ਚੋਣਾਂ ਦੇ ਦਿਨੀਂ ਜ਼ਹਿਰ ਦੀ ਖੇਤੀ

ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਮਸ਼ਹੂਰ ਭਾਰਤ ਵਿਚ ਚੋਣਾਂ ਦੇ ਇਨ੍ਹੀਂ ਦਿਨੀਂ ਨਿਘਾਰ ਦੀ ਹਰ ਸੀਮਾ ਪਾਰ ਕੀਤੀ ਜਾ ਰਹੀ ਹੈ। ਮੁੱਖ ਸਿਆਸੀ ਧਿਰਾਂ-ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਕਈ ਹੋਰ ਖੇਤਰੀ ਪਾਰਟੀਆਂ ਦੇ ਆਗੂ ਵੀ ਆਪਣੇ ਵਿਰੋਧੀਆਂ ਖਿਲਾਫ ਇਕ ਤਰ੍ਹਾਂ ਨਾਲ ਜ਼ਹਿਰ ਹੀ ਉਗਲ ਰਹੇ ਹਨ। ਇਸ ਮਾਮਲੇ ਵਿਚ ਘੱਟ ਭਾਵੇਂ ਕਾਂਗਰਸ ਦੇ ਆਗੂ ਵੀ ਨਹੀਂ ਹਨ ਜੋ ਖੁਦ ਨੂੰ ਦੁੱਧ ਧੋਤੇ ਸਾਬਤ ਕਰਨ ਦਾ ਯਤਨ ਵੀ ਕਰ ਰਹੇ ਹਨ, ਪਰ ਭਾਜਪਾ ਦੇ ਆਗੂ ਵਾਰ-ਵਾਰ ਭੜਕਾਊ ਭਾਸ਼ਣਾਂ ਨਾਲ ਵੱਖ-ਵੱਖ ਫਿਰਕਿਆਂ ਵਿਚ ਪਾੜਾ ਵਧਾ ਰਹੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨਾਲ ਮੁਲਾਕਾਤ ਨੇ ਇਕ ਖਾਸ ਫਿਰਕੇ ਨਾਲ ਨੇੜਤਾ ਦਾ ਦਿਖਾਵਾ ਕੀਤਾ ਹੈ, ਤਾਂ ਭਾਜਪਾ ਆਗੂ ਅਮਿਤ ਸ਼ਾਹ ਨੇ ਅਗਾਂਹ ਬਦਲਾ ਲੈਣ ਬਾਰੇ ਭਾਸ਼ਣ ਦਾਗ ਦਿੱਤਾ ਹੈ। ਇਕ ਹੋਰ ਭਾਜਪਾ ਆਗੂ ਵਸੁੰਧਰਾ ਰਾਜੇ ਨੇ ਤਾਂ ਇਕ ਕਾਂਗਰਸ ਆਗੂ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਇਹ ਵੀ ਕਹਿ ਦਿੱਤਾ ਕਿ ਚੋਣਾਂ ਤੋਂ ਬਾਅਦ ਦੇਖ ਲਵਾਂਗੇ ਕਿ ਕੌਣ ਕਿਸ ਦੇ ਟੋਟੇ ਕਰਦਾ ਹੈ! ਸਿਤਮਜ਼ਰੀਫੀ ਇਹ ਕਿ ਇਹ ਸਾਰਾ ਕੁਝ ਵੋਟਾਂ ਬਟੋਰਨ ਲਈ ਕੀਤਾ ਜਾ ਰਿਹਾ ਹੈ। ਵੋਟਾਂ ਦੀ ਇਸ ਰਾਜਨੀਤੀ ਵਿਚ ਨੈਤਿਕਤਾ ਤਾਕ ਵਿਚ ਰੱਖ ਦਿੱਤੀ ਗਈ ਹੈ। ਇਨ੍ਹਾਂ ਸਭ ਮਾਮਲਿਆਂ ਵਿਚ ਭਾਜਪਾ ਦਾ ਰੁਖ ਬੇਹੱਦ ਹਮਲਾਵਰ ਰਿਹਾ ਹੈ। ਰਹਿੰਦੀ ਕਸਰ ਇਸ ਵੱਲੋਂ ਜਾਰੀ ਮੈਨੀਫੈਸਟੋ ਨੇ ਕੱਢ ਦਿੱਤੀ ਹੈ। ਇਸ ਮੈਨੀਫੈਸਟੋ ਵਿਚ ਉਹ ਤਿੰਨੇ ਮੁੱਦੇ ਸ਼ਾਮਲ ਕਰ ਲਏ ਗਏ ਹਨ ਜਿਨ੍ਹਾਂ ਦੇ ਆਧਾਰ ਉਤੇ ਭਾਜਪਾ ਆਪਣੀਆਂ ਖਾਸ ਵੋਟਾਂ ਲਈ ਪਹਿਲਾਂ ਗੋਲਬੰਦੀ ਕਰਦੀ ਰਹੀ ਹੈ। ਇਹ ਤਿੰਨ ਮੁੱਦੇ ਰਾਮ ਮੰਦਿਰ, ਇਕਸਾਰ ਸਿਵਲ ਕੋਡ ਅਤੇ ਧਾਰਾ 370 ਹਨ। ਰਾਮ ਮੰਦਿਰ ਦੀ ਉਸਾਰੀ ਦਾ ਮੁੱਦਾ ਉਭਾਰਨ ਦਾ ਮਕਸਦ ਇਹੀ ਹੈ ਕਿ ਭਾਜਪਾ ਹਿੰਦੂਤਵ ਦੇ ਮੁੱਦੇ ਉਤੇ ਪਹਿਲਾਂ ਵਾਂਗ ਕਾਇਮ ਹੈ, ਹਾਲਾਂਕਿ ਸੱਤਾ ਹਾਸਲ ਕਰਨ ਦੀ ਖਾਤਰ ਇਹ ਪਾਰਟੀ ਇਸ ਮੁੱਦੇ ਨੂੰ ਗਾਹੇ-ਬਗਾਹੇ ਪਿਛਾਂਹ ਧੱਕਦੀ ਰਹੀ ਹੈ; ਪਰ ਹੁਣ ਚੋਣ ਮੈਨੀਫੇਸਟੋ ਵਿਚ ਇਹ ਮੁੱਦਾ ਦਰਜ ਕਰ ਕੇ ਇਸ ਨੇ ਹਿੰਦੂ ਵੋਟਾਂ ਉਤੇ ਆਪਣਾ ਨਿਸ਼ਾਨਾ ਲਾਇਆ ਹੈ। ਜ਼ਾਹਿਰ ਹੈ ਕਿ ਕਾਂਗਰਸ ਅਤੇ ਭਾਜਪਾ ਵੋਟਾਂ ਦੇ ਧਰੁਵੀਕਰਨ ਲਈ ਨੈਤਿਕਤਾ ਦੀਆਂ ਸਾਰੀਆਂ ਸੀਮਾਵਾਂ ਪਾਰ ਕਰ ਰਹੀਆਂ ਹਨ। ਕਾਂਗਰਸ ਜੇ ਮੁਸਲਮਾਨਾਂ ਦੀਆਂ ਵੋਟਾਂ ਲਈ ਅਹੁਲ ਰਹੀ ਹੈ ਤਾਂ ਭਾਜਪਾ ਆਪਣੀ ਟੇਕ ਹਿੰਦੂ ਵੋਟਾਂ ਉਤੇ ਰੱਖ ਰਹੀ ਹੈ। ਇਸ ਮਾਮਲੇ ਵਿਚ ਭਾਜਪਾ ਕਿਉਂਕਿ ਕਾਂਗਰਸ ਤੋਂ ਦੋ ਕਦਮ ਅੱਗੇ ਹੀ ਹੈ, ਇਸੇ ਕਰ ਕੇ ਮੈਨੀਫੈਸਟੋ ਵਿਚ ਪਰਮਾਣੂ ਪ੍ਰੋਗਰਾਮ ਦਾ ਮੁੱਦਾ ਵੀ ਆਣ ਵੜਿਆ ਹੈ। ਪਰਮਾਣੂ ਪ੍ਰੋਗਰਾਮ ਵਿਚ ਤਬਦੀਲੀ ਬਾਰੇ ਗੱਲ ਕਰਨ ਦਾ ਸਿੱਧਾ ਜਿਹਾ ਮਤਲਬ ‘ਆਪਣੇ ਵੋਟਰਾਂ’ ਨੂੰ ਗੁਆਂਢੀ ਮੁਲਕ ਪਾਕਿਸਤਾਨ ਦਾ ਚੇਤਾ ਕਰਵਾਉਣਾ ਹੈ। ਇਹ ਭਾਜਪਾ ਦੀ ਪੁਰਾਣੀ ਰਣਨੀਤੀ ਹੈ। ‘ਪੱਕੀਆਂ ਵੋਟਾਂ’ ਲਈ ਇਹ ਹਰ ਚੋਣ ਵਿਚ ਪਾਕਿਸਤਾਨ ਨੂੰ ਮੁੱਦਾ ਬਣਾਉਂਦੀ ਰਹੀ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰੇਂਦਰ ਮੋਦੀ ਦੇ ਨਵੇਂ-ਪੁਰਾਣੇ ਭਾਸ਼ਣਾਂ ਵਿਚ ਪਾਕਿਸਤਾਨ ਦਾ ਜ਼ਿਕਰ ਅਕਸਰ ਆ ਜਾਂਦਾ ਹੈ।
ਦਰਅਸਲ, ਭਾਜਪਾ ਦੀ ਸਮੁੱਚੀ ਚੋਣ ਮੁਹਿੰਮ ਨਰੇਂਦਰ ਮੋਦੀ ਦੀ ਰਣਨੀਤੀ ਦੇ ਆਧਾਰ ਉਤੇ ਹੀ ਚੱਲ ਰਹੀ ਹੈ। ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਭਾਜਪਾ ਦੇ ਮੈਨੀਫੈਸਟੋ ਉਪਰ ਵੀ ਮੋਦੀ ਦੀ ਗੂੜ੍ਹੀ ਛਾਪ ਹੈ। ਇਸ ਛਾਪ ਦਾ ਅਸਲ ਕਾਰਨ ਇਹੀ ਹੈ ਕਿ ਮੋਦੀ ਦੀ ਪਿੱਠ ਉਤੇ ਆਰæਐਸ਼ਐਸ਼ ਹੈ ਜੋ ਹਿੰਦੂਤਵ ਦੇ ਮੁੱਦੇ ਨੂੰ ਵਾਰ-ਵਾਰ ਉਭਾਰਦਾ ਰਿਹਾ ਹੈ। ਸਾਲ 200 ਵਿਚ ਜਦੋਂ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ ਭਾਜਪਾ ਦੇ ‘ਉਦਾਰ’ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਮੋਦੀ ਨੂੰ ਰਾਜਨੀਤਕ ਧਰਮ ਨਿਭਾਉਣ ਦੀ ਸਲਾਹ ਦਿੱਤੀ ਸੀ ਤਾਂ ਆਰæਐਸ਼ਐਸ਼ ਝੱਟ ਮੋਦੀ ਦੀ ਪਿੱਠ ਉਤੇ ਆਣ ਖੜ੍ਹਿਆ ਸੀ। ਮੋਦੀ ਦੇ ਇਸ ਹਮਲਾਵਰ ਰੁਖ ਦੀ ਨੁਕਤਾਚੀਨੀ ਹਰ ਸੰਜੀਦਾ ਸ਼ਖਸ ਉਸ ਸਮੇਂ ਤੋਂ ਕਰਦਾ ਆ ਰਿਹਾ ਹੈ। ਇਸ ਨੁਕਤਾਚੀਨੀ ਵਿਚ ਜਿਹੜਾ ਤੌਖਲਾ ਪ੍ਰਗਟਾਇਆ ਹੁੰਦਾ ਸੀ, ਉਹ ਹੁਣ ਭਾਜਪਾ ਦੇ ਮੈਨੀਫੈਸਟੋ ਨੇ ਸੱਚ ਸਾਬਤ ਕਰ ਦਿੱਤਾ ਹੈ। ਇਹ ਗੱਲ ਜੱਗ-ਜ਼ਾਹਿਰ ਹੋ ਗਈ ਹੈ ਕਿ ਸੱਤਾ ਪ੍ਰਾਪਤੀ ਲਈ ਭਾਜਪਾ ਆਪਣਾ ਅਸਲ ਏਜੰਡਾ ਭਾਵੇਂ ਗਾਹੇ-ਬਗਾਹੇ ਪਿਛੇ ਪਾ ਲੈਂਦੀ ਹੈ, ਪਰ ਇਸ ਨੇ ਇਹ ਏਜੰਡਾ ਕਤਈ ਛੱਡਿਆ ਨਹੀਂ ਹੈ। ਇਸ ਮੁੱਦੇ ਉਤੇ ਸਭ ਤੋਂ ਵੱਧ ਹੈਰਾਨੀ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਤੋਂ ਹੁੰਦੀ ਹੈ ਜੋ ਅੱਖਾਂ ਮੀਚ ਕੇ ਮੋਦੀ ਦੇ ਗੁਣ ਗਾ ਰਿਹਾ ਹੈ। ਹੁਣ ਤਾਂ ਅਕਾਲੀ ਆਗੂ ਪੰਜਾਬ ਵਿਚ ਮੋਦੀ ਦੇ ਨਾਂ ਉਤੇ ਵੀ ਵੋਟਾਂ ਮੰਗਣ ਲੱਗ ਪਏ ਹਨ। ਇਕ ਪਾਸੇ ਤਾਂ ਅਕਾਲੀ ਆਗੂ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਉਤੇ ਵਾਰ-ਵਾਰ ਹਮਲੇ ਕਰਦੇ ਹਨ, ਦੂਜੇ ਪਾਸੇ ਉਸੇ ਤਰ੍ਹਾਂ ਦੇ ਇਕ ਹੋਰ ਭਿਅੰਕਰ ਕਾਂਡ ਜੋ 2002 ਵਿਚ ਗੁਜਰਾਤ ਵਿਚ ਵਾਪਰਿਆ ਅਤੇ ਜਿਸ ਵਿਚ 1000 ਦੇ ਕਰੀਬ ਮੁਸਲਮਾਨਾਂ ਦਾ ਘਾਣ ਕੀਤਾ ਗਿਆ, ਦੀ ਗੱਲ ਹੀ ਨਹੀਂ ਛੋਂਹਦੇ। ਉਸ ਕਾਂਡ ਦੀ ਗੱਲ ਕਰਨੀ ਤਾਂ ਦੂਰ ਰਹੀ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤਾਂ ਪੰਜਾਬ ਦੇ ਵਿਕਾਸ ਮਾਡਲ ਦੀ ਥਾਂ ਗੁਜਰਾਤ ਦੇ ‘ਕਾਮਯਾਬ’ ਵਿਕਾਸ ਮਾਡਲ ਦੀਆਂ ਮਿਸਾਲਾਂ ਦੇ ਰਿਹਾ ਹੈ। ਸਪਸ਼æਟ ਹੈ ਕਿ ਵੋਟਾਂ ਦੀ ਰਾਜਨੀਤੀ ਅਤੇ ਚੋਣਾਂ ਜਿੱਤਣ ਦੀ ਦੌੜ ਨੇ ਇਨ੍ਹਾਂ ਆਗੂਆਂ ਦੀਆਂ ਅੱਖਾਂ ਉਤੇ ਪੱਟੀਆਂ ਬੰਨ੍ਹ ਦਿੱਤੀਆਂ। ਉਂਜ ਵੀ ਇਹ ਆਗੂ ਉਹੀ ਕੁਝ ਦੇਖਣਾ ਪਸੰਦ ਕਰਦੇ ਹਨ, ਜੋ ਇਨ੍ਹਾਂ ਦੀ ਰਾਜਨੀਤੀ ਨੂੰ ਸੂਤ ਬੈਠਦਾ ਹੈ। ਇਸੇ ਕਰ ਕੇ ਹੀ ਰਾਜਨੀਤੀ ਦੇ ਪਿੜ ਵਿਚੋਂ ਨੈਤਿਕਤਾ ਖੰਭ ਲਾ ਕੇ ਉਡ ਗਈ ਹੈ ਅਤੇ ਸਾਰਾ ਕੁਝ ਵੋਟਾਂ ਦੀ ਰਾਜਨੀਤੀ ਦੁਆਲੇ ਘੁੰਮਣ ਲੱਗ ਪਿਆ ਹੈ। ਲੋਕਾਂ ਨਾਲ ਜੁੜੇ ਮੁੱਦੇ ਬਹੁਤ ਪਿਛਾਂਹ ਧੱਕੇ ਗਏ ਹਨ। ਇਸ ਲਈ ਭਾਰਤੀ ਜਮਹੂਰੀਅਤ ਜੋ ਲੋਕਾਂ ਦੀ, ਲੋਕਾਂ ਲਈ, ਲੋਕਾਂ ਵੱਲੋਂ ਹੋਣੀ ਚਾਹੀਦੀ ਸੀ, ਉਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

Be the first to comment

Leave a Reply

Your email address will not be published.