ਨਵੀਂ ਦਿੱਲੀ: ਕਾਂਗਰਸ ਅਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ‘ਗੁਜਰਾਤ ਮਾਡਲ’ ਦੀ ਆਲੋਚਨਾ ਕਰਨ ‘ਤੇ ਭਾਜਪਾ ਨੇ ਰਾਬਰਟ ਵਾਡਰਾ ਨੂੰ ਜ਼ਮੀਨ ਬੇਹੱਦ ਸਸਤੇ ਭਾਅ ਦੇਣ ਅਤੇ 2ਜੀ ਸਪੈਕਟਰਮ ਤੇ ਕੋਲਾ ਬਲਾਕਾਂ ਦੇ ਲਾਇਸੈਂਸ, ਅਯੋਗ ਕੰਪਨੀਆਂ ਨੂੰ ਦਿੱਤੇ ਜਾਣ ਬਾਰੇ ਸੁਆਲ ਕੀਤੇ ਹਨ। ਇਸੇ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਟੀæਵੀæ ਉਤੇ ਕੀਤੀ ਅਪੀਲ ਦੇ ਮਾਮਲੇ ‘ਤੇ ਵੀ ਭਾਜਪਾ ਨੇ ਕਾਂਗਰਸ ਨੂੰ ਘੇਰਨ ਦਾ ਯਤਨ ਕੀਤਾ ਹੈ ਜਦਕਿ ਕਾਂਗਰਸ ਨੇ ਮੋਦੀ ਦੀਆਂ ‘ਕਾਂਬਾ ਛੇੜਨ’ ਵਾਲੀਆਂ ਟਿੱਪਣੀਆਂ ਦੇ ਜੁਆਬ ਵਿਚ ਉਸ ਨੂੰ ‘ਤਾਨਾਸ਼ਾਹ’ ਕਰਾਰ ਦਿੱਤਾ ਹੈ।
ਭਾਜਪਾ ਦੇ ਤਰਜਮਾਨ ਪ੍ਰਕਾਸ਼ ਜਾਵੇਡਕਰ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਦੋਸ਼ ਲਾਉਂਦਿਆਂ ਘਰੋਂ ਤਿਆਰੀ ਕਰ ਕੇ ਆਉਣੀ ਚਾਹੀਦੀ ਸੀ ਕਿ 45000 ਏਕੜ ਜ਼ਮੀਨ ਗੁਜਰਾਤ ਵਿਚ ਮੋਦੀ ਸਰਕਾਰ ਨੇ ਇਕ ਰੁਪਏ ਦੇ ਭਾਅ ਸਨਅਤਕਾਰਾਂ ਨੂੰ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਸ਼ੰਕਰਸਿੰਹ ਵਘੇਲਾ ਸਰਕਾਰ ਨੇ (ਜੋ ਕਾਂਗਰਸ ਦੀ ਮੱਦਦ ਨਾਲ ਬਣੀ ਸੀ) ਦਿੱਤੀ ਸੀ। ਉਨ੍ਹਾਂ ਦੋਸ਼ ਲਾਏ ਕਿ ਰਾਸ਼ਟਰਪਤੀ ਭਵਨ ਨੇੜੇ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਸਸਤੇ ਭਾਅ ਜ਼ਮੀਨ ਦਿੱਤੀ ਗਈ ਹੈ, ਉਸ ਦੇ ਰਾਬਰਟ ਵਾਡਰਾ ਨਾਲ ਸਬੰਧ ਹਨ। ਭਾਜਪਾ ਆਗੂ ਨੇ ਇਹ ਵੀ ਸਵਾਲ ਕੀਤੇ ਹਨ ਕਿ 2ਜੀ ਸਪੈਕਟਰਮ ਅਤੇ ਕੋਲਾ ਬਲਾਕ ਅਯੋਗ ਕੰਪਨੀਆਂ ਨੂੰ ਕਿਉਂ ਦਿੱਤੇ ਗਏ?
ਧਨਬਾਦ ਤੇ ਹਜ਼ਾਰੀਬਾਗ ਵਿਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਵੀ ਰਾਹੁਲ ਦੀਆਂ ‘ਗੁਬਾਰਾ’ ਅਤੇ ‘ਟਾਫੀ’ ਟਿੱਪਣੀਆਂ ਨੂੰ ‘ਬਚਕਾਨਾ’ ਕਰਾਰ ਦਿੱਤਾ। ਭਾਗਲਪੁਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਬੀਬੀ ਸੋਨੀਆ ਦੀ ਟੀæਵੀæ ਅਪੀਲ ਲਈ ਵੀ ਕਾਂਗਰਸ ਦੀ ਰੱਜ ਕੇ ਆਲੋਚਨਾ ਕੀਤੀ ਅਤੇ ਕਿਹਾ ਹੈ ਕਿ ਅਚਾਨਕ ਸੋਨੀਆ ਨੂੰ ਚੋਣ ਮੁਹਿੰਮ ਦੀ ਕਮਾਨ ਸੰਭਾਲਣ ਲਈ ਅੱਗੇ ਆਉਣਾ ਪਿਆ ਹੈ। ਪਹਿਲਾਂ ਉਸ ਨੂੰ ਭਰੋਸਾ ਸੀ ਕਿ ਪੁੱਤਰ ਕੁੱਝ ਕਰੇਗਾ, ਪਰ ਅਜਿਹਾ ਨਾ ਹੋਣ ‘ਤੇ ਮਾਂ ਅੱਗੇ ਆ ਗਈ। ਇਸੇ ਤਰ੍ਹਾਂ ਅਰੁਣ ਜੇਤਲੀ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਹੈ ਕਿ ਹੁਣ ਕਾਂਗਰਸ ਕੋਲ “ਮੈਂ ਨਹੀਂ ਮੌਮ” ਦਾ ਨਾਅਰਾ ਆ ਗਿਆ ਹੈ। ਰਾਹੁਲ ਗਾਂਧੀ ਦੇ ਭਾਸ਼ਨ ਪਾਰਟੀ ਨੂੰ ‘ਕੰਮ ਕਰਦੇ’ ਨਹੀਂ ਲੱਗੇ, ਇਸ ਕਰ ਕੇ ਸੋਨੀਆ ਨੂੰ ਅੱਗੇ ਆਉਣਾ ਪਿਆ ਹੈ। ਇਹੀ ਨਹੀਂ, ਪਾਰਟੀ ਨੇ ਆਪਣਾ ਮੁੱਖ ਬੁਲਾਰਾ ਵੀ ਬਦਲ ਲਿਆ ਹੈ।
ਇਸੇ ਦੌਰਾਨ ਕਾਂਗਰਸ ਦੇ ਤਰਜਮਾਨ ਅਭਿਸ਼ੇਕ ਸਿੰਘ ਨੇ ਪਾਰਟੀ ਵੱਲੋਂ ਕਿਹਾ ਹੈ ਕਿ ਭਾਜਪਾ ਦੇ ਨਾਅਰੇ ‘ਹਰ ਹਰ ਮੋਦੀ’ ਦੀ ਥਾਂ ‘ਡਰ ਡਰ ਮੋਦੀ’ ਹੋਣਾ ਚਾਹੀਦਾ ਹੈ। ਪਾਰਟੀ ਨੇ ਮੋਦੀ ਦੇ ਇਸ ਬਿਆਨ ਦਾ ਮੌਜੂ ਬਣਾਇਆ ਹੈ ਕਿ ਉਸ ਦੇ ਸੱਤਾ ਵਿਚ ਆਉਣ ਦੀ ਸੰਭਾਵਨਾ ਨਾਲ ਹੀ ਸੱਤਾਧਾਰੀ ਪਾਰਟੀ ‘ਕੰਬਣ’ ਲੱਗੀ ਹੈ। ਕਾਂਗਰਸ ਨੇ ਮੋਦੀ ਨੂੰ ‘ਤਾਨਾਸ਼ਾਹ’ ਕਰਾਰ ਦਿੱਤਾ ਹੈ।
Leave a Reply