ਮੁਕਤਸਰ: ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਪੀæਪੀæਪੀæ ਮੁਖੀ ਮਨਪ੍ਰੀਤ ਸਿੰਘ ਬਾਦਲ ਦੇ ਨਾਮ ਵਾਲਾ ਵਿਅਕਤੀ ਬਠਿੰਡਾ ਪਾਰਲੀਮਾਨੀ ਹਲਕੇ ਤੋਂ ਚੋਣ ਪਿੜ ਵਿਚ ਉਤਾਰਿਆ ਹੈ। ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਵੱਲੋਂ ਭਰੇ ਨਾਮਜ਼ਦਗੀ ਕਾਗਜ਼ਾਂ ਤੋਂ ਸਚਾਈ ਉਘੜ-ਉਘੜ ਕੇ ਸਾਹਮਣੇ ਆ ਗਈ ਹੈ।
31 ਸਾਲਾ ਮਨਪ੍ਰੀਤ ਮਜ਼ਦੂਰ ਹੈ ਅਤੇ ਬਾਦਲ ਪਿੰਡ ਦਾ ਵਸਨੀਕ ਹੈ। ਉਸ ਨੇ ਪਵਨਪ੍ਰੀਤ ਸਿੰਘ ਬੌਬੀ ਬਾਦਲ ਦਾ ਫੋਨ ਨੰਬਰ ਚੋਣ ਅਧਿਕਾਰੀਆਂ ਨੂੰ ਦਿੱਤੇ ਆਪਣੇ ਹਫਲਨਾਮੇ ਵਿਚ ਦਰਜ ਕੀਤਾ ਹੈ। ਬੌਬੀ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਰਿਸ਼ਤੇ ਵਿਚੋਂ ਭਰਾ ਲੱਗਦਾ ਹੈ। ਉਹ ਆਜ਼ਾਦ ਉਮੀਦਵਾਰ ਮਨਪ੍ਰੀਤ ਵੱਲੋਂ ਕਾਗਜ਼ ਭਰਨ ਵੇਲੇ ਜ਼ਿਲ੍ਹਾ ਚੋਣ ਦਫਤਰ ਬਠਿੰਡਾ ‘ਚ ਉਸ ਦੇ ਨਾਲ ਵੀ ਗਿਆ ਸੀ।
ਹੁਣ ਇਹ ਖੁਲਾਸਾ ਹੋਇਆ ਹੈ ਕਿ 00555 ਅੰਕਾਂ ਨਾਲ ਖਤਮ ਹੁੰਦਾ ਸੈਲ ਫੋਨ ਨੰਬਰ ਜੋ ਮਨਪ੍ਰੀਤ ਸਿੰਘ (ਆਜ਼ਾਦ ਉਮੀਦਵਾਰ) ਦੇ ਹਲਫਨਾਮੇ ਵਿਚ ਦਰਜ ਹੈ, ਸੁਖਬੀਰ ਐਗਰੋ ਐਨਰਜੀ ਲਿਮਟਿਡ ਨਾਲ ਸਬੰਧਤ ਹੈ ਜੋ ਲੰਬੀ ਖੇਤਰ ਦੇ ਚੰਨੂ ਪਿੰਡ ‘ਚ ਬਾਇਓਮਾਸ ਪਲਾਂਟ ਚਲਾਉਂਦੀ ਹੈ। ਹਲਫਨਾਮੇ ‘ਚ ਦਿੱਤੇ ਫੋਨ ਨੰਬਰ ‘ਤੇ ਜਦੋਂ ਫੋਨ ਕੀਤਾ ਗਿਆ ਤਾਂ ਬੌਬੀ ਬਾਦਲ ਨੇ ਇਹ ਫੋਨ ਸੁਣਿਆ ਅਤੇ ਕਿਹਾ ਕਿ ਇਹ ਨੰਬਰ ਉਸ ਦਾ ਹੈ, ਤੇ ਮਨਪ੍ਰੀਤ ਨੇ ਆਪਣੇ ਨਾਮਜ਼ਦਗੀ ਕਾਗਜ਼ਾਂ ਵਿਚ ਇਹ ਗਲਤੀ ਨਾਲ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਦਾ ਆਪਣਾ ਫੋਨ ਨੰਬਰ ਹੈ ਜੋ ਨਾਮਜ਼ਦਗੀ ਕਾਗਜ਼ਾਂ ‘ਚ ਦਿੱਤੇ ਨੰਬਰ ਨਾਲ ਕਿਵੇਂ ਵੀ ਮੇਲ ਨਹੀਂ ਖਾਂਦਾ। ਸੂਤਰਾਂ ਦਾ ਕਹਿਣਾ ਹੈ ਕਿ ਬੌਬੀ ਬਾਦਲ ਦਾ ਫੋਨ ਨੰਬਰ ਜਾਣ-ਬੁੱਝ ਕੇ ਦਿੱਤਾ ਗਿਆ ਸੀ ਤਾਂ ਕਿ ਮਨਪ੍ਰੀਤ ਨੂੰ ਮੀਡੀਆ ਦੇ ਸਵਾਲਾਂ ਤੋਂ ਪਰ੍ਹੇ ਰੱਖਿਆ ਜਾ ਸਕੇ।
ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਅਤੇ ਪੀæਪੀæਪੀæ ਤੇ ਸੀæਪੀæਆਈæ ਵੱਲੋਂ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਾਏ ਹਨ ਕਿ ਅਕਾਲੀ ਹੋਛੀਆਂ ਹਰਕਤਾਂ ‘ਤੇ ਉੱਤਰ ਆਏ ਹਨ, ਤੇ ਉਸ ਦੇ ਨਾਮ ਵਾਲਾ ਉਮੀਦਵਾਰ ਖੜ੍ਹਾ ਕਰ ਦਿੱਤਾ ਹੈ ਜਿਸ ਨੂੰ ਚੋਣ ਨਿਸ਼ਾਨ ਵੀ ਪਤੰਗ (ਜੋ ਪੀæਪੀæਪੀæ ਦਾ ਚੋਣ ਨਿਸ਼ਾਨ ਰਿਹਾ ਹੈ) ਦਿੱਤਾ ਹੈ।
ਹੋਰ ਵੇਰਵਿਆਂ ਅਨੁਸਾਰ ਮਨਪ੍ਰੀਤ ਦਸਵੀਂ ਪਾਸ ਹੈ। ਉਸ ਕੋਲ 50,000 ਰੁਪਏ ਨਕਦ ਹਨ। ਉਸ ਦੀ ਪਤਨੀ ਘਰੇਲੂ ਔਰਤ ਹੈ ਤੇ ਉਸ ਕੋਲ ਵੀ 10,000 ਦੀ ਨਕਦੀ ਹੈ। ਜੋੜੀ ਕੋਲ 1æ80 ਲੱਖ ਰੁਪਏ ਦਾ ਸੋਨਾ ਹੈ ਅਤੇ ਪਿੰਡ ਬਾਦਲ ‘ਚ 1000 ਵਰਗ ਫੁੱਟ ਦਾ ਘਰ ਹੈ ਜਿਸ ਦੀ ਕੀਮਤ 5 ਲੱਖ ਰੁਪਏ ਹੈ।
Leave a Reply