ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੈਬਸਾਈਟ ਕੋਬਰਾ ਪੋਸਟ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕਰਕੇ ਭਾਰਤੀ ਜਨਤੀ ਪਾਰਟੀ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕੋਬਰਾ ਪੋਸਟ ਮੁਤਾਬਕ 1992 ਵਿਚ ਬਾਬਰੀ ਮਸਜਿਦ ਨੂੰ ਯੋਜਨਾਬੱਧ ਤਰੀਕੇ ਨਾਲ ਡੇਗਿਆ ਗਿਆ ਸੀ। ਕੋਬਰਾ ਪੋਸਟ ਨੇ ਰਾਮ ਮੰਦਰ ਅੰਦੋਲਨ ਨਾਲ ਜੁੜੇ 23 ਲੋਕਾਂ ਦਾ ਸਟਿੰਗ ਆਪਰੇਸ਼ਨ ਕੀਤਾ ਜਿਸ ਨੂੰ ‘ਆਪਰੇਸ਼ਨ ਜਨਮ ਭੂਮੀ’ ਦਾ ਨਾਂ ਦਿੱਤਾ।
ਕੋਬਰਾ ਪੋਸਟ ਦੇ ਸੰਪਾਦਕ ਅਨਿਰੁਧ ਬਹਿਲ ਨੇ ਦਾਅਵਾ ਕੀਤਾ ਕਿ ਬਾਬਰੀ ਮਸਜਿਦ ਦੇ ਢਾਂਚੇ ਨੂੰ ਸਾਜ਼ਿਸ਼ ਤਹਿਤ ਡੇਗਿਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਸਟਿੰਗ ਆਪਰੇਸ਼ਨ 23 ਹਿੰਦੂ ਨੇਤਾਵਾਂ ‘ਤੇ ਕੀਤਾ ਗਿਆ ਜੋ ਕਰੀਬ ਦੋ ਸਾਲ ਤੋਂ ਚੱਲ ਰਿਹਾ ਸੀ। ਇਸ ਮੌਕੇ ਰਿਕਾਰਡ ਕੀਤੀ ਇੰਟਰਵਿਊ ਵੀ ਵਿਖਾਈ ਗਈ। ਖੁਲਾਸੇ ਤੋਂ ਪਤਾ ਲਗਦਾ ਹੈ ਕਿ ਇਸ ਢਾਂਚੇ ਨੂੰ ਡੇਗਣ ਦੀ ਜਾਣਕਾਰੀ ਨਾ ਸਿਰਫ ਭਾਜਪਾ ਨੇਤਾਵਾਂ ਨੂੰ ਸੀ ਬਲਕਿ ਇਸ ਲਈ ਕਾਰ ਸੇਵਕਾਂ ਨੂੰ ਪੂਰੀ ਤਿਆਰੀ ਵੀ ਕਰਵਾਈ ਗਈ ਸੀ। ਅਨਿਰੁਧ ਬਹਿਲ ਨੇ ਭਾਜਪਾ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਇਸ ਦੇ ਪਿੱਛੇ ਕਾਂਗਰਸ ਪਾਰਟੀ ਦਾ ਕੋਈ ਹੱਥ ਹੈ।
ਕੋਬਰਾ ਪੋਸਟ ਮੁਤਾਬਕ ਸੰਘ ਪਰਿਵਾਰ ਦੀਆਂ ਵੱਖ-ਵੱਖ ਬਰਾਂਚਾਂ ਨੇ 6 ਦਸੰਬਰ, 1992 ਨੂੰ ਅਯੋਧਿਆ ਵਿਚ ਵਿਵਾਦਿਤ ਢਾਂਚੇ ਨੂੰ ਡੇਗਣ ਲਈ ਯੋਜਨਾ ਬਣਾਈ। ਯੋਜਨਾ ਬੜੇ ਗੁਪਤ ਤਰੀਕੇ ਨਾਲ ਫ਼ੌਜੀ ਯੋਜਨਾ ਦੀ ਤਰਜ਼ ‘ਤੇ ਬਣਾਈ ਗਈ ਸੀ। ਇਸ ਲਈ ਕਾਰਕੁਨਾਂ ਨੂੰ ਬਾਕਾਇਦਾ ਸਿਖਲਾਈ ਤੇ ਹਰੇਕ ਪ੍ਰਕਾਰ ਦੀ ਮਦਦ ਦਿੱਤੀ ਗਈ। ਸਿਖਲਾਈ ਪ੍ਰਾਪਤ ਕਾਰਕੁਨ ਭੀੜ ਵਿਚ ਸ਼ਾਮਲ ਹੋ ਗਏ ਤੇ ਵਿਵਾਦਿਤ ਢਾਂਚੇ ਨੂੰ ਡੇਗ ਦਿੱਤਾ। ਸਿਖਲਾਈ ਲਈ ਜਿਨ੍ਹਾਂ ਲੋਕਾਂ ਨੂੰ ਭਰਤੀ ਕੀਤਾ ਗਿਆ, ਉਨ੍ਹਾਂ ਨੂੰ ਸਿਰਫ਼ ਮਹੀਨਾ ਪਹਿਲਾਂ ਇਸ ਬਾਰੇ ਜਾਣਕਾਰੀ ਦਿੱਤੀ ਗਈ।
ਗੁਜਰਾਤ ਵਿਚ ਬਜਰੰਗ ਦਲ ਨੇ 38 ਕਾਡਰਾਂ ਲਈ ਮਹੀਨੇ ਦਾ ਸਿਖਲਾਈ ਪ੍ਰੋਗਰਾਮ ਰੱਖਿਆ ਸੀ। ਜਿਨ੍ਹਾਂ ਲੋਕਾਂ ਨੇ ਸਿਖਲਾਈ ਦਿੱਤੀ, ਉਹ ਫ਼ੌਜ ਤੋਂ ਸੇਵਾ ਮੁਕਤ ਹੋਏ ਉਚ ਅਧਿਕਾਰੀ ਸਨ। ਕੋਬਰਾ ਪੋਸਟ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਭੀੜ ਕਾਬੂ ਤੋਂ ਬਾਹਰ ਹੋ ਗਈ ਸੀ ਤੇ ਉਸ ਨੇ 16ਵੀਂ ਸਦੀ ਦਾ ਵਿਵਾਦਿਤ ਢਾਂਚਾ ਡੇਗ ਦਿੱਤਾ ਸੀ। ਕੋਬਰਾ ਪੋਸਟ ਦੇ ਦਾਅਵੇ ਮੁਤਾਬਕ ਰਾਮ ਜਨਮ ਭੂਮੀ ਅੰਦੋਲਨ ਨਾਲ ਜੁੜੇ ਕੁਝ ਆਗੂਆਂ ਦੇ ਬਿਆਨਾਂ ਦੀ ਘੋਖ ਕਰਨ ‘ਤੇ ਪਤਾ ਲੱਗਾ ਕਿ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਉਤਰ ਪ੍ਰਦੇਸ਼ ਦੇ ਉਸ ਵੇਲੇ ਦੇ ਮੁੱਖ ਮੰਤਰੀ ਕਲਿਆਣ ਸਿੰਘ ਤੇ ਪ੍ਰਧਾਨ ਮੰਤਰੀ ਪੀæਵੀæ ਨਰਸਿਮ੍ਹਾ ਰਾਓ ਤੋਂ ਇਲਾਵਾ ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਨੂੰ ਵਿਵਾਦਿਤ ਢਾਂਚਾ ਡੇਗਣ ਬਾਰੇ ਰਚੀ ਯੋਜਨਾ ਦੀ ਪੂਰੀ ਜਾਣਕਾਰੀ ਸੀ। ਬਾਬਰੀ ਮਸਜਿਦ ਦਾ ਢਾਂਚਾ ਡੇਗਣ ਵਿਚ ਆਰæਐਸ਼ਐਸ਼ ਦੇ ਲੋਕਾਂ ਦਾ ਹੱਥ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਆਰæਐਸ਼ਐਸ਼ ਨੇ ਇਸ ਲਈ ਵੱਖ-ਵੱਖ ਤੌਰ ‘ਤੇ ਸਾਜ਼ਿਸ਼ ਰਚੀ ਸੀ। ਦਾਅਵੇ ਮੁਤਾਬਕ ਬਜਰੰਗ ਦਲ ਨੇ 5 ਦਸੰਬਰ, 1992 ਨੂੰ ਗੁਪਤ ਮੀਟਿੰਗ ਕੀਤੀ ਸੀ। ਇਹ ਵੀ ਦਾਅਵਾ ਕੀਤਾ ਗਿਆ ਕਿ ਢਾਂਚਾ ਡੇਗਣ ਲਈ ਆਰæਐਸ਼ਐਸ਼ ਨੇ ਆਤਮਘਾਤੀ ਦਸਤਾ ਵੀ ਬਣਾਇਆ ਸੀ। ਕੋਬਰਾ ਪੋਸਟ ਨੇ ਉਮਾ ਭਾਰਤੀ, ਸਾਕਸ਼ੀ ਮਹਾਰਾਜ, ਅਚਾਰੀਆ ਧਰਮੇਂਦਰ, ਮਹੰਤ ਵੇਦਾਂਤੀ, ਵਿਨੈ ਕਟਿਆਰ ਦਾ ਸਟਿੰਗ ਆਪਰੇਸ਼ਨ ਕੀਤਾ। ਖੁਦ ਨੂੰ ਅਯੋਧਿਆ ਅੰਦੋਲਨ ‘ਤੇ ਖੋਜ ਕਰਨ ਵਾਲਾ ਲੇਖਕ ਦੱਸਦਿਆਂ ਕੋਬਰਾ ਪੋਸਟ ਦੇ ਐਸੋਸੀਏਟ ਐਡੀਟਰ ਕੇæ ਆਸ਼ੀਸ਼ ਨੇ ਅਯੋਧਿਆ, ਫ਼ੈਜ਼ਾਬਾਦ, ਲਖਨਊ, ਗੋਰਖਪੁਰ, ਜੈਪੁਰ, ਮੁਰਾਦਾਬਾਦ, ਔਰੰਗਾਬਾਦ, ਮੁੰਬਈ ਤੇ ਗਵਾਲੀਅਰ ਜਾ ਕੇ ਉਨ੍ਹਾਂ 23 ਲੋਕਾਂ ਦੇ ਇੰਟਰਵਿਊ ਲਏ ਜਿਨ੍ਹਾਂ ਸਟਿੰਗ ਆਪੇਰਸ਼ਨ ਵਿਚ ਹਿੱਸਾ ਲਿਆ। ਕੇæਆਸ਼ੀਸ਼ ਨੇ ਗੁਪਤ ਤਰੀਕੇ ਨਾਲ ਇਨ੍ਹਾਂ ਲੋਕਾਂ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ। ਸਟਿੰਗ ਵਿਚ ਇਕ ਨੇਤਾ ਨੇ ਕਿਹਾ ਕਿ ਢਾਂਚੇ ਨੂੰ ਡੇਗਣ ਲਈ ਡਾਇਨਾਮਾਈਟ ਨੂੰ ਵੀ ਲਿਜਾਇਆ ਗਿਆ ਸੀ।
ਸਟਿੰਗ ਆਪਰੇਸ਼ਨ ਮੁਤਾਬਕ ਰਾਮ ਮੰਦਰ ਮੁਹਿੰਮ ਦੌਰਾਨ ਉਤਰ ਪ੍ਰਦੇਸ਼ ਵਿਚ ਕਾਰ ਸੇਵਕਾਂ ‘ਤੇ ਫਾਇਰਿੰਗ ਹੋਈ ਸੀ, ਉਹ ਵੀ ਯੋਜਨਾ ਦਾ ਹਿੱਸਾ ਸੀ। ਇਸ ਦੇ ਪਿਛੇ ਰਣਨੀਤੀ ਇਹ ਸੀ ਕਿ ਜੇਕਰ ਕੁਝ ਰਾਮ ਸੇਵਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਰਾਮ ਜਨਮ ਭੂਮੀ ਅੰਦੋਲਨ ਨੂੰ ਹੋਰ ਹਵਾ ਮਿਲ ਸਕਦੀ ਹੈ। ਇਸ ਦੌਰਾਨ ਕੇਂਦਰੀ ਜਾਂਚ ਏਜੰਸੀ (ਸੀæਬੀæਆਈæ) ਦੇ ਉਚ ਸੂਤਰਾਂ ਅਨੁਸਾਰ ਕੋਬਰਾ ਪੋਸਟ ਦੇ ਸਟਿੰਗ ਆਪਰੇਸ਼ਨ ਨੂੰ ਕਾਨੂੰਨੀ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ। ਜਾਂਚ ਏਜੰਸੀ ਨੇ ਕਿਹਾ ਕਿ ਹੁਣ ਜਦੋਂਕਿ ਜਾਂਚ ਦਾ ਕੰਮ ਅੰਤਿਮ ਪੜਾਅ ‘ਤੇ ਪੁੱਜ ਗਿਆ ਹੈ ਤਾਂ ਕੋਬਰਾ ਪੋਸਟ ਦੇ ਇਸ ਖੁਲਾਸੇ ਨੂੰ ਅਦਾਲਤ ਵਿਚ ਸਬੂਤ ਵਜੋਂ ਪੇਸ਼ ਨਹੀਂ ਕੀਤਾ ਜਾਵੇਗਾ।
__________________________________________
ਯੋਜਨਾਬੱਧ ਢੰਗ ਨਾਲ ਢਾਹੀ ਗਈ ਬਾਬਰੀ ਮਸਜਿਦ: ਜਸਟਿਸ ਲਿਬਰਹਾਨ
ਚੰਡੀਗੜ੍ਹ: ਬਾਬਰੀ ਮਸਜਿਦ ਨੂੰ ਯੋਜਨਾਬੱਧ ਢੰਗ ਨਾਲ ਢਾਹੇ ਜਾਣ ਬਾਰੇ ਆਏ ਸਟਿੰਗ ਅਪਰੇਸ਼ਨ ਦੀ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਨੇ ਵੀ ਪੁਸ਼ਟੀ ਕੀਤੀ ਹੈ ਜਿਨ੍ਹਾਂ 1992 ਦੇ ਇਸ ਕਾਂਡ ਦੀ ਜਾਂਚ ਕਰਦਿਆਂ ਸਿੱਟਾ ਕੱਢਿਆ ਸੀ ਕਿ ਮਸਜਿਦ ਢਾਹੁਣ ਦੀ ਕਾਰਵਾਈ ਬਹੁਤ ਸੋਚੇ ਵਿਚਾਰੇ ਢੰਗ ਨਾਲ ਅਮਲ ਵਿਚ ਲਿਆਂਦੀ ਗਈ ਸੀ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਲਿਬਰਹਾਨ ਨੇ ਦੱਸਿਆ ਕਿ ਸਟਿੰਗ ਅਪਰੇਸ਼ਨ ਉਨ੍ਹਾਂ ਦੀਆਂ ਲੱਭਤਾਂ ਦੀ ਹੀ ਪੁਸ਼ਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਐਲ਼ਕੇæ ਅਡਵਾਨੀ ਵੱਲੋਂ ਵਿੱਢੀ ਰੱਥ ਯਾਤਰਾ ਦੀ ਨਰੇਂਦਰ ਮੋਦੀ ਵੀ ਹਮਾਇਤ ਕਰਦੇ ਸਨ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਕਮਿਸ਼ਨ ਵੱਲੋਂ ਦਿੱਤੀ ਗਈ ਰਿਪੋਰਟ ਵਿਚ ਉਨ੍ਹਾਂ ਦਾ ਨਾਂ ਸਾਜ਼ਿਸ਼ ਰਚਣ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਸੀ। ਜਸਟਿਸ ਲਿਬਰਹਾਨ ਨੇ ਕਿਹਾ ਕਿ ਕੋਬਰਾਪੋਸਟ ਦੀਆਂ ਲੱਭਤਾਂ ਸੁੱਟੀਆਂ ਨਹੀਂ ਜਾ ਸਕਦੀਆਂ ਸਗੋਂ ਉਮਾ ਭਾਰਤੀ ਖ਼ਿਲਾਫ਼ ਕਮਿਸ਼ਨ ਦੀ ਜਾਂਚ ਦੌਰਾਨ ਵੀ ਅਜਿਹੇ ਕੁਝ ਸਬੂਤ ਸਾਹਮਣੇ ਆਏ ਸਨ। ਨਿਊਜ਼ ਪੋਰਟਲ ਅਨੁਸਾਰ ਮਸਜਿਦ ਢਾਹੁਣ ਦੀ ਸਾਜ਼ਿਸ਼ ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਵੀ ਸ਼ਾਮਲ ਸਨ ਪਰ ਜਸਟਿਸ ਲਿਬਰਹਾਨ ਨੇ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚ ਸ੍ਰੀ ਰਾਓ ਦਾ ਨਾਂ ਨਹੀਂ ਆਇਆ ਸੀ ਪਰ ਉਨ੍ਹਾਂ ਬਾਰੇ ਇਹ ਹਵਾਲਾ ਦਿੱਤਾ ਗਿਆ ਹੈ ਕਿ ਉਨ੍ਹਾਂ ਉਸ ਵੇਲੇ ਦੇ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਮਸਜਿਦ ਡੇਗੇ ਨਾ ਜਾਣ ਬਾਰੇ ਕਿਹਾ ਸੀ।
Leave a Reply