ਹਿੰਦੂਤਵ ਦੇ ਏਜੰਡੇ ਦੀ ਮੁੜ ਪੈਰਵੀ; ਹਰ ਪਾਸੇ ਮੋਦੀ ਦੀ ਚੱਲੀ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੰਮੀ ਦੁਬਿਧਾ ਮਗਰੋਂ ਭਾਜਪਾ ਨੇ ਆਖਰ ਲੋਕ ਸਭਾ ਚੋਣਾਂ ਦੌਰਾਨ ਹਿੰਦੂਤਵ ਪੱਤਾ ਖੇਡਣ ਦਾ ਮਨ ਬਣਾ ਲਿਆ। ਕਾਫੀ ਦੇਰੀ ਨਾਲ ਜਾਰੀ ਕੀਤੇ ਚੋਣ ਮੈਨੀਫੈਸਟੋ ਵਿਚ ਰਾਮ ਮੰਦਰ ਦੀ ਉਸਾਰੀ, ਇਕਸਾਰ ਸਿਵਲ ਕੋਡ ਤੇ ਸੰਵਿਧਾਨ ਦੀ ਧਾਰਾ 370 ਖਤਮ ਕਰਨ ਦੇ ਆਪਣੇ ਮੁੱਖ ਏਜੰਡੇ ਸ਼ਾਮਲ ਕਰ ਹੀ ਲਏ। ਪਾਰਟੀ ਇਸ ਵਾਰ ਹਿੰਦੂਤਵ ਏਜੰਡੇ ਨੂੰ ਗੁਪਤ ਰੱਖਣ ਦੇ ਰੌਂਅ ਵਿਚ ਸੀ ਤੇ ਨਰੇਂਦਰ ਮੋਦੀ ਦੇ ‘ਗੁਜਰਾਤ ਵਿਕਾਸ ਮਾਡਲ’ ਦੇ ਸਹਾਰੇ ਸੱਤਾ ਦੀ ਪੌੜੀ ਚੜ੍ਹਨਾ ਚਾਹੁੰਦੀ ਸੀ।
ਸੂਤਰਾਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਪਾਰਟੀ ਅੰਦਰ ਦੁਬਿਧਾ ਬਣੀ ਹੋਈ ਸੀ। ਆਰæਐਸ਼ਐਸ਼ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂ ਹਿੰਦੂਤਵ ਦੇ ਏਜੰਡੇ ਨੂੰ ਚੋਣ ਮਨੋਰਥ ਪੱਤਰ ਵਿਚ ਉਭਾਰਨਾ ਚਾਹੁੰਦੇ ਸਨ ਪਰ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਵੇਖ ਰਹੇ ਨਰੇਂਦਰ ਮੋਦੀ ਇਸ ਨੂੰ ਗੁਪਤ ਰੱਖਣ ਦੇ ਪੱਖ ਵਿਚ ਸਨ। ਇਸੇ ਕਾਰਨ ਹੀ ਭਾਜਪਾ ਨੇ ਸਭ ਤੋਂ ਪਛੜ ਕੇ ਚੋਣ ਮਨੋਰਥ ਪੱਤਰ ਜਾਰੀ ਕੀਤਾ। ਕੋਬਰਾਪੋਸਟ ਦੇ ਖੁਲਾਸਿਆਂ ਤੇ ਕਾਂਗਰਸ ਵੱਲੋਂ ਨਰੇਂਦਰ ਮੋਦੀ ਨੂੰ ਫਿਰਕੂਵਾਦ ਦੇ ਮੁੱਦੇ ‘ਤੇ ਘੇਰਨ ਮਗਰੋਂ ਭਾਜਪਾ ਨੇ ਆਪਣਾ ਅਸਲ ਚਿਹਰਾ ਬੇਨਕਾਬ ਕਰਨ ਦਾ ਜੇਰਾ ਕਰ ਹੀ ਲਿਆ ਹੈ।
ਪਾਰਟੀ ਨੇ ਸੱਤ ਅਪਰੈਲ ਨੂੰ ਚੋਣਾਂ ਦੇ ਪਹਿਲੇ ਪੜਾਅ ਮੌਕੇ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿਚ ਚੰਗੇ ਸ਼ਾਸਨ ਰਾਹੀਂ ਆਰਥਿਕ ਉਭਾਰ ਦਾ ਖ਼ਾਕਾ ਪੇਸ਼ ਕੀਤਾ ਹੈ। ਆਪਣੇ 42 ਸਫ਼ਿਆਂ ਦੇ ਚੋਣ ਮਨੋਰਥ ਪੱਤਰ ਵਿਚ ਭਾਜਪਾ ਨੇ ਕਿਹਾ ਹੈ ਕਿ ਇਸ ਦੀ ਸਰਕਾਰ ਰਣਨੀਤਕ ਤੌਰ ‘ਤੇ ਕਿਰਤੀ ਪੱਖੀ ਮੈਨੂਫੈਕਚਰਿੰਗ ਤੇ ਟੂਰਿਜ਼ਮ ਜਿਹੇ ਪੱਖਾਂ ‘ਤੇ ਜ਼ੋਰ ਦੇਵੇਗੀ। ਹਿੰਦੂਤਵ ਵਾਲੇ ਮੁੱਦੇ ਇਸ ਮਨੋਰਥ ਪੱਤਰ ਵਿਚ ਸ਼ਾਮਲ ਕਰਨ ਨੂੰ ਲੈ ਕੇ ਛਿੜੇ ਮਤਭੇਦਾਂ ਸਦਕਾ ਇਕ ਹਫਤਾ ਪਛੜ ਕੇ ਆਏ ਮੈਨੀਫੈਸਟੋ ਲਈ ਕਰਾਏ ਸਮਾਗਮ ਵਿਚ ਪਾਰਟੀ ਦੇ ਸੀਨੀਅਰ ਆਗੂ ਐਲ਼ਕੇæ ਅਡਵਾਨੀ, ਨਰੇਂਦਰ ਮੋਦੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਤੇ ਮੁਰਲੀ ਮਨੋਹਰ ਜੋਸ਼ੀ ਨੇ ਇਹ ਦਸਤਾਵੇਜ਼ ਜਾਰੀ ਕੀਤਾ।
ਆਰæਐਸ਼ਐਸ਼ ਦੇ ਹਿੰਦੂਤਵ ਮੁੱਦੇ ਚੋਣ ਮਨੋਰਥ ਪੱਤਰ ਦਾ ਸ਼ਿੰਗਾਰ ਬਣੇ। ‘ਕਲਚਰਲ ਹੈਰੀਟੇਜ’ ਸਿਰਲੇਖ ਹੇਠ ਭਾਜਪਾ ਨੇ ਕਿਹਾ ਹੈ ਕਿ ਇਹ ਸੰਵਿਧਾਨਕ ਦੇ ਘੇਰੇ ਵਿਚ ਰਹਿ ਕੇ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਕਰਨ ਦਾ ਹੀਲਾ ਕਰੇਗੀ। ਪਾਰਟੀ ਨੇ ਸਾਰੀਆਂ ਧਿਰਾਂ ਨਾਲ ਵਿਚਾਰ ਕਰ ਕੇ ਧਾਰਾ 370 ਖਤਮ ਕਰਨ ਦਾ ਵੀ ਸਟੈਂਡ ਦੁਹਰਾਇਆ ਹੈ। ਭਾਜਪਾ ਇਸ ਵਾਰ ਦੋਹਰਾ ਪੱਤਾ ਖੇਡ ਰਹੀ ਹੈ। ਉਹ ਨਾ ਤਾਂ ਕੱਟੜ ਹਿੰਦੂ ਵੋਟ ਨੂੰ ਨਾਰਾਜ਼ ਕਰਨਾ ਚਾਹੁੰਦੀ ਹੈ ਤੇ ਨਾ ਹੀ ਘੱਟ-ਗਿਣਤੀਆਂ ਤੇ ਉਦਾਰ ਵੋਟ ਗਵਾਉਣਾ ਚਾਹੁੰਦੀ ਹੈ।
ਇਸ ਮੌਕੇ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਕੇਵਲ ਵਿਕਾਸ ਅਤੇ ਚੰਗੇ ਸ਼ਾਸਨ ਦੇ ਮੁੱਦਿਆਂ ‘ਤੇ ਆਧਾਰਤ ਹੈ। ਪਾਰਟੀ ਨੇ ਰਾਮ ਮੰਦਰ ਦਾ ਮੁੱਦਾ ‘ਸੱਭਿਆਚਾਰਕ ਵਿਰਾਸਤ’ ਅਧਿਆਏ ਵਿਚ ਰੱਖਿਆ ਹੈ ਅਤੇ ਪਾਰਟੀ ਨੂੰ ਸੱਭਿਆਚਾਰਕ ਪੱਖੋਂ ਜੋ ਅਹਿਮ ਲੱਗਿਆ, ਉਹ ਦੱਸ ਦਿੱਤਾ ਗਿਆ ਹੈ। ਇਕਸਾਰ ਸਿਵਲ ਕੋਡ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਦਾ ਮੰਨਣਾ ਹੈ ਕਿ ਭਾਰਤ ਵਿਚ ਉਦੋਂ ਤੱਕ ਲਿੰਗ ਬਰਾਬਰੀ ਨਹੀਂ ਹੋ ਜਾਂਦੀ, ਜਦੋਂ ਤੱਕ ਇਹ ਇਕਸਾਰ ਸਿਵਲ ਕੋਡ ਲਾਗੂ ਨਹੀਂ ਕਰਦਾ।
ਹਿੰਦੂਤਵ ਵਾਲੇ ਮੁੱਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਨ ‘ਤੇ ਭਾਜਪਾ ਦੀ ਕਰੜੀ ਆਲੋਚਨਾ ਕਰਦਿਆਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਇਸ ਦਾ ਫਿਰਕੂ ਏਜੰਡਾ ਦੇਸ਼ ਲਈ ਗੰਭੀਰ ਖਤਰਾ ਹੈ। ਇਹ ਏਜੰਡਾ ਮੁਲਕ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਇਕ ਕਾਂਗਰਸ ਹੀ ਹੈ ਜੋ ਦੇਸ਼ ਨੂੰ ਇਕਜੁੱਟ ਰੱਖ ਸਕਦੀ ਹੈ।
ਬਾਦਲ ਵੱਲੋਂ ਮੈਨੀਫੈਸਟੋ ਦਾ ਸਵਾਗਤ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਦਾ ਸਵਾਗਤ ਕਰਦਿਆਂ ਇਸ ਨੂੰ ਆਧੁਨਿਕ ਵਿਕਾਸ ਤੇ ਪ੍ਰਸ਼ਾਸਕੀ ਦੂਰਅੰਦੇਸ਼ੀ ਵਾਲਾ ਦਸਤਾਵੇਜ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਸਹੀ ਅਰਥਾਂ ਵਿਚ ਪ੍ਰਗਤੀਸ਼ੀਲ ਤੇ ਆਧੁਨਿਕ ਭਾਰਤ ਲਈ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਆਧਾਰ ਬਣਾਇਆ ਗਿਆ ਹੈ। ਇਸ ਚੋਣ ਮਨੋਰਥ ਪੱਤਰ ਵਿਚ ਦੇਸ਼ ਵਿਚ ਘੱਟ-ਗਿਣਤੀਆਂ ਦੀ ਸੁਰੱਖਿਆ, ਭਲਾਈ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਉਤੇ ਵਿਸ਼ੇਸ਼ ਜ਼ੋਰ ਦੇਣ ‘ਤੇ ਉਹ ਖ਼ੁਸ਼ ਹਨ।
____________________________________
ਬਾਦਲ ਫਿਰਕਾਪ੍ਰਸਤੀ ਬਾਰੇ ਪੱਖ ਸਪਸ਼ਟ ਕਰਨ: ਕੈਪਟਨ
ਚੰਡੀਗੜ੍ਹ: ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਖਿਆ ਕਿ ਉਹ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਤਿੰਨ ਵਿਵਾਦਗ੍ਰਸਤ ਮੁੱਦਿਆਂ ‘ਤੇ ਆਪਣਾ ਪੱਖ ਸਪਸ਼ਟ ਕਰਨ। ਭਾਜਪਾ ਦੇ ਚੋਣ ਮਨੋਰਥ ਪੱਤਰ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼ ਬਾਦਲ ਕੋਲੋਂ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਐਲਾਨੇ ਇਕਸਾਰ ਸਿਵਲ ਕੋਡ, ਧਾਰਾ 370 ਦੀ ਸਮਾਪਤੀ ਤੇ ਅਯੁੱਧਿਆ ਵਿਚ ਵਿਵਾਦਤ ਸਥਾਨ ‘ਤੇ ਮੰਦਰ ਦੇ ਨਿਰਮਾਣ ਬਾਰੇ ਉਨ੍ਹਾਂ ਦਾ ਪੱਖ ਜਾਣਨਾ ਚਾਹੁੰਦੇ ਹਨ। ਉਨ੍ਹਾਂ ਸ੍ਰੀ ਅਰੁਨ ਜੇਤਲੀ ਨੂੰ ਵੀ ਆਖਿਆ ਕਿ ਉਹ ਵੀ ਸਪਸ਼ਟ ਕਰਨ ਕਿ ਕੀ ਉਹ ਇਨ੍ਹਾਂ ਤਿੰਨਾਂ ਮੁੱਦਿਆਂ ਦਾ ਪੰਜਾਬ ਵਿਚ ਸਮਰਥਨ ਕਰਨਗੇ? ਉਨ੍ਹਾਂ ਕਿਹਾ ਕਿ ਉਹ ਖਾਸ ਕਰ ਕੇ ਸ਼ ਬਾਦਲ ਕੋਲੋਂ ਸਵਾਲ ਪੁੱਛ ਰਹੇ ਹਨ ਜਿਨ੍ਹਾਂ ਹਮੇਸ਼ਾ ਸਿੱਖਾਂ ਲਈ ਵੱਖਰੇ ਪਰਸਨਲ ਲਾਅ ਦੀ ਮੰਗ ਕੀਤੀ ਹੈ ਤੇ ਧਾਰਾ 370 ਨੂੰ ਹਟਾਉਣ ਦਾ ਸਖ਼ਤ ਵਿਰੋਧ ਕਰਦਿਆਂ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਦਾ ਸਮਰਥਨ ਕੀਤਾ ਹੈ।
Leave a Reply