ਬਠਿੰਡਾ: ਸਿਆਸੀ ਲਿਹਾਜ਼ ਨਾਲ ਪੰਜਾਬ ਦੇ ਸਭ ਤੋਂ ਅਹਿਮ ਮੰਨੇ ਜਾਂਦੇ ਲੋਕ ਸਭਾ ਹਲਕੇ ਬਠਿੰਡੇ ਤੋਂ ਇਸ ਵਾਰ ਸਿਆਸੀ ਪਾਰਟੀਆਂ ਉਮੀਦਵਾਰਾਂ ਦੇ ਨਾਂ ‘ਤੇ ਦਾਅ ਖੇਡ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜਿਥੇ ਵੋਟਰਾਂ ਨੂੰ ਭੁਲੇਖਾ ਪਾਉਣ ਲਈ ਇਸ ਸੰਸਦੀ ਸੀਟ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀæਪੀæਪੀ) ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਨਾਂ ਦੇ ਵਿਅਕਤੀ ਇਕ ਨੂੰ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਾ ਦਿੱਤੇ ਹਨ, ਉਥੇ ਇਹ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਪੀæਪੀæਪੀ ਤੇ ਭਾਈਵਾਲ ਪਾਰਟੀਆਂ ਵੀ ਕੁਝ ਇਸੇ ਤਰ੍ਹਾਂ ਦਾ ਦਾਅ ਖੇਡ ਸਕਦੀਆਂ ਹਨ ਕਿਉਂਕਿ ਪਿੰਡ ਬਾਦਲ ਤੋਂ ਇਕ ਵੋਟਰ ਇੰਦਰਜੀਤ ਸਿੰਘ ਦੀ ਪਤਨੀ ਦਾ ਨਾਂ ਵੀ ਹਰਸਿਮਰਤ ਕੌਰ ਹੈ।
ਮਨਪ੍ਰੀਤ ਬਾਦਲ ਉਂਝ ਕਹਿ ਚੁੱਕੇ ਹਨ ਕਿ ਉਹ ਅਕਾਲੀ ਦਲ ਦੀ ਤਰਜ਼ ‘ਤੇ ਕਿਸੇ ਹਰਸਿਮਰਤ ਕੌਰ ਨੂੰ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਦਾਖ਼ਲ ਨਹੀਂ ਕਰਾਉਣਗੇ। ਜ਼ਿਕਰਯੋਗ ਹੈ ਕਿ ਇਸ ਹਲਕੇ ਵਿਚ ਮਨਪ੍ਰੀਤ ਸਿੰਘ ਨਾਂ ਦੇ 2630 ਵੋਟਰ ਹਨ। ਇਨ੍ਹਾਂ ਵਿਚੋਂ ਨੌਂ ਵੋਟਰਾਂ ਦੇ ਪਿਤਾ ਦਾ ਨਾਂ ਵੀ ਗੁਰਦਾਸ ਸਿੰਘ ਹੈ। ਗੁਰਦਾਸ ਸਿੰਘ ਉਰਫ ਦਾਸ ਦਾ ਪੁੱਤਰ ਮਨਪ੍ਰੀਤ ਸਿੰਘ ਬਾਦਲ ਇਕੋ ਹੀ ਹੈ ਜੋ ਬਠਿੰਡਾ ਸੰਸਦੀ ਸੀਟ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀæਪੀæਪੀ) ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।
ਇਸ ਹਲਕੇ ਵਿਚ 22 ਮਹਿਲਾ ਵੋਟਰਾਂ ਦਾ ਨਾਂ ਹਰਸਿਮਰਤ ਕੌਰ ਹੈ ਪਰ ਇਨ੍ਹਾਂ ਵਿਚੋਂ ਕਿਸੇ ਵੀ ਹਰਸਿਮਰਤ ਕੌਰ ਦੇ ਪਤੀ ਦਾ ਨਾਂ ਸੁਖਬੀਰ ਸਿੰਘ ਨਹੀਂ ਹੈ। ਇਨ੍ਹਾਂ 2630 ਵੋਟਰਾਂ ਨੇ ਜੇਕਰ ਨਾਂ ਦਾ ਲਿਹਾਜ਼ ਕੀਤਾ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਲਾਹਾ ਮਿਲ ਸਕਦਾ ਹੈ। ਲੰਬੀ ਹਲਕੇ ਵਿਚ ਤਿੰਨ ਮਨਪ੍ਰੀਤ ਅਜਿਹੇ ਹਨ,ਜਿਨ੍ਹਾਂ ਦੇ ਪਿਤਾ ਦਾ ਨਾਂ ਗੁਰਦਾਸ ਸਿੰਘ ਹੈ। ਪਿੰਡ ਲੰਬੀ, ਫਤੂਹੀਖੇੜਾ ਤੇ ਭਿਟੀਵਾਲਾ ਦੇ ਇਹ ਮਨਪ੍ਰੀਤ ਸਧਾਰਨ ਵੋਟਰ ਹਨ। ਪਿੰਡ ਮਿਡੂ ਖੇੜਾ ਵਿਚ ਹਰਸਿਮਰਤ ਕੌਰ ਨਾਂ ਦੀ ਇਕ ਵੋਟਰ ਹੈ। ਲੰਬੀ ਹਲਕੇ ਵਿਚ 325 ਵੋਟਰਾਂ ਦਾ ਨਾਂ ਮਨਪ੍ਰੀਤ ਹੈ। ਬਠਿੰਡਾ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਦਾ ਇਕ ਵਾਸੀ ਵੀ ਮਨਪ੍ਰੀਤ ਸਿੰਘ ਪੁੱਤਰ ਗੁਰਦਾਸ ਸਿੰਘ ਹੈ। ਇਸ ਸ਼ਹਿਰੀ ਹਲਕੇ ਵਿਚ ਕੁੱਲ 300 ਵੋਟਰਾਂ ਦਾ ਨਾਂ ਮਨਪ੍ਰੀਤ ਸਿੰਘ ਹੈ। ਸ਼ਹਿਰ ਵਿਚ ਅੱਠ ਮਹਿਲਾ ਵੋਟਰਾਂ ਦਾ ਨਾਂ ਹਰਸਿਮਰਤ ਕੌਰ ਹੈ। ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕਾਲਝਰਾਨੀ ਵਿਚ ਵੀ ਇਕ ਗੁਰਦਾਸ ਸਿੰਘ ਦੇ ਪੁੱਤਰ ਦਾ ਨਾਂ ਮਨਪ੍ਰੀਤ ਸਿੰਘ ਹੈ। ਇਥੇ ਹਰਸਿਮਰਤ ਕੌਰ ਨਾਂ ਦੀ ਇਕ ਵੋਟਰ ਹੈ। ਦਿਹਾਤੀ ਹਲਕੇ ਵਿਚ ਕੁੱਲ 330 ਵੋਟਰਾਂ ਦਾ ਨਾਂ ਮਨਪ੍ਰੀਤ ਸਿੰਘ ਹੈ।
ਮਾਨਸਾ ਦੇ ਪਿੰਡ ਭਾਈਦੇਸਾ ਤੇ ਮੱਤੀ ਵਿਚ ਵੀ ਮਨਪ੍ਰੀਤ ਸਿੰਘ ਪੁੱਤਰ ਗੁਰਦਾਸ ਸਿੰਘ ਹਨ। ਇਸ ਹਲਕੇ ਵਿਚ 460 ਵੋਟਰਾਂ ਦਾ ਨਾਂ ਮਨਪ੍ਰੀਤ ਸਿੰਘ ਹੈ ਜਦੋਂਕਿ ਦੋ ਮਹਿਲਾ ਵੋਟਰਾਂ ਦਾ ਨਾਂਅ ਹਰਸਿਮਰਤ ਕੌਰ ਹੈ। ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ ਅੱਠ, ਪਿੰਡ ਦਾਤੇਵਾਸ ਤੇ ਆਲਮਪੁਰ ਮੰਦਰਾਂ ਵਿਚ ਵੀ ਤਿੰਨ ਵੋਟਰਾਂ ਦਾ ਨਾਂ ਹਰਸਿਮਰਤ ਕੌਰ ਹਨ ਜਦੋਂਕਿ ਬੋਹਾ ਵਿਚ ਇਕ ਵੋਟਰ ਮਨਪ੍ਰੀਤ ਸਿੰਘ ਪੁੱਤਰ ਗੁਰਦਾਸ ਸਿੰਘ ਹੈ।
Leave a Reply