ਡਾæ ਗੁਰਨਾਮ ਕੌਰ, ਕੈਨੇਡਾ
ਰਹੱਸਵਾਦ ਵਰਗੇ ਗੰਭੀਰ ਵਿਸ਼ੇ ਦੇ ਖੋਜੀ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਰਹੱਸਾਤਮਕ ਅਨੁਭਵ ਨੂੰ ਬੋਲ ਕੇ ਜਾਂ ਲਿਖ ਕੇ ਦੱਸ ਸਕਣਾ ਬਹੁਤ ਮੁਸ਼ਕਿਲ ਹੁੰਦਾ ਹੈ ਜਿਸ ਨੂੰ ਗੁਰੂ ਅੰਗਦ ਦੇਵ ਨੇ Ḕਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾḔ ਕਿਹਾ ਹੈ। ਇਸ ਨੂੰ ਸਿਰਫ ਅਨੁਭਵ ਹੀ ਕੀਤਾ ਜਾ ਸਕਦਾ ਹੈ। ਇਸੇ ਲਈ ਇਸ ਨੂੰ ਸ਼ਬਦਾਂ ਦਾ ਰੂਪ ਦੇਣ ਲਈ ਆਮ ਤੌਰ ‘ਤੇ ਬਿੰਬਾਂ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜੀਵ ਦੇ ਅਕਾਲ ਪੁਰਖ ਨਾਲ ਪ੍ਰੇਮ ਨੂੰ ਪ੍ਰਗਟ ਕਰਨ ਲਈ ਪਤੀ ਅਤੇ ਪਤਨੀ ਅਰਥਾਤ ਕੰਤ ਅਤੇ ਧਨ ਜਾਂ ਇਸਤਰੀ ਦੇ ਬਿੰਬ ਦੀ ਆਮ ਵਰਤੋਂ ਕੀਤੀ ਮਿਲਦੀ ਹੈ। ਇਸ ਸਲੋਕ ਵਿਚ ਵੀ ਗੁਰੂ ਅੰਗਦ ਦੇਵ ਕੰਤ ਅਤੇ ਸੁਘੜ ਇਸਤਰੀ ਦੇ ਬਿੰਬ ਰਾਹੀਂ ਦੱਸ ਰਹੇ ਹਨ ਕਿ ਜੀਵ-ਇਸਤਰੀ ਕਿਸ ਤਰ੍ਹਾਂ ਉਸ ਅਕਾਲ ਪੁਰਖ ਨੂੰ ਪਾ ਸਕਦੀ ਹੈ।
ਗੁਰੂ ਅੰਗਦ ਦੇਵ ਫੁਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਆਪਣੀ ਰਚਨਾ ਕੁਦਰਤ ਵਿਚ ਹਰ ਥਾਂ ਵਿਆਪਕ ਹੈ, ਉਸ ਦੀ ਜੀਵਨ-ਰੌਂ ਦੀ ਧੜਕਣ ਕੁਦਰਤ ਵਿਚ ਸੁਣ ਰਹੀ ਹੈ ਅਰਥਾਤ ਉਸ ਦੀ ਕੁਦਰਤ ਤੋਂ ਮਹਿਸੂਸ ਹੁੰਦਾ ਹੈ ਕਿ ਉਸ ਅਕਾਲ ਪੁਰਖ ਦੀ ਹੋਂਦ ਹੈ ਪਰ ਫਿਰ ਵੀ ਜੀਵ ਨੂੰ ਉਸ ਦੇ ਮਿਲਾਪ ਦਾ ਸੁਆਦ ਪ੍ਰਾਪਤ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਇਹ ਅਨੁਭਵ ਗੁੱਝਾ ਹੈ। ਉਸ ਵਾਹਿਗੁਰੂ ਤੱਕ ਚੱਲ ਕੇ ਜਾਣ ਵਾਲੇ ਪੈਰ ਮਨੁੱਖ ਕੋਲ ਨਹੀਂ ਹਨ, ਉਸ ਨੂੰ ਮਿਲਣ ਵਾਸਤੇ ਮਨੁੱਖ ਕੋਲ ਉਹ ਹੱਥ, ਉਹ ਅੱਖਾਂ ਨਹੀਂ ਹਨ, ਕਿਵੇਂ ਉਹ ਧਾ ਕੇ ਪਰਮਾਤਮਾ ਦੇ ਗੱਲ ਲੱਗੇ।
ਗੁਰੂ ਸਾਹਿਬ ਦੱਸਦੇ ਹਨ ਕਿ ਉਸ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ? ਉਸ ਦੇ ਭੈ ਵਿਚ ਚੱਲਣਾ ਮਨੁੱਖ ਦੇ ਪੈਰ ਹੋਣੇ ਚਾਹੀਦੇ ਹਨ, ਉਸ ਪ੍ਰਭੂ ਨੂੰ ਪ੍ਰੇਮ ਕਰਨਾ ਮਨੁੱਖ ਦੇ ਹੱਥ ਹੋਣ, ਉਸ ਦੀ ਯਾਦ ਵਿਚ ਜੁੜਨਾ ਮਨੁੱਖ ਦੀਆਂ ਅੱਖਾਂ ਹੋਣ। ਗੁਰੂ ਸਾਹਿਬ ਅੱਗੇ ਕਹਿੰਦੇ ਹਨ, ਹੇ ਸਿਆਣੀ ਜੀਵ-ਰੂਪੀ ਇਸਤਰੀ ਇਸ ਤਰੀਕੇ ਨਾਲ ਉਸ ਮਾਲਕ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ ਹੈ। ਉਸ ਦਾ ਮਿਲਾਪ ਪ੍ਰਾਪਤ ਕਰਨ ਦਾ ਇਹ ਇੱਕ ਤਰੀਕਾ ਹੈ,
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ॥
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ॥
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ॥੨॥ (ਪੰਨਾ ੧੩੯)
ਇਸ ਤੋਂ ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਉਹ ਅਕਾਲ ਪੁਰਖ ਇੱਕ ਅਜਿਹੀ ਹਸਤੀ ਹੈ ਜਿਸ ਦੀ ਹੋਂਦ ਸਦਾ ਰਹਿਣ ਵਾਲੀ ਹੈ (ਜਿਸ ਨੂੰ Ḕਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥Ḕ ਕਿਹਾ ਹੈ), ਜੋ ਸਦੀਵੀ ਹੈ ਅਤੇ ਇਹ ਜੋ ਸੰਸਾਰ ਨਜ਼ਰ ਆਉਂਦਾ ਹੈ, ਅਰਥਾਤ ਸ੍ਰਿਸ਼ਟੀ ਰਚਨਾ ਦਾ ਇਹ ਖੇਲ ਜੋ ਉਸ ਤੋਂ ਵੱਖਰਾ ਨਜ਼ਰ ਆ ਰਿਹਾ ਹੈ, ਇਹ ਉਸੇ ਦਾ ਰਚਿਆ ਹੋਇਆ ਹੈ। ਉਸ ਵਾਹਿਗੁਰੂ ਨੇ ਹੀ ਮਨੁੱਖ ਅੰਦਰ ਹਉਮੈ ਪੈਦਾ ਕੀਤੀ ਹੈ (ਜੋ ਜੀਵ ਅਤੇ ਪਰਮ ਹਸਤੀ ਵਿਚ ਵਿੱਥ ਦਾ ਕਾਰਨ ਬਣਦੀ ਹੈ), ਉਸ ਨੇ ਹੀ ਗਰਬ ਅਰਥਾਤ ਮਾਣ ਅਤੇ ਲੋਭ-ਲਾਲਚ ਪੈਦਾ ਕੀਤਾ ਹੈ। ਇਸ ਸੰਸਾਰ ‘ਤੇ ਸਭ ਕੁਝ ਉਸੇ ਦਾ ਹੀ ਕੀਤਾ ਹੋਇਆ ਹੋ ਰਿਹਾ ਹੈ, ਇਸ ਲਈ ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਵੇਂ ਰੱਖ ਲੈ, ਸਭ ਕੁਝ ਤੇਰੇ ਭਾਣੇ ਵਿਚ ਹੀ ਵਾਪਰ ਰਿਹਾ ਹੈ। ਇੱਕ ਉਹ ਹਨ ਜਿਨ੍ਹਾਂ ਉਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਅਤੇ ਉਨ੍ਹਾਂ ਨੂੰ ਅਕਾਲ ਪੁਰਖ ਨੇ ਗੁਰੂ ਦੀ ਸਿੱਖਿਆ ਵੱਲ ਲਾਇਆ ਹੋਇਆ ਹੈ ਅਤੇ ਆਪਣੇ ਨਾਲ ਮੇਲ ਲਿਆ ਹੈ। ਇੱਕ ਅਜਿਹੇ ਹਨ ਜੋ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਉਸ ਦੀ ਸੇਵਾ ਵਿਚ ਸਦਾ ਤੱਤਪਰ ਰਹਿੰਦੇ ਹਨ, ਉਨ੍ਹਾਂ ਨੂੰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਅਜਿਹੇ ਜੀਵ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪਣੇ ਨਾਮ ਦੀ ਸੱਚੀ ਕਾਰ ਵੱਲ ਲਾਇਆ ਹੋਇਆ ਹੈ, ਉਨ੍ਹਾਂ ਨੂੰ ਇਸ ਤੋਂ ਬਿਨਾ ਹੋਰ ਕੋਈ ਕੰਮ ਕਰਨਾ ਮੰਦਾ ਲੱਗਦਾ ਹੈ। ਇਹ ਜੋ ਪੁੱਤਰ, ਇਸਤਰੀ ਆਦਿ ਪਰਿਵਾਰ ਹੈ ਇਸ ਤੋਂ ਉਹ ਬੰਦੇ ਨਿਰਲੇਪ ਰਹਿੰਦੇ ਹਨ ਜੋ ਅਕਾਲ ਪੁਰਖ ਨੂੰ ਪਿਆਰੇ ਹਨ। ਅਕਾਲ ਪੁਰਖ ਦੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਬੰਦੇ ਅੰਦਰੋਂ ਬਾਹਰੋਂ ਸੁੱਚੇ ਹੁੰਦੇ ਹਨ,
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ॥
ਹਉਮੈ ਗਰੁਬ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ॥
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ॥ (ਪੰਨਾ ੧੩੯)
ਸਿੱਖ ਧਰਮ ਚਿੰਤਨ ਅਨੁਸਾਰ ਅਕਾਲ ਪੁਰਖ ਨੂੰ ਪਾਉਣ ਦਾ ਰਸਤਾ ਉਸ ਦੇ ਨਾਮ ਦਾ ਸਿਮਰਨ ਕਰਨਾ ਅਤੇ ਉਸ ਦੇ ਗੁਣਾਂ ਨੂੰ ਯਾਦ ਕਰਕੇ ਆਪਣੇ ਅੰਦਰ ਵਸਾਉਣਾ ਹੈ। ਇਸੇ ਤੱਥ ਦੀ ਪ੍ਰੋੜਤਾ ਵਿਚ ਗੁਰੂ ਨਾਨਕ ਸਾਹਿਬ ਅਗਲੇ ਸਲੋਕ ਵਿਚ ਪਰਮਾਤਮਾ ਨੂੰ ਪਾਉਣ ਲਈ ਪ੍ਰਚਲਿਤ ਪਰਿਪਾਟੀਆਂ ਵੱਲ ਸੰਕੇਤ ਕਰਦੇ ਹਨ ਕਿ ਇਹ ਸਾਰੀਆਂ ਪਰੰਪਰਾਵਾਂ ਅਸਲ ਵਿਚ ਮਨੁੱਖ ਦੇ ਅੰਦਰੋਂ ਹਉਮੈ ਨੂੰ ਖਤਮ ਨਹੀਂ ਕਰਦੀਆਂ ਜੋ ਕਿ ਪਰਮਾਤਮਾ ਤੇ ਮਨੁੱਖ ਵਿਚਾਲੇ ਵਿੱਥ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਦੇ ਜਤਨ ਕਈ ਵਾਰ ਕਰਮਕਾਂਡ ਵਿਚ ਬਦਲ ਜਾਂਦੇ ਹਨ ਜੋ ਕਿ ਹਉਮੈ ਨੂੰ ਵਧਾਉਂਦੇ ਹਨ।
ਗੁਰੂ ਨਾਨਕ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਮੈਂ ਭਾਵੇਂ ਸੁਮੇਰ ਪਰਬਤ ਵਰਗੇ ਸੋਨੇ ਦੇ ਪਹਾੜ ਤੇ ਗੁਫਾ ਬਣਾ ਲਵਾਂ (ਜੋਗੀ ਆਮ ਤੌਰ ‘ਤੇ ਸੁਮੇਰ ਪਰਬਤ ਉਤੇ ਤਪ ਕਰਦੇ ਰਹੇ ਹਨ। ਉਦਾਸੀਆਂ ਸਮੇਂ ਗੁਰੂ ਨਾਨਕ ਸਾਹਿਬ ਦੀ ਜੋਗੀਆਂ ਨਾਲ ਮੁਲਾਕਾਤ ਸੁਮੇਰ ਪਰਬਤ ‘ਤੇ ਹੀ ਹੋਈ ਸੀ), ਭਾਵੇਂ ਪਾਤਾਲ ਵਿਚ ਪਾਣੀ ਵਿਚ ਰਹਿਣ ਲੱਗ ਪਵਾਂ (ਇਹ ਸਾਰੇ ਤਪ ਕਰਕੇ ਪਰਮਾਤਮਾ ਨੂੰ ਪਾਉਣ ਦੇ ਪਰੰਪਰਕ ਸਾਧਨ ਮੰਨੇ ਗਏ ਹਨ), ਭਾਵੇਂ ਧਰਤੀ ਵਿਚ ਰਹਾਂ ਅਤੇ ਭਾਵੇਂ ਆਕਾਸ਼ ਵਿਚ ਪੁੱਠਾ ਸਿਰ ਭਾਰ ਖੜਾ ਰਹਾਂ। ਭਾਵੇਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਢੱਕ ਕੇ ਰੱਖਾਂ (ਕਾਪੜੀ ਸਾਧੂਆਂ ਦੀ ਤਰ੍ਹਾਂ-ਇਹ ਵੀ ਇੱਕ ਪਰੰਪਰਾ ਹੈ) ਅਤੇ ਭਾਵੇਂ ਸਰੀਰ ਨੂੰ ਪਵਿੱਤਰ ਰੱਖਣ ਲਈ ਸਾਰਾ ਦਿਨ ਪਾਣੀ ਨਾਲ ਧੋਂਦਾ ਰਹਾਂ। ਬੇਸ਼ੱਕ ਮੈਂ ਚਿੱਟੇ, ਲਾਲ, ਪੀਲੇ ਜਾਂ ਕਾਲੇ ਕੱਪੜੇ ਪਾ ਕੇ ਚਾਰੇ ਵੇਦਾਂ ਦਾ ਉਚਾਰਨ ਕਰਾਂ (ਹਰ ਵੇਦ ਦਾ ਆਪਣਾ ਰੰਗ ਮੰਨਿਆ ਗਿਆ ਹੈ), ਚਾਹੇ ਸਰੇਵੜਿਆਂ (ਜੈਨੀ ਸਾਧੂ) ਦੀ ਤਰ੍ਹਾਂ ਗੰਦਾ ਅਤੇ ਮੈਲਾ ਰਹਾਂ- ਪਰ ਇਹ ਸਾਰੇ ਕਰਮ ਮੰਦੇ ਕਰਮ ਅਤੇ ਭੈੜੀ ਬੁੱਧੀ ਵਾਲੇ ਕਰਮ ਹੀ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਮੇਰੀ ਇੱਛਾ ਸ਼ਬਦ ਦੀ ਵਿਚਾਰ ਕਰਕੇ ਸ਼ਬਦ ਰਾਹੀਂ ਆਪਣੀ ਹਉਮੈ ਨੂੰ ਦੂਰ ਕਰਨਾ ਹੈ, ਮੈਂ ਚਾਹੁੰਦਾ ਹਾਂ ਕਿ ਸ਼ਬਦ ਦੀ ਵਿਚਾਰ ਰਾਹੀਂ ਮੇਰੇ ਮਨ ਦੀ ਹਉਮੈ ਦੂਰ ਹੋ ਜਾਵੇ,
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ॥
ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ॥
ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾਕਾਰਿ॥
ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ॥
ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ॥
ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ॥੧॥ (ਪੰਨਾ ੧੩੯)
ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਦੱਸਿਆ ਹੈ ਕਿ ਜੇ ਕੱਪੜੇ ਗੰਦੇ ਹੋ ਜਾਣ ਤਾਂ ਉਨ੍ਹਾਂ ਨੂੰ ਸਾਬਣ ਨਾਲ ਧੋ ਲਈਦਾ ਹੈ ਅਤੇ ਉਹ ਸਾਫ ਹੋ ਜਾਂਦੇ ਹਨ ਪਰ ਜੇ ਮਨੁੱਖ ਦਾ ਮਨ ਅਤੇ ਬੁੱਧੀ ਪਾਪਾਂ ਦੀ ਮੈਲ ਲੱਗਣ ਨਾਲ ਗੰਦੇ ਹੋ ਜਾਣ ਤਾਂ ਉਨ੍ਹਾਂ ਦੀ ਮੈਲ ਨਾਮ ਸਿਮਰਨ ਰਾਹੀਂ ਕੱਟੀ ਜਾਂਦੀ ਹੈ। ਇੱਥੇ ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਮਨੁੱਖ ਸਮਝ ਲੈਂਦਾ ਹੈ ਕਿ ਕਪੜੇ ਧੋ ਕੇ ਸੁੱਚੇ ਕਰਨ ਅਤੇ ਸਰੀਰ ਧੋਣ ਨਾਲ ਹੀ ਤਪੱਸਵੀ ਬਣ ਜਾਈਦਾ ਹੈ, ਉਹ ਗਲਤ ਹੈ। ਉਸ ਨੂੰ ਆਪਣੇ ਅੰਦਰ ਲੱਗੀ ਹੋਈ ਪਾਪਾਂ ਦੀ ਗੰਦਗੀ ਦੀ ਪਛਾਣ ਨਹੀਂ ਹੁੰਦੀ ਅਤੇ ਬਾਹਰੋਂ ਹੀ ਸਰੀਰ ਨੂੰ ਮਲ ਮਲ ਕੇ, ਧੋਂਦਾ ਅਤੇ ਸੁੱਚਾ ਬਣਦਾ ਰਹਿੰਦਾ ਹੈ। ਅਜਿਹਾ ਮਨੁੱਖ ਅਕਲ ਦਾ ਅੰਨ੍ਹਾ ਹੈ ਜੋ ਸਹੀ ਅਤੇ ਸਪਸ਼ਟ ਰਾਹ ਤੋਂ ਖੁੰਝ ਕੇ ਮੌਤ ਦਾ ਭੈ ਦਿਖਾਉਣ ਵਾਲੇ ਜਾਲ ਵਿਚ ਫਸਿਆ ਹੋਇਆ ਹੈ ਅਤੇ ਹਉਮੈ ਵਿਚ ਦੁੱਖ ਸਹਾਰ ਰਿਹਾ ਹੈ ਕਿਉਂਕਿ ਉਹ ਸਰੀਰ ਵਰਗੀ ਪਰਾਈ ਵਸਤੂ ਨੂੰ ਆਪਣੀ ਸਮਝ ਬੈਠਦਾ ਹੈ। ਗੁਰੂ ਨਾਨਕ ਅੱਗੇ ਦੱਸਦੇ ਹਨ ਕਿ ਗੁਰੂ ਦੇ ਸਨਮੁਖ ਹੋਇਆਂ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਹਉਮੈ ਦੂਰ ਹੋਣ ਨਾਲ ਉਹ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ, ਨਾਮ ਜਪਦਾ ਹੈ ਅਤੇ ਨਾਮ ਨੂੰ ਹੀ ਯਾਦ ਕਰਦਾ ਹੈ। ਇਸ ਨਾਮ ਦੀ ਬਰਕਤਿ ਨਾਲ ਮਨੁੱਖ ਸਦੀਵੀ ਸੁੱਖ ਵਿਚ ਟਿਕਿਆ ਰਹਿੰਦਾ ਹੈ,
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ॥
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ॥
ਅੰਧਾ ਭੂਲਿ ਪਇਆ ਜਮ ਜਾਲੇ॥
ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ॥
ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ॥
ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ॥੨॥ (ਪੰਨਾ ੧੩੯)
ਇਸ ਤੋਂ ਅੱਗੇ ਚਉਥੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਕਰਤਾ ਪੁਰਖ ਨੇ ਸਰੀਰ ਅਤੇ ਆਤਮਾ ਦਾ ਮੇਲ ਮਿਲਾ ਕੇ ਦੋਹਾਂ ਦੇ ਸੰਜੋਗ ਨਾਲ ਇਸ ਮਨੁੱਖਾ ਜਨਮ ਵਿਚ ਉਨ੍ਹਾਂ ਨੂੰ ਇਕੱਠਾ ਕਰ ਦਿੱਤਾ ਹੈ ਭਾਵ ਮਨੁੱਖ ਦੀ ਸਿਰਜਣਾ ਸਰੀਰ ਅਤੇ ਆਤਮਾ ਦੇ ਸੰਜੋਗ ਰਾਹੀਂ ਕਰ ਦਿੱਤੀ ਹੈ। ਜਿਸ ਕਰਤਾ ਪੁਰਖ ਨੇ ਇਸ ਨੂੰ ਸੰਜੋਗ ਰਾਹੀਂ ਇਕੱਠਾ ਕਰਕੇ ਮਨੁੱਖ ਦੇ ਰੂਪ ਵਿਚ ਪੈਦਾ ਕੀਤਾ ਹੈ, ਉਸ ਨੇ ਹੀ ਇਨ੍ਹਾਂ ਨੂੰ ਵਿਛੋੜ ਵੀ ਰੱਖਿਆ ਹੈ। ਮੂਰਖ ਮਨੁੱਖ ਇਸ ਸਾਰੇ ਵਰਤਾਰੇ ਨੂੰ ਨਾ ਸਮਝਦਾ ਹੋਇਆ ਭੋਗਾਂ ਵਿਚ ਵਿਅਸਤ ਹੋਇਆ ਰਹਿੰਦਾ ਹੈ ਜੋ ਸਾਰੇ ਦੁੱਖਾਂ ਦਾ ਮੂਲ ਹੈ, ਸਰੋਤ ਹੈ। ਪਾਪ ਕਮਾਉਣ ਦੇ ਕਾਰਨ ਭੋਗਾਂ ਦੇ ਸੁੱਖ ਤੋਂ ਰੋਗ ਪੈਦਾ ਹੁੰਦੇ ਹਨ। ਇਸ ਤਰ੍ਹਾਂ ਪਦਾਰਥਾਂ ਦੇ ਭੋਗ ਦੀ ਖੁਸ਼ੀ ਵਿਚ ਦੁੱਖਾਂ ਦੀ ਚਿੰਤਾ ਅਤੇ ਵਿਛੋੜਾ ਪੈਦਾ ਕਰਕੇ ਜਨਮ ਅਤੇ ਮਰਨ ਦਾ ਦੁੱਖ ਸਹੇੜ ਲੈਂਦਾ ਹੈ ਅਰਥਾਤ ਇਸ ਤਰ੍ਹਾਂ ਆਪ ਹੀ ਆਪਣੇ ਜਨਮ ਅਤੇ ਮਰਨ ਦੇ ਚੱਕਰ ਦਾ ਕਾਰਨ ਬਣ ਜਾਂਦਾ ਹੈ। ਮਨੁੱਖ ਦੇ ਇਸ ਚੁਰਾਸੀ ਦੇ ਗੇੜ ਨੂੰ ਖਤਮ ਕਰਨ ਦੀ ਸ਼ਕਤੀ ਸਿਰਫ ਸਤਿਗੁਰੂ ਦੇ ਹੱਥ ਵਿਚ ਹੈ। ਇਸ ਲਈ ਜਿਸ ਮਨੁੱਖ ਨੂੰ ਗੁਰੂ ਮਿਲ ਜਾਂਦਾ ਹੈ, ਉਸ ਦਾ ਇਹ ਗੇੜ ਮੁੱਕ ਜਾਂਦਾ ਹੈ। ਮਨੁੱਖ ਦੀ ਆਪਣੀ ਚਲਾਈ ਹੋਈ ਸਮਝ ਅਤੇ ਬੁੱਧੀ ਨਹੀਂ ਚੱਲਦੀ। ਹੁੰਦਾ ਉਹੀ ਹੈ ਜੋ ਕਰਤਾ ਪੁਰਖ ਕਰਦਾ ਹੈ,
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥ (ਪੰਨਾ ੧੩੯)
ਅਗਲਾ ਸਲੋਕ ਵੀ ਗੁਰੂ ਨਾਨਕ ਸਾਹਿਬ ਦੀ ਰਚਨਾ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਜਿਹੜੇ ਮਨੁੱਖ ਝੂਠ ਬੋਲ ਬੋਲ ਕੇ ਹਰ ਰੋਜ਼ ਦੂਸਰਿਆਂ ਦਾ ਹੱਕ ਮਾਰਦੇ ਹਨ, ਉਹ ਦੂਸਰਿਆਂ ਨੂੰ ਮੱਤਾਂ ਦੇਣ ਜਾਂਦੇ ਹਨ, ਸਿੱਖਿਆ ਦਿੰਦੇ ਹਨ ਕਿ ਝੂਠ ਨਹੀਂ ਬੋਲਣਾ ਚਾਹੀਦਾ। ਇਥੇ ਇਸ਼ਾਰਾ ਧਰਮ ਦੇ ਠੇਕੇਦਾਰ ਕਹੇ ਜਾਣ ਵਾਲੇ ਲੋਕਾਂ ਵੱਲ ਹੈ। ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਥਾਂ ਪਰਾਇਆ ਹੱਕ ਖਾਣ ਨੂੰ ਹਿੰਦੂ ਵਾਸਤੇ ਗਊ ਅਤੇ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਦੱਸਿਆ ਹੈ ਅਰਥਾਤ ਇਹ ਬਹੁਤ ਹੀ ਵਿਵਰਜਤ ਕੰਮ ਹੈ ਜੋ ਮਨੁੱਖ ਨੂੰ ਨਹੀਂ ਕਰਨਾ ਚਾਹੀਦਾ। ਅਜਿਹੇ ਆਗੂ ਫਿਰ ਇਸ ਤਰ੍ਹਾਂ ਉਜਾਗਰ ਹੁੰਦੇ ਹਨ ਕਿ ਉਹ ਆਪ ਤਾਂ ਡੁੱਬਦੇ ਹੀ ਹਨ ਪਰ ਆਪਣੇ ਨਾਲ ਵਾਲਿਆਂ ਨੂੰ ਵੀ ਡੋਬ ਦਿੰਦੇ ਹਨ,
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥੧॥ (ਪੰਨਾ ੧੪੦)
ਅਗਲਾ ਸਲੋਕ ਚਉਥੀ ਨਾਨਕ ਜੋਤਿ ਗੁਰੂ ਰਾਮਦਾਸ ਦਾ ਹੈ। ਗੁਰੂ ਰਾਮਦਾਸ ਜੀ ਅਨੁਸਾਰ ਜਿਸ ਮਨੁੱਖ ਦੇ ਅੰਦਰ ਸੱਚ ਹੁੰਦਾ ਹੈ ਅਰਥਾਤ ਅਕਾਲ ਪੁਰਖ ਦਾ ਸੱਚਾ ਨਾਮ ਵੱਸ ਰਿਹਾ ਹੁੰਦਾ ਹੈ, ਉਹ ਮਨੁੱਖ ਆਪਣੇ ਮੂੰਹ ਤੋਂ ਵੀ ਸੱਚੇ ਨਾਮ ਦਾ ਹੀ ਉਚਾਰਨ ਕਰਦਾ ਹੈ, ਅਜਿਹਾ ਮਨੁੱਖ ਅੰਦਰੋਂ-ਬਾਹਰੋਂ ਇੱਕ ਹੁੰਦਾ ਹੈ। ਉਹ ਆਪ ਅਕਾਲ ਪੁਰਖ ਦੇ ਰਸਤੇ ‘ਤੇ ਚੱਲਦਾ ਹੈ ਅਤੇ ਦੂਸਰਿਆਂ ਨੂੰ ਵੀ ਵਾਹਿਗੁਰੂ ਦੇ ਸੱਚੇ ਮਾਰਗ ‘ਤੇ ਪਾਉਂਦਾ ਹੈ। ਇਥੇ ਗੁਰੂ ਮਹਾਰਾਜ ਸਰੋਵਰ ਅਤੇ ਛੱਪੜ ਵਿਚ ਇਸ਼ਨਾਨ ਕਰਨ ਦੀ ਉਦਾਹਰਣ ਦਿੰਦੇ ਹਨ ਕਿ ਮਨੁੱਖ ਇਸ਼ਨਾਨ ਕਰਨ ਜਾਂਦਾ ਹੈ, ਜੇ ਪਾਣੀ ਦਾ ਸਰੋਤ ਖੁਲ੍ਹਾ ਅਤੇ ਸਾਫ ਹੈ ਤਾਂ ਇਸ਼ਨਾਨ ਕਰਨ ਨਾਲ ਮਨੁੱਖ ਦੇ ਸਰੀਰ ਦੀ ਸਗਵੀਂ ਮੈਲ ਉਤਰ ਜਾਂਦੀ ਹੈ ਅਤੇ ਸਰੀਰ ਸਾਫ ਹੋ ਜਾਂਦਾ ਹੈ। ਪਰ ਜੇ ਪਾਣੀ ਗੰਦਾ ਹੋਵੇ ਤਾਂ ਸਰੀਰ ਸਾਫ ਹੋਣ ਦੀ ਥਾਂ ਹੋਰ ਗੰਦਾ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਉਸ ਗੰਦੇ ਪਾਣੀ ਵਿਚੋਂ ਹੋਰ ਗੰਦਗੀ ਚੰਬੜ ਜਾਂਦੀ ਹੈ। ਮਨ ਦੀ ਮੈਲ ਸਾਫ ਕਰਨ ਲਈ ਇਸ ਦਾ ਪਵਿੱਤਰ ਸਰੋਤ ਪੂਰਾ ਗੁਰੂ ਹੈ ਜੋ ਹਰ ਵੇਲੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਆਪਣੇ ਪਰਿਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ। ਪੂਰਾ ਗੁਰੂ ਦੂਸਰਿਆਂ ਨੂੰ ਅਕਾਲ ਪੁਰਖ ਦੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਅਰਥਾਤ ਦੂਸਰੇ ਲੋਕਾਂ ਨੂੰ ਵੀ ਨਾਮ ਸਿਮਰਨ ਦੇ ਮਾਰਗ ‘ਤੇ ਤੋਰ ਕੇ ਸਾਰੀ ਸ੍ਰਿਸ਼ਟੀ ਨੂੰ ਤਾਰ ਦਿੰਦਾ ਹੈ। ਗੁਰੂ ਰਾਮਦਾਸ ਕਹਿੰਦੇ ਹਨ ਕਿ ਮੈਂ ਅਜਿਹੇ ਗੁਰੂ ਤੋਂ ਸਦਕੇ ਜਾਂਦਾ ਹਾਂ ਜੋ ਆਪ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਅਤੇ ਹੋਰਨਾਂ ਨੂੰ ਨਾਮ ਦਾ ਸਿਮਰਨ ਕਰਾਉਂਦਾ ਹੈ,
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ॥
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ॥
ਜੇ ਆਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ॥
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ॥
ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭੁ ਸ੍ਰਿਸਟਿ ਛਡਾਏ॥
ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ॥੨॥ (ਪੰਨਾ ੧੪੦)
Leave a Reply