ਮਨਮੋਹਨ ਸਿੰਘ ਨੂੰ ਫਿਰ ਪੈ ਗਿਆ ਘੇਰਾ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਦੇ ਭਖੇ ਮਾਹੌਲ ਵਿਚ ਹੋਏ ਅਹਿਮ ਖੁਲਾਸਿਆਂ ਨੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਖੁਲਾਸੇ ਪ੍ਰਧਾਨ ਮੰਤਰੀ ਦੇ ਨਾਲ ਰਹੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਅਤੇ ਸਾਬਕਾ ਕੋਇਲਾ ਸਕੱਤਰ ਪੀæਸੀæ ਪਾਰਿਖ ਨੇ ਆਪਣੀਆਂ ਕਿਤਾਬਾਂ ਵਿਚ ਕੀਤੇ ਹਨ। ਇਨ੍ਹਾਂ ਕਿਤਾਬਾਂ ਵਿਚ ਉਠਾਏ ਸਵਾਲ ਭਾਵੇਂ ਪਹਿਲਾਂ ਵੀ ਉਠਦੇ ਰਹੇ ਹਨ, ਪਰ ਕਾਂਗਰਸ ਇਨ੍ਹਾਂ ਨੂੰ ਵਾਰ-ਵਾਰ ਖਾਰਜ ਕਰਦੀ ਆਈ ਹੈ। ਸੰਜੇ ਬਾਰੂ ਨੇ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਕਿ ਡਾæ ਮਨਮੋਹਨ ਸਿੰਘ ਨਾਮ ਦੇ ਹੀ ਪ੍ਰਧਾਨ ਮੰਤਰੀ ਹਨ। ਅਸਲ ਵਿਚ ਸਰਕਾਰ ਤਾਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਹੀ ਚਲਾ ਰਹੇ ਹਨ।
2004 ਤੋਂ 2008 ਤੱਕ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਨੇ ਆਪਣੀ ਕਿਤਾਬ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ-ਮੇਕਿੰਗ ਐਂਡ ਅਨਮੇਕਿੰਗ ਆਫ ਮਨਮੋਹਨ ਸਿੰਘ’ ਵਿਚ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਦੂਜੇ ਕਾਰਜਕਾਲ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਗੇ ਗੋਡੇ ਟੇਕ ਦਿੱਤੇ ਸਨ। ਪ੍ਰਧਾਨ ਮੰਤਰੀ ਦਫ਼ਤਰ ਮਹੱਤਵਪੂਰਨ ਫਾਈਲਾਂ ਲਈ ਸੋਨੀਆ ਗਾਂਧੀ ਦੀ ਹਦਾਇਤ ਲੈਂਦਾ ਸੀ।
ਇਸ ਦੇ ਨਾਲ ਹੀ ਸਾਬਕਾ ਕੋਇਲਾ ਸਕੱਤਰ ਪੀæਸੀæ ਪਾਰਿਖ ਨੇ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਕਿ ਜੇ ਪ੍ਰਧਾਨ ਮੰਤਰੀ ਕੋਇਲਾ ਬਲਾਕਾਂ ਦੀ ਖੁੱਲ੍ਹੀ ਬੋਲੀ ਸਮੇਤ ਆਰਥਿਕ ਸੁਧਾਰ ਲਾਗੂ ਕਰਨ ‘ਤੇ ਜ਼ੋਰ ਦਿੰਦੇ ਤਾਂ ਕੋਇਲਾ ਬਲਾਕਾਂ ਦੀ ਵੰਡ ਵਿਚ ਹੋਏ ਅਰਬਾਂ ਦੇ ਘੁਟਾਲੇ ਤੋਂ ਬਚਿਆ ਜਾ ਸਕਦਾ ਸੀ। ਕੋਇਲਾ ਘੁਟਾਲਾ ਤੇ ਦੂਜੀਆਂ ਸਚਾਈਆਂ ਬਾਰੇ 300 ਸਫ਼ਿਆਂ ਦੀ ਕਿਤਾਬ ਵਿਚ ਪੀæਸੀæ ਪਾਰਿਖ ਨੇ ਕੋਇਲਾ ਸਕੱਤਰ ਵਜੋਂ ਆਂਧਰਾ ਪ੍ਰਦੇਸ਼ ਸਰਕਾਰ ਦੇ ਵੱਖ-ਵੱਖ ਸਰਕਾਰੀ ਸੀਨੀਅਰ ਅਧਿਕਾਰੀਆਂ ਨੂੰ ਲਿਖੇ ਪੱਤਰਾਂ ਦੇ ਵੇਰਵੇ ਤੇ ਕਾਪੀਆਂ ਦੀ ਸੂਚੀ ਦਰਜ ਕੀਤੀ ਹੈ।
ਸ੍ਰੀ ਪਾਰਿਖ ਨੇ ਦਾਅਵਾ ਕੀਤਾ ਹੈ ਕਿ ਜੇ ਪ੍ਰਧਾਨ ਮੰਤਰੀ ਸੁਧਾਰਾਂ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਤਾਂ ਘੁਟਾਲਾ ਟਾਲਿਆ ਜਾ ਸਕਦਾ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜੇ ਕੋਇਲਾ ਬਲਾਕਾਂ ਦੀ ਨਿਲਾਮੀ ਖੁੱਲ੍ਹੇ ਬਾਜ਼ਾਰ ਵਿਚ ਹੁੰਦੀ ਤੇ ਕੋਲੇ ਦਾ ਈ-ਮੰਡੀਕਰਨ ਹੁੰਦਾ ਜਿਵੇਂ ਪ੍ਰਸਤਾਵ ਕੀਤਾ ਸੀ ਤਾਂ ਕੋਈ ਘੁਟਾਲਾ ਨਾ ਹੁੰਦਾ। ਉਨ੍ਹਾਂ ਨੇ ਕੁਝ ਖਾਸ ਕੰਪਨੀਆਂ ਦਾ ਖਾਸ ਖਿਆਲ ਰੱਖਣ ਦੇ ਇਲਜ਼ਾਮ ਵੀ ਲਾਏ ਹਨ।
ਵਿਰੋਧ ਧਿਰਾਂ ਨੇ ਇਸ ਮਾਮਲੇ ਨੂੰ ਚੋਣ ਮੁੱਦਾ ਬਣਾ ਕੇ ਕਾਂਗਰਸ ‘ਤੇ ਨਿਸ਼ਾਨੇ ਸੇਧਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਦਾ ਕਹਿਣਾ ਹੈ ਕਿ ਉਹ ਤਾਂ ਸ਼ੁਰੂ ਤੋਂ ਹੀ ਦਾਅਵਾ ਕਰਦੇ ਆ ਰਹੇ ਹਨ ਕਿ ਡਾæ ਮਨਮੋਹਨ ਸਿੰਘ ਨਾਂ ਦੇ ਪ੍ਰਧਾਨ ਮੰਤਰੀ ਹਨ, ਸਰਕਾਰ ਤਾਂ ਮੈਡਮ ਚਲਾ ਰਹੀ ਹੈ। ਦੂਜੇ ਪਾਸੇ ਕਾਂਗਰਸ ਇਸ ਨੂੰ ਸਾਜ਼ਿਸ਼ ਕਰਾਰ ਦੇ ਕੇ ਕਿਤਾਬ ਨੂੰ ਝੂਠ ਦਾ ਪੁਲੰਦਾ ਕਹਿ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸ੍ਰੀ ਬਾਰੂ ਚੋਣਾਂ ਮੌਕੇ ਭਾਜਪਾ ਦੇ ਸਿਆਸੀ ਏਜੰਡੇ ਨੂੰ ਲਿਆ ਰਹੇ ਹਨ ਤਾਂ ਜੋ ਸਰਕਾਰ ਤੇ ਕਾਂਗਰਸ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਅਹੁਦੇ ‘ਤੇ ਰਹਿੰਦੀਆਂ ਕਦੇ ਵੀ ਅਜਿਹੀ ਗੱਲ ਕਿਉਂ ਨਹੀਂ ਕੀਤੀ?

Be the first to comment

Leave a Reply

Your email address will not be published.