ਅਕਾਲੀ ਦਲ ਨੇ ਸਿੱਖ ਕਤਲੇਆਮ ‘ਤੇ ਸਿਰਫ ਸਿਆਸਤ ਕੀਤੀ: ਕੇਜਰੀਵਾਲ

ਸੰਗਰੂਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 1984 ਵਿਚ ਹੋਏ ਸਿੱਖ ਕਤਲੇਆਮ ‘ਤੇ ਸ਼੍ਰੋਮਣੀ ਅਕਾਲੀ ਦਲ ਪਿਛਲੇ ਤੀਹ ਸਾਲਾਂ ਤੋਂ ਰਾਜਨੀਤੀ ਕਰ ਰਿਹਾ ਹੈ ਤੇ ਚੋਣਾਂ ਸਮੇਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ 1984 ਦੇ ਸਿੱਖ ਕਤਲੇਆਮ ਦੀ ਯਾਦ ਆਉਂਦੀ ਹੈ ਜਦੋਂਕਿ ਕੇਂਦਰ ਵਿਚ ਐਨæਡੀæਏæ ਦੀ ਸਰਕਾਰ ਸਮੇਂ ਵੀ ਭਾਜਪਾ ਤੇ ਅਕਾਲੀ ਦਲ ਵਾਲੇ ਸਿੱਖ ਪੀੜਤਾਂ ਨੂੰ ਇਨਸਾਫ਼ ਨਹੀਂ ਦਿਵਾ ਸਕੇ। ਸ੍ਰੀ ਕੇਜਰੀਵਾਲ ਪਾਰਟੀ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ।
ਉਨ੍ਹਾਂ ਅਕਾਲੀ ਦਲ ਤੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਸਿਰਫ਼ ਰਾਜਨੀਤੀ ਹੀ ਕਰਦੇ ਹਨ ਕਿਉਂਕਿ ਇਨ੍ਹਾਂ ਦੀ ਨੀਅਤ ਖਰਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਵਿਚ ਧਕੇਲਿਆ ਜਾ ਰਿਹਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ‘ਤੇ ਗੁਜਰਾਤ ਤੇ ਦਿੱਲੀ ਵਿਚ ਹਮਲਾ ਹੋਇਆ, ਭਿਵਾਨੀ ਵਿਚ ਉਨ੍ਹਾਂ ਦੀ ਪਿਟਾਈ ਕੀਤੀ ਗਈ ਪਰ ਉਹ ਸਪਸ਼ਟ ਕਰਦੇ ਹਨ ਕਿ ਹਮਲੇ ਤੇ ਪਿਟਾਈ ਕਰਨ ਨਾਲ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕੇਗਾ ਤੇ ਮਰਦੇ ਦਮ ਤੱਕ ਕੇਜਰੀਵਾਲ ਬੇਈਮਾਨਾਂ ਤੇ ਭ੍ਰਿਸ਼ਟਾਚਾਰੀਆਂ ਖਿਲਾਫ਼ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੱਚਾਈ ਤੇ ਇਮਾਨਦਾਰੀ ਹੈ ਜਿਸ ਕਰਕੇ ਭਾਜਪਾ ਤੇ ਕਾਂਗਰਸ ਵਾਲੇ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ।
ਭਗਵੰਤ ਮਾਨ ਦੇ ਹੱਕ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਆਪਣੀਆਂ ਕੈਸਿਟਾਂ ਤੇ ਸੀਡੀ ਨਾਲ ਕ੍ਰਾਂਤੀਕਾਰੀ ਫੈਲਾ ਰਿਹਾ ਹੈ ਪਰ ਇਸ ਕ੍ਰਾਂਤੀਕਾਰੀ ਨੂੰ ਸੰਸਦ ਵਿਚ ਲਿਜਾਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਵਿਚ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਤੇ ਭਗਵੰਤ ਮਾਨ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰੇਗਾ। ਕੇਜਰੀਵਾਲ ਨੇ ਆਪਣਾ ਭਾਸ਼ਣ ਵੰਦੇ ਮਾਤਰਮ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਤੋਂ ਸ਼ੁਰੂ ਕੀਤਾ ਤੇ ਸਮਾਪਤੀ ਬੋਲੇ ਸੋ ਨਿਹਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਬੁਲਾ ਕੇ ਕੀਤੀ। ਉਨ੍ਹਾਂ ਵਾਰ-ਵਾਰ ਸੱਦਾ ਦਿੱਤਾ ਕਿ ਲੋਕਾਂ ਨਾਲ ਅਨਿਆਂ ਕਰ ਰਹੀਆਂ ਪਾਰਟੀਆਂ ਨੂੰ ਹੁਣ ਹਰ ਹਰਾਉਣਾ ਚਾਹੀਦਾ ਹੈ ਅਤੇ ਲੋਕ ਇਹ ਕੰਮ ਆਸਾਨੀ ਨਾਲ ਕਰ ਸਕਦੇ ਹਨ; ਬੱਸ ਇਕ ਤਕੜਾ ਹੰਭਲਾ ਮਾਰਨ ਦੀ ਲੋੜ ਹੈ।
______________________________________________
ਤੀਜੀ ਧਿਰ ਦੇ ਸਿੱਖ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ
ਜਲੰਧਰ: ਯੂਨਾਈਟਿਡ ਸਿੱਖ ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸਿੱਖ ਕੌਮ ਤੇ ਸਮੂਹ ਪੰਜਾਬੀਆ ਦੇ ਨਾਂ ਅਪੀਲ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਦੇ ਮੁੱਖ ਦੋਸ਼ੀ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਦੇ ਕੇ ਤੀਸਰੀ ਧਿਰ ਦੇ ਸਿੱਖ ਤੇ ਯੋਗ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਜਾਵੇ ਤਾਂ ਜੋ ਇਹ ਉਮੀਦਵਾਰ ਜਿੱਤ ਕੇ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਦੀ ਆਵਾਜ਼ ਪਾਰਲੀਮੈਟ ਵਿਚ ਬੁਲੰਦ ਕਰ ਸਕਣ।
ਉਨ੍ਹਾਂ ਕਿਹਾ ਕਿ ਕਾਂਗਰਸ ਜਮਾਤ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਤਿੰਨੇ ਸ੍ਰੀ ਦਰਬਾਰ ਸਾਹਿਬ ਉੱਪਰ ਕੀਤੇ ਗਏ ਹਮਲੇ ਦੇ ਬਰਾਬਰ ਦੋਸ਼ੀ ਤੇ ਤਿੰਨੇ ਸੰਤ ਭਿੰਡਰਾਂਵਾਲਿਆਂ ਦੇ ਮੁੱਖ ਕਾਤਲ ਹਨ। ਉਨ੍ਹਾਂ ਸਪਸ਼ਟ ਕਰਦਿਆਂ ਕਿਹਾ ਕਿ ਇੰਦਰਾ ਗਾਧੀ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਸੀ। ਭਾਰਤੀ ਜਨਤਾ ਪਾਰਟੀ ਦੇ ਆਗੂ ਅਟਲ ਬਿਹਾਰੀ ਵਾਜਪਾਈ, ਐਲ਼ਕੇæ ਅਡਵਾਨੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਇੰਦਰਾ ਗਾਂਧੀ ‘ਤੇ ਦਬਾਅ ਪਾ ਕੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਸੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਸਮੇਤ ਹਜ਼ਾਰਾਂ ਸਿੰਘਾਂ-ਸਿੰਘਣੀਆਂ ਨੂੰ ਸ਼ਹੀਦ ਕਰਾਇਆ ਸੀ।
ਵਾਜਪਈ ਤੇ ਅਡਵਾਨੀ ਨੇ ਲੋਕ ਸਭਾ ਵਿਚ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਸੀ ਤੇ ਹਮਲੇ ਦੀ ਖੁਸ਼ੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲੱਡੂ ਵੰਡੇ ਸਨ। ਪ੍ਰਕਾਸ਼ ਸਿੰਘ ਬਾਦਲ ਤੇ ਸਾਥੀਆਂ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਭਿੰਡਰਾਂਵਾਲਿਆਂ ਵੱਲੋਂ ਸੁਮੱਚੀ ਕੌਮ ਦੇ ਸਹਿਯੋਗ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਤੇ ਹੋਰ ਹਜ਼ਾਰਾਂ ਸਿੰਘਾਂ ਸਿੰਘਣੀਆਂ ਦੀ ਯਾਦ ਵਿਚ ਬਣਾਈ ਗਈ ਸ਼ਹੀਦੀ ਯਾਦਗਰ ‘ਤੇ ਆ ਕੇ ਸ਼ਹੀਦਾਂ ਨੂੰ ਨਮਸਕਾਰ ਅੱਜ ਤੱਕ ਨਹੀਂ ਕੀਤੀ, ਸਗੋਂ ਉਲਟਾ ਸ਼ਹੀਦੀ ਯਾਦਗਾਰ ਦੇ ਬਾਹਰ ਸ਼ਹੀਦਾਂ ਦੇ ਨਾਂ ‘ਤੇ ਲਾਈਆਂ ਗਈਆਂ ਨੇਮ ਪਲੇਟਾਂ ਲਾਹੁਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਤੇ ਸਿਵਲ ਕੱਪੜਿਆਂ ਵਿਚ ਪੁਲਿਸ ਨੂੰ ਜ਼ਰੂਰ ਭੇਜਿਆ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਵੱਲੋਂ ਸ਼ਹੀਦੀ ਯਾਦਗਾਰ ਦਾ ਵਿਰੋਧ ਕਰਕੇ ਪ੍ਰਕਾਸ਼ ਸਿੰਘ ਬਾਦਲ ਤੇ ਐਲ਼ ਕੇæ ਅਡਵਾਨੀ ਵੱਲੋਂ ਇੰਦਰਾ ਗਾਂਧੀ ‘ਤੇ ਦਬਾਅ ਪਾ ਕੇ ਸ੍ਰੀ ਦਰਬਾਰ ਸਾਹਿਬ ‘ਤੇ ਕਰਵਾਏ ਗਏ ਹਮਲੇ ‘ਤੇ ਇਕ ਵਾਰ ਫਿਰ ਸਹੀ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਜਮਾਤ ਇੰਦਰਾ ਗਾਂਧੀ ਦੀ ਯਾਦਗਾਰ ਬਣਾ ਸਕਦੀ ਹੈ ਤੇ ਭਾਜਪਾ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਬਣਾਉਣ ਦਾ ਐਲਾਨ ਕਰ ਸਕਦੀ ਹੈ ਤੇ ਸਿੱਖ ਕੌਮ ਸੰਤ ਭਿੰਡਰਾਂ ਵਾਲਿਆਂ, ਭਾਈ ਅਮਰੀਕ ਸਿੰਘ ਤੇ ਹੋਰ ਹਜ਼ਾਰਾਂ ਸ਼ਹੀਦ ਸਿੰਘਾਂ ਤੇ ਸਿੰਘਣੀਆਂ ਦੀ ਯਾਦ ਵਿਚ ਸ਼ਹੀਦੀ ਯਾਦਗਾਰ ਕਿਉਂ ਨਹੀਂ ਬਣਾ ਸਕਦੀ?

Be the first to comment

Leave a Reply

Your email address will not be published.