ਪਾਕਿਸਤਾਨ ਦੇ ਮਸ਼ਹੂਰ ਕਲਾਸੀਕਲ ਗਾਇਕ ਉਸਤਾਦ ਹਮੀਦ ਅਲੀ ਖਾਨ ਨੇ ਪਹਿਲੀ ਵਾਰ ਬਾਲੀਵੁੱਡ ਫਿਲਮ ਲਈ ਆਪਣਾ ਗੀਤ ਰਿਕਾਰਡ ਕਰਵਾਇਆ ਹੈ। ਇਹ ਗੀਤ Ḕਕਲੇਜੇ ਮੇਂ ਲਗ ਜਾਤੀ ਤੋ ਕਿਆ ਹੋਤਾ’ ਫਿਲਮ Ḕਕਿਆ ਦਿਲ ਕਿਆ ਲਾਹੌਰ’ ਫਿਲਮ ਲਈ ਗਾਇਆ ਗਿਆ ਹੈ। ਇਹ ਫਿਲਮ ਅਦਾਕਾਰ ਵਿਜੈ ਰਾਜ਼ ਦੀ ਬਤੌਰ ਡਾਇਰੈਕਟਰ ਪਲੇਠੀ ਫਿਲਮ ਹੈ। ਇਹ ਫਿਲਮ ਮਸ਼ਹੂਰ ਸ਼ਾਇਰ ਅਤੇ ਫਿਲਮਸਾਜ਼ ਗੁਲਜ਼ਾਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਇਹ ਦੋ ਮਈ ਨੂੰ ਰਿਲੀਜ਼ ਹੋਵੇਗੀ। Ḕਕਿਆ ਦਿਲ ਕਿਆ ਲਾਹੌਰ’ ਭਾਰਤ-ਪਾਕਿਸਤਾਨ ਵੰਡ ਬਾਰੇ ਹੈ। ਫਿਲਮ ਦਾ ਸਮਾਂ ਆਜ਼ਾਦੀ ਤੋਂ ਐਨ ਬਾਅਦ, 1948 ਵਾਲਾ ਹੈ ਅਤੇ ਫਿਲਮ ਵਿਚ ਵਿਜੈ ਰਾਜ਼ ਤੋਂ ਇਲਾਵਾ ਮਨੂ ਰਿਸ਼ੀ, ਰਾਜ ਜ਼ੁਤਸ਼ੀ ਅਤੇ ਵਿਸ਼ਵਜੀਤ ਪ੍ਰਧਾਨ ਦੇ ਲੀਡ ਰੋਲ ਹਨ।
ਉਸਤਾਦ ਹਮੀਦ ਆਲੀ ਖਾਨ (ਜਨਮ 1953) ਦਾ ਸਬੰਧ ਪਟਿਆਲਾ ਘਰਾਣੇ ਨਾਲ ਹੈ। ਉਸ ਦੇ ਪਿਤਾ ਉਸਤਾਦ ਅਖ਼ਤਰ ਹੁਸੈਨ ਖਾਨ ਅਤੇ ਵੱਡੇ ਦੋਵੇਂ ਭਰਾ, ਬੜੇ ਫਤਿਹ ਅਲੀ ਖਾਨ ਤੇ ਅਮਾਨਤ ਅਲੀ ਖਾਨ ਵੀ ਸੰਗੀਤ ਦੀਆਂ ਅਹਿਮ ਸ਼ਖ਼ਸੀਅਤਾਂ ਹਨ। ਹਮੀਦ ਖਾਨ ਦੇ ਪੁੱਤਰ ਨਾਯਾਬ ਅਲੀ ਖਾਨ, ਵਲੀ ਹਮੀਦ ਅਲੀ ਖਾਨ ਅਤੇ ਇਨਾਮ ਅਲੀ ਖਾਨ ਵੀ ਆਪਣੇ ਪੁਰਖਿਆਂ ਦੇ ਰਾਹ ਉਤੇ ਚੱਲ ਰਹੇ ਹਨ ਅਤੇ ਅੱਜ ਕੱਲ੍ਹ ਇਨ੍ਹਾਂ ਮੁੰਡਿਆਂ ਨੇ Ḕਰਾਗਾ ਬੁਆਇਜ਼’ ਨਾਂ ਦਾ ਬੈਂਡ ਬਣਾਇਆ ਹੋਇਆ ਹੈ। ਫਿਲਮ Ḕਕਿਆ ਦਿਲੀ ਕਿਆ ਲਾਹੌਰḔ ਲਈ ਹਮੀਦ ਅਲੀ ਖਾਨ ਦਾ ਗਾਉਣਾ ਵੀ ਮਹਿਜ਼ ਇਤਫਾਕ ਹੀ ਬਣਿਆ। ਅਸਲ ਵਿਚ ਉਹ ਅੰਮ੍ਰਿਤਸਰ ਪੁੱਜੇ ਹੋਏ ਸਨ ਕਿ ਫਿਲਮ ਦੇ ਸੰਗੀਤਕਾਰ ਸੰਦੇਸ਼ ਸ਼ਾਂਡਲਿਆ ਉਨ੍ਹਾਂ ਦੇ ਸੰਪਰਕ ਵਿਚ ਆ ਗਏ ਅਤੇ ਸੰਦੇਸ਼ ਨੇ ਉਨ੍ਹਾਂ ਨੂੰ ਗੀਤ ਗਾਉਣ ਦੀ ਗੁਜ਼ਾਰਿਸ਼ ਕੀਤੀ। ਜਦੋਂ ਉਸਤਾਦ ਨੂੰ ਪਤਾ ਲੱਗਿਆ ਕਿ ਇਸ ਫਿਲਮ ਨਾਲ ਫਿਲਮਸਾਜ਼ ਗੁਲਾਜ਼ਰ ਵੀ ਜੁੜੇ ਹੋਏ ਹਨ, ਤਾਂ ਉਨ੍ਹਾਂ ਝੱਟ ਹਾਂ ਕਰ ਦਿੱਤੀ। ਉਹ ਤੁਰੰਤ ਮੁੰਬਈ ਪੁੱਜੇ ਅਤੇ ਦੋ ਦਿਨਾਂ ਵਿਚ ਗੀਤ ਦੀ ਰਿਕਾਰਡਿੰਗ ਹੋ ਗਈ।
ਫਿਲਮ ਦਾ ਡਾਇਰੈਕਟਰ ਅਤੇ ਅਦਾਕਾਰ ਵਿਜੈ ਰਾਜ਼ ਫਿਲਮ ਬਾਰੇ ਬੜਾ ਭਾਵੁਕ ਹੈ। ਉਸ ਮੁਤਾਬਕ ਹੁਣ ਤੱਕ ਉਹ ਭਾਰਤ-ਪਾਕਿਸਤਾਨ ਵੰਡ ਦੀਆਂ ਕਹਾਣੀਆਂ ਸੁਣਦਾ ਆਇਆ ਹੈ ਅਤੇ ਇਸ ਵਿਸ਼ੇ ਉਤੇ ਬਣੀਆਂ ਅਣਗਿਣਤ ਫਿਲਮਾਂ ਵੀ ਦੇਖੀਆਂ ਹਨ, ਪਰ ਜਦੋਂ ਅਸੀਮ ਅਰੋੜਾ ਨੇ ਉਸ ਨੂੰ ਇਸ ਫਿਲਮ ਦੀ ਕਹਾਣੀ ਸੁਣਾਈ ਤਾਂ ਉਸ ਦੇ ਮਨ ਵਿਚ ਇਕ ਦਮ ਖਿਆਲ ਉਠਿਆ ਕਿ ਉਹ ਖੁਦ ਇਸ ਫਿਲਮ ਦਾ ਨਿਰਦੇਸ਼ਨ ਕਰੇਗਾ। ਵਿਜੈ ਰਾਜ਼ ਇਸ ਤੋਂ ਪਹਿਲਾਂ ਅਦਾਕਾਰੀ ਦੇ ਖੇਤਰ ਵਿਚ ਆਪਣੀ ਧਾਂਕ ਜਮਾ ਚੁੱਕਾ ਹੈ। ਉਸ ਦੀ ਪਹਿਲੀ ਫਿਲਮ Ḕਭੁਪਾਲ ਐਕਸਪ੍ਰੈਸ’ 1999 ਵਿਚ ਆਈ ਸੀ। ਬਾਅਦ ਵਿਚ ḔਜੰਗਲḔ, Ḕਦਿਲ ਪੇ ਮਤ ਲੇ ਯਾਰḔ, Ḕਮਾਨਸੂਨ ਵੈਡਿੰਗḔ, ḔਕੰਪਨੀḔ, Ḕਲਾਲ ਸਲਾਮḔ ਆਦਿ ਫਿਲਮਾਂ ਤਿੰਨ ਕੁ ਸਾਲਾਂ ਦੇ ਵਕਫੇ ਵਿਚ ਰਿਲੀਜ਼ ਹੋਈਆਂ ਅਤੇ ਫਿਲਮੀ ਦੁਨੀਆਂ ਵਿਚ ਉਸ ਦੀ ਬੱਲੇ-ਬੱਲੇ ਹੋ ਗਈ। ਫਿਲਮ Ḕਰਨ’ ਵਿਚ ਉਸ ਦਾ ਰੋਲ ਯਾਦਗਾਰੀ ਹੋ ਨਿਬੜਿਆ। ਇਸ ਫਿਲਮ ਵਿਚ Ḕਕਊਆ ਬਰਿਆਨੀ’ ਵਾਲਾ ਉਸ ਦਾ ਐਕਟ ਇੰਨਾ ਮਸ਼ਹੂਰ ਹੋਇਆ ਕਿ ਸਦਾ-ਸਦਾ ਲਈ ਉਸ ਨਾਲ ਜੁੜ ਗਿਆ। ਫਿਲਮ Ḕਡੇਲੀ ਬੈਲੀ’ ਵਿਚ ਉਸ ਦਾ ਮੁੱਖ ਰੋਲ, ਬਤੌਰ ਗੈਂਗਸਟਰ ਸੀ। ਖਲਨਾਇਕ ਵਜੋਂ ਉਸ ਨੇ ਕਈ ਫਿਲਮਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਉਸ ਨੂੰ ਆਸ ਹੈ ਕਿ ਉਸ ਦੀ ਫਿਲਮ Ḕਕਿਆ ਦਿਲ ਕਿਆ ਲਾਹੌਰḔ ਸੰਜੀਦਾ ਫਿਲਮ ਦਰਸ਼ਕਾਂ ਨੂੰ ਖਿੱਚੇਗੀ।
Leave a Reply