ਆਨੰਦ ਤੈਲਤੁਮੜੇ
ਪੇਸ਼ਕਸ਼/ਤਰਜਮਾ: ਬੂਟਾ ਸਿੰਘ
ਡਾæ ਅੰਬੇਡਕਰ ਦਾ ਝੰਡਾ ਚੁੱਕਣ ਦੇ ਦਾਅਵੇਦਾਰ ਤਿੰਨ ਦਲਿਤ ਰਾਮਾਂ- ਰਾਮਦਾਸ ਆਠਵਲੇ, ਰਾਮ ਵਿਲਾਸ ਪਾਸਵਾਨ ਅਤੇ ਰਾਮ ਰਾਜ (ਜਿਸ ਨੇ ਕੁਝ ਵਰ੍ਹੇ ਪਹਿਲਾਂ ਆਪਣਾ ਨਾਂ ਬਦਲ ਕੇ ਉਦਿਤ ਰਾਜ ਰੱਖ ਲਿਆ ਸੀ), ਨੇ ਸੱਤਾ ਦੇ ਟੁਕੜਿਆਂ ਦੀ ਉਮੀਦ ‘ਚ ਪੂਰੀ ਬੇਸ਼ਰਮੀ ਨਾਲ ਰੀਂਗਦੇ ਹੋਏ ਆਪਣਾ ਠੇਲ੍ਹਾ ਭਾਜਪਾ ਦੇ ਰੱਥ ਨਾਲ ਟੋਚਨ ਕਰ ਲਿਆ ਹੈ। ਇਨ੍ਹਾਂ ਵਿਚੋਂ ਪਾਸਵਾਨ 1996 ਤੋਂ 2009 ਤੱਕ ਅਟਲ ਬਿਹਾਰੀ ਬਾਜਪਾਈ, ਐੱਚæਡੀæ ਦੇਵਗੌੜਾ, ਆਈæਕੇæ ਗੁਜਰਾਲ ਅਤੇ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੋਣ ਸਮੇਂ, ਉਨ੍ਹਾਂ ਦੀ ਅਗਵਾਈ ਵਾਲੀਆਂ ਸਰਕਾਰਾਂ ਵਿਚੋਂ ਹਰ ਇਕ ਵਿਚ ਕੇਂਦਰੀ ਮੰਤਰੀ (ਕਦੇ ਰੇਲਵੇ, ਕਦੇ ਸੰਚਾਰ, ਸੂਚਨਾ ਤਕਨੀਕ, ਕਦੇ ਖਨਣ, ਇਸਪਾਤ, ਰਸਾਇਣ ਅਤੇ ਖਾਦ ਮੰਤਰੀ) ਰਿਹਾ। ਇਸ ਮਾਮਲੇ ਵਿਚ ਉਹ ਘਾਗ ਖਿਡਾਰੀ ਹੈ। ਬਾਕੀ ਦੋਵੇਂ ਰਾਮ ਕੱਲ੍ਹ ਤੱਕ ਭਾਜਪਾ ਦੇ ਫਿਰਕੂ ਕਿਰਦਾਰ ਖ਼ਿਲਾਫ਼ ਸੰਘ ਪਾੜ-ਪਾੜ ਕੇ ਚੀਕਦੇ ਰਹੇ ਹਨ। ਆਠਵਲੇ ਦਾ ਕੰਗਰੋੜਰਹਿਤ ਕਿਰਦਾਰ ਉਦੋਂ ਤੋਂ ਹੀ ਜੱਗ ਜ਼ਾਹਿਰ ਹੈ, ਜਦੋਂ ਕੇਂਦਰ ਵਿਚ ਮੰਤਰੀ ਬਣਨ ਦੀ ਉਸ ਦੀ ਬੇਤਹਾਸ਼ਾ ਹਸਰਤ ਪੂਰੀ ਨਹੀਂ ਹੋਈ ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਸ ਨੇ ਆਪਣੇ ਅਪਮਾਨ ਦਾ ਇਲਜ਼ਾਮ ਆਪਣੇ ਕਾਂਗਰਸੀ ਗੁਰੂ-ਘੰਟਾਲਾਂ ਉਪਰ ਲਾਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਉਸ ਨੂੰ ਸਿਧਾਰਥ ਵਿਹਾਰ ਦੇ ਗੰਦੇ ਜਿਹੇ ਕੋਠੜੇ ਤੋਂ ਚੁੱਕ ਕੇ ਮਹਾਰਾਸ਼ਟਰ ਦਾ ਕੈਬਨਿਟ ਮੰਤਰੀ ਬਣਾ ਕੇ ਸਹਾਯਾਦਰੀ ਦੇ ਏਅਰਕੰਡੀਸ਼ਨਡ ਫਲੈਟ ਵਿਚ ਲਿਜਾ ਬਿਠਾਇਆ ਸੀ। ਇਨ੍ਹਾਂ ਦੀ ਮੌਕਾਪ੍ਰਸਤੀ ਤਾਂ ਐਨੀ ਹੈਰਤਅੰਗੇਜ਼ ਨਹੀਂ; ਪਰ ਘੱਟੋ-ਘੱਟ ਡਾæ ਉਦਿਤ ਰਾਜ (ਉਸ ਨੇ ਵੱਕਾਰੀ ਬਾਈਬਲ ਕਾਲਜ ਐਂਡ ਸੈਮੀਨਰੀ, ਕੋਟਾ ਤੋਂ ਡਾਕਟਰੇਟ ਕੀਤੀ ਹੋਈ ਹੈ) ਨੇ ਜਿਵੇਂ ਆਪਣੇ ਭਾਜਪਾ ਵਿਰੋਧੀ ਤਰਕਸੰਗਤ ਰੁਖ਼ ਤੋਂ ਕਲਾਬਾਜ਼ੀ ਮਾਰੀ, ਉਹ ਹੈਰਾਨੀਜਨਕ ਜ਼ਰੂਰ ਹੈ।
ਇਕ ਮਾਇਨੇ ‘ਚ, ਹਿੰਦੁਸਤਾਨੀ ਜਮਹੂਰੀਅਤ ਦੇ ਨਿਘਾਰ ਨੂੰ ਦੇਖਦਿਆਂ, ਦਲਿਤ ਆਗੂਆਂ ਦੀਆਂ ਅਜਿਹੀਆਂ ਮੌਕਾਪ੍ਰਸਤ ਕਲਾਬਾਜ਼ੀਆਂ ਕਿਸੇ ਨੂੰ ਹੈਰਾਨ ਨਹੀਂ ਕਰਦੀਆਂ। ਆਖ਼ਿਰਕਾਰ, ਹਰ ਕੋਈ ਇੰਝ ਹੀ ਕਰ ਰਿਹਾ ਹੈ। ਤੇ ਜੇ ਦਲਿਤ ਆਗੂ ਇੰਝ ਕਰਦੇ ਹਨ, ਤਾਂ ਇਸ ‘ਤੇ ਇਤਰਾਜ਼ ਕਿਉਂ ਕੀਤਾ ਜਾਵੇ? ਆਖ਼ਿਰਕਾਰ, ਉਨ੍ਹਾਂ ਵਿਚੋਂ ਕਈ ਹੁਣ ਤੱਕ ਕਾਂਗਰਸ ਵਿਚ ਹੀ ਰਹੇ ਹਨ, ਤੇ ਜੇ ਹੁਣ ਉਹ ਭਾਜਪਾ ਵਿਚ ਜਾ ਰਹੇ ਹਨ, ਤਾਂ ਇਸ ਵਿਚ ਕਿਹੜੀ ਵੱਡੀ ਗੱਲ ਹੈ? ਸ਼ਾਇਦ ਭਾਜਪਾ ਅਤੇ ਕਾਂਗਰਸ ਵਿਚ ਬਹੁਤ ਥੋੜ੍ਹਾ ਹੀ ਫ਼ਰਕ ਹੋਵੇਗਾ, ਪਰ ਫ਼ਿਕਰਮੰਦ ਹੋਣ ਦੇ ਅਸਲ ਕਾਰਨ ਉਨ੍ਹਾਂ ਦੇ ਹੁਣ ਤੱਕ ਦੇ ਐਲਾਨਾਂ ਅਤੇ ਉਨ੍ਹਾਂ ਦੇ ਬਾਰੇ ਅਵਾਮ ਦੇ ਮਨਾਂ ‘ਚ ਬਣੇ ਨਕਸ਼ੇ ਵਿਚ ਪਏ ਹਨ। ਕਾਂਗਰਸ ਤੋਂ ਉਲਟ, ਭਾਜਪਾ ਇਕ ਵਿਚਾਰਧਾਰਾ ‘ਤੇ ਚੱਲਣ ਵਾਲੀ ਪਾਰਟੀ ਹੈ। ਇਸ ਦਾ ਵਿਚਾਰਧਾਰਕ ਆਧਾਰ ਹਿੰਦੂਤਵ ਹੈ ਜਿਸ ਵਿਚ ਸ਼ਬਦਾਂ ਦਾ ਕੋਈ ਹੇਰ-ਫੇਰ ਨਹੀਂ ਹੈ। ਇਹ ਫਾਸ਼ੀਵਾਦ ਦੀ ਵਿਚਾਰਧਾਰਾ ਹੈ ਜਿਸ ਨੂੰ ਸਾਫ਼ ਤੌਰ ‘ਤੇ ਅੰਬੇਡਕਰ ਤੋਂ ਐਨ ਉਲਟ ਵਿਚਾਰਧਾਰਾ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ; ਹਾਲਾਂਕਿ ਵਿਹਾਰਕ ਸਿਆਣਪ ਭਾਜਪਾ ਤੋਂ ਹਿੰਦੁਸਤਾਨ ਦੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਮੰਗ ਕਰਦੀ ਹੈ, ਜਾਂ ਫਿਰ ਆਦਿਵਾਸੀਆਂ, ਦਲਿਤਾਂ ਅਤੇ ਮੁਸਲਮਾਨਾਂ ਨੂੰ ਭਰਮਾਉਣ ਦੀ ਮੰਗ ਕਰਦੀ ਹੈ, ਪਰ ਉਨ੍ਹਾਂ ਦਾ ਵਿਚਾਰਧਾਰਕ ਰਵੱਈਆ ਉਨ੍ਹਾਂ ਸਭ ਦੇ ਖ਼ਿਲਾਫ਼ ਹੈ। ਲਿਹਾਜ਼ਾ ਅੰਬੇਡਕਰ ਦਾ ਗੁਣ-ਗਾਣ ਕਰਨ ਵਾਲੇ ਦਲਿਤ ਆਗੂਆਂ ਦੀ ਦਲਿਤਾਂ ਨਾਲ ਧਰੋਹ ਕਮਾਉਣਾ ਸਭ ਨੂੰ ਪੀੜ-ਪੀੜ ਕਰ ਗਿਆ ਹੈ।
ਅੰਬੇਡਕਰ ਦੀ ਵਿਰਾਸਤ
ਹਾਲਾਂਕਿ ਅੰਬੇਡਕਰ ਨੇ ਹਿੰਦੂ ਧਰਮ ਵਿਚ ਸੁਧਾਰਾਂ ਦੇ ਵਿਚਾਰ ਤੋਂ ਸ਼ੁਰੂਆਤ ਕੀਤੀ ਸੀ ਜਿਸ ਦਾ ਆਧਾਰ ਉਨ੍ਹਾਂ ਦਾ ਇਹ ਖ਼ਿਆਲ ਸੀ ਕਿ ਜਾਤਾਂ, ਡੱਬਾਬੰਦ ਸ਼੍ਰੇਣੀ ਪ੍ਰਬੰਧ ਹੈ (ਹਿੰਦੁਸਤਾਨ ਵਿਚ ਜਾਤਾਂ)। ਇਸ ਡੱਬਾਬੰਦੀ ਨੂੰ ਜਾਤ ਦੇ ਅੰਦਰ-ਅੰਦਰ ਵਿਆਹਾਂ ਦੀ ਖ਼ਾਸ ਵਿਵਸਥਾ ਰਾਹੀਂ ਕਾਇਮ ਰੱਖਿਆ ਜਾ ਰਿਹਾ ਹੈ। ਅਮਲ ਵਿਚ ਇਸ ਦਾ ਮਾਇਨਾ ਇਹ ਸੀ ਕਿ ਜੇ ਅੰਤਰ-ਵਿਆਹਾਂ ਦੇ ਜ਼ਰੀਏ ਇਸ ਵਿਵਸਥਾ ਤੋਂ ਮੁਕਤੀ ਪਾ ਲਈ ਗਈ, ਤਾਂ ਇਸ ਘੇਰਾਬੰਦੀ ਵਿਚ ਪਾੜ ਪੈ ਜਾਵੇਗਾ ਅਤੇ ਜਾਤਾਂ ਜਮਾਤਾਂ ਬਣ ਜਾਣਗੀਆਂ। ਇਸ ਲਈ ਉਨ੍ਹਾਂ ਦਾ ਸ਼ੁਰੂਆਤੀ ਦਾਅਪੇਚ ਇਹ ਸੀ ਕਿ ਦਲਿਤਾਂ ਦੇ ਪ੍ਰਸੰਗ ‘ਚ ਹਿੰਦੂ ਸਮਾਜ ਦੀਆਂ ਬੁਰਾਈਆਂ ਨੂੰ ਇਸ ਤਰ੍ਹਾਂ ਉਜਾਗਰ ਕੀਤਾ ਜਾਵੇ ਕਿ ਹਿੰਦੂਆਂ ਅੰਦਰਲੇ ਅਗਾਂਹਵਧੂ ਤੱਤ ਸੁਧਾਰਾਂ ਲਈ ਅੱਗੇ ਆਉਣ। ਮਹਾੜ ਵਿਚ ਉਨ੍ਹਾਂ ਐਨ ਇਹੀ ਯਤਨ ਕੀਤਾ ਸੀ। ਹਾਲਾਂਕਿ ਮਹਾੜ ਵਿਚ ਹੋਏ ਤਲਖ਼ ਤਜਰਬੇ ਤੋਂ ਉਹ ਇਸ ਸਿੱਟੇ ‘ਤੇ ਪਹੁੰਚੇ ਕਿ ਹਿੰਦੂ ਸਮਾਜ ਵਿਚ ਸੁਧਾਰ ਸੰਭਵ ਨਹੀਂ, ਕਿਉਂਕਿ ਇਨ੍ਹਾਂ ਦੀਆਂ ਜੜ੍ਹਾਂ ਹਿੰਦੂ ਧਰਮ-ਸ਼ਾਸਤਰਾਂ ਵਿਚ ਡੂੰਘੀਆਂ ਗੱਡੀਆਂ ਹੋਈਆਂ ਸਨ। ਫਿਰ ਉਨ੍ਹਾਂ ਨੇ ਸੋਚਿਆ ਕਿ ਇਨ੍ਹਾਂ ਧਰਮ-ਸ਼ਾਸਤਰਾਂ ਦੇ ਬਖੀਏ ਉਧੇੜੇ ਬਗ਼ੈਰ ਜਾਤਾਂ ਦਾ ਖ਼ਾਤਮਾ ਨਹੀਂ ਹੋਵੇਗਾ (ਜਾਤਪਾਤ ਦਾ ਬੀਜਨਾਸ਼)। ਓੜਕ, ਆਪਣੇ ਚਲਾਣੇ ਤੋਂ ਥੋੜ੍ਹਾ ਪਹਿਲਾਂ ਉਨ੍ਹਾਂ ਨੇ ਇਹ ਢੰਗ ਅਪਣਾਇਆ ਜੋ ਉਨ੍ਹਾਂ ਦੇ ਖ਼ਿਆਲ ਅਨੁਸਾਰ ਜਾਤਾਂ ਦੇ ਖ਼ਾਤਮੇ ਦਾ ਕਾਰਗਰ ਤਰੀਕਾ ਸੀ: ਉਨ੍ਹਾਂ ਨੇ ਬੁੱਧ ਧਰਮ ਅਪਣਾ ਲਿਆ। ਐਨਾ ਵਕਤ ਗੁਜ਼ਰ ਜਾਣ ਤੋਂ ਬਾਅਦ, ਅੱਜ ਇਸ ਪੱਖੋਂ ਕੋਈ ਵੀ ਉਨ੍ਹਾਂ ਦੇ ਵਿਸ਼ਲੇਸ਼ਣ ਦੇ ਤਰੀਕਿਆਂ ਦੀਆਂ ਕਮੀਆਂ ਨੂੰ ਅਸਾਨੀ ਨਾਲ ਹੀ ਦੇਖ ਸਕਦਾ ਹੈ, ਪਰ ਜਾਤਾਂ ਦਾ ਖ਼ਾਤਮਾ ਅੰਬੇਡਕਰ ਦੀ ਵਿਰਾਸਤ ਦਾ ਧੁਰਾ ਬਣਿਆ ਰਿਹਾ। ਇਸ ਦੌਰਾਨ ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਹ ਦਲਿਤਾਂ ਨੂੰ ਤਾਕਤਵਰ ਬਣਾਉਣ ਖ਼ਾਤਰ ਕੀਤਾ ਤਾਂ ਕਿ ਉਹ ਜਾਤਪਾਤ ਪ੍ਰਬੰਧ ਦੇ ਖ਼ਾਤਮੇ ਲਈ ਸੰਘਰਸ਼ ਕਰ ਸਕਣ, ਜੋ ਉਨ੍ਹਾਂ ਦੀ ਨਜ਼ਰ ਵਿਚ Ḕਆਜ਼ਾਦੀ, ਬਰਾਬਰੀ, ਭਾਈਚਾਰਾ’ ਨੂੰ ਸਾਕਾਰ ਕਰਨ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਸੀ। ਕਿਉਂਕਿ ਮਾਰਕਸਵਾਦੀਆਂ ਦੇ ਉਲਟ ਉਹ ਇਹ ਨਹੀਂ ਮੰਨਦੇ ਸਨ ਕਿ ਇਤਿਹਾਸ ਕਿਸੇ ਤਰਕ ਦੇ ਆਧਾਰ ‘ਤੇ ਵਿਕਸਤ ਹੁੰਦਾ ਹੈ, ਕਿ ਇਸ ਦੀ ਗਤੀ ਨੂੰ ਕੋਈ ਨੇਮ ਕੰਟਰੋਲ ਕਰਦੇ ਹਨ, ਇਸ ਲਈ ਉਨ੍ਹਾਂ ਨੇ ਇਹ ਵਿਧੀ ਅਪਣਾਈ ਜਿਸ ਨੂੰ ਵਿਹਾਰਵਾਦ ਕਿਹਾ ਜਾਂਦਾ ਹੈ। ਇਸ ਵਿਚ ਉਨ੍ਹਾਂ ਉਪਰ ਕੋਲੰਬੀਆ ਯੂਨੀਵਰਸਿਟੀ ਦੇ ਉਨ੍ਹਾਂ ਦੇ ਅਧਿਆਪਕ ਜੌਹਨ ਡਿਵੀ ਦਾ ਅਸਰ ਸੀ।
ਵਿਹਾਰਵਾਦ ਇਕ ਐਸਾ ਨਜ਼ਰੀਆ ਹੈ ਜੋ ਸਿਧਾਂਤਾਂ ਜਾਂ ਵਿਸ਼ਵਾਸਾਂ ਦਾ ਮੁਲੰਕਣ, ਵਿਹਾਰਕ ਤੌਰ ‘ਤੇ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਦੌਰਾਨ ਹਾਸਲ ਹੋਈ ਕਾਮਯਾਬੀ ਦੇ ਆਧਾਰ ‘ਤੇ ਕਰਦਾ ਹੈ। ਇਹ ਕਿਸੇ ਵਿਚਾਰਧਾਰਕ ਨਜ਼ਰੀਏ ਨੂੰ ਰੱਦ ਕਰਦਾ ਹੈ ਅਤੇ ਸਾਰਥਿਕਤਾ, ਸਚਾਈ ਜਾਂ ਮੁੱਲਾਂ ਦੇ ਨਿਰਧਾਰਨ ਦੀ ਬੁਨਿਆਦੀ ਕਸਵੱਟੀ ਵਿਹਾਰਕ ਸਿੱਟਿਆਂ ਨੂੰ ਮੰਨਦਾ ਹੈ। ਇਸ ਲਈ ਇਹ ਮਕਸਦ ਦੀ ਇਮਾਨਦਾਰੀ ਅਤੇ ਉਸ ਨੂੰ ਅਮਲ ਵਿਚ ਲਿਆਉਣ ਵਾਲੇ ਦੇ ਇਖ਼ਲਾਕੀ ਆਧਾਰ ‘ਤੇ ਟਿਕਿਆ ਹੁੰਦਾ ਹੈ। ਅੰਬੇਡਕਰ ਦਾ ਸੰਘਰਸ਼ ਇਸ ਦੀ ਮਿਸਾਲ ਹੈ। ਜੇ ਇਸ ਆਧਾਰ ਨਾਲ ਸਮਝੌਤਾ ਕਰ ਲਿਆ ਜਾਂਦਾ ਹੈ ਤਾਂ ਵਿਹਾਰਵਾਦ ਦਾ ਇਸਤੇਮਾਲ ਦੁਨੀਆ ਵਿਚ ਕਿਸੇ ਵੀ ਚੀਜ਼ ਨੂੰ ਜਾਇਜ਼ ਠਹਿਰਾਉਣ ਲਈ ਕੀਤਾ ਜਾ ਸਕਦਾ ਹੈ; ਤੇ ਅੰਬੇਡਕਰ ਤੋਂ ਪਿੱਛੋਂ ਦੇ ਅੰਦੋਲਨ ਵਿਚ ਐਨ ਇਹੀ ਹੋਇਆ। ਦਲਿਤ ਆਗੂ Ḕਅੰਬੇਡਕਰਵਾਦ’ ਜਾਂ ਦਲਿਤ ਹਿੱਤਾਂ ਨੂੰ ਅੱਗੇ ਲਿਜਾਣ ਦੇ ਨਾਂ ‘ਤੇ ਆਪਣਾ ਮਤਲਬ ਹੱਲ ਕਰਨ ਵਿਚ ਲੱਗੇ ਰਹੇ। ਹਿੰਦੁਸਤਾਨ ਦੀ ਸਿਆਸਤ ਦਾ ਤਾਣਾ-ਬਾਣਾ ਕੁਝ ਇਸ ਤਰ੍ਹਾਂ ਦਾ ਹੈ ਕਿ ਇਕ ਵਾਰ ਜੇ ਤੁਹਾਡੇ ਹੱਥ ਪੈਸਾ ਆ ਗਿਆ, ਫਿਰ ਤੁਸੀਂ ਆਪਣੇ ਹੱਕ ਵਿਚ ਅਵਾਮ ਦੀ ਹਮਾਇਤ ਦਾ ਆਡੰਬਰ ਰਚ ਸਕਦੇ ਹੋ। ਇਕ ਵਾਰ ਇਹ ਸਿਲਸਿਲਾ ਸ਼ੁਰੂ ਹੋ ਗਿਆ, ਤਾਂ ਫਿਰ ਇਸ ਵਿਚੋਂ ਨਿਕਲਣਾ ਸੰਭਵ ਨਹੀਂ। ਇਸੇ ਅਮਲ ਦੀ ਬਦੌਲਤ ਬਾਰ੍ਹਵੀਂ ਪਾਸ ਆਠਵਲੇ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਸਕਦਾ ਹੈ, ਤੇ ਉਸ ਅੰਬੇਡਕਰ ਦੀ ਵਿਰਾਸਤ ਦਾ ਦਾਅਵਾ ਕਰ ਸਕਦਾ ਹੈ ਜੋ ਬੇਮਿਸਾਲ ਵਿਦਵਤਾ ਅਤੇ ਦਲਿਤਾਂ-ਵਾਂਝਿਆਂ ਦੇ ਹਿੱਤਾਂ ਪ੍ਰਤੀ ਸਰਬੋਤਮ ਵਚਨਬੱਧਤਾ ਦੇ ਪ੍ਰਤੀਕ ਹਨ। ਤਕਰੀਬਨ ਇਹੀ ਗੱਲ ਦੂਜੇ ਰਾਮਾਂ ਅਤੇ ਉਨ੍ਹਾਂ ਵਰਗੇ ਸਿਆਸੀ ਜੁਗਾੜੀਆਂ ਦੇ ਬਾਰੇ ਵੀ ਕਹੀ ਜਾ ਸਕਦੀ ਹੈ। ਉਨ੍ਹਾਂ ਦਾ ਕੁੱਲ ਧੰਦਾ ਅੰਬੇਡਕਰ ਅਤੇ ਦਲਿਤ ਹਿੱਤਾਂ ਦੀ ਤਰੱਕੀ ਦੇ ਨਾਂ ‘ਤੇ ਚੱਲਦਾ ਹੈ।
ਦਲਿਤ ਹਿੱਤ ਬਨਾਮ ਕੁਲੀਨ ਹਿੱਤ
ਆਪਣੇ ਨਿੱਜੀ ਸਵਾਰਥਾਂ ਨੂੰ ਹੱਲ ਕਰਨ ਲਈ ਬੇਕਰਾਰ ਇਹ ਸਾਰੇ ਅੰਬੇਡਕਰਵਾਦੀ ਦਲਿਤ ਹਿੱਤਾਂ ਦਾ ਹੋ-ਹੱਲਾ ਮਚਾਉਂਦੇ ਹਨ। ਦਲਿਤ ਆਗੂਆਂ ਵਿਚ ਇਹ ਰੁਚੀ ਅੰਬੇਡਕਰ ਵੇਲੇ ਵੀ ਸੀ। ਉਦੋਂ ਉਨ੍ਹਾਂ ਨੇ ਕਾਂਗਰਸ ਨੂੰ Ḕਸੜਦਾ ਹੋਇਆ ਘਰḔ ਕਰਾਰ ਦੇ ਕੇ ਉਸ ਵਿਚ ਸ਼ਾਮਲ ਹੋਣ ਖ਼ਿਲਾਫ਼ ਚਿਤਾਵਨੀ ਦਿੱਤੀ ਸੀ। ਜਦੋਂ ਕਾਂਗਰਸ ਨੇ ਮਹਾਰਾਸ਼ਟਰ ਵਿਚ ਯਸ਼ਵੰਤ ਰਾਓ ਚਵਾਨ ਦੇ ਜ਼ਰੀਏ ਦਲਿਤ ਅਗਵਾਈ ਹਥਿਆਉਣ ਦਾ ਜਾਲ ਫੇਲਾਇਆ, ਤਾਂ ਅੰਬੇਡਕਰੀ ਆਗੂ ਉਸ ਵਿਚ ਆਪਣੇ ਆਪ ਹੀ ਫਸਦੇ ਗਏ। ਪੱਜ ਇਹ ਬਣਾਇਆ ਸੀ ਕਿ ਇਸ ਵਿਚ ਜਾ ਕੇ ਉਹ ਦਲਿਤ ਹਿੱਤਾਂ ਦੀ ਬਿਹਤਰ ਖ਼ਿਦਮਤ ਕਰ ਸਕਣਗੇ। ਉਨ੍ਹਾਂ ਨੇ ਅਵਾਮ ਨੂੰ ਇਹ ਕਹਿੰਦੇ ਹੋਏ ਵੀ ਭਰਮਾਇਆ ਕਿ ਅੰਬੇਡਕਰ ਨੇ ਨਹਿਰੂ ਹਕੂਮਤ ਵਿਚ ਸ਼ਾਮਲ ਹੋ ਕੇ ਕਾਂਗਰਸ ਨੂੰ ਸਹਿਯੋਗ ਦਿੱਤਾ ਸੀ। ਭਾਜਪਾ ਉਸ ਹਜ਼ਾਰ ਸਿਰਾਂ ਵਾਲੇ ਆਰæਐੱਸ਼ਐੱਸ਼ ਦੀ ਸਿਆਸੀ ਸ਼ਾਖਾ ਹੈ ਜੋ ਹਿੰਦੂਤਵ ‘ਤੇ ਆਧਾਰਤ ਸਭਿਆਚਾਰਕ ਕੌਮਵਾਦ ਦਾ ਪੈਰੋਕਾਰ ਹੈ। ਉਸ ਨੇ ਸੰਸਕ੍ਰਿਤੀ ਅਤੇ ਧਰਮ ਦਾ ਇਹ ਅਜੀਬ ਘਾਲਾਮਾਲਾ ਅਵਾਮ ਨੂੰ ਭਰਮਾਉਣ ਲਈ ਖੜ੍ਹਾ ਕੀਤਾ ਹੋਇਆ ਹੈ। ਭਾਜਪਾ ਅੰਬੇਡਕਰਵਾਦੀਆਂ ਲਈ ਮਹਿਜ਼ ਸਰਾਪ ਹੀ ਹੋ ਸਕਦੀ ਹੈ। ਦਰਅਸਲ, ਕਈ ਵਰ੍ਹਿਆਂ ਤੱਕ ਇਹ ਇੰਝ ਰਹੀ ਵੀ, ਪਰ ਹੁਣ ਅਜਿਹਾ ਨਹੀਂ ਹੈ। ਆਰæਐੱਸ਼ਐੱਸ ਨੇ ਸਮਰਸੱਤਾ (ਬਰਾਬਰੀ ਨਹੀਂ ਸਗੋਂ ਸਮਾਜੀ ਸਦਭਾਵਨਾ) ਦਾ ਜਾਲ ਦਲਿਤ ਮੱਛੀਆਂ ਨੂੰ ਫਸਾਉਣ ਲਈ ਸੁੱਟਿਆ ਅਤੇ ਇਸ ਤੋਂ ਪਿੱਛੋਂ ਆਪਣੀ ਕਠੋਰ ਵਿਚਾਰਧਾਰਾ ਵਿਚ ਥੋੜ੍ਹੀ ਢਿੱਲ ਦੇ ਦਿੱਤੀ। ਦਿਲਚਸਪ ਗੱਲ ਇਹ ਕਿ ਦਲਿਤ ਹਿੱਤਾਂ ਦੇ ਪੈਰੋਕਾਰ ਆਗੂ, ਹਾਕਮ ਜਮਾਤ (ਤੇ ਉੱਚੀਆਂ ਜਾਤਾਂ) ਦੀਆਂ ਇਨ੍ਹਾਂ ਪਾਰਟੀਆਂ ਨੂੰ ਤਾਂ ਆਪਣੇ ਟਿਕਾਣੇ ਵਜੋਂ ਦੇਖਦੇ ਹਨ, ਪਰ ਉਹ ਕਦੇ ਖੱਬੀਆਂ ਪਾਰਟੀਆਂ ਬਾਰੇ ਵਿਚਾਰ ਨਹੀਂ ਕਰਦੇ ਜੋ ਆਪਣੀਆਂ ਬੇਸ਼ੁਮਾਰ ਗ਼ਲਤੀਆਂ ਦੇ ਬਾਵਜੂਦ ਉਨ੍ਹਾਂ ਦੀਆਂ ਸੁਭਾਵਿਕ ਸੰਗੀ ਸਨ। ਇਸ ਦੀ ਵਜ੍ਹਾ ਸਿਰਫ਼ ਇਹ ਹੈ ਕਿ ਖੱਬੀਆਂ ਪਾਰਟੀਆਂ ਉਨ੍ਹਾਂ ਨੂੰ ਇਹ ਸਭ ਕੁਝ ਨਹੀਂ ਦੇ ਸਕੀਆਂ ਜੋ ਹਾਕਮ ਜਮਾਤ ਪਾਰਟੀਆਂ ਨੇ ਦਿੱਤਾ ਹੈ।
ਤਾਂ ਫਿਰ ਦਲਿਤ ਹਿੱਤਾਂ ਦਾ ਇਹ ਹਊਆ ਕੀ ਸ਼ੈਅ ਹੈ ਜਿਸ ਦੇ ਨਾਂ ‘ਤੇ ਇਹ ਲੋਕ ਇਹ ਕਲਾਬਾਜ਼ੀਆਂ ਮਾਰਦੇ ਹਨ? ਕੀ ਉਹ ਇਹ ਜਾਣਦੇ ਹਨ ਕਿ 90 ਫ਼ੀਸਦੀ ਦਲਿਤਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ? ਕਿ ਬੇਜ਼ਮੀਨੇ ਮਜ਼ਦੂਰਾਂ, ਛੋਟੇ ਹਾਸ਼ੀਆਗ੍ਰਸਤ ਕਿਸਾਨਾਂ, ਪਿੰਡਾਂ ਵਿਚ ਕਾਰੀਗਰਾਂ ਅਤੇ ਸ਼ਹਿਰਾਂ ਵਿਚ ਕੁੱਲੀਆਂ ਵਿਚ ਰਹਿਣ ਵਾਲੇ ਠੇਕਾ ਮਜ਼ਦੂਰਾਂ ਅਤੇ ਸ਼ਹਿਰੀ ਅਰਥਚਾਰੇ ਦੇ ਗ਼ੈਰਰਸਮੀ ਖੇਤਰ ਵਿਚ ਨਿੱਕੇ-ਨਿੱਕੇ ਫੇਰੀ ਵਾਲਿਆਂ ਦੀ ਜ਼ਿੰਦਗੀ ਜਿਉਣ ਵਾਲੇ ਦਲਿਤ ਕਿਨ੍ਹਾਂ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ? ਇੱਥੋਂ ਤਕ ਕਿ ਅੰਬੇਡਕਰ ਨੇ ਵੀ ਆਪਣੀ ਜ਼ਿੰਦਗੀ ਦੇ ਆਖ਼ਰੀ ਵਕਤ ‘ਚ ਇਹ ਮਹਿਸੂਸ ਕਰ ਲਿਆ ਸੀ, ਤੇ ਇਸ ਉਪਰ ਅਫ਼ਸੋਸ ਜ਼ਾਹਿਰ ਕੀਤਾ ਸੀ ਕਿ ਉਹ ਉਨ੍ਹਾਂ ਲਈ ਕੁਝ ਨਹੀਂ ਕਰ ਸਕਿਆ। ਅੰਸ਼ਕ ਜ਼ਮੀਨੀ ਸੁਧਾਰਾਂ ਪਿੱਛੇ ਮੌਜੂਦ ਸਰਮਾਏਦਾਰਾ ਸਾਜ਼ਿਸ਼ਾਂ ਅਤੇ ਹਰੇ ਇਨਕਲਾਬ ਨੇ ਪਿੰਡਾਂ ਵਿਚ ਸਰਮਾਏਦਾਰਾ ਰਿਸ਼ਤਿਆਂ ਦੀ ਪੈਂਠ ਬਣਾ ਦਿੱਤੀ ਜਿਸ ਵਿਚ ਦਲਿਤਾਂ ਲਈ ਸੁਰੱਖਿਆ ਦਾ ਕੋਈ ਉਪਾਅ ਨਹੀਂ ਸੀ। ਇਨ੍ਹਾਂ ਕਦਮਾਂ ਦਾ ਦਲਿਤ ਅਵਾਮ ਉਪਰ ਤਬਾਹਕੁਨ ਅਸਰ ਪਿਆ ਜਿਨ੍ਹਾਂ ਦੇ ਤਹਿਤ ਅੰਤਰ-ਨਿਰਭਰਤਾ ਦੀ ਜਜਮਾਨੀ ਪਰੰਪਰਾ ਤਾਂ ਤਬਾਹ ਕਰ ਦਿੱਤੀ, ਪਰ ਦਲਿਤਾਂ ਨੂੰ ਪਿੰਡਾਂ ਵਿਚ ਪੱਕੇ ਪੈਰੀਂ ਉਚ ਜਾਤਾਂ ਦੇ ਭੋਇੰ ਮਾਲਕਾਂ ਨੂੰ ਪਾਸੇ ਕਰ ਕੇ ਉਨ੍ਹਾਂ ਦੀ ਥਾਂ ਲੈਣ ਵਾਲੇ, ਸਭਿਆਚਾਰਕ ਪੱਖੋਂ ਪਿਛੜੀਆਂ ਸ਼ੂਦਰ ਜਾਤਾਂ ਦੇ ਭੋਇੰ ਮਾਲਕਾਂ ਦੇ ਰਹਿਮ-ਕਰਮ ‘ਤੇ ਬੇਸਹਾਰਾ ਛੱਡ ਦਿੱਤਾ। ਬ੍ਰਾਹਮਣਵਾਦ ਦਾ ਝੰਡਾ ਹੁਣ ਇਨ੍ਹਾਂ ਨੇ ਚੁੱਕ ਲਿਆ ਸੀ। ਵਿਚ-ਵਿਚਾਲੇ ਦੇ ਦਹਾਕਿਆਂ ਨੇ ਉਮੀਦਾਂ ਜ਼ਰੂਰ ਜਗਾਈਆਂ, ਪਰ ਛੇਤੀ ਹੀ ਇਹ ਮੁਰਝਾ ਗਈਆਂ। ਜਦੋਂ ਤੱਕ ਦਲਿਤਾਂ ਨੂੰ ਇਸ ਦਾ ਅਹਿਸਾਸ ਹੁੰਦਾ ਕਿ ਉਨ੍ਹਾਂ ਦੇ ਸ਼ਹਿਰੀ ਲਾਭਪਾਤਰੀਆਂ ਨੇ ਰਾਖਵੇਂਕਰਨ ਉਪਰ ਕਿਵੇਂ ਕਬਜ਼ਾ ਕੀਤਾ ਹੋਇਆ ਹੈ, ਉਦੋਂ ਨਵ-ਉਦਾਰਵਾਦ ਦਾ ਹਮਲਾ ਹੋ ਗਿਆ ਜਿਸ ਨੇ ਰਾਖਵੇਂਕਰਨ ਦਾ ਹੀ ਭੋਗ ਪਾ ਦਿੱਤਾ। ਸਾਡੇ ਇਹ ਰਾਮ ਇਨ੍ਹਾਂ ਸਭ ਕੌੜੀਆਂ ਹਕੀਕਤਾਂ ਤੋਂ ਬੇਪ੍ਰਵਾਹ ਰਹੇ ਅਤੇ ਸਗੋਂ ਇਨ੍ਹਾਂ ਵਿਚੋਂ ਇਕ ਉਦਿਤ ਰਾਜ ਨੇ ਤਾਂ ਰਾਖਵੇਂਕਰਨ ਦੇ ਇਕ-ਨੁਕਾਤੀ ਏਜੰਡੇ ਨਾਲ ਕੁਲ-ਹਿੰਦ ਜਥੇਬੰਦੀ ਉਦੋਂ ਬਣਾਈ, ਜਦੋਂ ਰਾਖਵਾਂਕਰਨ ਹਕੀਕਤ ਵਿਚ ਖ਼ਤਮ ਹੋ ਚੁੱਕਾ ਸੀ। ਰਾਖਵੇਂਕਰਨ ਦੇ ਪਿੱਛੇ ਛੁਪੀ ਹਾਕਮ ਜਮਾਤੀ ਸਾਜ਼ਿਸ਼ ਬਾਰੇ ਅਵਾਮ ਦੀਆਂ ਅੱਖਾਂ ਖੋਲ੍ਹਣ ਦੀ ਬਜਾਏ, ਉਹ ਹਾਕਮ ਜਮਾਤ ਦੀ ਖ਼ਿਦਮਤ ਵਿਚ ਇਸ ਝੂਠੇ ਸਹਾਰੇ ਨੂੰ ਸਲਾਮਤ ਰੱਖਣ ਨੂੰ ਤਰਜੀਹ ਦਿੰਦੇ ਹਨ। ਕੀ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ 90 ਫ਼ੀਸਦੀ ਦਲਿਤਾਂ ਦੀਆਂ ਜ਼ਰੂਰਤਾਂ ਕੀ ਹਨ? ਉਨ੍ਹਾਂ ਨੂੰ ਜ਼ਮੀਨ ਚਾਹੀਦੀ ਹੈ, ਸਾਰਥਕ ਰੋਜ਼ਗਾਰ ਚਾਹੀਦਾ ਹੈ, ਮੁਫ਼ਤ ਅਤੇ ਚੰਗੀ ਸਿਖਿਆ ਚਾਹੀਦੀ ਹੈ, ਸਿਹਤ ਸੰਭਾਲ ਦੀ ਜ਼ਰੂਰਤ ਹੈ, ਉਨ੍ਹਾਂ ਦੀ ਜਮਹੂਰੀ ਹੱਕ-ਜਤਾਈ ਲਈ ਜ਼ਰੂਰੀ ਢਾਂਚੇ ਹੋਣੇ ਚਾਹੀਦੇ ਹਨ ਅਤੇ ਜਾਤਪਾਤ ਵਿਰੋਧੀ ਸਭਿਆਚਾਰਕ ਜੱਦੋਜਹਿਦ ਦੀ ਠੋਸ ਬੁਨਿਆਦ ਚਾਹੀਦੀ ਹੈ। ਇਹ ਹਨ ਦਲਿਤਾਂ ਦੇ ਹਿੱਤ; ਤੇ ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸੇ ਦਲਿਤ ਰਾਮ ਵਲੋਂ ਇਸ ਪਾਸੇ ਤੁਰਨਾ ਤਾਂ ਦੂਰ, ਇਸ ਨੂੰ ਆਪਣੀ ਜ਼ਬਾਨ ‘ਤੇ ਵੀ ਨਹੀਂ ਲਿਆਂਦਾ।
ਭਾਜਪਾਈ ਰਾਮ ਦੇ ਹਨੂੰਮਾਨ
ਇਹ ਸੱਚ ਹੈ ਕਿ ਇਹ ਰਾਮ ਦਲਿਤ ਹਿੱਤਾਂ ਦੇ ਨਾਂ ਉਪਰ ਸਿਰਫ਼ ਆਪਣਾ ਮੁਫ਼ਾਦ ਦੇਖਦੇ ਹਨ। ਉਦਿਤ ਰਾਜ ਇਨ੍ਹਾਂ ਵਿਚੋਂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ। ਅਜੇ ਕੱਲ੍ਹ ਤਾਈਂ ਉਹ ਸੰਘ ਪਰਿਵਾਰ ਅਤੇ ਭਾਜਪਾ ਦੇ ਖ਼ਿਲਾਫ਼ ਹਰ ਤਰ੍ਹਾਂ ਦੀ ਆਲੋਚਨਾ ਕਰਦਾ ਰਿਹਾ ਹੈ। ਉਸ ਦੀ ਕਿਤਾਬ Ḕਦਲਿਤ ਅਤੇ ਧਾਰਮਿਕ ਆਜ਼ਾਦੀ’ ਵਿਚ ਮੌਜੂਦ ਇਹ ਨੁਕਤਾਚੀਨੀ ਇਸ ਦਾ ਸਬੂਤ ਹੈ। ਉਸ ਨੇ ਮਾਇਆਵਤੀ ਨੂੰ ਸੱਤਾ ਤੋਂ ਲਾਹੁਣ ਲਈ ਸਾਰੇ ਪਾਪੜ ਵੇਲੇ ਅਤੇ ਨਾਕਾਮ ਰਹਿਣ ਤੋਂ ਬਾਅਦ ਹੁਣ ਉਹ ਉਸੇ ਭਾਜਪਾ ਦੀ ਛੱਤਰੀ ‘ਤੇ ਜਾ ਬੈਠਾ ਜੋ ਉਸ ਦੇ ਆਪਣੇ ਸ਼ਬਦਾਂ ਵਿਚ ਦਲਿਤਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਦਲਿਤਾਂ ਵਿਚ ਉਸ ਦੀ ਜੋ ਥੋੜ੍ਹੀ ਬਹੁਤ ਸਾਖ ਸੀ, ਉਸ ਦਾ ਫ਼ਾਇਦਾ ਭਾਜਪਾ ਨੂੰ ਦਿਵਾਉਣ ਲਈ ਉਹ ਹੁਣ ਹਨੂੰਮਾਨ ਦਾ ਕਿਰਦਾਰ ਨਿਭਾਅ ਰਿਹਾ ਹੈ। ਦੂਜੇ ਦੋਵਾਂ ਰਾਮਾਂ- ਪਾਸਵਾਨ ਅਤੇ ਆਠਵਲੇ, ਨੇ ਉਦਿਤ ਰਾਜ ਦੇ ਉਲਟ ਭਾਜਪਾ ਦੀ ਅਗਵਾਈ ਵਾਲੇ ਐੱਨæਡੀæਏæ ਗੱਠਜੋੜ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਉਹ ਦਲਿਤਾਂ ਵਿਚ ਆਪਣੇ ਥੋੜ੍ਹੇ-ਥੋੜ੍ਹੇ ਆਧਾਰ ਦੇ ਜ਼ੋਰ ਆਪਣੇ ਮੁਫ਼ਾਦ ਲਈ ਬਿਹਤਰ ਸੌਦੇਬਾਜ਼ੀ ਕਰਨ ਦੀ ਵਾਹ ਲਾ ਰਹੇ ਹਨ। ਪਾਸਵਾਨ ਨੂੰ ਸੱਤ ਸੀਟਾਂ ਮਿਲੀਆਂ ਹਨ ਜਿਨ੍ਹਾਂ ਵਿਚੋਂ ਤਿੰਨ ਉਸ ਨੇ ਆਪਣੇ ਹੀ ਟੱਬਰ ਦੀ ਝੋਲੀ ਪਾ ਦਿੱਤੀਆਂ ਹਨ; ਤੇ ਆਠਵਲੇ ਨੂੰ ਉਸ ਦੀ ਰਾਜ ਸਭਾ ਸੀਟ ਤੋਂ ਇਲਾਵਾ ਇਕ ਸੀਟ ਹੋਰ ਮਿਲ ਗਈ ਹੈ। ਕੱਲ੍ਹ ਦਾ ਕਾਗਜ਼ੀ ਪੈਂਥਰ ਆਠਵਲੇ ਨਾਮਦੇਵ ਢਸਾਲ ਦੇ ਨਕਸ਼ੇ-ਕਦਮਾਂ ‘ਤੇ ਚਲ ਰਿਹਾ ਹੈ ਜੋ ਬਾਲ ਠਾਕਰੇ ਦੀ ਗੋਦ ਵਿਚ ਜਾ ਬੈਠਾ ਸੀ; ਉਸ ਬਾਲ ਠਾਕਰੇ ਦੀ ਗੋਦ ਵਿਚ ਜੋ ਅੰਬੇਡਕਰ ਅਤੇ ਅੰਬੇਡਕਰੀ ਦਲਿਤਾਂ ਪ੍ਰਤੀ ਘੋਰ ਨਫ਼ਰਤ ਦਾ ਡੰਗਿਆ ਹੋਇਆ ਸੀ। ਇਹ ਜਨਾਬ ਭਾਜਪਾ ਨਾਲ ਪਾਈ ਜੋਟੀ ਦਾ ਜ਼ਿੰਮੇਵਾਰ ਆਪਣੇ ਸੰਗੀਆਂ ਵਲੋਂ ਕੀਤੇ Ḕਦਲਿਤਾਂ ਦੇ ਅਪਮਾਨ’ (ਆਪਣੇ ਨਹੀਂ) ਨੂੰ ਠਹਿਰਾਉਂਦੇ ਹਨ। ਅਸਲ ਵਿਚ ਆਠਵਲੇ ਦੀ ਜ਼ਲਾਲਤ ਉਦੋਂ ਸ਼ੁਰੂ ਹੋਈ, ਜਦੋਂ ਉਸ ਨੂੰ ਮੰਤਰੀ ਦਾ ਅਹੁਦਾ ਨਹੀਂ ਮਿਲਿਆ। ਉਸ ਨੇ ਉਦੋਂ ਸ਼ਰਮ ਮਹਿਸੂਸ ਨਹੀਂ ਕੀਤੀ ਜਦੋਂ ਉਸ ਨੇ ਦਲਿਤਾਂ ਵਲੋਂ ਮਰਾਠਵਾੜਾ ਯੂਨੀਵਰਸਿਟੀ ਦਾ ਨਾਂ ਅੰਬੇਡਕਰ ਦੇ ਨਾਂ ‘ਤੇ ਰੱਖਣ ਦੇ ਲਈ ਦਿੱਤੀਆਂ ਭਾਰੀ ਕੁਰਬਾਨੀਆਂ ਨੂੰ ਨਜ਼ਰ-ਅੰਦਾਜ਼ ਕੀਤਾ ਅਤੇ ਯੂਨੀਵਰਸਿਟੀ ਦੇ ਨਾਂ ਨੂੰ ਥੋੜ੍ਹਾ ਵਧਾ ਲੈਣ ਨੂੰ ਚੁੱਪ-ਚਾਪ ਮੰਨ ਲਿਆ ਸੀ; ਤੇ ਨਾ ਹੀ ਉਸ ਨੂੰ ਉਦੋਂ ਸ਼ਰਮ ਮਹਿਸੂਸ ਹੋਈ ਜਦੋਂ ਉਸ ਨੇ ਦਲਿਤ ਦੇ ਦਾਬੇ ਦੇ ਮੁਜਰਮਾਂ ਦੇ ਖ਼ਿਲਾਫ਼ ਦਾਇਰ ਮੁਕੱਦਮਿਆਂ ਨੂੰ ਫਟਾਫਟ ਵਾਪਸ ਲੈ ਲਿਆ। ਇਹ ਤਾਂ ਮਹਿਜ਼ ਚੰਦ ਮਿਸਾਲਾਂ ਹਨ। ਪਾਸਵਾਨ ਅਤੇ ਆਠਵਲੇ ਦੀਆਂ ਜ਼ਿੰਦਗੀਆਂ ਦਲਿਤਾਂ ਹਿੱਤਾਂ ਨਾਲ ਐਸੀਆਂ ਗ਼ਦਾਰੀਆਂ ਨਾਲ ਭਰੀਆਂ ਪਈਆਂ ਹਨ।
ਹੁਣ ਇਹ ਸ਼ਖਸ ਭਾਜਪਾ ਦੇ ਨਵੇਂ ਰਾਮ ਦੀ ਖ਼ਿਦਮਤ ਕਰ ਕੇ ਹਨੂੰਮਾਨ ਵਾਲਾ ਕਿਰਦਾਰ ਨਿਭਾਉਣਗੇ, ਪਰ ਹੁਣ ਸਹੀ ਵਕਤ ਹੈ ਕਿ ਦਲਿਤ ਉਨ੍ਹਾਂ ਦੇ ਮੁਖੌਟਿਆਂ ਨੂੰ ਲਾਹ ਸੁੱਟਣ ਅਤੇ ਦੇਖ ਲੈਣ ਕਿ ਇਨ੍ਹਾਂ ਦੇ ਅਸਲ ਚਿਹਰੇ ਕੀ ਹਨ!
Leave a Reply