ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਅਤੇ ਕਈ ਮੰਤਰੀ ਅਕਸਰ ਰਾਜ ਸਰਕਾਰ ਵਿਚ ਵੱਡੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਣਦੇਖੀ ਕੀਤੇ ਜਾਣ ਬਾਰੇ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਪਰ ਇਸ ਵਾਰ ਭਾਜਪਾ ਨੇ ਆਪਣੇ ਮਹੀਨਾਵਾਰ ਪੰਜਾਬੀ ਮੈਗਜ਼ੀਨ ‘ਕਮਲ ਸੁਨੇਹਾ’ ਰਾਹੀਂ ਰਾਜ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਵਿਰੁਧ ਭੜਾਸ ਕੱਢੀ ਹੈ।
ਮੈਗਜ਼ੀਨ ਦੇ ਤਾਜ਼ਾ ਅੰਕ ਵਿਚ ਪੰਜਾਬ ਦੀ ਅਫਸਰਸ਼ਾਹੀ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਅਤੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਕੀਤੇ ਜਾ ਰਹੇ ਮਾੜੇ ਸਲੂਕ ਬਾਰੇ ਦੱਸਿਆ ਗਿਆ ਹੈ। ਡਾæ ਪਰਮਜੀਤ ਸਿੰਘ ਵੱਲੋਂ ਲਿਖੀ ਗਈ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਕੇਵਲ ਅਮੀਰਾਂ ਅਤੇ ਤਾਕਤਵਰਾਂ ਦੀ ਪ੍ਰਵਾਹ ਕੀਤੀ ਜਾਂਦੀ ਹੈ ਅਤੇ ਆਮ ਲੋਕਾਂ ਦੀ ਭਲਾਈ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ।
ਯਾਦ ਰਹੇ ਕਿ ਭਾਜਪਾ ਵੱਲੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੀਤੀ ਸਬੰਧੀ ਮਾਮਲਿਆਂ ਵਿਚ ਉਨ੍ਹਾਂ ਦੀ ਪੁੱਛ-ਪ੍ਰਤੀਤ ਨਾ ਕੀਤੇ ਜਾਣ ਬਾਰੇ ਸ਼ਿਕਵੇ ਪ੍ਰਗਟਾਏ ਜਾਂਦੇ ਰਹੇ ਹਨ, ਭਾਵੇਂ ਉਹ ਐਂਡਵਾਸ ਟੈਕਸ ਲਾਗੂ ਕਰਨ ਦਾ ਮਾਮਲਾ ਹੋਵੇ ਜਾਂ ਪ੍ਰਾਪਰਟੀ ਟੈਕਸ ਦਾ ਮੁੱਦਾ ਹੋਵੇ। ਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਦੇ ਮੈਗਜ਼ੀਨ ਨੇ ਖੁੱਲ੍ਹ ਕੇ ‘ਪੰਜਾਬ ਵਿਚ ਮਾੜਾ ਰਾਜ ਪ੍ਰਬੰਧ’ ਹੋਣ ਦੀ ਗੱਲ ਕਹੀ ਹੈ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਅਫਸਰਸ਼ਾਹੀ ਚੰਗੇ ਪ੍ਰਬੰਧਨ ਵਿਚ ਨਾ ਕੇਵਲ ਅੜਿੱਕੇ ਡਾਹ ਰਹੀ ਹੈ ਬਲਕਿ ਲੋਕਾਂ ਨੂੰ ਸਰਕਾਰ ਖ਼ਿਲਾਫ਼ ਭੜਕਾ ਵੀ ਰਹੀ ਹੈ। ਸੰਪਾਦਕੀ ਵਿਚ ਅੱਗੇ ਵੇਰਵੇ ਦਿੱਤੇ ਗਏ ਹਨ ਕਿ ਕਿਸ ਤਰ੍ਹਾਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਭਾਜਪਾ ਆਗੂਆਂ ਦੀ ਬੇਨਤੀ ਮੰਨਣ ਤੋਂ ਇਨਕਾਰ ਕੀਤਾ ਗਿਆ ਅਤੇ ਮੰਗ ਪੱਤਰ ਪਾੜ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਅਜਿਹੀ ਹੀ ਇੱਕ ਹੋਰ ਘਟਨਾ ਦੇ ਵੇਰਵੇ ਦੇ ਕੇ ਦੱਸਿਆ ਗਿਆ ਹੈ ਕਿ ਬਠਿੰਡਾ ਵਿਚ ਪਹਿਲਾਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਅਤੇ ਬਾਅਦ ਵਿਚ ਪੁਲਿਸ ਸਟੇਸ਼ਨ ਲਿਜਾ ਕੇ ਪੁੱਛ ਪੜਤਾਲ ਕੀਤੀ ਗਈ। ਸੰਪਾਦਕੀ ਮੁਤਾਬਕ ਪੁਲਿਸ ਵਿਭਾਗ ਸਭ ਤੋਂ ਮਾੜਾ ਹੈ ਅਤੇ ਉੱਚ ਪੁਲਿਸ ਅਫਸਰ ਪਾਰਟੀ ਆਗੂਆਂ ਦੀ ਵੀ ਗੱਲ ਨਹੀਂ ਸੁਣਦੇ। ਅਖ਼ੀਰ ਵਿਚ ਕਿਹਾ ਗਿਆ ਹੈ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦੂਜੀ ਵਾਰ ਗੱਠਜੋੜ ਨੇ ਜਿੱਤ ਪ੍ਰਾਪਤ ਕੀਤੀ ਹੈ ਪਰ ਉਸ ਦਾ ਸੂਬੇ ਵਿਚ ਅਗਲੇ 25 ਸਾਲਾਂ ਤੱਕ ਰਾਜ ਕਰਨ ਦਾ ਸੁਪਨਾ ਤਾਂ ਹੀ ਸੰਭਵ ਹੈ, ਜੇ ਅਕਾਲੀ ਅਤੇ ਭਾਜਪਾ ਆਗੂਆਂ ਨੂੰ ਉਨ੍ਹਾਂ ਦਾ ਬਣਦਾ ਮਾਣ ਦਿੱਤਾ ਜਾਵੇ ਅਤੇ ਆਮ ਆਦਮੀ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ।
Leave a Reply