚਣ ਦਾ ਸਮਾਂ ਦੇ ਦਿੱਤਾ ਗਿਆ। ਗ਼ਰੀਬਦਾਸ ਨੇ ਸੁੱਖ ਦਾ ਸਾਹ ਲਿਆ। ਉਹਨੇ ਸੋਚ ਲਿਆ ਕਿ ਉਹ ਕਿਸੇ ਨੂੰ ਵੀ ਵੋਟ ਨਹੀਂ ਦੇਵੇਗਾ। ਵੋਟ ਦੇਣ ਦਾ ਮਤਲਬ ਹੈ, ਕਿਸੇ ਨਾ ਕਿਸੇ ਗ਼ਲਤ ਬੰਦੇ ਨੂੰ ਪੰਜ ਸਾਲ ਵਾਸਤੇ ਆਪਣੇ ਸਿਰ ਉਤੇ ਲਿਆ ਬਿਠਾਉਣਾ। ਉਹਦਾ ਜੀਅ ਕੀਤਾ, ਹੁਣ ਆਪ ਲਾਊਡ ਸਪੀਕਰ ਲੈ ਕੇ ਗਲੀ-ਗਲੀ, ਮਹੱਲੇ-ਮਹੱਲੇ ਫਿਰੇ ਤੇ ਲੋਕਾਂ ਨੂੰ ਆਖੇ, Ḕਵੋਟ ਕਿਸੇ ਨੂੰ ਨਾ ਪਾਇਓ! ਕਿਸੇ ਨੂੰ ਵੀ ਨਾ ਪਾਇਓ! ਕੋਈ ਸਾਡੀ ਵੋਟ ਦੇ ਕਾਬਲ ਨਹੀਂ!Ḕ
ਵੋਟਾਂ ਪੈਣ ਦਾ ਦਿਨ ਆ ਗਿਆ। ਪੋਲਿੰਗ ਬੂਥਾਂ Ḕਤੇ ਰੌਣਕਾਂ ਲੱਗ ਗਈਆਂ। ਚੋਣਾਂ ਲੜ ਰਹੀਆਂ ਪਾਰਟੀਆਂ ਤੇ ਉਮੀਦਵਾਰਾਂ ਨੇ ਸੜਕਾਂ ਉਤੇ ਸ਼ਾਮਿਆਨੇ ਲਾ ਕੇ ਦਫ਼ਤਰ ਸਜਾ ਲਏ। ਵਰਕਰ ਘਰੋ-ਘਰੀ ਜਾ ਕੇ ਵੋਟਾਂ ਕੱਢ-ਕੱਢ ਲਿਆਉਣ ਲੱਗੇ। ਉਹ ਗ਼ਰੀਬਦਾਸ ਦੇ ਘਰ ਵੀ ਗੇੜੇ ਮਾਰ ਗਏ। ਉਹਨੇ ਕਹਿ ਦਿੱਤਾ ਕਿ ਉਹ ਆਪੇ ਵੋਟ ਪਾ ਆਏਗਾ। ਕੁਝ ਦੇਰ ਬਾਅਦ ਕਿਸੇ ਹੋਰ ਉਮੀਦਵਾਰ ਦੇ ਬੰਦੇ ਕਾਰ ਲੈ ਕੇ ਆ ਗਏ। ਗ਼ਰੀਬਦਾਸ ਨੇ ਕਿਹਾ, “ਪੋਲਿੰਗ ਬੂਥ ਕਿਹੜਾ ਦੂਰ ਐ! ਮੈਂ ਪੈਦਲ ਜਾ ਕੇ ਪਾ ਆਵਾਂਗਾ।” ਉਹਨੂੰ ਚੇਤੇ ਆਇਆ, ਪਿਛਲੀਆਂ ਚੋਣਾਂ ਵਿਚ ਕਿਸੇ ਪਾਰਟੀ ਦੇ ਬੰਦੇ ਉਹਦੀ ਬੁੱਢੀ ਮਾਂ ਨੂੰ ਵੋਟ ਪੁਆਉਣ ਲਈ ਕਾਰ ਵਿਚ ਲੈ ਗਏ। ਜਦੋਂ ਉਹ ਵੋਟ ਪਾ ਚੁੱਕੀ ਤਾਂ ਕਾਰ ਵਾਲੇ ਗ਼ਾਇਬ ਸਨ। ਬੁੱਢੀ ਕਿੰਨਾ ਹੀ ਚਿਰ ਪੋਲਿੰਗ ਬੂਥ ਦੇ ਬਾਹਰ ਬੈਠੀ ਅਵਾਜ਼ਾਂ ਮਾਰਦੀ ਰਹੀ ਸੀ। ਉਹਤੋਂ ਨਾ ਤੁਰਿਆ ਜਾਂਦਾ ਸੀ, ਨਾ ਉਹਨੂੰ ਚੰਗੀ ਤਰ੍ਹਾਂ ਦਿਸਦਾ ਸੀ। ਕਿਸੇ ਨੇ ਆ ਕੇ ਗ਼ਰੀਬਦਾਸ ਨੂੰ ਦੱਸਿਆ ਤਾਂ ਉਹ ਮਾਂ ਨੂੰ ਪਿੱਠ ਉਤੇ ਚੁੱਕ ਕੇ ਘਰ ਲਿਆਇਆ ਸੀ।
ਵੋਟਾਂ ਭੁਗਤ ਰਹੀਆਂ ਸਨ। ਗ਼ਰੀਬਦਾਸ ਟਾਲ-ਮਟੋਲ ਕਰ ਰਿਹਾ ਸੀ। ਵਰਕਰ ਉਹਨੂੰ ਘੜੀਸ ਕੇ ਲਿਜਾਣ ਤਾਈਂ ਜਾਂਦੇ ਸਨ। ਉਹਨੂੰ ਜਾਪਿਆ, ਉਹ ਉਨ੍ਹਾਂ ਤੋਂ ਹਾਰ ਜਾਵੇਗਾ। ਤੰਗ ਆ ਕੇ ਉਹਨੇ ਸੋਚਿਆ, Ḕਵੋਟ ਭਾਵੇਂ ਨਾ ਪਾਵਾਂ, ਪਰ ਜਾ ਤਾਂ ਆਵਾਂ, ਤਾਂ ਜੋ ਇਨ੍ਹਾਂ ਭੂੰਡਾਂ ਤੋਂ ਖਹਿੜਾ ਛੁੱਟੇ!Ḕ ਤੇ ਉਹ ਘਰੋਂ ਨਿਕਲ ਤੁਰਿਆ। ਘਰਵਾਲੀ ਨੂੰ ਉਹ ਘਰ ਹੀ ਰਹਿਣ ਵਾਸਤੇ ਕਹਿ ਗਿਆ।
ਹੌਲੀ-ਹੌਲੀ ਤੁਰਦਾ ਉਹ ਪੋਲਿੰਗ ਬੂਥ ਦੇ ਅੰਦਰ ਚਲਿਆ ਗਿਆ। ਉਹਨੂੰ ਬਹੁਤਾ ਚਿਰ ਉਡੀਕ ਨਹੀਂ ਕਰਨੀ ਪਈ। ਇੱਕ ਪੋਲਿੰਗ ਅਫ਼ਸਰ ਦੇ ਮੇਜ਼ Ḕਤੇ ਜਾ ਕੇ ਉਹਨੇ ਪਾਰਟੀ-ਵਰਕਰਾਂ ਵੱਲੋਂ ਦਿੱਤੀ ਨੰਬਰ ਵਾਲੀ ਪਰਚੀ ਪੇਸ਼ ਕਰ ਦਿੱਤੀ। ਅਫ਼ਸਰ ਨੇ ਲਿਸਟ ਵਿਚ ਦੇਖਿਆ ਤੇ ਉਹਦੇ ਖਾਨੇ ਵਿਚ ਲਾਲ ਨਿਸ਼ਾਨ ਲਾ ਕੇ ਇੱਕ ਪਾਸੇ ਬੈਠੇ ਉਮੀਦਵਾਰਾਂ ਦੇ ਏਜੰਟਾਂ ਨੂੰ ਦੱਸਿਆ। ਗ਼ਰੀਬਦਾਸ ਨੇ ਅਫ਼ਸਰ ਦੇ ਸਾਹਮਣੇ ਪਈ ਲਿਸਟ ਵਿਚ ਦੇਖਿਆ, ਉਹਦੀ ਪਤਨੀ ਦੇ ਨਾਂ ਵਾਲੇ ਖਾਨੇ ਵਿਚ ਵੀ ਲਾਲ ਨਿਸਾਨ ਲੱਗਿਆ ਹੋਇਆ ਸੀ। ਉਹ ਹੈਰਾਨ ਹੋਇਆ ਕਿ ਉਹਦੀ ਘਰਵਾਲੀ ਤਾਂ ਅਜੇ ਘਰੋਂ ਨਹੀਂ ਸੀ ਨਿਕਲੀ ਤੇ ਉਹਦੀ ਵੋਟ ਕਿਵੇਂ ਭੁਗਤ ਗਈ!
ਅਗਲੇ ਮੇਜ਼ ਉਤੇ ਉਹਨੂੰ ਉਮੀਦਵਾਰਾਂ ਦੇ ਨਾਂਵਾਂ ਤੇ ਚੋਣ-ਨਿਸ਼ਾਨਾਂ ਵਾਲੀ ਪਰਚੀ ਮਿਲੀ ਤੇ ਨਾਲ ਇੱਕ ਮੋਹਰ। ਦੋਵੇਂ ਚੀਜ਼ਾਂ ਲੈ ਕੇ ਉਹ ਬੋਰੀਆਂ ਦੇ ਬਣਾਏ ਪਰਦੇ ਓਹਲੇ ਚਲਿਆ ਗਿਆ। ਸਾਰਾ ਕੁਝ ਕਰਦਿਆਂ ਉਹ ਸੋਚ ਰਿਹਾ ਸੀ, Ḕਉਹ ਕਿਸੇ ਨੂੰ ਵੋਟ ਨਹੀਂ ਦੇਵੇਗਾ; ਬੈਲਟ ਪੇਪਰ ਉਤੇ ਲਿਖ ਦੇਵੇਗਾ, Ḕਮੇਰੀ ਵੋਟ ਦਾ ਹੱੱਕਦਾਰ ਕੋਈ ਨਹੀਂ, ਮੇਰੀ ਵੋਟ ਮੇਰੇ ਆਪਣੇ ਨਾਂ ਹੈ!Ḕ
ਪਰਦੇ ਓਹਲੇ ਪਹੁੰਚ ਕੇ ਉਹਨੇ ਮੋਹਰ ਇੱਕ ਪਾਸੇ ਰੱਖ ਦਿੱਤੀ। ਬੈਲਟ ਪੇਪਰ ਉਤੇ ਲਿਖਣ ਵਾਸਤੇ ਪੈਨ ਕੱਢਣ ਲਈ ਉਹਨੇ ਜੇਬ ਵੱੱਲ ਹੱਥ ਵਧਾਇਆ। ਹੱਥ ਕੰਬ ਰਿਹਾ ਸੀ। ਗ਼ਰੀਬਦਾਸ ਸੋਚਣ ਲੱਗ ਪਿਆ, ਉਹ ਕਿਹੋ ਜਿਹਾ ਅਨੋਖਾ ਕੰਮ ਕਰਨ ਲੱਗਾ ਹੈ! ਜੇ ਮੋਹਰ ਲਾਉਣ ਦੀ ਥਾਂ ਉਹਨੂੰ ਕਿਸੇ ਨੇ ਬੈਲਟ ਪੇਪਰ ਉਤੇ ਲਿਖਦੇ ਦੇਖ ਲਿਆ, ਫੇਰ! ਉਹਦਾ ਮਨ ਡਰ ਗਿਆ। ਉਹਨੂੰ ਜਾਪਿਆ, ਉਹ ਦੁਨੀਆਂ ਨਾਲੋਂ ਵੱਖਰੀ ਗੱਲ ਕਰ ਕੇ ਕੋਈ ਜੁਰਮ ਕਰਨ ਲੱਗਿਆ ਹੈ। ਉਹਨੂੰ ਇੰਜ ਲੱਗਿਆ, ਜਿਵੇਂ ਪਰਦੇ ਦੇ ਬਾਹਰੋਂ ਉਹਨੂੰ ਕੋਈ ਦੇਖ ਰਿਹਾ ਹੈ। ਉਹਦੇ ਹੱਥ ਹੋਰ ਕੰਬਣ ਲੱੱਗ ਪਏ। ਬਾਹਰ ਕਿਸੇ ਨੇ ਉਚੀ ਅਵਾਜ਼ ਵਿਚ ਕੋਈ ਗੱਲ ਕੀਤੀ। ਗ਼ਰੀਬਦਾਸ ਨੂੰ ਲੱਗਿਆ, ਜਿਵੇਂ ਕਿਸੇ ਨੇ ਕਿਹਾ ਹੋਵੇ, Ḕਛੇਤੀ ਬਾਹਰ ਆ!Ḕ ਉਹਨੇ ਮੋਹਰ ਚੁੱਕੀ ਤੇ ਬੈਲਟ ਪੇਪਰ ਉਤੇ ਏਧਰ-ਓਧਰ ਠਾਹ-ਠਾਹ ਜੜ ਦਿੱਤੀ।
ਘਰ ਆ ਕੇ ਉਹ ਸਿੱਧਾ ਮੰਜੇ ਉਤੇ ਆ ਡਿੱਗਿਆ, ਜਿਵੇਂ ਬਹੁਤ ਵੱਡੀ ਲੜਾਈ ਲੜ ਕੇ ਆਇਆ ਹੋਵੇ।
Leave a Reply