ਸੁਣ ਸੰਗਤੇ ਸੰਗਰੂਰ ਦੀਏ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਠਹਿਰਿਉ ਜੀ, ਠਹਿਰਿਉ ਮਿਹਰਬਾਨ! ਸਿਰਫ ਸਿਰਲੇਖ ਵੱਲ ਚੱਲਵੀਂ ਜਿਹੀ ਨਜ਼ਰ ਮਾਰ ਕੇ ਮੂੰਹ ਨਾ ਮੋੜ ਲਿਓ, ਕਿ ਇਹ ਤਾਂ ਸੰਗਰੂਰ ਦੇ ਵਸਨੀਕਾਂ ਵਾਸਤੇ ਹੀ ਲਿਖਿਆ ਹੋਇਆ ਹੋਣੈ, ਅਸੀਂ ਕਾਹਨੂੰ ਟਾਈਮ ਖਰਾਬ ਕਰਨੈ! ਨਹੀਂ ਜੀ, ਐਸਾ ਬਿਲਕੁਲ ਨਹੀਂ ਹੈ। ਇਕ ਪੰਜਾਬੀ ਅਖਾਣ ਹੈ, ਧੀਏ ਗੱਲ ਕਰ, ਨੂੰਹੇਂ ਕੰਨ ਕਰ! ਸਿਆਣੀਆਂ ਸੱਸਾਂ ਦੀ ਇਸ ਹਰਮਨ ਪਿਆਰੀ ਕਹਾਵਤ ਮੁਤਾਬਿਕ ਅਸੀਂ ਬੇਸ਼ੱਕ ਸੰਗਰੂਰ ਵਾਸੀਆਂ, ਭਾਵ ਲੋਕ ਸਭਾ ਹਲਕੇ ਸੰਗਰੂਰ ਦੇ ਸੂਝਵਾਨ ਵੋਟਰਾਂ ਨਾਲ ਗੱਲਾਂ ਕਰਨ ਜਾ ਰਹੇ ਹਾਂ, ਪਰ ਅਸਲ ਮਕਸਦ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਹੋ ਰਹੀਆਂ ਚੋਣਾਂ ਨਾਲ ਵਾਹ-ਵਾਸਤਾ ਰੱਖਣ ਵਾਲੇ ਸਮੂਹ ਭੈਣ-ਭਰਾਵਾਂ ਨਾਲ ਸੰਪਰਕ ਸਾਧਣਾ ਹੈ; ਚਾਹੇ ਉਹ ਪੰਜਾਬ ਵਾਸੀ ਹੋਣ, ਜਾਂ ਪੰਜਾਬੋਂ ਬਾਹਰਲੇ ਕਿਸੇ ਦੂਰ-ਦੁਰਾਡੇ ਦੇਸ-ਪਰਦੇਸ ਵਿਚ ਵਸਦੇ ਹੋਣ। ਉਨ੍ਹਾਂ ਸਾਰਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਕਲਮ ਚੁੱਕੀ ਹੈ।
ਲੋਕ ਸਭਾ ਹਲਕਾ ਸੰਗਰੂਰ ਵਿਚ ‘ਫੁੱਲ ਬੰਨ੍ਹੀ ਤੱਕੜੀ’ ਅਤੇ ‘ਪੰਜੇ’ ਵਾਲਿਆਂ ਦੀਆਂ ਗਿਣਤੀਆਂ-ਮਿਣਤੀਆਂ ਦੀ ਚੱਕਰੀ ਘੁਮਾਉਣ ਵਾਲੇ ਭਗਵੰਤ ਮਾਨ ਦੀ ਚਰਚਾ ਕਰਨ ਤੋਂ ਪਹਿਲਾਂ ਆਮ ਆਦਮੀ ਤੋਂ ਮੁੱਖ ਮੰਤਰੀ ਦਿੱਲੀ, ਤੇ ਫਿਰ ਇਕ ਨਿਵੇਕਲੇ ਤੇ ਅਹਿਮ ਆਦਮੀ ਬਣ ਚੁੱਕੇ ਅਰਵਿੰਦ ਕੇਜਰੀਵਾਲ ਜਾਂ ਉਸ ਦੀ ‘ਆਮ ਆਦਮੀ ਪਾਰਟੀ’ (ਆਪ) ਬਾਰੇ ਕੁਝ ਕਹਿ-ਸੁਣ ਲਈਏ।
ਫਾਰਸੀ ਸਾਹਿਤ, ਖਾਸ ਕਰ ਕੇ ਇਰਾਨੀ ਮਿਥਿਹਾਸ ਵਿਚ ‘ਹੁਮਾ’ ਪੰਛੀ ਦਾ ਜ਼ਿਕਰ ਆਉਂਦਾ ਹੈ। ਇਸ ਪੰਛੀ ਬਾਰੇ ਮਿੱਥ ਹੈ ਕਿ ਉਹ ਅਸਮਾਨਾਂ ਵਿਚ ਹੀ ਉਡਦਾ ਰਹਿੰਦਾ ਹੈ, ਕਦੇ ਆਂਡੇ ਜਾਂ ਬੱਚੇ ਵਗੈਰਾ ਨਹੀਂ ਦਿੰਦਾ। ਕਹਿੰਦੇ ਨੇ ਕਿ ਇੱਕ ਖਾਸ ਅਰਸੇ ਤੋਂ ਬਾਅਦ ਉਹ ਅਚਾਨਕ ਮਚੀ ਅੱਗ ਵਿਚ ਭਸਮਾ-ਭੂਸ ਹੋ ਜਾਂਦਾ ਹੈ। ਉਸੇ ਰਾਖ ਵਿਚੋਂ ਇਕ ਹੋਰ ‘ਹੁਮਾ’ ਪੈਦਾ ਹੋ ਜਾਂਦਾ ਹੈ। ਇਸ ਪੰਛੀ ਬਾਰੇ ਇਕ ਹੋਰ ਮਨੌਤ ਇਹ ਹੈ ਕਿ ਜਿਸ ਬੰਦੇ ਉਤੇ ਇਹਦਾ ਪ੍ਰਛਾਵਾਂ ਵੀ ਪੈ ਜਾਵੇ, ਉਹ ਮਾਲਾ-ਮਾਲ ਹੋ ਜਾਂਦਾ ਹੈ। ਪਿਛਲੇ ਵਰ੍ਹੇ ਸਮਾਜ ਸੇਵੀ ਬਾਬੇ ਅੰਨਾ ਹਜ਼ਾਰੇ ਨੇ ਲੋਕ ਪਾਲ ਬਿੱਲ ਬਣਾਉਣ ਲਈ ਜੱਦੋਜਹਿਦ ਕੀਤੀ, ਮਰਨ ਵਰਤ ਰੱਖਿਆ। ਉਸ ਰਾਮ-ਰੌਲੇ ਵਿਚੋਂ ‘ਹੁਮਾ’ ਪੰਛੀ ਵਾਂਗ ਪ੍ਰਗਟ ਹੋਇਆ ਅਰਵਿੰਦ ਕੇਜਰੀਵਾਲ।
ਇਹ ਮੁਹਾਵਰਾ ਭਾਵੇਂ ਕਿਸੇ ‘ਤੇ ਵਿਅੰਗ/ਚੋਭ ਲਾਉਣ ਲਈ ਬੋਲਿਆ ਜਾਂਦਾ ਏ, ਗੁਰੂ ਜਿਨ੍ਹਾਂ ਨੇ ਟੱਪਣੇ, ਚੇਲੇ ਜਾਣ ਛੜੱਪ, ਪਰ ‘ਅੰਨਾ ਸੰਘਰਸ਼’ ਵਿਚੋਂ ਨਿੱਤਰ ਕੇ ਸਾਹਮਣੇ ਆਏ ਕੇਜਰੀਵਾਲ ਦਾ ‘ਛੜੱਪਾ’ ਕੋਈ ਬਦਨੀਤਾ ਨਹੀਂ ਸੀ। ਇਹ ਸੱਚਾਈ ਪ੍ਰਵਾਨ ਕਰਨ ਤੋਂ ਸ਼ਾਇਦ ਹੀ ਕੋਈ ਇਨਕਾਰੀ ਹੋਵੇ ਕਿ ‘ਅੰਨਾ ਕੀ ਤਮੰਨਾ’ ਜੋ ਮਰਜ਼ੀ ਰਹੀ ਹੋਵੇ, ਪਰ ਕੇਜਰੀਵਾਲ ਦੀ ਕਾਰਗੁਜ਼ਾਰੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੱਚਾਈ ਅਤੇ ਇਮਾਨਦਾਰੀ-ਦੋ ਐਸੀਆਂ ਮਿਜ਼ਾਇਲਾਂ ਹਨ ਜੋ ਕਿਸੇ ਹੋਰ ਭਿਆਨਕ ਤੋਂ ਭਿਆਨਕ ਮੰਨੇ ਜਾਂਦੇ ਹਥਿਆਰ ਨਾਲ ਵੀ ਤੋੜੀਆਂ/ਭੰਨੀਆਂ ਨਹੀਂ ਜਾ ਸਕਦੀਆਂ। ਸੱਚ ਅਤੇ ਇਮਾਨਦਾਰੀ ਦੀ ਕੇਵਲ ‘ਮੁਹਾਰਨੀ’ ਨਹੀਂ, ਜੇ ਇਹ ਸੱਚਮੁੱਚ ਕਿਸੇ ਦੇ ਪੱਲੇ ਹੋਣ, ਝੂਠ ਦੇ ਤੂਫਾਨ ਵੀ ਉਹਦਾ ਵਾਲ ਵਿੰਗਾ ਨਹੀਂ ਕਰ ਸਕਦੇ।
ਕੇਜਰੀਵਾਲ ਦੀ ‘ਕਰਾਮਾਤ’ ਨੂੰ ਸਮਝਣ ਲਈ ਇਥੇ ਮਹਾਂਭਾਰਤ ਵਿਚੋਂ ਮਿਥਿਹਾਸਕ ਸਾਖੀ ਦਾ ਕੁਝ ਹਿੱਸਾ ਲਿਖਣਾ ਕੁਥਾਂ ਨਹੀਂ ਹੋਵੇਗਾ। ਕਿਹਾ ਜਾਂਦਾ ਹੈ ਕਿ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਪਾਂਡਵਾਂ ਨੇ ਕ੍ਰਿਸ਼ਨ ਭਗਵਾਨ ਨੂੰ ਪੁੱਛਿਆ ਕਿ ਸਾਡਾ ਭਵਿਖ ਕਿਹੋ ਜਿਹਾ ਹੋਵੇਗਾ? ਭਗਵਾਨ ਕ੍ਰਿਸ਼ਨ ਨੇ ਉਨ੍ਹਾਂ ਪੰਜਾਂ ਨੂੰ ਅਲੱਗ-ਅਲੱਗ ਦਿਸ਼ਾਵਾਂ ਵੱਲ ਜਾਣ ਲਈ ਆਖਿਆ ਅਤੇ ਨਾਲ ਹਦਾਇਤ ਇਹ ਦਿੱਤੀ ਕਿ ਉਹ ਯਾਤਰਾ ਦੌਰਾਨ ਜਦੋਂ ਵੀ ਕੋਈ ਜੱਗੋਂ-ਤੇਰ੍ਹਵੀਂ ਹੁੰਦੀ ਦੇਖਣ, ਉਸੇ ਵੇਲੇ ਵਾਪਸ ਆ ਜਾਣ ਤੇ ਸਾਰਾ ਬਿਰਤਾਂਤ ਉਸ ਨੂੰ ਸੁਣਾਇਆ ਜਾਵੇ।
ਜਿਉਂ-ਜਿਉਂ ਉਹ ਪੰਜੇ ਭਰਾ ਵਾਪਸ ਆਈ ਗਏ, ਆਪੋ-ਆਪਣੀ ਹੱਡ-ਬੀਤੀ ਭਗਵਾਨ ਜੀ ਨੂੰ ਸੁਣਾਈ ਗਏ। ਕਿਸੇ ਨੇ ਕੁਝ ਦੱਸਿਆ, ਕਿਸੇ ਨੇ ਕੁਝ। ਇਕ ਜਣੇ ਨੇ ਬੜਾ ਗੰਭੀਰ ਹੁੰਦਿਆਂ ਹੈਰਾਨੀ ਵਾਲੀ ਗੱਲ ਸੁਣਾਈ,
“ਭਗਵਾਨ ਜੀ, ਮੈਂ ਉਜਾੜ ਜੰਗਲ ਵਿਚ ਜਾ ਰਿਹਾ ਸਾਂ। ਅਚਾਨਕ ਹਨੇਰੀ-ਤੂਫਾਨ ਆ ਗਿਆ। ਮੈਂ ਦੇਖਿਆ ਕਿ ਬੜੀ ਦੂਰੋਂ ਵੱਡਾ ਸਾਰਾ ਪਰਬਤ, ਹਵਾ ਵਿਚ ਸ਼ੂਕਦਾ ਉਡਿਆ ਆ ਰਿਹਾ ਹੈ। ਪਹਾੜਾਂ ਦੀਆਂ ਚੋਟੀਆਂ ਨੂੰ ਚਕਨਾਚੂਰ ਕਰਦਾ, ਉਹ ਵੱਡੇ-ਵੱਡੇ ਦਰਖਤਾਂ ਨੂੰ ਧਰਤੀ ‘ਤੇ ਲਿਟਾਉਂਦਾ ਵਧਦਾ ਆ ਰਿਹਾ ਹੈ। ਭੈਅ-ਭੀਤ ਹੋਇਆ ਮੈਂ ਇਹ ਨਜ਼ਾਰਾ ਹਾਲੇ ਦੇਖ ਹੀ ਰਿਹਾ ਸਾਂ ਕਿ ਮੇਰੇ ਸਾਹਮਣੇ ਇਕ ਹੋਰ ਅਦਭੁੱਤ ਕੌਤਕ ਵਰਤ ਗਿਆ! ਕੀ ਦੇਖਦਾਂ ਹਾਂ, ਉਹੀ ਪਰਬਤ ਜਿਹੜਾ ਅੱਧ ਅਸਮਾਨ ਨੂੰ ਪਹੁੰਚੇ ਹੋਏ ਭਾਰੀ ਦਰਖ਼ਤਾਂ ਨੂੰ ਜੜ੍ਹੋਂ ਉਖਾੜਦਾ ਆ ਰਿਹਾ ਸੀ, ਮੇਰੇ ਲਾਗੇ ਆ ਕੇ ਧਰਤੀ ਉਤੇ ਡਿਗਦਾ ਮੈਂ ਦੇਖਿਆ, ‘ਤਾਂਹ ਨੂੰ ਉਠੀਆਂ ਹੋਈਆਂ ਨਾਜ਼ਕ ਜਿਹੇ ਘਾਹ ਦੀਆਂ ਤਿੜਾਂ ਉਤੇ ਉਹ ਇਉਂ ਆ ਟਿਕਿਆ ਜਿਵੇਂ ਰੂੰ ਦਾ ਫੰਬਾ ਹੋਵੇ। ਉਹ ਤਿੜ੍ਹਾਂ ਭੋਰਾ ਭਰ ਵੀ ਨਾ ਲਿਫੀਆਂ।”
ਇਸ ਅਜੀਬ ਦ੍ਰਿਸ਼ਟਾਂਤ ਦੀ ਵਿਆਖਿਆ ਕਰਦਿਆਂ ਭਗਵਾਨ ਕ੍ਰਿਸ਼ਨ ਨੇ ਫਰਮਾਇਆ ਕਿ ਕਲੀ-ਕਾਲ ਵਿਚ ਕੁਫਰ ਪ੍ਰਧਾਨ ਬੇਸ਼ੱਕ ਵਿਰਾਟ ਰੂਪ ਹੋ ਕੇ ਸਰਵ-ਨਾਸ਼ ਕਰਦਾ ਆ ਰਿਹਾ ਹੋਵੇ, ਪਰ ਉਹ ਸੱਚਾਈ ਦੀਆਂ ਤਿੜ੍ਹਾਂ ਦੇ ਮੁਕਾਬਲੇ ਬੇਵੱਸ ਹੋ ਕੇ ਰਹਿ ਜਾਵੇਗਾ। ਸੱਚ ਅਤੇ ਇਮਾਨਦਾਰੀ ਦਾ ਉਹ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ।
‘ਮਨ ਭਾਉਂਦੀ ਮਾਇਆ ਕਮਾਉਣ’ ਵਾਲੇ ਇਨਕਮ ਟੈਕਸ ਦੇ ਮਹਿਕਮੇ ਤੋਂ ਜਾਇੰਟ ਕਮਿਸ਼ਨਰ ਜਿਹਾ ਉਚ-ਅਹੁਦਾ ਤਿਆਗਣ ਵਾਲਾ ਅਤੇ ‘ਮੈਗਾਸੈਸੇ ਐਵਾਰਡ’ ਦੇ ਮਿਲੇ ਹੋਏ ਲੱਖਾਂ ਰੁਪਇਆਂ ਨੂੰ ਗਰੀਬਾਂ ‘ਤੇ ਨਿਛਾਵਰ ਕਰਨ ਵਾਲਾ ਅਰਵਿੰਦ ਕੇਜਰੀਵਾਲ, ਅੱਜ ਸੱਚਾਈ ਤੇ ਇਮਾਨਦਾਰੀ ਦੀਆਂ ਤਿੜ੍ਹਾਂ ਇਕੱਠੀਆਂ ਕਰ ਕੇ ‘ਝਾੜੂ’ ਬਣਾਈ ਬੈਠਾ ਹੈ। ਛਪੰਜਾ ਇੰਚੀ ਛਾਤੀਆਂ ਵਾਲੇ, ਵੱਡੇ-ਵੱਡੇ ਘਪਲਿਆਂ ਵਾਲੇ ਅਤੇ ‘ਰਾਜ ਨਹੀਂ ਸੇਵਾ’ ਦੀਆਂ ਡੀਂਗਾਂ ਮਾਰਨ ਵਾਲੇ ਕਥਿਤ ‘ਘਾਗ’ ਸਿਆਸਤਦਾਨ, ਅੱਜ ਕੇਜਰੀਵਾਲ ਦੇ ਨਾਂ ਤੋਂ ਹੀ ਘਬਰਾਉਂਦੇ ਨੇ। ਕਿਹਾ ਜਾ ਸਕਦਾ ਹੈ ਕਿ ਕੇਜਰੀਵਾਲ ਦੇ ਝਾੜੂ ਦੀਆਂ ਤਿੜ੍ਹਾਂ, ਲੋਟੂ ਲੀਡਰਾਂ ਨੂੰ ‘ਮਾਂਜਾ’ ਤਾਂ ਫੇਰ ਸਕਦੀਆਂ ਹਨ, ਪਰ ਉਨ੍ਹਾਂ ਅੱਗੇ ਲਿਫ ਨਹੀਂ ਸਕਦੀਆਂ। ਇਹ ਕੋਈ ਨਿਰੀ ਜਜ਼ਬਾਤੀ ਤਵੱਕੋ ਨਹੀਂ, ਸਗੋਂ ਉਸ ਦਾ ਕਿਰਦਾਰ ਅਤੇ ਹੁਣ ਤੱਕ ਦੀ ਕਾਰਗੁਜ਼ਾਰੀ ਇਹੀ ਸਿੱਟਾ ਕੱਢਦੇ ਹਨ।
ਇਨਕਲਾਬੀ ਤਬਦੀਲੀ ਦੀਆਂ ਮਹਿਕਾਂ ਵੰਡਦੀ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ ਲੋਕ ਸਭਾਈ ਸੀਟਾਂ ‘ਤੇ ਨਿਰਖ-ਪਰਖ ਕੇ ਧੜੱਲੇਦਾਰ ਉਮੀਦਵਾਰ ਖੜ੍ਹੇ ਕੀਤੇ ਹੋਏ ਨੇ। ਸਾਰੇ ਉਮੀਦਵਾਰ ਪਾਰਟੀ ਦੇ ਮਿਸ਼ਨ ਨੂੰ ਪ੍ਰਣਾਏ ਹੋਏ ਜਿੱਤ ਲਈ ਜੂਝ ਰਹੇ ਹਨ, ਪਰ ਹਥਲੇ ਲੇਖ ਵਿਚ ਸੰਗਰੂਰ ਹਲਕੇ ਵਾਲੇ ਭਗਵੰਤ ਮਾਨ ਦੀ ਹੀ ਗੱਲ ਕਰਾਂਗੇ ਜਿਸ ਨੂੰ ਚੋਣ ਪ੍ਰਚਾਰ ਕਰਦਿਆਂ ਨੱਬਿਆਂ ਵੱਲ ਨੂੰ ਜਾ ਰਹੇ ਵੱਡੇ ਬਾਦਲ ਨੇ ‘ਤਮਾਸ਼ਬੀਨ’ ਦਾ ਖਿਤਾਬ ਬਖ਼ਸ਼ਿਆ ਹੈ। ਵੈਸੇ, ਇਹ ਸ਼ਬਦ ਤਮਾਸ਼ਾ ਦੇਖਣ-ਸੁਣਨ ਵਾਲੇ ਲੋਕਾਂ ਲਈ ਵਰਤਿਆ ਜਾਂਦਾ ਹੈ। ਮਾਨ ਤਾਂ ਖੁਦ ਕਲਾਕਾਰ ਹੈ, ਤਮਾਸ਼ਬੀਨ ਨਹੀਂ। ਖ਼ੈਰ, ਆਪਾਂ ਇਸ ਬਹਿਸ ‘ਚ ਪਏ ਬਿਨਾਂ ਅੱਗੇ ਵਧਦੇ ਹਾਂ।
ਸੰਗਰੂਰ ਵੱਲ ਜਾਣ ਤੋਂ ਪਹਿਲਾਂ ਆਪਣੇ ਹਲਕੇ ਦੇ ਇਤਿਹਾਸਕ ਨਗਰ ਸ੍ਰੀ ਅਨੰਦਪੁਰ ਸਾਹਿਬ ਦੀ ਗਾਥਾ ਵਰਣਨ ਕਰਦਾ ਜਾਵਾਂ ਜੋ ਭਗਵੰਤ ਮਾਨ ਦੀ ਕਲਾ ਨਾਲ ਹੀ ਸਬੰਧਤ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਜੀ ਦੇ ਦਰਬਾਰ ਵਿਚ ਇਕ ਵਾਰ ਭੰਡਾਂ ਦਾ ਜਥਾ ਆ ਗਿਆ। ਗੁਰੂ ਸਾਹਿਬ ਦੀ ਇਜਾਜ਼ਤ ਲੈ ਕੇ ਉਨ੍ਹਾਂ ਭੰਡਾਂ ਨੇ ਮੌਕੇ ਦੇ ਮਸੰਦਾਂ ਦੀਆਂ ਨਕਲਾਂ ਉਤਾਰੀਆਂ। ਦੂਰ-ਦਰਾਜ ਦੇ ਸ਼ਰਧਾਲੂਆਂ ਪਾਸੋਂ ਕਾਰ-ਭੇਟ ਉਗਰਾਹੁਣ ਜਾਂਦੇ ਮਸੰਦ ਕਿਵੇਂ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਨ ਦੇ ਨਾਲ-ਨਾਲ ਇਖਲਾਕ-ਹੀਣ ਕਰਤੂਤਾਂ ਕਰਦੇ ਨੇ, ਇਹ ਸਾਰਾ ਕੁਝ ਭੰਡਾਂ ਨੇ ਦਿਖਾਇਆ। ਗੂੜ੍ਹੀਆਂ ਨੀਲੀਆਂ ਪੱਗਾਂ, ਚਿੱਟੇ ਚੋਲਿਆਂ ਅਤੇ ਮੋਟੇ-ਮੋਟੇ ਢਿੱਡਾਂ ਵਾਲੇ ਮਸੰਦਾਂ ਦੀਆਂ ‘ਨਕਲਾਂ’ ਦੇਖ-ਦੇਖ ਸੰਗਤਾਂ ਤਾਂ ਹੱਸ ਰਹੀਆਂ ਸਨ ਪਰ ਗੁਰੂ ਗੋਬਿੰਦ ਸਿੰਘ ਗਹਿਰ-ਗੰਭੀਰ ਹੋ ਕੇ ‘ਕੁਝ ਹੋਰ’ ਹੀ ਸੋਚ ਰਹੇ ਸਨ।
ਭੰਡਾਂ ਨੂੰ ਬਣਦਾ ਮਾਣ-ਸਨਮਾਨ ਦੇ ਕੇ ਵਿਦਾ ਕਰਨ ਤੋਂ ਬਾਅਦ ਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਸਾਰੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਅਨੰਦਪੁਰ ਸਾਹਿਬ ਲਿਆਂਦੇ ਜਾਣ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੁਸ਼ਟ ਮਸੰਦਾਂ ਦਾ ਤੇਲ ਪਾ-ਪਾ ਸਾੜ ਕੇ ਫਸਤਾ ਵੱਢਿਆ ਗਿਆ। ਵਰ੍ਹਿਆਂ ਤੋਂ ਸੰਗਰੂਰ ਵਾਲਾ ਉਮੀਦਵਾਰ, ਉਕਤ ਭੰਡਾਂ ਵਾਂਗ ਸਿਆਸੀ, ਧਾਰਮਿਕ, ਸਮਾਜਕ ਖੇਤਰ ਦੀਆਂ ਕਾਲੀਆਂ ਭੇਡਾਂ ਦੀਆਂ ਨਕਲਾਂ ਲਾਉਂਦਾ ਆ ਰਿਹਾ ਹੈ। ਕੋਈ ਵਿਸ਼ਾ ਉਸ ਨੇ ਐਸਾ ਛੱਡਿਆ ਨਹੀਂ ਜਿਸ ਨੂੰ ਵਿਅੰਗ ਦੀ ਪੁੱਠ ਚਾੜ੍ਹ ਕੇ, ਆਪਣੇ ਲੋਕਾਂ ਸਾਹਮਣੇ ਪੇਸ਼ ਨਾ ਕੀਤਾ ਹੋਵੇ। ਹੁਣ ਵੇਲਾ ਆ ਗਿਆ ਹੈ ਸੋਚਣ ਦਾ, ਕਿ ਅਸੀਂ ਸਿਰਫ਼ ਹੱਸੀ ਹੀ ਜਾਣਾ ਹੈ ਜਾਂ ਗੁਰੂ ਸਾਹਿਬ ਵਾਲਾ ‘ਫਾਰਮੂਲਾ’ ਵੀ ਵਰਤਣਾ ਹੈ? ਸਿੱਖ ਫਿਲਾਸਫੀ ਵਿਚ ਗੁਰੂ ਨੂੰ ਵੀਹ ਵਿਸਵੇ, ਪਰ ਸੰਗਤ ਨੂੰ ਇੱਕੀ ਵਿਸਵੇ ਦਾ ਦਰਜਾ ਪ੍ਰਾਪਤ ਹੈ। ਸੰਗਰੂਰ ਦੀਏ ਸੰਗਤੇ! ਹੁਣ ਗੁਰੂ ਨਾਲੋਂ ਮਿਲੇ ਹੋਏ ਇਕ ਵਾਧੂ ਵਿਸਵੇ ਦੀ ਵਰਤੋਂ ਕਰੋ ਖੁੱਲ੍ਹ ਕੇ!
ਫਿਲਹਾਲ ਸੰਗਰੂਰ ਹਲਕੇ ਤੋਂ ਚੋਣ ਪ੍ਰਚਾਰ ਦੀਆਂ ਖ਼ਬਰਾਂ ਤਾਂ ‘ਦਿਲ ਖੁਸ਼ ਕਰਨ’ ਵਾਲੀਆਂ ਹੀ ਆ ਰਹੀਆਂ ਨੇ, ਪਰ ਦੋ ਖਦਸ਼ੇ ਮਾਰ ਰਹੇ ਨੇ। ਪਹਿਲਾ ਇਹ ਕਿ ਲੋਕ ਭਗਵੰਤ ਬਾਈ ਨੂੰ ‘ਕਮੇਡੀ ਕਲਾਕਾਰ’ ਵਜੋਂ ਹੀ ਨਾ ਉਚੇ ਹੋ-ਹੋ ਦੇਖੀ ਜਾਣ, ਜਿਹੜਾ ਉਹ ‘ਕੇਜਰੀਵਾਲ ਮਾਰਕਾ’ ਹੋਕਾ ਦੇ ਰਿਹਾ ਹੈ, ਉਸ ਨੂੰ ਵੀ ਸੰਗਰੂਰ ਹਲਕੇ ਦੀ ਸੰਗਤ ਦਿਲ ਵਿਚ ਵਸਾ ਲਵੇ। ਦੂਜਾ ਖਦਸ਼ਾ ਹੈ, ਚਾਚੇ ਚੰਡੀਗੜ੍ਹੀਏ ਵਾਲਾ। ਇਕ ਵਾਰ ਚੋਣਾਂ ਦੇ ਦਿਨੀਂ ਚਾਚੇ (ਸ਼ ਗੁਰਨਾਮ ਸਿੰਘ ਤੀਰ) ਨੇ ਚੋਣ ਜਲਸੇ ਵਿਚ ਆਪਣੀ ਅੱਖੀਂ ਦੇਖੀ ਘਟਨਾ ਸੁਣਾਉਂਦਿਆਂ ਦੱਸਿਆ ਸੀ, ਅਖੇ, ਕੇਰਾਂ ਹਫ਼ਤੇ ਕੁ ਤੱਕ ਵੋਟਾਂ ਪੈਣੀਆਂ ਸਨ। ਭਰੇ ਹੋਏ ਮੇਲੇ ਵਿਚ ਦੋ ਪੇਂਡੂ ਭਰਾ ਲੱਡੂਆਂ ਨਾਲ ਭਰੇ ਹੋਏ ਥਾਲ ਦੁਆਲੇ ਬੈਠੇ ਫਟਾ-ਫਟ ਲੱਡੂ ‘ਨਿਬੇੜ’ ਰਹੇ ਸਨ ਜੋ ਚੋਣਾਂ ‘ਚ ਖੜ੍ਹੇ ਕਿਸੇ ਉਮੀਦਵਾਰ ਨੇ ਖਰੀਦ ਕੇ ਦਿੱਤੇ ਸਨ। ਲੱਡੂ ਖਾਂਦਿਆਂ ਇਕ ਪੇਂਡੂ, ਦੂਜੇ ਨੂੰ ਪੁੱਛਣ ਲੱਗਾ, “ਯਾਰ, ਸਾਨੂੰ ਲੱਡੂ ਖੁਆਉਣ ਵਾਲਾ ਬੰਦਾ ਜਿੱਤ ਵੀ ਜਾਊ?”
“ਜਿੱਤੇ ਚਾਹੇ ਹਾਰੇ, ਖਸਮਾਂ ਨੂੰ ਖਾਏ। ਸਾਡੇ ਆਹ ਲੱਡੂ ਨ੍ਹੀਂ ਮੁੱਕਣੇ ਚਾਹੀਦੇ!” ਦੂਜੇ ਨੇ ਲੱਡੂ ਮੂੰਹ ‘ਚ ਸੁੱਟਦਿਆਂ ਜਵਾਬ ਦਿੱਤਾ।
ਸੰਗਤੇ, ਹੁਣ ਲੱਡੂਆਂ ਦੀ ਜਗ੍ਹਾ ਅਤਿਅੰਤ ਖਤਰਨਾਕ ਨਸ਼ੇ ਵਰਤਾਏ ਜਾ ਰਹੇ ਹਨ। ਕਾਲੇ ਧਨ ਨਾਲ ਅੰਨ੍ਹੀਆਂ ਹੋਈਆਂ ਸਿਆਸੀ ਪਾਰਟੀਆਂ ਸੱਤਾ ਦੀ ਕੁਰਸੀ ਨੂੰ ਹੀ ਨਿਸ਼ਾਨਾ ਮੰਨੀ ਬੈਠੀਆਂ ਹਨ। ਸਮਾਜ ਸ਼ਾਸਤਰੀਆਂ ਨੂੰ ਇਹੀ ਡਰ ਵੱਢ-ਵੱਢ ਖਾ ਰਿਹਾ ਹੈ ਕਿ ਸੰਗਤਾਂ ਕਿਤੇ ਨਸ਼ੇ ਤੇ ਨੋਟਾਂ ਦੇ ਲਾਲਚ ਵਿਚ, ਕੇਜਰੀਵਾਲ ਦੀਆਂ ਦਿਲੀ ਦਲੀਲਾਂ ਅਪੀਲਾਂ ਨੂੰ ਅਣਸੁਣੀਆਂ ਹੀ ਨਾ ਕਰ ਦੇਣ। ਸੰਗਤੇ ਜੀ, ਮੌਕਾ ਹੱਥੋਂ ਨਾ ਗਵਾ ਦਿਓ ਕਿਤੇ!

Be the first to comment

Leave a Reply

Your email address will not be published.