ਦਲ-ਬਦਲੂਆਂ ਨੇ ਐਤਕੀਂ ਛਿੱਕੇ ‘ਤੇ ਟੰਗ ਛੱਡੇ ਸਾਰੇ ਅਸੂਲ

ਚੰਡੀਗੜ੍ਹ: ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਦੀ ਸਿਆਸਤ ਵਿਚ ਹੋਈਆਂ ਦਲਬਦਲੀਆਂ ਨੇ ਸਿੱਧ ਕਰ ਦਿੱਤਾ ਹੈ ਸਿਆਸਤ ਵਿਚ ਸਭ ਕੁਝ ਜਾਇਜ਼ ਹੈ ਤੇ ਟਿਕਟ ਹਾਸਲ ਕਰਨ ਜਾਂ ਦੂਜੀ ਧਿਰ ਦੀ ਪਿੱਠ ਲਵਾਉਣ ਲਈ ਅਸੂਲਪ੍ਰਸਤੀ ਦੀ ਦੀ ਬਲੀ ਦੇਣ ਵਿਚ ਝਿਜਕ ਨਹੀਂ ਕੀਤੀ ਜਾਂਦੀ। ਇਸ ਪ੍ਰਸੰਗ ਵਿਚ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀ) ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਹਿਲਾਂ ਕਾਂਗਰਸ ਨਾਲ ਚੋਣ ਗੱਠਜੋੜ ਕਰਕੇ ਬਠਿੰਡਾ ਲੋਕ ਸਭਾ ਹਲਕੇ ਵਿਚ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਵਿਰੁੱਧ ਕਾਂਗਰਸ-ਪੀæਪੀæਪੀ ਗੱਠਜੋੜ ਦੇ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲੈਣਾ ਤੇ ਬਾਅਦ ਵਿਚ ਆਪਣੀ ਪਤੰਗ ਨੂੰ ਵੀ ਛੱਡ ਕੇ ਕਾਂਗਰਸ ਦੇ ਪੰਜੇ ਨੂੰ ਅਪਣਾਉਣ ਦਾ ਮਾਮਲਾ ਦਿਲਚਸਪ ਹੈ।
ਹਾਸਲ ਜਾਣਕਾਰ ਹਲਕਿਆਂ ਮੁਤਾਬਕ ਮਨਪ੍ਰੀਤ ਨੇ ਆਪਣੇ ਤਾਏ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ਰੀਕ-ਭਰਾ ਸੁਖਬੀਰ ਸਿੰਘ ਬਾਦਲ ਦੀ ਇਸ ਵਕਾਰੀ ਹਲਕੇ ਵਿਚ ਪਿੱਠ ਲਾਉਣ ਲਈ ਹੀ ਸਾਰਾ ਕੁਝ ਦਾਅ ‘ਤੇ ਲਾਇਆ ਹੈ। ਦੂਜੇ ਪਾਸੇ ਪਿਛਲੇ ਸਮੇਂ ਤੋਂ ਵੱਖ-ਵੱਖ ਪੱਧਰ ਦੀਆਂ ਹਾਰਾਂ ਦਾ ਮੂੰਹ ਦੇਖਣ ਵਾਲੀ ਕਾਂਗਰਸ ਵੀ ਬਠਿੰਡਾ ਵਿਖੇ ਬਾਦਲ ਪਰਿਵਾਰ ਦੀ ਨੂੰਹ ਨੂੰ ਹਰਾ ਕੇ ਅਕਾਲੀ-ਭਾਜਪਾ ਸਰਕਾਰ ਨੂੰ ਝਟਕਾ ਦੇਣ ਲਈ ਹਰ ਹਰਬਾ ਵਰਤਣ ਲਈ ਤਿਆਰ ਬੈਠੀ ਸੀ। ਮਨਪ੍ਰੀਤ ਤੇ ਕਾਂਗਰਸ ਨੇ ਇਸੇ ਸਾਂਝੇ ਟੀਚੇ ਦੀ ਖ਼ਾਤਰ ਆਪਣੇ ਸਾਰੇ ਅਸੂਲਾਂ ਨੂੰ ਕਿੱਲੀ ‘ਤੇ ਟੰਗ ਕੇ ਫੈਸਲਾ ਲਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਥਾਂ ਭਤੀਜੇ ਰਣਇੰਦਰ ਸਿੰਘ ਨੂੰ ਟਿਕਟ ਦੇਣ ਕਾਰਨ ਕਾਂਗਰਸ ਦਾ ਪੱਲਾ ਛੱਡ ਕੇ ਉਦੋਂ ਅਕਾਲੀ ਦਲ ਦਾ ਸਿਰੋਪਾਓ ਕਬੂਲਣ ਦਾ ਫੈਸਲਾ ਲਿਆ ਸੀ। ਹੁਣ ਜਦੋਂ ਅਕਾਲੀ ਦਲ ਨੇ ਰਾਜੇ ਨੂੰ ਉਨ੍ਹਾਂ ਦੀ ਭਰਜਾਈ ਪਰਨੀਤ ਕੌਰ ਵਿਰੁੱਧ ਪਟਿਆਲਾ ਲੋਕ ਸਭਾ ਹਲਕੇ ਤੋਂ ਟਿਕਟ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਮੁੜ ਆਪਣੇ ਵੱਡੇ ਭਰਾ ਕੈਪਟਨ ਦੀ ਜਾ ਸ਼ਰਨ ਲਈ ਹੈ।
2009 ਵਿਚ ਕਾਂਗਰਸ ਦੀ ‘ਅੱਖ ਦੇ ਤਾਰੇ’ ਮੰਨੇ ਜਾਂਦੇ ਸੁਖਦੇਵ ਸਿੰਘ ਲਿਬੜਾ ਨੂੰ ਜਦੋਂ ਮੌਜੂਦਾ ਚੋਣਾਂ ਵਿਚ ਇਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਅਕਾਲੀ ਦਲ ਵਿਚ ਪਰਤਣ ਤੋਂ ਭੋਰਾ ਭਰ ਵੀ ਸੰਕੋਚ ਨਹੀਂ ਕੀਤਾ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦਾ ਕੇਸ ਤਾਂ ਸਚਮੁੱਚ ਹੀ ਨਿਵੇਕਲਾ ਹੈ। ਉਹ ਅਕਾਲੀ ਦਲ ਤੇ ਪੀæਪੀæਪੀ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਕਾਂਗਰਸ ਵਿਚ ਘਰ ਵਾਪਸੀ ਕਰਕੇ ਮੁੜ ਇਸੇ ਪਾਰਟੀ ਦੇ ਗੁਣ ਗਾ ਰਹੇ ਹਨ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਵੀ ਸਿੱਧੇ ਤੌਰ ‘ਤੇ ਚੋਣਾਂ ਵਿਚ ਕਾਂਗਰਸ ਦੀ ਹਮਾਇਤ ਕਰਨ ਦਾ ਐਲਾਨ ਕਰਕੇ ਸਿੱਧ ਕਰ ਦਿੱਤਾ ਹੈ ਕਿ ਸਿਆਸਤ ਹੁਣ ਕਿਸੇ ਵੀ ਕਰਵਟ ਬੈਠ ਸਕਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਅਕਸਰ ਅੰਗ-ਸੰਗ ਦੇਖੇ ਜਾਂਦੇ ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਸਿੱਧ ਕਰ ਦਿੱਤਾ ਹੈ ਕਿ ਸਿਆਸੀ ਅਸੂਲ ਕਿਸੇ ਵੇਲੇ ਵੀ ਕੂਹਣੀ ਮੋੜ ਲੈ ਸਕਦੇ ਹਨ।
ਮੋਗਾ ਦੇ ਵਿਧਾਇਕ ਜੋਗਿੰਦਰਪਾਲ ਜੈਨ, ਕਾਂਗਰਸ ਦੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਬੀਰਮੀ ਤੇ ਈਸ਼ਰ ਸਿੰਘ ਮਿਹਰਬਾਨ ਦੇ ਵੀ ਅਕਾਲੀ ਦਲ ਵਿਚ ਸ਼ਾਮਲ ਹੋਣ ਪਿੱਛੇ ਇਹੋ ਸਪਸ਼ਟ ਸੰਕੇਤ ਮਿਲੇ ਹਨ। ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਰਾਜਬੀਰ ਸਿੰਘ ਪਡਿਆਲਾ ਨੇ ਵੀ ਹੁਣ ਚੋਣਾਂ ਮੌਕੇ ਮੁੜ ਅਕਾਲੀ ਦਲ ਵਿਚ ਵਾਪਸੀ ਕਰਕੇ ਇਸੇ ਗਾਥਾ ਨੂੰ ਅੱਗੇ ਵਧਾਇਆ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਹਿਲਾਂ ਹੀ ਰਾਜ ਵਿਚ ਇਹ ਚਰਚਾ ਛਿੜ ਚੁੱਕੀ ਹੈ ਕਿ ਸਿਆਸਤ ਵਿਚ ਸ਼ਾਇਦ ਕੋਈ ਵੀ ਕਿਸੇ ਇਕ ਪਾਰਟੀ ਨਾਲ ਪੱਕਾ ਬੱਝਿਆ ਨਹੀਂ ਹੈ। ਸ਼ਾਇਦ ਸਿਆਸੀ ਆਗੂਆਂ ਦੀਆਂ ਦਲਬਦਲੀਆਂ ਨੂੰ ਦੇਖ ਕੇ ਹੀ ਹੁਣ ਪਾਰਟੀਆਂ ਦੇ ਰਵਾਇਤੀ ਵੋਟਰ ਵੀ ਪੱਕੇ ਨਾਤੇ ਲਾਉਣ ਤੋਂ ਮੂੰਹ ਮੋੜ ਰਹੇ ਹਨ। ਇਹੋ ਕਾਰਨ ਹੈ ਕਿ ਹੁਣ ਪੰਜਾਬ ਦੇ ਸ਼ਹਿਰ ਤੋਂ ਬਾਅਦ ਪਿੰਡਾਂ ਵਿਚ ਵੀ ਆਮ ਆਦਮੀ ਪਾਰਟੀ (ਆਪ) ਦੇ ਯੂਨਿਟ ਬਣਨ ਲੱਗ ਪਏ ਹਨ। ਇਸ ਰੁਝਾਨ ਨੂੰ ਰਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਬਗਾਵਤ ਮੰਨਿਆ ਜਾ ਰਿਹਾ ਹੈ।

Be the first to comment

Leave a Reply

Your email address will not be published.