ਆਮ ਆਦਮੀ ਦੀ ਜੈ-ਜੈਕਾਰ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਪਾਰਕ ਵਿਚ ਬਾਬਿਆਂ ਦੀ ਢਾਣੀ ਜੁੜੀ ਹੋਈ ਸੀ। ਮੈਂ ਵੀ ਕਾਰ ਪਾਰਕਿੰਗ ਵਿਚ ਲਾ ਦਿੱਤੀ। ਕਈ ਬਾਬੇ ਮੈਨੂੰ ਜਾਣਦੇ ਸਨ, ਤੇ ਕਈਆਂ ਨੂੰ ਮੈਂ ਜਾਣਦਾ ਸਾਂ। ਮਿੰਟ ਕੁ ਦੀ ਚੁੱਪ ਬਾਅਦ ਬਾਬਿਆਂ ਨੇ ਗੱਲਾਂ ਦੀ ਕੀਲੀ ਫਿਰ ਦੱਬ ਲਈ।
“ਪੰਜਾਬ ਨੂੰ ਤਾਂ ਵੋਟਾਂ ਨੇ ਈ ਮਾਰ ਛੱਡਿਐ।” ਇਕ ਬਾਬਾ ਬੋਲਿਆ।
“ਨਿਆਣਾ ਜੰਮਣ ਤੋਂ ਪਹਿਲਾਂ ਵੋਟਾਂ ਆ ਜਾਂਦੀਆਂ। ਕਦੇ ਸਰਪੰਚੀ ਦੀਆਂ, ਕਦੀ ਨਗਰ ਨਿਗਮ, ਕਦੀ ਵਿਧਾਨ ਸਭਾ ਤੇ ਕਦੇ ਲੋਕ ਸਭਾ ਦੀਆਂ।” ਦੂਜਾ ਬਾਬਾ ਕਿਹੜਾ ਘੱਟ ਸੀ।
“ਬਾਬਾ ਨਿਆਣਾ ਜੰਮਣ ਦਾ ਕੀ ਮਤਲਬ?” ਮੈਂ ਵੀ ਹਾਜ਼ਰੀ ਲਵਾਈ।
“ਸ਼ੇਰਾ! ਤੀਵੀਂ ਨਿਆਣਾ ਜੰਮਣ ਲਈ ਨੌਂ ਮਹੀਨੇ ਦਾ ਸਮਾਂ ਲਾਉਂਦੀ ਐ, ਤੇ ਵੋਟਾਂ ਆ ਜਾਂਦੀਆਂ ਸੱਤੀਂ ਮਹੀਨੀਂ।” ਬਾਬੇ ਦਾ ਜਵਾਬ ਸੀ।
“ਬਾਬਾ ਜੀ! ਤੁਹਾਨੂੰ ਕਿਵੇਂ ਲੱਗਦੈ, ਅਕਾਲੀ ਫਿਰ ਬਾਜ਼ੀ ਮਾਰ ਜਾਣਗੇ ਕਿ ਨਹੀਂ।” ਮੈਂ ਬਾਬੇ ਨੂੰ ਪੁੱਛਿਆ।
“ਸ਼ੇਰਾ! ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ, ਤੇ ਮਾੜੇ ਦਾ ਸੌ ਬਣਦਾ ਹੀ ਨਹੀਂ। ਸਿਆਸਤ ਬੜੀ ਭੈੜੀ ਖੇਡ ਹੈ। ਕੋਈ ਪਤਾ ਨਹੀਂ ਲੋਕਾਂ ਨੇ ਕਿੱਧਰ ਨੂੰ ਹੋ ਜਾਣਾ। ਕੁੜ-ਕੁੜ ਕਿਤੇ, ਤੇ ਆਂਡਾ ਕਿਤੇ।” ਬਾਬੇ ਨੇ ਕਹਾਣਾ ਪਾਇਆ।
“ਐਤਕੀਂ ਲੋਕ ਜਾਗਰੂਕ ਹੋਏ ਪਏ ਨੇ। ਅਕਾਲੀਆਂ ਲਈ ਬਾਜ਼ੀ ਮਾਰਨੀ ਸੁਖਾਲੀ ਨਹੀਂ।” ਸਾਬਕਾ ਫੌਜੀ ਬੋਲਿਆ।
“ਅਕਾਲੀਆਂ ਨੇ ਤਾਂ ਵਿਕਾਸ ਦੇ ਸਿਰ ‘ਤੇ ਜਿੱਤਣਾ ਜੋ ਉਨ੍ਹਾਂ ਸੱਤਾਂ ਸਾਲਾਂ ਵਿਚ ਕੀਤਾ ਹੈ।” ਮੈਂ ਜਾਣ-ਬੁੱਝ ਕੇ ਬਾਬਿਆਂ ਨੂੰ ਛੇੜਿਆ।
“ਉਹ ਭਾਈ! ਤੂੰ ਕਿਹੜੇ ਵਿਕਾਸ ਦੀ ਗੱਲ ਕਰਦਾਂæææ ਸ਼ਰਾਬ ਦੇ ਠੇਕੇ ਪਿੰਡ ਦੇ ਚਾਰੇ ਪਾਸੇ ਖੁੱਲ੍ਹ ਗਏ। ਸਮੈਕ ਆਮ ਮਿਲਣ ਲੱਗ ਗਈ ਆ।” ਬਹਿਸ ਲਈ ਤਿਆਰ-ਬਰ-ਤਿਆਰ ਫੌਜੀ ਬੋਲਿਆ।
“ਬਾਈ! ਤੁਸੀਂ ਭਗਵੰਤ ਮਾਨ ਦੀ ਸਪੀਚ ਨਹੀਂ ਸੁਣੀ ਹੋਣੀ। ਆਹ ਫੋਨ ‘ਤੇ ‘ਯੂ-ਟਿਊਬ’ ਲਾ ਕੇ ਸੁਣੋ, ਸਭ ਪਤਾ ਲੱਗ ਜਾਊ ਪੰਜਾਬ ਦੇ ਵਿਕਾਸ ਦਾ।” ਮੇਰਾ ਹਮ-ਉਮਰ ਇਕ ਬਾਈ ਬੋਲਿਆ।
“ਬਾਈ ਕੀ ਆਖਦਾ ਭਗਵੰਤ ਮਾਨ, ਮੈਨੂੰ ਵੀ ਦੱਸ ਦੇ। ਨਾਲੇ ਬਾਬੇ ਵੀ ਸੁਣ ਲੈਣਗੇ।” ਮੈਂ ਬਾਈ ਦੇ ਅੰਦਰੋਂ ‘ਅਸਲੀ ਵਿਕਾਸ’ ਕਢਵਾਉਣ ਦੇ ਇਰਾਦੇ ਨਾਲ ਕਿਹਾ।
“ਦੇਖ ਬਾਈ! ਭਗਵੰਤ ਮਾਨ ਨਾ ਤਾਂ ਮੇਰੇ ਮਾਮੇ ਦਾ ਪੁੱਤ ਐ, ਨਾ ਭੂਆ ਦਾ। ਪਰ ਮੈਂ ਉਸ ਨੂੰ ਪੰਜਾਬ ਵਿਚੋਂ ਸਭ ਤੋਂ ਵੱਧ ਦਲੇਰ ਬੰਦਾ ਸਮਝਦਾਂ। ਉਹ ਜਿੱਤੇ, ਚਾਹੇ ਨਾ ਜਿੱਤੇ ਪਰ ਉਸ ਬੰਦੇ ਦੀ ਬੋਲੀ ਇਕ ਵੀ ਗੱਲ ਝੂਠ ਨਹੀਂ। ਉਹ ਕਹਿੰਦੈ ਕਿ ਅਕਾਲੀਆਂ ਨੇ ਵਿਕਾਸ ਕੀਤਾæææ ਤੁਹਾਨੂੰ ਰੇਤਾ ਬਜਰੀ ਬਲੈਕ ਵਿਚ ਮਿਲਣ ਲੱਗ ਗਈ, ਸਮੈਕ ਚਾਹ ਦੀ ਰੇਹੜੀ ਤੋਂ ਮਿਲਦੀ ਐ। ਦੁੱਧ ਲੈਣ ਲਈ ਦੂਰ ਜਾਣਾ ਪੈਂਦਾ, ਪਰ ਸ਼ਰਾਬ ਘਰ ਦੇ ਨੇੜਿਉਂ ਈ ਮਿਲ ਜਾਂਦੀ ਐ। ਲੀਡਰਾਂ ਤੋਂ ਗਰਾਂਟ ਮੰਗੋ, ਤਾਂ ਕਹਿ ਦਿੰਦੇ ਆ, ‘ਅਸੀਂ ਤੁਹਾਡੇ ਪਿੰਡ ਦੇ ਸ਼ਮਸ਼ਾਨਘਾਟ ਦੀਆਂ ਕੰਧਾਂ ਉਚੀਆਂ ਕਰਵਾ ਦੇਣੀਆਂ।Ḕ ਇਨ੍ਹਾਂ ਲੀਡਰਾਂ ਨੂੰ ਪੁੱਛੋ ਕਿ ਮੁਰਦਿਆਂ ਨੇ ਕੰਧਾਂ ਟੱਪ ਕੇ ਬਾਹਰ ਆਉਣੈ, ਜਾਂ ਤੁਸੀਂ ਕੰਧਾਂ ਟੱਪ ਕੇ ਅੰਦਰ ਜਾਣਾ। ਹਰ ਪਿੰਡ ਦੇ ਵਾਸੀ ਦੋ-ਫਾੜ ਨਹੀਂ, ਤਿੰਨ-ਫਾੜ ਕਰ ਦਿੱਤੇ। ਪਹਿਲਾਂ ਅਕਾਲੀ ਤੇ ਕਾਂਗਰਸੀ, ਹੁਣ ਰਾਮਦਾਸੀਆਂ ਨੂੰ ਵੰਡ ਦਿੱਤਾ। ਉਨ੍ਹਾਂ ਨੂੰ ਕਹਿੰਦੇ, ਤੁਸੀਂ ਜੱਟਾਂ ਦੇ ਸਿਵਿਆਂ ਵਿਚ ਮੁਰਦੇ ਨਹੀਂ ਫੂਕ ਸਕਦੇ। ਪਿੰਡਾਂ ਦੀ ਭਾਈਚਾਰਕ ਸਾਂਝ ਉਤੇ ਲੀਡਰਾਂ ਵਾਲੀ ਆਰੀ ਚੱਲੀ ਐ। ਕਿਸੇ ਦਾ ਵਿਆਹ ਹੁੰਦਾ, ਉਥੇ ਵੀ ਅਕਾਲੀ-ਕਾਂਗਰਸੀ ਭਿੜ ਪੈਂਦੇ ਆ। ਹਰ ਪਿੰਡ ਦੋ-ਦੋ ਟੂਰਨਾਮੈਂਟ। ਇਕ ਅਕਾਲੀਆਂ ਦਾ, ਦੂਜਾ ਕਾਂਗਰਸੀਆਂ ਦਾ। ਗਰੀਬ ਬੰਦਾ ਦਵਾਈ ਖੁਣੋਂ ਮਰ ਰਿਹੈ, ਇਹ ਖੇਡਾਂ ‘ਤੇ ਮੰਤਰੀ ਬੁਲਾਉਣ ਦੇ ਮਾਰੇ ਰੁਪਏ ਬਰਬਾਦ ਕਰੀ ਜਾਂਦੇ ਆ।æææ ਮਾਨ ਤਾਂ ਕਹਿੰਦੈ, ਮੈਨੂੰ ਆਪਣੀ ਮਸ਼ਹੂਰੀ ਦੀ ਲੋੜ ਨਹੀਂ, ਤੁਸੀਂ ਪਹਿਲਾਂ ਹੀ ਵੀਹ ਸਾਲ ਤੋਂ ਮਸ਼ਹੂਰੀ ਵਾਲੀ ਲਾਲ ਬੱਤੀ ਮੇਰੇ ਸਿਰ ‘ਤੇ ਲਾਈ ਹੋਈ ਹੈ। ਹੁਣ ਮੈਂ ਐਮæਪੀæ ਬਣ ਕੇ ਕੋਈ ਜ਼ਿਆਦਾ ਮਸ਼ਹੂਰ ਨਹੀਂ ਹੋ ਜਾਣਾ। ਮੈਂ ਤਾਂ ਆਪਣਾ ਪੰਜਾਬ ਬਚਾਉਣ ਲਈ ਘਰੋਂ ਸਿਰ ‘ਤੇ ਕਫ਼ਨ ਬੰਨ੍ਹ ਕੇ ਤੁਰਿਆ ਹਾਂ; ਕਿ ਜੇ ਮੈਂ ਭ੍ਰਿਸ਼ਟਾਚਾਰ, ਬੇਈਮਾਨੀ, ਰਿਸ਼ਵਤਖੋਰੀ ਨਾਲ ਲੜਦਾ ਮਰ ਵੀ ਗਿਆ, ਤਾਂ ਵੀ ਕੋਈ ਗੱਲ ਨਹੀਂ। ਅੱਜ ਦੀ ਸਿਆਸਤ ਵਿਚ ਪਰਿਵਾਰਵਾਦ ਭਾਰੂ ਹੋ ਰਿਹੈ। ਚਾਰ ਕੁ ਪਰਿਵਾਰ ਹੀ ਸਾਰੇ ਪੰਜਾਬ ਨੂੰ ਮੂਰਖ ਬਣਾ ਕੇ ਆਪਣਾ ਉਲੂ ਸਿੱਧਾ ਕਹੀ ਜਾਂਦੇ ਆ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਕੁੜੀਆਂ ਟੈਂਕੀਆਂ ‘ਤੇ ਚੜ੍ਹ ਕੇ ਖੁਦਕੁਸ਼ੀ ਕਰ ਰਹੀਆਂ ਨੇ। ਇਹ ਕਹਿੰਦੇ ਆ, ਅਸੀਂ ਵਿਕਾਸ ਕੀਤਾ; ਲੋਕਾਂ ਨੂੰ ਆਟਾ-ਦਾਲ ਦੇ ਕੇ ਭਿਖਾਰੀ ਬਣਾ ਦਿੱਤਾ ਇਨ੍ਹਾਂ ਨੇ। ਪੰਜਾਬ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਹੁਣ ਡਾਂਗਾਂ ਖਾਣ ਜੋਗਾ ਰਹਿ ਗਿਐ।” ਬਾਈ ਪੂਰੇ ਜੋਸ਼ ਵਿਚ ਸੀ।
“ਪਰ ਬਾਈ, ਭਗਵੰਤ ਮਾਨ ਨੇ ਪਹਿਲਾਂ ਪੀæਪੀæਪੀæ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਸਹੁੰ ਖਾਧੀ ਸੀ, ਹੁਣ ‘ਆਪ’ ਨਾਲ ਜੁੜ ਗਿਆæææ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ।” ਮੈਂ ਬਾਈ ਨੂੰ ਕੁਰੇਦਿਆ।
“ਪੀæਪੀæਪੀæ ਨਾਲੋਂ ਭਗਵੰਤ ਮਾਨ ਨੇ ਨਾਤਾ ਨਹੀਂ ਤੋੜਿਆ, ਸਗੋਂ ਪੀæਪੀæਪੀæ ਦਾ ਮੁਖੀ ਮਾਨ ਨੂੰ ਛੱਡ ਗਿਆ। ਮਾਨ ਕਹਿੰਦਾ, ਮੇਰੀ ਜ਼ਮੀਰ ਆਗਿਆ ਨਹੀਂ ਦਿੰਦੀ ਕਿ ਜਿਨ੍ਹਾਂ ਨੂੰ ਅਸੀਂ ਤਿੰਨ ਸਾਲ ਭੰਡਦੇ ਰਹੇ, ਉਨ੍ਹਾਂ ਨਾਲ ਹੀ ਹੱਥ ਮਿਲਾ ਲਈਏ। ਇਸੇ ਦੁੱਖੋਂ ਮਾਨ ਨੇ ‘ਆਪ’ (ਆਮ ਆਦਮੀ ਪਾਰਟੀ) ਨਾਲ ਹੱਥ ਮਿਲਾਇਆ, ਕਿ ਅਸੀਂ ਸਾਰੇ ਰਲ ਕੇ ਗੰਧਲੀ ਸਿਆਸਤ ਨੂੰ ਨਿਤਾਰ ਸਕੀਏ, ਨਸ਼ਿਆਂ ਵੱਲ ਰੁੜ੍ਹ ਰਹੀ ਜਵਾਨੀ ਨੂੰ ਮੋੜ ਲਿਆਈਏ, ਭ੍ਰਿਸ਼ਟਾਚਾਰ ਨੂੰ ਨੱਥ ਪਾ ਸਕੀਏ। ਇਹੀ ਗੱਲਾਂ ਮਾਨ ਜ਼ੋਰ ਨਾਲ ਕਹਿੰਦਾ। ਬਾਈ, ਜੇ ਲੋਕਾਂ ਨੇ ਐਤਕੀਂ ਅਕਾਲੀਆਂ ਨੂੰ ਨਾ ਹਰਾਇਆ, ਤਾਂ ਸਮਝੋ ਪੰਜਾਬ ਚਾਰ ਕੁ ਬੰਦਿਆਂ ਦੀ ਜਾਇਦਾਦ ਬਣ ਕੇ ਰਹਿ ਜਾਵੇਗਾ।” ਬਾਈ ਬੋਲਿਆ।
“ਬਾਈ ਜੀ! ਇਕ ਗੱਲ ਤਾਂ ਮੈਂ ਵੀ ਮੰਨਦਾਂ ਕਿ ਭਗਵੰਤ ਮਾਨ ਨੇ ਆਪਣਾ ਕਾਮੇਡੀਅਨ ਵਾਲਾ ਕੈਰੀਅਰ ਛੱਡ ਕੇ ਲੋਕਾਂ ਦੇ ਦਰਦਾਂ ਦਾ ਹਾਣੀ ਬਣਨ ਦਾ ਉਪਰਾਲਾ ਕੀਤਾ। ਉਸ ਨੂੰ ਤਾਂ ਦੋਵੇਂ ਹੱਥ ਜੋੜ ਕੇ ਸਲਾਮ ਹੈ।” ਮੈਂ ਵੀ ਦਿਲ ਦੀ ਕਹਿ ਦਿੱਤੀ।
“ਬਾਈ! ਮਾਨ ਤਾਂ ਕਹਿੰਦਾ ਕਿ ਫਿਲਮਾਂ ਵਾਲੇ ਉਹਨੂੰ ਆਵਾਜ਼ਾਂ ਮਾਰਦੇ ਆ। ਉਹ ਵੀ ਮੁੰਬਈ ਜਾ ਕੇ ਸੈਟ ਹੋ ਸਕਦਾ ਸੀ। ਬਾਹਰਲੇ ਕਿਸੇ ਵੀ ਦੇਸ਼ ਵਿਚ ਸੈਟ ਹੋ ਸਕਦਾ ਸੀ, ਪਰ ਉਹਦੇ ਕੋਲੋਂ ਬਜ਼ੁਰਗਾਂ ਦੇ ਮੋਢਿਆਂ ਉਤੇ ਵੱਜਦੀਆਂ ਡਾਗਾਂ ਝੱਲ ਨਹੀਂ ਹੁੰਦੀਆਂ। ਵੀਰਾਂ ਦੀਆਂ ਰੁਲਦੀਆਂ ਪੱਗਾਂ, ਤੇ ਭੈਣਾਂ ਦੀਆਂ ਲਹਿੰਦੀਆਂ ਚੁੰਨੀਆਂ ਨਹੀਂ ਦੇਖੀਆਂ ਗਈਆਂ। ਉਹ ਕਹਿੰਦੈ, ਮੈਂ ਰੁਲਦੀਆਂ ਪੱਗਾਂ ਮੋਦੀ ਦੇ ਸਿਰ ਨਹੀਂ ਟਿਕਾਉਣੀਆਂ, ਸਗੋਂ ਇਹ ਪੱਗਾਂ ਲਹਿਣੋਂ ਹਟਾਉਣੀਆਂ ਨੇ। ਇਕ ਗੱਲ ਮਾਨ ਹੋਰ ਕਹਿੰਦਾ ਹੈ ਕਿ ਮੰਡੀਆਂ ਵਿਚ ਜ਼ਿਮੀਦਾਰਾਂ ਦਾ ਝੋਨਾ ਵਿਕਦਾ ਨਹੀਂ ਤਾਂ ਜ਼ਿਮੀਦਾਰ ਧਰਨੇ ‘ਤੇ ਬੈਠਦੇ ਆ; ਫਿਰ ਇਲਾਕੇ ਦੇ ਮੰਤਰੀ ਦੇ ਕੰਨ ‘ਤੇ ਜੂੰ ਸਰਕਦੀ ਹੈ। ਉਹ ਲਾਲ ਬੱਤੀ ਵਾਲੀ ਗੱਡੀ ਵਿਚ ਆਉਂਦਾ ਹੈ। ਕਾਰ ਅੱਗੇ ਕਮਾਂਡੋ ਵਾਲਿਆਂ ਦੀ ਜਿਪਸੀ ਹੈ। ਉਨ੍ਹਾਂ ਨੇ ਸੋਟੀਆਂ ਫੜੀਆਂ ਹੋਈਆਂ ਹੁੰਦੀਆਂ ਨੇ, ਤੇ ਪਸ਼ੂਆਂ ਵਾਂਗ ਲੋਕਾਂ ਦੇ ਮੋਢੇ ਕੁੱਟਦੇ ਮੰਤਰੀ ਦੀ ਕਾਰ ਵਾਸਤੇ ਲਾਂਘਾ ਬਣਾਉਂਦੇ ਹਨ। ਤੁਹਾਡੀਆਂ ਪਾਈਆਂ ਵੋਟਾਂ ਨਾਲ ਬਣਿਆ ਮੰਤਰੀ ਤੁਹਾਨੂੰ ਹੀ ਕੁਟਵਾ ਰਿਹਾ ਹੈ। ਫਿਰ ਮੰਤਰੀ ਮੰਡੀ ਵਿਚ ਮੁੱਠੀ ਚੋਲਾਂ ਦੀ ਚੁੱਕ ਕੇ ਉਪਰ ਵੱਲ ਸੁੱਟਦਾ ਹੈ, ਤੇ ਨਾਲ ਲਿਆਂਦੇ ਹੋਏ ਪੱਤਰਕਾਰ ਫੋਟੋਆਂ ਖਿਚਦੇ ਹਨ। ਦੂਜੇ ਦਿਨ ਅਖ਼ਬਾਰਾਂ ਭਰੀਆਂ ਪਈਆਂ ਹੁੰਦੀਆਂ ਕਿ ਮੰਤਰੀ ਦਾ ਵੀਹ ਮੰਡੀਆਂ ਦਾ ਤੂਫ਼ਾਨੀ ਦੌਰਾ! ਪਰ ਕਿਸਾਨ ਵੀਰੋ! ਜੇ ਮੈਂ ਮੰਤਰੀ ਬਣਿਆ, ਲਾਲ ਬੱਤੀ ਵਾਲੀ ਗੱਡੀ ਨਹੀਂ, ਮੋਟਰ ਸਾਇਕਲ ‘ਤੇ ਆ ਕੇ ਤੁਹਾਡੇ ਬਰਾਬਰ ਬੈਠਾਂਗਾ। ਤੁਸੀਂ ਸ਼ਰਾਬ ਦੀ ਬੋਤਲ ਅਤੇ ਮੁੱਠੀ ਭੁੱਕੀ ‘ਤੇ ਵੋਟਾਂ ਪਾ ਕੇ ਦੇਖ ਲਈਆਂ, ਐਤਕੀਂ ਸੁੱਚੇ ਮੂੰਹ ਤੇ ਸੁੱਚੇ ਹੱਥੀਂ ਵੋਟਾਂ ਪਾ ਕੇ ਦੇਖੋ, ਫਿਰ ਤੁਹਾਨੂੰ ਕਿਸੇ ਅੱਗੇ ਹੱਥ ਨਹੀਂ ਜੋੜਨੇ ਪੈਣਗੇ।” ਬਾਈ ਦੱਸਦਾ ਗਿਆ।
“ਬਈ ਸ਼ੇਰਾ! ਐਤਕੀਂ ਕਪਤਾਨ ਗੁਰੂ ਕੀ ਨਗਰੀ ਜਾ ਵੜਿਆ।” ਬਾਬਾ ਬੋਲਿਆ।
“ਬਾਬਾ ਜੀ! ਜਾ ਨਹੀਂ ਵੜਿਆ, ਵਾੜਿਆ ਹੈ। ਅਕਾਲੀਆਂ ਨੇ ਭਾਜਪਾ ਦੇ ਸਾਂਝੇ ਉਮੀਦਵਾਰ ਨੂੰ ਦਿੱਲੀਉਂ ਲਿਆਂਦਾ, ਤੇ ਦਿੱਲੀ ਵਾਲਿਆਂ ਨੇ ਉਸ ਦੇ ਬਰਾਬਰ ਦਾ ਪਟਿਆਲਿਉਂ ਜਾ ਲਿਆਂਦਾ। ਦੋਵਾਂ ਦੀ ਫਸਵੀਂ ਟੱਕਰ ਲੁਆ ਦਿੱਤੀ। ਹੁਣ ਦਿੱਲੀ ਵਾਲਿਆਂ ਨੂੰ ਵੀ ਪਤਾ ਲੱਗ ਜਾਊ ਕਿ ਕਪਤਾਨ ਕਿੰਨੇ ਕੁ ਪਾਣੀ ਵਿਚ ਹੈ, ਤੇ ਇੱਧਰ ਪੰਜਾਬ ਵਾਲਿਆਂ ਨੂੰ ਵੀ ਪਤਾ ਲੱਗ ਜਾਊ ਕਿ ਲੋਕਾਂ ਦੇ ਦਿਲਾਂ ਵਿਚ ਕਿੰਨੀ ਕੁ ਜਗ੍ਹਾ ਬਣਾਈ ਹੈ।”
“ਬਾਬਾ ਜੀ! ਸਮਾਂ ਹੀ ਦੱਸੇਗਾ, ਪਰ ਪੰਜਾਬ ਵਾਸੀਆਂ ਨਾਲੋਂ ਸਾਨੂੰ ਪਰਦੇਸੀਆਂ ਨੂੰ ਪੰਜਾਬ ਦਾ ਮੋਹ ਜ਼ਿਆਦਾ ਹੋਣ ਕਰ ਕੇ ਸਾਨੂੰ ਚੌਵੀ ਘੰਟੇ ਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਉਥੋਂ ਕੋਈ ਬੁਰੀ ਖ਼ਬਰ ਨਾ ਆਵੇ।” ਇਕ ਬਾਈ ਬੋਲਿਆ।
“ਬਾਈ ਜੀ! ਵੱਡੇ ਬਾਦਲ ਦਾ ਭਤੀਜਾ ਸਹੁੰ ਖਾ ਕੇ ਫਿਰ ਕਾਂਗਰਸ ਦੇ ਪੰਜੇ ਨਾਲ ਆਪਣਾ ਹੱਥ ਮਿਲਾ ਗਿਆ। ਗੱਲ ਖਾਨੇ ਨਹੀਂ ਪਈ।” ਮੈਂ ਪੁੱਛਿਆ।
“ਭਤੀਜਾ ਜਦੋਂ ਪਾਰਟੀ ਵਿਚੋਂ ਨਿਕਲਿਆ ਸੀ, ਉਦੋਂ ਤਾਂ ਸ਼ਰਮ ਦਾ ਮਾਰਿਆ ਪੰਜੇ ਵਾਲੇ ਪਾਸੇ ਨਹੀਂ ਹੋਇਆ। ਹੁਣ ਚੋਣ ਸਮਝੌਤਾ ਕਰਦਾ ਖੜ੍ਹਨ ਨੂੰ ਜਗ੍ਹਾ ਬਣਾ ਗਿਆ। ਹੁਣ ਜੇ ਇਹ ਹਾਰਦਾ ਵੀ ਹੈ, ਤਾਂ ਵੀ ਕਾਂਗਰਸ ਦਾ ਪੱਲਾ ਨਹੀਂ ਛੱਡਦਾ। ਹੌਲੀ-ਹੌਲੀ ਕਾਂਗਰਸ ਤੋਂ ਪੰਜਾਬ ਦੀ ਪ੍ਰਧਾਨੀ ਲੈਣ ਦੀ ਦੌੜ ਵਿਚ ਹੈ; ਜਿਵੇਂ ਕੈਪਟਨ ਨੇ ਲਈ ਸੀ। ਬਾਕੀ ਲੋਕਾਂ ਨੇ ਭਤੀਜੇ ‘ਤੇ ਬਹੁਤਾ ਇਤਬਾਰ ਇਸ ਕਰ ਕੇ ਨਹੀਂ ਕੀਤਾ ਕਿ ਨਾਂ ਪਿੱਛੇ ਬਾਦਲ ਜੁ ਲੱਗਦਾ ਸੀ। ਤੇ ਐਤਕੀਂ ਲੋਕਾਂ ਦਾ ਇਤਬਾਰ ਸਾਰੇ ਬਾਦਲਾਂ ਤੋਂ ਉਠ ਗਿਆ ਹੈ।” ਫੌਜੀ ਆਪਣੀ ਸੁਣਾ ਗਿਆ।
“ਸ਼ੇਰਾ! ਸੁਣਿਐ, ਸਰਕਾਰ ਨੇ ਐਤਕੀਂ ਟੈਕਸ ਬਹੁਤ ਲਾਏ ਆ। ਰਿਕਾਰਡ ਈ ਤੋੜ ਦਿੱਤੇ।” ਇਕ ਹੋਰ ਬਾਬਾ ਬੋਲਿਆ।
“ਬੱਸ ਬਾਬਾ ਸ਼ਮਸ਼ਾਨਘਾਟ ਤੇ ਹੱਡਾ-ਰੋੜੀ ਉਤੇ ਟੈਕਸ ਲਾਉਣਾ ਬਾਕੀ ਐ ਹੁਣ। ਬਾਕੀ ਕੋਈ ਥਾਂ ਨਹੀਂ ਛੱਡੀ। ਪਿਤਾ-ਪੁਰਖਿਆਂ ਦੇ ਘਰਾਂ ਵਿਚ ਹੀ ਸਾਨੂੰ ਕਿਰਾਏਦਾਰ ਬਣਾ ਦਿੱਤਾ। ਰੰਗਲੇ ਪੰਜਾਬ ਨੂੰ ਗੰਧਲਾ ਪੰਜਾਬ ਬਣਾ ਦਿੱਤਾ। ਉਥੇ ਜਾ ਕੇ ਰੋਣ ਨਿਕਲਦਾ।” ਲੋਕਾਂ ਦੇ ਦੁੱਖ ਸੁਣ ਕੇ ਫੌਜੀ ਬੋਲਿਆ।
“ਬਾਈ, ਆਹ ਭਗਵੰਤ ਮਾਨ ਨੂੰ ਵੱਡਾ ਬਾਦਲ ਤਮਾਸ਼ਬੀਨ ਦੱਸਦਾ ਹੈ। ਕਹਿੰਦਾ, ਇਹਨੂੰ ਪੈਸੇ ਦੇ ਕੇ ਭਲਾ ਮੁਸਲਿਮ ਲੀਗ ਵਾਲੇ ਲੈ ਜਾਣ।” ਮੈਂ ਬਾਈ ਨੂੰ ਪੁੱਛਿਆ।
“ਬਾਈ! ਸੋਲਾਂ ਮਈ ਤੋਂ ਬਾਅਦ ਹੀ ਪਤਾ ਲੱਗੂ ਕੌਣ ਤਮਾਸ਼ਬੀਨ ਐ। ਮਾਨ ਦੀ ਫੋਟੋ ਦੇਖ-ਦੇਖ ਰੋਇਆ ਕਰਨਗੇ, ਕਿ ਸਾਨੂੰ ਨਹੀਂ ਪਤਾ ਸੀ, ਤੂੰ ਸਾਡੇ ਨਾਲ ਇੰਜ ਕਰਨੀ ਐ।” ਬਾਈ ਬੋਲਿਆ।
“ਇਕ ਗੱਲ ਤਾਂ ਪੱਕੀ ਐ, ਅਕਾਲੀਆਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਡਬੋ ਦਿੱਤਾ। ਲੋਕਾਂ ਦੇ ਘਰਾਂ ਦੇ ਘਰ ਖਾਲੀ ਹੋ ਗਏ।” ਫੌਜੀ ਨੇ ਫਿਰ ਹਾਜ਼ਰੀ ਲਵਾਈ।
“ਜੇ ਐਤਕੀਂ ਵੀ ਲੋਕ ਅਕਾਲੀਆਂ ਨੂੰ ਜਿਤਾਉਂਦੇ ਆ, ਤਾਂ ਸਮਝੋ ਲੋਕਾਂ ਦੀ ਜ਼ਮੀਰ ਮਰ ਚੁੱਕੀ ਐ, ਤੇ ਜੋ ਕੁਝ ਉਨ੍ਹਾਂ ਨਾਲ ਹੋ ਰਿਹਾ ਹੈ, ਉਹਦੇ ਇਹ ਆਪ ਜ਼ਿੰਮੇਦਾਰ ਆ। ਫਿਰ ਸਾਨੂੰ ਵੀ ਉਨ੍ਹਾਂ ਲਈ ਤੜਫਣ ਦੀ ਲੋੜ ਨਹੀਂ।” ਕਾਮਰੇਡ ਨੇ ਵੀ ਚੁੱਪ ਤੋੜੀ।
“ਬਾਈ! ਆਮ ਆਦਮੀ ਪਾਰਟੀ ਦਾ ਕਿੰਨਾ ਕੁ ਪ੍ਰਭਾਵ ਹੈ ਹੁਣ?” ਮੈਂ ਬਾਈ ਨੂੰ ਪੁੱਛਿਆ।
“ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਆ, ਪਰ ਅਜੇ ਸਮਾਂ ਲੱਗੂ। ਉਂਜ ਇੰਨਾ ਤਾਂ ਜ਼ਰੂਰ ਹੈ ਕਿ ਹੁਣ ਲੀਡਰਾਂ ਨੂੰ ਪਤਾ ਲੱਗ ਗਿਐ ਕਿ ਵੋਟਾਂ ਲੈਣੀਆਂ ਸੁਖਾਲੀਆਂ ਨਹੀਂ। ਬਾਕੀ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਜਾਗਰੂਕ ਤਾਂ ਕਰ ਈ ਦਿੱਤਾ। ਲੋਕ ਅੱਖਾਂ ਮਲਦੇ ਉਠੇ ਆ। ਜਦੋਂ ਲੋਕਾਂ ਦੀਆਂ ਪੂਰੀਆਂ ਅੱਖਾਂ ਖੁੱਲ੍ਹ ਗਈਆਂ, ਫਿਰ ਆਮ ਆਦਮੀ ਦੀ ਸਰਕਾਰ ਹੋ ਜਾਵੇਗੀ।” ਬਾਈ ਨੇ ਦੱਸਿਆ।
ਬਾਬਿਆਂ ਦੀ ਢਾਣੀ ਵਿਚੋਂ ਪੰਜਾਬ ਦਾ ਦਰਦ ਅੱਖਾਂ ਵਿਚ ਆਏ ਹੰਝੂਆਂ ਵਾਂਗ ਸਾਫ਼ ਝਲਕ ਰਿਹਾ ਸੀ। ਪਰਦੇਸੀਂ ਬੈਠੇ ਵੀ ਆਪਣੀ ਜੰਮਣ ਭੋਇੰ ਲਈ ਫਿਕਰਮੰਦ ਸਨ। ਪਰਮਾਤਮਾ ਕ੍ਰਿਪਾ ਕਰੇ! ਚੰਗੀ ਪਾਰਟੀ ਤੇ ਚੰਗੇ ਬੰਦੇ ਚੁਣੇ ਜਾਣ, ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਲੋਂ ਮੋੜਿਆ ਜਾਵੇ। ਅੱਜ ਕੱਲ੍ਹ ਤਾਂ ‘ਰੋਟੀ ਦਾ ਨਸ਼ਾ’ ਵੀ ਬਹੁਤ ਮਹਿੰਗਾ ਹੋ ਗਿਆ ਹੈ। ਮਹਿੰਗਾਈ ਨੇ ਲੱਕ ਭੰਨਿਆ ਪਿਆ ਹੈ। ਸ਼ਾਲਾ! ਭਾਈਚਾਰਕ ਸਾਂਝ ਮਜ਼ਬੂਤ ਹੋਵੇ, ਤੇ ਆਮ ਆਦਮੀ ਦੀ ਸਰਕਾਰ ਬਣੇ।

Be the first to comment

Leave a Reply

Your email address will not be published.