ਭਾਰਤ ਵਿਚ ਹੋਰ ਤੇ ਕੈਨੇਡਾ ਵਿਚ ਹੋਰ ਬਿਆਨ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ‘ਖਿਆਲਾਂ ਦੀ ਆਜ਼ਾਦੀ’ ਦੀ ਹਾਮੀ ਭਰਨ ਵਾਲਾ ਮੁਲਕ ਕੈਨੇਡਾ ਸਿੱਖਾਂ ਦੇ ਇਕ ਧੜੇ ਵੱਲੋਂ ਕੀਤੀ ਜਾ ਰਹੀ ਵੱਖਰੇ ਮੁਲਕ ‘ਖਾਲਿਸਤਾਨ’ ਦੀ ਮੰਗ ਬਾਰੇ ਕੋਈ ਵੀ ਫੈਸਲਾਕੁਨ ਕੂਟਨੀਤਕ ਅਤੇ ਸਿਆਸੀ ਪੈਂਤੜਾ ਨਹੀਂ ਲੈ ਸਕਿਆ। ਇਹ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜਾਹਨ ਬੇਅਰਡ ਦੇ ਭਾਰਤ ਦੌਰੇ ਦੌਰਾਨ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਨ੍ਹਾਂ ਦੋਵਾਂ ਆਗੂਆਂ ਨੇ ਭਾਰਤ ਵਿਚ ਆ ਕੇ ਸਿੱਧੇ ਰੂਪ ‘ਚ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ ਪਰ ਦੇਸ਼ ਪਰਤ ਕੇ ਇਨ੍ਹਾਂ ਬਿਆਨਾਂ ਦੀ ਵੱਖਰੇ ਢੰਗ ਨਾਲ ਵਿਆਖਿਆ ਕੀਤੀ।
ਦੋਵਾਂ ਆਗੂਆਂ ਵੱਲੋਂ ਭਾਰਤੀ ਦੌਰੇ ਦੌਰਾਨ ਅਤੇ ਕੈਨੇਡਾ ਪਰਤ ਕੇ ਕੀਤੀ ਬਿਆਨਬਾਜ਼ੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੈਨੇਡਾ ਸਰਕਾਰ ਦਾ ਸਿਰਫ ਤੇ ਸਿਰਫ ਸਿੱਖ ਭਾਈਚਾਰੇ ਦੀ ਵੋਟ ਬੈਂਕ ਨਾਲ ਸਰੋਕਾਰ ਹੈ। ਉਂਜ ਵੀ ਕੈਨੇਡਾ ਸਰਕਾਰ ਦੀ ਨੀਅਤ ਉਸ ਦੇ ਆਪਣੇ ਸੂਬੇ ਕਿਊਬਿਕ ਬਾਰੇ ਪਹੁੰਚ ਤੋਂ ਸਪਸ਼ਟ ਹੋ ਜਾਂਦੀ ਹੈ। ਕੈਨੇਡਾ ਸਰਕਾਰ ਸਿੱਖਾਂ ਨੂੰ ਸਹਿੰਦਾ-ਸਹਿੰਦਾ ਬੋਲਣ ਦਾ ਹੱਕ ਦੇਣ ਲਈ ਤਾਂ ਰਾਜ਼ੀ ਹੈ ਪਰ ਖਾਲਿਸਤਾਨ ਦੇ ਮੁੱਦੇ ‘ਤੇ ਉਹ ਕਦੇ ਵੀ ਸਿੱਖ ਗਰਮਖਿਆਲੀਆਂ ਨਾਲ ਨਹੀਂ ਖੜ੍ਹੇਗੀ।
ਅਸਲ ਵਿਚ ਭਾਰਤੀ ਦੌਰੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਹਾਰਪਰ ਮੁਲਕ ਵਿਚ ਸਿੱਖ ਗਰਮਖਿਆਲੀਆਂ ਬਾਰੇ ਸਵਾਲਾਂ ਨੂੰ ਲੈ ਕੇ ਦੋਚਿੱਤੀ ਵਿਚ ਪੈ ਗਏ ਪਰ ਉਨ੍ਹਾਂ ਨੇ ਬੜੀ ਚਲਾਕੀ ਨਾਲ ਇਹ ਕਹਿ ਕੇ ਆਪਣਾ ਬਚਾਅ ਕਰ ਲਿਆ ਕਿ ਉਨ੍ਹਾਂ ਦੀ ਸਰਕਾਰ ‘ਖਿਆਲਾਂ ਦੀ ਆਜ਼ਾਦੀ’ ਦੇ ਰਾਹ ਦਾ ਰੋੜਾ ਨਹੀਂ ਬਣੇਗੀ। ਉਨ੍ਹਾਂ ਨੇ ਸਪਸ਼ਟ ਕਿਹਾ ਕਿ ਖਾਲਿਸਤਾਨ ਦੇ ਨਾਂ ‘ਤੇ ਹਿੰਸਾ ਨੂੰ ਕਿਸੇ ਵੀ ਰੂਪ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਮਾਮਲੇ ਵਿਚ ਕੈਨੇਡਾ ਸਰਕਾਰ ਭਾਰਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ ਪਰ ਵਾਪਸ ਵਤਨ ਪਰਤਦਿਆਂ ਹੀ ਜਨਾਬ ਹਾਰਪਰ ਨੇ ਪੈਂਤੜਾ ਬਦਲਦਿਆਂ ਕਿਹਾ ਕਿ ਕੈਨੇਡਾ ਦੇ ਸਿੱਖ ਭਾਈਚਾਰੇ ਵੱਲੋਂ ਉਠਾਈ ਜਾ ਰਹੀ ‘ਖਾਲਿਸਤਾਨ’ ਦੀ ਮੰਗ ਬੇਸ਼ਕ ਸਰਕਾਰਾਂ ਵਾਸਤੇ ਇਤਰਾਜ਼ਯੋਗ ਹੈ ਪਰ ਇਸ ਨੂੰ ਦਬਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਤਿਵਾਦ ਜਾਂ ਹਿੰਸਾ ਅਤੇ ਲੋਕਾਂ ਦੇ ਵਿਚਾਰਾਂ ਦੀ ਆਜ਼ਾਦੀ ਦਰਮਿਆਨ ਭੰਬਲਭੂਸਾ ਨਹੀਂ ਪਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਸਿਆਸੀ ਤੌਰ ‘ਤੇ ਭਾਰਤ ਅਤੇ ਕੈਨੇਡਾ ਦੀ ਅਸਹਿਮਤੀ ਹੋ ਸਕਦੀ ਹੈ ਪਰ ਉਹ ਸਿਆਸੀ ਖਿਆਲਾਂ ਦੀ ਆਜ਼ਾਦੀ ਦੇ ਹੱਕ ਵਿਚ ਦਖਲ ਨਹੀਂ ਦੇ ਸਕਦੇ। ਸਿਰਫ ਖਾਲਿਸਤਾਨ ਦੀ ਮੰਗ ਕਰਨਾ ਕੈਨੇਡਾ ਵਿਚ ਨਾ ਤਾਂ ਕੋਈ ਜੁਰਮ ਹੈ, ਨਾ ਹੀ ਨਾਜਾਇਜ਼।
ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ ਕੈਨੇਡਾ ਦੇ ਵਿਦੇਸ਼ ਮੰਤਰੀ ਜਾਹਨ ਬੇਅਰਡ ਦੇ ਖਾਲਿਸਤਾਨੀ ਲਹਿਰ ਬਾਰੇ ਬਿਆਨਾਂ ਮਗਰੋਂ ਸਿੱਖ ਭਾਈਚਾਰੇ ਦੇ ਇਕ ਹਿੱਸੇ ਨੇ ਰੋਸ ਪ੍ਰਗਟ ਕੀਤਾ ਸੀ ਜਿਸ ਮਗਰੋਂ ਮੰਤਰੀ ਨੂੰ ਇਕ ਪੱਤਰ ਲਿਖ ਕੇ ਆਪਣੀ ਸਥਿਤੀ ਸਪੱਸ਼ਟ ਕਰਨੀ ਪਈ ਸੀ। ਅਸਲ ਵਿਚ ਕੈਨੇਡਾ ਸਰਕਾਰ ਨੇ ਅਜੇ ਤੱਕ ਸਿੱਖਾਂ ਵੱਲੋਂ ਖਾਲਿਸਤਾਨ ਦੀ ਮੰਗ ਬਾਰੇ ਫੈਸਲਾਕੁਨ ਪੈਂਤੜਾ ਨਹੀਂ ਮੱਲਿਆ ਹੈ। ਉਹ ਸੰਵਿਧਾਨ ਦੀ ਵੀ ਆਪਣੇ ਢੰਗ ਨਾਲ ਵਿਆਖਿਆ ਕਰ ਕੇ ਉਸ ਨੂੰ ਸਿਆਸੀ ਲਾਹੇਵੰਦੀਆਂ ਲਈ ਵਰਤ ਰਹੀ ਹੈ।
ਸਿੱਖਾਂ ਦੀ ਖੁਦਮੁਖਤਿਆਰੀ ਅਤੇ ਹੱਕਾਂ ਲਈ ਜਦੋਜਹਿਦ ਕਰ ਰਹੀ ਸੰਸਥਾ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਹਾਰਪਰ ਨੇ ਕੈਨੇਡਾ ਦੇ ਫਰੀਡਮ ਆਫ ਚਾਰਟਰ ਦੀ ਗੱਲ ਕਰਦਿਆਂ ਸਿੱਖਾਂ ਨੂੰ ਇਥੇ ਆਪਣੀ ਗੱਲ ਕਹਿਣ ਦੀ ਵਕਾਲਤ ਕੀਤੀ ਹੈ ਤੇ ਹੁਣ ਭਾਰਤ ਸਰਕਾਰ ਨੂੰ ਵੀ ਇਹ ਗੱਲ ਭਲੀ-ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਦੁਨੀਆ ਵਿਚ ਵਸਦੇ ਕਾਨੂੰਨੀ ਦਾਇਰੇ ਵਿਚ ਰਹਿ ਕੇ ਆਪਣਾ ਹੱਕ ਮੰਗਦੇ ਸਿੱਖਾਂ ਉੱਤੇ ‘ਅਤਿਵਾਦੀ/ਵੱਖਵਾਦੀ’ ਹੋਣ ਦਾ ਠੱਪਾ ਨਹੀਂ ਲਾਇਆ ਜਾ ਸਕਦਾ।
ਵਰਲਡ ਸਿੱਖ ਸੰਸਥਾ ਦੇ ਬੁਲਾਰੇ ਬਲਪ੍ਰੀਤ ਸਿੰਘ ਨੇ ਸਟੀਫਨ ਹਾਰਪਰ ਦੇ ਕੈਨੇਡਿਆਈ ਕਦਰਾਂ-ਕੀਮਤਾਂ ਨਾਲ ਖੜ੍ਹਨ ਦੀ ਸ਼ਲਾਘਾ ਕੀਤੀ। ਜਨਾਬ ਹਾਰਪਰ ਪਿਛਲੇ ਹਫਤੇ ਤੋਂ ਵਪਾਰਕ ਸਮਝੌਤਿਆਂ ਵਾਸਤੇ ਭਾਰਤ ਗਏ ਸਨ। ਸੂਤਰਾਂ ਮੁਤਾਬਕ ਭਾਰਤੀ ਸਿਆਸਤਦਾਨਾਂ ਨੇ ਉਨ੍ਹਾਂ ਕੋਲ ਕੈਨੇਡਾ ਵਿਚ ਸਿਰ ਚੁੱਕਦੀ ਖਾਲਿਸਤਾਨ ਦੀ ਮੰਗ ਦਾ ਮਾਮਲਾ ਵੀ ਉਠਾਇਆ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਵਿਦੇਸ਼ ਮਾਮਲਿਆਂ ਦੇ ਮੰਤਰੀ ਪਰਨੀਤ ਕੌਰ ਵੱਲੋਂ ਕੈਨੇਡਾ ਵਿਚ ਮੁੜ ਪਣਪ ਰਹੀਆਂ ਭਾਰਤ ਵਿਰੋਧੀ ਕਾਰਵਾਈਆਂ ‘ਤੇ ਚਿੰਤਾ ਪ੍ਰਗਟਾਈ ਗਈ।
ਜਨਾਬ ਹਾਰਪਰ ਨੇ ਭਰੋਸਾ ਦਿਵਾਇਆ ਕਿ ਉਹ ਇਸ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਵਾਚ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਹੁਗਿਣਤੀ ਇੰਡੋ-ਕੈਨੇਡੀਅਨ ਲੋਕ ਅਜਿਹੀਆਂ ਪਿਛਾਂਹ ਖਿੱਚੂ ਗੱਲਾਂ ਤੋਂ ਪਾਸੇ ਹਟ ਕੇ ਆਪਣੀ ਤਰੱਕੀ ਲਈ ਮਿਹਨਤ ਕਰ ਰਹੇ ਹਨ ਤੇ ਉਹ ਅਜਿਹੀ ਕੁੜੱਤਣ ਉਭਾਰਨ ਦੀ ਇੱਛਾ ਨਹੀਂ ਰੱਖਦੇ।
_________________________
ਹਾਰਪਰ ਦੀ ਆਮਦ ‘ਤੇ ਦਰਬਾਰ ਸਾਹਿਬ ‘ਚ ਸੰਗਤ ਨੂੰ ਉਠਾਇਆ
ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਫੇਰੀ ਦੌਰਾਨ ਦਰਬਾਰ ਸਾਹਿਬ ਨੂੰ ਖਾਲੀ ਕਰਵਾਉਣ ਦੀ ਕੀਤੀ ਕਾਰਵਾਈ ਨੇ ਜਿਥੇ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਭਾਰੀ ਸੱਟ ਮਾਰੀ ਹੈ, ਉਥੇ ਹੀ ਦਰਬਾਰ ਸਾਹਿਬ ਵਿਖੇ ਚੱਲ ਰਹੇ ਰਸਭਿੰਨੇ ਸ਼ਬਦ ਕੀਰਤਨ ਵਿਚ ਮੰਤਰ ਮੁਗਧ ਹੋਈਆਂ ਸੰਗਤਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਆਮਦ ਤੋਂ ਚੰਦ ਕੁ ਮਿੰਟ ਪਹਿਲਾਂ ਬੜੀ ਹੀ ਕਾਹਲੀ ਵਿਚ ਇਕ ਸਿੱਖ ਪੁਲਿਸ ਅਧਿਕਾਰੀ ਨੇ ਅੰਦਰ ਆ ਕੇ ਦਰਬਾਰ ਸਾਹਿਬ ਵਿਚ ਬੈਠੀ ਸੰਗਤ ਨੂੰ ਉਠਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਦਰਬਾਰ ਸਾਹਿਬ ਵਿਚ ਸ਼ਬਦ ਕੀਰਤਨ ਸਰਵਣ ਕਰ ਰਹੀ ਵੱਡੀ ਗਿਣਤੀ ਵਿਚ ਸੰਗਤ ਮਜਬੂਰਨ ਉੱਠ ਕੇ ਬਾਹਰ ਚਲੀ ਗਈ। ਇਸੇ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਹਾਜ਼ਰ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਨੇ ਉਕਤ ਪੁਲਿਸ ਅਧਿਕਾਰੀ ਦੀ ਹਰਕਤ ਦਾ ਸਖ਼ਤ ਨੋਟਿਸ ਲੈਦਿਆਂ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।
______________________________
ਭਾਰਤ-ਕੈਨੇਡਾ ਵਪਾਰ ਤਿੰਨ ਗੁਣਾ ਵਧੇਗਾ: ਟਿਮ ਉਪਲ
ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਦੌਰੇ ਦੌਰਾਨ ਹੋਏ ਸਮਝੌਤਿਆਂ ਦੀ ਬਦੌਲਤ ਕੈਨੇਡਾ-ਭਾਰਤ ਵਪਾਰ ਆਉਣ ਵਾਲੇ ਤਿੰਨ ਸਾਲਾਂ ਵਿਚ ਤਿੰਨ ਗੁਣਾਂ ਵਧ ਜਾਵੇਗਾ। ਇਹ ਪ੍ਰਗਟਾਵਾ ਕੈਨੇਡਾ ਦੇ ਜਨਤਕ ਸੁਧਾਰਾਂ ਬਾਰੇ ਮੰਤਰੀ ਟਿਮ ਉਪਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੂਜੀ ਵਾਰ ਭਾਰਤ ਆਏ ਹਨ ਤੇ ਸਭ ਤੋਂ ਲੰਬਾ ਸਮਾਂ ਛੇ ਦਿਨ ਭਾਰਤ ਵਿਚ ਠਹਿਰਨ ਵਾਲੇ ਵਿਦੇਸ਼ੀ ਪ੍ਰਧਾਨ ਮੰਤਰੀ ਹਨ।
ਉਨ੍ਹਾਂ ਨਾਲ ਹੀ ਕਿਹਾ ਕਿ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿਜਦਾ ਕਰਨ ਵਾਲੇ ਵੀ ਉਹ ਪਹਿਲੇ ਵਿਦੇਸ਼ੀ ਪ੍ਰਧਾਨ ਮੰਤਰੀ ਹਨ। ਜਨਾਬ ਟਿਮ ਉਪਲ ਨੇ ਕਿਹਾ ਕਿ ਇਸ ਵੇਲੇ ਭਾਰਤ ਤੇ ਕੈਨੇਡਾ ਵਿਚਕਾਰ ਪੰਜ ਬਿਲੀਅਨ ਡਾਲਰ ਦਾ ਸਾਲਾਨਾ ਵਪਾਰ ਹੋ ਰਿਹਾ ਹੈ ਜੋ 2015 ਤੱਕ ਵਧ ਕੇ 15 ਬਿਲੀਅਨ ਡਾਲਰ ਹੋ ਜਾਵੇਗਾ। ਇਹ ਵਾਧਾ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੀ ਦੂਰ-ਅੰਦੇਸ਼ੀ ਸੋਚ ਦਾ ਨਤੀਜਾ ਹੈ।
_____________________________
ਕੈਨੇਡਾ ‘ਚ ਕਬੱਡੀ ਦੀ ਬੱਲੇ-ਬੱਲੇ: ਗੋਸਲ
ਅੰਮ੍ਰਿਤਸਰ: ਕੈਨੇਡਾ ਦੇ ਖੇਡ ਮੰਤਰੀ ਬਲਜੀਤ ਸਿੰਘ ਗੋਸਲ ਨੇ ਆਪਣੇ ਭਾਰਤ ਦੌਰੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਦਾ ਸ਼ੁਕਰਾਨਾ ਕੀਤਾ। ਬੰਗਾ ਨੇੜਲੇ ਪਿੰਡ ਰਟੈਂਡਾ ਨਾਲ ਸਬੰਧਤ ਗੋਸਲ ਨੇ ਦੱਸਿਆ ਕਿ ਉਹ ਭਾਰਤ ਦੇ ਖੇਡ ਮੰਤਰੀ ਨੂੰ ਮਿਲੇ ਹਨ ਤੇ ਦੋਵਾਂ ਮੁਲਕਾਂ ਵਿਚਾਲੇ ਖੇਡ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਹੋਈ ਹੈ।
ਉਨ੍ਹਾਂ ਆਖਿਆ ਕਿ ਉਹ ਨਸ਼ਾ ਮੁਕਤ ਖੇਡਾਂ ਦੇ ਹੱਕ ਵਿਚ ਹਨ। ਉਨ੍ਹਾਂ ਆਖਿਆ ਕਿ ਭਾਰਤ ਵਿਚ ਵੀ ਨਸ਼ਾ ਮੁਕਤ ਖੇਡਾਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਕੈਨੇਡਾ ਵਿਚ ਵੀ ਕਬੱਡੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਦੇ ਕਈ ਸੂਬਿਆਂ ਵਿਚ ਜਿੱਥੇ ਵਧੇਰੇ ਪੰਜਾਬੀ ਹਨ, ਕਬੱਡੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਗੋਸਲ, ਕੈਨੇਡਾ ਦੇ ਬਰੈਮਲੀ ਗੋਰ ਮਾਲਟਨ ਹਲਕੇ ਤੋਂ ਸੰਸਦ ਮੈਂਬਰ ਹਨ ਤੇ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਹਨ।
Leave a Reply