ਚੰਡੀਗੜ੍ਹ: ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਮੈਦਾਨ ਵਿਚ 253 ਉਮੀਦਵਾਰ ਬਾਕੀ ਰਹਿ ਗਏ ਹਨ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਮੁਤਾਬਕ ਕਾਗਜ਼ਾਂ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਹੁਣ ਬਠਿੰਡਾ ਤੋਂ 29, ਫ਼ਰੀਦਕੋਟ ਤੋਂ 19, ਲੁਧਿਆਣਾ 22, ਹੁਸ਼ਿਆਰਪੁਰ 17, ਜਲੰਧਰ 24, ਅੰਮ੍ਰਿਤਸਰ 23, ਆਨੰਦਪੁਰ ਸਾਹਿਬ 18, ਖਡੂਰ ਸਾਹਿਬ 17, ਸੰਗਰੂਰ 21 ਤੇ ਪਟਿਆਲਾ ਤੋਂ 20 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਇਸ ਸਮੇਂ ਈæਵੀæਐਮæ ਵਿਚ 15 ਉਮੀਦਵਾਰਾਂ ਦੇ ਨਾਮ ਹੀ ਦਿੱਤੇ ਜਾਂਦੇ ਹਨ। ਈæਵੀæਐਮæ ‘ਤੇ 16ਵਾਂ ਬਟਨ ਉਮੀਦਵਾਰਾਂ ਨੂੰ ਰੱਦ ਕਰਨ (ਨੋਟਾ) ਵਾਲਾ ਹੁੰਦਾ ਹੈ। ਇਸ ਤਰ੍ਹਾਂ ਜਿਸ ਹਲਕੇ ਵਿਚ ਉਮੀਦਵਾਰਾਂ ਦੀ ਗਿਣਤੀ 15 ਤੋਂ ਵੱਧ ਗਈ ਹੈ, ਉਨ੍ਹਾਂ ਹਲਕਿਆਂ ਵਿਚਲੇ ਪੋਲਿੰਗ ਬੂਥਾਂ ‘ਤੇ ਦੋਹਰੀਆਂ ਈæਵੀæਐਮæ ਲਾਉਣੀਆਂ ਪੈਣਗੀਆਂ। ਪੰਜਾਬ ਵਿਚ ਇਸ ਸਮੇਂ 35 ਹਜ਼ਾਰ ਈæਵੀæਐਮæ ਹਨ। ਪੋਲਿੰਗ ਬੂਥਾਂ ‘ਤੇ ਜੇਕਰ ਇਕ ਮਸ਼ੀਨ ਲੱਗਦੀ ਤਾਂ ਇਨ੍ਹਾਂ ਨਾਲ ਹੀ ਵੋਟਾਂ ਪਵਾਈਆਂ ਜਾ ਸਕਦੀਆਂ ਸਨ। ਉਮੀਦਵਾਰ ਜ਼ਿਆਦਾ ਹੋਣ ਕਾਰਨ 35000 ਮਸ਼ੀਨਾਂ ਦੁਹਰੀਆਂ ਈæਵੀæਐਮæ ਵਾਲੇ ਹਲਕਿਆਂ ਵਿਚ ਹੀ ਲੱਗ ਸਕਣਗੀਆਂ। ਜਿਨ੍ਹਾਂ ਹਲਕਿਆਂ ਦੇ ਪੋਲਿੰਗ ਬੂਥਾਂ ‘ਤੇ ਇਕ ਮਸ਼ੀਨ ਲੱਗਣੀ ਹੈ, ਉਨ੍ਹਾਂ ਹਲਕਿਆਂ ਲਈ 6 ਹਜ਼ਾਰ ਮਸ਼ੀਨਾਂ ਨਵੀਆਂ ਮੰਗਵਾਈਆਂ ਜਾਣਗੀਆਂ। ਚੋਣ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਰਾਜਸੀ ਪਾਰਟੀਆਂ ਤੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕਈ ਹਲਕਿਆਂ ਵਿਚ ‘ਫਰਜ਼ੀ’ ਉਮੀਦਵਾਰ ਖੜ੍ਹੇ ਕੀਤੇ ਹਨ ਤਾਂ ਜੋ ਉਨ੍ਹਾਂ ਉਮੀਦਵਾਰਾਂ ਵੱਲੋਂ ਖ਼ਰਚ ਕੀਤੇ ਜਾਣ ਵਾਲੇ 70 ਲੱਖ ਰੁਪਏ ਨੂੰ ਆਪਣੇ ਖ਼ਰਚ ਵਿਚ ਦਿਖਾਇਆ ਜਾ ਸਕੇ। ‘ਫਰਜ਼ੀ’ ਜਾਂ ਡੰਮੀ ਉਮੀਦਵਾਰਾਂ ਦੇ ਥਾਂ ਵੋਟਾਂ ਵਾਲੇ ਦਿਨ ਤੇ ਗਿਣਤੀ ਵਾਲੇ ਦਿਨ ਜ਼ਿਆਦਾ ਗਿਣਤੀ ਵਿਚ ਏਜੰਟ ਭੇਜੇ ਜਾ ਸਕਣ। ਦੇਖਿਆ ਜਾਵੇ ਤਾਂ ਜਿਹੜੇ ਹਲਕੇ ਜ਼ਿਆਦਾ ਸੰਵੇਦਨਸ਼ੀਲ ਮੰਨੇ ਜਾਂਦੇ ਹਨ ਖਾਸ ਕਰਕੇ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਸੰਗਰੂਰ ਤੇ ਪਟਿਆਲਾ ਤੋਂ ਹੀ ਜ਼ਿਆਦਾ ਉਮੀਦਵਾਰ ਮੈਦਾਨ ਵਿਚ ਹਨ।
ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਵਿਰੋਧ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਾਬਕਾ ਸੰਸਦੀ ਸਕੱਤਰ ਸ਼ੀਤਲ ਸਿੰਘ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ। ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਜੋਗਿੰਦਰ ਸਿੰਘ ਦੇ ਵਿਰੋਧ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਡੈਨੀ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ।
______________________________________
30 ਸਾਲ ਤੋਂ ਘੱਟ ਉਮਰ ਦੇ 14 ਉਮੀਦਵਾਰ
ਚੰਡੀਗੜ੍ਹ: ਪੰਜਾਬ ਦੇ ਕੁੱਲ ਵੋਟਰਾਂ ਵਿਚੋਂ ਇਕ ਚੌਥਾਈ ਵੋਟਰ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹਨ ਪਰ ਸੂਬੇ ਵਿਚ ਲੋਕ ਸਭਾ ਚੋਣਾਂ ਲਈ ਮੈਦਾਨ ਵਿਚ ਨਿੱਤਰੇ 253 ਉਮੀਦਵਾਰਾਂ ਵਿਚੋਂ ਸਿਰਫ 14 ਉਮੀਦਵਾਰ ਹੀ 30 ਸਾਲ ਤੋਂ ਘੱਟ ਉਮਰ ਦੇ ਹਨ। ਚੋਣ ਕਮਿਸ਼ਨ ਦੀ ਸੂਚਨਾ ਮੁਤਾਬਕ ਸਭ ਤੋਂ ਘੱਟ ਉਮਰ ਦੇ ਮਨਦੀਪ ਸਿੰਘ ਤੇ ਆਸ਼ੀਸ਼ ਚੋਣ ਪਿੜ ਵਿਚ ਹਨ ਤੇ ਦੋਵੇਂ ਹੀ 25-25 ਸਾਲ ਦੇ ਹਨ। ਮਨਦੀਪ ਸਿੰਘ ਆਨੰਦਪੁਰ ਸਾਹਿਬ ਤੇ ਆਸ਼ੀਸ਼ ਬਠਿੰਡਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਦੀ ਜਲੰਧਰ ਹਲਕੇ ਤੋਂ ਉਮੀਦਵਾਰ ਜੋਤੀ ਮਾਨ ਸਿਰਫ 27 ਸਾਲ ਦੀ ਹੈ ਤੇ ਉਹ ਅਕਾਲੀ ਦਲ ਦੇ ਪਵਨ ਕੁਮਾਰ ਟੀਨੂ ਤੇ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੂੰ ਚੁਣੌਤੀ ਦੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਛੋਟੀ ਉਮਰ ਦਾ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ (39) ਹੈ ਜੋ ਕਾਂਗਰਸ ਦੇ ਛੋਟੀ ਉਮਰ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ (38) ਨਾਲ ਆਢਾ ਲੈ ਰਹੇ ਹਨ। ਦੋਵੇਂ ਉਮੀਦਵਾਰ ਲੁਧਿਆਣਾ ਹਲਕੇ ਤੋਂ ਇਕ ਦੂਜੇ ਨੂੰ ਟੱਕਰ ਦੇ ਰਹੇ ਹਨ। ਪੰਜਾਬ ਵਿਚ ਵੋਟਰਾਂ ਦੀ ਕੁੱਲ ਗਿਣਤੀ ਇਕ ਕਰੋੜ 95 ਲੱਖ ਹੈ ਜਿਸ ਵਿਚੋਂ 18 ਤੋਂ 19 ਸਾਲ ਦੇ ਵੋਟਰਾਂ ਦੀ ਗਿਣਤੀ 5 ਲੱਖ 76 ਹਜ਼ਾਰ ਤੇ 20 ਤੋਂ 29 ਸਾਲ ਦੇ ਵੋਟਰਾਂ ਦੀ ਗਿਣਤੀ 48 ਲੱਖ ਦੋ ਹਜ਼ਾਰ ਹੈ। ਖਡੂਰ ਸਾਹਿਬ ਹਲਕੇ ਵਿਚ 30 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਦੀ ਸਭ ਤੋਂ ਵੱਧ ਗਿਣਤੀ ਚਾਰ ਲੱਖ 59 ਹਜ਼ਾਰ ਹੈ।
Leave a Reply