ਸਿਆਸਤ ਵਿਚ ਅਨੈਤਿਕਤਾ ਦੀ ਪੈੜਚਾਲ

ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਨਵੀਂ ਛਪੀ ਕਿਤਾਬ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੇ ਪਹਿਲਾਂ ਹੀ ਭਖਿਆ ਹੋਇਆ ਚੋਣ ਪਿੜ ਹੋਰ ਭਖਾ ਦਿੱਤਾ ਹੈ। ਸੰਜੇ ਬਾਰੂ ਤਕਰੀਬਨ ਚਾਰ ਸਾਲ ਪ੍ਰਧਾਨ ਮੰਤਰੀ ਦੇ ਸਲਾਹਕਾਰ ਰਹੇ ਹਨ। ਇਹ ਤੱਥ ਸਾਰਾ ਜਹਾਨ ਜਾਣਦਾ ਹੈ ਕਿ ਸੰਜੇ ਬਾਰੂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪਸੰਦੀਦਾ ਬੰਦਿਆਂ ਵਿਚ ਸ਼ਾਮਲ ਨਹੀਂ ਸਨ। ਫਿਰ ਵੀ ਡਾæ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਆਪਣੇ ਨਾਲ ਰੱਖਿਆ। ਹੁਣ ਇਹ ਵੀ ਕੋਈ ਖਾਸ ਭੇਤ ਵਾਲੀ ਗੱਲ ਨਹੀਂ ਕਿ ਡਾæ ਮਨਮੋਹਨ ਸਿੰਘ ਕਿੰਨੀ ਕੁ ਪਾਇਆਂ ਵਾਲੇ ਪ੍ਰਧਾਨ ਮੰਤਰੀ ਸਨ। ਉਹ ਹਰ ਫਰੰਟ ਉਤੇ ਇਕ ਲਿਹਾਜ਼ ਨਾਲ ਫੇਲ੍ਹ ਹੀ ਸਾਬਤ ਹੋਏ ਹਨ। ਹਾਲਾਤ ਦਾ ਇਸ ਤੋਂ ਵੱਡਾ ਮਜ਼ਾਕ ਹੋਰ ਕੀ ਹੋਵੇਗਾ ਕਿ ਸੰਸਾਰ ਦੇ ਮਸ਼ਹੂਰ ਅਰਥ ਸ਼ਾਸਤਰੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਸਰਕਾਰ ਮਹਿੰਗਾਈ ਨੂੰ ਠੱਲ੍ਹ ਨਹੀਂ ਪਾ ਸਕੀ। ਉਹ ਵੀ ਉਦੋਂ ਜਦੋਂ ਸਰਕਾਰ ਉਤੇ ਮਹਿੰਗਾਈ ਬਹੁਤ ਵੱਡੀ ਸੱਟ ਮਾਰ ਰਹੀ ਸੀ। ਮੌਂਟੇਕ ਸਿੰਘ ਆਹਲੂਵਾਲੀਆ ਅਤੇ ਉਨ੍ਹਾਂ ਦੀ ਟੀਮ ਦੀ ਇਕ ਵੀ ਚਾਰਾਜੋਈ ਕਿਸੇ ਕੰਮ ਨਹੀਂ ਆਈ। ਜ਼ਾਹਿਰ ਹੈ ਕਿ ਪਹਿਲੇ ਪੰਜ ਸਾਲਾਂ ਦੌਰਾਨ ਇਮਾਨਦਾਰੀ ਕਰ ਕੇ ਡਾæ ਮਨਮੋਹਨ ਸਿੰਘ ਦੀ ਜਿਹੜੀ ਭੱਲ ਬਣੀ ਸੀ, ਅਗਲੇ ਪੰਜ ਸਾਲਾਂ ਦੌਰਾਨ ਉਹ ਵੀ ਜਾਂਦੀ ਲੱਗੀ। ਉਂਜ ਵੀ ਅਰਬਾਂ-ਖਰਬਾਂ ਦੇ ਘਪਲਿਆਂ ਨੇ ਉਨ੍ਹਾਂ ਦੀ ਇਮਾਨਦਾਰੀ ਵੀ ਸ਼ੱਕ ਦੇ ਘੇਰੇ ਵਿਚ ਲੈ ਆਂਦੀ। ਇਹ ਠੀਕ ਹੈ ਕਿ ਉਨ੍ਹਾਂ ਦੀ ਇਮਾਨਦਾਰੀ ਉਤੇ ਕਿਸੇ ਨੇ ਵੀ ਸ਼ਕ ਨਹੀਂ ਕੀਤਾ। ਨਾਲ ਹੀ ਵੱਡਾ ਸਵਾਲ ਇਹ ਬਣ ਗਿਆ ਕਿ ਉਨ੍ਹਾਂ ਦੀ ਆਪਣੀ ਇਮਾਨਦਾਰੀ ਕਿਸ ਕੰਮ ਦੀ ਹੈ, ਜੇ ਉਨ੍ਹਾਂ ਦੀ ਵਜ਼ਾਰਤ ਦੇ ਸਾਥੀਆਂ ਨੇ ਦੋਹੀਂ ਹੱਥੀਂ ਦੇਸ਼ ਨੂੰ ਇਉਂ ਹੀ ਲੁੱਟੀ ਜਾਣਾ ਹੈ। ਇਨ੍ਹਾਂ ਘਪਲਿਆਂ ਨੇ ਉਨ੍ਹਾਂ ਦੇ ਇਮਾਨਦਾਰੀ ਵਾਲੇ ਅਕਸ ਨੂੰ ਤਾਂ ਸੱਟ ਮਾਰੀ ਹੀ, ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਉਤੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ। ਇਨ੍ਹਾਂ ਸਾਰੇ ਮਸਲਿਆਂ ਬਾਰੇ ਵੱਡੇ ਪੱਧਰ ਉਤੇ ਚਰਚਾ ਮੀਡੀਆ ਅਤੇ ਬੌਧਿਕ ਹਲਕਿਆਂ ਵਿਚ ਹੁੰਦੀ ਆਈ ਹੈ, ਪਰ ਚੋਣਾਂ ਦੇ ਐਨ ਮੌਕੇ ਸੰਜੇ ਬਾਰੂ ਦੀ ਕਿਤਾਬ, ਜਿਸ ਵਿਚ ਉਪਰ ਚਰਚਾ ਵਿਚ ਆਈਆਂ ਗੱਲਾਂ ਦੀ ਹੀ ਮੁੜ ਚਰਚਾ ਹੈ, ਕਾਂਗਰਸ ਉਤੇ ਬੰਬ ਵਾਂਗ ਡਿੱਗੀ ਹੈ। ਮਾੜੀ ਕਾਰਗੁਜ਼ਾਰੀ ਕਾਰਨ ਕਾਂਗਰਸ ਤਾਂ ਪਹਿਲਾਂ ਹੀ ਦਿਲ ਛੱਡੀ ਬੈਠੀ ਸੀ, ਇਸ ਕਿਤਾਬ ਨੇ ਹਾਲਤ ਹੋਰ ਵੀ ਪਤਲੀ ਕਰ ਦਿੱਤੀ ਹੈ। ਇਸੇ ਕਰ ਕੇ ਇਸ ਕਿਤਾਬ ਦੇ ਛਪਣ ਦੇ ਮੌਕੇ ਬਾਰੇ ਚਰਚਾ ਵੀ ਨਾਲ ਦੀ ਨਾਲ ਸ਼ੁਰੂ ਹੋ ਗਈ ਹੈ। ਇਹ ਠੀਕ ਹੈ ਕਿ ਕਾਰੋਬਾਰੀ ਬੰਦੇ ਆਪਣੀ ਵਸਤ ਦੀ ਵੱਧ ਤੋਂ ਵੱਧ ਵਿਕਰੀ ਲਈ ਅਕਸਰ ਸਕੀਮਾਂ ਘੜਦੇ ਹਨ, ਪਰ ਕਿਤਾਬ ਜਿਸ ਢੰਗ ਨਾਲ ਚੋਣਾਂ ਦੇ ਐਨ ਮੌਕੇ ਆਈ ਹੈ, ਉਸ ਨਾਲ ਸਵਾਲ ਖੜ੍ਹੇ ਹੋਣੇ ਹੀ ਸਨ। ਇਸ ਬਾਰੇ ਤਾਂ ਇੰਨੀ ਜ਼ਿਆਦਾ ਚਰਚਾ ਹੋਈ ਹੈ ਕਿ ਕਿਤਾਬ ਦੇ ਪ੍ਰਕਾਸ਼ਕ ਨੂੰ ਖੁਦ ਸਪਸ਼ਟੀਕਰਨ ਦੇਣਾ ਪੈ ਗਿਆ ਹੈ ਅਤੇ ਹੁਣ ਸਵਾਲ ਇਹ ਬਣ ਗਿਆ ਹੈ ਕਿ ਸੰਜੇ ਬਾਰੂ ਨੂੰ ਇਹ ਗੱਲਾਂ ਹੁਣ ਹੀ ਕਿਉਂ ਚੇਤੇ ਆਈਆਂ ਹਨ।
ਸੰਜੇ ਬਾਰੂ ਬਾਰੇ ਉਠੇ ਇਸ ਸਵਾਲ ਦੀਆਂ ਕਈ ਪਰਤਾਂ ਹਨ। ਉਚ ਅਹੁਦੇ ‘ਤੇ ਰਹੇ ਕਿਸੇ ਬੰਦੇ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਬਥੇਰੇ ਇੰਕਸ਼ਾਫ ਕੀਤੇ ਹਨ, ਪਰ ਸੰਜੇ ਬਾਰੂ ਦੀ ਕਿਤਾਬ ਜਿਸ ਸਮੇਂ ਆਈ ਹੈ, ਉਸ ਨਾਲ ਕਈ ਪ੍ਰਕਾਰ ਦੇ ਸੰਸੇ ਵੀ ਸਾਹਮਣੇ ਆ ਰਹੇ ਹਨ। ਇਕ ਗੱਲ ਤਾਂ ਇਹੀ ਹੈ ਕਿ ਇਹ ਕਿਸੇ ਬੰਦੇ ਵੱਲੋਂ ਕੋਈ ਕਿਤਾਬ ਲਿਖਣ ਦਾ ਮਸਲਾ ਨਹੀਂ ਹੈ। ਲੇਖਕ ਨੇ ਕਿਤਾਬ ਵਿਚ ਉਸ ਸ਼ਖਸ ਬਾਰੇ ਟਿੱਪਣੀਆਂ ਕੀਤੀਆਂ ਹਨ ਜਿਸ ਦੇ ਅਕਸ ਨੂੰ ਰੁਕ ਸਿਰ ਰੱਖਣ ਲਈ ਉਸ ਨੂੰ ਖਾਸ ਜ਼ਿੰਮੇਵਾਰੀ ਸੌਂਪੀ ਗਈ ਸੀ। ਪ੍ਰਧਾਨ ਮੰਤਰੀ ਦਾ ਮੀਡੀਆ ਸਲਾਹਕਾਰ ਹੋਣਾ ਕੋਈ ਮਾੜੀ-ਮੋਟੀ ਗੱਲ ਨਹੀਂ। ਕੋਈ ਯਕੀਨ ਵਾਲਾ ਬੰਦਾ ਹੀ ਇਸ ਅਹੁਦੇ ਉਤੇ ਅੱਪੜ ਸਕਦਾ ਹੈ। ਇਹ ਸ਼ਖਸ ਕਈ ਅਜਿਹੇ ਭੇਤਾਂ ਦਾ ਵੀ ਰਾਜ਼ਦਾਰ ਹੁੰਦਾ ਹੈ ਜਿਹੜੇ ਆਮ ਲੋਕਾਂ ਵਿਚ ਕਦੀ ਵੀ ਨਹੀਂ ਜਾਣੇ ਹੁੰਦੇ, ਪਰ ਇਸ ਮਾਮਲੇ ਵਿਚ ਸੰਜੇ ਬਾਰੂ ਨੇ ਹਰ ਸੀਮਾ ਉਲੰਘ ਦਿੱਤੀ ਹੈ।
ਪ੍ਰਧਾਨ ਮੰਤਰੀ ਦੀਆਂ ਕਮਜ਼ੋਰੀਆਂ ਬਾਰੇ ਇਨ੍ਹੀਂ ਹੀ ਦਿਨੀਂ ਇਕ ਹੋਰ ਕਿਤਾਬ ਆਈ ਹੈ ਜਿਹੜੀ ਸਾਬਕਾ ਕੋਲਾ ਸਕੱਤਰ ਸੀæਪੀæ ਪਾਰਿਖ ਨੇ ਲਿਖੀ ਹੈ। ਇਸ ਕਿਤਾਬ ਵਿਚ ਵੀ ਬੜੇ ਖੁਲਾਸੇ ਹਨ। ਇਨ੍ਹਾਂ ਖੁਲਾਸਿਆਂ ਵਿਚੋਂ ਇਕ ਇਹ ਵੀ ਹੈ ਕਿ ਜੇ ਪ੍ਰਧਾਨ ਮੰਤਰੀ ਥੋੜ੍ਹੀ ਜਿਹੀ ਜੁਰਅਤ ਵੀ ਦਿਖਾਉਂਦੇ ਤਾਂ ਅਰਬਾਂ-ਖਰਬਾਂ ਦਾ ਕੋਲਾ ਘੁਟਾਲਾ ਹੋ ਹੀ ਨਹੀਂ ਸੀ ਸਕਦਾ, ਪਰ ਇਸ ਕਿਤਾਬ ਨੂੰ ਕਿਸੇ ਨੇ ਵੀ ਬਹੁਤਾ ਗੌਲਿਆ ਨਹੀਂ ਹੈ। ਇਸ ਦਾ ਮੁੱਖ ਕਾਰਨ ਇਹੀ ਹੈ ਕਿ ਕੋਈ ਵੀ ਖੁਲਾਸਾ ਨਵਾਂ ਨਹੀਂ ਹੈ। ਜੇ ਸੰਜੇ ਦੀ ਕਿਤਾਬ ਤੋਂ ਬਾਅਦ ਇੰਨਾ ਭੜਥੂ ਪਿਆ ਹੈ ਤਾਂ ਸੰਜੇ ਬਾਰੂ ਦੇ ਮੀਡੀਆ ਸਲਾਹਕਾਰ ਦੇ ਅਹੁਦੇ ਉਤੇ ਰਿਹਾ ਹੋਣ ਕਰ ਕੇ ਪਿਆ ਹੈ। ਇਸੇ ਕਰ ਕੇ ਹੀ ਨੈਤਿਕਤਾ-ਅਨੈਤਿਕਤਾ ਦਾ ਸਵਾਲ ਬਣਿਆ ਹੈ। ਕਿਸੇ ਕਿਤਾਬ ਜਾਂ ਲਿਖਤ ਨੇ ਨਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਕਲਗੀ ਲਾ ਦੇਣੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾ ਸਕਣਾ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਫੈਸਲਾ ਸਮੇਂ ਨੇ ਕਰਨਾ ਹੈ। ਜੇ ਬੇਕਿਰਕ ਹੋ ਕੇ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਫੈਸਲਾ ਤਾਂ ਹੋ ਚੁੱਕਾ ਹੈ। ਦਸ ਸਾਲ ਉਹ ਪ੍ਰਧਾਨ ਮੰਤਰੀ ਰਹੇ। 1991 ਤੋਂ ਲੈ ਕੇ ਹੁਣ ਤੱਕ, ਪਿਛਲੇ ਦੋ ਦਹਾਕਿਆਂ ਤੋਂ ਉਨ੍ਹਾਂ ਵੱਲੋਂ ਘੜੀਆਂ ਆਰਥਿਕ ਨੀਤੀਆਂ ਚੱਲ ਰਹੀਆਂ ਹਨ। ਹੁਣ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਹਾਲਤ ਇਹ ਹੈ ਕਿ ਸਭ ਕੁਝ ਵਿਕਣੇ ਲੱਗਿਆ ਹੋਇਆ ਹੈ। ਆਮ ਭਾਰਤੀ ਨਾਗਰਿਕ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਹਰ ਖੇਤਰ ਨਿਘਾਰ ਦੀਆਂ ਘਾਟੀਆਂ ਵੱਲ ਸਰਕ ਰਿਹਾ ਹੈ, ਪਰ ਡਾæ ਸਾਹਿਬ ਨੂੰ ਇਕ ਵਾਰ ਵੀ ਨਹੀਂ ਲੱਗਿਆ ਕਿ ਇਨ੍ਹਾਂ ਨੀਤੀਆਂ ਉਤੇ ਮੁੜ ਵਿਚਾਰ ਕਰ ਲੈਣਾ ਚਾਹੀਦਾ ਹੈ। ਸੋ, ਨੈਤਿਕਤਾ ਦਾ ਸਵਾਲ ਉਨ੍ਹਾਂ ਲਈ ਵੀ ਉਤਨਾ ਵੱਡਾ ਹੀ ਹੈ।

Be the first to comment

Leave a Reply

Your email address will not be published.