ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪਿਛਲੇ 10 ਸਾਲਾਂ ਦੌਰਾਨ ਕਾਂਗਰਸ ਦੀਆਂ ਨਾਕਾਮੀਆਂ ਨੂੰ ਮੁੱਦਾ ਬਣਾ ਸੱਤਾ ‘ਤੇ ਕਾਬਜ਼ ਹੋਣ ਲਈ ਕਾਹਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕੋਬਰਾਪੋਸਟ ਨੇ ਡੰਗ ਮਾਰਿਆ ਹੈ। ਇਸ ਵਾਰ ਭਾਜਪਾ ਬੋਚ-ਬੋਚ ਕਦਮ ਪੁੱਟ ਰਹੀ ਹੈ ਅਤੇ ਚੋਣ ਮੁਹਿੰਮ ਦੀ ਪੂਰੀ ਨਿਗਰਾਨੀ ਗੁਪਤ ਰੂਪ ਵਿਚ ਆਰæਐਸ਼ਐਸ਼ ਵੱਲੋਂ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਉਮੀਦਵਾਰਾਂ ਦੀ ਚੋਣ ਲਈ ਹੋਈਆਂ ਮੀਟਿੰਗਾਂ ਵਿਚ ਵੀ ਆਰæਐਸ਼ਐਸ਼ ਦੇ ਮੁਖੀ ਮੋਹਨ ਭਗਵਤ ਨੇ ਖੁਦ ਹਿੱਸਾ ਲਿਆ ਪਰ ਹਿੰਦੂਤਵ ਦੇ ਮੁੱਦੇ ਨੂੰ ਥੋੜ੍ਹਾ ਛੁਪਾ ਕੇ ਹੀ ਰੱਖਿਆ।
ਭਾਜਪਾ ਦੀ ਸਿਆਸੀ ਖੇਡ ਵਧੀਆ ਚੱਲ ਰਹੀ ਸੀ ਪਰ ਐਨ ਮੌਕੇ ‘ਤੇ ਕੋਬਰਾਪੋਸਟ ਦੇ ਸਟਿੰਗ ਅਪਰੇਸ਼ਨ ਨੇ ਇਸ ਹਿੰਦੂਵਾਦੀ ਪਾਰਟੀ ਨੂੰ ਇਕ ਵਾਰ ਫਿਰ ਕਟਹਿਰੇ ਵਿਚ ਲਿਆ ਖੜ੍ਹਾ ਕੀਤਾ। ਕੋਬਰਾਪੋਸਟ ਮੁਤਾਬਕ 1992 ਵਿਚ ਬਾਬਰੀ ਮਸਜਿਦ ਨੂੰ ਯੋਜਨਾਬੱਧ ਤਰੀਕੇ ਨਾਲ ਡੇਗਿਆ ਗਿਆ ਸੀ। ਕੋਬਰਾਪੋਸਟ ਨੇ ਰਾਮ ਮੰਦਰ ਅੰਦੋਲਨ ਨਾਲ ਜੁੜੇ 23 ਲੋਕਾਂ ਦਾ ਸਟਿੰਗ ਆਪਰੇਸ਼ਨ ਕੀਤਾ ਜਿਸ ਨੂੰ ‘ਆਪਰੇਸ਼ਨ ਜਨਮ ਭੂਮੀ’ ਦਾ ਨਾਂ ਦਿੱਤਾ।
ਕੋਬਰਾਪੋਸਟ ਦੇ ਸੰਪਾਦਕ ਅਨਿਰੁਧ ਬਹਿਲ ਨੇ ਦਾਅਵਾ ਕੀਤਾ ਕਿ ਬਾਬਰੀ ਮਸਜਿਦ ਦੇ ਢਾਂਚੇ ਨੂੰ ਸਾਜ਼ਿਸ਼ ਤਹਿਤ ਡੇਗਿਆ ਗਿਆ। ਕੋਬਰਾਪੋਸਟ ਦੇ ਇਨ੍ਹਾਂ ਖੁਲਾਸਿਆਂ ਮਗਰੋਂ ਭਾਜਪਾ ਦਾ ਫਿਰਕੂਵਾਦੀ ਚਿਹਰਾ ਚੋਣ ਪ੍ਰਚਾਰ ਦਾ ਮੁੱਖ ਮੁੱਦਾ ਬਣ ਗਿਆ। ਭਾਜਪਾ ਇਸ ਵਾਰ ਹਿੰਦੂਤਵ ਦੇ ਅਸਤਰ ਨੂੰ ਲੁਕਾ ਕੇ ਰੱਖਣਾ ਚਾਹੁੰਦੀ ਸੀ। ਇਸ ਲਈ ਨਰੇਂਦਰ ਮੋਦੀ ਦੇ ਗੁਜਰਾਤ ਵਿਕਾਸ ਮਾਡਲ ਦੇ ਸਹਾਰੇ ਬਾਜ਼ੀ ਮਾਰਨ ਦੀ ਦੌੜ ਵਿਚ ਸੀ ਪਰ ਕੋਬਰਾਪੋਸਟ ਦੇ ਖੁਲਾਸੇ ਮਗਰੋਂ ਹਾਲਾਤ ਕੁਝ ਬਦਲ ਗਏ ਹਨ। ਥੱਕੀ ਹਾਰੀ ਕਾਂਗਰਸ ਨੇ ਫਿਰਕੂਪ੍ਰਸਤੀ ਦੇ ਮੁੱਦੇ ‘ਤੇ ਵਿਰੋਧੀ ਧਿਰ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਨਰੇਂਦਰ ਮੋਦੀ ਦਾ ਵਿਕਾਸ ਮਾਡਲ ਵੀ ਰੁਲ ਗਿਆ ਤੇ ਐਨæਡੀæਏæ ਦੀਆਂ ਭਾਈਵਾਲ ਪਾਰਟੀਆਂ ਨੂੰ ਵੀ ਸਵਾਲਾਂ ਦੀ ਬੁਛਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਬਰਾਪੋਸਟ ਮੁਤਾਬਕ ਸੰਘ ਪਰਿਵਾਰ ਦੀਆਂ ਵੱਖ-ਵੱਖ ਬਰਾਂਚਾਂ ਨੇ 6 ਦਸੰਬਰ, 1992 ਨੂੰ ਅਯੁੱਧਿਆ ਵਿਚ ਵਿਵਾਦ ਵਾਲੇ ਢਾਂਚੇ ਨੂੰ ਡੇਗਣ ਲਈ ਯੋਜਨਾ ਬਣਾਈ। ਯੋਜਨਾ ਬੜੇ ਗੁਪਤ ਤਰੀਕੇ ਨਾਲ ਫ਼ੌਜੀ ਯੋਜਨਾ ਦੀ ਤਰਜ਼ ‘ਤੇ ਬਣਾਈ ਗਈ ਸੀ। ਇਸ ਲਈ ਕਾਰਕੁਨਾਂ ਨੂੰ ਬਾਕਾਇਦਾ ਸਿਖਲਾਈ ਅਤੇ ਹਰ ਪ੍ਰਕਾਰ ਦੀ ਮਦਦ ਦਿੱਤੀ ਗਈ। ਸਿਖਲਾਈ ਪ੍ਰਾਪਤ ਕਾਰਕੁਨ ਭੀੜ ਵਿਚ ਸ਼ਾਮਲ ਹੋ ਗਏ ਤੇ ਵਿਵਾਦ ਵਾਲਾ ਢਾਂਚਾ ਡੇਗ ਦਿੱਤਾ।
ਭਾਜਪਾ ਬੇਸ਼ੱਕ ਇਸ ਨੂੰ ਸਿਆਸੀ ਸਟੰਟ ਕਰਾਰ ਦੇ ਰਹੀ ਹੈ, ਪਰ ਇਹ ਰਿਪੋਰਟ ਲਿਬਰਹਾਨ ਅਯੁੱਧਿਆ ਕਮਿਸ਼ਨ ਦੀਆਂ ਲੱਭਤਾਂ ਦੀ ਪੁਸ਼ਟੀ ਕਰਦੀ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਦੀ ਤਿਆਰੀ ਗੁੱਪ-ਚੁੱਪ ਤਰੀਕੇ ਨਾਲ ਪਹਿਲਾਂ ਹੀ ਯੋਜਨਾਬੱਧ ਢੰਗ ਨਾਲ ਕੀਤੀ ਗਈ ਸੀ, ਤੇ ਸੰਘ ਪਰਿਵਾਰ ਲਈ ਕਲਿਆਣ ਸਿੰਘ ਦੀ ਸਰਕਾਰ ਇਸ ਪੱਖੋਂ ਬਹੁਤ ਸਹਾਈ ਹੋਈ ਸੀ। ਗੁਜਰਾਤ ਵਿਚ ਬਜਰੰਗ ਦਲ ਨੇ 38 ਕਾਡਰਾਂ ਲਈ ਮਹੀਨੇ ਦਾ ਸਿਖਲਾਈ ਪ੍ਰੋਗਰਾਮ ਰੱਖਿਆ ਤੇ ਫ਼ੌਜ ਤੋਂ ਸੇਵਾ ਮੁਕਤ ਹੋਏ ਉਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਿਖਲਾਈ ਦਿੱਤੀ।
ਕੋਬਰਾਪੋਸਟ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਭੀੜ ਕਾਬੂ ਤੋਂ ਬਾਹਰ ਹੋ ਗਈ ਸੀ ਤੇ ਉਸ ਨੇ 16ਵੀਂ ਸਦੀ ਦਾ ਵਿਵਾਦ ਵਾਲਾ ਢਾਂਚਾ ਡੇਗ ਦਿੱਤਾ ਸੀ। ਕੋਬਰਾਪੋਸਟ ਦੇ ਦਾਅਵੇ ਮੁਤਾਬਕ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਉਤਰ ਪ੍ਰਦੇਸ਼ ਦੇ ਉਸ ਵੇਲੇ ਦੇ ਮੁੱਖ ਮੰਤਰੀ ਕਲਿਆਣ ਸਿੰਘ ਤੇ ਪ੍ਰਧਾਨ ਮੰਤਰੀ ਪੀæਵੀæ ਨਰਸਿਮ੍ਹਾ ਰਾਓ ਤੋਂ ਇਲਾਵਾ ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਨੂੰ ਵਿਵਾਦ ਵਾਲਾ ਢਾਂਚਾ ਡੇਗਣ ਬਾਰੇ ਰਚੀ ਯੋਜਨਾ ਦੀ ਪੂਰੀ ਜਾਣਕਾਰੀ ਸੀ।
ਦੋਵਾਂ ਰਿਪੋਰਟਾਂ ਦੇ ਸਿੱਟੇ ਇਹ ਹਨ ਕਿ ਇਸ ਦੀਆਂ ਤਿਆਰੀਆਂ ਪਹਿਲਾਂ ਹੀ ਕੀਤੀਆਂ ਗਈਆਂ ਸਨ ਤੇ ਪ੍ਰਸ਼ਾਸਨ ਤੇ ਪੁਲਿਸ ਨੇ ਮਸਜਿਦ ਢਾਹੁਣ ਦੇ ਕੰਮ ਵਿਚ ਯੋਗਦਾਨ ਪਾਇਆ। ਜਸਟਿਸ ਲਿਬਰਹਾਨ ਨੇ ਇਹ ਜ਼ੋਰ ਦੇ ਕੇ ਕਿਹਾ ਸੀ ਕਿ ਦਸੰਬਰ 1992 ਨੂੰ ਸੰਕਟ ਦੇ ਐਨ ਸਿਖਰ ਮੌਕੇ ਵੀ ਕਲਿਆਣ ਸਿੰਘ ਨੇ ਮਿਥ ਕੇ ਚੁੱਪ ਧਾਰੀ ਰੱਖੀ ਤੇ ਕੋਈ ਵੀ ਅਜਿਹਾ ਉਪਰਾਲਾ ਨਹੀਂ ਹੋਣ ਦਿੱਤਾ ਜੋ ਅਯੁੱਧਿਆ ਮੁਹਿੰਮ ਜਾਂ ਢਾਂਚਾ ਢਾਹੇ ਜਾਣ, ਪੱਤਰਕਾਰਾਂ ਤੇ ਨਿਰਦੋਸ਼ਾਂ ਉਤੇ ਹਮਲੇ ਰੋਕਣ ਵਿਚ ਅੜਿੱਕਾ ਬਣਦਾ।
ਰਿਪੋਰਟ ਅਨੁਸਾਰ ਮੁੱਖ ਮੰਤਰੀ ਤੇ ਉਸ ਦਾ ਕੈਬਨਿਟ ਹੀ ਸਾਰੇ ਸਿਸਟਮ ਦੇ ਢਹਿ-ਢੇਰੀ ਹੋਣ ਦਾ ਕਾਰਨ ਬਣੇ। ਸਰਕਾਰ ਨੇ ਤੈਅ ਕੀਤੇ ਢੰਗ ਨਾਲ ਉਹ ਸਾਰੇ ਅਧਿਕਾਰੀ ਹਟਾਏ ਜੋ ਇਸ ਕੰਮ ਵਿਚ ਅੜਿੱਕਾ ਬਣ ਸਕਦੇ ਸਨ। ਰਿਪੋਰਟ ਅਨੁਸਾਰ ਕਲਿਆਣ ਸਿੰਘ ਨੂੰ ਘਟਨਾਕ੍ਰਮ ਦਾ ਪਹਿਲਾਂ ਹੀ ਪਤਾ ਸੀ। ਪੰਜ ਦਸੰਬਰ 1992 ਦੀ ਰਾਤ ਨੂੰ ਉਨ੍ਹਾਂ ਨੂੰ ਪਤਾ ਸੀ ਕਿ ਢਾਂਚਾ ਡੇਗ ਦਿੱਤਾ ਜਾਵੇਗਾ।
ਸਮਝਿਆ ਜਾ ਰਿਹਾ ਹੈ ਕਿ ਇਕ ਵਾਰ ਤਾਂ ਕਲਿਆਣ ਸਿੰਘ ਨੇ 6 ਦਸੰਬਰ ਨੂੰ ਉਦੋਂ ਸਵੇਰੇ ਅਸਤੀਫਾ ਦੇਣ ਦਾ ਮਨ ਬਣਾ ਲਿਆ ਸੀ, ਜਦੋਂ ਉਸ ਨੂੰ ਢਾਂਚਾ ਢਾਹੁਣ ਲਈ ਹਮਲਾ ਸ਼ੁਰੂ ਹੋਣ ਦਾ ਪਤਾ ਲੱਗਿਆ ਪਰ ਆਰæਐਸ਼ਐਸ਼ ਦੇ ਵੀæ ਸ਼ੇਸ਼ਾਦਰੀ ਤੇ ਮੁਰਲੀ ਮਨੋਹਰ ਜੋਸ਼ੀ ਜਿਹਿਆਂ ਨੇ ਉਸ ਨੂੰ ਅਜਿਹਾ ਨਾ ਕਰਨ ਦਿੱਤਾ ਤੇ ਲਖਨਊ ਵਿਚ ਭਾਜਪਾ ਆਗੂਆਂ ਨੇ ਇਕ ਤਰ੍ਹਾਂ ਉਦੋਂ ਤੱਕ ਬੰਦੀ ਹੀ ਬਣਾਈ ਰੱਖਿਆ ਜਦੋਂ ਤੱਕ ਕੰਮ ਤਮਾਮ ਨਹੀਂ ਹੋ ਗਿਆ। ਵਿਰੋਧ ਕਰ ਸਕਣ ਵਾਲੇ ਅਫਸਰਾਂ ਨੂੰ ਹਟਾਉਣ ਬਾਰੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਦਰਦ ਪ੍ਰਸ਼ਾਸਨ ਤੇ ਪੁਲਿਸ ਨੇ ਜੋਸ਼ ਵਿਚ ਆਏ ਲੋਕਾਂ ਦਾ ਕੰਮ ਸੁਖਾਲਾ ਕਰ ਦਿੱਤਾ। ਆਪਣੀ ਸੰਵਿਧਾਨਕ ਡਿਊਟੀ ਨਿਭਾਉਣ ਦੀ ਬਜਾਏ ਉਹ ਕਾਰ ਸੇਵਕਾਂ ਨੂੰ ਉਹ ਸਿਰਦਰਦੀ ਨਿਬੇੜਨ ਲਈ ਹੁੱਝਾਂ ਮਾਰਦੇ ਰਹੇ ਜੋ ਉਨ੍ਹਾਂ ਲਈ ਬਾਬਰੀ ਮਸਜਿਦ ਬਣ ਚੁੱਕੀ ਸੀ।
Leave a Reply