ਗੁਲਜ਼ਾਰ ਸਿੰਘ ਸੰਧੂ
ਅੱਜ ਕਲ੍ਹ ਸਾਬਕਾ ਕੋਲਾ ਸਕੱਤਰ ਪੀ ਸੀ ਪਾਰੇਖ ਦੀ ਪੁਸਤਕ ‘ਜਹਾਦੀ ਜਾਂ ਸਾਜ਼ਿਸ਼ਕਾਰੀ’ (ਕੁਰੂਕਸ਼ੇਤਰ ਔਰ ਕਨਸਪੀਰੇਟਰ) ਅਤੇ ਪ੍ਰਧਾਨ ਮੰਤਰੀ ਦੇ ਰਹਿ ਚੁੱਕੇ ਮੀਡੀਆ ਸਲਾਹਕਾਰ ਸੰਜੇਯ ਬਾਰੂ ਦੀ ਪੁਸਤਕ ‘ਸਬੱਬੀ ਪ੍ਰਧਾਨ ਮੰਤਰੀ’ (ਐਕਸੀਡੈਂਟਲ ਪ੍ਰਾਈਮ ਮਨਿਸਟਰ) ਚਰਚਾ ਵਿਚ ਹਨ। ਦੋਵੇਂ ਪੁਸਤਕਾਂ ਭਾਰਤ ਸਰਕਾਰ ਦੇ ਸਾਬਕਾ ਕਰਮਚਾਰੀਆਂ ਦੇ ਆਪਣੇ ਸੇਵਾ ਕਾਲ ਵਿਚੋਂ ਚੁਣੇ ਸੀਮਤ ਕਾਲ ਨਾਲ ਸਬੰਧਤ ਹਨ। ਦੋਨਾਂ ਪੁਸਤਕਾਂ ਦੇ ਚੋਣਾਂ ਸਮੇਂ ਰਿਲੀਜ਼ ਕਰਨ ਬਾਰੇ ਅਖਬਾਰਾਂ ਨੇ ਸੰਪਾਦਕੀ ਟਿਪਣੀ ਕੀਤੀ ਹੈ। ਸੰਜੇਯ ਬਾਰੂ ਦੇ ਲਿਖਣ ਅਨੁਸਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਗ੍ਰਾਮੀਣ ਮੰਤਰਾਲੇ ਦੀ ਹਰਮਨ ਪਿਆਰੀ ਸਕੀਮ ḔਮਨਰੇਗਾḔ ਤਾਂ ਕੀ ਆਪਣਾ ਮੰਤਰੀ ਮੰਡਲ ਬਣਾਉਣ ਦੀ ਪ੍ਰਕ੍ਰਿਆ ਵਿਚ ਵੀ ਰਾਹੁਲ ਗਾਂਧੀ ਦਾ ਠੱਪਾ ਲਗਾਉਣ ਵਾਲੀ ਸਥਿਤੀ ਪੈਦਾ ਕਰਦੀ ਰਹੀ ਹੈ। ਬਾਰੂ ਦੇ ਲਿਖਣ ਅਨੁਸਾਰ ਏਦਾਂ ਦੀਆਂ ਕਈ ਸਕੀਮਾਂ ਬਾਰੇ ਉਹ ਪ੍ਰਧਾਨ ਮੰਤਰੀ ਨੂੰ ਸਲਾਹ ਦਿੰਦਾ ਰਿਹਾ ਹੈ ਕਿ ਇਹ ਸਕੀਮਾਂ ਪ੍ਰਧਾਨ ਮੰਤਰੀ ਦੇ ਨਾਂ ਲਗਣੀਆਂ ਚਾਹੀਦੀਆਂ ਹਨ। ਉਸ ਨੂੰ ਹਰ ਵਾਰ ਇਹੀਓ ਉਤਰ ਮਿਲਦਾ ਰਿਹਾ ਹੈ ਕਿ ਇਸ ਨਾਲ ਕੀ ਫਰਕ ਪੈਂਦਾ ਹੈ?
ਸਪਸ਼ਟ ਹੈ ਕਿ ਬਾਰੂ ਸਲਾਹਕਾਰ ਦੀ ਥਾਂ ਝੋਲੀ ਚੁੱਕ ਰੋਲ ਨਿਭਾ ਰਿਹਾ ਸੀ। ਇਹੋ ਜਿਹੀ ਸਲਾਹਕਾਰੀ ਨੂੰ ਚੰਗਾ ਅਫਸਰ ਕਿਵੇਂ ਪ੍ਰਵਾਨ ਕਰਦਾ। ਸ਼ੁਕਰ ਹੈ ਕਿ ਪ੍ਰਧਾਨ ਮੰਤਰੀ ਉਸ ਨੂੰ ਆਪਣੇ ਮੀਡੀਆ ਸਲਾਹਕਾਰ ਵਜੋਂ ਬਰਦਾਸ਼ਤ ਕਰਦਾ ਰਿਹਾ। ਸੇਵਾ ਮੁਕਤੀ ਤੋਂ ਪਿੱਛੋਂ ਬਾਰੂ ਦੀ ਟਿਪਣੀ ਬਾਰੂ ਨੂੰ ਸੋਭਾ ਨਹੀਂ ਦਿੰਦੀ। ਪਰ ਇਹ ਵੀ ਸੱਚ ਹੈ ਕਿ ਉਹਦੇ ਕੋਲੋਂ ਚੰਗੀ ਕੋਈ ਆਸ ਵੀ ਨਹੀਂ ਸੀ ਰੱਖਣੀ ਚਾਹੀਦੀ, ਖਾਸ ਕਰਕੇ ਉਦੋਂ ਜਦੋਂ ਆਪਣੀ ਦੂਜੀ ਪਾਰੀ ਸਮੇਂ ਪ੍ਰਧਾਨ ਮੰਤਰੀ ਨੇ ਉਸ ਨੂੰ ਆਪਣਾ ਮੀਡੀਆ ਸਲਾਹਕਾਰ ਨਿਯੁਕਤ ਕਰਨਾ ਵੀ ਗਵਾਰਾ ਨਹੀਂ ਸੀ ਸਮਝਿਆ। ਇਸ ਖਾਤਰ ਬਾਰੂ ਨੇ ਅੰਤਾਂ ਦੇ ਹੱਥ-ਪੈਰ ਮਾਰੇ ਸਨ, ਕੌਣ ਨਹੀਂ ਜਾਣਦਾ?
ਪੀ ਸੀ ਪਾਰੇਖ ਨੇ ਵੀ ਕੋਲਾ ਘੁਟਾਲੇ ਵਿਚ ਹਿੰਡਾਲਕੋ ਦਾ ਪੱਖ ਪੂਰਨ ਦੇ ਮਾਮਲੇ ਤੋਂ ਆਪਣਾ ਪੱਲਾ ਝਾੜਨ ਲਈ ਸੀæਬੀæਆਈæ ਦੇ ਡਾਇਰੈਕਟਰ ਰਣਜੀਤ ਸਿਨਹਾ ‘ਤੇ ਦੋਸ਼ ਲਾਉਂਦਿਆਂ ਹੈਰਾਨੀ ਪ੍ਰਗਟ ਕੀਤੀ ਹੈ ਕਿ ਇਸ ਘੁਟਾਲੇ ਵਿਚ ਡਾæ ਮਨਮੋਹਨ ਸਿੰਘ ਨੂੰ ਕਿਉਂ ਨਹੀਂ ਘਸੀਟਿਆ ਗਿਆ? ਪ੍ਰਧਾਨ ਮੰਤਰੀ ਆਪਣੇ ਛੋਟੇ ਮੰਤਰੀਆਂ ਦੀ ਸਲਾਹ ਮੰਨਦਾ ਰਿਹਾ ਹੈ, ਨੂੰ ਵੀ ਦੋਸ਼ ਕਰਾਰ ਦੇਣਾ ਬੜੀ ਹਾਸੋਹੀਣੀ ਗੱਲ ਹੈ। ਦਫਤਰੀ ਕੰਮ ਵਿਚ ਆਪਣੇ ਸਹਾਇਕਾਂ ਦੀ ਗੱਲ ਉਤੇ ਗੌਰ ਨਾ ਕਰਨਾ ਤਾਂ ਦੋਸ਼ ਹੋ ਸਕਦਾ ਹੈ, ਗੌਰ ਕਰਨਾ ਨਹੀਂ। ਇਨ੍ਹਾਂ ਦੋਨਾਂ ਪੁਸਤਕਾਂ ਦੇ ਲੋਕ ਸਭਾ ਚੋਣਾਂ ਦੀ ਗਹਿਮਾ-ਗਹਿਮੀ ਸਮੇਂ ਰਿਲੀਜ਼ ਕੀਤੇ ਜਾਣ ਤੋਂ ਜਾਪਦਾ ਹੈ ਕਿ ਇਨ੍ਹਾਂ ਦੇ ਪਿੱਛੇ ਵਿਰੋਧੀ ਪਾਰਟੀ ਦਾ ਹੱਥ ਹੈ। ਮੂਲ ਮੰਤਵ ਕਾਂਗਰਸ ਪਾਰਟੀ ਤੇ ਇਸ ਦੇ ਕਰਤੇ-ਧਰਤਿਆਂ ਨੂੰ ਬਦਨਾਮ ਕਰਨ ਤੋਂ ਬਿਨਾਂ ਹੋਰ ਕੋਈ ਨਹੀਂ। ਸੰਜਮ ਬਾਰੂ ਦੇ ਨਰਿੰਦਰ ਮੋਦੀ ਨਾਲ ਸਬੰਧਾਂ ਦੇ ਕਿੱਸੇ ਵੀ ਇਹੀਓ ਸਿੱਧ ਕਰਦੇ ਹਨ। ਇਨ੍ਹਾਂ ਪੁਸਤਕਾਂ ਦਾ ਲਿਖਣ, ਛਪਣ ਤੇ ਰਿਲੀਜ਼ ਕਰਨ ਦਾ ਸਮਾਂ ਕੇਵਲ ਪੁਸਤਕਾਂ ਦੀ ਵਿਕਰੀ ਵਧਾਉਣ ਨਾਲ ਹੀ ਨਹੀਂ, ਕਿਸੇ ਪਾਰਟੀ ਨੂੰ ਬਦਨਾਮ ਕਰਨ ਨਾਲ ਵੀ ਡੂੰਘਾ ਸਬੰਧ ਰਖਦਾ ਹੈ।
ਦੋਵਾਂ ਪੰਜਾਬਾਂ ਬਾਰੇ ਦੋ ਨਵੀਆਂ ਪੁਸਤਕਾਂ: ਚੋਣਾਂ ਦੇ ਦਿਨਾਂ ਵਿਚ ਉਮੀਦਵਾਰਾਂ ਦੀ ਬੇਤੁਕੀ ਬਿਆਨਬਾਜ਼ੀ ਵਿਚੋਂ ਬਾਹਰ ਨਿਕਲਣ ਲਈ ਮੈਂ ਆਪਣੇ ਘਰ ਪਹੁੰਚੀਆਂ ਆਪਣੇ ਪੰਜਾਬ ਦਾ ਸੱਚ ਨਿਤਾਰਨ ਵਾਲੀਆਂ ਦੋ ਪੁਸਤਕਾਂ ਪੜ੍ਹਨ ਵਿਚ ਰੁੱਝਾ ਰਿਹਾ ਹਾਂ। ਪਹਿਲੀ ਨੰਦਪੁਰ-ਕਲੌੜ ਦੇ ਜੰਮੇ ਜਾਏ ਮੇਰੇ ਮਿੱਤਰ ਬੀ ਐਸ ਥੋਰ ਦੀ ‘ਦੇਸ਼ ਦਾ ਅਰਥਚਾਰਾ ਤੇ ਪੰਜਾਬ’ ਹੈ ਅਤੇ ਦੂਜੀ ਮਿਹਰ ਸਿੰਘ ਰੰਧਾਵਾ ਦੀ ਸੰਤਾਲੀ ਦੇ ਘੱਲੂਘਾਰੇ ਤੋਂ ਪਹਿਲਾਂ ਪੰਜਾਬ ਦੀਆਂ ਬਾਰਾਂ ਦੀ ਯਾਦ ਵਿਚ ਲਿਖੀ ‘ਪੁਨਰਵਾਸ ਦੇ ਅਲ੍ਹੇ ਜ਼ਖਮ।Ḕ ਦੋਵਾਂ ਦਾ ਧੁਰਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਉਸਤਤ ਕਰਨਾ ਹੈ। ਰੰਧਾਵਾ ਨੇ ਪੰਜਾਬ ਦੀ ਪੁਰਾਣੀ ਤੇ ਨਵੀਂ ਭੂਗੋਲਿਕ ਨਿਸ਼ਾਨਦੇਹੀ ਕਰਦੀ ਹੋਈ ਓਧਰਲੇ ਪੰਜਾਬ ਦੀ ਬੰਜਰ ਤੇ ਅੱਪੜ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਬਰਤਾਨਵੀ ਸਰਕਾਰ ਦੀਆਂ ਵਸਾਈਆਂ 10 ਖੇਤੀਬਾੜੀ ਕਾਲੋਨੀਆਂ ਦੀ ਬਾਤ ਪਾਈ ਹੈ। ਇਸ ਧਰਤੀ ਨੂੰ ਆਬਾਦ ਕਰਨ ਉਤੇ 1886 ਤੋਂ 1940 ਤੱਕ ਪੂਰੇ 54 ਸਾਲ ਲੱਗੇ ਪਰ ਇਸ ਦੀ ਏਕੜ ਭਰ ਥਾਂ ਵੀ ਸੰਤਾਲੀ ਦੀ ਦੇਸ਼ ਵੰਡ ਸਮੇਂ ਸਾਡੇ ਹਿੱਸੇ ਨਹੀਂ ਆਈ। ਏਧਰਲੇ ਪੰਜਾਬ ਵਿਚ ਰੋਪੜ ਤੋਂ ਸਤਲੁਜ ਨਦੀ ਵਿਚੋਂ ਕੱਢੀ ਸਰਹਿੰਦ ਨਹਿਰ ਦੀ ਸਫਲਤਾ ਨੂੰ ਵੇਖ ਕੇ ਗੋਰੀ ਸਰਕਾਰ ਨੇ ਝਨਾਂ ਤੇ ਜਿਹਲਮ ਵਿਚੋਂ ਨਵੀਆਂ ਨਹਿਰਾਂ ਕਢ ਕੇ ਤੇ ਪੁਰਾਣੀਆਂ ਦੀ ਮੁਰੰਮਤ ਕਰਕੇ ਹੋਰਨਾਂ ਫਸਲਾਂ ਤੋਂ ਬਿਨਾਂ ਕਪਾਹ ਦੀ ਏਨੀ ਉਪਜ ਲਈ ਕਿ ਇਸ ਦਾ ਰੂੰ ਇੰਗਲੈਂਡ ਦੇ ਕਾਰਖਾਨਿਆਂ ਵਿਚ ਪੁੱਜਦਾ ਤੇ ਕਪੜਾ ਬਣ ਕੇ ਮੁੜ ਭਾਰਤ ਆ ਕੇ ਵਿਕਦਾ।
ਮੇਹਰ ਸਿੰਘ ਰੰਧਾਵਾ ਨੇ ਬਾਰਾਂ ਆਬਾਦ ਕਰਨ ਵਿਚ ਪੰਜਾਬੀਆਂ ਵਲੋਂ ਵਹਾਏ ਲਹੂ-ਪਸੀਨੇ ਦਾ ਵੀ ਜ਼ਿਕਰ ਕੀਤਾ ਹੈ। ਪੂਰੀ ਇੱਕ ਪੀੜੀ ਨੇ ਆਪਣੇ ਆਪ ਨੂੰ ਲਾਂਬੂ ਦੇ ਮੂੰਹ ਝੋਕ ਕੇ ਕੰਮ ਕੀਤਾ। ਜਦੋਂ ਨਹਿਰਾਂ ਦੇ ਪਾਣੀ ਤੇ ਸਲ੍ਹਾਬੇ ਦਾ ਜੰਗਲ ਦੇ ਜੀਵ ਜੰਤੂਆਂ ਨਾਲ ਟਾਕਰਾ ਹੋਇਆ ਤਾਂ ਸੱਪ ਸਲੂਟੀ ਤਾਂ ਕੀ ਜ਼ਹਿਰੀਲਾ ਮੱਛਰ ਹੀ ਨਵੀਂ ਵਸੋਂ ਦਾ ਖਾਉ ਬਣ ਗਿਆ। ਨਾ ਮੁਰਾਦ ਮਲੇਰੀਏ ਦੀ ਭੇਂਟ ਚੜ੍ਹਨ ਵਾਲੀਆਂ ਜਾਨਾਂ ਦਾ ਦੁੱਖ ਸੰਤਾਲੀ ਦੇ ਘਲੂਘਾਰੇ ਨੂੰ ਮਾਤ ਪਾਉਣ ਵਾਲਾ ਸੀ। ਇਥੇ ਦੁਸ਼ਮਣ ਨਜ਼ਰ ਵੀ ਨਹੀਂ ਸੀ ਆਉਂਦਾ। ਚਾਰੇ ਪਾਸੇ ਮੱਛਰ, ਡੂਮਣੇ ਤੇ ਕਾਲੇ ਬਿੱਛੂਆਂ ਦੀ ਸਰਦਾਰੀ ਸੀ। ਉਸ ਪੀੜ੍ਹੀ ਨੇ ਜੰਗਲੀ ਕੰਡਿਆਂ ਤੇ ਝਾੜੀਆਂ ਵਿਚੋਂ ਖੁਸ਼ਬੂਦਾਰ ਫੁੱਲ ਉਗਾਏ। ਪੁਸਤਕ ਵਿਚ ਸਰਗੋਧੇ ਦੀਆਂ ਇੱਲ੍ਹਾਂ, ਨੀਲੀ ਰਾਵੀ ਦੀਆਂ ਮੱਝਾਂ ਤੇ ਸਾਹੀਵਾਲ ਨਸਲ ਦੀਆਂ ਗਾਈਆਂ ਤੋਂ ਬਿਨਾਂ ਜਾਂਗਲੀਆਂ ਦੀ ਬੋਲੀ, ਰਹੁ-ਰੀਤਾਂ, ਪਹਿਰਾਵੇ ਤੇ ਆਪਸੀ ਸਾਂਝਾਂ ਦਾ ਵੀ ਵਧੀਆ ਵਰਣਨ ਹੈ। ਸੰਮੀ, ਝੁਮਰ, ਜੁਗਨੀ ਆਦਿ ਨਾਚਾਂ ਤੇ ਗੀਤਾਂ ਦਾ ਵੀ। ਲੇਖਕ ਨੇ ਸਾਂਦਲ ਬਾਰ, ਕੜਾਣਾ ਬਾਰ, ਨੀਲੀ ਬਾਰ, ਗੰਜੀ ਬਾਰ ਆਦਿ ਸ਼ਬਦ ਸਾਡੇ ਚੇਤਿਆਂ ਵਿਚ ਹਰੇ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਕਿ ਆਪਾਂ ਬੀ ਐਸ ਥੋਰ ਵੱਲੋਂ ਪੇਸ਼ ਕੀਤੇ ਏਧਰਲੇ ਪੰਜਾਬ ਉਤੇ ਝਾਤੀ ਮਾਰੀਏ ਦੋਵਾਂ ਲੇਖਕਾਂ ਵਲੋਂ ਬਿਆਨੇ ਉਸ ਦ੍ਰਿਸ਼ ਉਤੇ ਝਾਤ ਪਾ ਲਈ ਜਾਵੇ ਜਿਸ ਕਰਕੇ ਰਿਸ਼ਤਿਆਂ ਦੇ ਧਾਗੇ ਤੋੜ, ਸਧਰਾਂ ਤੇ ਸੁਪਨੇ ਮਸਿਆ ਦੀ ਕਾਲਖ ਵਿਚ ਰੋਲ, ਕਪਾਹਾਂ ਭਰੇ ਦਲਾਨ, ਅੰਨ ਦੀਆਂ ਭਰੀਆਂ ਭੜੋਲੀਆਂ, ਦੁੱਧ ਦਿੰਦੀਆਂ ਲਵੇਰੀਆਂ, ਢੁੱਠਾਂ ਵਾਲੇ ਢੱਠਿਆਂ ਦੀਆਂ ਜੋੜੀਆਂ ਕਿੱਲੇ ਬੱਧੀਆਂ ਛੱਡ ਏਧਰ ਨੂੰ ਤੁਰ ਆਏ ਸਨ। ਪੱਛਮ ਦੀ ਅਮੀਰ ਫਾੜੀ ਛਡ ਕੇ ਤੇ ਅਰਬਾਂ ਰੁਪਏ ਦਾ ਮਾਲੀ, 10 ਲੱਖ ਦਾ ਜਾਨੀ ਘਾਣ ਕਰਵਾ ਕੇ ਸ਼ਰਨਾਰਥੀ ਹੋਏ ਪੰਜਾਬੀਆਂ ਨੂੰ ਏਧਰ ਆ ਕੇ ਨਵਾਂ ਜੀਵਨ ਸ਼ੁਰੂ ਕਰਨਾ ਪਿਆ।
ਪੰਜਾਬ ਦੇ ਚੰਗੇ ਭਾਗਾਂ ਨੂੰ ਪਰਤਾਪ ਸਿੰਘ ਕੈਰੋਂ ਤੇ ਮਹਿੰਦਰ ਸਿੰਘ ਰੰਧਾਵਾ ਦੇ ਉਦਮ ਨਾਲ ਮੁੜ ਵਸੇਬੇ ਦਾ ਪਹਾੜ ਜਿੱਡਾ ਕੰਮ ਹੀ ਨਹੀਂ ਨੇਪਰੇ ਚੜ੍ਹਿਆ, ਨਵੀਆਂ ਸੜਕਾਂ, ਬਿਜਲੀ, ਖੇਤੀ-ਬਾੜੀ ਯੂਨੀਵਰਸਿਟੀ ਭਾਖੜਾ ਡੈਮ ਤੇ ਚੰਡੀਗੜ੍ਹ ਦੀ ਉਸਾਰੀ ਉਨ੍ਹਾਂ ਦੀ ਦੇਣ ਹਨ। ਇਹ ਗੱਲ ਵੱਖਰੀ ਹੈ ਕਿ ਨਵਾਂ ਸੂਬਾ ਬਣਾਉਣ ਦੀ ਲਾਲਸਾ ਨੇ ਇਸ ਵਿਚੋਂ ਹਰਿਆਣਾ ਹੀ ਨਹੀਂ ਸ਼ਿਮਲਾ, ਕਾਂਗੜਾ ਤੇ ਕੁੱਲੂ ਵੀ ਗੰਵਾ ਲਏ। ਤੇ ਆਪਣੇ ਲਈ ਰਾਜਧਾਨੀ ਵਜੋਂ ਉਸਾਰੇ ਚੰਡੀਗੜ੍ਹ ਵਿਚ ਵੀ ਕਿਰਾਏਦਾਰ ਬਣ ਕੇ ਰਹਿਣਾ ਪੈ ਰਿਹਾ ਹੈ। ਥੋਰ ਨੇ ਪੰਜਾਬੀਆਂ ਨੂੰ ਹਰੀ ਕ੍ਰਾਂਤੀ ਦਾ ਸ਼ਾਹਸਵਾਰ ਗਰਦਾਨਦਿਆਂ ਉਨ੍ਹਾਂ ਲਈ ਪਾਣੀ ਵਾਲੇ ਡੂੰਘੇ ਤੋਂ ਡੂੰਘੇ ਬੋਰ, ਖਾਦਾਂ, ਬੀਜਾਂ ਤੇ ਕੀੜੇ ਮਾਰ ਦਵਾਈਆਂ ਦੀਆਂ ਵਧਦੀਆਂ ਕੀਮਤਾਂ, ਕਰਜ਼ਿਆਂ ਤੇ ਮਸ਼ੀਨੀਕਰਨ ਦੇ ਭਾਰ ਦਾ ਵੀ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਪੰਜਾਬ ਦੇ ਕਿਸਾਨ ਨੇ ਦੇਸ਼ ਦਾ ਅੰਨ ਸੰਕਟ ਤਾਂ ਦੂਰ ਕਰ ਦਿੱਤਾ ਪਰ ਆਪ ਇਸ ਦੇ ਥੱਲੇ ਦਬਿਆ ਗਿਆ। ਥੋਰ ਅਨੁਸਾਰ ਮਸ਼ੀਨੀਕਰਨ ਸਦਕਾ ਵਿਹਲੀ ਹੋਈ ਜਵਾਨੀ ਲਈ ਰੁਜ਼ਗਾਰ ਜਾਂ ਨਵਾਂ ਰੁਝੇਵਾਂ ਲੱਭਣ ਦਾ ਯਤਨ ਕੇਂਦਰ ਦੀ ਸਰਕਾਰ ਨੇ ਨਹੀਂ ਕੀਤਾ। ਅੱਜ ਛੋਟੇ ਕਿਸਾਨ ਨੂੰ ਜ਼ਮੀਨਾਂ ਵੇਚ ਕੇ ਸ਼ਹਿਰ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਦੋਵੇਂ ਪੁਸਤਕਾਂ ਪੰਜਾਬੀਆਂ ਦੇ ਉਦਮ ਤੇ ਕਠਿਨਾਈਆਂ ਨੂੰ ਪਹਿਚਾਣ ਕੇ ਕੇਂਦਰ ਦੀ ਸਰਕਾਰ ਕੋਲੋਂ ਚੰਗੇਰੇ ਉਪਾਵਾਂ ਦੀ ਮੰਗ ਕਰਦੀਆਂ ਹਨ। ਦੋਵੇਂ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਦੀ ਦੇਣ ਹਨ।
ਅੰਤਿਕਾ: (ਡਾæ ਸਾਧੂ ਸਿੰਘ ਹਮਦਰਦ)
ਦਿਨ ਨੂੰ ਗੈਰਾਂ ਨਾਲ ਰਹਾਂ
ਖਾਬਾਂ ਦੇ ਵਿਚ ਤੇਰੇ ਨਾਲ।
ਦਿਨ ਰਾਤੀਂ ਮੈਂ ਰਹਿੰਦਾ ਹਾਂ
ਸੱਪਾਂ ਨਾਲ ਸਪੇਰੇ ਨਾਲ।
Leave a Reply