ਮੇਰੀ ਕਸ਼ਮੀਰ ਯਾਤਰਾ

ਬਲਰਾਜ ਸਾਹਨੀ (ਪਹਿਲੀ ਮਈ 1913-13 ਅਪਰੈਲ 1973) ਨੇ ਹਿੰਦੀ ਫਿਲਮ ਜਗਤ ਨੂੰ ਕਈ ਅਹਿਮ ਅਤੇ ਅਮਰ ਫਿਲਮਾਂ ਦਿੱਤੀਆਂ ਹਨ। ਬਲਰਾਜ ਸਿਰਫ ਉਮਦਾ ਅਦਾਕਾਰ ਹੀ ਨਹੀਂ ਸੀ, ਵਧੀਆ ਲੇਖਕ ਵੀ ਸੀ। ਵਧੀਆ ਲੇਖਕ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਵੀ ਸੀ; ਇਸੇ ਕਰ ਕੇ ਉਹਦੀਆਂ ਫਿਲਮਾਂ ਅਤੇ ਲਿਖਤਾਂ ਵਿਚ ਦੁਸ਼ਵਾਰੀਆਂ ਨਾਲ ਜੂਝਦੇ ਲੋਕਾਂ ਦੀਆਂ ਗੱਲਾਂ-ਬਾਤਾਂ ਸਹਿਜੇ ਹੀ ਆ ਜਾਂਦੀਆਂ ਹਨ। ਜ਼ਿੰਦਗੀ ਨਾਲ ਉਸ ਨੂੰ ਲੋਹੜੇ ਦਾ ਪਿਆਰ ਸੀ ਅਤੇ ਉਹ ਹਰ ਸ਼ੈਅ ਨੂੰ ਇਸੇ ਲਾਡ ਵਿਚੋਂ ਦੇਖਦਾ ਸੀ। ‘ਮੇਰੀ ਕਸ਼ਮੀਰ ਯਾਤਰਾ’ ਵਾਲਾ ਲੇਖ ਉਸ ਨੇ 1967 ਵਿਚ ਲਿਖਿਆ ਸੀ। ਉਦੋਂ ਦੇਸ਼ ਨੂੰ ਆਜ਼ਾਦ ਹੋਇਆਂ ਵੀਹ ਵਰ੍ਹੇ ਲੰਘ ਚੁੱਕੇ ਸਨ, ਪਰ ਲੋਕਾਂ ਦੀ ਗੁਲਾਮ-ਮਾਨਸਿਕਤਾ ਖਹਿੜਾ ਨਹੀਂ ਸੀ ਛੱਡ ਰਹੀ। ਇਸ ਲੇਖ ਵਿਚ ਉਸ ਨੇ ਤੋੜਾ ਇਸੇ ਗੁਲਾਮ-ਮਾਨਸਿਕਤਾ ਉਤੇ ਝਾੜਿਆ ਹੈ। -ਸੰਪਾਦਕ

ਬਲਰਾਜ ਸਾਹਨੀ
ਚਾਲੀ ਸਾਲ ਪਹਿਲਾਂ ਦੀ ਗੱਲ ਹੈ (ਇਹ ਸਮਾਂ 1927 ਦੇ ਨੇੜੇ-ਤੇੜੇ ਬਣਦਾ ਹੈ-ਸੰਪਾਦਕ), ਮੈਂ ਆਪਣੇ ਮਾਤਾ-ਪਿਤਾ ਤੇ ਭਰਾ-ਭੈਣਾਂ ਨਾਲ ਰਾਵਲੀਪਿੰਡੀ ਤੋਂ ਕਸ਼ਮੀਰ ਜਾ ਰਿਹਾ ਸਾਂ। ਸਿਆਲ ਦੀ ਰੁੱਤ ਰਾਵਲਪਿੰਡੀ ਵਿਚ, ਤੇ ਹੁਨਾਲ ਦੀ ਰੁੱਤ ਕਸ਼ਮੀਰ ਵਿਚ ਬਿਤਾਉਣੀ ਸਾਡੇ ਪਰਿਵਾਰ ਦਾ ਦਸਤੂਰ ਸੀ। ਦੋਹੀਂ ਥਾਂਈਂ ਸਾਡੇ ਆਪਣੇ ਘਰ ਸਨ, ਤੇ ਦੋਹੀਂ ਥਾਂਈਂ ਪਿਤਾ ਜੀ ਦਾ ਕਾਰੋਬਾਰ ਸੀ।
ਕਿਹੋ ਜਿਹੀ ਹੈਰਾਨੀ ਭਰੀ ਤਬਦੀਲੀ ਵਿਚੋਂ ਲੰਘਿਆ ਹੈ ਜ਼ਮਾਨਾ ਵੀ। ਰਾਵਲਪਿੰਡੀ, ਮੇਰੀ ਮਾਤ-ਭੂਮੀ, ਹੁਣ ਪਰਾਏ ਮੁਲਕ ਦੀ ਰਾਜਧਾਨੀ ਬਣ ਚੁੱਕੀ ਹੈ, ਤੇ ਹੁਣ ਜਦ ਮੈਂ ਸ੍ਰੀਨਗਰ ਤੋਂ ਹਵਾਈ ਜਹਾਜ਼ ਵਿਚ ਬੈਠ ਕੇ ਲਗਭਗ ਚਾਰ ਘੰਟਿਆਂ ਵਿਚ ਮੁੰਬਈ ਪਹੁੰਚ ਜਾਂਦਾ ਹਾਂ, ਤਾਂ ਉਸ ਜ਼ਮਾਨੇ ਨੂੰ ਯਾਦ ਕਰ ਕੇ ਅਚੰਭਾ ਹੁੰਦਾ ਹੈ ਜਦ ਸ੍ਰੀਨਗਰ ਤੋਂ ਰਾਵਲਪਿੰਡੀ ਤੱਕ ਦਾ ਡੇਢ-ਪੌਣੇ ਦੋ ਸੌ ਮੀਲ ਦਾ ਫਾਸਲਾ ਤੈਅ ਕਰਨ ਵਿਚ ਕਈ-ਕਈ ਦਿਨ ਲੱਗ ਜਾਂਦੇ ਸਨ।
ਹਾਂ, ਇਹ ਚਾਲੀ ਸਾਲ ਪਹਿਲਾਂ ਦੀ ਗੱਲ ਹੈ, ਜਦ ਮੈਂ ਲਾਹੌਰ ਬੀæਏæ ਵਿਚ ਪੜ੍ਹਦਾ ਸਾਂ। ਗਰਮੀ ਦੀਆਂ ਛੁੱਟੀਆਂ ਹੋਈਆਂ, ਤਾਂ ਮੈਂ ਪਹਿਲਾਂ ਰਾਵਲਪਿੰਡੀ ਗਿਆ, ਤੇ ਉਥੋਂ ਪਰਿਵਾਰ ਨਾਲ ਕਸ਼ਮੀਰ ਲਈ ਰਵਾਨਾ ਹੋਇਆ। ਅਸੀਂ ਬੱਸ ਵਿਚ ਅਗਲੀਆਂ ਸੀਟਾਂ ‘ਤੇ ਬੈਠੇ ਹੋਏ ਸਾਂ, ਪਿਛਲੀਆਂ ਸੀਟਾਂ Ḕਤੇ ਡਰਾਈਵਰ ਨੇ ਸਮਾਨ ਰੱਖਿਆ ਹੋਇਆ ਸੀ। ਸਫ਼ਰ ਵਿਚ ਇਕ ਰਾਤ ਲਈ ਕਿਤੇ ਪੜਾਅ ਕਰਨਾ ਪੈਂਦਾ ਸੀ। ਇਸ ਵਾਰ ਦੁਮੇਲ ਪਹੁੰਚ ਕੇ ਪੜਾਅ ਕੀਤਾ। ਉਸ ਥਾਂ ਨੂੰ ਮੁਜ਼ੱਫਰਾਬਾਦ ਵੀ ਕਹਿੰਦੇ ਹਨ। ਉਥੇ ਮੇਰੇ ਫੁੱਫੜ ਜੀ ਰਿਆਸਤੀ ਪੁਲਿਸ ਥਾਣਦਾਰ ਲੱਗੇ ਹੋਏ ਸਨ। ਅਸੀਂ ਉਨ੍ਹਾਂ ਦੇ ਘਰ ਠਹਿਰੇ। ਖਾਣਾ ਖਾਣ ਪਿਛੋਂ ਅਸੀਂ ਬਿਸਤਰਿਆਂ Ḕਤੇ ਲੰਮੇ ਪਏ ਤਾਂ ਮੋਹਲੇਧਾਰ ਮੀਂਹ ਵਰ੍ਹਨ ਲੱਗਾ। ਰਾਤ ਭਰ ਮੀਂਹ ਵਰ੍ਹਦਾ ਰਿਹਾ। ਸਵੇਰ ਹੋਣ Ḕਤੇ ਵੀ ਬੰਦ ਨਾ ਹੋਇਆ। ਫੁੱਫੜ ਜੀ ਨੇ ਰਾਏ ਦਿੱਤੀ ਕਿ ਅਜਿਹੇ ਮੌਸਮ ਵਿਚ ਅਸੀਂ ਅੱਗੇ ਨਾ ਜਾਈਏ। ਕਿਤੇ ਕੋਈ ਦੁਰਘਟਨਾ ਨਾ ਹੋ ਜਾਵੇ, ਪਰ ਬੱਸ ਦਾ ਡਰਾਈਵਰ ਉਥੇ ਰੁਕਣ ਲਈ ਤਿਆਰ ਨਹੀਂ ਸੀ। ਉਸ ਨੂੰ ਯਕੀਨ ਸੀ ਕਿ ਦੋ-ਤਿੰਨ ਘੰਟਿਆਂ ਵਿਚ ਕੱਚੇ ਪਹਾੜੀ ਰਾਹ ਤੋਂ ਹੋ ਕੇ ਉੜੀ ਪਹੁੰਚ ਜਾਵਾਂਗੇ। ਜੇ ਰੁਕੇ ਰਹੇ, ਤਾਂ ਕੀ ਪਤਾ ਮਗਰੋਂ ਅੱਗੇ ਜਾ ਹੀ ਨਾ ਸਕੀਏ।
ਕਿਸੇ ਹੱਦ ਤੱਕ ਉਸ ਦਾ ਅੰਦਾਜ਼ਾ ਠੀਕ ਸਾਬਿਤ ਹੋਇਆ, ਤੇ ਕਿਸੇ ਹੱਦ ਤੱਕ ਮੇਰੇ ਫੁੱਫੜ ਜੀ ਦਾ ਵੀ। ਚਿਨਾਰੀ ਤੱਕ ਅਸੀਂ ਬੜੇ ਆਰਾਮ ਨਾਲ ਗਏ। ਉਥੋਂ ਉੜੀ ਤੱਕ ਦਾ ਫਾਸਲਾ ਲਗਭਗ ਅਠਾਰਾਂ ਮੀਲ ਸੀ। ਮੀਂਹ ਲਗਾਤਾਰ ਵਰ੍ਹੀ ਜਾ ਰਿਹਾ ਸੀ, ਪਰ ਅਸੀਂ ਨਿਸ਼ਚਿੰਤ ਜਾਂਦੇ ਸੋਚ ਰਹੇ ਸਾਂ, ਕਿ ਅਗਾਂਹ ਦਾ ਸਫ਼ਰ ਵੀ ਇਸੇ ਤਰ੍ਹਾਂ ਬਿਨਾਂ ਕਿਸੇ ਰੁਕਾਵਟ ਦੇ ਤੈਅ ਹੋ ਜਾਏਗਾ। ਕੁਝ ਅੱਗੇ ਜਾਣ Ḕਤੇ ਅਸੀਂ ਇਕ ਸੜਕ ਉਤੇ ਬਹੁਤ ਸਾਰੀਆਂ ਬੱਸਾਂ ਰੁਕੀਆਂ ਵੇਖੀਆਂ। ਅਸੀਂ ਨੇੜੇ ਪਹੁੰਚੇ ਤਾਂ ਫੁੱਫੜ ਜੀ ਦੀ ਭਵਿਖਵਾਣੀ ਸੱਚ ਹੁੰਦੀ ਪ੍ਰਤੀਤ ਹੋਈ। ਪਹਾੜ ਦਾ ਇਕ ਹਿੱਸਾ ਟੁੱਟ ਕੇ ਥਲੇ ਬਿਫਰੇ ਹੋਏ ਜਿਹਲਮ ਦਰਿਆ ਵਿਚ ਡਿੱਗ ਪਿਆ ਸੀ। ਚੰਗੇ ਭਾਗਾਂ ਨੂੰ ਉਸ ਵੇਲੇ ਕੋਈ ਬੱਸ ਉਥੇ ਸੜਕ ਉਤੇ ਨਹੀਂ ਸੀ, ਵਰਨਾ ਉਹ ਵੀ ਮੁਸਾਫਰਾਂ ਸਮੇਤ ਜਿਹਲਮ ਵਿਚ ਡਿੱਗ ਪਈ ਹੁੰਦੀ। ਸਾਡਾ ਡਰਾਈਵਰ ਅਕਲਮੰਦ ਸੀ। ਇਸ ਤੋਂ ਪਹਿਲਾਂ ਕਿ ਪਿਛੋਂ ਆਉਣ ਵਾਲੀਆਂ ਬੱਸਾਂ ਸਾਡਾ ਰਾਹ ਰੋਕਦੀਆਂ, ਉਹ ਬੱਸ ਨੂੰ ਮੋੜ ਕੇ ਵਾਪਸ ਦੁਮੇਲ ਵੱਲ ਰਵਾਨਾ ਹੋ ਗਿਆ। ਉਸ ਦਾ ਖਿਆਲ ਸੀ ਕਿ ਸੜਕ ਮੁਰੰਮਤ ਹੋਣ ਵਿਚ ਛੇ-ਸੱਤ ਦਿਨ ਜ਼ਰੂਰ ਲੱਗ ਜਾਣਗੇ। ਜਦ ਅਸੀਂ ਚਿਨਾਰੀ ਪਹੁੰਚੇ, ਤਾਂ ਪਤਾ ਲੱਗਾ ਕਿ ਅੱਗੇ ਪਹਾੜ ਦਾ ਇਕ ਹੋਰ ਹਿੱਸਾ ਟੁੱਟ ਕੇ ਡਿੱਗ ਪਿਆ ਹੈ। ਹੁਣ ਦੁਮੇਲ ਦਾ ਰਾਹ ਵੀ ਬੰਦ ਹੋ ਗਿਆ ਸੀ। ਸਾਨੂੰ ਮਜਬੂਰ ਹੋ ਕੇ ਚਿਨਾਰੀ ਵਿਚ ਹੀ ਰੁਕਣਾ ਪਿਆ।
ਚਿਨਾਰੀ ਪਿੰਡ ਵਿਚ ਲਗਭਗ ਸੌ ਕੁ ਘਰ ਸਨ। ਵਧੇਰੇ ਕਰ ਕੇ ਸੜਕ ਦੇ ਦੋਹੀਂ ਪਾਸੀਂ ਬਣੇ ਹੋਏ ਕੱਚੇ ਮਕਾਨ। ਸਾਨੂੰ ਉਹੋ ਜਿਹਾ ਇਕ ਮਕਾਨ ਰਹਿਣ ਲਈ ਮਿਲ ਗਿਆ। ਕੱਚਾ ਹੋਣ ਦੇ ਬਾਵਜੂਦ ਉਹ ਬੜਾ ਰੁਮਾਂਟਿਕ ਸੀ। ਉਸ ਦੀ ਹੇਠਲੀ ਮੰਜ਼ਿਲ Ḕਤੇ ਉਸ ਦੇ ਮਾਲਕ ਦਾ ਢਾਬਾ ਸੀ। ਡਰਾਈਵਰ ਤੇ ਮੁਸਾਫ਼ਰ ਉਸ ਢਾਬੇ ਦਾ ਖਾਣਾ ਬਹੁਤ ਪਸੰਦ ਕਰਦੇ ਸਨ।
ਮਕਾਨ ਦੀ ਉਪਰਲੀ ਮੰਜ਼ਿਲ ‘ਤੇ ਨਾਲ-ਨਾਲ ਦੋ ਕਮਰੇ ਸਨ, ਤੇ ਦੋਹਾਂ ਦੇ ਅੱਗੇ ਤੇ ਪਿੱਛੇ ਵਰਾਂਡਾ ਸੀ। ਅੱਗੇ ਦਾ ਵਰਾਂਡਾ ਸੜਕ ਵੱਲ ਖੁੱਲ੍ਹਦਾ ਸੀ, ਤੇ ਪਿਛਲੇ ਵਰਾਂਡੇ ਵਿਚ ਖੜ੍ਹੋ ਕੇ ਪਹਾੜਾਂ, ਧਾਨ ਦੇ ਖੇਤਾਂ ਅਤੇ ਲਹਿਰਾਉਂਦੇ ਹੋਏ ਜਿਹਲਮ ਦਰਿਆ ਨੂੰ ਵੇਖਿਆ ਜਾ ਸਕਦਾ ਸੀ। ਇਕ ਕਮਰੇ ਵਿਚ ਢਾਬੇ ਵਾਲਾ ਆਪਣੀ ਜਵਾਨ ਤੇ ਚੰਚਲ ਪਤਨੀ ਨਾਲ ਰਹਿੰਦਾ ਸੀ। ਦੂਜਾ ਕਮਰਾ ਉਸ ਨੇ ਸਾਨੂੰ ਦੇ ਦਿੱਤਾ। ਅਸੀਂ ਜਿਵੇਂ-ਤਿਵੇਂ ਕਰ ਕੇ ਉਥੇ ਦਿਨ ਕੱਢਣ ਲੱਗੇ।
ਇਸ ਤਰ੍ਹਾਂ ਅਚਾਨਕ ਰੁਕਣ ‘ਤੇ ਪੜਾਅ ਕਰਨ ਦਾ ਆਪਣਾ ਖਾਸ ਮਜ਼ਾ ਸੀ। ਢਾਬੇ ਵਾਲੇ ਦੀ ਪਤਨੀ ਚੋਰੀ-ਚੋਰੀ ਮੇਰੇ ਨਾਲ ਅੱਖਾਂ ਚਾਰ ਕਰਨ ਲੱਗੀ। ਵੇਖਣ ਨੂੰ ਉਹ ਬਹੁਤ ਸੁਹਣੀ ਤਾਂ ਨਹੀਂ ਸੀ, ਪਰ ਪੇਂਡੂ ਲਿਬਾਸ ਵਿਚ ਉਸ ਦੇ ਅੰਗਾਂ ਦੀ ਸੁਡੌਲਤਾ ਗਜ਼ਬ ਢਾਉਂਦੀ ਸੀ। ਉਸ ਦਾ ਅਧਖੜ ਉਮਰ ਦਾ ਪਤੀ ਦਿਨ ਭਰ ਢਾਬੇ Ḕਤੇ ਰੋਟੀਆਂ ਬਣਾਉਂਦਾ, ਤੇ ਕਦੇ-ਕਦਾਈਂ ਹੀ ਕਮਰ ਸਿੱਧੀ ਕਰਨ ਲਈ ਕੁਝ ਚਿਰ ਲਈ ਉਪਰ ਆਉਂਦਾ। ਮੈਂ ਪਿਛਲੇ ਵਰਾਂਡੇ ਵਿਚ ਮੰਜਾ ਡਾਹ ਕੇ ਦਿਨ ਭਰ ਕਿਤਾਬਾਂ ਪੜ੍ਹਨਾ, ਆਪਣਾ ਸ਼ੁਗਲ ਬਣਾ ਲਿਆ ਸੀ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਉਥੇ ਲੰਮਿਆਂ ਪੈ ਕੇ ਮੈਂ ਸੌਖੀ ਤਰ੍ਹਾਂ ਦੂਜੇ ਕਮਰੇ ਵਿਚ ਝਾਕ ਸਕਦਾ ਸਾਂ। ਢਾਬੇ ਵਾਲੇ ਦੀ ਪਤਨੀ ਇਸ ਗੱਲ ਨੂੰ ਜਾਣਦੀ ਸੀ, ਤੇ ਆਪਣੀਆਂ ਚੰਚਲ ਅਦਾਵਾਂ ਨਾਲ ਮੇਰੇ ਉਤੇ ਬਿਜਲੀਆਂ ਸੁੱਟਦੀ ਰਹਿੰਦੀ ਸੀ; ਪਰ ਮੈਂ ਬੇਹੱਦ ਡਰਾਕਲ ਤੇ ਨਾ-ਤਜਰਬੇਕਾਰ ਹੋਣ ਕਰ ਕੇ ਉਸ ਜਾਦੂ ਭਰੇ ਰੁਮਾਂਸ ਨੂੰ ਅੱਖਾਂ ਸੇਕਣ ਦੀ ਹੱਦ ਤੋਂ ਅੱਗੇ ਨਾ ਲਿਜਾ ਸਕਿਆ। ਅਜੀਬ ਗੱਲ ਹੈ ਕਿ ਉਹ ਨਾਕਾਮ ਹਸਰਤ ਅੱਜ ਵੀ ਮੇਰੇ ਦਿਲ ਵਿਚ ਤਿੱਖੀ ਟੀਸ ਪੈਦਾ ਕਰਦੀ ਹੈ। ਮੈਂ ਅੱਜ ਵੀ ਕਦੇ-ਕਦੇ ਆਪਣੇ-ਆਪ ਨੂੰ ਕੋਸਣ ਲੱਗਦਾ ਹਾਂ ਕਿ ਮੈਂ ਤਦ ਹਿੰਮਤ ਤੋਂ ਕੰਮ ਕਿਉਂ ਨਾ ਲਿਆ! ਉਸ ਪੇਂਡੂ ਮੁਟਿਆਰ ਦੀਆਂ ਨਿਡਰ, ਮਨਮੋਹਣੀਆਂ ਤੇ ਮਾਸੂਮ ਅਦਾਵਾਂ ਨੂੰ ਮੈਂ ਭੁਲਾ ਨਹੀਂ ਸਕਦਾ, ਤੇ ਰਹਿ-ਰਹਿ ਕੇ ਸੋਚਣ ਲੱਗਦਾ ਹਾਂ, ਕੀ ਉਹ ਅੱਜ ਵੀ ਜਿਉਂਦੀ ਹੋਵੇਗੀ? ਤੇ ਕਿਥੇ ਹੋਵੇਗੀ? ਮੁਲਕ ਦੀ ਵੰਡ ‘ਤੇ ਜੋ ਕਤਲੇਆਮ ਹੋਇਆ ਸੀ, ਉਸ ਵਿਚ ਉਸ ਵਿਚਾਰੀ ਦਾ ਕੀ ਬਣਿਆ ਹੋਵੇਗਾ?
ਸੜਕ ਦਾ ਟੁੱਟਾ ਹੋਇਆ ਪਿਛਲਾ ਹਿੱਸਾ ਛੇਤੀ ਹੀ ਠੀਕ ਹੋ ਗਿਆ, ਤੇ ਕਈ ਹੋਰ ਬੱਸਾਂ ਚਿਨਾਰੀ ਆ ਕੇ ਜਮ੍ਹਾਂ ਹੋ ਗਈਆਂ। ਅਗਲੇ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਪੀæਡਬਲਯੂæਡੀæ ਦੇ ਓਵਰਸੀਅਰ ਦੀ ਨਿਗਰਾਨੀ ਵਿਚ ਦਿਨ-ਰਾਤ ਹੋ ਰਹੀ ਸੀ। ਛੇ ਦਿਨ ਬੀਤ ਗਏ ਸਨ, ਪਰ ਸੜਕ ਦੇ ਚਾਲੂ ਹੋਣ ਦੀ ਕੋਈ ਆਸ ਨਜ਼ਰ ਨਹੀਂ ਸੀ ਆ ਰਹੀ। ਡਰਾਈਵਰ ਤੇ ਮੁਸਾਫ਼ਿਰ ਰੋਜ਼ ਉਥੇ ਜਾਂਦੇ ਤੇ ਓਵਰਸੀਅਰ ਨੂੰ ਛੇਤੀ ਸੜਕ ਠੀਕ ਕਰਾਉਣ ਲਈ ਕਹਿੰਦੇ। ਸਾਰੇ ਬਹੁਤ ਤੰਗ ਹੋ ਚੁੱਕੇ ਸਨ, ਤੇ ਸ੍ਰੀਨਗਰ ਪਹੁੰਚਣ ਲਈ ਬੇਹੱਦ ਉਤਾਵਲੇ ਸਨ। ਮੇਰੇ ਪਿਤਾ ਜੀ ਵੀ ਵਿਹਲੇ ਬੈਠੇ ਤੰਗ ਆ ਗਏ ਸਨ, ਪਰ ਮੈਨੂੰ ਉਥੋਂ ਜਾਣ ਦੀ ਕੋਈ ਕਾਹਲ ਨਹੀਂ ਸੀ; ਸਗੋਂ ਮੈਂ ਤਾਂ ਚਾਹੁੰਦਾ ਸਾਂ ਕਿ ਸੜਕ ਠੀਕ ਨਾ ਹੀ ਹੋਵੇ ਤਾਂ ਚੰਗਾ ਹੈ। ਪਿੰਡ ਵਿਚ ਆਟੇ-ਦਾਲ ਦੀ ਘਾਟ ਹੋਣ ਲੱਗੀ ਸੀ। ਪਿੰਡ ਵਾਲੇ ਵੀ ਸ਼ਹਿਰੀ ਪ੍ਰਾਹੁਣਿਆਂ ਤੋਂ ਤੰਗ ਆਏ ਹੋਏ ਸਨ। ਇਕ ਦਿਨ ਸੜਕ ਦੇ ਉਸ ਪਾਰ ਉਚੀ ਥਾਂ Ḕਤੇ ਬਣੇ ਹੋਏ ਇਕ ਘਰ ਦੀ ਛੱਤ ਤੋਂ ਪਿੰਡ ਦੀਆਂ ਕੁੜੀਆਂ ਨੇ ਪਰਦੇਸੀ ਦਾ ਪੁਤਲਾ ਬਣਾ ਕੇ ਜਲਾਉਣ ਦੀ ਖੇਡ ਖੇਡੀ। ਇਹ ਇਕ ਕਿਸਮ ਦਾ ਟੂਣਾ ਸੀ, ਤਾਂ ਜੋ ਪਰਦੇਸੀਆਂ ਦੇ ਰੂਪ ਵਿਚ ਆਈ ਹੋਈ ਬਲਾ ਛੇਤੀ ਟਲ ਜਾਏ। ਮੇਰੀ ਉਸ ਪ੍ਰੀਤਮਾ ਨੇ ਵੀ ਉਸ ਟੂਣੇ ਵਿਚ ਹਿੱਸਾ ਲਿਆ ਹੈ, ਇਹ ਜਾਣ ਕੇ ਮੈਨੂੰ ਬੇਹੱਦ ਗੁੱਸਾ ਆਇਆ।
ਅਖੀਰ, ਦਸਵੇਂ ਜਾਂ ਗਿਆਰ੍ਹਵੇਂ ਦਿਨ ਸੜਕ ਚਾਲੂ ਹੋਈ। ਉਹ ਦ੍ਰਿਸ਼ ਵੀ ਵੇਖਣ ਲਾਇਕ ਸੀ। ਅਣਗਿਣਤ ਬੱਸਾਂ ਤੇ ਮੋਟਰਾਂ ਦੀਆਂ ਪਾਲਾਂ ਖੜ੍ਹੀਆਂ ਸਨ। ਪੀæਡਬਲਯੂæਡੀæ ਦੇ ਕਰਮਚਾਰੀ ਹੱਥ ਹਿਲਾ-ਹਿਲਾ ਕੇ ਡਰਾਈਵਰਾਂ ਨੂੰ ਅੱਗੇ ਵਧਣ ਲਈ ਕਹਿ ਰਹੇ ਸਨ, ਪਰ ਡਰਾਈਵਰ ਸਨ ਕਿ ਅੱਗੇ ਵਧਣ ਦਾ ਨਾਂ ਹੀ ਨਹੀਂ ਸਨ ਲੈਂਦੇ। ਮੁਸਾਫ਼ਿਰ ਵੀ, ਜੋ ਉਥੋਂ ਜਾਣ ਲਈ ਇਤਨੇ ਉਤਾਵਲੇ ਬਣੇ ਹੋਏ ਸਨ, ਉਸ ਵੇਲੇ ਚੁੱਪ ਕੀਤੇ ਖੜ੍ਹੇ ਸਨ। ਬੱਸਾਂ ਵਿਚ ਜਾ ਕੇ ਬੈਠਣਾ ਤਾਂ ਇਕ ਪਾਸੇ, ਕੋਈ ਪੈਦਲ ਤੁਰ ਕੇ ਵੀ ਅੱਗੇ ਵਧਣ ਲਈ ਤਿਆਰ ਨਹੀਂ ਸੀ। ਸੱਜੇ ਹੱਥ ਕੱਚਾ ਪਹਾੜ ਸੀ, ਤੇ ਖੱਬੇ ਹੱਥ ਖੱਡ ਦੀ ਸਪਾਟ ਕੰਧ ਸੀ ਜੋ ਥੱਲੇ ਜਿਹਲਮ ਦੇ ਕੰਢੇ ਨੂੰ ਛੂੰਹਦੀ ਸੀ। ਮਲਬੇ ਵਿਚੋਂ ਕੱਟ ਕੇ ਬਣਾਈ ਗਈ ਸੜਕ ਦੇ ਕੰਢੇ ਨਾ ਕੋਈ ਜੰਗਲਾ ਸੀ, ਨਾ ਪੱਥਰਾਂ ਦੀ ਕੰਧ। ਉਸ ‘ਤੇ ਖੜੋਣ Ḕਤੇ ਵੀ ਡਰ ਲੱਗਦਾ ਸੀ।
ਅੱਧਾ ਘੰਟਾ ਇਸੇ ਤਰ੍ਹਾਂ ਬੀਤ ਗਿਆ। ਸਾਰੇ ਹੈਰਾਨ ਪ੍ਰੇਸ਼ਾਨ ਹੋਏ ਇਕ-ਦੂਜੇ ਦਾ ਮੂੰਹ ਵੇਖ ਰਹੇ ਸਨ। ਓਵਰਸੀਅਰ ਇਹ ਯਕੀਨ ਦਿਵਾ-ਦਿਵਾ ਕੇ ਥੱਕ ਗਿਆ ਸੀ ਕਿ ਸੜਕ ਮਜ਼ਬੂਤ ਹੈ, ਤੇ ਉਸ ਉਤੇ ਤੁਰਨ ਵਿਚ ਕੋਈ ਖ਼ਤਰਾ ਨਹੀਂ ਹੈ। ਅਖੀਰ ਅੱਕ ਕੇ ਉਹ ਇਕ ਪੱਥਰ ‘ਤੇ ਜਾ ਕੇ ਚੁੱਪ-ਚਾਪ ਬੈਠ ਗਿਆ ਸੀ। ਇਤਨੇ ਵਿਚ ਪਿੱਛੋਂ ਇਕ ਛੋਟੀ ਜਿਹੀ, ਹਰੇ ਰੰਗ ਦੀ ਮੋਟਰ ਆਉਂਦੀ ਹੋਈ ਦਿਸੀ। ਉਸ ਵਿਚ ਸਿਰਫ਼ ਇਕੋ ਬੰਦਾ ਬੈਠਾ ਹੋਇਆ ਸੀ ਜੋ ਉਸ ਨੂੰ ਚਲਾ ਰਿਹਾ ਸੀ। ਉਹ ਇਕ ਅੰਗਰੇਜ਼ ਸੀ। ਨੇੜੇ ਆਉਣ Ḕਤੇ ਜਦ ਉਸ ਨੇ ਲੋਕਾਂ ਅਤੇ ਬੱਸਾਂ ਦੀ ਇਤਨੀ ਭੀੜ ਵੇਖੀ, ਤਾਂ ਸਫਰ ਰੋਕ ਕੇ ਕੁਝ ਹੈਰਾਨੀ ਨਾਲ ਵੇਖਣ ਪਿਛੋਂ, ਮੈਨੂੰ ਪੁੱਛਿਆ, “ਕੀ ਹੋਇਆ ਏ ਇਥੇ?”
“ਕੁਝ ਨਹੀਂ।” ਮੈਂ ਕਿਹਾ, “ਮੀਂਹ ਕਰ ਕੇ ਸੜਕ ਟੁੱਟ ਕੇ ਥੱਲੇ ਵਹਿ ਗਈ ਸੀ। ਦਸਾਂ ਦਿਨਾਂ ਦੀ ਮੁਰੰਮਤ ਪਿੱਛੋਂ ਹੁਣ ਠੀਕ ਹੋਈ ਹੈ, ਪਰ ਕੋਈ ਡਰਾਈਵਰ ਅੱਗੇ ਵਧਣ ਦਾ ਹੌਸਲਾ ਨਹੀਂ ਕਰ ਰਿਹਾ ਹੈ।”
ਸੁਣ ਕੇ ਉਹ ਜ਼ੋਰ ਨਾਲ ਹੱਸਿਆ, ਤੇ ਉਸੇ ਵੇਲੇ ਮੋਟਰ ਚਲਾ ਕੇ ਅੱਗੇ ਵਧਿਆ। ਵੇਖਦੇ-ਵੇਖਦੇ ਉਹ ਉਸ ਹਿੱਸੇ ਨੂੰ ਪਾਰ ਕਰ ਕੇ ਕਾਫ਼ੀ ਅੱਗੇ ਨਿਕਲ ਗਿਆ। ਉਸ ਦੇ ਉਥੋਂ ਲੰਘਣ ਦੀ ਦੇਰ ਸੀ ਕਿ ਡਰਾਈਵਰਾਂ ਵਿਚ ਹਲਚਲ ਮਚ ਗਈ। ਦੋਹਾਂ ਪਾਸਿਆਂ ਤੋਂ ਹਰ ਕੋਈ ਉਸ ਹਿੱਸੇ ਨੂੰ ਪਾਰ ਕਰਨ ਲਈ ਜਲਦਬਾਜ਼ੀ ਕਰਨ ਲੱਗਾ। ਨਾ ਉਧਰ ਵਾਲੇ ਇਧਰ ਵਾਲਿਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਸਨ, ਤੇ ਨਾ ਹੀ ਇਧਰ ਵਾਲੇ ਉਧਰ ਵਾਲਿਆਂ ਦੀ ਕੋਈ ਗੱਲ ਮੰਨਣ ਲਈ ਤਿਆਰ ਸਨ। ਲੜਾਈ ਝਗੜਾ ਹੋਣ ਲੱਗਾ। ਉਸ ਬੌਖਲਾਹਟ ਵਿਚ ਇਕ ਬੱਸ ਦੀ ਛੱਤ Ḕਤੇ ਲੱਦਿਆ ਹੋਇਆ, ਬਹੁਤ ਸਾਰਾ ਸਮਾਨ-ਬਿਸਤਰੇ, ਟਰੰਕ, ਟੋਕਰੀਆਂ ਆਦਿ ਖੱਡ ਵਿਚ ਡਿੱਗ ਪਿਆ। ਲੋਕਾਂ ਲਈ ਇਹ ਵੀ ਇਕ ਤਮਾਸ਼ਾ ਬਣ ਗਿਆ। ਇੱਕੜ-ਦੁੱਕੜ ਸਿਪਾਹੀਆਂ ਲਈ ਮੋਟਰਾਂ-ਬੱਸਾਂ ਨੂੰ ਕਿਸੇ ਤਰਤੀਬ ਵਿਚ ਅਗਾਂਹ ਵਧਾਉਣਾ ਬਹੁਤ ਔਖਾ ਹੋ ਗਿਆ। ਜੇ ਸਭ ਕੁਝ ਕਿਸੇ ਨੇਮ ਸਿਰ ਹੁੰਦਾ, ਤਾਂ ਅੱਧੇ-ਪੌਣੇ ਘੰਟੇ ਵਿਚ ਭੀੜ ਘਟ ਜਾਂਦੀ, ਪਰ ਉਸ ਹਾਲਤ ਵਿਚ ਸਾਨੂੰ ਉਹ ਹਿੱਸਾ ਪਾਰ ਕਰਨ ਵਿਚ ਦੋ ਘੰਟੇ ਲੱਗ ਗਏ।
ਉਸ ਦਿਨ ਆਜ਼ਾਦ ਕੌਮ ਤੇ ਗੁਲਾਮ ਕੌਮ ਦਾ ਫਰਕ ਮੈਨੂੰ ਬਹੁਤ ਸਾਫ਼ ਤੌਰ Ḕਤੇ ਵਿਖਾਈ ਦਿੱਤਾ। ਮੈਂ ਜੋ ਕੁਝ ਕਿਤਾਬਾਂ ਵਿਚ ਨਹੀਂ ਸੀ ਪੜ੍ਹ ਸਕਦਾ, ਉਹ ਮੈਨੂੰ ਉਸ ਘਟਨਾ ਨੇ ਵਿਖਾ ਦਿੱਤਾ। ਅੰਗਰੇਜ਼, ਆਜ਼ਾਦ ਕੌਮ ਦਾ ਬੰਦਾ ਸੀ। ਆਜ਼ਾਦ ਕੌਮ ਦੇ ਲੋਕਾਂ ਵਿਚ ਖੁਦ ਸੋਚਣ ਤੇ ਫੈਸਲਾ ਕਰਨ ਦੀ ਹਿੰਮਤ ਹੁੰਦੀ ਹੈ। ਗੁਲਾਮ ਕੌਮ ਦੇ ਲੋਕਾਂ ਦਾ ਸੁਭਾਅ ਅਜਿਹਾ ਬਣ ਜਾਂਦਾ ਹੈ ਕਿ ਉਹ ਭੇਡਾਂ ਵਾਂਗ ਕਿਸੇ ਦੇ ਪਿਛੇ ਹੀ ਤੁਰਨਾ ਪਸੰਦ ਕਰਦੇ ਸਨ।
ਇਸ ਘਟਨਾ ਨੂੰ ਮੈਂ ਕਦੇ ਨਹੀਂ ਭੁੱਲ ਸਕਿਆ, ਕਿਉਂਕਿ ਇਸ ਰਾਹੀਂ ਪ੍ਰਾਪਤ ਕੀਤੀ ਸਿੱਖਿਆ ਦੀ ਸੱਚਾਈ ਦੇ ਸਬੂਤ ਮੈਨੂੰ ਆਪਣੇ ਮੁਲਕ ਦੀ ਸਮਾਜਕ ਜ਼ਿੰਦਗੀ ਵਿਚ ਅੱਜ ਤੱਕ ਹਮੇਸ਼ਾ ਮਿਲਦੇ ਰਹੇ ਹਨ। ਜਦ ਮੈਂ ਸਰਕਾਰੀ ਦਫ਼ਤਰਾਂ ਵਿਚ ਵੇਖਦਾ ਹਾਂ ਕਿ ਮੰਤਰੀਆ ਤੋਂ ਲੈ ਕੇ ਕਲਰਕਾਂ ਤੱਕ, ਕੋਈ ਵੀ ਬੰਦਾ ਫੈਸਲਾ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ ਹੁੰਦਾ, ਤਾਂ ਮੈਨੂੰ ਇਹ ਘਟਨਾ ਯਾਦ ਆ ਜਾਂਦੀ ਹੈ। ਜਦ ਮੈਂ ਵੇਖਦਾ ਹਾਂ ਕਿ ਲੋਕ ਲੀਡਰਾਂ ਦੇ ਬਹਿਕਾਵੇ ਵਿਚ ਆ ਕੇ ਇਕ-ਦੂਜੇ ਦੇ ਘਰ ਸਾੜਦੇ ਹਨ, ਇਕ-ਦੂਜੇ ਦੀ ਜਾਨ ਲੈਂਦੇ ਹਨ, ਤੇ ਆਪਣੇ ਹੱਥੀਂ ਪੈਦਾ ਕੀਤੀਆਂ ਮੁਸੀਬਤਾਂ ਦਾ ਖੁਦ ਸ਼ਿਕਾਰ ਬਣਦੇ ਹਨ, ਤਾਂ ਮੈਨੂੰ ਇਹ ਘਟਨਾ ਯਾਦ ਆ ਜਾਂਦੀ ਹੈ।
ਆਖਿਰ ਇਹ ਗੁਲਾਮਾਂ ਵਰਗੀ ਭੇਡ-ਚਾਲ ਕਦ ਖਤਮ ਹੋਵੇਗੀ? ਕਦ ਸਾਡੇ ਮੁਲਕ ਦੇ ਲੋਕ ਆਪਣਾ ਨਫਾ-ਨੁਕਸਾਨ ਖੁਦ ਸੋਚਣ ਦੇ ਯੋਗ ਹੋਣਗੇ? ਕਦ ਉਹ ਸਮਝਣਗੇ ਕਿ ਮੁਲਕ ਦਾ ਤੇ ਆਪਣਾ ਫਾਇਦਾ ਏਕਤਾ ਤੇ ਜਥੇਬੰਦੀ ਵਿਚ ਹੈ, ਘਿਰਣਾ ਵਿਚ ਨਹੀਂ। ਤੇ ਧਰਮ ਦੇ ਨਾਂ Ḕਤੇ ਲੜਨ ਵਾਲੇ ਲੋਕ ਅੱਜ ਵੀ ਉਹੋ ਹਨ ਜੋ ਪਹਿਲਾਂ ਸਾਮਰਾਜ ਦੇ ਪਿੱਠੂ ਸਨ।
ਭਾਸ਼ਾ, ਸੰਸਕ੍ਰਿਤੀ, ਭਾਵਨਾਤਮਕ ਏਕਤਾ, ਪੁਰਾਣੇ ਇਤਿਹਾਸ ਆਦਿ ਨਾਲ ਸਬੰਧਤ ਕਿੰਨੀਆਂ ਹੀ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਸਾਨੂੰ ਸੌਖੀ ਤਰ੍ਹਾਂ ਮਿਲ ਸਕਦਾ ਹੈ, ਬਸ਼ਰਤੇ ਕਿ ਅਸੀਂ ਗੁਲਾਮੀ ਦੇ ਦੌਰ ਵਿਚ ਸਿੱਖੀਆਂ ਗ਼ਲਤ ਗੱਲਾਂ ਛੱਡ ਕੇ ਨਵੇਂ ਸਿਰਿਉਂ, ਨਵੇਂ ਢੰਗ ਨਾਲ, ਸੁਤੰਤਰ ਹੋ ਕੇ ਸੋਚੀਏ, ਤੇ ਨਿਰਪੱਖ ਹੋ ਕੇ ਫੈਸਲਾ ਕਰੀਏ। ਪਰ ਮੈਂ ਆਮ ਤੌਰ ‘ਤੇ ਇਹ ਵੇਖਦਾ ਹਾਂ ਕਿ ਆਜ਼ਾਦੀ ਮਿਲਣ ਦੇ ਵੀਹ ਸਾਲ ਬਾਅਦ ਵੀ ਅਸੀਂ ਉਨ੍ਹਾਂ ਹੀ ਲੀਹਾਂ ‘ਤੇ ਸੋਚ ਰਹੇ ਹਾਂ ਜੋ ਅੰਗਰੇਜ਼ਾਂ ਨੇ ਪਾਈਆਂ ਸਨ। ਉਨ੍ਹਾਂ ਲੀਹਾਂ ਨੂੰ ਛੱਡਣ ਦੀ ਹਿੰਮਤ ਸਾਡੇ ਵਿਚ ਨਹੀਂ ਹੈ। ਇਸੇ ਲਈ ਸਾਡਾ ਇੰਨਾ ਸਾਰਾ ਸਮਾਂ ਦੇਸ਼ ਕਲਿਆਣ ਦੀ ਥਾਂ ਆਪਸੀ ਲੜਾਈ-ਝਗੜਿਆਂ ਅਤੇ ਵਿਅਰਥ ਦੀ ਨੱਸ-ਭੱਜ ਵਿਚ ਬਰਬਾਦ ਹੋ ਰਿਹਾ ਹੈ।

Be the first to comment

Leave a Reply

Your email address will not be published.