ਵੋਟਰਾਂ ਦੀ ਚੁਪ ਅਤੇ ਚੋਣ ਦ੍ਰਿਸ਼ਾਂ ਦੇ ਮਾਹਰ

-ਜਤਿੰਦਰ ਪਨੂੰ
ਅਜੇ ਇਹ ਅੰਦਾਜ਼ੇ ਲਾਉਣ ਦਾ ਵਕਤ ਨਹੀਂ ਆਇਆ ਕਿ ਅਗਲੇ ਮਹੀਨੇ ਦੀ ਮੱਧ ਰੇਖਾ ਉਤੇ ਖੜੋ ਕੇ ਦੇਸ਼ ਦੇ ਲੋਕਾਂ ਦਾ ਜਿਹੜਾ ਫਤਵਾ ਪੇਸ਼ ਹੋਵੇਗਾ, ਉਸ ਦੇ ਪਿੱਛੋਂ ਭਾਰਤ ਦੀ ਰਾਜਸੀ ਦਿੱਖ ਕਿੱਦਾਂ ਦੀ ਹੋਵੇਗੀ, ਪਰ ਅੰਦਾਜ਼ੇ ਕੁਝ ਲੋਕਾਂ ਵੱਲੋਂ ਹੁਣੇ ਤੋਂ ਲੱਗਣ ਲੱਗ ਪਏ ਹਨ। ਚੋਣ ਸਰਵੇਖਣਾਂ ਦਾ ਨਾਟਕ ਕਰਨ ਵਾਲੇ ਉਨ੍ਹਾਂ ਅਖੌਤੀ ਮਾਹਰਾਂ ਦੀ ਗੱਲ ਅਸੀਂ ਨਹੀਂ ਕਰਦੇ, ਜਿਨ੍ਹਾਂ ਨੇ ਇੱਕ ਜਾਂ ਦੂਸਰੇ ਪਾਸੇ ਦੀ ਚੜ੍ਹਤ ਲਈ ਸਰਵੇਖਣ ਪੇਸ਼ ਕਰਨ ਵਾਸਤੇ ਸਾਈ ਫੜੀ ਹੁੰਦੀ ਹੈ ਤੇ ਉਸੇ ਮੁਤਾਬਕ ਪੇਸ਼ਕਾਰੀ ਕਰੀ ਜਾਂਦੇ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਸਰਵੇਖਣ ਕਰਨ ਲਈ ਜਾਣਿਆ ਜਾਂਦਾ ਬੰਦਾ ਇਸ ਵਾਰ ਨਕਸ਼ੇ ਤੋਂ ਪਿੱਛੇ ਚਲਾ ਗਿਆ ਹੈ, ਕਿਉਂਕਿ ਦੋ ਮਹੀਨੇ ਪਹਿਲਾਂ ਇੱਕ ਸਟਿੰਗ ਅਪਰੇਸ਼ਨ ਵਿਚ ਉਸ ਬਾਰੇ ਇਹ ਸੱਚ ਜ਼ਾਹਰ ਹੋ ਗਿਆ ਸੀ ਕਿ ਉਹ ਸਰਵੇਖਣ ਨਹੀਂ ਕਰਦਾ, ਸਗੋਂ ਜਿਹੋ ਜਿਹੀ ਸਰਵੇਖਣ ਰਿਪੋਰਟ ਪੇਸ਼ ਕਰਨ ਦਾ ਸੌਦਾ ਮਾਰਿਆ ਜਾਵੇ, ਉਸ ਤਰ੍ਹਾਂ ਦੀ ਬਣਾ ਕੇ ਫੜਾ ਦੇਂਦਾ ਹੈ। ਹੁਣ ਉਹ ਬਾਹਰਲੇ ਦ੍ਰਿਸ਼ ਤੋਂ ਲਾਂਭੇ ਹੈ, ਪਰ ਜਿਵੇਂ ਸਕਰੀਨ ਉਤੇ ਪ੍ਰਿਅੰਕਾ ਚੋਪੜਾ ਗਾਉਂਦੀ ਜਾਪਦੀ ਹੈ ਤੇ ਪਰਦੇ ਪਿੱਛੇ ਅਸਲੀ ਗੀਤ ਲਤਾ ਮੰਗੇਸ਼ਕਰ ਨੇ ਗਾਇਆ ਹੁੰਦਾ ਹੈ, ਉਹ ਬੰਦਾ ਵੀ ਪੂਰੀ ਬਦਨਾਮੀ ਦੇ ਬਾਵਜੂਦ ਕੁਝ ਏਜੰਸੀਆਂ ਦੇ ਪਿੱਛੇ ਬੈਠ ਕੇ ਪਲੇ-ਬੈਕ ਸਿੰਗਰ ਵਾਂਗ ਸਾਰੀਆਂ ਘਾੜਤਾਂ ਅਜੇ ਤੱਕ ਘੜੀ ਜਾ ਰਿਹਾ ਹੈ।
ਪਿਛਲੇ ਦਿਨੀਂ ਜਦੋਂ ਬਾਕੀ ਚੋਣ ਸਰਵੇਖਣਾਂ ਦੀ ਰਿਪੋਰਟ ਹਾਲੇ ਭਾਜਪਾ ਗੱਠਜੋੜ ਨੂੰ ਦੋ ਸੌ ਦਸ ਸੀਟਾਂ ਤੱਕ ਪੁਚਾ ਰਹੀ ਸੀ, ਇੱਕ ਸਰਵੇਖਣ ਦੀ ਰਿਪੋਰਟ ਨੇ ਭਾਜਪਾ ਵਾਲਾ ਗੱਠਜੋੜ ਤਿੰਨ ਸੌ ਤੋਂ ਵੱਧ ਸੀਟਾਂ ਤੱਕ ਜਾਂਦਾ ਵਿਖਾ ਦਿੱਤਾ। ਅਗਲੇ ਦਿਨ ਖਬਰ ਆ ਗਈ ਕਿ ਇਸ ਸਰਵੇਖਣ ਦਾ ਕੰਪਿਊਟਰੀ ਕੰਮ ਉਸੇ ਸੱਜਣ ਦੀ ਏਜੰਸੀ ਤੋਂ ਕਰਵਾਇਆ ਗਿਆ ਸੀ। ਚੋਰ ਚੋਰੀ ਕਰਨੀ ਛੱਡ ਜਾਵੇ ਤਾਂ ਹੇਰਾਫੇਰੀ ਕਰਨੀ ਫੇਰ ਵੀ ਨਹੀਂ ਛੱਡਦਾ ਹੁੰਦਾ। ਮੀਡੀਏ ਵਿਚ ਏਦਾਂ ਦੇ ਕਿਸੇ ਦਾ ਦਿੱਤਾ ਖਾਣ ਵਾਲੇ ਬਹੁਤ ਹਨ। ਜੇ ਉਹ ਭਾਜਪਾ ਦੇ ਪੱਖ ਵਿਚ ਰਿਪੋਰਟਾਂ ਦੇ ਰਿਹਾ ਹੈ ਤਾਂ ਕਾਂਗਰਸ ਦੇ ਪੱਖ ਵਿਚ ਰਿਪੋਰਟਾਂ ਦੇਣ ਵਾਲੇ ਵੀ ਥੋੜ੍ਹੇ ਨਹੀਂ ਹਨ।
ਹਾਲਾਤ ਦੇ ਵਹਿਣ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਕਿਤੇ ਵੋਟਾਂ ਪੈ ਜਾਂਦੀਆਂ ਹਨ। ਇਸ ਹਫਤੇ ਦੌਰਾਨ ਵੋਟਾਂ ਦੇ ਪਹਿਲੇ ਚਾਰ ਪੜਾਅ ਗੁਜ਼ਰੇ ਹਨ ਅਤੇ ਕੁੱਲ ਮਿਲਾ ਕੇ ਇੱਕ ਸੌ ਤੋਂ ਵੱਧ ਸੀਟਾਂ ਲਈ ਲੋਕਾਂ ਦੀ ਰਾਏ ਵੋਟ ਮਸ਼ੀਨਾਂ ਵਿਚ ਬੰਦ ਹੋ ਚੁੱਕੀ ਹੈ। ਵੋਟਾਂ ਪੈਣ ਪਿੱਛੋਂ ਆਈਆਂ ਰਿਪੋਰਟਾਂ ਉਥੋਂ ਬਾਰੇ ਅਗਾਊਂ ਪ੍ਰਚਾਰ ਨਾਲ ਮੇਲ ਨਹੀਂ ਖਾਂਦੀਆਂ। ਮਿਸਾਲ ਵਜੋਂ ਦਿੱਲੀ ਵਿਚ ਦਸ ਅਪਰੈਲ ਨੂੰ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਤੱਕ ਸਾਰਾ ਮੀਡੀਆ ਇਹ ਖਬਰਾਂ ਦੇ ਰਿਹਾ ਸੀ ਕਿ ਉਥੇ ਕਾਂਗਰਸ ਪਾਰਟੀ ਨੇ ਆਪਣੀ ਪਿਛਲੀ ਪਛੇਤ ਛੱਡ ਦਿੱਤੀ ਤੇ ਬੜੀ ਤੇਜ਼ੀ ਨਾਲ ਉਭਰ ਕੇ ਭਾਜਪਾ ਨਾਲ ਫਿਰ ਸਾਂਵੀਂ ਟੱਕਰ ਵਿਚ ਆ ਗਈ ਹੈ। ਆਮ ਆਦਮੀ ਪਾਰਟੀ ਨੂੰ ਲੇਖੇ ਤੋਂ ਬਾਹਰ ਕੀਤਾ ਪਿਆ ਸੀ। ਵੋਟਾਂ ਪੈਣ ਤੋਂ ਅਗਲੇ ਦਿਨ ਦੀਆਂ ਰਿਪੋਰਟਾਂ ਵਿਚ ਇਹ ਗੱਲ ਲੁਕਾ ਕੇ ਲਿਖੀ ਹੋਈ ਵੀ ਲੱਭ ਜਾਂਦੀ ਸੀ ਕਿ ਮੁਕਾਬਲਾ ਭਾਜਪਾ ਤੇ ਆਮ ਆਦਮੀ ਪਾਰਟੀ ਵਿਚ ਜਾਪਣ ਲੱਗ ਪਿਆ ਹੈ, ਕਾਂਗਰਸ ਤੀਸਰੀ ਥਾਂ ਫਿਰਦੀ ਹੈ।
ਦੱਖਣ ਦੇ ਰਾਜ ਕੇਰਲਾ ਵੱਲ ਹਰ ਕਿਸੇ ਦੀ ਅੱਖ ਲੱਗੀ ਹੋਈ ਸੀ, ਜਿਸ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਹੁਣ ਤੱਕ ਉਥੇ ਫਿਰਕਾਪ੍ਰਸਤੀ ਦੇ ਨਗਾਰੇ ਵਜਾਉਣ ਵਾਲਿਆਂ ਦੇ ਪੈਰ ਕਦੀ ਨਹੀਂ ਲੱਗ ਸਕੇ ਤੇ ਕਾਂਗਰਸ ਅਤੇ ਕਮਿਊਨਿਸਟਾਂ ਵਿਚ ਹੀ ਸਿਆਸੀ ਟੱਕਰ ਹੁੰਦੀ ਰਹੀ ਸੀ। ਦੂਸਰਾ ਇਹ ਕਿ ਇਸ ਵਾਰੀ ਆਰ ਐਸ ਐਸ ਵੱਲੋਂ ਸਾਰਾ ਕਾਡਰ ਝੋਕ ਕੇ ਉਥੇ ਨਰਿੰਦਰ ਮੋਦੀ ਦੀ ਆਮਦ ਵੇਲੇ ਏਨੇ ਭਾਰੇ ਜਲਸੇ ਕਰਵਾਏ ਗਏ, ਜਿੰਨੇ ਅੱਜ ਤੱਕ ਕਦੀ ਨਹੀਂ ਸਨ ਹੋਏ। ਆਰ ਐਸ ਐਸ ਵਾਲਾ ਕਾਡਰ ਉਥੇ ਲਵ-ਜਹਾਦ, ਪਿਆਰ ਦੇ ਬਹਾਨੇ ਮੁਸਲਮਾਨ ਨੌਜਵਾਨਾਂ ਵੱਲੋਂ ਹਿੰਦੂ ਕੁੜੀਆਂ ਨੂੰ ਫਸਾਉਣ ਦਾ ਮੁੱਦਾ, ਵੀ ਬਣਾਉਂਦਾ ਰਿਹਾ। ਇਸ ਪ੍ਰਭਾਵ ਹੇਠ ਮੀਡੀਏ ਦਾ ਇੱਕ ਹਿੱਸਾ ਇਹ ਲਿਖਣ ਲੱਗ ਪਿਆ ਕਿ ਇਸ ਵਾਰੀ ਕੇਰਲਾ ਵਿਚ ਭਾਜਪਾ ਤਕੜੀ ਹੋ ਗਈ ਹੈ, ਪਰ ਵੋਟਾਂ ਪੈਣ ਤੋਂ ਅਗਲੇ ਦਿਨ ਮੰਨ ਵੀ ਲਿਆ ਕਿ ਉਥੇ ਮੁਕਾਬਲਾ ਫਿਰ ਕਾਂਗਰਸ ਤੇ ਖੱਬੇ-ਪੱਖੀਆਂ ਵਿਚਾਲੇ ਹੀ ਰਿਹਾ ਹੈ, ਭਾਜਪਾ ਦੇ ਪੈਰ ਨਹੀਂ ਲੱਗ ਸਕੇ।
ਜਦੋਂ ਕਿਸ਼ਤੀ ਹਾਲੇ ਮੰਝਧਾਰ ਵਿਚ ਹੋਵੇ, ਉਦੋਂ ਚੱਪੂ ਚੱਲਦੇ ਵੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਪਾਰ ਲੱਗ ਜਾਵੇਗੀ ਜਾਂ ਨਹੀਂ, ਸਗੋਂ ਘੁੰਮਣਘੇਰੀ ਤੋਂ ਬਾਹਰ ਪੱਧਰੇ ਪਾਣੀਆਂ ਤੀਕਰ ਉਸ ਦੇ ਆ ਜਾਣ ਲਈ ਉਡੀਕ ਕਰਨੀ ਪੈਂਦੀ ਹੈ। ਇਸ ਵਾਰੀ ਦੀਆਂ ਚੋਣਾਂ ਦਾ ਨਵਾਂ ਪੱਖ ਇਹ ਹੈ ਕਿ ਪਹਿਲੀਆਂ ਦੋ ਰਵਾਇਤੀ ਧਿਰਾਂ ਨਾਲ ਸਿੱਧਾ ਭੇੜ ਭਿੜਨ ਲਈ ਇੱਕ ਇਹੋ ਜਿਹੀ ਧਿਰ ਨਿਕਲ ਆਈ ਹੈ, ਜਿਹੜੀ ਦੇਸ਼ ਨੂੰ ਲੁੱਟ ਰਹੀ ਸਰਮਾਏਦਾਰੀ ਉਪਰ ਸਿੱਧੀ ਚੋਟ ਕਰ ਰਹੀ ਹੈ। ਏਦਾਂ ਦੀ ਚੋਟ ਕਮਿਊਨਿਸਟ ਕਰਦੇ ਹੁੰਦੇ ਸਨ, ਅੱਜ ਵੀ ਕਰਦੇ ਹਨ, ਪਰ ਉਨ੍ਹਾਂ ਦੀ ਅਤੇ ਇਸ ਨਵੀਂ ਧਿਰ ਦੀ ਸੁਰ ਤੇ ਪਹੁੰਚ ਦਾ ਵੱਡਾ ਫਰਕ ਹੈ। ਕਮਿਊਨਿਸਟ ਇਸ ਕੰਮ ਦੇ ਨਾਲ ਅਲੋਕਾਰ ਸਮਾਜੀ ਤੇ ਸਿਆਸੀ ਪ੍ਰਬੰਧ ਸਿਰਜਣ ਦੀ ਗੱਲ ਕਰਦੇ ਸਨ, ਜਦ ਕਿ ਇਹ ਨਵੀਂ ਧਿਰ ਕਿਸੇ ਨਵੇਂ ਪ੍ਰਬੰਧ ਦੀ ਕੋਈ ਗੱਲ ਕੀਤੇ ਬਿਨਾਂ ਸਿੱਧਾ ਇਹ ਕਹਿ ਰਹੀ ਹੈ ਕਿ ਜਿਹੜਾ ਸੰਵਿਧਾਨ ਇਸ ਦੇਸ਼ ਨੇ ਅਪਣਾਇਆ ਹੈ, ਉਹੋ ਪੂਰਾ ਲਾਗੂ ਕੀਤਾ ਜਾਵੇ। ਨਵੀਂ ਧਿਰ ਵਾਲੇ ਇਹ ਕਹਿੰਦੇ ਹਨ ਕਿ ਭਾਰਤ ਦੀ ਰਾਜਨੀਤੀ ਵਿਚ ਲਗਾਤਾਰ ਭਿੜਦੀਆਂ ਮੁੱਖ ਧਿਰਾਂ ਨੇ ਦੇਸ਼ ਦੇ ਸੰਵਿਧਾਨ ਨੂੰ ਸਿਰਫ ਸਤਿਕਾਰ ਦਾ ਵਿਖਾਵਾ ਕਰਨ ਲਈ ਰੱਖ ਲਿਆ ਹੈ, ਇਸ ਉਤੇ ਅਮਲ ਤੋਂ ਮੁੱਖ ਮੋੜ ਗਈਆਂ ਹਨ। ਜਿਹੜੇ ਲੋਕਾਂ ਨੂੰ ਕਮਿਊਨਿਸਟਾਂ ਦੇ ਖਿਲਾਫ ਹੋਰ ਕੋਈ ਗੱਲ ਨਹੀਂ ਸੀ ਲੱਭਦੀ ਹੁੰਦੀ, ਉਹ ਸਿਰਫ ਇਸ ਗੱਲ ਨੂੰ ਲੋਕਾਂ ਵਿਚ ਮੁੱਦਾ ਬਣਾਉਣ ਤੁਰ ਪੈਂਦੇ ਸਨ ਕਿ ਕਮਿਊਨਿਸਟ ਤਾਂ ਰੱਬ ਨੂੰ ਨਹੀਂ ਮੰਨਦੇ। ਧਰਮ ਦੀ ਧੂੜਾਂ-ਪੁੱਟ ਦੁਰਵਰਤੋਂ ਕਰਨ ਵਾਲੇ ਸਿਆਸੀ ਆਗੂ ਜਿਵੇਂ ਕਮਿਊਨਿਸਟਾਂ ਬਾਰੇ ਇਹੋ ਜਿਹਾ ਮੁੱਦਾ ਘੜ ਸਕਦੇ ਸਨ, ਇਸ ਨਵੀਂ ਉਠੀ ਧਿਰ ਬਾਰੇ ਉਸ ਬਣੀ-ਬਣਾਈ ਧਾਰਨਾ ਵਾਲਾ ਇਹੋ ਜਿਹਾ ਮੁੱਦਾ ਵੀ ਨਹੀਂ ਚੁੱਕ ਸਕਦੇ।
ਬਦਕਿਸਮਤੀ ਨਾਲ ਇਹ ਨਵੀਂ ਧਿਰ ਦੋ ਗੱਲਾਂ ਤੋਂ ਊਣੀ ਹੈ। ਪਹਿਲੀ ਗੱਲ ਇਹ ਕਿ ਮੁੱਦੇ ਤਾਂ ਕਮਿਊਨਿਸਟਾਂ ਵਾਲੇ ਇਹ ਧਿਰ ਚੁੱਕਦੀ ਰਹੀ, ਪਰ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਝਿਜਕਦੀ ਰਹੀ ਹੈ। ਦੂਸਰੀ ਇਹ ਕਿ ਅਜੇ ਤੱਕ ਆਮ ਆਦਮੀ ਪਾਰਟੀ ਵੱਡੇ ਸ਼ਹਿਰਾਂ ਤੋਂ ਬਾਹਰ ਨਹੀਂ ਨਿਕਲ ਸਕੀ। ਇਸ ਦੇ ਬਾਵਜੂਦ ਇਸ ਦਾ ਮੁਖੀ ਜਿਸ ਵੀ ਰਾਜ ਅਤੇ ਜਿਸ ਵੀ ਹਲਕੇ ਵਿਚ ਜਾਂਦਾ ਹੈ, ਉਸ ਨਾਲ ਭੀੜਾਂ ਤੁਰ ਪੈਂਦੀਆਂ ਹਨ। ਰਵਾਇਤੀ ਧਿਰਾਂ ਵਾਲਿਆਂ ਨੂੰ ਇਨ੍ਹਾਂ ਭੀੜਾਂ ਦੇ ਕਾਰਨ ਇਸ ਨਵੀਂ ਧਿਰ ਦਾ ਜ਼ਿਕਰ ਹਰ ਥਾਂ ਕਰਨਾ ਪੈ ਰਿਹਾ ਹੈ। ਬਦਕਿਸਮਤੀ ਇਸ ਨਵੀਂ ਧਿਰ ਦੀ ਇਹ ਵੀ ਹੈ ਕਿ ਇਸ ਦੇ ਉਭਾਰ ਦੌਰਾਨ ਹੀ ਇਸ ਨੂੰ ਕੇਰਾ ਲੱਗਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਦਰਜਨ ਤੋਂ ਵੱਧ ਥਾਂਵਾਂ ਉਤੇ ਇਸ ਦੇ ਉਮੀਦਵਾਰ ਟਿਕਟ ਲੈ ਕੇ ਚੋਣ ਮੈਦਾਨ ਖਾਲੀ ਕਰ ਗਏ ਹਨ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦੇ ਮੁਕਾਬਲੇ ਜਿਸ ਬੰਦੇ ਨੂੰ ਖੜਾ ਕੀਤਾ ਗਿਆ, ਉਹ ਖੁਰਸ਼ੀਦ ਦੇ ਹੱਕ ਵਿਚ ਬੈਠ ਗਿਆ ਅਤੇ ਬਾਅਦ ਵਿਚ ਇਹ ਖਬਰ ਆਈ ਕਿ ਬੰਦਾ ਹੀ ਖੁਰਸ਼ੀਦ ਦਾ ਆਪਣਾ ਸੀ, ਜਿਹੜਾ ਇਹੋ ਜਿਹੇ ਮੌਕੇ ਕੰਮ ਲੈਣ ਲਈ ਅਰਵਿੰਦ ਕੇਜਰੀਵਾਲ ਦੇ ਨਾਲ ਉਸ ਨੇ ਜੋੜਿਆ ਸੀ। ਏਦਾਂ ਦੇ ਕਈ ਹੋਰ ਵੀ ਦੱਸੇ ਜਾਂਦੇ ਹਨ।
ਅਰਵਿੰਦ ਕੇਜਰੀਵਾਲ ਮੁੱਦੇ ਪੇਸ਼ ਕਰਨੇ ਜਾਣਦਾ ਹੈ ਤੇ ਉਨ੍ਹਾਂ ਨਾਲ ਅੰਕੜੇ ਜੋੜ ਕੇ ਕਿਸੇ ਧਿਰ ਨੂੰ ਭਾਜੜ ਵੀ ਪਾ ਸਕਦਾ ਹੈ, ਪਰ ਰਾਜਨੀਤੀ ਵਿਚ ਆਪਣੇ ਅਤੇ ਪਰਾਏ ਦੇ ਨਕਸ਼ ਪਛਾਨਣ ਜੋਗਾ ਅਜੇ ਨਹੀਂ ਹੋਇਆ। ਏਸੇ ਲਈ ਉਸ ਨੇ ਕੁਝ ਥਾਂਈਂ ਇਹੋ ਜਿਹੀਆਂ ਗੱਲਾਂ ਕਹਿ ਦਿੱਤੀਆਂ, ਜਿਹੜੀਆਂ ਉਸ ਦਾ ਕੱਚ-ਘਰੜ ਹੋਣਾ ਜ਼ਾਹਰ ਕਰਦੀਆਂ ਸਨ। ਮਿਸਾਲ ਦੇ ਤੌਰ ਉਤੇ ਇੱਕ ਥਾਂ ਸਨਅਤਕਾਰਾਂ ਦੇ ਸਮਾਗਮ ਵਿਚ ਗਿਆ ਤਾਂ ਉਥੇ ਸਮਾਗਮ ਮੁੱਕਣ ਪਿੱਛੋਂ ਚਾਹ ਦਾ ਕੱਪ ਪੀਣ ਬੈਠ ਗਿਆ। ਇੱਕ ਨਿੱਜੀ ਨੇੜ ਵਾਲੇ ਬੰਦੇ ਨੇ ਗੱਲ ਛੇੜ ਲਈ ਕਿ ਜੇ ਆਮ ਆਦਮੀ ਪਾਰਟੀ ਕੋਲ ਲੋੜ ਜੋਗੀਆਂ ਸੀਟਾਂ ਨਾ ਆ ਸਕੀਆਂ, ਉਸ ਮੌਕੇ ਬਾਰੇ ਵੀ ਅਗਾਊਂ ਹੀ ਸੋਚ ਲੈਣਾ ਚਾਹੀਦਾ ਹੈ। ਕੇਜਰੀਵਾਲ ਇਹ ਕਹਿ ਕੇ ਸਾਰ ਸਕਦਾ ਸੀ ਕਿ ਇਹੋ ਜਿਹਾ ਮੌਕਾ ਆਵੇਗਾ ਤਾਂ ਸੋਚ ਲਵਾਂਗੇ, ਪਰ ਉਹ ਇਸ ਦੀ ਥਾਂ ਇਹ ਕਹਿ ਗਿਆ ਕਿ ਇਸ ਬਾਰੇ ਵੀ ਅਸੀਂ ਸੋਚਿਆ ਹੋਇਆ ਹੈ। ਅਗਲੇ ਨੇ ਦੂਸਰਾ ਸਵਾਲ ਕਰ ਦਿੱਤਾ ਕਿ ਜੇ ਕਾਂਗਰਸ ਜਾਂ ਭਾਜਪਾ ਦੋਵਾਂ ਵਿਚੋਂ ਕਿਸੇ ਇੱਕ ਦੀ ਚੋਣ ਕਰਨੀ ਪੈ ਗਈ ਤਾਂ ਕਿਸ ਨੂੰ ਪਹਿਲ ਦਿਓਗੇ? ਦੋ ਵਾਰੀ ਸਵਾਲ ਨੂੰ ਟਾਲਣ ਮਗਰੋਂ ਕੇਜਰੀਵਾਲ ਨੇ ਇੱਕ ਪਾਰਟੀ ਦਾ ਨਾਂ ਲੈ ਦਿੱਤਾ। ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਵਾਲ ਦੋਸਤੀ ਵਿਚ ਨਹੀਂ ਕੀਤੇ ਗਏ, ਸਗੋਂ ਕਹਿ ਕੇ ਕਰਵਾਏ ਜਾ ਰਹੇ ਹਨ ਤੇ ਨਾਲ ਦੀ ਨਾਲ ਇੱਕ ਬੰਦਾ ਇਨ੍ਹਾਂ ਦੀ ਰਿਕਾਰਡਿੰਗ ਕਰਨ ਦਾ ਕੰਮ ਵੀ ਕਰ ਰਿਹਾ ਹੈ। ਜਦੋਂ ਇਹ ਰਿਕਾਰਡਿੰਗ ਸਾਹਮਣੇ ਆਈ ਤਾਂ ਵਿਵਾਦ ਦਾ ਵਿਸ਼ਾ ਬਣ ਗਈ।
ਹੁਣ ਤੱਕ ਜਿਹੜੇ ਸਰਵੇਖਣ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਭਾਜਪਾ ਨੂੰ ਭਾਰਤ ਦੀ ਕਮਾਨ ਬਦੋਬਦੀ ਦੇਣ ਵਾਲੇ ਕਿਰਾਏ ਦੀ ਏਜੰਸੀ ਵਾਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਕੋਈ ਸਿੱਧਾ ਸੰਕੇਤ ਸਮੁੱਚੇ ਦੇਸ਼ ਵਿਚ ਇੱਕੋ ਰੰਗ ਵਾਲੀ ਲਹਿਰ ਦਾ ਅਜੇ ਤੱਕ ਨਹੀਂ ਮਿਲਦਾ। ਜਿਵੇਂ ਸਾਉਣ ਦੀ ਗਹਿਰੀ ਝੜੀ ਲੱਗੀ ਤੋਂ ਵੀ ਕਈ ਵਾਰ ਬੰਨੇ ਨਾਲ ਬੰਨਾ ਛੱਡ ਕੇ ਮੀਂਹ ਵਰ੍ਹ ਜਾਂਦਾ ਹੈ, ਇਸ ਤਰ੍ਹਾਂ ਦਾ ਰੰਗ ਹੁਣ ਵੀ ਵੱਖੋ-ਵੱਖ ਰਾਜਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ।
ਸਥਿਤੀ ਦਾ ਸਭ ਤੋਂ ਮਾੜਾ ਜੇ ਕੋਈ ਪੱਖ ਹੈ ਤਾਂ ਉਹ ਇਹ ਕਿ ਸੋਨੀਆ ਗਾਂਧੀ ਦੇ ਪੁੱਤਰ ਨੇ ਅਜੇ ਤੱਕ ਅਕਲ ਦੀ ਗੱਲ ਕਰਨੀ ਨਹੀਂ ਸਿੱਖੀ ਅਤੇ ਬੀਬੀ ਦੇ ਜਵਾਈ ਦੇ ਕਿੱਸੇ ਕਾਂਗਰਸ ਪਾਰਟੀ ਦਾ ਬੇੜਾ ਡੋਬਣ ਵਾਲੇ ਹਨ। ਰਾਹੁਲ ਗਾਂਧੀ ਨੇ ਇਸ ਹਫਤੇ ਦੋ ਮੁੱਦੇ ਬੜੇ ਜੋਸ਼ ਨਾਲ ਉਭਾਰੇ। ਇਨ੍ਹਾਂ ਵਿਚੋਂ ਇੱਕ ਨਰਿੰਦਰ ਮੋਦੀ ਦਾ ਆਪਣੀ ਪਤਨੀ ਬਾਰੇ ਪਹਿਲਾਂ ਚੁੱਪ ਰਹਿਣ ਤੇ ਫਿਰ ਆਪਣੇ ਵਿਆਹ ਦਾ ਇਕਬਾਲ ਕਰਨ ਦਾ ਸੀ ਅਤੇ ਦੂਸਰਾ ਨਰਿੰਦਰ ਮੋਦੀ ਅਤੇ ਇੱਕ ਵੱਡੇ ਸਨਅਤਕਾਰ ਅਦਾਨੀ ਦੇ ਸਬੰਧਾਂ ਦਾ ਸੀ। ਮੋਦੀ ਦੇ ਵਿਆਹ ਵਾਲੇ ਸਵਾਲ ਉਤੇ ਭਾਜਪਾ ਕੁਝ ਮੁਸ਼ਕਲ ਵਿਚ ਪੈ ਗਈ ਜਾਪਦੀ ਸੀ, ਹਾਲਾਂਕਿ ਉਸ ਨੇ ਇਸ ਤੋਂ ਬਾਅਦ ਪੰਡਿਤ ਨਹਿਰੂ ਤੇ ਲੇਡੀ ਐਡਵਿਨਾ ਮਾਊਂਟਬੈਟਨ ਦੇ ਬਾਰੇ ਵੀ ਮੋੜਵਾਂ ਵਾਰ ਕਰਨ ਵਿਚ ਦੇਰ ਨਹੀਂ ਕੀਤੀ। ਫਿਰ ਵੀ ਵੱਡਾ ਮੁੱਦਾ ਅਦਾਨੀ ਅਤੇ ਮੋਦੀ ਦੇ ਸਬੰਧਾਂ ਦਾ ਸੀ। ਰਾਹੁਲ ਨੇ ਇਸ ਦਾ ਜ਼ਿਕਰ ਅਰਵਿੰਦ ਕੇਜਰੀਵਾਲ ਵਾਲੀ ਬੋਲੀ ਵਿਚ ਕੀਤਾ, ਪਰ ਉਹ ਭੁੱਲ ਗਿਆ ਕਿ ਉਹ ਰਾਹੁਲ ਗਾਂਧੀ ਹੈ, ਕੇਜਰੀਵਾਲ ਨਹੀਂ। ਕੇਜਰੀਵਾਲ ਦੇ ਉਤੇ ਕੋਈ ਦੋਸ਼ ਨਹੀਂ ਸੀ ਲੱਗਣਾ ਤੇ ਰਾਹੁਲ ਨੂੰ ਪੱਤਰਕਾਰਾਂ ਨੇ ਝੱਟ ਸਵਾਲ ਕਰ ਦਿੱਤਾ ਕਿ ਜਿਸ ਅਦਾਨੀ ਨਾਲ ਮੋਦੀ ਦੇ ਸਬੰਧਾਂ ਦੀ ਤੂੰ ਚਰਚਾ ਛੇੜੀ ਹੈ, ਉਸ ਨਾਲ ਤੇਰੇ ਬਹਿਨੋਈ ਰਾਬਰਟ ਵਾਡਰਾ ਨੇ ਵੀ ਮੀਟਿੰਗ ਕੀਤੀ ਸੀ ਤੇ ਇਸ ਮੀਟਿੰਗ ਲਈ ਉਸ ਨੂੰ ਲੈਣ ਵਾਸਤੇ ਜਹਾਜ਼ ਵੀ ਅਦਾਨੀ ਨੇ ਭੇਜਿਆ ਸੀ, ਉਸ ਦੇ ਬਾਰੇ ਕੀ ਖਿਆਲ ਹੈ? ਇਹ ਤਾਂ ਹੋ ਨਹੀਂ ਸਕਦਾ ਕਿ ਰਾਹੁਲ ਗਾਂਧੀ ਨੂੰ ਆਪਣੇ ਭੈਣ-ਭਣਵੱਈਏ ਬਾਰੇ ਇਹ ਪਤਾ ਨਾ ਹੋਵੇ ਕਿ ਉਹ ਮੋਦੀ ਦੇ ਖਾਸ-ਉਲ-ਖਾਸ ਅਦਾਨੀ ਨੂੰ ਮਿਲਦੇ ਹਨ। ਭਖੇ ਹੋਏ ਚੋਣ ਮੈਦਾਨ ਵਿਚ ਉਤਰਨ ਦੇ ਵਕਤ ਤੱਕ ਰਾਹੁਲ ਗਾਂਧੀ ਨੂੰ ਜਿਹੜੀ ਸੂਝ ਦਾ ਸਬੂਤ ਦੇਣਾ ਚਾਹੀਦਾ ਹੈ, ਉਹ ਅਜੇ ਵੀ ਨਹੀਂ ਦੇ ਰਿਹਾ।
ਤਿੱਖੀ ਅਵਾਜ਼ ਵਿਚ ਕੂਕਣ ਵਾਲਿਆਂ ਵੱਲੋਂ ਧਿਆਨ ਹਟਾ ਕੇ ਸੋਚਿਆ ਜਾਵੇ ਤਾਂ ਵੋਟਰ ਅਜੇ ਵੀ ਚੁੱਪ ਜਾਪਦਾ ਹੈ। ਉਹ ਕਿਸੇ ਦੇ ਹੱਕ ਵਿਚ ਨਹੀਂ ਬੋਲਦਾ। ਚੁੱਪ ਸਦਾ ਖਤਰਨਾਕ ਗਿਣੀ ਜਾਂਦੀ ਹੈ, ਪਰ ਇਸ ਵਾਰ ਦੀ ਚੋਣ ਵਿਚ ਵੋਟਰ ਦੀ ਚੁੱਪ ਨੇ ਕਈ ਵੱਡੇ ਧੁਰੰਤਰਾਂ ਨੂੰ ਏਨਾ ਉਲਝਾ ਦਿੱਤਾ ਹੈ ਕਿ ਉਹ ਖੁਦ ‘ਇਕ ਚੁੱਪ, ਸੌ ਸੁੱਖ’ ਮੰਨ ਕੇ ਹਾਲ ਦੀ ਘੜੀ ਚੁੱਪ ਰਹਿਣ ਨੂੰ ਪਹਿਲ ਦੇ ਰਹੇ ਹਨ। ਏਦਾਂ ਦੇ ਹਾਲਾਤ ਵਿਚ ਪੰਜਾਬ ਤੇ ਦਿੱਲੀ ਵਿਚ ਬੈਠੇ ਚੋਣਾਂ ਦੀ ਨਬਜ਼ ਵੇਖਣ ਦੇ ਜਿੰਨੇ ਕੁ ਮਾਹਰਾਂ ਨਾਲ ਅਸੀਂ ਗੱਲ ਕੀਤੀ ਹੈ, ਉਨ੍ਹਾਂ ਸਾਰਿਆਂ ਦੀ ਇੱਕੋ ਰਾਏ ਹੈ ਕਿ ਇਸ ਵਾਰੀ ਸਥਿਤੀ ਬੜੀ ਉਲਝਣ ਵਾਲੀ ਹੈ, ਕਿਸੇ ਪੱਖ ਦੀ ਜਿੱਤ ਬਾਰੇ ਭਰੋਸੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ।

Be the first to comment

Leave a Reply

Your email address will not be published.