ਦਰਵਾਜ਼ਾ ਤਾਂ ਖੁੱਲ੍ਹਾ ਹੀ ਹੈ!

ਬਲਜੀਤ ਬਾਸੀ
ਬੂਹੇ ਜਾਂ ਬਾਰ ਦੇ ਮੁਕਾਬਲੇ ਵਿਚ ਦਰਵਾਜ਼ਾ ਸ਼ਬਦ ਦੀ ਆਪਣੀ ਹੀ ਸ਼ਾਨ ਹੈ। ਲੰਬਾਈ ਪੱਖੋਂ ਵੀ ਇਸ ਵਿਚ ਵਡੱਪਣ ਹੈ ਤੇ ਵਰਤੋਂ ਦੇ ਪੱਖ ਤੋਂ ਵੀ। ਬੋਲੀ ਹੈ,
ਤੂੰ ਕਾਹਦਾ ਲੰਬੜਦਾਰ ਵੇ, ਦਰਵਾਜ਼ਾ ਹੈ ਨੀ।
ਬੈਠੇ ਕੌਲੇ ਨਾਲ ਵੇ, ਦਰਵਾਜ਼ਾ ਹੈ ਨੀ।
ਬੁਲ੍ਹੇ ਸ਼ਾਹ ਫਰਮਾਉਂਦੇ ਹਨ,
ਦੌਲਤਮੰਦਾਂ ਨੇ ਬੂਹਿਆਂ ਉਤੇ, ਰੋਬਦਾਰ ਬਠਾਏ।
ਪਕੜ ਦਰਵਾਜਾ, ਸੱਚੇ ਦਾ, ਜਿੱਥੋਂ ਦੁਖ ਦਿਲ ਦਾ ਮਿਟ ਜਾਏ।
ਪੁਰਾਣੇ ਜ਼ਮਾਨੇ ਵਿਚ ਹਰ ਨਗਰ, ਸ਼ਹਿਰ ਦੀ ਬਾਹਰੀ ਫਾਸੀਲ ਵਿਚ ਦਰਵਾਜ਼ੇ ਲੱਗੇ ਹੁੰਦੇ ਸਨ ਜਿਨ੍ਹਾਂ ਰਾਹੀਂ ਹੀ ਅੰਦਰ ਵੜਿਆ ਜਾ ਸਕਦਾ ਸੀ। ਇਹ ਦਰਵਾਜ਼ੇ ਲੰਬੇ, ਚੌੜੇ, ਉਚੇ ਤੇ ਡਾਟਦਾਰ ਹੁੰਦੇ ਸਨ। ਇਨ੍ਹਾਂ ਦੇ ਨਾਂ ਵੀ ਹੁੰਦੇ ਸਨ ਜਿਵੇਂ ਲਾਹੌਰੀ ਦਰਵਾਜ਼ਾ, ਕਸ਼ਮੀਰੀ ਦਰਵਾਜ਼ਾ। ਇਹ ਸੁਰੱਖਿਆ ਦੇ ਪੱਖ ਤੋਂ ਫਾਇਦੇਮੰਦ ਹੋਇਆ ਕਰਦੇ ਸਨ। ਇਥੇ ਪਹਿਰੇਦਾਰ ਬਿਠਾਏ ਜਾਂਦੇ ਸਨ। ਅਜਿਹੇ ਸੁਰੱਖਿਆ ਦਰਵਾਜ਼ੇ ਸੂਰਜ ਛਿਪਣ ਸਾਰ ਬੰਦ ਕਰ ਦਿੱਤੇ ਜਾਂਦੇ ਸਨ। ਕਿਲਿਆਂ ਦੇ ਵੀ ਦਰਵਾਜ਼ੇ ਹੁੰਦੇ ਸਨ ਜਿਵੇਂ ਬਹਿਰਾਮਪੁਰ ਕਿਲੇ ਦੇ ਸੱਤ ਦਰਵਾਜ਼ਿਆਂ ਵਿਚੋਂ ਕੁਝ ਦੇ ਨਾਂ ਹਨ-ਚੌਣਾਂ ਦਰਵਾਜ਼ਾ, ਬ੍ਰਾਹਮਣੀ ਦਰਵਾਜ਼ਾ, ਸੁਲਤਾਨੀ ਦਰਵਾਜ਼ਾ, ਤਾਕੀ ਦਰਵਾਜ਼ਾ, ਘਾਹ ਮੰਡੀ ਦਰਵਾਜ਼ਾ ਆਦਿ। ਅੱਜ ਵੀ ਹਰ ਪਿੰਡ ਦੇ ਬਾਹਰਵਾਰ ਦਰਵਾਜ਼ਾ ਹੁੰਦਾ ਹੈ। ਬਹੁਤਿਆਂ ਵਿਚ ਅੱਜ ਕਲ੍ਹ ਦਰਵਾਜ਼ੇ ਨਹੀਂ ਰਹੇ ਬੱਸ ਦੋਨੋਂ ਪਾਸੇ ਚੌਂਤਰੇ ਹੀ ਹੁੰਦੇ ਹਨ ਪਰ ਵੱਜਦੇ ਦਰਵਾਜ਼ਾ ਹੀ ਹਨ। ਪਿੰਡ ਦੇ ਬਜ਼ੁਰਗ ਤੇ ਵਿਹਲੜ ਇਸ ਥਾਂ ‘ਤੇ ਬਹਿ ਕੇ ਆਪਣਾ ਝੱਟ ਲੰਘਾਉਂਦੇ ਹਨ ਤੇ ਨਾਲੇ ਲੰਘਦੇ ਵੜਦੇ ਦੀ ਬਿੜਕ ਰੱਖਦੇ ਹਨ। ਕਿਸੇ ਦੇ ਘਰ ਕੌਣ ਪ੍ਰਾਹੁਣਾ ਆਇਆ, ਦਰਵਾਜ਼ੇ ਬੈਠਿਆਂ ਨੂੰ ਸਭ ਖਬਰ ਹੁੰਦੀ ਹੈ। ਦੀਵਾਲੀ ਨੂੰ ਇਥੇ ਦੀਵੇ ਜਗਾਏ ਜਾਂਦੇ ਹਨ। ਕਈ ਜਨਤਕ ਗਤੀਵਿਧੀਆਂ ਦਰਵਾਜ਼ੇ ਵਿਚ ਹੀ ਹੁੰਦੀਆਂ ਹਨ। ਅੱਜ ਪਿੰਡ ਇਨ੍ਹਾਂ ਦਰਵਾਜ਼ਿਆਂ ਤੋਂ ਬਹੁਤ ਬਾਹਰ ਤੱਕ ਫੈਲ ਗਏ ਹਨ ਤੇ ਪਿੰਡ ਨਾਲ ਲਗਦੀ ਸੜਕ ਉਤੇ ਗੇਟ ਲਾਉਣ ਦੀ ਭੇਡ ਚਾਲ ਚੱਲ ਪਈ ਹੈ। ਉਂਜ ਇਹ ਰਿਵਾਜ ਪਿੰਡਾਂ ਵਿਚ ਵਧ ਰਹੀ ਸਵੈ-ਚੇਤਨਤਾ ਦਾ ਵੀ ਸੂਚਕ ਹੈ।
ਕਈ ਦਰਵਾਜ਼ਿਆਂ ਨੇ ਇਤਿਹਾਸਕ ਮਹੱਤਤਾ ਧਾਰਨ ਕਰ ਲਈ ਹੈ ਜਿਵੇਂ ਦਿੱਲੀ ਸਥਿਤ ਖੂਨੀ ਦਰਵਾਜ਼ਾ। ਇਹ ਦਿੱਲੀ ਦੇ ਬਚੇ ਹੋਏ ਤੇਰਾਂ ਦਰਵਾਜ਼ਿਆਂ ਵਿਚੋਂ ਇਕ ਹੈ। ਇਥੇ ਮੁਗਲ ਸਤਲਤਨਤ ਦੇ ਤਿੰਨ ਸ਼ਹਿਜ਼ਾਦੇ-ਬਹਾਦਰ ਸ਼ਾਹ ਜ਼ਫਰ ਦੇ ਬੇਟੇ ਮਿਰਜ਼ਾ ਮੁਗਲ, ਕਿਜ਼ਰ ਸੁਲਤਾਨ ਅਤੇ ਉਸ ਦੇ ਪੋਤੇ ਅਬੂ ਬਕਰ ਦੀ ਬਰਤਾਨਵੀ ਜਨਰਲ ਵਿਲੀਅਮ ਹਾਡਸਨ ਨੇ 1857 ਦੇ ਗਦਰ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮੁਗਲ ਸਮਰਾਟ ਦੇ ਆਤਮ ਸਮਰਪਣ ਦੇ ਅਗਲੇ ਦਿਨ ਹੀ ਵਿਲੀਅਮ ਹਡਸਨ ਨੇ ਤਿੰਨਾਂ ਸ਼ਹਿਜ਼ਾਦਿਆਂ ਨੂੰ ਵੀ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਜਦ ਹਾਡਸਨ ਤਿੰਨਾਂ ਨੂੰ ਹਮਾਯੂੰ ਦੇ ਮਕਬਰੇ ਤੋਂ ਲਾਲ ਕਿਲੇ ਲਿਜਾ ਰਿਹਾ ਸੀ ਤਾਂ ਉਸ ਨੇ ਤਿੰਨਾਂ ਨੂੰ ਰੋਕ ਕੇ ਨੰਗਿਆਂ ਕੀਤਾ ਅਤੇ ਗੋਲੀਆਂ ਮਾਰ ਕੇ ਮਾਰ ਦਿੱਤਾ। ਫਿਰ ਜਨਤਕ ਵਿਖਾਵੇ ਲਈ ਉਨ੍ਹਾਂ ਦੇ ਸਿਰਾਂ ਨੂੰ ਕੋਤਵਾਲੀ ਦੇ ਸਾਹਮਣੇ ਟੰਗਿਆ ਗਿਆ। ਦੰਦ ਕਥਾ ਹੈ ਕਿ ਜਹਾਂਗੀਰ ਨੇ ਆਪਣੇ ਇਕ ਰਤਨ ਦੇ ਦੋ ਬੇਟਿਆਂ ਨੂੰ ਇਸ ਦਰਵਾਜ਼ੇ ‘ਤੇ ਮਰਵਾਇਆ ਸੀ। ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਦੇ ਵੱਢੇ ਸਿਰ ਨੂੰ ਇਥੇ ਲਟਕਾਇਆ। ਨਾਦਰ ਸ਼ਾਹ ਨੇ ਦਿੱਲੀ ‘ਤੇ ਚੜ੍ਹਾਈ ਕੀਤੀ ਤਾਂ ਇਥੇ ਖੂਨ ਦੀਆਂ ਨਦੀਆਂ ਵਹਿ ਗਈਆਂ।
ਦਰਵਾਜ਼ਾ ਸ਼ਬਦ ਵਿਚ ਅਧਿਆਤਮਕ ਪਾਸਾਰ ਵੀ ਹਨ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, “ਨੌ ਦਰਵਾਜੇ ਦਸਵਾਂ ਦੁਆਰ॥” ਇਥੇ ਨੌਂ ਦਰਵਾਜ਼ੇ ਗਿਆਨ ਇੰਦਰੀਆਂ ਹੀ ਹਨ। ਭਗਤ ਕਬੀਰ ਕਹਿੰਦੇ ਹਨ, “ਮੂੰਦਿ ਲੀਏ ਦਰਵਾਜੇ॥ ਬਾਜੀਅਲੇ ਅਨਹਦ ਨਾਦੇ॥” Ḕਦਰਵਾਜ਼ਾ ਖੜਕਾਉਣਾḔ ਮੁਹਾਵਰੇ ਦਾ ਮਤਲਬ ਕਚਹਿਰੀ ਆਦਿ ਅੱਗੇ ਇਨਸਾਫ ਲਈ ਫਰਿਆਦ ਕਰਨਾ ਹੈ। ਅੰਗਰੇਜ਼ੀ ਰਾਜ ਸਮੇਂ ਗੋਰੇ ਅਫਸਰ ਦੇ ਘਰ ਅੱਗੇ ਜੇ Ḕਦਰਵਾਜ਼ਾ ਬੰਦ ਹੈḔ ਲਿਖਿਆ ਹੁੰਦਾ ਸੀ ਤਾਂ ਇਸ ਦਾ ਮਤਲਬ ਸੀ, ਭਾਰਤੀ ਮੁਲਾਕਾਤੀ ਹੁਣ ਨਹੀਂ ਮਿਲ ਸਕਦੇ। ਉਰਦੂ ਵਿਚ ਦਰਵਾਜ਼ੀ ਸ਼ਬਦ ਵੀ ਹੈ ਜਿਸ ਦਾ ਮਤਲਬ ਦਰਵਾਜ਼ੇ ਦਾ ਰਖਵਾਲਾ ਜਾਂ ਦਰਬਾਨ ਹੁੰਦਾ ਹੈ।
ਪੰਜਾਬੀ ਵਿਚ ਦਰਵਾਜ਼ਾ ਤਿੰਨ ਅਰਥਾਂ ਵਿਚ ਵਰਤਿਆ ਜਾਂਦਾ ਹੈ, ਕਿਸੇ ਇਮਾਰਤ ਆਦਿ ਦਾ ਮੁਖ ਲਾਂਘਾ, ਇਸ ਲਾਂਘੇ ‘ਤੇ ਲੱਗੇ ਹੋਏ ਬੂਹੇ ਅਤੇ ਲਾਂਘਾ ਤੇ ਬੂਹੇ ਦੋਵੇਂ। ਦਰਵਾਜ਼ਾ ਫਾਰਸੀ ਦਾ ਸ਼ਬਦ ਹੈ ਜੋ ḔਦਰḔ ਅਤੇ Ḕਵਾਜ਼Ḕ ਲਫਜ਼ਾਂ ਦੇ ਮੇਲ ਤੋਂ ਬਣਿਆ ਹੈ। ਦਰ ਦਾ ਮਤਲਬ ਤਾਂ ਸਾਰੇ ਜਾਣਦੇ ਹੀ ਹਨ ਯਾਨਿ ਬੂਹਾ, ਵਾਜ਼ ਜਾਂ ਬਾਜ਼ ਦਾ ਮਤਲਬ ਫਾਰਸੀ ਵਿਚ ਖੁੱਲ੍ਹਾ ਹੁੰਦਾ ਹੈ। ਇਸ ਤਰ੍ਹਾਂ ਦਰਵਾਜ਼ਾ ਸ਼ਬਦ ਦਾ ਮੁਢਲਾ ਅਰਥ ਖੁੱਲ੍ਹਾ ਦਰ ਹੈ। ਇਸ ਹਿਸਾਬ ਨਾਲ Ḕਖੁੱਲ੍ਹਾ ਦਰਵਾਜ਼ਾḔ ਕਹਿਣਾ ਅਟਪਟਾ ਜਿਹਾ ਲੱਗੇਗਾ ਪਰ ਭਾਸ਼ਾ ਇਸੇ ਤਰ੍ਹਾਂ ਹੁੰਦੀ ਹੈ। ਦਰਅਸਲ ਖੁੱਲ੍ਹਾ ਦਰ ਹੀ ਲਾਂਘੇ ਦਾ ਪ੍ਰਭਾਵ ਦਿੰਦਾ ਹੈ, ਬੰਦ ਦਰ ਤਾਂ ਇਕ ਤਰ੍ਹਾਂ ਫਿਰ ਕੰਧ ਹੀ ਹੋਇਆ। ਦਰਵਾਜ਼ਾ ਸਮਾਸ ਦੇ ḔਦਰḔ ਸ਼ਬਦ ਦਾ ਅਰਥ ਵੀ ਪ੍ਰਵੇਸ਼-ਦੁਆਰ ਹੀ ਹੁੰਦਾ ਹੈ ਜੋ ਪੰਜਾਬੀ ਵਿਚ ਖੂਬ ਵਰਤਿਆ ਜਾਂਦਾ ਹੈ ਪਰ ਇਸ ਵਿਚ ਆਮ ਤੌਰ ‘ਤੇ ਬੂਹੇ ਦੇ ਭਾਵ ਨਹੀਂ ਹਨ। Ḕਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ॥Ḕ -ਗੁਰੂ ਨਾਨਕ। Ḕਦਰ ਦਰḔ ਦਾ ਮਤਲਬ ਹੈ ਹਰ ਬੂਹੇ ‘ਤੇ ਜਿਵੇਂ ਦਰ ਦਰ ਮੰਗਣਾ ਜਾਂ ਦਰ ਦਰ ਦੀਆਂ ਠੁਹਕਰਾਂ ਖਾਣਾ। ਸਿਆਣੇ ਕਹਿੰਦੇ ਹਨ ਦਰ ‘ਤੇ ਬੇਰੀ ਨਾ ਲਾਈਏ ਤੇ ਸਿਪਾਹੀ ਨੂੰ ਯਾਰ ਨਾ ਬਣਾਈਏ। ਬਾਬਾ ਸ਼ੇਖ ਫਰੀਦ ਦਾ ਇਹ ਸਲੋਕ ਵੀ ਕਹਾਵਤ ਦਾ ਰੂਪ ਹੀ ਧਾਰ ਚੁੱਕਾ ਹੈ, “ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆ ਭਤਿ॥ ਬੰਨ੍ਹਿ ਉਠਾਈ ਪੋਟਲੀ ਕਿਥੇ ਵੰਞਾ ਘਤਿ॥” ਦਰ ਤੋਂ ਹੀ ਫਾਰਸੀ ਵਿਚ ਹੀ ਬਣੇ ਹੋਰ ਕਈ ਸਮਾਸੀ ਰੂਪ ਪੰਜਾਬੀ ਵਿਚ ਵੀ ਪ੍ਰਚਲਤ ਹਨ। ਕੁਝ ਗਿਣਾਉਂਦੇ ਹਾਂ: ਦਰਬਾਨ-ਦਰ ਦਾ ਰਖਵਾਲਾ, ਚੌਕੀਦਾਰ; ਦਰਬਾਰ-ਕਚਹਿਰੀ, ਦੀਵਾਨ। ਦਰਗਾਹ ਫਕੀਰ ਆਦਿ ਦਾ ਮਜ਼ਾਰ। ਇਸ ਵਿਚ ਗਾਹ ਦਾ ਅਰਥ ਹੁੰਦਾ ਹੈ, ਜਗਹ। ਸ਼ਿਕਾਰਗਾਹ ਦਾ ਮਤਲਬ ਸ਼ਿਕਾਰ ਕਰਨ ਵਾਲੀ ਜਗਹ। ਬੇਨਤੀ, ਅਰਜ਼ੀ ਆਦਿ ਦੇ ਅਰਥਾਂ ਵਾਲੇ ḔਦਰਖਾਸਤḔ ਸ਼ਬਦ ਵਿਚ ਖਾਸਤਨ ਦਾ ਮਤਲਬ ਹੁੰਦਾ ਹੈ, ਚਾਹੁਣਾ। ਸੋ, ਭਾਵ ਹੋਇਆ ਕਿਸੇ (ਦੇ ਦਰ) ਅੱਗੇ ਪੇਸ਼ ਕੀਤੀ ਚਾਹ ਜਾਂ ਮੰਗ। ਪੁੱਛ ਗਿੱਛ ਦੇ ਅਰਥਾਂ ਵਾਲੇ ਦਰਿਆਫਤ ਸ਼ਬਦ ਵਿਚ ਫਾਰਸੀ ਯਾਫਤਨ ਸ਼ਬਦ ਝਲਕ ਰਿਹਾ ਹੈ ਜਿਸ ਦਾ ਅਰਥ ਹੁੰਦਾ ਹੈ ਪਾਉਣਾ, ਲਭਣਾ। ਦਰੀਚਾ ਛੋਟੇ ਦਰਵਾਜ਼ੇ ਨੂੰ ਕਿਹਾ ਜਾਂਦਾ ਹੈ। ḔਚਾḔ ਪਿਛੇਤਰ ਲਘੁਤਾ ਸੂਚਕ ਹੈ। ਕਿਤਾਬਚਾ ਵਿਚ ਇਹੀ ਪਿਛੇਤਰ ਹੈ ਜਿਸ ਦਾ ਅਰਥ ਬਣਿਆ ਛੋਟੀ ਕਿਤਾਬ।
ਫਾਰਸੀ ḔਦਰḔ ਸ਼ਬਦ ਦਾ ਪ੍ਰਾਚੀਨ ਰੂਪ ḔਦਵਰḔ ਜਿਹਾ ਸੀ। ਇਥੇ ਆ ਕੇ ਅਸੀਂ ਇਸ ਸ਼ਬਦ ਦੇ ਸੰਸਕ੍ਰਿਤ ਤੇ ਹੋਰ ਭਾਰਤੀ-ਆਰਿਆਈ ਭਾਸ਼ਾਵਾਂ ਦੇ ਸੁਜਾਤੀ ਸ਼ਬਦ ਦਵਾਰ/ ਦੁਆਰ ਦੀ ਚਰਚਾ ਛੇੜਦੇ ਹਾਂ। ਅਸੀਂ ਜਾਣਦੇ ਹੀ ਹਾਂ ਕਿ ਦੁਆਰ ਸ਼ਬਦ ਦੇ ਅਰਥ ਵੀ ḔਦਰḔ ਜਿਹੇ ਹੀ ਹੁੰਦੇ ਹਨ। ਇਹ ਸ਼ਬਦ ਵਧੇਰੇ ਕਰਕੇ ਧਾਰਮਿਕ ਸੰਦਰਭ ਵਿਚ ਹੀ ਵਰਤਿਆ ਜਾਂਦਾ ਹੈ ਜਿਵੇਂ ਸਰੀਰ ਦੇ ਨੌਂ ਇੰਦਰਿਆਂ ਨੂੰ ਨੌਂ ਦੁਆਰ ਕਿਹਾ ਗਿਆ ਹੈ ਅਰਥਾਤ ਅਜਿਹੇ ਲਾਂਘੇ ਜਾਂ ਛਿੱਦਰ ਜਿਨ੍ਹਾਂ ਰਾਹੀ ਬਾਹਰੀ ਗਿਆਨ ਸਰੀਰ ਦੇ ਅੰਦਰ ਦਾਖਿਲ ਹੁੰਦਾ ਹੈ। ਰਹੱਸਵਾਦੀ ਸਾਧਕਾਂ ਨੇ ਪਰਮਾਤਮਾ ਦੇ ਨਿਵਾਸ ਲਈ ਇਨ੍ਹਾਂ ਨੌਂ ਛਿੱਦਰਾਂ ਤੋਂ ਵੱਖ ਸਥਾਨ ਦੀ ਕਲਪਨਾ ਕੀਤੀ ਹੈ। ਬੇਣੀ ਭਗਤ ਅਨੁਸਾਰ, “ਦਸਮ ਦੁਆਰਾ ਅਪਾਰਾ ਪਰਮ ਪੁਰਖ ਕੀ ਘਾਟੀ।” ਦਰਬਾਨ ਦੇ ਟਾਕਰੇ ਤੇ ਸੰਸਕ੍ਰਿਤ ਵਲੋਂ ਦੁਆਰਪਾਲ ਹੈ ਜੋ ਕਿ ਦਰ ਦਾ ਰਖਵਾਲਾ ਹੀ ਹੈ। ਭੁਟਾਨ ਦੇ ਆਸਪਾਸ ਉਤਰ-ਪੂਰਬੀ ਭਾਰਤ ਦੇ ਇਲਾਕੇ ਅਰਥਾਤ ਤੇਰਾਈ ਨੂੰ ਦੋਆਰ ਜਾਂ ਦੁਆਰ ਕਹਿੰਦੇ ਹਨ ਕਿਉਂਕਿ ਇਹ ਭਾਰਤ ਵਲੋਂ ਭੁਟਾਨ ਜਾਣ ਲਈ ਇਕ ਪ੍ਰਵੇਸ਼ ਮਾਤਰ ਹੈ। ਇਹ ਦੁਆਰ ਵੀ ਦੋ ਹਨ, ਪਛਮੀ ਦੁਆਰ ਜਾਂ ਬੰਗਾਲ ਦੁਆਰ ਅਤੇ ਪੂਰਬੀ ਦੁਆਰ ਜਾਂ ਆਸਾਮ ਦੁਆਰ। ਹਿੰਦੂਆਂ ਦੇ ਚਾਰ ਧਾਮਾਂ ਵਿਚੋਂ ਇਕ ਕ੍ਰਿਸ਼ਨ ਦੀ ਨਗਰੀ ਦੁਆਰਕਾ ਦਾ ਇਹ ਨਾਂ ਇਸ ਕਰਕੇ ਪਿਆ ਕਿਉਂਕਿ ਇਹ ਸਮੁੰਦਰ ਤੋਂ ਧਰਤੀ ਦਾ ਦੁਆਰ ਸੀ। ਗੁਰੂ ਨਾਨਕ ਨੇ ḔਦੁਆਰਾḔ ਸ਼ਬਦ ਦਵਾਰਕਾ ਲਈ ਵਰਤਿਆ ਹੈ, “ਕਾਸੀ ਕਾਂਤੀ ਪੁਰੀ ਦੁਆਰਾ॥” ਇਸ ਸ਼ਬਦ ਦੀ ਪਿਛੇਤਰ ਵਜੋਂ ਵੀ ਵਰਤੋਂ ਹੁੰਦੀ ਹੈ ਜਿਵੇਂ ਹਰਿਦੁਆਰ; ਗੁਰਦਵਾਰਾ, ਠਾਕਰਦਵਾਰਾ ਆਦਿ। ਟਰਨਰ ਅਨੁਸਾਰ ਘਰ-ਬਾਰ ਸ਼ਬਦ ਘਰਦਵਾਰਾ ਤੋਂ ਬਣਿਆ ਹੈ। ਕੁਝ ਭਾਸ਼ਾਵਾਂ ਵਿਚ ਇਹ ਸ਼ਬਦ ਘਰਦਾਰ ਵੀ ਹੈ। ਇਸ ਸ਼ਬਦ ਦੇ ਦਰਵਾਜ਼ੇ ਵਾਲੇ ਅਰਥਾਂ ਕਾਰਨ ਦੁਆਰਾ ਸ਼ਬਦ ਦਾ ਅਰਥ ਜ਼ਰੀਆ, ਵਸੀਲਾ, ਸਾਧਨ, ਮਾਰਫਤ ਆਦਿ ਹੋ ਗਿਆ ਹੈ, “ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ॥” -ਗੁਰੂ ਨਾਨਕ ਅਤੇ “ਗੁਰ ਦੁਆਰੈ ਹਰਿ ਕੀਰਤਨੁ ਸੁਣੀਐ” -ਗੁਰੂ ਅਰਜਨ ਦੇਵ।
ਇਹ ਸ਼ਬਦ ਹਿੰਦ-ਯੂਰਪੀ ਖਾਸੇ ਵਾਲਾ ਹੈ। ਅਨੇਕਾਂ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਦਹੱeਰ ਨਿਸ਼ਚਿਤ ਕੀਤਾ ਗਿਆ ਹੈ ਜਿਸ ਦਾ ਅਰਥ ਵੀ ਦਰਵਾਜ਼ਾ, ਗੇਟ ਆਦਿ ਹੀ ਹੈ। ਅੰਗਰੇਜ਼ੀ ਸ਼ਬਦ ਦੋਰ ਵੀ ਇਥੋਂ ਹੀ ਤੁਰਿਆ ਹੋਵੇਗਾ। ਅੰਗਰੇਜ਼ੀ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਜਰਮੈਨਿਕ ਸ਼ਾਖਾ ਨਾਲ ਸਬੰਧ ਰੱਖਦੀ ਹੈ। ਪ੍ਰਾਕ-ਜਰਮੈਨਿਕ ਵਿਚ ਇਸ ਸ਼ਬਦ ਦਾ ਰੂਪ ਸੀ- ਦੁਰ ਜੋ ਪੁਰਾਣੀ ਅੰਗਰੇਜ਼ੀ ਵਿਚ ਵਟ ਕੇ ਦੁਰਅ ਹੋ ਗਿਆ ਤੇ ਹੌਲੀ ਹੌਲੀ ਆਧੁਨਿਕ ਅੰਗਰੇਜ਼ੀ ਵਿਚ ਡੋਰ ਬਣਿਆ। ਪੁਰਾਣੀ ਨਾਰਸ, ਡੈਨਿਸ਼, ਪੁਰਾਣੀ ਫਰੀਜ਼ੀਅਨ ਆਦਿ ਭਾਸ਼ਾਵਾਂ ਵਿਚ ਇਸ ਦੇ ਇਸੇ ਤਰ੍ਹਾਂ ਦੇ ਰੂਪ ਹਨ ਪਰ ਪੁਰਾਣੀ ਜਰਮਨ ਵਿਚ ਇਸ ਦਾ ਰੂਪ ਟੂਰ ਜਿਹਾ ਹੈ। ਰੂਸੀ ਵਿਚ ਦਵੇਰ ਸ਼ਬਦ ਦਾ ਅਰਥ ਦਰਵਾਜ਼ਾ ਹੈ। ਗਰੀਕ ਭਾਸ਼ਾ ਵਿਚ ਇਸ ਦਾ ਰੂਪ ਟਹੇਰਅ ਹੈ ਤੇ ਇਸ ਦਾ ਇਕ ਅਰਥ ਮੂੰਹ ਵੀ ਹੈ। ਮੂੰਹ ਵੀ ਇਕ ਤਰ੍ਹਾਂ ਦਵਾਰ ਹੀ ਹੈ ਜਿਸ ਰਾਹੀਂ ਭੋਜਨ ਪੇਟ ਵਿਚ ਜਾਂਦਾ ਹੈ। ਅੰਗਰੇਜ਼ੀ ਟਹੇਰੋਦਿ ਸ਼ਬਦ ਇਸੇ ਤੋਂ ਬਣਿਆ ਹੈ। ਇਸ ਸ਼ਬਦ ਦਾ ਸ਼ਾਬਦਿਕ ਅਰਥ Ḕਢਾਲ ਜਾਂ ਬੂਹੇ ਰੂਪੀḔ ਹੈ। ਇਸ ਸ਼ਬਦ ਦੀ ਘਾੜਤ ਗਲ ਅੰਦਰ ਘੰਡੀ ਦੀ ਸ਼ਕਲ ਦਰਸਾਉਣ ਲਈ ਕੀਤੀ ਗਈ ਸੀ। ਲਾਤੀਨੀ ਵਿਚ ਚਰਚਿਤ ਸ਼ਬਦ ਲਈ ੋਰਸਿ ਸ਼ਬਦ ਹੈ। ਬਦੇਸ਼ੀ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਫੌਰਨ (ੋਰeਗਿਨ) ਇਸੇ ਤੋਂ ਬਣਿਆ। ਇਸ ਦਾ ਸ਼ਾਬਦਿਕ ਅਰਥ ਹੈ, ਦਰੋਂ ਬਾਹਰ। ਇਹ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਦਾਖਲ ਹੋਇਆ। ਅਸਲ ਵਿਚ ਲਾਤੀਨੀ ਫੌਰਿਸ ਦਾ ਇਕ ਮਤਲਬ ਬਾਹਰਵਾਰ ਯਾਨਿ ਦਰੋਂ ਬਾਹਰ ਵੀ ਹੁੰਦਾ ਹੈ। ਇਸ ਸਥਿਤੀ ਨੂੰ ਅਸੀਂ ਕੁਝ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜੇ ਕੋਈ ਦਰ ‘ਤੇ ਖੜਾ ਹੈ ਤਾਂ ਇਸ ਦਾ ਮਤਲਬ ਉਹ ਤੁਹਾਡੇ ਦਰ ਤੋਂ ਬਾਹਰ ਹੀ ਹੈ। ਜਾਂ ਇਉਂ ਕਹਿ ਲਵੋ ਕਿ ਦਰ ਨੂੰ ਅੰਦਰ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਗਿਆ ਹੈ। ਅੰਗਰੇਜ਼ੀ ਸ਼ਬਦ ਫੋਰਮ ਵੀ ੋਰਿਸ ਤੋਂ ਹੀ ਬਣਿਆ ਹੈ। ਪ੍ਰਾਚੀਨ ਰੋਮ ਵਿਚ ਫੋਰਮ ਸਭਾ ਸਥਾਨ ਨੂੰ ਆਖਦੇ ਸਨ। ਇਸ ਤੋਂ ਪਹਿਲਾਂ ਇਸ ਦਾ ਅਰਥ ਮਾਰਕਿਟ, ਮੈਦਾਨ ਜਾਂ ਸਰਵਜਨਕ ਸਥਾਨ ਹੁੰਦਾ ਸੀ। ਇਥੇ ਸਾਡੇ ਪਿੰਡਾਂ ਵਾਲੇ ਦਰਵਾਜ਼ੇ ਦਾ ਝੌਲਾ ਪੈਂਦਾ ਹੈ ਜਿਥੇ ਲੋਕਾਂ ਦੀ ਸੱਥ ਜੁੜਦੀ ਹੈ। ਸਤਾਰਵੀਂ ਸਦੀ ਵਿਚ ਇਸ ਦਾ ਅਰਥ ਗੋਸ਼ਟੀ ਕਰਨ ਵਾਲਾ ਸਥਾਨ ਬਣ ਗਿਆ।

Be the first to comment

Leave a Reply

Your email address will not be published.