ਭਾਜਪਾ ਸਿੱਖ ਕਿਸਾਨਾਂ ਦੇ ਉਜਾੜੇ ਲਈ ਜ਼ਿੰਮੇਵਾਰ: ਕੈਪਟਨ

ਅੰਮ੍ਰਿਤਸਰ: ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਨੂੰ ਮੁੜ ਟਿਕਟ ਨਾ ਦੇ ਕੇ ਅੰਮ੍ਰਿਤਸਰ ਤੋਂ ਬਾਹਰ ਕਰਨ ਤੇ ਗੁਜਰਾਤ ਦੇ ਕੱਛ ਇਲਾਕੇ ਵਿਚੋਂ ਸਿੱਖ ਕਿਸਾਨਾਂ ਦੇ ਉਜਾੜੇ ਦਾ ਹਵਾਲਾ ਦਿੰਦਿਆਂ ਭਾਜਪਾ ਨੂੰ ਘੱਟ ਗਿਣਤੀ ਵਿਰੋਧੀ ਪਾਰਟੀ ਕਰਾਰ ਦਿੱਤਾ।
ਅੰਮ੍ਰਿਤਸਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਗੁਜਰਾਤ ਦੇ ਕੱਛ ਇਲਾਕੇ ਵਿਚੋਂ ਪੰਜਾਬੀ ਕਿਸਾਨਾਂ ਦਾ ਉਜਾੜਾ ਕੀਤਾ ਹੈ ਤੇ ਗੁਜਰਾਤ ਤੋਂ ਹੀ ਰਾਜ ਸਭਾ ਮੈਂਬਰ ਅਰੁਣ ਜੇਤਲੀ ਜੋ ਹੁਣ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹਨ, ਨੇ ਇਸ ਮਾਮਲੇ ਬਾਰੇ ਕਦੇ ਮੁੱਦਾ ਨਹੀਂ ਉਠਾਇਆ ਹੈ। ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਵੀ ਘੱਟ ਗਿਣਤੀਆਂ ਵਿਰੋਧੀ ਦੱਸਦਿਆਂ ਗੁਜਰਾਤ ਵਿਚ 2002 ਵਿਚ ਵਾਪਰੇ ਫਿਰਕੂ ਦੰਗਿਆਂ ਦਾ ਹਵਾਲਾ ਦਿੱਤਾ। ਇਸ ਤੋਂ ਇਲਾਵਾ ਸਿੱਖ ਕਿਸਾਨਾਂ ਦਾ ਉਜਾੜਾ ਤੇ ਈਸਾਈ ਭਾਈਚਾਰੇ ਨਾਲ ਮਾੜੇ ਵਤੀਰੇ ਦਾ ਹਵਾਲਾ ਵੀ ਰੱਖਿਆ।
ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਉਭਾਰਦਿਆਂ ਆਖਿਆ ਕਿ ਉਸ ਨੇ ਸ਼ਹਿਰ ਦੇ ਵਿਕਾਸ ਲਈ ਜੱਦੋਜਹਿਦ ਕੀਤੀ ਸੀ ਪਰ ਉਸ ਨੂੰ ਟਿਕਟ ਨਾ ਦੇ ਕੇ ਸ਼ਹਿਰ ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ। ਮੌਜੂਦਾ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਸ੍ਰੀ ਜੇਤਲੀ ਨੂੰ ਪੁੱਛਿਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਕੀ ਕਰ ਸਕਦੇ ਹਨ ਜਦੋਂਕਿ ਉਨ੍ਹਾਂ ਦੀ ਪਾਰਟੀ ਦਾ ਸੰਸਦ ਮੈਂਬਰ ਪਹਿਲਾਂ ਹੀ ਅਕਾਲੀਆਂ ਨੇ ਸਿਰਫ਼ ਇਸ ਕਰਕੇ ‘ਆਊਟ’ ਕਰ ਦਿੱਤਾ ਕਿਉਂਕਿ ਉਹ ਸ਼ਹਿਰ ਦਾ ਵਿਕਾਸ ਮੰਗਦਾ ਸੀ।
ਸ੍ਰੀ ਜੇਤਲੀ ਵੱਲੋਂ ਕੌਮੀ ਮੁੱਦਿਆਂ ‘ਤੇ ਬਹਿਸ ਕਰਨ ਲਈ ਦਿੱਤੇ ਗਏ ਸੱਦੇ ਨੂੰ ਸਵੀਕਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਇਸ ਬਹਿਸ ਵਿਚ ਸਥਾਨਕ ਮੁੱਦੇ ਵੀ ਸ਼ਾਮਲ ਹੋਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਉਹ ਪੰਜਾਬ ਨਾਲ ਸਬੰਧਤ ਹਨ ਤੇ ਹੁਣ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਇਸ ਲਈ ਸਥਾਨਕ ਤੇ ਸੂਬਾਈ ਮੁੱਦਿਆਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਕੌਮੀ ਮੁੱਦਿਆਂ ਨਾਲੋਂ ਵਧੇਰੇ ਸਥਾਨਕ ਤੇ ਸੂਬਾਈ ਮੁੱਦਿਆਂ ਨੂੰ ਤਰਜੀਹ ਦਿੰਦੇ ਹਨ।
ਸ੍ਰੀ ਜੇਤਲੀ ਵੱਲੋਂ ਵਿਧਾਨ ਸਭਾ ਵਿਚ ਘੱਟ ਹਾਜ਼ਰੀ ਦੇ ਉਠਾਏ ਸਵਾਲ ਦਾ ਜੁਆਬ ਦਿੰਦਿਆਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਸ੍ਰੀ ਜੇਤਲੀ ਆਪਣੇ ਰਿਕਾਰਡ ਦੀ ਵੀ ਜਾਂਚ ਕਰਨ। ਉਨ੍ਹਾਂ ਸ੍ਰੀ ਜੇਤਲੀ ਨੂੰ ਯਾਦ ਕਰਾਇਆ ਕਿ ਕਿਵੇਂ ਭਾਜਪਾ ਵੱਲੋਂ ਸੰਸਦ ਦੀ ਕਾਰਵਾਈ ਨੂੰ ਚੱਲਣ ਤੋਂ ਰੋਕਿਆ ਗਿਆ ਸੀ ਜਿਸ ਰਾਹੀਂ ਦੇਸ਼ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ। ਵਿਧਾਨ ਸਭਾ ਵਿਚ ਆਪਣੀ ਹਾਜ਼ਰੀ ਬਾਰੇ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਵਿਧਾਨ ਸਭਾ ਵਿਚ ਘੱਟ ਹਾਜ਼ਰੀ ਲਵਾਈ ਹੈ ਪਰ ਇਸ ਦੇ ਪਿੱਛੇ ਹਾਕਮ ਧਿਰ ਦਾ ਵੱਡਾ ਹੱਥ ਸੀ।
ਪਹਿਲਾਂ ਰੈਲੀ ਵਿਚ ਉਨ੍ਹਾਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਸਿਆਸਤ ਵਿਚ ਅਪਰਾਧੀਕਰਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਾਂਗਰਸੀ ਕਾਰਕੁਨਾਂ ਨਾਲ ਕੋਈ ਵਧੀਕੀ ਹੋਈ ਤਾਂ ਸਮਾਂ ਆਉਣ ‘ਤੇ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਪਣੇ ਰਵਾਇਤੀ ਅੰਦਾਜ਼ ਵਿਚ ਸਖ਼ਤ ਸ਼ਬਦਾਂ ਦੀ ਵਰਤੋਂ ਵੀ ਕੀਤੀ। ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਨੂੰ ਮੌਕਾਪ੍ਰਸਤ ਕਰਾਰ ਦਿੰਦਿਆਂ ਆਖਿਆ ਕਿ ਪੰਜਾਬ ਵਿਚ ਦੋਵਾਂ ਪਾਰਟੀਆਂ ਦਾ ਗਠਜੋੜ ਹੈ ਜਦੋਂਕਿ ਹਰਿਆਣਾ ਵਿਚ ਦੋਵੇਂ ਪਾਰਟੀਆਂ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ।
_________________________________________________
ਕੈਪਟਨ ਕੋਲ 82æ53 ਕਰੋੜ ਦੀ ਜਾਇਦਾਦ
ਚੰਡੀਗੜ੍ਹ: ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਵਿਚ ਆਪਣੀ ਕੁਲ 82æ53 ਕਰੋੜ ਰੁਪਏ ਦੀ ਜਾਇਦਾਦ ਦਰਸਾਈ ਹੈ। ਨਾਮਜ਼ਦਗੀ ਪੱਤਰ ਨਾਲ ਨੱਥੀ ਕੀਤੇ ਹਲਫ਼ੀਆ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਿੱਜੀ ਤੇ ਵਿਰਾਸਤੀ ਅਣਵੰਡੀ ਜਾਇਦਾਦ ਵਜੋਂ ਕੁੱਲ 82æ53 ਕਰੋੜ ਰੁਪਏ ਦੀ ਸੰਪਤੀ ਦਰਸਾਈ ਹੈ ਜਦੋਂਕਿ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਇਹ ਕੁੱਲ ਸੰਪਤੀ 43æ51 ਕਰੋੜ ਰੁਪਏ ਦੀ ਐਲਾਨੀ ਗਈ ਸੀ। ਸਾਬਕਾ ਮੁੱਖ ਮੰਤਰੀ ਦੀ ਅਚੱਲ ਸੰਪਤੀ 79æ30 ਕਰੋੜ ਰੁਪਏ ਦੀ ਹੈ, ਜਿਸ ਵਿਚ ਵਿਰਾਸਤੀ ਅਣਵੰਡੀ ਜਾਇਦਾਦ 78æ9 ਕਰੋੜ ਰੁਪਏ ਦੀ ਤੇ ਨਿੱਜੀ ਜਾਇਦਾਦ 1æ21 ਕਰੋੜ ਰੁਪਏ ਦੀ ਹੈ ਜਦੋਂਕਿ ਚੱਲ ਸੰਪਤੀ 3æ23 ਕਰੋੜ ਰੁਪਏ ਦੀ ਹੈ, ਜਿਸ ਵਿਚ 2æ39 ਕਰੋੜ ਰੁਪਏ ਦੀ ਵਿਰਾਸਤੀ ਅਣਵੰਡੀ ਜਾਇਦਾਦ ਤੇ 84æ88 ਲੱਖ ਰੁਪਏ ਦੀ ਨਿੱਜੀ ਜਾਇਦਾਦ ਸ਼ਾਮਲ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੋ ਸਾਲਾਂ ਵਿਚ ਹੀ ਕੁੱਲ ਜਾਇਦਾਦ ਵਿਚ ਵਾਧੇ ਦਾ ਕਾਰਨ ਪਟਿਆਲਾ ਸਥਿਤ ਨਿਊ ਮੋਤੀ ਬਾਗ ਪੈਲੇਸ ਦੇ ਵਪਾਰਕ ਮੁੱਲ ਵਿਚ ਵਾਧਾ ਹੋਣਾ ਦੱਸਿਆ ਗਿਆ ਹੈ। ਇਸ ਦਾ ਮੁੱਲ 2012 ਵਿਚ 35 ਕਰੋੜ ਦੱਸਿਆ ਗਿਆ ਸੀ ਜਦੋਂਕਿ ਹੁਣ 71æ30 ਕਰੋੜ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੁਬਈ ਸਥਿਤ ਇਕ ਰਿਹਾਇਸ਼ੀ ਫਲੈਟ ਵੀ ਦਰਸਾਇਆ ਹੈ ਜਿਸ ਦੀ ਕੀਮਤ 96 ਲੱਖ ਰੁਪਏ ਹੈ ਜੋ ਉਨ੍ਹਾਂ 2008 ਵਿਚ 80 ਲੱਖ ਰੁਪਏ ਦਾ ਖਰੀਦਿਆ ਸੀ। ਉਨ੍ਹਾਂ ਕੋਲ ਸ਼ਿਮਲਾ ਵਿਚ 2æ6 ਕਰੋੜ ਰੁਪਏ ਮੁੱਲ ਦਾ ਇਕ ਫਾਰਮ ਹਾਊਸ ਵੀ ਹੈ ਤੇ ਇਸ ਤੋਂ ਇਲਾਵਾ ਅਚੱਲ ਜਾਇਦਾਦ ਵਿਚ ਖੇਤੀਬਾੜੀ ਤੇ ਗ਼ੈਰ ਖੇਤੀਬਾੜੀ ਜ਼ਮੀਨ ਵੀ ਸ਼ਾਮਲ ਹੈ। ਉਸ ਕੋਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਜ਼ਮੀਨ ਹੈ, ਕੈਪਟਨ ਅਮਰਿੰਦਰ ਸਿੰਘ ਕੋਲ ਭਾਵੇਂ 82 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ ਪਰ ਉਨ੍ਹਾਂ ਕੋਲ ਆਪਣਾ ਕੋਈ ਨਿੱਜੀ ਵਾਹਨ ਨਹੀਂ ਹੈ।
__________________________________________________
ਮਜੀਠੀਆ ਨੇ ਮਚਾਈ ਹਨੇਰਗਰਦੀ
ਅਜਨਾਲਾ: ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ੍ਹਣ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਲਈ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣ ਦਾ ਸੱਦਾ ਦਿੱਤਾ ਹੈ। ਪੰਡੋਰੀ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਸਿੰਥੈਟਿਕ ਡਰੱਗ ਕੇਸ ਵਿਚ ਭਾਵੇਂ ਬਾਦਲ ਸਰਕਾਰ ਨੇ ਆਪਣੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਪਰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਦਾਲਤ ਵਿਚ ਚਾਰਜਸ਼ੀਟ ਪੇਸ਼ ਹੋਣ ਸਮੇਂ ਸਭ ਕੁਝ ਜਨਤਕ ਹੋ ਜਾਵੇਗਾ। ਮਜੀਠੀਆ ਨੇ ਪੰਜਾਬ ਅੰਦਰ ਹਨੇਰਗਰਦੀ ਮਚਾਈ ਹੈ ਤੇ ਕਾਂਗਰਸੀਆਂ ਨੂੰ ਕੁੱਟਿਆ ਤੇ ਲੁੱਟਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮਜੀਠੀਆ ਕੋਲੋਂ ਡਰਨ ਦੀ ਲੋੜ ਨਹੀਂ। ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਪੰਜਾਬੀ ਤੇ ਅੰਮ੍ਰਿਤਸਰੀ ਹੋਣ ਦਾ ਦਾਅਵਾ ਕਰ ਰਿਹਾ ਹੈ ਪਰ ਉਸ ਨੂੰ ਤਾਂ ਪੂਰੀ ਪੰਜਾਬੀ ਵੀ ਬੋਲਣੀ ਨਹੀਂ ਆਉਂਦੀ।

Be the first to comment

Leave a Reply

Your email address will not be published.