ਕਾਂਗਰਸ ਨਾਲ ਸਾਂਝ ਤੋਂ ਸਾਂਝੇ ਮੋਰਚੇ ਵਿਚ ਰੱਫੜ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਬਣਾਉਣ ਵਾਲੇ ਸ਼ ਮਨਪ੍ਰੀਤ ਸਿੰਘ ਬਾਦਲ ਦੇ ਪੈਰ ਸਿਆਸੀ ਪਿੜ ਵਿਚ ਲੱਗ ਨਹੀਂ ਰਹੇ ਹਨ। ਉਸ ਵੱਲੋਂ ਵਿੱਢੀ ਮੁਹਿੰਮ ਕੋਈ ਅਸਰਦਾਰ ਪੈੜ ਪਾਏ ਬਗੈਰ ਹੀ ਦਮ ਤੋੜਨ ਲੱਗੀ ਹੈ। ਮਨਪ੍ਰੀਤ ਬਾਦਲ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨਾਲ ਹੱਥ ਮਿਲਾਉਣ ਲਈ ਕਾਹਲਾ ਹੈ ਪਰ ਸਾਂਝੇ ਮੋਰਚੇ ਦੇ ਆਗੂ ਅਤੇ ਉਸ ਦੀ ਆਪਣੀ ਪਾਰਟੀ ਦਾ ਇਕ ਧੜਾ ਉਸ ਖ਼ਿਲਾਫ਼ ਡਟ ਗਿਆ ਹੈ।
ਸ਼ ਮਨਪ੍ਰੀਤ ਬਾਦਲ ਨੇ ਸ਼ਹੀਦ ਭਗਤ ਸਿੰਘ ਅਤੇ ਆਜ਼ਾਦੀ ਦੇ ਹੋਰ ਪਰਵਾਨਿਆਂ ਦਾ ਨਾਂ ਲੈ ਕੇ ਨਿਜ਼ਾਮ ਬਦਲਣ ਦਾ ਹੋਕਾ ਦਿੱਤਾ ਸੀ ਜਿਸ ਨੂੰ ਪੰਜਾਬੀਆਂ ਨੇ ਗਰਮਜੋਸ਼ੀ ਨਾਲ ਹੁੰਗਾਰਾ ਭਰਿਆ ਸੀ। ਖਟਕੜ ਕਲਾਂ ਵਿਚ ਹੋਏ ਇਕੱਠ ਨੇ ਤਾਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਦੀ ਵੀ ਨੀਂਦ ਉਡਾ ਦਿੱਤੀ ਸੀ। ਇਕ ਸਮਾਂ ਉਹ ਵੀ ਸੀ ਜਦੋਂ ਸੂਬੇ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਆਪਣੀ ਮੁੱਖ ਵਿਰੋਧੀ ਧਿਰ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਮੰਨਣ ਲੱਗ ਪਈਆਂ ਸਨ ਪਰ ਵਿਧਾਨ ਸਭਾ ਚੋਣਾਂ ਵਿਚ ਮਿਲੇ ਨਾਂ-ਮਾਤਰ ਹੁੰਗਾਰੇ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਸਿਆਸੀ ਭਵਿੱਖ ਹੀ ਦਾਅ ਉਤੇ ਲੱਗ ਗਿਆ। ਇਸ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਉਸ ਦਾ ਮੁੱਖ ਨਿਸ਼ਾਨਾ ਨਿਜ਼ਾਮ ਨੂੰ ਬਦਲਣਾ ਨਹੀਂ, ਸਗੋਂ ਆਪਣੇ ਤਾਏ ਦੇ ਪੁੱਤ ਸੁਖਬੀਰ ਸਿੰਘ ਬਾਦਲ ਨੂੰ ਠਿੱਬੀ ਲਾਉਣਾ ਹੈ। ਇਸ ਮਾਮਲੇ ‘ਤੇ ਮਨਪ੍ਰੀਤ ਅਤੇ ਕਾਂਗਰਸ ਵਿਚਕਾਰ ਹੌਲੀ ਹੌਲੀ ਸਾਂਝ ਵੀ ਬਣ ਗਈ ਅਤੇ ਹੁਣ ਕਾਂਗਰਸ, ਮਨਪੀ੍ਰਤ ਨਾਲ ਰਲ ਕੇ ਬਾਦਲਾਂ ਖਿਲਾਫ ਪਿੜ ਬੰਨ੍ਹਣ ਲਈ ਕਾਹਲੀ ਹੈ। ਸਿਆਸੀ ਮਾਹਿਰ ਤਾਂ ਅਜੇ ਤੱਕ ਕਹਿ ਰਹੇ ਹਨ ਕਿ ਜੇ ਵਿਧਾਨ ਸਭਾ ਚੋਣਾਂ ‘ਚ ਮਨਪ੍ਰੀਤ ਬਾਦਲ ਕਾਂਗਰਸ ਨਾਲ ਹੱਥ ਮਿਲਾ ਲੈਂਦਾ ਤਾਂ ਹਾਲਾਤ ਵੱਖਰੇ ਹੋਣੇ ਸਨ।
ਉਧਰ, ਮਨਪ੍ਰੀਤ ਬਾਦਲ ਦੀ ਕਾਂਗਰਸ ਨਾਲ ਨੇੜਤਾ ਵਿਰੁਧ ਪੀਪਲਜ਼ ਪਾਰਟੀ ਆਫ਼ ਪੰਜਾਬ ‘ਚ ਅੰਦਰੂਨੀ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਪਾਰਟੀ ਦੇ ਦੋ ਸੀਨੀਅਰ ਮੀਤ ਪ੍ਰਧਾਨਾਂ ਸਮੇਤ ਕਈ ਹੋਰ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਕਾਂਗਰਸ ਨਾਲ ‘ਹੱਥ ਮਿਲਾਉਣ’ ਤੋਂ ਵਰਜ ਦਿੱਤਾ ਹੈ। ਪਾਰਟੀ ਦੇ ਉੱਚ ਨੇਤਾਵਾਂ ਨੇ ਉਨ੍ਹਾਂ ਨਾਲ ਗੁਪਤ ਮੀਟਿੰਗ ਕੀਤੀ ਹੈ। ਸੂਤਰਾਂ ਅਨੁਸਾਰ ਸ਼ਹੀਦ ਭਗਤ ਸਿੰਘ ਸੰਧੂ ਦੇ ਭਤੀਜੇ ਤੇ ਸੀਨੀਅਰ ਮੀਤ ਪ੍ਰਧਾਨ ਅਭੈ ਸਿੰਘ ਸੰਧੂ ਨੇ ਸ਼ ਮਨਪ੍ਰੀਤ ਬਾਦਲ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਸਮੇਤ ਹਾਕਮ ਪਾਰਟੀ ਨਾਲ ਗੱਠਜੋੜ ਕਰਨ ‘ਤੇ ਭਵਿੱਖ ਵਿਚ ਉਨ੍ਹਾਂ ਨਾਲ ਨਹੀਂ ਚੱਲ ਸਕਣਗੇ।
ਇਸ ਦੀ ਪੁਸ਼ਟੀ ਕਰਦਿਆਂ ਅਭੈ ਸੰਧੂ ਨੇ ਕਿਹਾ ਹੈ ਕਿ ਉਹ ਮਨਪ੍ਰੀਤ ਵੱਲੋਂ ਕਾਂਗਰਸ ਨਾਲ ਸਾਂਝ ਪਾਉਣ ਦੇ ਖਿਲਾਫ ਹਨ। ਉਹ ਹੋਰ ਕਈ ਅਹੁਦੇਦਾਰਾਂ ਸਮੇਤ ਆਪਣਾ ਵਿਰੋਧ ਪਾਰਟੀ ਪ੍ਰਧਾਨ ਕੋਲ ਪਹੁੰਚਾ ਚੁੱਕੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਮਿਲ ਕੇ ਸ਼ਹੀਦਾਂ ਦੇ ਨਾਂ ਨਾਲ ਦਗ਼ਾ ਨਾ ਕਰਨ ਦੀ ਨਸੀਹਤ ਵੀ ਦਿੱਤੀ ਹੈ। ਮੀਟਿੰਗ ਵਿਚ ਸ਼ ਬਾਦਲ ਦੇ ਨਜ਼ਦੀਕੀ ਸਾਥੀ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਮੇਤ ਕੇਂਦਰੀ ਕਮੇਟੀ ਦੇ ਮੈਂਬਰ ਭਾਰਤ ਭੂਸ਼ਣ ਥਾਪਰ ਵੀ ਮੌਜੂਦ ਸਨ। ਥਾਪਰ ਸ਼ਹੀਦ ਸੁਖਦੇਵ ਦੇ ਭਤੀਜੇ ਹਨ।
ਇਨ੍ਹਾਂ ਨੇਤਾਵਾਂ ਨੇ ਮਨਪ੍ਰੀਤ ਨੂੰ ਇਹ ਵੀ ਕਹਿ ਦਿੱਤਾ ਹੈ ਕਿ ਉਹ ਪਾਰਟੀ ਵੱਲੋਂ 20 ਨਵੰਬਰ ਦੀ ਆਲ ਪਾਰਟੀ ਕਨਵੈਨਸ਼ਨ ਸੱਦਣ ਦੇ ਵੀ ਹੱਕ ਵਿਚ ਨਹੀਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਤੇ ਬਸਪਾ ਕਦੇ ਵੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਲਈ ਰਾਜ਼ੀ ਨਹੀਂ ਹੋਣਗੀਆਂ ਜਦੋਂਕਿ ਖੱਬੀਆਂ ਪਾਰਟੀਆਂ ਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਪਹਿਲਾਂ ਹੀ ਨਾਲ ਚੱਲ ਰਹੀਆਂ ਹਨ। ਇਨ੍ਹਾਂ ਨੇਤਾਵਾਂ ਨੇ ਮਨਪ੍ਰੀਤ ਨੂੰ ਖਟਕੜ ਕਲਾਂ ਦੀ ਮਿੱਟੀ ਦੀ ਸਹੁੰ ਖਾਣ ਦਾ ਵਾਅਦਾ ਵੀ ਚੇਤਾ ਕਰਾਇਆ।
ਇਸ ਤੋਂ ਪਹਿਲਾਂ ਪਿਛਲੀ ਮੀਟਿੰਗ ਦੌਰਾਨ ਸਾਂਝੇ ਮੋਰਚੇ ਵਿਚ ਸ਼ਾਮਲ ਖੱਬੇ ਪੱਖੀ ਪਾਰਟੀਆਂ ਨੇ ਵੀ ਮਨਪ੍ਰੀਤ ਨੂੰ ਕਾਂਗਰਸ ਜਾਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੇ ਲਗਦੇ ਦੋਸ਼ਾਂ ਕਰ ਕੇ ਘੇਰ ਲਿਆ ਸੀ। ਸਾਂਝੇ ਮੋਰਚੇ ਦੀ ਮੀਟਿੰਗ ਵਿਚ ਮਨਪ੍ਰੀਤ ਨੇ ਇਹ ਸਾਰੇ ਦੋਸ਼ ਰੱਦ ਕਰ ਦਿੱਤੇ ਸਨ। ਸੂਤਰਾਂ ਅਨੁਸਾਰ ਪੀਪਲਜ਼ ਪਾਰਟੀ ਦੇ ਕਈ ਉੱਚ ਨੇਤਾਵਾਂ ਨੇ ਮਨਪ੍ਰੀਤ ਬਾਦਲ ਨਾਲ ਜਲੰਧਰ ਵਿਚ ਮੀਟਿੰਗ ਕਰ ਕੇ ਉਸ ਤੋਂ ਕਾਂਗਰਸ ਨਾਲ ਚੋਣ ਗੱਠਜੋੜ ਕਰਨ ਦਾ ਵਾਅਦਾ ਲਿਆ ਹੈ। ਮੀਟਿੰਗ ਵਿਚ ਮਨਪ੍ਰੀਤ ਉੱਤੇ ਚੋਣ ਫੰਡ ਵਿਚ ਗਬਨ ਕਰਨ ਦਾ ਮਾਮਲਾ ਵੀ ਉਠਿਆ ਸੀ। ਇਨ੍ਹਾਂ ਦੋਸ਼ਾਂ ਦੀ ਜਾਂਚ ਕਰਾਉਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਕਮੇਟੀ ਵਿਚ ਭਾਰਤ ਭੂਸ਼ਨ ਥਾਪਰ, ਵਕੀਲ ਸੁਖਦੀਪ ਸਿੰਘ ਭਿੰਡਰ ਤੇ ਸੁਖਦੇਵ ਸਿੰਘ ਚਾਹਲ ਨੂੰ ਸ਼ਾਮਲ ਕੀਤਾ ਗਿਆ ਹੈ।
ਦੂਜੇ ਪਾਸੇ, ਪਾਰਟੀ ਦੇ ਸਕੱਤਰ ਅਰੁਣਜੋਤ ਸਿੰਘ ਸੋਢੀ ਨੇ ਇਸ ਕਮੇਟੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਮੇਟੀ ਨੂੰ ਨਾਮਨਜ਼ੂਰ ਕਰਦਿਆਂ ਹਾਈ ਕੋਰਟ ਦੇ ਕਿਸੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਜਾਂਚ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੇਵਾਮੁਕਤ ਜਸਟਿਸ ਦੀ ਅਗਵਾਈ ਹੇਠ ਬਣਨ ਵਾਲੀ ਇਸ ਕਮੇਟੀ ਦੀ ਰਿਪੋਰਟ ਪਾਰਟੀ ਦੇ 16 ਦਸੰਬਰ ਦੇ ਜਨਰਲ ਇਜਲਾਸ ਵਿਚ ਪੇਸ਼ ਕੀਤੀ ਜਾਵੇਗੀ।
Leave a Reply