ਪੀ ਟੀ ਸੀ ਨਿਊਜ਼ ਚੈਨਲ ਨੂੰ ਨੋਟਿਸ

ਚੰਡੀਗੜ੍ਹ: ਚੋਣ ਕਮਿਸ਼ਨ ਦੀ ਘੁਰਕੀ ਤੋਂ ਬਾਅਦ ਪੰਜਾਬ ਦੇ ਚੋਣ ਅਧਿਕਾਰੀਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਮਾਲਕੀ ਵਾਲੇ ਪੀæਟੀæਸੀæ ਨਿਊਜ਼ ਚੈਨਲ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਮੁੱਖ ਚੋਣ ਅਧਿਕਾਰੀ ਵੀæਕੇæ ਸਿੰਘ ਨਾਲ ਫੋਨ ‘ਤੇ ਕੀਤੀ ਵਾਰਤਾ ਦੌਰਾਨ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਪੀæਟੀæਸੀæ ਖਿਲਾਫ਼ ਕਾਰਵਾਈ ਨਾ ਕਰਨ ‘ਤੇ ਖਿਚਾਈ ਕੀਤੀ ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਇਸ ਨਿਊਜ਼ ਚੈਨਲ ‘ਤੇ ਹਾਕਮ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਦੇ ਉਮੀਦਵਾਰਾਂ ਦੇ ਪੱਖ ਵਿਚ ਇਕਤਰਫਾ ਖ਼ਬਰਾਂ ਪ੍ਰਸਾਰਿਤ ਕਰਨ ਦੇ ਦੋਸ਼ ਹਨ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਸੂਬਾਈ ਚੋਣ ਅਧਿਕਾਰੀਆਂ ਨੂੰ ਸਿੱਧਾ ਪੁੱਛਿਆ ਕਿ ਮੀਡੀਆ ਮੋਨੀਟਰਿੰਗ ਕਮੇਟੀ ਨੂੰ ਪੀæਟੀæਸੀæ ਸਬੰਧੀ ਕਿੰਨੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਸੀæਈæਓæ ਦਫ਼ਤਰ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਯਾਦ ਰਹੇ ਕਿ ਪੀæਟੀæਸੀæ ਵਿਰੁੱਧ ਸੀæਈæਓæ ਦਫ਼ਤਰ ਵਿਚ 5 ਸ਼ਿਕਾਇਤਾਂ ਮਿਲੀਆਂ ਸਨ ਪਰ ਕਿਸੇ ਵੀ ਸ਼ਿਕਾਇਤ ‘ਤੇ ਕਾਰਵਾਈ ਨਹੀਂ ਸੀ ਹੋਈ। ਕਮਿਸ਼ਨ ਦੇ ਧਿਆਨ ਵਿਚ ਇਹ ਮਾਮਲਾ ਆਉਣ ਤੋਂ ਬਾਅਦ ਇਸ ਨਿਊਜ਼ ਚੈਨਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਇਸੇ ਦੌਰਾਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੂੰ ਵੀ ਕਿਹਾ ਗਿਆ ਹੈ ਕਿ ਮੀਡੀਆ ਮੋਨੀਟਰਿੰਗ ਕਮੇਟੀ ਦੇ ਸਹਿਯੋਗ ਨਾਲ ਪੀæਟੀæਸੀæ ਉਤੇ ਚਲਦੇ ਪ੍ਰੋਗਰਾਮਾਂ ਦਾ ਲਗਾਤਾਰ ਅਧਿਐਨ ਕੀਤਾ ਜਾਵੇ। ਸੀæਈæਓæ ਦਫ਼ਤਰ ਨੇ ਹੁਣ ਪੀæਟੀæਸੀæ ਉਤੇ ਚਲਦੇ ਪ੍ਰੋਗਰਾਮਾਂ ਨੂੰ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਉਣ ਦਾ ਫ਼ੈਸਲਾ ਕੀਤਾ ਹੈ। ਸੀæਈæਓæ ਦਫ਼ਤਰ ਨੇ ਕਮੇਟੀ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਕਿਹਾ ਹੈ।
ਕਮਿਸ਼ਨ ਨੇ ਅੰਮ੍ਰਿਤਸਰ ਪੁਲਿਸ ਲਾਈਨ ਦੇ ਬਾਹਰ ਹਾਕਮ ਪਾਰਟੀ ਵੱਲੋਂ ਕੀਤੀ ਇਸ਼ਤਿਹਾਰਬਾਜ਼ੀ ਦਾ ਨੋਟਿਸ ਲੈਂਦਿਆਂ ਇਸ਼ਤਿਹਾਰ ਤੁਰੰਤ ਉਤਾਰਨ ਲਈ ਕਿਹਾ ਹੈ। ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੁਲਿਸ ਲਾਈਨ ਦੇ ਬਾਹਰ ਅਕਾਲੀ ਦਲ ਵੱਲੋਂ ਕਿਰਾਏ ‘ਤੇ ਥਾਂ ਲੈ ਕੇ ਇਸ਼ਤਿਹਾਰ ਲਗਾਏ ਗਏ ਹਨ। ਕਮਿਸ਼ਨ ਦੇ ਦਬਕੇ ਕਾਰਨ ਚੋਣ ਅਧਿਕਾਰੀਆਂ ਨੇ ਇਹ ਇਸ਼ਤਿਹਾਰ ਤੁਰੰਤ ਲਾਹੁਣ ਲਈ ਕਿਹਾ ਹੈ।
ਸੂਤਰਾਂ ਕਹਿਣਾ ਹੈ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰਾਂ ਨੇ ਹਾਕਮ ਪਾਰਟੀ ਦੇ ਆਗੂਆਂ ਵੱਲੋਂ ਕਾਰਵਾਈ ਨਾ ਕਰਨ ਦਾ ਦਬਾਅ ਪਾਉਣ ਦਾ ਰੋਣਾ ਰੋਇਆ। ਇਨ੍ਹਾਂ ਡਿਪਟੀ ਕਮਿਸ਼ਨਰਾਂ ਨੇ ਸੀਈਓ ਦਫ਼ਤਰ ਦੇ ਇਕ ਅਧਿਕਾਰੀ ਨੂੰ ਦੱਸਿਆ ਕਿ ਲੁਧਿਆਣਾ ਵਿਚ ਹਾਕਮ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਜੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਧਮਕਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਇਯਾਲੀ ਵੱਲੋਂ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਮਕਾਉਣ ਦੀਆਂ ਸ਼ਿਕਾਇਤਾਂ ਕਮਿਸ਼ਨ ਨੂੰ ਮਿਲੀਆਂ ਸਨ ਪਰ ਜ਼ਿਲ੍ਹਾ ਅਧਿਕਾਰੀਆਂ ਨੇ ਅਕਾਲੀ ਉਮੀਦਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਵੀ ਸੀæਈæਓæ ਦਫ਼ਤਰ ਦੇ ਅਧਿਕਾਰੀਆਂ ਕੋਲ ਕੁਝ ਇਸੇ ਤਰ੍ਹਾਂ ਦੀ ਵਿਥਿਆ ਸੁਣਾਈ।
ਕਾਂਗਰਸ ਦੀਆਂ ਸ਼ਿਕਾਇਤਾਂ ਝੂਠੀਆਂ: ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਕਾਂਗਰਸ ਦੀਆਂ ਝੂਠੀਆਂ ਤੇ ਤੱਥਾਂ ਤੋਂ ਕੋਰੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਾ ਕੀਤੀ ਜਾਵੇ। ਪਾਰਟੀ ਦੇ ਬੁਲਾਰੇ ਅਤੇ ਸਕੱਤਰ ਡਾæ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਹਤਾਸ਼ ਹੋ ਗਏ ਹਨ। ਕਾਂਗਰਸ ਆਪਣੀ ਨਮੋਸ਼ੀ ਛੁਪਾਉਣ ਲਈ ਝੂਠੀਆਂ ਸ਼ਿਕਾਇਤਾਂ ਕਰ ਰਹੀ ਹੈ।

Be the first to comment

Leave a Reply

Your email address will not be published.