ਚੰਡੀਗੜ੍ਹ: ਲੋਕਾਂ ਸਭਾ ਚੋਣ ਪ੍ਰਚਾਰ ਲਈ ਸਰਗਰਮ ਹੋਏ ਵੱਡੇ ਸਿਆਸੀ ਆਗੂਆਂ ਦਾ ਇਕ ਪੈਰ ਹੁਣ ਹੈਲੀਕਾਪਟਰਾਂ ਵਿਚ ਰਹਿੰਦਾ ਹੈ। ਇਨ੍ਹੀਂ ਦਿਨੀਂ ਪੰਜਾਬ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਹੈਲੀਕਾਪਟਰਾਂ ਦੀ ਖੁੱਲ੍ਹ ਕੇ ਵਰਤੋਂ ਕਰਦੇ ਨਜ਼ਰ ਆ ਰਹੇ ਹਨ। ਪਤਾ ਲੱਗਿਆ ਹੈ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਨੇ ਦੇਸ਼ ਭਰ ਵਿਚ ਚੋਣ ਪ੍ਰਚਾਰ ਲਈ ਆਪਣੇ ਪ੍ਰਮੁੱਖ ਆਗੂਆਂ ਵਾਸਤੇ ਤਕਰੀਬਨ ਤਿੰਨ ਦਰਜਨ ਹੈਲੀਕਾਪਟਰ ਹਾਸਲ ਕੀਤੇ ਹਨ। ਇਨ੍ਹਾਂ ਵਿਚੋਂ ਦੋ ਹੈਲੀਕਾਪਟਰ ਪੰਜਾਬ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਲਈ ਦਿੱਤੇ ਗਏ ਹਨ। ਇਨ੍ਹਾਂ ਆਗੂਆਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਜੋ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਵੀ ਇਨ੍ਹਾਂ ਵਿਚ ਸ਼ਾਮਲ ਹਨ। ਪੰਜਾਬ ਵਿਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਦੋ ਹੈਲੀਕਾਪਟਰ ਲਏ ਹਨ। ਇਨ੍ਹਾਂ ਵਿਚੋਂ ਇਕ ਪਾਰਟੀ ਨੇ ਭਾੜੇ ‘ਤੇ ਲਿਆ ਤੇ ਦੂਜਾ ਹੈਲੀਕਾਪਟਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਕੰਪਨੀ ਆਰਬਿਟ ਏਵੀਏਸ਼ਨ ਦਾ ਹੈ। ਪ੍ਰਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦੋਵੇਂ ਹੈਲੀਕਾਪਟਰਾਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਗੱਡੀਆਂ ਦੇ ਕਾਫਲੇ ਵਿਚ ਹੀ ਸਫ਼ਰ ਕਰਦੇ ਹਨ। ਸੁਖਬੀਰ ਬਾਦਲ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਚੋਣ ਪ੍ਰਚਾਰ ਲਈ ਤਕਰੀਬਨ 14 ਵਾਰ ਹੈਲੀਕਾਪਟਰ ਦੀ ਵਰਤੋਂ ਕਰ ਚੁੱਕੇ ਹਨ। ਉਂਜ ਪੰਜਾਬ ਸਰਕਾਰ ਦਾ ਬੈੱਲ-429 ਹੈਲੀਕਾਪਟਰ ਚੰਡੀਗੜ੍ਹ ਵਿਚ ਹੀ ਖੜ੍ਹਾ ਕੀਤਾ ਹੋਇਆ ਹੈ ਕਿਉਂਕਿ ਚੋਣ ਜ਼ਾਬਤੇ ਕਾਰਨ ਕੋਈ ਵੀ ਸਿਆਸੀ ਪਾਰਟੀ ਆਪਣੇ ਚੋਣ ਪ੍ਰਚਾਰ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਨਹੀਂ ਕਰ ਸਕਦੀ।
ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਸ਼ ਬਾਦਲ ਹੈਲੀਕਾਪਟਰ ਦੀ ਘੱਟ ਵਰਤੋਂ ਕਰਨ ਦਾ ਇਕ ਕਾਰਨ ਇਹ ਵੀ ਹੈ ਕਿਉਂਕਿ ਪਾਰਟੀ ਆਗੂ ਖਾਸ ਕਰਕੇ ਚੋਣਾਂ ਦੇ ਦਿਨਾਂ ਵਿਚ ਆਪਣੀ ਆਮ ਆਦਮੀ ਵਾਲੀ ਦਿਖ ਬਣਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਸ਼ ਬਾਦਲ ਗੱਡੀ ਰਾਹੀਂ ਸਵੇਰੇ ਜਲਦੀ ਨਿਕਲ ਜਾਂਦੇ ਹਨ ਜਦਕਿ ਹਵਾਈ ਸਫ਼ਰ ਲਈ ਕਈ ਵਾਰ ਜ਼ਰੂਰੀ ਮਨਜ਼ੂਰੀਆਂ ਲੈਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਪੰਜਾਬ ਕਾਂਗਰਸ ਦੇ ਸੂਤਰਾਂ ਮੁਤਾਬਕ ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਸੂਬੇ ਵਿਚ ਪਾਰਟੀ ਦੇ ਸਟਾਰ ਪ੍ਰਚਾਰਕਾਂ ਲਈ ਦੋ ਗਲੋਬਲ ਵੈਕਟਰਾਂ ਬੀ-103 ਹੈਲੀਕਾਪਟਰ ਮੁਹੱਈਆ ਕਰਵਾਏ ਹਨ।
________________________________________________
ਅਮੀਰ ਮਹਿਲਾ ਉਮੀਦਵਾਰਾਂ ‘ਚ ਹਰਸਿਮਰਤ ਦਾ ਦੂਜਾ ਸਥਾਨ
ਬਠਿੰਡਾ: ਬਾਦਲ ਪਰਿਵਾਰ ਦੀ ਨੂੰਹ ਤੇ ਬਠਿੰਡਾ ਹਲਕੇ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਉਮੀਦਵਾਰ ਸ਼ਰੂਤੀ ਚੌਧਰੀ ਨੂੰ ਟੱਕਰ ਦੇ ਦਿੱਤੀ ਹੈ। ਹੁਣ ਤੱਕ ਦੇਸ਼ ਭਰ ਵਿਚ 123 ਮਹਿਲਾ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਅਮੀਰ ਮਹਿਲਾ ਉਮੀਦਵਾਰ ਭਿਵਾਨੀ ਮਹੇਂਦਰਗੜ੍ਹ ਤੋਂ ਚੋਣ ਲੜ ਰਹੀ ਕਾਂਗਰਸੀ ਉਮੀਦਵਾਰ ਸ਼ਰੂਤੀ ਚੌਧਰੀ ਹੈ ਜਿਸ ਕੋਲ 108æ31 ਕਰੋੜ ਰੁਪਏ ਦੀ ਜਾਇਦਾਦ ਹੈ। ਹਰਸਿਮਰਤ ਕੌਰ ਬਾਦਲ ਕੋਲ 108æ16 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਹੈ ਜੋ ਸ਼ਰੂਤੀ ਚੌਧਰੀ ਤੋਂ ਸਿਰਫ਼ 15 ਲੱਖ ਰੁਪਏ ਘੱਟ ਹੈ।15ਵੀਂ ਲੋਕ ਸਭਾ ਵਿਚ 57 ਮਹਿਲਾ ਸੰਸਦ ਮੈਂਬਰ ਸਨ ਜਿਨ੍ਹਾਂ ਵਿਚੋਂ ਸਭ ਤੋਂ ਅਮੀਰ ਮਹਿਲਾ ਸੰਸਦ ਮੈਂਬਰ ਉੱਤਰ ਪ੍ਰਦੇਸ ਦੇ ਪ੍ਰਤਾਪਗੜ੍ਹ ਹਲਕੇ ਤੋਂ ਰਾਜਕੁਮਾਰੀ ਰਤਨਾ ਸਿੰਘ ਸੀ, ਜਿਸ ਕੋਲ 67æ82 ਕਰੋੜ ਰੁਪਏ ਦੀ ਸੰਪਤੀ ਸੀ। ਉਸ ਸਮੇਂ ਵੀ ਹਰਸਿਮਰਤ ਕੌਰ ਬਾਦਲ 60æ31 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਦੂਜੇ ਨੰਬਰ ‘ਤੇ ਰਹੇ ਸਨ। 16ਵੀਂ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਕੁੱਦੀ ਮੀਰਾ ਕੁਮਾਰ ਕੋਲ 38æ47 ਕਰੋੜ ਰੁਪਏ ਦੀ ਸੰਪਤੀ ਹੈ। ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਸਮੇਂ ਹਰਸਿਮਰਤ ਕੌਰ ਬਾਦਲ ਵੱਲੋਂ ਸੰਪਤੀ ਦੇ ਦਿੱਤੇ ਵੇਰਵਿਆਂ ਮੁਤਾਬਕ ਉਨ੍ਹਾਂ ਕੋਲ ਲੰਘੇ ਪੰਜ ਵਰ੍ਹਿਆਂ ਵਿਚ ਸੰਪਤੀ ਕਾਫ਼ੀ ਵਧ ਗਈ ਹੈ। ਉਨ੍ਹਾਂ ਦੇ ਪਤੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਇਸ ਵੇਲੇ 96æ13 ਕਰੋੜ ਰੁਪਏ ਦੀ ਸੰਪਤੀ ਹੈ ਜੋ ਸਾਲ 2009 ਵਿਚ 57æ27 ਕਰੋੜ ਰੁਪਏ ਦੀ ਸੀ। ਹਰਸਿਮਰਤ ਕੌਰ ਬਾਦਲ ਕੋਲ ਸਾਲ 2009 ਵਿਚ 1æ94 ਕਰੋੜ ਰੁਪਏ ਦਾ 14æ93 ਕਿਲੋ ਸੋਨਾ ਤੇ ਚਾਂਦੀ ਸਮੇਤ ਸਟੋਨ ਆਦਿ ਸੀ ਅਤੇ ਹੁਣ ਹਰਸਿਮਰਤ ਕੌਰ ਕੋਲ 5æ40 ਕਰੋੜ ਰੁਪਏ ਦੇ ਗਹਿਣੇ ਹਨ। ਹਰਸਿਮਰਤ ਕੌਰ ਦੇ ਪਰਿਵਾਰ ਕੋਲ ਦੋ ਮੈਸੀ ਟਰੈਕਟਰ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ 61æ44 ਕਰੋੜ ਰੁਪਏ ਦੀ ਵਪਾਰਕ ਸੰਪਤੀ, 9æ50 ਕਰੋੜ ਰੁਪਏ ਦੀ ਗੈਰ ਜ਼ਰਾਇਤੀ ਸੰਪਤੀ ਤੇ 4æ03 ਕਰੋੜ ਰੁਪਏ ਦੀ ਖੇਤੀ ਵਾਲੀ ਜ਼ਮੀਨ ਹੈ। ਇਸ ਪਰਿਵਾਰ ਕੋਲ ਲੁਧਿਆਣਾ, ਜਲੰਧਰ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਵਿਚ ਵੀ ਸੰਪਤੀ ਹੈ।
Leave a Reply