ਰਾਜਾ ਮ੍ਰਿਗੇਂਦਰ ਸਿੰਘ ਪਟਿਆਣਾ ਦੇ ਸ਼ਾਹੀ ਪਰਿਵਾਰ ਸਵਰਗੀ ਮਹਾਰਾਜਾ ਭੁਪਿੰਦਰ ਸਿੰਘ ਅਤੇ ਰਾਜਮਾਤਾ ਚੰਦਰਭਾਗ ਦੇਵੀ ਦੇ ਸਭ ਤੋਂ ਵੱਡੇ ਪੁੱਤਰ ਸਨ। 24 ਮਾਰਚ 2014 ਨੂੰ ਉਨ੍ਹਾਂ ਦਾ 85 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਪਟਿਆਲਾ ਦੇ ਸ਼ਾਹੀ ਪਰਿਵਾਰ, ਜਿਸ ਦਾ ਨਾ ਸਿਰਫ ਭਾਰਤ ਵਿਚ ਹੀ ਸਗੋਂ ਵਿਦੇਸ਼ਾਂ ਵਿਚ ਵੀ ਸਿੱਖਾਂ ਵਿਚ ਖਾਸ ਸਤਿਕਾਰ ਸੀ। ਉਹ ਯੇਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਨ ਅਤੇ ਨਿਊ ਯਾਰਕ ਵਿਚ ਕਰੀਬ 40 ਸਾਲ ਰਹੇ। ਪਟਿਆਲਾ ਘਰਾਣੇ ਦੇ ਇਕ ਵਾਰਸ ਰਾਜਾ ਮ੍ਰਿਗੇਂਦਰ ਸਿੰਘ ਭਾਰਤੀ ਕਲਾਸੀਕਲ ਸੰਗੀਤ ਦੇ ਮਹਾਨ ਸੰਗੀਤ ਸ਼ਾਸਤਰੀ ਸਨ। ਵਿਸ਼ਵ ਧਰਮਾਂ ਦੇ ਤੁਲਨਾਤਮਕ ਅਧਿਅਨ ਦੇ ਉਹ ਇਕ ਮਹਾਨ ਸ਼ਾਸਤਰੀ ਸਨ। ਰਾਜਾ ਸਾਹਿਬ ਆਪਣੇ ਪਿਛੇ ਆਪਣੀ ਧਰਮ ਪਤਨੀ ਰਾਣੀ ਹਰਿੰਦਰ ਕੌਰ, ਜੋ ਬੁਰਜ ਬਘੇਲ ਸਿੰਘ ਵਾਲੇ ਦੇ ਸ਼ ਗੁਰਨਾਮ ਸਿੰਘ ਸੇਖੋਂ ਅਤੇ ਸਰਦਾਰਨੀ ਹਰਦਿਆਲ ਕੌਰ ਦੀ ਸਪੁਤਰੀ ਹੈ ਅਤੇ ਚਾਰ ਧੀਆਂ-ਪੁੱਤਰ ਛੱਡ ਗਏ ਹਨ।
ਹਰਪਾਲ ਸਿੰਘ ਪੰਨੂ
ਫੋਨ: 91-94642-51454
2004 ਵਿਚ ਅਮਰੀਕਾ ਅਤੇ ਕੈਨੇਡਾ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਵੱਖ-ਵੱਖ ਯੂਨੀਵਰਸਿਟੀਆਂ ਵਿਚ ਸੈਮੀਨਾਰ ਉਲੀਕੇ। ਜਿਨ੍ਹਾਂ ਅਧਿਆਪਕਾਂ ਨੂੰ ਸੱਦਾ ਮਿਲਿਆ, ਉਨ੍ਹਾਂ ਵਿਚ ਮੈਂ ਵੀ ਸਾਂ। ਨਿਊ ਯਾਰਕ ਯੂਨੀਵਰਸਿਟੀ ਵਿਚ ਮੈਂ ਆਪਣਾ ਪੇਪਰ ਸਮਾਪਤ ਕਰਕੇ ਸਰੋਤਿਆਂ ਵਿਚ ਆ ਬੈਠਾ ਤਾਂ ਛੇ ਫੁੱਟ ਲੰਮਾ ਸੁਨੱਖਾ ਜੁਆਨ ਮੇਰੇ ਕੋਲ ਆਇਆ ਤੇ ਆਖਿਆ, ਸਰ ਮੇਰੇ ਪਾਪਾ ਵ੍ਹੀਲ ਚੇਅਰ ‘ਤੇ ਹੋਣ ਕਰਕੇ ਹਾਲ ਅੰਦਰ ਨਹੀਂ ਆ ਸਕੇ, ਤੁਹਾਨੂੰ ਮਿਲਣਾ ਚਾਹੁੰਦੇ ਨੇ। ਮੈਂ ਉਠ ਕੇ ਬਾਹਰ ਆਇਆ ਤਾਂ ਦੇਖਿਆ ਇਹ ਤਾਂ ਕੰਵਰ ਮ੍ਰਿਗੇਂਦਰ ਸਿੰਘ ਹਨ, ਮੇਰੀ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਦੇ ਫਾਊਂਂਡਰ ਪ੍ਰੋਫੈਸਰ, ਸੰਗੀਤ ਵਿਭਾਗ ਦੇ ਫਾਊਂਡਰ ਪ੍ਰੋਫੈਸਰ, ਮੇਰੇ ਅਧਿਆਪਕ। ਗੋਡੀਂ ਹੱਥ ਲਾ ਕੇ ਅਸੀਸ ਪ੍ਰਾਪਤ ਕੀਤੀ। ਬੋਲੇ, ਮੈਂ ਤੁਹਾਨੂੰ ਬਾਹਰ ਬੈਠਾ ਸੁਣਦਾ ਰਿਹਾ। ਮੈਂ ਪੁੱਛਿਆ, ਕੋਈ ਗੱਲ ਚੰਗੀ ਵੀ ਕਰ ਹੋਈ ਮੈਥੋਂ? ਬੋਲੇ, ਪਤਾ ਨਹੀਂ, ਤੁਸੀਂਂ ਕੀ ਆਖਦੇ ਰਹੇ ਪਤਾ ਨਹੀਂ, ਮੈਂ ਤਾਂ ਪਟਿਆਲੇ ਦੀ ਪੰਜਾਬੀ ਬੋਲੀ ਸੁਣਨ ਦਾ ਅਨੰਦ ਲੈਂਦਾ ਰਿਹਾ, ਮੈਂ ਵੀ ਪਟਿਆਲੇ ਦਾ ਹਾਂ ਨਾ ਜੀ।
ਉਨ੍ਹਾਂ ਕਿਹਾ, ਇਉਂ ਕਰੋ, ਸ਼ਾਮ ਦਾ ਖਾਣਾ ਸਾਡੇ ਘਰ ਖਾਓ। ਇਹ ਮੇਰਾ ਕਾਕਾ ਹੈ ਕਰਮੇਂਦਰ ਸਿੰਘ, ਤੁਹਾਨੂੰ ਲੈ ਵੀ ਆਵੇਗਾ, ਛੱਡ ਵੀ ਜਾਵੇਗਾ। ਮੈਂ ਕਿਹਾ, ਜੀ ਹੁਣ ਦੁਪਹਿਰ ਦਾ ਖਾਣਾ ਤਿਆਰ ਹੈ, ਆਪਾਂ ਸਾਰੇ ਇਥੇ ਛਕਦੇ ਹਾਂ, ਫਿਰ ਮੈਂ ਵਿਹਲਾ ਹਾਂ, ਹੁਣੇ ਤੁਹਾਡੇ ਨਾਲ ਚੱਲ ਪਈਏ ਤਾਂ ਵਧੀਕ ਸਮਾਂ ਮਿਲ ਜਾਵੇਗਾ ਗੱਲਾਂ ਕਰਨ ਦਾ। ਉਨ੍ਹਾਂ ਨੇ ਖੁਸ਼ੀ ਨਾਲ ਹਾਂ ਕਰ ਦਿੱਤੀ।
ਦੁਪਹਿਰ ਤੋਂ ਸ਼ੁਰੂ ਹੋਈਆਂ ਗੱਲਾਂ ਦਾ ਸਿਲਸਿਲਾ ਦੇਰ ਰਾਤ ਤੱਕ ਚਲਦਾ ਰਿਹਾ ਮੈਂ ਪੁੱਛਿਆ, ਜੀ ਜਦੋਂ ਤੁਸੀਂ ਪੰਜਾਬੀ ਯੂਨੀਵਰਸਿਟੀ ਵਿਚ ਸਾਨੂੰ ਪੜ੍ਹਾਉਣ ਆਉਂਦੇ ਸੀ, ਤੁਹਾਡੇ ਨਾਮ ਨਾਲ ਕੰਵਰ ਲਿਖਿਆ ਹੁੰਦਾ ਸੀ, ਹੁਣ ਰਾਜਾ ਲਿਖਿਆ ਹੋਇਆ ਹੈ। ਇਹ ਸਭ ਕਿਵੇਂ ਹੁੰਦਾ ਹੈ? ਉਹ ਹੱਸ ਪਏ, ਕਿਹਾ, ਆਪਣੇ ਆਪ ਹੋ ਜਾਂਦਾ ਹੈ। ਜਦੋਂ ਮੇਰੇ ਵੱਡੇ ਭਰਾਤਾ ਜੀ ਮਹਾਰਾਜਾ ਸਨ, ਮਹਾਰਾਜਾ ਯਾਦਵਿੰਦਰ ਸਿੰਘ, ਉਦੋਂ ਤੱਕ ਮੈਂ ਕੰਵਰ ਸਾਂ, ਉਨ੍ਹਾਂ ਦੇ ਦੇਹਾਂਤ ਪਿਛੋਂ ਮੇਰੇ ਭਤੀਜੇ ਅਮਰਿੰਦਰ ਸਿੰਘ ਮਹਾਰਾਜਾ ਹੋ ਗਏ ਤਾਂ ਮੇਰੀ ਆਪੇ ਕੰਵਰ ਤੋਂ ਰਾਜਾ ਦੀ ਪਦੁੱਨਤੀ ਹੋ ਗਈ। ਇਹੋ ਮਹਿਲ ਦਾ ਪ੍ਰੋਟੋਕੋਲ ਹੈ। ਦਰਬਾਰ ਬੁਲਾ ਕੇ ਇਹ ਟਾਈਟਲ ਕਾਨਵੋਕੇਸ਼ਨ ਵਾਂਗ ਵੰਡੇ ਜਾਂਦੇ ਹਨ।
ਮੈਨੂੰ ਪੁੱਛਿਆ, ਜੇ ਸੱਚ ਅਤੇ ਮਿਥਿਆ ਵਿਚ ਫਰਕ ਪਛਾਣਨਾ ਹੋਵੇ ਤਾਂ ਕਿਵੇਂ ਪਛਾਣੋਗੇ? ਮੈਂ ਹੱਥ ਜੋੜ ਲਏ, ਕਿਹਾ, ਜੀ ਮੈਂ ਤਾਂ ਤੁਹਾਡਾ ਵਿਦਿਆਰਥੀ ਰਿਹਾ ਹਾਂ, ਤੁਹਾਥੋਂ ਫਲਸਫਾ ਪੜ੍ਹਿਆ ਹੈ, ਹੁਣ ਤੁਸੀਂ ਦਸੋਗੇ ਕਿਵੇਂ ਫਰਕ ਕਰਨਾ ਹੈ। ਬੋਲੇ, ਰੱਸੀ ਨੂੰ ਸੱਪ ਸਮਝ ਕੇ ਡਰ ਜਾਣ ਦੀ ਉਪਮਾ ਨਾਲ ਬਹੁਤ ਸਾਰੀਆਂ ਦਾਰਸ਼ਨਿਕ ਗੁੰਝਲਾਂ ਹੱਲ ਕੀਤੀਆਂ ਜਾਂਦੀਆਂ ਰਹੀਆਂ ਹਨ। ਇਥੇ ਵੀ ਇਹੋ ਕੰਮ ਆਵੇਗੀ। ਆਪਾਂ ਇਸ ਘਟਨਾ ਨੂੰ ਤਿੰਨ ਕਾਲਾਂ ਵਿਚ ਵੰਡ ਲੈਂਦੇ ਹਾਂ। ਪਹਿਲ ਭੂਤਕਾਲ, ਕਿਸਾਨ ਨੇ ਖੇਤ ਜਾਂਦਿਆਂ ਰਾਤ ਨੂੰ ਰੱਸੀ ਪਈ ਦੇਖੀ ਤਾਂ ਸੱਪ ਜਾਣ ਕੇ ਡਰ ਗਿਆ। ਵਰਤਮਾਨ, ਕਿਸਾਨ ਖੇਤ ਨੂੰ ਜਾ ਰਿਹਾ ਹੈ, ਰੱਸੀ ਨੂੰ ਸੱਪ ਸਮਝ ਕੇ ਡਰ ਰਿਹਾ ਹੈ। ਭਵਿੱਖ, ਕਿਸਾਨ ਖੇਤ ਨੂੰ ਜਾਏਗਾ, ਰੱਸੀ ਨੂੰ ਸੱਪ ਜਾਣ ਕੇ ਡਰੇਗਾ। ਦੇਖੋ ਪ੍ਰੋਫੈਸਰ ਸਾਹਿਬ, ਇਨ੍ਹਾਂ ਤਿੰਨਾਂ ਕਾਲਾਂ ਵਿਚ ਰੱਸੀ ਹੈ, ਸੱਪ ਨਹੀਂ। ਜਿਹੜੀ ਚੀਜ਼ ਤਿੰਨੇ ਕਾਲਾਂ ਵਿਚ ਮੌਜੂਦ ਹੋਵੇ ਉਹ ਸੱਚ ਤੇ ਜਿਹੜੀ ਕਿਸੇ ਵੀ ਕਾਲ ਵਿਚ ਨਾ ਹੋਵੇ ਉਹ ਮਿਥਿਆ ਹੁੰਦੀ ਹੈ।
ਉਨ੍ਹਾਂ ਪੁੱਛਿਆ, ਸਾਲ 1969 ਵਿਚ ਸ਼ੁਰੂ ਕਰਕੇ 1972 ਵਿਚ ਮੁਕੰਮਲ ਜਪੁ ਨੀਸਾਣੁ ਗ੍ਰੰਥ ਮੈਂ ਪ੍ਰੋਫੈਸਰ ਹਰਬੰਸ ਸਿੰਘ ਨੂੰ ਦੇ ਕੇ ਆਇਆ ਸਾਂ ਕਿ ਛਪਵਾ ਲਵੋ। ਅੱਜ ਤੱਕ ਉਸ ਦੀ ਉਘ-ਸੁੱਘ ਨਹੀਂ ਨਿਕਲੀ। ਕੀ ਤੁਹਾਨੂੰ ਪਤਾ ਹੈ ਕੁਝ?
ਮੈਨੂੰ ਇਸ ਦਾ ਕੋਈ ਇਲਮ ਨਹੀਂ ਸੀ। ਮੈਂ ਵਾਅਦਾ ਕੀਤਾ ਕਿ ਵਾਪਸ ਜਾ ਕੇ ਇਸ ਦੀ ਹੋਣੀ ਦਾ ਪਤਾ ਕਰਾਂਗਾ।
ਪ੍ਰੋæ ਹਰਬੰਸ ਸਿੰਘ ਦੇ ਕਰੀਬੀਆਂ ਵਿਚੋਂ ਡਾæ ਜੋਧ ਸਿੰਘ ਇਥੇ ਹੀ ਸਨ ਜੋ ਉਨ੍ਹਾਂ ਨਾਲ ਲੰਮਾ ਸਮਾਂ ਸਿੱਖ ਵਿਸ਼ਵ ਕੋਸ਼ ਵਾਸਤੇ ਕੰਮ ਕਰਦੇ ਰਹੇ। ਉਨ੍ਹਾਂ ਨਾਲ ਗੱਲ ਕੀਤੀ। ਇਸ ਗ੍ਰੰਥ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਸੀ। ਉਨ੍ਹਾਂ ਕਿਹਾ, ਪ੍ਰੋਫ਼ੈਸਰ ਹਰਬੰਸ ਸਿੰਘ ਨੇ ਆਪਣੇ ਵਿਭਾਗ ਵਲੋਂ ਆਪਣੇ ਜਿਉਂਦਿਆਂ ਆਪਣੀਆਂ ਕਿਤਾਬਾਂ ਤੋਂ ਇਲਾਵਾ ਕਿਸੇ ਹੋਰ ਲੇਖਕ ਖੋਜੀ ਦੀ ਕਿਤਾਬ ਨਹੀਂ ਛਪਣ ਦਿੱਤੀ। ਉਨ੍ਹਾਂ ਦਾ ਸੁਭਾਅ ਹੀ ਅਜਿਹਾ ਸੀ। ਹੁਣ ਤਾਂ ਤਾਲਿਬ ਸਾਹਿਬ, ਡਾæ ਤਾਰਨ ਸਿੰਘ ਆਦਿਕ ਵੀ ਨਹੀਂ ਰਹੇ। ਕੇਵਲ ਡਾæ ਵਜ਼ੀਰ ਸਿੰਘ ਮੌਜੂਦ ਹਨ। ਉਹ ਵੀ ਰਿਟਾਇਰ ਹੋ ਕੇ ਕਦੋਂ ਦੇ ਦਿੱਲੀ ਜਾ ਵਸੇ ਹਨ। ਸ਼ਾਇਦ ਉਨ੍ਹਾਂ ਨੂੰ ਕੁਝ ਪਤਾ ਹੋਵੇ, ਉਨ੍ਹਾਂ ਨਾਲ ਸੰਪਰਕ ਕਰੋ।
ਡਾæ ਵਜ਼ੀਰ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ਮੌਤ ਤੋਂ ਕੁਝ ਸਮਾਂ ਪਹਿਲਾਂ ਪ੍ਰੋæ ਹਰਬੰਸ ਸਿੰਘ ਨੇ 42 ਫਾਈਲਾਂ ਦਾ ਇਕ ਖਰੜਾ ਮੇਰੇ ਹਵਾਲੇ ਕਰਦਿਆਂ ਕਿਹਾ ਸੀ, ਦੇਖ ਲੈਣਾ। ਮੈਂ ਦੇਖਿਆ ਤਾਂ ਮੇਰੇ ਕੁਝ ਗੇੜ ਵਿਚ ਨਾ ਆਇਆ। ਸੋ ਇਹ ਅਲਮਾਰੀ ਵਿਚ ਬੰਦ ਪਈਆਂ ਰਹੀਆਂ। ਅਲਮਾਰੀ ਜੈਨਿਜ਼ਮ ਦੇ ਮੈਡੀਟੇਸ਼ਨ ਰੂਮ ਵਿਚ ਪਈ ਹੈ ਜਿਸ ਦੀਆਂ ਚਾਬੀਆਂ ਮੈਂ ਡਾæ ਰਾਜਿੰਦਰ ਕੌਰ ਨੂੰ ਦੇ ਕੇ ਆਇਆ ਸਾਂ।
ਡਾæ ਕੌਰ ਨਾਲ ਸੰਪਰਕ ਕੀਤਾ, ਉਨ੍ਹਾਂ ਚਾਬੀਆਂ ਬਾਰੇ ਅਗਿਆਨਤਾ ਪ੍ਰਗਟਾਈ ਤਾਂ ਅਸੀਂ ਨਵੀਆਂ ਚਾਬੀਆਂ ਲਾਉਣ ਵਾਸਤੇ ਮਿਸਤਰੀ ਬੁਲਾ ਲਿਆ। ਮਿਸਤਰੀ ਨੇ ਤਾਲਾ ਖੋਲ੍ਹਿਆ, ਸਾਰੇ ਖਰੜੇ ਸਹੀ ਸਲਾਮਤ ਪਏ ਸਨ। ਰਾਈਸ ਪੇਪਰਾਂ ਉਪਰ ਪੁਰਾਣੇ ਮੈਨੁਅਲ ਟਾਈਪ ਰਾਈਟਰ ਨਾਲ ਟਾਈਪ ਕੀਤੀ ਲਿਖਤ ਸੀ। ਹੱਥ ਲਾਉਂਦਿਆਂ ਹੀ ਕਾਗਜ਼ ਭੁਰ ਜਾਂਦੇ। ਮੇਰੇ ਕੋਲ ਵਿਭਾਗ ਦੀ ਚੇਅਰਮੈਨੀ ਆ ਚੁਕੀ ਹੋਣ ਕਾਰਨ ਮੈਂ ਸਟਾਫ਼ ਤੋਂਂ ਕੰਮ ਲੈਣ ਜੋਗਾ ਸਾਂ। ਪੂਰੀ ਇਹਤਿਆਤ ਵਰਤਦਿਆਂ ਇਸ ਦੇ ਬਰੀਕ ਕਾਗਜ਼ਾਂ ਦੀਆਂ ਦੋ ਫੋਟੋ ਕਾਪੀਆਂ ਤਿਆਰ ਕੀਤੀਆਂ ਗਈਆਂ। ਰਾਜਾ ਜੀ ਨਾਲ ਫੋਨ ਅਤੇ ਈਮੇਲ ਉਪਰ ਨਿਰੰਤਰ ਸੰਪਰਕ ਰਿਹਾ। ਉਨ੍ਹਾਂ ਦੱਸਿਆ ਕਿ ਪਟਿਆਲੇ ਤੋਂ ਇਕ ਬੀਬੀ ਉਨ੍ਹਾਂ ਪਾਸ ਅਮਰੀਕਾ ਆ ਰਹੀ ਹੈ। ਚੰਗਾ ਹੋਵੇ ਜੇ ਇਕ ਨਕਲ ਉਨ੍ਹਾਂ ਹੱਥ ਭੇਜ ਦਿਓ, ਮੈਂ ਲੋੜੀਂਦੀਆਂ ਸੋਧਾਂ ਕਰ ਸਕਾਂਗਾ, ਨਾਲ-ਨਾਲ ਇੰਟਰੋਡਕਸ਼ਨ ਲਿਖਦਾ ਰਹਾਂਗਾ। ਇਕ ਨਕਲ ਉਨ੍ਹਾਂ ਪਾਸ ਨਿਊ ਯਾਰਕ ਪੁੱਜ ਗਈ।
ਮੈਂ ਯੂਨੀਵਰਸਿਟੀ ਪਾਸੋਂ ਇਹ ਕਿਤਾਬ ਛਾਪਣ ਦੀ ਪ੍ਰਵਾਨਗੀ ਹਾਸਲ ਕਰ ਲਈ। ਉਧਰ ਰਾਜਾ ਜੀ ਸੋਧਾਂ ਕਰਦੇ ਰਹੇ, ਮੁਖ ਬੰਧ ਲਿਖਦੇ ਰਹੇ, ਇਧਰ ਮੈਂ ਟਾਈਪ ਕਰਵਾ-ਕਰਵਾ ਪਰੂਫ ਰੀਡਿੰਗ ਕਰਦਾ। ਇਹ ਕੰਮ ਕਠਿਨ ਸੀ। ਇਕ ਤਾਂ ਪੁਰਾਣੀ ਸ਼ੈਲੀ ਦੀ ਪੰਜਾਬੀ, ਦੂਜਾ ਮੈਨੁਅਲ ਟਾਈਪ ਰਾਈਟਰ ਰਾਹੀਂ ਕੀਤਾ ਟਾਈਪ ਧੁੰਦਲਾ, ਅਸਪਸ਼ਟ, ਤੀਜੇ, ਗ੍ਰੰਥ ਵਿਚ ਸੰਸਕ੍ਰਿਤ ਸ਼ਲੋਕਾਂ ਦੀ ਭਰਮਾਰ। ਮੇਰੇ ਪਾਸ ਸੰਸਕ੍ਰਿਤ ਦਾ ਸਹਾਇਕ ਨਹੀਂ ਸੀ, ਆਪ ਮੈਨੂੰ ਇਸ ਭਾਸ਼ਾ ਦਾ ਇਲਮ ਨਹੀਂਂ ਸੀ ਤੇ ਕੰਮ ਇੰਨਾ ਵੱਡਾ ਕਿ ਸੰਸਕ੍ਰਿਤ ਵਿਭਾਗ ਦੀ ਸਹਾਇਤਾ ਨਹੀਂ ਮਿਲਣੀ ਸੀ। ਉਨ੍ਹਾਂ ਦੇ ਆਪਣੇ ਪ੍ਰਾਜੈਕਟ ਹਨ।
ਮੇਰੇ ਵਿਭਾਗ ਵਿਚ ਸੈਂਟਰ ਫਾਰ ਬੁਧਿਸਟ ਸਟੱਡੀ ਵਿਚ ਇਕ ਪ੍ਰਾਜੈਕਟ ਸਹਾਇਕ ਦੀ ਆਸਾਮੀ ਮਿਲ ਗਈ। ਮੈਂ ਆਪਣੀ ਲੋੜ ਸਮਝਦਿਆਂ ਸੰਸਕ੍ਰਿਤ ਦੀ ਵਿਦਿਆ ਵਾਲੇ ਉਮੀਦਵਾਰ ਦੀ ਮੰਗ ਕੀਤੀ। ਡਾæ ਦੀਪ ਸ਼ਿਖਾ ਸਾਨੂੰ ਲੱਭ ਗਈ, ਉਸ ਨੇ ਹਿੰਦੀ ਸੰਸਕ੍ਰਿਤ ਦੀਆਂ ਬਹੁਤੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ। ਜੇ ਉਹ ਸਾਡੇ ਨਾਲ ਪ੍ਰਾਜੈਕਟ ਸ਼ੁਰੂ ਹੋਣ ਵੇਲੇ ਤਂੋਂ ਹੀ ਕੰਮ ਕਰਦੀ ਹੁੰਦੀ ਤਦ ਗ੍ਰੰਥ ਹੋਰ ਵੀ ਵਧੀਆ ਹੋਣਾ ਸੀ। ਜਿਥੇ ਰਾਜਾ ਜੀ ਨੇ ਸੰਸਕ੍ਰਿਤ ਗ੍ਰੰਥਾਂ ਦੇ ਹਵਾਲੇ ਦਿੱਤੇ, ਮੂਲ ਭਾਸ਼ਾ ਦੇ ਹਵਾਲੇ ਸਨ ਪਰ ਅਸੀਂ ਬਹੁਤੀਆਂ ਥਾਂਵਾਂ ਤੇ ਉਨ੍ਹਾਂ ਸ਼ਲੋਕਾਂ ਦੇ ਪੰਜਾਬੀ ਅਰਥ ਛਾਪ ਸਕੇ ਹਾਂ, ਮੂਲ ਨਹੀਂ ਦੇ ਸਕੇ।
ਰਾਜਾ ਮ੍ਰਿਗੇਂਦਰ ਸਿੰਘ ਦੀ ਲਿਖਤ ਪੁਰਾਣੀ ਪੰਜਾਬੀ ਹੈ। ਮੈਂ ਨਵੀਨ ਬਣਾਉਣ ਖ਼ਾਤਰ ਇਸ ਵਿਚ ਸੋਧਾਂ ਨਹੀਂ ਕੀਤੀਆਂ। ਮੈਨੂੰ ਇਸ ਦਾ ਇਹੋ ਰੂਪ ਚੰਗਾ ਲੱਗਦਾ ਹੈ। ਪਹਿਲੋਂ ਪਹਿਲ ਪਾਠਕਾਂ ਨੂੰ ਇਹ ਸ਼ੈਲੀ ਕੁਝ ਅਜੀਬ ਲੱਗੇਗੀ ਪਰ ਜਦੋਂ ਉਨ੍ਹਾਂ ਨੂੰ ਪੁਰਾਣੇ ਗ੍ਰੰਥ ਪੜ੍ਹਨ ਦਾ ਮੌਕਾ ਮਿਲੇਗਾ, ਉਹ ਇਸ ਦੇ ਆਦੀ ਹੀ ਨਹੀਂ ਹੋਣਗੇ ਸਗੋਂ ਉਨ੍ਹਾਂ ਨੂੰ ਇਹ ਸ਼ੈਲੀ ਵਧੀਕ ਮਧੁਰ ਲੱਗਣ ਲੱਗੇਗੀ। ਬਹੁਤ ਸਾਰੇ ਸ਼ਬਦ ਆਪਸ ਵਿਚ ਜੁੜੇ ਹੋਏ, ਯਾਨਿ ਸੰਯੁਕਤ-ਪਦ ਹਨ, ਉਨ੍ਹਾਂ ਦਾ ਸੰਧੀ ਛੇਦ ਨਹੀਂ ਕੀਤਾ। ਪਾਠਕ ਪੁਰਾਣੀ ਪੰਜਾਬੀ ਤੋਂ ਵਾਕਫ਼ ਹੋਣਗੇ, ਇਸ ਮਨੋਰਥ ਨਾਲ ਅਜਿਹਾ ਕੀਤਾ। ਰਾਜਾ ਜੀ ਦੀ ਬੋਲੀ ਵੀ ਸਾਡੇ ਵਡੇਰਿਆਂ ਸਾਖੀਕਾਰਾਂ, ਵਿਆਖਿਆਕਾਰਾਂ ਵਰਗੀ ਹੋ ਗਈ ਹੈ। ਇਨ੍ਹਾਂ ਸਾਰੇ ਟੀਕਿਆਂ ਨੂੰ ਇਕੋ ਥਾਂ ਪੜ੍ਹਦਿਆਂ ਪਾਠਕ ਜਾਣ ਸਕਣਗੇ ਕਿ ਸਾਡੀ ਸਨਾਤਨੀ ਗੁਰਬਾਣੀ ਵਿਆਖਿਆ ਦਾ ਰਸ ਰੰਗ ਕੀ ਸੀ।
ਇਤਫ਼ਾਕ ਵਸ ਅਮਰੀਕਾ ਜਾਣਾ, ਉਥੇ ਗ੍ਰੰਥਕਾਰ ਨਾਲ ਮੇਲ ਹੋਣਾ ਤੇ ਮੇਰੇ ਪਾਸ ਵਿਭਾਗ ਦੇ ਮੁਖੀ ਦੀ ਚੇਅਰ ਹੋਣੀ, ਇਸ ਗ੍ਰੰਥ ਨੂੰ ਪਾਠਕਾਂ ਤੱਕ ਪੁਚਾਣ ਵਾਸਤੇ ਸਹਾਇਕ ਕਾਰਨ ਬਣੇ। ਜਦੋਂ ਬਤੌਰ ਵਾਈਸ-ਚਾਂਸਲਰ ਡਾæ ਜਸਪਾਲ ਸਿੰਘ ਆਏ, ਉਦੋਂ ਇਸ ਉਪਰ ਕੰਮ ਹੋ ਰਿਹਾ ਸੀ। ਉਨ੍ਹਾਂ ਨੇ ਇਸ ਗ੍ਰੰਥ ਦੀ ਰੂਪ ਰੇਖਾ ਅਤੇ ਮਹੱਤਵ ਜਾਣਨਾ ਚਾਹਿਆ, ਜਾਣਕਾਰੀ ਪ੍ਰਾਪਤ ਕਰਕੇ ਖੁਸ਼ੀ ਨਾਲ ਇਸ ਨੂੰ ਮੁਕੰਮਲ ਕਰਨ ਦੀ ਪ੍ਰੇਰਨਾ ਦਿੱਤੀ।
24 ਮਾਰਚ 2014 ਨੂੰ 85 ਸਾਲ ਦੀ ਉਮਰ ਬਿਤਾ ਕੇ ਕੰਵਰ ਜੀ ਸੰਸਾਰ ਵਿਚੋਂ ਵਿਦਾ ਹੋਏ। ਸ਼ੁਕਰ ਹੈ ਕਿ ਉਹ ਆਪਣੇ ਕੰਮ ਦੀ ਛਪੀ ਸੈਂਚੀ ਦੇਖ ਸਕੇ।
Leave a Reply