ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਗਿਣਵੇਂ ਦਿਨ ਰਹਿਣ ਕਾਰਨ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਡੇਰਾ ਮੁਖੀਆਂ ਦੇ ਦਰਾਂ ‘ਤੇ ਢੁੱਕਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਚ ਡੇਰਿਆਂ ਦਾ ਜਾਲ ਵਿਛਿਆ ਹੋਇਆ ਹੈ ਤੇ ਸੂਬੇ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਡੇਰਾ ਮੁਖੀ ਦਾ ਇਕ ਇਸ਼ਾਰਾ ਕਿਸੇ ਧਿਰ ਨੂੰ ਅਰਸ਼ੋਂ ਫਰਸ਼ ਲਿਆਉਣ ਦੀ ਤਾਕਤ ਰੱਖਦਾ ਹੈ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਾਂਗਰਸ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਮੁਖੀਆਂ ਦੇ ਦਰ ਜਾ ਮੱਲੇ ਹਨ। ਸੂਬੇ ਵਿਚ ਛੋਟੇ ਮੋਟੇ ਡੇਰਿਆਂ ਦੀ ਗਿਣਤੀ ਤਾਂ ਭਾਵੇਂ ਬਹੁਤ ਜ਼ਿਆਦਾ ਹੈ ਪਰ ਕੁਝ ਕੁ ਡੇਰੇ ਜਿਨ੍ਹਾਂ ਵਿਚ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ, ਡੇਰਾ ਸਿਰਸਾ, ਡੇਰਾ ਨੂਰ ਮਹਿਲ, ਡੇਰਾ ਸੱਚਖੰਡ ਬੱਲਾਂ ਵੱਡੇ ਡੇਰੇ ਹਨ ਜੋ ਰਾਜਸੀ ਪਿੜ ਵਿਚ ਵੱਡਾ ਰਸੂਖ਼ ਰੱਖਦੇ ਹਨ।
ਸੂਬੇ ਵਿਚਲੇ ਕੁਝ ਡੇਰਿਆਂ ਦਾ ਸਿੱਖਾਂ ਨਾਲ ਟਕਰਾਅ ਵੀ ਰਿਹਾ ਹੈ। ਫਿਰ ਵੀ ਡੇਰਾਵਾਦ ਨੂੰ ਇਸ ਦਾ ਕੋਈ ਅਸਰ ਨਹੀਂ ਹੋਇਆ। ਸਾਲ 1978 ਵਿਚ ਨਿਰੰਕਾਰੀਆਂ ਤੇ ਸਿੱਖਾਂ ਦਰਮਿਆਨ ਨਫ਼ਰਤ ਦੇ ਜੋ ਬੀਜ ਬੀਜੇ ਗਏ ਸਨ ਜਿਸ ਦਾ ਸੰਤਾਪ ਲੰਮਾ ਸਮਾਂ ਪੰਜਾਬੀਆਂ ਨੂੰ ਝੱਲਣਾ ਪਿਆ। ਪੰਜਾਬ ਹੀ ਨਹੀਂ ਸਮੁੱਚੇ ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮ ਹੋਣ ਕਾਰਨ ਡੇਰਿਆਂ ਦੀ ਭੂਮਿਕਾ ਦੀ ਚਰਚਾ ਹੋਣੀ ਵੀ ਸੁਭਾਵਿਕ ਹੈ।
ਵੋਟਾਂ ਬਟੋਰਨ ਲਈ ਸਿਆਸੀ ਆਗੂਆਂ ਨੇ ਵੀ ਫ਼ਸਲੀ ਬਟੇਰਿਆਂ ਵਾਂਗ ਡੇਰਿਆਂ ਦੀ ਅਹਿਮੀਅਤ ਦਾ ਗੁਣਗਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਲਵਾ ਖੇਤਰ ਵਿਚ ਡੇਰਾ ਸਿਰਸਾ ਖ਼ਾਸ ਮਹੱਤਵ ਰੱਖਦਾ ਹੈ। ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਇਸ ਡੇਰਾ ਦੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਡੇਰੇ ਵੱਲੋਂ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਕ ਪਾਰਟੀ ਨੂੰ ਖੁੱਲ੍ਹੀ ਹਮਾਇਤ ਕਰਕੇ ਰਾਜਸੀ ਤਾਕਤ ਦਾ ਅਹਿਸਾਸ ਵੀ ਕਰਾਇਆ ਜਾ ਚੁੱਕਾ ਹੈ। ਉਸ ਤੋਂ ਬਾਅਦ ਹੋਈਆਂ ਚੋਣਾਂ ਦੌਰਾਨ ਇਹ ਡੇਰਾ ਬੇਸ਼ੱਕ ਰਾਜਸੀ ਤੌਰ ‘ਤੇ ਉਸ ਤਰ੍ਹਾਂ ਦਾ ਜਲਵਾ ਨਹੀਂ ਦਿਖਾ ਸਕਿਆ ਜਿਸ ਤਰ੍ਹਾਂ ਦਾ 2007 ਦੀਆਂ ਚੋਣਾਂ ਦੌਰਾਨ ਮੰਨਿਆ ਜਾਂਦਾ ਸੀ ਪਰ ਇਕ ਪਾਰਟੀ ਦੀ ਖੁੱਲ੍ਹੀ ਹਮਾਇਤ ਕਰਨ ਕਾਰਨ ਡੇਰਾ ਮੁਖੀ ਤੇ ਸ਼ਰਧਾਲੂਆਂ ਨੂੰ ਤਾਕਤਵਰ ਸਿਆਸੀ ਧਿਰ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ।
ਹਰਿਆਣਾ ਦੇ ਸਿਰਸਾ ਵਿਚ ਸਥਿਤ ਇਸ ਡੇਰੇ ਦਾ ਸੂਬੇ ਦੀਆਂ ਚਾਰ ਕੁ ਲੋਕ ਸਭਾ ਸੀਟਾਂ ‘ਤੇ ਪ੍ਰਭਾਵ ਮੰਨਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਈ ਫ਼ੈਸਲੇ ਇਸ ਡੇਰਿਆਂ ਨੂੰ ਖ਼ੁਸ਼ ਕਰਨ ਲਈ ਬੀਤੇ ਸਾਲਾਂ ਦੌਰਾਨ ਲਏ ਗਏ। ਇਨ੍ਹਾਂ ਫ਼ੈਸਲਿਆਂ ਵਿਚ ਡੇਰਾ ਰਾਧਾ ਸੁਆਮੀ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਤੋਂ ਟੈਕਸ ਹਟਾਉਣਾ ਸ਼ਾਮਲ ਹੈ। ਡੇਰਾ ਸੱਚ ਖੰਡ ਬੱਲਾਂ ਕੁਝ ਸਾਲ ਪਹਿਲਾਂ ਉਸ ਸਮੇਂ ਚਰਚਾ ਵਿਚ ਆਇਆ ਸੀ ਜਦੋਂ ਇਸ ਡੇਰੇ ਦੇ ਉਪ ਮੁਖੀ ਦੀ ਆਸਟਰੀਆ ਦੇ ਰਾਜਧਾਨੀ ਵੀਆਨਾ ਵਿਚ ਹੱਤਿਆ ਕਰ ਦਿੱਤੀ ਗਈ ਸੀ।
ਉਸ ਤੋਂ ਬਾਅਦ ਪੰਜਾਬ ਵਿਚ ਜਿਸ ਤਰ੍ਹਾਂ ਕਈ ਦਿਨਾਂ ਤੱਕ ਦੰਗੇ ਹੁੰਦੇ ਰਹੇ ਤੇ ਸਰਕਾਰੀਤੰਤਰ ਨਿਹੱਥਾ ਹੋ ਕੇ ਰਹਿ ਗਿਆ ਸੀ। ਉਸ ਤੋਂ ਬਾਅਦ ਇਸ ਡੇਰੇ ਦੀ ਮਹੱਤਤਾ ਆਂਕੀ ਗਈ। ਰਾਜਸੀ ਹਲਕਿਆਂ ਵਿਚ ਇਹ ਚਰਚਾ ਅਜੇ ਤੱਕ ਭਾਰੂ ਹੈ ਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਡੇਰੇ ਨੇ ਸਿੱਧੇ ਤੇ ਅਸਿੱਧੇ ਤੌਰ ‘ਤੇ ਸੁਬੇ ਦੀਆਂ ਹਾਕਮ ਧਿਰਾਂ ਨੂੰ ਦੁਆਬਾ ਖੇਤਰ ਵਿਚ ਜਿਤਾਉਣ ਲਈ ਵੱਡੀ ਭੂਮਿਕਾ ਨਿਭਾਈ ਹੈ।
ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਸ ਡੇਰੇ ਦੀ ਅਹਿਮੀਅਤ ਵੀ ਵਧ ਗਈ ਹੈ। ਇਹ ਡੇਰਾ ਦੋਆਬਾ ਵਿਚ ਸਥਿਤ ਹੈ। ਇਸ ਖਿੱਤੇ ਵਿਚ ਹੋਰ ਵੀ ਕਈ ਡੇਰੇ ਹਨ ਜੋ ਰਾਜਸੀ ਲੋਕਾਂ ਲਈ ਵੋਟਾਂ ਦਾ ਸਰੋਤ ਹਨ। ਨੂਰਮਹਿਲ ਦਾ ਡੇਰਾ ਵੀ ਪ੍ਰਮੁੱਖ ਹੈ। ਸਰਕਾਰ ਮੁਤਾਬਕ ਇਸ ਡੇਰੇ ਦੇ ਮੁਖੀ ਆਸ਼ੂਤੋਸ਼ ਦੀ ਮੌਤ ਹੋਇਆਂ ਕਾਫ਼ੀ ਸਮਾਂ ਹੋ ਗਿਆ ਹੈ। ਸਰਕਾਰ ਦੀ ਕੋਈ ਹਿੰਮਤ ਨਹੀਂ ਪਈ ਕਿ ਦਖ਼ਲ ਦੇਵੇ। ਇਸ ਡੇਰੇ ਦਾ ਵੀ ਸਿੱਖਾਂ ਨਾਲ ਅਕਸਰ ਟਕਰਾਅ ਰਿਹਾ ਹੈ। ਸਨਅਤੀ ਸ਼ਹਿਰ ਲੁਧਿਆਣਾ ਵਿਚ ਕੁਝ ਸਾਲ ਪਹਿਲਾਂ ਆਸ਼ੂਤੋਸ਼ ਦੇ ਸ਼ਰਧਾਲੂਆਂ ਤੇ ਸਿੱਖ ਜਥੇਬੰਦੀਆਂ ਦੇ ਵਰਕਰਾਂ ਦਰਮਿਆਨ ਹੋਏ ਟਕਰਾਅ ਦੌਰਾਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ।
ਪੰਜਾਬ ਦਾ ਇਕ ਹੋਰ ਡੇਰਾ ਬਹੁਤ ਜ਼ਿਆਦਾ ਚਰਚਾ ਵਿਚ ਰਿਹਾ ਹੈ। ਉਹ ਹੈ ਬਾਬਾ ਭਨਿਆਰਾ ਦਾ ਡੇਰਾ। ਕਿਸੇ ਸਮੇਂ ਇਸ ਬਾਬੇ ਦੀ ਸ਼ਰਨ ਵਿਚ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਵੱਡੇ ਆਗੂ ਚੌਕੀ ਭਰਦੇ ਸਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂੰਮਾ ਦੀ ਅਗਵਾਈ ਵਾਲੇ ਸੰਤ ਸਮਾਜ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੇ ਕਈ ਸਾਲਾਂ ਤੋਂ ਖੁੱਲ੍ਹਮ-ਖੁੱਲ੍ਹੀ ਹਮਾਇਤ ਕੀਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦਾ ਸੀæਆਈæਡੀ ਵਿੰਗ ਜੋ ਕਿ ਹਾਕਮ ਪਾਰਟੀ ਦੇ ਖ਼ੁਫ਼ੀਆ ਸਿਆਸੀ ਵਿੰਗ ਵਜੋਂ ਹੀ ਕੰਮ ਕਰਦਾ ਹੈ, ਵੱਲੋਂ ਡੇਰਿਆਂ ਦੀ ਵੋਟਰਾਂ ‘ਤੇ ਪਕੜ ਬਾਰੇ ਹਰ ਵਾਰੀ ਸਰਵੇਖਣ ਕਰਵਾਏ ਜਾਂਦੇ ਹਨ। ਸਾਲ 2009 ਦੀਆਂ ਚੋਣਾਂ ਤੋਂ ਪਹਿਲਾਂ ਤਾਂ ਖ਼ੁਫ਼ੀਆ ਵਿੰਗ ਵਿਚ ਤਾਇਨਾਤ ਤਤਕਾਲੀਨ ਅਧਿਕਾਰੀਆਂ ਨੇ ਪਿੰਡ ਪੱਧਰ ਤੱਕ ਡੇਰਿਆਂ ਦੇ ਪ੍ਰਭਾਵ ਦੀ ਸਮੀਖਿਆ ਕੀਤੀ ਤਾਂ ਜੋ ਹਾਕਮ ਪਾਰਟੀ ਨੂੰ ਵੋਟਰਾਂ ਤੱਕ ਪਹੁੰਚ ਕਰਨੀ ਸੁਖਾਲੀ ਹੋ ਜਾਵੇ।
Leave a Reply