ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮੁੱਖ ਸੰਸਦੀ ਸਕੱਤਰਾਂ ਤੇ ਆਈæਏæਐਸ਼ ਅਧਿਕਾਰੀਆਂ ਸਮੇਤ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ, ਜਿਨ੍ਹਾਂ ਦੀਆਂ ਲਾਲ ਬੱਤੀਆਂ ਖੁੱਸ ਗਈਆਂ ਸਨ, ਨੂੰ ਸੰਤਰੀ ਰੰਗ ਦੀ ਬੱਤੀ ਦੀ ਵਰਤੋਂ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਪ੍ਰਸਤਾਵ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ ਤੇ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਇਹ ਅਧਿਕਾਰੀ ਆਪਣੀਆਂ ਕਾਰਾਂ ‘ਤੇ ਸੰਤਰੀ ਰੰਗ ਦੀ ਬੱਤੀ ਲਾ ਸਕਣਗੇ।
ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਸਰਕਾਰ ਨੇ ਉਕਤ ਅਹੁਦਿਆਂ ‘ਤੇ ਤਾਇਨਾਤ ਵਿਅਕਤੀਆਂ ਤੋਂ ‘ਲਾਲ ਬੱਤੀ’ ਦੀ ਵਰਤੋਂ ਦਾ ਅਧਿਕਾਰ ਵਾਪਸ ਲੈ ਲਿਆ ਸੀ। ਮੁੱਖ ਸਕੱਤਰ ਰਾਕੇਸ਼ ਸਿੰਘ ਦੇ ਪੱਧਰ ‘ਤੇ ਹੋਈਆਂ ਮੀਟਿੰਗਾਂ ਦੌਰਾਨ ਇਹੀ ਫ਼ੈਸਲਾ ਲਿਆ ਗਿਆ ਕਿ ਜਿਨ੍ਹਾਂ ਅਫ਼ਸਰਾਂ ਜਾਂ ਸਿਆਸਤਦਾਨਾਂ ਦੀਆਂ ਕਾਰਾਂ ਤੋਂ ਲਾਲ ਬੱਤੀ ਲਹਿ ਗਈ ਹੈ, ਉਨ੍ਹਾਂ ਨੂੰ ਲਾਲ ਬੱਤੀ ਦੇ ਨਾਲ ਮਿਲਦੇ ਜੁਲਦੇ ਰੰਗ ਦੀ ਬੱਤੀ ਦੀ ਸਹੂਲਤ ਦਿੱਤੀ ਜਾਵੇ। ਟਰਾਂਸਪੋਰਟ ਵਿਭਾਗ ਮੁਤਾਬਕ ਜਿਨ੍ਹਾਂ ਸਿਆਸੀ ਵਿਅਕਤੀਆਂ ਤੇ ਅਫ਼ਸਰਾਂ ਦੀਆਂ ਕਾਰਾਂ ਤੋਂ ਬੱਤੀਆਂ ਲਹਿ ਗਈਆਂ ਸਨ ਉਨ੍ਹਾਂ ਵੱਲੋਂ ਬੱਤੀ ਦੀ ਟੌਹਰ ਬਰਕਰਾਰ ਰੱਖਣ ਲਈ ਸਰਕਾਰ ‘ਤੇ ਦਬਾਅ ਪਾਇਆ ਜਾ ਰਿਹਾ ਸੀ।
ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਨੂੰ ਸੰਤਰੀ ਰੰਗ ਦੀ ਬੱਤੀ ਦੀ ਵਰਤੋਂ ਦਾ ਅਧਿਕਾਰ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਉਨ੍ਹਾਂ ਵਿਚ ਮੁੱਖ ਸੰਸਦੀ ਸਕੱਤਰ, ਮੁੱਖ ਸਕੱਤਰ ਰੈਂਕ ਦੇ ਆਈæਏæਐਸ਼ ਅਧਿਕਾਰੀ, ਪ੍ਰਮੁੱਖ ਸਕੱਤਰ ਰੈਂਕ ਦੇ ਅਧਿਕਾਰੀ, ਡਿਪਟੀ ਕਮਿਸ਼ਨਰ, ਐਸ਼ਐਸ਼ਪੀæ, ਡਿਵੀਜ਼ਨਲ ਕਮਿਸ਼ਨਰ, ਰੇਂਜਾਂ ਦੇ ਡੀæਆਈæਜੀæ ਤੇ ਜ਼ੋਨਲ ਆਈæਜੀæ, ਪੁਲਿਸ ਵਿਚ ਡੀæਜੀæਪੀæ ਤੇ ਏæਡੀæਜੀæਪੀæ ਰੈਂਕ ਦੇ ਅਧਿਕਾਰੀ ਸ਼ਾਮਲ ਹਨ।
ਵਿਧਾਇਕਾਂ, ਸੰਸਦ ਮੈਂਬਰਾਂ, ਪ੍ਰਬੰਧਕੀ ਸਕੱਤਰਾਂ ਜਾਂ ਵਿਭਾਗਾਂ ਦੇ ਮੁਖੀਆਂ ਨੂੰ ਕਿਸੇ ਵੀ ਰੰਗ ਦੀ ਬੱਤੀ ਦੀ ਵਰਤੋਂ ਬਾਰੇ ਫਿਲਹਾਲ ਵਿਚਾਰ ਨਹੀਂ ਕੀਤਾ ਗਿਆ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਿਹੜੇ ਸਿਵਲ ਜਾਂ ਪੁਲਿਸ ਅਫ਼ਸਰਾਂ ਨੂੰ ਨੀਲੇ ਰੰਗ ਦੀ ਬੱਤੀ ਦੀ ਵਰਤੋਂ ਦਾ ਅਧਿਕਾਰ 2013 ਦੇ ਨੋਟੀਫਿਕੇਸ਼ਨ ਮੁਤਾਬਕ ਦਿੱਤਾ ਗਿਆ ਹੈ, ਹਾਲ ਦੀ ਘੜੀ ਉਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਇਸ ਤਰ੍ਹਾਂ ਇਹ ਅਫ਼ਸਰ ਨੀਲੇ ਰੰਗ ਦੀ ਬੱਤੀ ਦੀ ਵਰਤੋਂ ਕਰਦੇ ਰਹਿਣਗੇ। ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਅਫ਼ਸਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੂੰ ਸੰਤਰੀ ਰੰਗ ਦੀ ਬੱਤੀ ਦੀ ਵਰਤੋਂ ਦਾ ਅਧਿਕਾਰ ਦਿੱਤੇ ਜਾਣ ਦੇ ਪ੍ਰਸਤਾਵ ਦੀ ਪੁਸ਼ਟੀ ਕੀਤੀ ਹੈ।
Leave a Reply