ਖੇਡ ਖੇਡ ਵਿਚ

ਅਵਤਾਰ ਗੋਂਦਾਰਾ
Ḕਨੱਪ ਕੇ ਰੱਖੀਂ, ਮਸਲ ਦੇ ਇਹਨੂੰæææਬਾਹਲਾ ਤਿੜਿਆ ਸੀḔ, ਇਕ ਜਾਫੀ ਛੁੱਟਣ ਲਈ ਤਰਲੋਮੱਛੀ ਹੋਏ ਰੇਡਰ ਨੂੰ ਢਾਹੀ ਬੈਠਾ ਹੈ ਅਤੇ ਉਸ ਦੇ ਹਮਾਇਤੀ ਹੱਲਾਸ਼ੇਰੀ ਦੇ ਰਹੇ ਹਨ। ਬਾਹਰ ਖੜ੍ਹਿਆਂ ਦਾ ਵੀ ਪੂਰਾ ਜੋਰ ਲੱਗ ਰਿਹਾ ਹੈ। ਕਬੱਡੀ ਦਾ ਮੈਚ ਹੈ, ਤੇ ਫਰਿਜ਼ਨੋ ਦੇ ਗਰਾਊਂਡ ਵਿਚ ਪੰਜਾਬੀ ਮੁੰਡੇ, ਗੱਭਰੂ ਅਤੇ ਬਜੁਰਗ ਪੱਬਾਂ ਭਾਰ ਖੜ੍ਹੇ ਵੇਖ ਰਹੇ ਹਨ। ਪ੍ਰਬੰਧਕਾਂ ਦੇ ਲਾਏ ਛੋਲੇ ਭਠੂਰਿਆਂ ਦੇ ਲੰਗਰ Ḕਚ ਵੀ ਚਹਿਲ-ਪਹਿਲ ਹੈ ਅਤੇ ਕੁਲਫੀਆਂ ਵਾਲੇ ਨੇ ਵੀ ਮਾਹੌਲ Ḕਚ ਮਿਠਾਸ ਘੋਲੀ ਹੋਈ ਹੈ। ਕਈ ਢਾਣੀਆਂ ਬਣਾ ਕੇ ਤਬਸਰਾ ਕਰ ਰਹੇ ਹਨ, ਕਿਤੇ ਕਿਤੇ ਕਬੱਡੀ ਦੇ ਮੈਦਾਨ ਵਿਚ ਪੈਂਦਾ ਰੌਲਾ ਉਨ੍ਹਾਂ ਦਾ ਧਿਆਨ ਖਿਚਦਾ ਹੈ। ਇਹ ਟੁਰਨਾਮੈਂਟ ਘੱਟ, ਮੇਲਾ ਜਿਆਦਾ ਹੈ। ਗਰਾਂਈਂ, ਰਿਸ਼ਤੇਦਾਰ, ਪੁਰਾਣੇ ਬੇਲੀ ਅਤੇ ਹਮ ਖਿਆਲ ਮਿਲ ਰਹੇ ਹਨ। ਅੱਖ ਬਚਾਉਂਦਿਆਂ, ਪਾਰਕਿੰਗ ਵਿਚ ਜਾ ਕੇ, ਕਈ ਨਿੱਕਾ ਨਿੱਕਾ ਹਾੜਾ ਵੀ ਲਾ ਰਹੇ ਹਨ। ਨਾਂ ਵੀ ਠੀਕ ਹੀ ਰੱਖਿਆ ਹੈ, ਕਬੱਡੀ ਮੇਲਾ। ਖੇਡਣ ਵਾਲਿਆਂ ਖੇਡੀ ਜਾਣਾ ਹੈ ਅਤੇ ਮਿਲਣ ਵਾਲਿਆਂ ਮਿਲ ਲੈਣਾ ਹੈ।
ਸ਼ਾਇਰ ਸੰਤੋਖ ਮਿਨਹਾਸ ਕਹਿੰਦਾ ਹੈ ਕਿ ਹੁਣ ਖੇਡਾਂ, ਖੇਡਾਂ ਨਹੀਂ ਰਹੀਆਂ, ਇਹ ਵਪਾਰ ਬਣ ਗਈਆਂ ਹਨ, ਇਕ ਪੇਸ਼ਾ। ਖਿਡਾਰੀ ਖੇਡਣ ਲਈ ਪੈਸੇ ਲੈਂਦੇ ਹਨ ਅਤੇ ਇਨਾਮ ਵਿਚ ਮਿਲਣ ਵਾਲੇ, ਸ਼ੀਲਡਾਂ ਜਾਂ ਕੱਪ ਨਾਲੋ ਅੱਖ ਵੱਡੀ ਰਾਸ਼ੀ ‘ਤੇ ਹੁੰਦੀ ਹੈ। ਕੋਲ ਖੜ੍ਹੇ ਗੀਤਕਾਰ ਹਰਜਿੰਦਰ ਕੰਗ ਨੇ ਹਮੇਸ਼ਾਂ ਵਾਂਗ ਇਕ ਟੋਟਕਾ ਸੁਣਾ ਕੇ ਉਸ ਦੀ ਪੁਸ਼ਟੀ ਕੀਤੀ। ਇਕ ਵਾਰ ਕਬੱਡੀ ਦੇ ਮੈਚ ਵਿਚ ਇਕੋ ਖਿਡਾਰੀ ਮੈਦਾਨ ਵਿਚ ਆ ਉਤਰਿਆ। ਵਿਰੋਧੀ ਟੀਮ ਕਹਿੰਦੀ ਖਿਡਾਰੀ ਲਿਆ। ਉਹ ਕਹਿੰਦਾ ਲਿਆਉਣ ਦੀ ਲੋੜ ਨਹੀਂ, ਥੋਡੇ ‘ਚੋਂ ਹੀ ਲੈ ਲੈਣੇ ਆ। ਉਹ ਕਹਿੰਦੇ ਇਹ ਕਿਵੇਂ ਹੋਜੂ। ਜਦੋਂ ਬੋਲੀ ਸ਼ੁਰੂ ਹੋਈ, ਇਕ ਇਕ ਕਰਕੇ ਸਾਰੇ ਖਿਡਾਰੀ ਵਿਕ ਗਏ। ਕੱਲਾ ਤਿਕੜਮਬਾਜ, ਖੜੇ ਪੈਰ, ਟੀਮ ਬਣਾ ਕੇ, ਪਹਿਲਵਾਨੀ ਗੇੜੇ ਕੱਢਣ ਲੱਗਾ।
ਹੁਣ ਖਿਡਾਰੀ ਪਿੰਡ, ਸ਼ਹਿਰ, ਇਲਾਕੇ ਜਾਂ ਮੁਲਕ ਦਾ ਨਾਂ ਉਚਾ ਕਰਨ ਲਈ ਨਹੀਂ ਖੇਡਦੇ, ਪੈਸੇ ਕਮਾਉਣ ਲਈ ਖੇਡਦੇ ਹਨ। ਖੇਡ ਕੋਈ ਹੋਵੇ, ਖਿਡਾਰੀਆਂ ਦੇ ਪੈਸੈ ਲੈ ਕੇ ਖੇਡਣ ਦੀ ਗੱਲ ਕੋਈ ਲੁਕੀ ਛੁਪੀ ਨਹੀਂ। ਇਸ ਮਸਲੇ Ḕਚ ਕ੍ਰਿਕਟ ਦਾ ਨਾਂ ਸ਼ੱਰੇ-ਫਹਿਰਿਸ਼ਤ ਹੈ। Ḕਕੈਲੀਫੋਰਨੀਆ ਕਬੱਡੀ ਫੈਡਰੇਸ਼ਨḔ ਵਲੋਂ ਕਰਵਾਏ ਗਏ ਟੂਰਨਾਮੈਂਟ ਦਾ ਆਖਰੀ ਮੈਚ ਘੁਸਮੁਸੇ ਵਿਚ ਖੇਡਿਆ ਗਿਆ। ਹਮਾਇਤੀਆਂ ਦੇ ਵਾਰ ਵਾਰ ਦਖਲ ਨਾਲ ਰੌਲਾ ਪੈ ਰਿਹਾ ਸੀ। ਅਫਰਾ-ਤਫਰੀ ਸੀ। ਪ੍ਰਬੰਧਕ ਅਤੇ ਖਿਡਾਰੀ ਪਾਲੇ ਵਿਚ ਇੰਜ ਫਿਰ ਰਹੇ ਸਨ, ਜਿਵੇਂ ਵਿਆਹ ਵਿਚ ਨਾਨਕਾ ਮੇਲ। ਸਟੇਕ ਵੱਡਾ ਸੀ, ਜਿੱਤਣ ਵਾਲੀ ਟੀਮ ਨੂੰ ਤੇਰਾਂ ਅਤੇ ਹਾਰਨ ਵਾਲੀ ਨੂੰ ਗਿਆਰਾਂ ਹਜਾਰ ਡਾਲਰ ਮਿਲਣੇ ਸਨ।
ਇਨ੍ਹਾਂ ਕਬੱਡੀ ਮੇਲਿਆਂ Ḕਚ ਅਕਸਰ ਰੈਫਰੀ ਅਤੇ ਕੁਮੈਂਟੇਟਰ ਵਜੋਂ ਹਾਜਰੀ ਲੁਆਉਂਦੇ ਗੁਰਮੇਲ ਦਿਆਲ ਨੇ ਦੱਸਿਆ ਕਿ ਕਬੱਡੀ ਦੀ ਟੀਮ ਨੂੰ ਤਿਆਰ ਕਰਨ ਲਈ ਤੀਹ ਤੋਂ ਚਾਲੀ ਹਜਾਰ ਡਾਲਰ ਖਰਚ ਹੋ ਜਾਂਦਾ ਹੈ। ਔਕਾਤ ਮੁਤਾਬਿਕ ਖਿਡਾਰੀ ਤਿੰਨ ਤੋਂ ਦਸ ਹਜਾਰ ਡਾਲਰ ਤੱਕ ਵਸੂਲ ਕਰਦੇ ਹਨ। ਇਹ ਖਿਡਾਰੀ ਘੱਟ ਤੇ ḔਉਦਮੀḔ ਜਿਆਦਾ ਹਨ। ਵਾਰ ਵਾਰ ਪੈਂਦੇ ਰੌਲੇ ਬਾਰੇ ਉਸ ਦਾ ਕਹਿਣਾ ਸੀ ਕਿ ਖਿਡਾਉਣ ਲਈ, ਅੰਪਾਇਰ ਤਾਂ ਦੋ ਦੋ ਸਨ, ਪਰ ਰੈਫਰੀ ਕੋਈ ਨਹੀਂ ਸੀ, ਜੋ ਰੱਟੇ ਦਾ ਫੈਸਲਾ ਕਰਦਾ।
ਪੁਰਾਣੇ ਬਜੁਰਗਾਂ ਦੀ ਸੋਚ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ, ਉਨ੍ਹਾਂ ਨੂੰ ਖੇਡਾਂ ਵਿਚ ਲਾਓ। ਹੁਣ ਤਾਂ ਉਲਟ ਹੋਇਆ ਪਿਆ ਹੈ, ਪਹਿਲਵਾਨ ਵੀ ਨਸ਼ਾ ਤਸਕਰੀ ਵਿਚ ਭਾਈਵਾਲ ਬਣੇ ਫਿਰਦੇ ਹਨ। ਖੇਡ-ਭਾਵਨਾ ਗਾਇਬ ਹੈ। ਜੇ ਭਾਵਨਾ ਡਾਲਰ ਕਮਾਉਣਾ ਹੋਵੇ ਤਾਂ ਖੇ, ਖੇਡ ਨਹੀਂ ਰਹਿ ਜਾਂਦੀ, ਵਪਾਰ ਬਣ ਜਾਂਦੀ ਹੈ। ਪੇਸ਼ਾ ਹੋ ਨਿਬੜਦੀ ਹੈ। ਅਜਿਹੀ ਖੇਡ ਖੇਡਦਿਆਂ ਨਸ਼ੇ ਦੀ ਲੋੜ ਰਹਿੰਦੀ ਹੈ। ਖੇਡ ਆਪਣੇ ਆਪ ਵਿਚ ਨਸ਼ਿਆਉਂਦੀ ਨਹੀਂ। ਹੁਣ ਤਾਂ ਖੇਡ ਦੇ ਮੁਹਾਵਰਿਆਂ ਦੇ ਮੂੰਹ ‘ਤੇ ਵੀ ਕਾਲਖ ਹੈ। ਜੇ ਕਿਸੇ ਦੀ ਲਾਪਰਵਾਹੀ ‘ਤੇ ਕਿੰਤੂ-ਪ੍ਰੰਤੂ ਕਰਨਾ ਹੋਵੇ ਤਾਂ ਆਖੀਦਾ ਹੈ, ਖੇਡਾਂ ਨਾ ਖੇਡ, ਬੰਦਾ ਬਣ। ਜੇ ਕਿਸੇ ਨਾਲ ਕੋਈ ਜਾਣੂੰ ਠੱਗੀ ਮਾਰ ਗਿਆ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਉੁਹ ਤਾਂ ਖੇਡ ਗਿਆ। ਜੇ ਬੇਧਿਆਨੀ ਵਿਚ ਹੀ ਕੁਝ ਮਾੜਾ ਵਾਪਰ ਜਾਵੇ ਤਾਂ ਬੰਦਾ ਕਹਿੰਦਾ ਹੈ ਕਿ ਖੇਡ ਖੇਡ ਵਿਚ ਕੂੰਡਾ ਕਰਵਾ ਲਿਆ।
ਇਹ ਤਾਂ ਹੋਈ ਹਮਾਤੜਾਂ ਦੀ ਗੱਲ। ਪਰ ਸਿਆਣੇ ਕੀ ਕਹਿੰਦੇ ਹਨ, ਉਨ੍ਹਾਂ ਦੀ ਵੀ ਸੁਣੀਏ। ਮਾਰਕ ਟਵੇਨ ਕਹਿੰਦਾ ਹੈ ਕਿ ਲੋੜ ਲਈ ਕੀਤਾ ਗਿਆ ਕਾਰਜ ḔਕੰਮḔ ਹੈ ਅਤੇ ਮੌਜ ਵਿਚ ਕੀਤਾ ਗਿਆ ਖੇਡ। ਮਨੋਰੰਜਨ ਜਾਂ ਦਿਲ ਪ੍ਰਚਾਵੇ ਲਈ ਕੀਤੀ ਸਰਗਰਮੀ ਹੀ ਖੇਡ ਦੀ ਕੋਟੀ ਵਿਚ ਆਉਂਦੀ ਹੈ। ਇਸ ਵਿਚ ਆਪਮੁਹਾਰਾਪਨ ਹੁੰਦਾ ਹੈ। ਇਸ ਨਾਲ ਤਨ-ਮਨ ਖਿੜਦਾ ਹੈ। ਬੰਦੇ ਦੀ ਜ਼ਿੰਦਗੀ ਵਿਚ ਖੇਡ ਸ਼ਾਮਲ ਕਿਵੇਂ ਹੋਈ ਤੇ ਕਿਵੇਂ ਉਹ ਆਪਣਾ ਅਸਲਾ ਗਵਾ ਬੈਠੀ? ਇਹ ਕਹਾਣੀ ਵੀ ਬੜੀ ਦਿਲਚਸਪ ਹੈ। ਸਪੈਂਸਰ ਨਾਂ ਦਾ ਵਿਦਵਾਨ ਕਹਿੰਦਾ ਹੈ ਕਿ ਖੇਡ ਦਾ ਮੁਖ ਲੱਛਣ ਇਹ ਹੈ ਕਿ ਇਸ ਦਾ ਰੋਜੀ ਰੋਟੀ ਨਾਲ ਕੋਈ ਵਾਸਤਾ ਨਹੀਂ। ਖੇਡਦਿਆਂ ਖਿਡਾਰੀ ਸਾਹਮਣੇ ਕੋਈ ਸੁਆਰਥ ਨਹੀਂ ਹੁੰਦਾ। ਇਹ ਗੱਲ ਠੀਕ ਹੈ ਕਿ ਖੇਡ ਖੇਡਦਿਆਂ ਖਿਡਾਰੀ ਦਾ ਜੁੱਸਾ ਤਕੜਾ ਹੁੰਦਾ ਹੈ ਤੇ ਉਸ ਦੀ ਨਸਲ ਨੂੰ ਵੀ ਫਾਇਦਾ ਹੁੰਦਾ ਹੈ। ਬਿੱਲੀ ਜਦੋਂ ਖੁਰਾਕ ਲਈ ਚੂਹੇ ਮਗਰ ਭਜਦੀ ਹੈ ਤਾਂ ਇਸ ਵਿਚ ਉਸ ਦਾ ਸੁਆਰਥ ਹੈ, ਪਰ ਇਹੀ ਬਿੱਲੀ ਜਦੋਂ ਖਿੱਦੋ ਮਗਰ ਦੌੜਦੀ ਹੈ ਤਾਂ ਖੇਡ ਬਣ ਜਾਂਦੀ ਹੈ। ਸਪੈਂਸਰ ਦਾ ਕਹਿਣਾ ਹੈ ਕਿ ਜੀਵਨ ਨਿਰਬਾਹ ਵਿਚ ਜੀਵ ਦੀ ਸਾਰੀ ਊਰਜਾ ਖਤਮ ਨਹੀਂ ਸੀ ਹੁੰਦੀ। ਵਾਧੂ ਬਚੀ ਊਰਜਾ ਨੂੰ ਖਾਰਜ ਕਰਨ ਲਈ ਖੇਡ ਦਾ ਵਰਤਾਰਾ ਹੋਂਦ ਵਿਚ ਆਇਆ। ਸ਼ਿਕਾਰੀ ਜਾਨਵਰ, ਵਿਹਲੇ ਪਲਾਂ ਵਿਚ ਝੂਠ-ਮੂਠ ਦੀ ਲੜਾਈ ਤੇ ਸ਼ਿਕਾਰ ਕਰਦੇ ਹਨ। ਇਹ ਉਨ੍ਹਾਂ ਦੀ ਖੇਡ ਹੈ।
ਸ਼ਬਦ ਕੋਸ਼ਾਂ ਵਿਚ ਖੇਡ ਦੇ ਪੰਜ ਗੁਣ ਦਰਜ ਹਨ। ਮਨੋਰੰਜਨ, ਲਾਲਚ ਦੀ ਅਣਹੋਂਦ, ਆਪਮੁਹਾਰਾਪਨ, ਪ੍ਰਤੀਬੱਧਤਾ ਅਤੇ ਦੋਸਤਾਨਾ ਵਿਰੋਧ। ਜੇ ਇਨ੍ਹਾਂ ਵਿਚੋਂ ਇਕ ਵੀ ਗੈਰਹਾਜਰ ਹੋਵੇ ਤਾਂ ਸਰਗਰਮੀ ਖੇਡ ਨਹੀਂ ਰਹਿੰਦੀ। ਮਨੋਵਿਗਿਆਨੀ ਕਹਿੰਦੇ ਹਨ, ਖੇਡ ਰਾਹੀਂ ਕਈ ਮੂਲ-ਪ੍ਰਵਿਰਤੀਆਂ ਦੀ ਖਲਾਸੀ ਹੁੰਦੀ ਹੈ। ਸਾਡੀ ਮਾਰੂ ਰੁਚੀ ਦੀ ਖੇਡ ਰਾਹੀਂ ਕਾਇਆਕਲਪ ਹੋ ਜਾਂਦੀ ਹੈ। ਕ੍ਰੋਧ ਅਤੇ ਗੁੱਸੇ ਦੀ ਊਰਜਾ-ਖੇਡ ਵਿਚ ਸਦਗੁਣ ਹੋ ਨਿਬੜਦੀ ਹੈ। ਇਨ੍ਹਾਂ ਪ੍ਰਵਿਰਤੀਆਂ ਤੋਂ ਵਿਰਵੇ ਖਿਡਾਰੀ ਚੰਗੇ ਰੇਡਰ ਤੇ ਜਾਫੀ ਨਹੀਂ ਬਣ ਸਕਦੇ। ਉਹ ਤਾੜੀਆਂ ਮਾਰਨ ਵਾਲੇ ਦਰਸ਼ਕ ਤਾਂ ਹੋ ਸਕਦੇ ਹਨ। ਦਰਸ਼ਕਾਂ ਦੇ ਮਨਾਂ ਵਿਚ ਦੱਬਿਆ ਹੋਇਆ ਗੁੱਸਾ ਅਤੇ ਕ੍ਰੋਧ, ਖਿਡਾਰੀਆਂ ਦੀਆਂ ਝੜਪਾਂ ਵੇਖ ਕੇ ਰਿਸ ਜਾਂਦਾ ਹੈ। ਉਹ ਨਿੱਸਲ ਹੋ ਜਾਂਦੇ ਹਨ। ਮੇਰੀਆਂ ਅੱਖਾਂ ਸਾਹਵੇਂ ਫਰੀਦਕੋਟ ਨੇੜਲੇ ਪਿੰਡ ਕੰਮੇਆਣਾ ਵਿਚ ਹੁੰਦੀ ਸੀਲ ਕੁਕੜਾਂ ਦੀ ਲੜਾਈ ਦਾ ਦ੍ਰਿਸ਼ ਸਾਕਾਰ ਹੋਣ ਲਗਦਾ ਹੈ। ਕੁੱਕੜ ਤੜਾਂ ਮਾਰ ਰਹੇ ਹਨ। ਉਨ੍ਹਾਂ ਦੀਆਂ ਕਲਗੀਆਂ ਲਹੂ ਲੁਹਾਣ ਹਨ। ਘੇਰਾ ਬਣਾਈ ਬੈਠੇ ਦਰਸ਼ਕ, ਪੱਬਾਂ ਭਾਰ, ਸਪਰਿੰਗਾਂ ਵਾਂਗ ਬੁੜਕ ਰਹੇ ਹਨ। ਉਨ੍ਹਾਂ ਦਾ ਜੋਰ ਕੁਕੜਾਂ ਨਾਲੋਂ ਜਿਆਦਾ ਲੱਗ ਰਿਹਾ ਹੈ। ਇਸੇ ਪ੍ਰਵਿਰਤੀ ਦੇ ਧੱਕੇ ਅਸੀਂ ਕੁੱਕੜਾਂ ਤੇ ਸ਼ਤਰਿਆਂ ਦੇ ਹਿੰਸਕ ਭੇੜ ਨੂੰ ਵੀ ਖੇਡ ਬਣਾ ਧਰਿਆ ਹੈ।
ਖੇਡ ਮੇਲਿਆਂ ਵਿਚ ਸਾਡੀ ḔਇੱਜੜḔ ਵਾਲੀ ਭੁੱਖ ਵੀ ਤੁਸ਼ਟ ਹੁੰਦੀ ਹੈ। ਮੇਲੇ ਇਕੱਲ ਦੀ ਕੰਧ ਢਾਹੁੰਦੇ ਹਨ। ਕਿੰਨੇ ਬੰਦੇ ਮਿਲਦੇ ਆ ਮੇਲੇ ਵਿਚ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪ੍ਰਿੰæ ਸਰਵਣ ਸਿੰਘ ਨਾਲ ਵੀ ਮੁਲਾਕਾਤ ਹੋਈ। ਖੜਿਆਂ ਖੜਿਆਂ ਮਹਿਫਿਲ ਜੰਮ ਗਈ। ਰੇਡੀਓ ਮੇਜ਼ਬਾਨਾਂ ਦੀ ਢਾਣੀ, ਡਾæ ਜੋਸਨ, ਬਾਸੀ, ਹੈਰੀ ਮਾਨ ਅਤੇ ਕਾਲਮਨਵੀਸ ਭੁਪਿੰਦਰ ਪੰਧੇਰ ਦੇ ਨਾਲ ਨਾਲ ਉਦਮੀ ਸੁਦਰਸ਼ਨ ਸ਼ਰਮਾ ਵੀ ਆ ਗਿਆ। ਸਾਧੂ ਸੰਘਾ ਤੇ ਨਿਰਮਲ ਧਨੌਲਾ Ḕਸੇਵਾ-ਪਾਣੀḔ ਪੁਛ ਰਹੇ ਸਨ। ਜਦੋਂ ਪ੍ਰਿੰ ਸਰਵਣ ਸਿੰਘ ਨੇ ਸ਼ਰਮੇ ਦਾ ਹਾਲ ਚਾਲ ਪੁੱਛਿਆ, ਤਾਂ ਕਹਿੰਦਾ, Ḕਮੈਂ ਸੋਚਿਐ, ਕਾਹਦੇ ਵਾਸਤੇ ਭੱਜਿਆਂ ਫਿਰਦਾਂ, ਬਥੇਰੀ ਹੋਗੀ, ਹੁਣ ਬਰੇਕਾਂ ਮਾਰ ਲਈਏḔ। ਕੋਲ ਖੜਾ ਕੰਗ ਕਹਿਣ ਲੱਗਾ, Ḕਬ੍ਰੇਕਾਂ ਤਾਂ ਕਾਹਨੂੰ ਮਾਰਨੀਆਂ, ਸਲੋਅ ਕਰ ਲਓ।Ḕ ਤਾਲਸਤਾਏ ਦੀ ਕਹਾਣੀ ਦੇ ਹਵਾਲੇ ਨਾਲ ਪ੍ਰਿੰ ਸਰਵਣ ਸਿੰਘ ਨੇ ਜੀਵਨ ਦਰਸ਼ਨ ਦੀ ਕਥਾ ਛੇੜ ਲਈ। ਲਿਖਤ ਵਾਂਗ ਉਸ ਦੀ ਗੱਲਬਾਤ ਵਿਚ ਵੀ ਕਥਾ-ਰਸ ਹੈ। ਕਹਿੰਦਾ, Ḕਸ਼ਰਮੇ ਨੇ ਮੈਨੂੰ ਯਾਦ ਕਰਵਾ ਦਿੱਤਾ। ਜਦੋਂ ਕਾਲਜ ਪੜ੍ਹਦੇ ਸੀ। ਤਾਲਸਤਾਏ ਦੀ ਕਹਾਣੀ ਲੱਗੀ ਹੋਈ ਸੀ, Ḕ੍ਹੋੱ ਮੁਚਹ ਲਅਨਦ ਅ ਮਅਨ ਨeeਦਸ?Ḕ ਇਕ ਕਿਸਾਨ ਕੋਲ ਦਸ ਕਿੱਲੇ ਜਮੀਨ ਸੀ। ਸਾਰਾ ਟੱਬਰ ਕੰਮ ਕਰਦਾ। ਗੁਜਾਰਾ ਹੋਈ ਜਾਂਦਾ। ਹੌਲੀ ਹੌਲੀ ਨਾਲ ਲਗਦੀ ਜਮੀਨ ਖਰੀਦਣੀ ਸ਼ੁਰੂ ਕਰ ਦਿਤੀ। ਸੌ ਕਿੱਲਾ ਬਣਾ ਲਿਆ। ਨਾਲ ਸਾਧਾਂ ਦਾ ਡੇਰਾ ਸੀ। ਉਹ ਕਹਿੰਦੇ, ਕਿੰਨੀ ਜਮੀਨ ਚਾਹੀਦੀ ਹੈ? ਕਿਸਾਨ ਕਹਿੰਦਾ, ਜਿੰਨੀ ਮਰਜੀ ਦੇ ਦਿਓ। ਸਾਧ ਕਹਿੰਦੇ, Ḕਤੂੰ ਆਵਦੇ ਵਾਲੀ ਸਾਨੂੰ ਦੇ ਦੇ, ਇਹਦੇ Ḕਚ ਡੇਰਾ ਬਣਾ ਲੈਂਦੇ ਹਾਂ। ਤੇ ਡੇਰੇ ਵਾਲੀ ਜਮੀਨ ‘ਚੋਂ ਜਿੰਨੀ ਮਰਜੀ ਹੈ ਵਲ ਲੈ।Ḕ ਕਿਸਾਨ ਨੂੰ ਲੱਗਿਆ ਕਿ ਸਾਧ ਕਮਲੇ ਆ। ਮੈਂ ਤਾਂ ਸ਼ਾਮ ਨੂੰ ਹਜਾਰਾਂ ਏਕੜ ਵਲ ਲੂੰ, ਦੇਣੇ ਸੌ ਕਿਲੇ ਆ। ਉਨ੍ਹਾਂ ਨੇ ਇਕ ਸ਼ਰਤ ਲਾਈ ਕਿ ਦਿਨ ਚੜਦੇ ਤੋਂ ਲੈ ਕੇ ਛਿਪਣ ਤਕ ਜਿਥੋਂ ਤੁਰਿਆ ਸੀ, ਉਥੇ ਮੁੜ ਕੇ ਆਉਣਾ ਪਊ, ਨਹੀਂ ਤਾਂ ਤੇਰਾ ਸੌ ਕਿਲਾ ਸਾਡਾ। ਕਹਿੰਦਾ, ਠੀਕ ਹੈ। ਪਹਿਲਾਂ ਤਾਂ ਉਸ ਨੂੰ ਸਾਰੀ ਰਾਤ ਨੀਂਦ ਨਾ ਆਈ। ਸਵੇਰੇ ਹੀ ਉਠ ਕੇ ਬੈਠ ਗਿਆ। ਸ਼ੂਟ ਵੱਟ ਕੇ ਭੱਜਿਆ।
ਸਾਧ ਕਹਿੰਦੇ, ਡੱਕਾ ਸਿੱਟਦਾ ਜਾਈਂ, ਵੱਟ ਪਾਉਣੀ ਸੁਖਾਲੀ ਰਹੂ। ਕਿਸਾਨ ਭੱਜਿਆ ਜਾਂਦੈ, ਜਮੀਨ ਚੰਗੀ ਆਉਂਦੀ ਗਈ, ਉਹਦੀ ਤਮਾ ਵਧਦੀ ਗਈ। ਭੁੱਖਾ, ਥੱਕਿਆ ਉਹ ਭੱਜਿਆ ਜਾ ਰਿਹਾ ਹੈ। ਦਿਨ ਢਲੇ ਉਹ ਡਿੱਗਦਾ ਢਹਿੰਦਾ ਸ਼ੁਰੂ ਵਾਲੇ ਥਾਂ ‘ਤੇ ਆ ਗਿਆ। ਸਾਧ ਕਹਿੰਦੇ ਤੈਨੂੰ ਬਹੁਤ ਵਧਾਈ, ਇਹ ਜਮੀਨ ਤੇਰੀ ਹੋਈ। ਉਹ ਏਨਾ ਥੱਕ ਗਿਆ ਸੀ ਕਿ ਨਿਢਾਲ ਹੋ ਕੇ ਭੁੰਜੇ ਡਿਗ ਪਿਆ, ਤੇ ਪ੍ਰਾਣ ਤਿਆਗ ਦਿੱਤੇ। ਉਸ ਲਈ ਕਬਰ ਪੁੱਟੀ ਗਈ। ਸੱਥਰ ‘ਤੇ ਬੈਠੇ ਸੋਗੀ ਗੱਲਾਂ ਕਰਨ ਲੱਗੇ, ਉਸ ਨੂੰ ਜਮੀਨ ਤਾਂ ਏਨੀ ਕੁ ਚਾਹੀਦੀ ਸੀ, ਉਹ ਕਾਹਦੇ ਪਿੱਛੇ ਭੱਜਿਆ ਫਿਰਿਆ।
ਸਾਡੇ ਪ੍ਰੋਫੈਸਰ ਨੇ ਕਹਾਣੀ ਦਾ ਤੱਤ ਕੱਢਿਆ ਕਿ ਬੰਦੇ ਦੀ ਲੋੜ ਹੈ ਸਿਰਫ Ḕਸਾਢੇ ਤਿੰਨ ਹੱਥ ਜਮੀਨḔ ਕਬਰ ਲਈ। ਫਿਰ ਗੋਰਕੀ ਦੀ ਟਿਪਣੀ ਪੜ੍ਹਨ ਦਾ ਮੌਕਾ ਮਿਲਿਆ, ਉਸ ਨੇ ਕਿਹਾ ਕਿ ਕਹਾਣੀ ਇਹ ਸੁਨੇਹਾ ਨਹੀਂ ਦਿੰਦੀ। ਇਹ ਕਹਾਣੀ ਕਹਿੰਦੀ ਹੈ ਕਿ ਮਰੇ ਬੰਦੇ ਨੂੰ Ḕਸਾਢੇ ਤਿੰਨ ਹੱਥḔ ਤੇ ਜਿਉਂਦੇ ਨੂੰ Ḕਸਾਰੀ ਧਰਤੀḔ ਚਾਹੀਦੀ ਹੈ। ਫਿਰ ਇਕ ਹੋਰ ਵਿਦਵਾਨ ਦੀ ਲਿਖਤ ਮਿਲੀ ਜਿਸ ਨੇ ਕਿਹਾ ਕਿ ਗੋਰਕੀ ਦੀ ਗੱਲ ਵੀ ਠੀਕ ਨਹੀਂ। ਕਹਾਣੀ ਚੱਜ ਨਾਲ ਪੜ੍ਹੋ। ਇਹ ਗੱਲ ਨਹੀਂ ਦਸਦੀ ਕਿ ਬੰਦੇ ਨੂੰ Ḕਸਾਢੇ ਤਿੰਨ ਹੱਥ ਜਮੀਨḔ ਚਾਹੀਦੀ ਹੈ ਇਹ ਵੀ ਨਹੀਂ ਦਸਦੀ ਕਿ ਸਾਰੀ ਚਾਹੀਦੀ ਹੈ। ਉਹ ਕਹਿੰਦਾ ਬੰਦੇ ਨੂੰ ਦੋਨੋਂ ਚੀਜਾਂ ਨਹੀਂ ਚਾਹੀਦੀਆਂ। ਪਹਿਲਾ ਪੈਰਾ ਪੜ੍ਹੋ। ਕਿਸਾਨ ਜਿਥੋਂ ਤੁਰਿਆ ਸੀ ਉਸ ਨੇ ਉਥੇ ਪਹੁੰਚਣਾ ਹੈ। ਬੰਦੇ ਦੀ ਲੋਚਾ ਤੇ ਲੋੜਾਂ ਵਿਚ ਟਕਰਾ ਹੈ। ਬੰਦੇ ਦੀਆਂ ਲੋੜਾਂ ਸੀਮਤ ਅਤੇ ਇਛਾਵਾਂ ਅਸੀਮ ਹਨ, ਬੰਦੇ ਦਾ ਇਹੀ ਸੰਕਟ ਹੈ ਜੋ ਕਹਾਣੀ ਦਸਦੀ ਹੈ। ਪ੍ਰਿੰæ ਹੁਰਾਂ ਗੱਲ ਖਤਮ ਕੀਤੀ। ਉਧਰ ਕੁਮੈਂਟੇਟਰ ਦੀਆਂ ਆਵਾਜਾਂ ਆ ਰਹੀਆਂ ਸਨ ਕਿ ਗੱਭਰੂ ਰੇਡ ‘ਤੇ ਚੱਲਿਆ ਹੈ, ਇਕ ਪਾਸੇ ਤੇਰਾਂ ਹਜਾਰ ਤੇ ਦੂਜੇ ਪਾਸੇ ਗਿਆਰਾਂ ਹਜਾਰ ਡਾਲਰ ਦਾ ਸੁਆਲ ਹੈ। ਹੁਣ ਨਿਤਰੂ ਵੜੇਵੇਂ ਖਾਣੀ, ਕੁੰਢੀਆਂ ਦੇ ਸਿੰਗ ਫਸ ਗਏ। ਫਿਰ ਪੁਆਇੰਟ ਪਿਛੇ ਰੌਲਾ ਪੈ ਗਿਆ। ਹਨੇਰਾ ਵਧ ਰਿਹਾ ਸੀ। ਦਰਸ਼ਕ ਖਿੰਡਣੇ ਸ਼ੁਰੂ ਹੋ ਗਏ। ਤਾਲਸਤਾਏ ਦੀ ਕਹਾਣੀ ਦਾ ਮੌਰਲ ਰੌਲੇ ਰੱਪੇ ਵਿਚ ਗੁਆਚ ਰਿਹਾ ਸੀ।

Be the first to comment

Leave a Reply

Your email address will not be published.