ਕੁਲਵੰਤ ਸਿੰਘ ਵਿਰਕ ਪੰਜਾਬੀ ਦਾ ਉਹ ਕਹਾਣੀਕਾਰ ਹੈ ਜਿਸ ਦਾ ਨਿੱਕੀ ਕਹਾਣੀ ਵਿਚ ਆਪਣਾ ਹੀ ਵੱਖਰਾ ਅਤੇ ਨਿਵੇਕਲਾ ਸਥਾਨ ਹੈ। ਉਸ ਦੀ ਕਹਾਣੀ ‘ਖੱਬਲ’ ਹੋਵੇ ਜਾਂ ‘ਧਰਤੀ ਹੇਠਲਾ ਬਲਦ’ ਜਾਂ ਫਿਰ ‘ਦੋ ਆਨੇ ਦਾ ਘਾਹ’; ਜਿਸ ਕਿਸੇ ਵੀ ਸੰਵੇਦਨਸ਼ੀਲ ਪਾਠਕ ਨੇ ਪੜ੍ਹੀ ਹੈ, ਉਹ ਉਸ ਦੇ ਪ੍ਰਭਾਵ ਤੋਂ ਜ਼ਿੰਦਗੀ ਭਰ ਮੁਕਤ ਨਹੀਂ ਹੋ ਸਕਿਆ। ਕਹਾਣੀ ਸਹਿਜ ਭਾਅ ਚੱਲਦਿਆਂ ਅਖੀਰ ਵਿਚ ਅਜਿਹਾ ਸੁਨੇਹਾ ਦੇ ਜਾਂਦੀ ਹੈ, ਕਿ ਪਾਠਕ ਅਚੰਭੇ ਦੀ ਪਕੜ ਵਿਚ ਆ ਜਾਂਦਾ ਹੈ। ਗੁਰਬਚਨ ਸਿੰਘ ਭੁੱਲਰ ਖੁਦ ਵਧੀਆ ਕਹਾਣੀਕਾਰ ਹਨ ਅਤੇ ਆਪਣੀ ਇਸ ਲੇਖ ਲੜੀ ਵਿਚ ਉਨ੍ਹਾਂ ਖੁਲਾਸਾ ਕੀਤਾ ਹੈ ਕਿ ਕਿੰਜ ਉਨ੍ਹਾਂ ਕਹਾਣੀ ਵਿਰਕ ਦੀ ਉਂਗਲ ਫੜ ਕੇ ਲਿਖਣੀ ਸ਼ੁਰੂ ਕੀਤੀ। ਇਹ ਲੇਖ ਇਕ ਤਰ੍ਹਾਂ ਨਾਲ ਪੰਜਾਬੀ ਕਹਾਣੀ ਦੀ ਮੜ੍ਹਕ-ਚਾਲ ਦਾ ਦਸਤਾਵੇਜ਼ ਹੀ ਹੋ ਨਿਬੜਿਆ ਹੈ।-ਸੰਪਾਦਕ
ਗੁਰਬਚਨ ਸਿੰਘ ਭੁੱਲਰ
ਕੁਲਵੰਤ ਸਿੰਘ ਵਿਰਕ ਨੂੰ ਮੈਂ ਪੱਗ ਅਤੇ ਗਿਆਰਾਂ ਰੁਪਈਏ ਦੇ ਕੇ ਗੁਰੂ ਤਾਂ ਨਹੀਂ ਸੀ ਧਾਰਿਆ, ਪਰ ਉਹਤੋਂ ਮੈਂ ਸਿੱਖਿਆ ਬਹੁਤ ਕੁਝ। ਕਿਹਾ ਜਾ ਸਕਦਾ ਹੈ ਕਿ ਉਹ ਮੇਰਾ ਅਣਧਾਰਿਆ ਗੁਰੂ ਸੀ।
ਪਤਾ ਨਹੀਂ, ਸ਼ਾਇਦ ਹੋਰ ਭਾਸ਼ਾਵਾਂ ਵਿਚ ਵੀ ਹੋਵੇ, ਪਰ ਪੰਜਾਬੀ ਵਿਚ ਤਾਂ ਇਹ ਆਮ ਰਿਵਾਜ ਹੈ ਕਿ ਜਦੋਂ ਕਿਸੇ ਲੇਖਕ ਤੋਂ, ਸਾਧਾਰਨ ਅਤੇ ਛੋਟੇ ਲੇਖਕ ਤੋਂ ਵੀ ਪੁੱਛਿਆ ਜਾਵੇ ਕਿ ਉਹਦੀ ਪ੍ਰੇਰਨਾ ਦਾ ਸੋਮਾ ਕੌਣ ਬਣੇ, ਤਾਂ ਉਹ ਰੂਸ ਦੇ ਗੋਰਕੀ ਅਤੇ ਚੈਖ਼ਵ ਤੋਂ ਸ਼ੁਰੂ ਕਰ ਕੇ ਇੰਗਲੈਂਡ ਤੇ ਅਮਰੀਕਾ ਦੇ ਅਤੇ ਬਹੁਤ ਦਲੇਰ ਹੋਣ ਦੀ ਸੂਰਤ ਵਿਚ ਜਰਮਨੀ, ਫ਼ਰਾਂਸ ਤੇ ਸਪੇਨ ਦੇ ਲੇਖਕਾਂ ਦੀ ਸੂਚੀ ਦੇ ਦਿੰਦਾ ਹੈ। ਸੱਚ ਦੱਸਾਂ, ਮੈਨੂੰ ਮੁੱਢਲੀ ਸਾਹਿਤਕ ਪ੍ਰੇਰਨਾ ਪੰਜਾਬੀ ਵਿਚੋਂ ਹੀ ਮਿਲੀ। ਸਾਡੇ ਪਿੰਡਾਂ ਵਿਚ ਪੰਜਾਬੀ ਸਾਹਿਤ ਹੀ ਦੁਰਲੱਭ ਸੀ, ਹੋਰ ਭਾਸ਼ਾਵਾਂ ਦਾ ਸਾਹਿਤ ਤਾਂ ਬਹੁਤ ਦੂਰ ਦੀ ਗੱਲ ਸੀ। ਤੇ ਜਿਨ੍ਹਾਂ ਲੇਖਕਾਂ ਦੀਆਂ ਲਿਖਤਾਂ ਨੇ ਮੈਨੂੰ ਟੁੰਬਿਆ, ਉਨ੍ਹਾਂ ਵਿਚ ਵਿਰਕ ਯਕੀਨਨ ਸ਼ਾਮਲ ਸੀ।
ਵਿਰਕ ਦੀ ਕਹਾਣੀ ਪੜ੍ਹ ਕੇ ਇਉਂ ਲਗਦਾ ਸੀ ਜਿਵੇਂ ਸਰ੍ਹੋਂ ਦੇ ਖਿੜੇ ਹੋਏ ਖੇਤ ਵਿਚੋਂ ਦੀ ਲੰਘ ਕੇ ਆਏ ਹੋਈਏ। ਟਹਿਕਿਆ ਰੰਗ ਚਿਰਾਂ ਤੱਕ ਅੱਖਾਂ ਵਿਚ ਵਸਿਆ ਰਹਿੰਦਾ ਅਤੇ ਮਹਿਕਿਆ ਮਾਹੌਲ ਚਿਰਾਂ ਤੱਕ ਆਲੇ-ਦੁਆਲੇ ਬਣਿਆ ਰਹਿੰਦਾ। ਉਹਦੀਆਂ ਕਹਾਣੀਆਂ ਇਸ ਲਈ ਵੀ ਚੰਗੀਆਂ ਲਗਦੀਆਂ ਕਿ ਉਨ੍ਹਾਂ ਦੀਆਂ ਜੜਾਂ ਸੱਚ ਦੀ ਧਰਤੀ ਵਿਚ ਹੁੰਦੀਆਂ ਸਨ। ਉਹਦਾ ਕਹਿਣਾ ਸੀ, “ਜਿਸ ਗੱਲ ਦੀ ਮੇਰਾ ਦਿਲ ਸਾਖੀ ਨਾ ਭਰੇ, ਉਹ ਮੈਂ ਲਿਖਣ ਤੋਂ ਸੰਕੋਚ ਕਰਦਾ ਹਾਂ!” ਤੇ ਉਹ ਇਸ ਲਈ ਵੀ ਚੰਗੀਆਂ ਲਗਦੀਆਂ ਸਨ ਕਿ ਭੇਡ-ਚਾਲ ਉਸ ਉਤੇ ਕੋਈ ਅਸਰ ਨਹੀਂ ਸੀ ਪਾਉਂਦੀ। ਜਦੋਂ ਪੰਜਾਬੀ ਦੇ ਕੁਝ ਕਵੀ ਅਤੇ ਕਹਾਣੀਕਾਰ ਅਖੌਤੀ ਏਲੀਨੇਸ਼ਨ ਦਾ ਝੰਡਾ ਚੁੱਕ ਕੇ ਅਕਵੀ ਅਤੇ ਅਕਹਾਣੀਕਾਰ ਹੋਣ ਦਾ ਢੋਲ ਵਜਾ ਰਹੇ ਸਨ, ਵਿਰਕ ਨੇ ਆਪਣੇ ਸੁਭਾਵਿਕ ਸਹਿਜ ਨਾਲ ਉਨ੍ਹਾਂ ਲੋਕਾਂ ਨੂੰ ਸਵਾਲ ਕੀਤਾ: ਜਦੋਂ ਆਪਣੇ ਹੱਥੀਂ ਬੀਜੀਆਂ ਫਸਲਾਂ ਚੁਫੇਰੇ ਲਹਿੰਬਰੀਆਂ ਹੋਈਆਂ ਹੋਣ, ਰੁੱਖਾਂ ਨੂੰ ਫਲ ਲੱਗ ਰਿਹਾ ਹੋਵੇ, ਮੱਝਾਂ-ਗਾਂਵਾਂ ਸੂ ਰਹੀਆਂ ਹੋਣ, ਜਵਾਕ ਪਲ ਕੇ ਗੱਭਰੂ ਹੋ ਰਹੇ ਹੋਣ, ਸੱਖਣੇ ਹੱਥੀਂ ਅਜਿਹੇ ਕੌਤਕ ਵਰਤਾਉਣ ਵਾਲੇ ਬੰਦੇ ਦੇ ਜੀਵਨ ਵਿਚ ਇਕੱਲ ਜਾਂ ਨਿਰਾਰਥਕਤਾ ਲਈ ਥਾਂ ਕਿਥੇ?
ਉਹਨੇ ਕੇਵਲ ਕਹਾਣੀਆਂ ਹੀ ਲਿਖੀਆਂ। ਤੇ ਉਹਦੀਆਂ ਕਹਾਣੀਆਂ ਨੇ ਉਹਨੂੰ ਗਿਣਵੇਂ ਲੇਖਕਾਂ ਵਿਚ ਹੀ ਖੜ੍ਹਾ ਨਹੀਂ ਕੀਤਾ ਸਗੋਂ ਪੰਜਾਬੀ ਦੇ ਕੰਮ-ਸਾਰੂ ਆਲੋਚਕਾਂ ਦੇ ਸੈਂਚਿਆਂ ਵਿਚ ਪੈਣੋਂ ਇਨਕਾਰੀ ਹੋ ਕੇ ਉਨ੍ਹਾਂ ਨੂੰ ਆਪਣੇ ਸੈਂਚਿਆਂ ਬਾਰੇ ਨਵੇਂ ਸਿਰਿਉਂ ਸੋਚਣ ਲਈ ਵੀ ਮਜਬੂਰ ਕੀਤਾ। ਅਸਲ ਵਿਚ ਤਾਂ ਉਹਦੀਆਂ ਕਹਾਣੀਆਂ ਦੀਆਂ ਬਾਰੀਕੀਆਂ ਦੀ ਕਿਸੇ ਆਲੋਚਕ ਨੇ ਥਾਹ ਪਾਉਣ ਦਾ ਜਤਨ ਹੀ ਨਹੀਂ ਕੀਤਾ। ਸ਼ਾਇਦ ਉਹ ਆਪਣੀਆਂ ਸੀਮਾਵਾਂ ਤੋਂ ਡਰਦੇ ਹਨ। ਪਰ ਪਾਠਕਾਂ ਸਦਕਾ ਪੰਜਾਬੀ ਕਹਾਣੀ ਵਿਚ, ਸਗੋਂ ਸਮੁੱਚੇ ਪੰਜਾਬੀ ਸਾਹਿਤ ਵਿਚ ਮਿਲੇ ਇਕ ਪ੍ਰਮੁੱਖ ਸਥਾਨ ਉਤੇ ਖਲੋ ਕੇ ਵੀ ਉਹਦੀ ਨਿਮਰਤਾ ਬੋਲਦੀ ਸੀ, “ਮੈਨੂੰ ਸਾਹਿਤ ਵਿਚ ਅਯੋਗ ਆਦਰ ਮਿਲੇ ਹੋਣ ਦਾ ਵੀ ਕੁਝ ਅਹਿਸਾਸ ਹੈ।”
ਉਹ ਕਹਿੰਦਾ ਹੈ, “ਜਦੋਂ ਲਿਖਣ ਲਈ ਮੈਨੂੰ ਕੋਈ ਠੀਕ ਸ਼ਬਦ ਨਾ ਲਭਦੇ ਤਾਂ ਮੈਂ ਇਹ ਚਿਤਾਰਦਾ ਕਿ ਮੇਰੇ ਪਿਤਾ ਇਸ ਗੱਲ ਨੂੰ ਕਿਨ੍ਹਾਂ ਸ਼ਬਦਾਂ ਵਿਚ ਕਹਿੰਦੇ। ਤੇ ਮੇਰਾ ਕਸ਼ਟ ਮੁੱਕ ਜਾਂਦਾ। ਨਿਰੱਖਰ ਹੋਣ ਕਰਕੇ ਉਨ੍ਹਾਂ ਦੀ ਬੋਲੀ ਉਤੇ ਕੋਈ ਬਾਹਰਲਾ ਅਸਰ ਨਹੀਂ ਸੀ। ਔਖੇ ਤੋਂ ਔਖਾ ਖਿਆਲ ਵੀ ਉਨ੍ਹਾਂ ਨੇ ਪੇਂਡੂ ਪੰਜਾਬੀ ਵਿਚ ਹੀ ਨਿਭਾਉਣਾ ਹੁੰਦਾ।” ਸਾਖਰ ਵਿਰਕ ਨੇ ਬੋਲੀ ਉਤੇ ਕੋਈ ਬਾਹਰਲਾ ਅਸਰ ਨਾ ਪੈਣ ਦੇਣ ਅਤੇ ਔਖੇ ਤੋਂ ਔਖਾ ਖਿਆਲ ਵੀ ਸਰਲ ਪੰਜਾਬੀ ਵਿਚ ਨਿਭਾਉਣ ਦੇ ਪਿਤਾ-ਪੁਰਖੀ ਗੁਣ ਖ਼ੂਬ ਉਜਾਗਰ ਕੀਤੇ।
ਉਹ ਨਿੱਤ-ਵਰਤੋਂ ਦੇ, ਦੇਖਣ ਵਿਚ ਸਰਲ-ਸਾਧਾਰਨ ਸ਼ਬਦ ਬੀੜ ਕੇ ਛੋਟੇ-ਛੋਟੇ ਵਾਕ ਬਣਾਉਂਦਾ ਅਤੇ ਉਨ੍ਹਾਂ ਵਾਕਾਂ ਤੋਂ ਛੋਟੀਆਂ-ਛੋਟੀਆਂ ਕਹਾਣੀਆਂ। ਪਰ ਉਹਦੇ ਇਕ-ਇਕ ਸ਼ਬਦ, ਇਕ-ਇਕ ਵਾਕ ਦੀ ਮਹੱਤਤਾ ਦਾ ਪਤਾ ਉਦੋਂ ਲਗਦਾ ਜਦੋਂ ਉਹਨੂੰ ਕੱਢਣ ਨਾਲ, ਕੰਧ ਵਿਚੋਂ ਕੱਢੀ ਇੱਟ ਵਾਂਗ, ਬੋੜ ਪੈ ਜਾਂਦਾ। ਆਪਣੀ ਸਹਿਜ-ਸੁਭਾਵਿਕਤਾ ਵਿਚੋਂ ਉਹ ਕੇਹਾ ਜਾਦੂ ਪੈਦਾ ਕਰਦਾ ਸੀ, ਇਹ ਉਹਦੀਆਂ ਕਹਾਣੀਆਂ ਪੜ੍ਹ ਕੇ ਹੀ ਜਾਣਿਆ ਜਾ ਸਕਦਾ ਹੈ। ਉਹਦਾ ਇਕ ਪਾਤਰ ਇਕੋ ਵਾਰ ਦੇ ਦੀਦਾਰ ਦੇ ਜਾਦੂ-ਅਸਰ ਦਾ ਜ਼ਿਕਰ ਇਉਂ ਕਰਦਾ ਹੈ, “ਮੈਥੋਂ ਆਪਣਾ ਆਪ ਹੀ ਖੁੱਸ ਗਿਆ ਸੀ।æææਮੈਂ ਉਸ ਕੁੜੀ ਵੱਲ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ ਸੀ। ਜੇ ਮੈਨੂੰ ਤਸਵੀਰਾਂ ਬਣਾਉਣੀਆਂ ਆਉਂਦੀਆਂ ਵੀ ਹੁੰਦੀਆਂ ਤਾਂ ਉਸ ਦੀ ਮਾੜੀ-ਮੋਟੀ ਤਸਵੀਰ ਵੀ ਨਹੀਂ ਬਣਾ ਸਕਦਾ ਸਾਂ। ਕਿਸੇ ਭੀੜ ਵਿਚ ਉਸ ਨੂੰ ਪੱਕੀ ਤਰ੍ਹਾਂ ਪਛਾਣ ਵੀ ਨਾ ਸਕਦਾ। ਐਵੇਂ ਝਾਉਲਾ ਜਿਹਾ ਸੀ। ਕਿਸੇ ਹੋਰ ਨੂੰ ਵੇਖ ਕੇ ਬਸ ਏਨਾ ਕਹਿ ਸਕਦਾ ਸਾਂ ਕਿ ਇਹ ਉਹ ਨਹੀਂ ਹੈ!” ਜਾਂ ਫੇਰ ਹਾਲਾਤ ਦੇ ਮਧੋਲੇ ਹੋਏ ਇਕ ਪਾਤਰ ਦੀ ਪੇਸ਼ਕਾਰੀ, “ਜੇ ਉਸ ਨੂੰ ਅਜੇ ਵੀ ਮਨੁੱਖ ਕਿਹਾ ਜਾ ਸਕਦਾ ਸੀ ਤਾਂ ਉਹ ਮਨੁੱਖਤਾ ਦਾ ਬੜਾ ਮਿੱਧਿਆ ਹੋਇਆ ਨਮੂਨਾ ਸੀ।æææਉਸ ਦੇ ਮੱਥੇ, ਬੁੱਲ੍ਹ, ਧੌਣ, ਕੱਪੜੇ, ਪੈਰ ਸਾਰਿਆਂ ਉਤੇ ਜਿਵੇਂ ਇਕ ਸਾਂਝਾ ਸੁਹਾਗਾ ਵੱਜ ਗਿਆ ਹੋਇਆ ਸੀ।æææਉਸ ਨੂੰ ਤਾਂ ਸ਼ਾਇਦ ਇਹ ਵੀ ਪਤਾ ਨਹੀਂ ਸੀ ਕਿ ਉਹ ਕੁਮਲਾ ਗਿਆ ਹੈ।”
ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਉਹ ਦੌਰ ਸਾਹਿਤ-ਸਭਾਵਾਂ ਅਤੇ ਸਾਹਿਤਕ ਕਾਨਫਰੰਸਾਂ ਦਾ ਸੀ। ਵਿਰਕ ਨੂੰ ਮੈਂ ਅਜਿਹੇ ਥਾਂਈਂ ਜ਼ਰੂਰ ਦੇਖਿਆ ਹੋਵੇਗਾ, ਸਤਿ ਸ੍ਰੀ ਅਕਾਲ ਵੀ ਸਾਂਝੀ ਹੁੰਦੀ ਰਹੀ ਹੋਵੇਗੀ, ਪਰ ਕੋਈ ਜ਼ਿਕਰਯੋਗ ਗੱਲ ਮੇਰੇ ਯਾਦ ਨਹੀਂ। ਅਸਲ ਵਿਚ ਤਾਂ ਮੈਂ ਪਹਿਲੀ ਵਾਰ ਉਹਨੂੰ ਕੋਈ ਪੰਤਾਲੀ ਵਰ੍ਹੇ ਪਹਿਲਾਂ ਦਿੱਲੀ ਵਿਚ ਹੀ ਮਿਲਿਆ।
ਮੇਰਾ ਦਫ਼ਤਰ, ਸੋਵੀਅਤ ਸੂਚਨਾ ਵਿਭਾਗ, ਕਨਾਟ ਪਲੇਸ ਦੀ ਪੂਰਬ-ਦੱਖਣੀ ਗੁੱਠ ਵਿਚ ਸੀ ਅਤੇ ਮੈਨੂੰ ਪਤਾ ਲੱਗਿਆ ਕਿ ਉਤਰ-ਪੱਛਮੀ ਗੁੱਠ ਵਿਚ ਸਥਿਤ ਭਾਰਤ ਸਰਕਾਰ ਦੇ ਸੂਚਨਾ ਵਿਭਾਗ ਵਿਚ ਵਿਰਕ ਬੈਠਦਾ ਹੈ। ਇਕ ਦਿਨ ਮੈਂ ਦਫ਼ਤਰੋਂ ਉਠ ਕੇ ਉਹਨੂੰ ਮਿਲਣ ਚਲਿਆ ਗਿਆ। ਇਹ ਗੱਲ ਤਾਂ ਪ੍ਰਤੱਖ ਹੀ ਹੈ ਕਿ ਅਜਿਹੀ ਮੁਲਾਕਾਤ ਬਹੁਤ ਲੰਮੀ ਨਹੀਂ ਸੀ ਹੋ ਸਕਦੀ। ਇਹ ਇਕ ਨਵੇਂ ਲੇਖਕ ਦੀ ਇਕ ਸਥਾਪਤ ਅਤੇ ਉਹ ਵੀ ਘੱਟ-ਬੋਲੜੇ ਲੇਖਕ ਨਾਲ ਮਿਲਣੀ ਸੀ। ਇਹ ਮੇਰੇ ਵੱਲੋਂ ਸ਼ਰਧਾ ਦਾ ਪ੍ਰਗਟਾਵਾ ਸੀ ਅਤੇ ਉਸ ਵੱਲੋਂ ਥਾਪੀ ਦਿੱਤੇ ਜਾਣਾ। ਪਰ ਜ਼ਿਕਰਯੋਗ ਗੱਲ ਇਹ ਹੈ ਕਿ ਉਸ ਪਹਿਲੀ, ਜੋ ਆਮ ਨਜ਼ਰ ਨਾਲ ਦੇਖਿਆਂ ਮਹੱਤਵਹੀਣ ਸਮਝੀ ਜਾ ਸਕਦੀ ਹੈ, ਮੁਲਾਕਾਤ ਵਿਚ ਮੈਨੂੰ ਦੋ ਵਡਮੁੱਲੇ ਚੱਜ ਹੱਥ ਲੱਗੇ-ਇਕ ਆਮ ਜੀਵਨ-ਜਾਚ ਸਬੰਧੀ ਅਤੇ ਦੂਜਾ ਸਾਹਿਤ ਸਬੰਧੀ।
ਗੱਲ ਇਹ ਹੋਈ ਕਿ ਸਾਡੀ ਗੱਲਬਾਤ ਵਿਚਕਾਰ ਵਿਰਕ ਨੂੰ ਫੋਨ ਆ ਜਾਂਦਾ ਸੀ-ਵੱਡਾ ਅਫ਼ਸਰ ਜੋ ਹੋਇਆ। ਉਹ ਚੌਂਗਾ ਚੁੱਕ ਕੇ ਹੌਲੇ ਜਿਹੇ ਆਖਦਾ, “ਮੈਂ ਵਿਰਕ ਬੋਲਨਾਂ।” ਫੇਰ ਅਗਲੇ ਨਾਲ ਗੱਲਬਾਤ ਕਰਦਿਆਂ ਉਹ ਕੇਵਲ ਇਉਂ ਬੋਲਦਾ, “ਹੂੰæææਹਾਂæææਅੱਛਾæææਠੀਕ ਐæææ” ਅਤੇ ਫੋਨ ਰੱਖ ਦਿੰਦਾ। ਅਜਿਹਾ ਕਈ ਵਾਰ ਹੋਇਆ। ਇਕ ਵਾਰ ਫੋਨ ਸੁਣਨ ਤੋਂ ਮਗਰੋਂ ਉਹ ਖਿਮਾ-ਯਾਚਕ ਜਿਹੇ ਢੰਗ ਨਾਲ ਬੋਲਿਆ, “ਲੋਕ ਲੰਮਾ ਸਮਾਂ ਪਤਾ ਨਹੀਂ ਕਿਵੇਂ ਤੇ ਕੀ ਗੱਲਾਂ ਕਰਦੇ ਰਹਿੰਦੇ ਨੇ, ਮੈਥੋਂ ਨਹੀਂ ਹੁੰਦੀਆਂ। ਕੰਮ ਦੀ ਗੱਲ ਕੀਤੀ ਤੇ ਬੱਸ।” ਫੇਰ ਉਹ ਦੋ ਕੁ ਪਲ ਰੁਕ ਕੇ ਬੋਲਿਆ, “ਮੈਥੋਂ ਕਹਾਣੀ ਵਿਚ ਵੀ ਵਾਧੂ ਗੱਲ ਨਹੀਂ ਕੀਤੀ ਜਾਂਦੀ। ਕਰਨੀ ਵੀ ਨਹੀਂ ਚਾਹੀਦੀ। ਮੈਂ ਤੇਰੀਆਂ ਕੁਝ ਕਹਾਣੀਆਂ ਪੜ੍ਹੀਆਂ ਨੇ, ਠੀਕ ਗੱਠਵੀਆਂ ਹੁੰਦੀਆਂ ਨੇ। ਕਹਾਣੀ ਵਿਚ ਵਾਧੂ ਗੱਲ ਨਹੀਂ ਹੋਣੀ ਚਾਹੀਦੀ।”
ਇਸ ਮੁਲਾਕਾਤ ਪਿਛੋਂ ਬੀਤੇ ਵਰ੍ਹਿਆਂ ਵਿਚ ਮੈਂ ਜਦੋਂ ਵੀ ਕਦੀ ਕਿਸੇ ਨੂੰ ਫੋਨ ਕੀਤਾ ਹੈ ਜਾਂ ਕਿਸੇ ਦਾ ਫੋਨ ਸੁਣਿਆ ਹੈ, ਮੇਰਾ ਪਹਿਲਾ ਵਾਕ ਇਹੋ ਹੁੰਦਾ ਹੈ, “ਮੈਂ ਭੁੱਲਰ ਬੋਲਦਾਂ।” ਕਈ ਵਾਰ ਅਜਿਹੇ ਫੋਨ ਵੀ ਆਉਂਦੇ ਹਨ ਕਿ ਅਗਲਾ ਪਹਿਲੀ ਗੱਲ ਹੀ ਇਹ ਕਰਦਾ ਹੈ, “ਮੈਨੂੰ ਪਛਾਣਿਆ?” ਅਜਿਹੇ ਮੌਕੇ ਉਤੇ “ਕੀ ਹਾਲ ਹੈ? ਕਿਥੋਂ ਬੋਲ ਰਹੇ ਹੋ? ਫੋਨ ਕਿਵੇਂ ਕੀਤਾ?” ਆਦਿ ਸਵਾਲ ਕਰ ਕੇ ਜਤਨ ਕਰੀਦਾ ਹੈ ਕਿ ਅਗਲੇ ਦੀ ਪੈੜ ਕੱਢੀ ਜਾਵੇ। ਪਰ ਅਗਲੇ ਨੇ ਵੀ ਕੋਈ ਸੰਕੇਤ ਨਾ ਦੇਣ ਦੀ ਪੱਕੀ ਧਾਰੀ ਹੋਈ ਹੁੰਦੀ ਹੈ? “ਭਲਾ ਮੈਂ ਕੌਣ ਬੋਲਦਾਂæææਹੱਦ ਹੋ ਗਈ, ਹੁਣ ਤੂੰ ਪਛਾਣਦਾ ਹੀ ਨਹੀਂæææਆਹੋ ਭਾਈ ਦਿੱਲੀ ਵਾਲੇ ਕਾਹਨੂੰ ਪਛਾਣਦੇ ਨੇæææਲਿਖਦੇ ਤਾਂ, ਭਾਈ, ਅਸੀਂ ਵੀ ਥੋਡੇ ਬਰਾਬਰ ਦੇ ਹੀ ਆਂ, ਪਰ ਤੁਸੀਂ ਦਿੱਲੀ ਰਹਿੰਦੇ ਹੋæææ।” ਆਖ਼ਰ ਹਾਰ ਮੰਨ ਲਈਦੀ ਹੈ ਤਾਂ ਉਹ ਦਸਦਾ ਹੈ, “ਮੈਂ ਬਹਾਦਰ ਸਿੰਘ ਭਾਂਬੜæææਚੌਦਾਂ-ਪੰਦਰਾਂ ਸਾਲ ਹੋਏ, ਛੀਂਟਾਂਵਾਲੇ ਇਕ ਸਾਹਿਤਕ ਸਮਾਗਮ ਹੋਇਆ ਸੀ, ਉਥੇ ਮੈਂ ਆਬਦੀ ਪੁਸਤਕ Ḕਪੰਜੀਰੀ ਦਾ ਪੀਪਾḔ ਤੈਨੂੰ ਦਿੱਤੀ ਸੀ। ਅਮਕਾ ਲੇਖਕ ਵੀ ਕੋਲ ਖਲੋਤਾ ਸੀ।” ਅਜਿਹੇ ਮੌਕੇ ਬਹੁਤ ਖਿਝ ਚੜ੍ਹਦੀ ਹੈ ਅਤੇ ਦਿਲ ਕਰਦਾ ਹੈ ਕਿ ਫੋਨ ਕਰਨ ਅਤੇ ਸੁਣਨ ਦੀ ਜਾਚ ਸਿੱਖਣ ਲਈ ਅਗਲੇ ਨੂੰ ਧੌਣੋਂ ਫੜ ਕੇ ਵਿਰਕ ਦੀ ਗੱਲ ਸੁਣਾਵਾਂ।
ਭਾਵੇਂ ਵਿਰਕ ਨਾਲ ਇਸ ਮੁਲਾਕਾਤ ਤੋਂ ਪਹਿਲਾਂ ਦੀਆਂ ਮੇਰੀਆਂ ਕਹਾਣੀਆਂ ਵਿਚ ਵੀ, ਮੇਰੀ ਜਾਂਚੇ, ਕੁਝ ਵਾਧੂ ਨਹੀਂ ਸੀ, ਪਰ ਇਸ ਪਿਛੋਂ ਮੈਂ ਕਹਾਣੀ ਦੇ ਗੱਠਵੀਂ ਹੋਣ ਵੱਲ ਹੋਰ ਵੀ ਬਹੁਤਾ ਧਿਆਨ ਦੇਣ ਲੱਗ ਪਿਆ। ਵਿਰਕ ਦੀ ਸਿੱਖਿਆ ਨੇ ਮੇਰੀ ਇਸ ਸਾਹਿਤਕ ਜਾਚ ਨੂੰ ਪਕੇਰਾ ਕੀਤਾ।
Leave a Reply