-ਜਤਿੰਦਰ ਪਨੂੰ
ਭਾਰਤੀ ਪਾਰਲੀਮੈਂਟ ਦੀਆਂ ਪਹਿਲੀਆਂ ਚਾਰ ਚੋਣਾਂ ਦੀ ਸਾਨੂੰ ਖਾਸ ਸੋਝੀ ਨਹੀਂ, ਪੰਜਵੀਂ-ਛੇਵੀਂ ਚੋਣ ਵੇਲੇ ਵੋਟ ਭਾਵੇਂ ਨਹੀਂ ਸੀ ਬਣੀ, ਝੰਡੇ ਚੁੱਕ ਕੇ ਨਾਹਰੇ ਮਾਰਨ ਵਾਲਿਆਂ ਵਿਚ ਅਸੀਂ ਸ਼ਾਮਲ ਸਾਂ। ਉਸ ਤੋਂ ਪਿੱਛੋਂ ਦੀਆਂ ਨੌਂ ਚੋਣਾਂ ਵਿਚ ਸਿਰਫ ਇੱਕ ਨੂੰ ਛੱਡ ਕੇ, ਜਦੋਂ ਅਸੀਂ ਆਪਣੇ ਹਲਕੇ ਤੋਂ ਦੂਰ ਸਾਂ, ਬਾਕੀ ਸਾਰੀਆਂ ਵਿਚ ਵੋਟ ਪਾਉਣ ਦੇ ਹੱਕ ਦੀ ਵਰਤੋਂ ਕੀਤੀ ਹੋਈ ਹੈ, ਪਰ ਇਸ ਵਾਰੀ ਇਹ ਹੱਕ ਵਰਤਣ ਨੂੰ ਦਿਲ ਨਹੀਂ ਕਰ ਰਿਹਾ। ਇਸ ਦੇ ਬਾਵਜੂਦ ਅਸੀਂ ਵੋਟ ਪਾਉਣ ਜਾਵਾਂਗੇ। ਮਨ ਕਰੇ ਜਾਂ ਨਾ ਕਰੇ, ਵੋਟ ਪਾਉਣ ਜ਼ਰੂਰ ਜਾਵਾਂਗੇ। ਵੋਟ ਪਾਉਣ ਜਾਂ ਨਾ ਪਾਉਣ ਵਾਲੀ ਦੋਚਿੱਤੀ ਸਾਡੀ ਇਕੱਲਿਆਂ ਦੀ ਨਹੀਂ, ਕਈ ਲੋਕਾਂ ਦੀ ਹੈ ਤੇ ਇਸ ਦੇ ਵਾਜਬ ਕਾਰਨ ਹਨ।
ਇੱਕ ਚੋਣ ਅਸੀਂ ਉਹ ਵੀ ਵੇਖੀ ਸੀ, ਜਦੋਂ ਇੰਦਰਾ ਗਾਂਧੀ ਨੂੰ ਹਰਾਉਣ ਵਾਲੇ ਰਾਜ ਨਾਰਾਇਣ ਨੂੰ ਮੰਤਰੀ ਦੀ ਕੁਰਸੀ ਸੌਂਪਣ ਵਾਲੇ ਪ੍ਰਧਾਨ ਮੰਤਰੀ ਮੁਰਾਰਜੀ ਡਿਸਾਈ ਨੇ ਇੱਕੋ ਮਹੀਨੇ ਬਾਅਦ ਇਹ ਕਹਿ ਦਿੱਤਾ ਸੀ ਕਿ ਸਾਹਮਣੇ ਇਹ ਬੰਦਾ ਇਤਰ ਛਿੜਕਦਾ ਤੇ ਪਿੱਠ ਪਿੱਛੇ ਬਦਬੂ ਫੈਲਾਉਂਦਾ ਹੈ। ਇਹ ਸ਼ਬਦ ਡਿਸਾਈ ਨੇ ਉਦੋਂ ਕਹੇ, ਜਦੋਂ ਉਸ ਮੰਤਰੀ ਨੂੰ ਦੇਸ਼ ਭਰ ਵਿਚੋਂ ਜਲਸਿਆਂ ਵਿਚ ਬੋਲਣ ਦੇ ਸੱਦੇ ਆਉਂਦੇ ਸਨ ਤੇ ਇਸ ਇੱਕੋ ਇੱਕ ਯੋਗਤਾ ਦੇ ਕਾਰਨ ਸੱਦੇ ਆਉਂਦੇ ਸਨ ਕਿ ਉਸ ਨੇ ਇੰਦਰਾ ਗਾਂਧੀ ਨੂੰ ਹਰਾਇਆ ਸੀ। ਫਿਰ ਇੱਕ ਚੋਣ ਅਸੀਂ ਉਹ ਵੀ ਵੇਖੀ, ਜਦੋਂ ਵੀਹ ਸਾਲਾਂ ਦੀ ਟੁੱਟੀ ਸਾਂਝ ਬਹਾਲ ਕਰ ਕੇ ਅਕਾਲੀ-ਭਾਜਪਾ ਨੇ ਲੁਧਿਅਣੇ ਵਿਚ ਸਾਂਝੀ ਰੈਲੀ ਕੀਤੀ ਤੇ ਮੁੱਖ ਮੰਤਰੀ ਬਣਨ ਜਾ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੌਕੇ ਦੀ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਬਾਰੇ ਕਹਿ ਦਿੱਤਾ ਸੀ ਕਿ ਐਵੇਂ ਗਾਂ ਵਾਂਗ ਭੂਤਰੀ ਫਿਰਦੀ ਹੈ। ਇਹ ਗੱਲ ਉਦੋਂ ਸਿਆਸੀ ਪੱਖ ਤੋਂ ਬਹੁਤ ਸਾਰੇ ਲੋਕਾਂ ਨੂੰ ਗਲਤ ਜਾਪੀ ਸੀ। ਜਿਨ੍ਹਾਂ ਨੂੰ ਉਦੋਂ ਇਹ ਗੱਲ ਗਲਤ ਜਾਪੀ ਸੀ, ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਹੁਣ ਇਹ ਸੋਚਦੇ ਹਨ ਕਿ ਜੋ ਕੁਝ ਅੱਜ ਕੱਲ੍ਹ ਹੁੰਦਾ ਤੇ ਕਿਹਾ ਜਾਂਦਾ ਵੇਖ-ਸੁਣ ਰਹੇ ਹਾਂ, ਉਸ ਦੇ ਮੁਕਾਬਲੇ ਬਾਦਲ ਸਾਹਿਬ ਦੀ ਉਹ ਟਿਪਣੀ ਕੱਖ ਵੀ ਨਹੀਂ ਸੀ। ਹੁਣ ਕੋਈ ਕਿਸੇ ਨੂੰ ਧੌਣ ਮਰੋੜ ਦੇਣ ਦਾ ਦਬਕਾ ਮਾਰਦਾ ਹੈ, ਕੋਈ ਇਹ ਕਹਿੰਦਾ ਹੈ ਕਿ ਖੂੰਡਾ ਫੇਰ ਕੇ ਸਿੱਧੇ ਕਰ ਦੇਊਂਗਾ ਤੇ ਕੋਈ ਕਿਸੇ ਨੂੰ ਬਾਂਦਰ ਕਹਿ ਕੇ ਅਖਬਾਰਾਂ ਦਾ ਪਹਿਲਾ ਸਫਾ ਮੱਲਣ ਤੋਂ ਵੀ ਨਹੀਂ ਝਿਜਕਦਾ।
ਪੰਦਰਾਂ ਕੁ ਸਾਲ ਪਹਿਲਾਂ ਇੱਕ ਟੀ ਵੀ ਸ਼ੋਅ ਵਿਚ ਸਮਾਜਵਾਦੀ ਪਾਰਟੀ ਦੇ ਆਗੂ ਅਮਰ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਬੀਬੀ ਦੀ ਬਹਿਸ ਹੁੰਦੀ ਵੇਖੀ ਸੀ। ਉਸ ਬਹਿਸ ਵਿਚ ਕਾਂਗਰਸ ਪਾਰਟੀ ਦਾ ਇੱਕ ਆਗੂ ਵੀ ਬਿਠਾਇਆ ਗਿਆ ਸੀ, ਪਰ ਉਹ ਚੁੱਪ ਬੈਠਾ ਸੀ ਤੇ ਇਹ ਦੋਵੇਂ ਬੋਲ ਰਹੇ ਸਨ। ਮਾਇਆਵਤੀ ਨੇ ਮੁਲਾਇਮ ਸਿੰਘ ਨੂੰ ਗੁੰਡਾ ਕਹਿ ਦਿੱਤਾ ਤੇ ਅਮਰ ਸਿੰਘ ਨੇ ਬੀਬੀ ਬਾਰੇ ਇਹੋ ਸ਼ਬਦ ਬੋਲ ਦਿੱਤੇ। ਦੋਵਾਂ ਦੇ ਭੇੜ ਤੋਂ ਧਿਆਨ ਪਾਸੇ ਪਾਉਣ ਲਈ ਟੀ ਵੀ ਐਂਕਰ ਨੇ ਕਾਂਗਰਸ ਦੇ ਲੀਡਰ ਨੂੰ ਕੁਝ ਬੋਲਣ ਦਾ ਸੱਦਾ ਦਿੱਤਾ ਤਾਂ ਉਸ ਨੇ ਕਿਹਾ ਸੀ, ‘ਇਤਨੀ ਸ਼ਾਨਦਾਰ ਬਹਿਸ ਹੋ ਰਹੀ ਹੈ, ਹਮਾਰੇ ਬੋਲਨੇ ਕੋ ਰਹਿ ਕਿਆ ਜਾਤਾ ਹੈ?’ ਹੁਣ ਹਰ ਪਾਰਟੀ ਦਾ ਆਗੂ ਕੁੱਕੜ-ਖੇਹ ਉਡਾਉਣ ਵਾਲਿਆਂ ਵਿਚ ਸ਼ਾਮਲ ਲੱਭ ਸਕਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਲੋਕ ਸਾਧ ਤੇ ਸਵਾਮੀ ਹੋਣ ਦੇ ਦਾਅਵੇ ਕਰਦੇ ਹਨ, ਉਹ ਬਦ-ਜ਼ਬਾਨੀ ਕਰਨ ਪੱਖੋਂ ਹੋਰਨਾਂ ਨਾਲ ਸਾਵੇਂ ਨਹੀਂ, ਸਗੋਂ ਸਵਾਏ ਬਣ ਕੇ ਪੇਸ਼ ਹੋ ਰਹੇ ਹਨ। ਨਾ ਪਾਰਟੀ ਦੀ ਕਿਸੇ ਨੂੰ ਸ਼ਰਮ ਹੈ, ਨਾ ਪਹਿਰਾਵੇ ਦੀ ਸ਼ਰਮ। ਇਹੋ ਜਿਹਾ ਲੋਕਤੰਤਰ ਪਹਿਲੀ ਵਾਰੀ ਵੇਖ ਰਹੇ ਹਾਂ, ਜਿਸ ਵਿਚ ਮੂੰਹ ਆਇਆ ਬੋਲਣ ਨੂੰ ਵੀ ਚੋਣ ਮੈਨੀਫੈਸਟੋ ਕਿਹਾ ਜਾ ਰਿਹਾ ਹੈ। ਕਈ ਦਿਨਾਂ ਦੀ ਮੱਥਾ-ਪੱਚੀ ਦੇ ਬਾਅਦ ਭਾਰਤੀ ਜਨਤਾ ਪਾਰਟੀ ਜਦੋਂ ਆਪਣੇ ਚੋਣ ਮੈਨੀਫੈਸਟੋ ਦੇ ਮੁੱਦਿਆਂ ਬਾਰੇ ਮੱਤਭੇਦਾਂ ਨੂੰ ਦੂਰ ਕਰਨ ਵਿਚ ਕਾਮਯਾਬ ਨਾ ਹੋ ਸਕੀ ਤਾਂ ਉਸ ਦੇ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਵਿਚ ਜੋ ਕੁਝ ਕਹਿੰਦੇ ਹਨ, ਉਹ ਹੀ ਸਾਡਾ ਚੋਣ ਮੈਨੀਫੈਸਟੋ ਸਮਝ ਲਵੋ।
ਇਸ ਚੋਣ ਵਿਚ 60% ਤੋਂ ਵੱਧ ਸੀਟਾਂ ਉਤੇ ਵੱਡੀਆਂ ਪਾਰਟੀਆਂ ਨੇ ਆਪਣੇ ਪੁਰਾਣੇ ਉਮੀਦਵਾਰਾਂ ਨੂੰ ਟਿਕਟ ਨਹੀਂ ਦਿੱਤੀ। ਜਿਹੜੇ ਅੰਕੜੇ ਕੁਝ ਲੋਕਾਂ ਨੇ ਦਿੱਤੇ ਹਨ, ਉਨ੍ਹਾਂ ਅਨੁਸਾਰ ਪਿਛਲੀ ਵਾਰੀ ਦੇ ਜਿੱਤੇ ਹੋਏ ਮੈਂਬਰਾਂ ਵਿਚੋਂ 40% ਤੋਂ ਵੱਧ ਆਪਣੀ ਪਿਛਲੀ ਪਾਰਟੀ ਜਾਂ ਪਿਛਲੇ ਗੱਠਜੋੜ ਵੱਲੋਂ ਚੋਣ ਲੜਨ ਦੀ ਥਾਂ ਦੂਸਰੇ ਪਾਸੇ ਦਾ ਝੰਡਾ ਚੁੱਕੀ ਖੜੇ ਹਨ। ਉਹ ਪਿਛਲੀ ਵਾਰੀ ਕਾਂਗਰਸ ਦੇ ਨਾਲ ਖੜੋ ਕੇ ਭਾਜਪਾ ਨੂੰ ਫਿਰਕੂ ਆਖਦੇ ਰਹੇ ਸਨ, ਹੁਣ ਭਾਜਪਾ ਨਾਲ ਖੜੇ ਹੋ ਕੇ ਇਹ ਕਹਿੰਦੇ ਹਨ ਕਿ ਸਾਰੇ ਸਿਆਪਿਆਂ ਦੀ ਜੜ੍ਹ ਕਾਂਗਰਸ ਪਾਰਟੀ ਹੈ। ਪਿਛਲੀ ਵਾਰੀ ਕਹੀ ਹੋਈ ਗੱਲ ਦਾ ਚੇਤਾ ਰੱਖਣ ਦੀ ਲੋੜ ਨਹੀਂ, ਹੁਣ ਤਾਂ ਇੱਕ ਦਿਨ ਪਹਿਲਾਂ ਦੀ ਕਹੀ ਹੋਈ ਗੱਲ ਵੀ ਪਲਟਣ ਤੋਂ ਸ਼ਰਮ ਨਹੀਂ ਕੀਤੀ ਜਾਂਦੀ। ਸਾਇੰਸ ਆਖਦੀ ਹੈ ਕਿ ਕਿਸੇ ਜੀਵ ਦਾ ਡੀ ਐਨ ਏ ਨਹੀਂ ਬਦਲ ਸਕਦਾ ਅਤੇ ਇਸ ਵਿਚੋਂ ਉਸ ਜੀਵ ਦੀਆਂ ਪਿਛਲੀਆਂ ਪੀੜ੍ਹੀਆਂ ਦਾ ਸਦੀਆਂ ਤੱਕ ਦਾ ਰਿਸ਼ਤਾ ਲੱਭਿਆ ਜਾ ਸਕਦਾ ਹੈ। ਮੱਧ ਪ੍ਰਦੇਸ਼ ਵਿਚ ਕਾਂਗਰਸ ਦਾ ਇੱਕ ਵਿਧਾਇਕ ਇਸ ਗੱਲੋਂ ਚਰਚਾ ਵਿਚ ਆ ਗਿਆ ਕਿ ਉਹ ਭਾਜਪਾ ਵਿਚ ਜਾਣ ਵਾਲਾ ਹੈ। ਮੀਡੀਏ ਨੇ ਪੁੱਛਿਆ ਤਾਂ ਕਹਿਣ ਲੱਗਾ ਕਿ ਕਾਂਗਰਸ ਪਾਰਟੀ ਮੇਰੇ ਡੀ ਐਨ ਏ ਵਿਚ ਹੈ, ਡੀ ਐਨ ਏ ਨਹੀਂ ਬਦਲ ਸਕਦਾ। ਇੱਕੋ ਰਾਤ ਦੇ ਪਿੱਛੋਂ ਜਿਹੜਾ ਦਿਨ ਨਿਕਲਿਆ, ਉਦੋਂ ਤੱਕ ਇਹ ਵੀ ਕ੍ਰਿਸ਼ਮਾ ਹੋ ਗਿਆ। ਉਹੋ ਕਾਂਗਰਸੀ ਵਿਧਾਇਕ ਭਾਜਪਾ ਦਫਤਰ ਵਿਚ ਬੈਠਾ ਪਾਰਟੀ ਬਦਲਣ ਦਾ ਐਲਾਨ ਕਰ ਰਿਹਾ ਸੀ। ਮੀਡੀਏ ਵਾਲਿਆਂ ਨੇ ਚੇਤੇ ਕਰਾਇਆ ਕਿ ਕੱਲ੍ਹ ਤੁਸੀਂ ਕਿਹਾ ਸੀ ਕਿ ਤੁਹਾਡੇ ਡੀ ਐਨ ਏ ਵਿਚ ਕਾਂਗਰਸ ਹੈ ਅਤੇ ਡੀ ਐਨ ਏ ਬਦਲ ਨਹੀਂ ਸਕਦਾ। ਉਸ ਬੇਸ਼ਰਮ ਬੰਦੇ ਨੇ ਹੱਸ ਕੇ ਕਿਹਾ, “ਹੋਰਨਾਂ ਦਾ ਨਾ ਬਦਲਦਾ ਹੋਵੇਗਾ, ਮੇਰਾ ਡੀ ਐਨ ਏ ਬਦਲ ਗਿਆ ਹੈ।”
ਡੀ ਐਨ ਏ ਕਹੋ ਜਾਂ ਜ਼ਮੀਰ ਕਹਿ ਲਵੋ, ਭਾਰਤੀ ਲੀਡਰਾਂ ਦੇ ਅੰਦਰ ਇਨ੍ਹਾਂ ਦੋਵਾਂ ਦਾ ਸਥਾਈ ਵਾਸਾ ਨਹੀਂ ਹੋ ਸਕਦਾ। ਇਸ ਬਾਰੇ ਇੱਕ ਪੁਰਾਣੀ ਮਿਸਾਲ ਸਾਨੂੰ ਕਦੇ ਨਹੀਂ ਭੁੱਲ ਸਕਦੀ। ਜਦੋਂ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੀ ਕੁਰਸੀ ਉਲਟਾ ਕੇ ਚੰਦਰ ਸ਼ੇਖਰ ਦੇ ਨਾਲ ਬਹੁ-ਸੰਮਤੀ ਜੋੜਨ ਦੀ ਖੇਡ ਹੋ ਰਹੀ ਸੀ, ਉਦੋਂ ਦਿੱਲੀ ਵਿਚ ਪਾਰਲੀਮੈਂਟ ਮੈਂਬਰਾਂ ਦੀਆਂ ਜ਼ਮੀਰਾਂ ਦੀ ਮੰਡੀ ਲੱਗੀ ਪਈ ਸੀ। ਬੋਲੀ ਉਦੋਂ ਪੰਝੀ ਲੱਖ ਤੋਂ ਚੱਲੀ ਤੇ ਜਦੋਂ ਪੰਜਾਹ ਲੱਖ ਤੱਕ ਜਾ ਪਹੁੰਚੀ ਤਾਂ ਇੱਕ ਦਿਨ ਲੋਕ ਸਭਾ ਵਿਚ ਭਾਗਿਆ ਗੋਵਰਧਨ ਨਾਂ ਦੇ ਮੈਂਬਰ ਨੇ ਕਿਹਾ ਸੀ, ‘ਮੈਨੂੰ ਪੰਜਾਹ ਲੱਖ ਰੁਪਏ ਦੀ ਪੇਸ਼ਕਸ਼ ਹੋਈ ਹੈ, ਮੇਰੀ ਜ਼ਮੀਰ ਵਿਕਾਊ ਨਹੀਂ ਹੈ, ਮੈਂ ਦਲ-ਬਦਲੀ ਨਾ ਕੀਤੀ ਹੈ ਤੇ ਨਾ ਕਰਾਂਗਾ।’ ਸਵੇਰੇ ਇਹ ਭਾਸ਼ਣ ਕਰ ਕੇ ਸਨਸਨੀ ਫੈਲਾਉਣ ਵਾਲਾ ਭਾਗਿਆ ਗੋਵਰਧਨ ਸ਼ਾਮ ਦੇ ਸਮਾਗਮ ਵੇਲੇ ਦਲ-ਬਦਲੀ ਕਰ ਗਿਆ ਸੀ ਤੇ ਲੋਕ ਇਹ ਕਹਿੰਦੇ ਸਨ ਕਿ ਜਿਹੜੀ ਜ਼ਮੀਰ ਪੰਜਾਹ ਲੱਖ ਉਤੇ ਵਿਕਣ ਨੂੰ ਤਿਆਰ ਨਹੀਂ ਸੀ, ਉਹ ਮੁਨਾਸਬ ਮੁੱਲ ਵੱਟ ਕੇ ਵਿਕਣ ਨੂੰ ਮੰਨ ਗਈ ਸੀ। ਇਸ ਵਾਰੀ ਵੀ ਭਾਗਿਆ ਗੋਵਰਧਨ ਵਰਗੇ ਕਈ ਲੋਕ ਚੁਣੇ ਜਾਣੇ ਹਨ, ਜਿਨ੍ਹਾਂ ਦੀ ਜ਼ਮੀਰ ਸਿਰਫ ਮੁਨਾਸਬ ਮੁੱਲ ਦੀ ਉਡੀਕ ਕਰਦੀ ਰਹਿੰਦੀ ਹੈ, ਬਾਕੀ ਗੱਲਾਂ ਵਿਚ ਨਹੀਂ ਪੈਂਦੀ।
ਜ਼ਮੀਰਾਂ ਦੇ ਸੌਦੇ ਕਿਹੜੇ ਪੱਧਰ ਤੱਕ ਜਾਂਦੇ ਹਨ, ਇਸ ਵਿਚ ਅਸੀਂ ਇੱਕ ਹਫਤਾ ਪੁਰਾਣਾ ਸਾਬਰ ਅਲੀ ਵਾਲਾ ਕਿੱਸਾ ਨਹੀਂ ਛੋਹਣਾ ਚਾਹੁੰਦੇ, ਜਿਹੜਾ ਨਰਿੰਦਰ ਮੋਦੀ ਨੂੰ ਕਾਤਲ ਕਹਿਣ ਤੋਂ ਤਿੰਨ ਦਿਨ ਬਾਅਦ ਭਾਜਪਾ ਵਿਚ ਸ਼ਾਮਲ ਹੋ ਕੇ ਓਸੇ ਦੇ ਸੋਹਲੇ ਗਾਉਣ ਲੱਗ ਪਿਆ ਸੀ। ਅੱਗੋਂ ਭਾਜਪਾ ਵਿਚ ਪਹਿਲੇ ਬੈਠੇ ਮੁਸਲਮਾਨ ਆਗੂ ਮੁਖਤਾਰ ਅੱਬਾਸ ਨੱਕਵੀ ਨੇ ਦੂਸਰਾ ਮੁਸਲਮਾਨ ਆਗੂ ਆਉਂਦਾ ਵੇਖ ਕੇ ਆਪਣੀ ਲੀਡਰੀ ਲਈ ਖਤਰਾ ਜਾਣਿਆ ਤੇ ਉਸ ਨੂੰ ਭਜਾ ਦੇਣ ਤੱਕ ਸ਼ਾਂਤ ਨਹੀਂ ਸੀ ਹੋਇਆ। ਇਹੋ ਜਿਹੇ ਕਿੱਸੇ ਬਥੇਰੇ ਹਨ ਅਤੇ ਹੁਣ ਇੱਕ ਨਵਾਂ ਤਮਾਸ਼ਾ ਹੋ ਗਿਆ ਹੈ। ਰਮੇਸ਼ ਚੰਦ ਤੋਮਰ ਨਾਂ ਦਾ ਬੰਦਾ ਇਸ ਹਫਤੇ ਕਾਂਗਰਸ ਪਾਰਟੀ ਨੇ ਉਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਹਲਕੇ ਤੋਂ ਉਮੀਦਵਾਰ ਨਾਮਜ਼ਦ ਕੀਤਾ ਤਾਂ ਅਗਲੇ ਦਿਨ ਰੌਲਾ ਪੈ ਗਿਆ ਕਿ ਇਹ ਭਾਜਪਾ ਵਿਚ ਜਾਣ ਵਾਲਾ ਹੈ। ਬੁੱਧਵਾਰ ਸ਼ਾਮ ਨੂੰ ਉਸ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਉਸ ਦੀ ਜਿੱਤ ਪੱਕੀ ਵੇਖ ਕੇ ਭਾਜਪਾ ਵਾਲੇ ਇਹ ਸਾਜ਼ਿਸ਼ੀ ਪ੍ਰਚਾਰ ਕਰਦੇ ਹਨ। ਅਗਲੀ ਸਵੇਰ ਨੂੰ ਉਹ ਕਾਂਗਰਸ ਪਾਰਟੀ ਨੂੰ ਲੱਭਣਾ ਔਖਾ ਹੋ ਗਿਆ। ਫੋਨ ਕੀਤੇ ਤਾਂ ਕਹਿਣ ਲੱਗਾ ਕਿ ਚੋਣ ਕਮਿਸ਼ਨ ਦੇ ਦਫਤਰ ਵਿਚ ਹਾਂ। ਦਸ ਵਜੇ ਤੱਕ ਉਹ ਨਰਿੰਦਰ ਮੋਦੀ ਦੀ ਰੈਲੀ ਵਾਲੇ ਮੰਚ ਉਤੇ ਜਾ ਦਿੱਸਿਆ।
ਅਸੀਂ ਦਲ-ਬਦਲੀਆਂ ਬਹੁਤ ਵੇਖੀਆਂ ਹਨ, ਪਰ ਇਹ ਹੋਰਨਾਂ ਤੋਂ ਵੱਖਰੀ ਤਰ੍ਹਾਂ ਦੀ ਦਲ-ਬਦਲੀ ਸੀ। ਰਮੇਸ਼ ਚੰਦ ਤੋਮਰ ਚਾਰ ਵਾਰੀ ਹਾਪੁੜ ਹਲਕੇ ਤੋਂ ਭਾਜਪਾ ਟਿਕਟ ਉਤੇ ਪਾਰਲੀੰਮੈਂਟ ਮੈਂਬਰ ਰਹਿ ਚੁੱਕਾ ਸੀ। ਵਾਜਪਾਈ ਸਰਕਾਰ ਦਾ ਭੋਗ ਪੈਣ ਵੇਲੇ ਸਾਲ 2004 ਦੀ ਚੋਣ ਹਾਰ ਗਿਆ। ਹਾਰ ਬਰਦਾਸ਼ਤ ਨਾ ਹੋਈ ਤਾਂ ਕਾਂਗਰਸ ਵਿਚ ਚਲਾ ਗਿਆ ਤੇ ਸਾਲ 2009 ਦੀ ਚੋਣ ਕਾਂਗਰਸ ਦੀ ਟਿਕਟ ਉਤੇ ਵੀ ਹਾਰ ਗਿਆ। ਹੁਣ ਉਸ ਨੇ ਤਰਲੇ ਮਾਰ ਕੇ ਟਿਕਟ ਲਈ ਤੇ ਫਿਰ ਇਹ ਵੀ ਕਿਹਾ ਕਿ ਖਰਚ ਬਹੁਤ ਹੋਣਾ ਹੈ, ਇਸ ਲਈ ਪਾਰਟੀ ਕੁਝ ਮਦਦ ਕਰੇ। ਕਾਂਗਰਸ ਵੱਲੋਂ ਉਸ ਨੂੰ ਚੋਣ ਫੰਡ ਵੀ ਦੇ ਦਿੱਤਾ ਗਿਆ। ਅਗਲੇ ਦਿਨ ਉਸ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਟਿਕਟ ਮੋੜ ਦਿੱਤੀ। ਰੌਲਾ ਇਸ ਗੱਲ ਤੋਂ ਪੈ ਗਿਆ ਕਿ ਟਿਕਟ ਮੋੜ ਦਿੱਤੀ, ਚੋਣ-ਫੰਡ ਨਹੀਂ ਮੋੜਿਆ। ਮੀਡੀਆ ਵਾਲਿਆਂ ਨੇ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਟਿਕਟ ਮੋੜਨੀ ਸੀ, ਮੋੜ ਦਿੱਤੀ, ਚੋਣ-ਫੰਡ ਕੋਈ ਜਨਤਕ ਮੁੱਦਾ ਨਹੀਂ, ਜਿਸ ਬਾਰੇ ਬਹਿਸ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਨੇ ਔਖੇ ਵੇਲੇ ਪਾਰਟੀ ਛੱਡ ਗਏ ਤੇ ਔਖੇ ਵਕਤ ਕਾਂਗਰਸ ਨੂੰ ਛੱਡ ਆਏ ਦਲ-ਬਦਲੂ ਦਾ ਜਨਤਕ ਰੈਲੀ ਵਿਚ ਏਦਾਂ ਸਨਮਾਨ ਕੀਤਾ, ਜਿਵੇਂ ਕਾਰਗਿਲ ਦੀ ਜੰਗ ਜਿੱਤ ਕੇ ਆਇਆ ਹੋਵੇ।
ਇਹ ਸਾਰਾ ਕੁਝ ਹੁੰਦਾ ਵੇਖ-ਸੁਣ ਕੇ ਇੱਕ ਚੈਨਲ ਦੀ ਬਹਿਸ ਵਿਚ ਸਾਨੂੰ ਇਹ ਕਿਹਾ ਗਿਆ ਕਿ ਭਾਰਤ ਵਿਚ ਜੋ ਕੁਝ ਹੋਈ ਜਾਂਦਾ ਹੈ, ਇਹ ਲੋਕਤੰਤਰ ਤਾਂ ਹੈ ਨਹੀਂ, ਵੋਟ ਪਾਉਣ ਦੀ ਕੀ ਲੋੜ ਹੈ? ਅਸੀਂ ਇਸ ਸਾਰੇ ਕੁਝ ਤੋਂ ਦੁਖੀ ਹਾਂ, ਪਰ ਇਹ ਨਹੀਂ ਹੋ ਸਕਦਾ ਕਿ ਹੁਣ ਲੋਕਤੰਤਰ ਨੂੰ ਲੋਕਤੰਤਰ ਹੀ ਮੰਨੀਏ ਤੇ ਵੋਟਾਂ ਪਾਉਣ ਲਈ ਵੀ ਨਾ ਜਾਈਏ। ਕੋਈ ਤੀਹ ਕੁ ਸਾਲ ਪਹਿਲਾਂ ਰਾਜ ਕਪੂਰ ਨੇ ‘ਰਾਮ ਤੇਰੀ ਗੰਗਾ ਮੈਲੀ ਹੋ ਗਈ’ ਫਿਲਮ ਬਣਾਈ ਤੇ ਦੇਸ਼ ਦੇ ਲੋਕਾਂ ਦਾ ਧਿਆਨ ਇੱਕੋ ਵਕਤ ਕਈ ਗੱਲਾਂ ਵੱਲ ਖਿੱਚਿਆ ਸੀ। ਗੰਗਾ ਸਚਮੁੱਚ ਮੈਲੀ ਹੋ ਗਈ ਹੈ। ਜਦੋਂ ਗੰਗਾ ਮੈਲੀ ਹੋ ਗਈ ਹੈ, ਇਸ ਦਾ ਨਾਂ ਨਹੀਂ ਬਦਲ ਜਾਣਾ, ਇਸ ਦਾ ਵਹਿਣ ਨਹੀਂ ਬਦਲ ਜਾਣਾ, ਇਸ ਦੀ ਵਿਰਾਸਤ ਵੀ ਨਹੀਂ ਬਦਲ ਜਾਣੀ। ਗੰਦ ਦੀ ਬਦਬੂ ਆਉਂਦੀ ਹੈ ਤਾਂ ਸਾਫ ਕਰਨ ਦਾ ਹੀਲਾ ਕਰਨਾ ਪਵੇਗਾ। ਲੋਕਤੰਤਰ ਗੰਦਾ ਹੋ ਗਿਆ ਹੈ, ਸੱਚੀ ਗੱਲ ਇਹ ਹੈ ਕਿ ਗੰਦੇ ਲੀਡਰਾਂ ਨੇ ਗੰਦਾ ਕਰ ਦਿੱਤਾ ਹੈ, ਪਰ ਅਸੀਂ ਇਸ ਦਾ ਨਾਂ ਲੋਕਤੰਤਰ ਦੀ ਥਾਂ ਕੁਤੰਤਰ ਨਹੀਂ ਰੱਖ ਸਕਦੇ। ਰਹੇਗਾ ਇਹ ਲੋਕਤੰਤਰ ਹੀ, ਭਾਵੇਂ ਸੜ੍ਹਿਆਂਦ ਮਾਰਦਾ ਰਹੇ। ਇਸ ਲਈ ਮਨ ਨੂੰ ਮਾਰ ਕੇ ਵੀ ਵੋਟ ਪਾਉਣ ਜਾਣਾ ਪਵੇਗਾ, ਇਸ ਲਈ ਨਹੀਂ ਕਿ ਸਾਨੂੰ ਫਲਾਣਾ ਉਮੀਦਵਾਰ ਚੰਗਾ ਲੱਗਦਾ ਜਾਂ ਫਲਾਣੀ ਧਿਰ ਚੰਗੀ ਲੱਗ ਰਹੀ ਹੈ, ਸਗੋਂ ਇਸ ਲਈ ਕਿ ਮਾੜਿਆਂ ਵਿਚੋਂ ਜੇ ਚੰਗਾ ਨਹੀਂ ਲੱਭਦਾ ਤਾਂ ਮਾੜਿਆਂ ਵਿਚੋਂ ਵੱਧ ਮਾੜੇ ਦਾ ਰਾਹ ਰੋਕਣ ਲਈ ਹੀ ਆਪਣੀ ਵੋਟ ਵਰਗੀ ਇੱਕ ਮੋਹੜੀ ਉਸ ਦੇ ਅੱਗੇ ਗੱਡਣ ਦਾ ਹੀਲਾ ਕਰ ਆਈਏ। ਜ਼ਿੰਦਗੀ ਦਾ ਅਸੂਲ ਇਹ ਹੈ ਕਿ ਹਾਰ ਜਾਣਾ ਓਨਾ ਮਾੜਾ ਨਹੀਂ ਹੁੰਦਾ, ਜਿੰਨਾ ਲੜਨ ਤੋਂ ਪਹਿਲਾਂ ਹਾਰ ਮੰਨ ਕੇ ਹਥਿਆਰ ਸੁੱਟ ਦੇਣਾ ਮਾੜਾ ਹੁੰਦਾ ਹੈ। ਅਸੀਂ ਬਿਨਾਂ ਲੜੇ ਹਥਿਆਰ ਸੁੱਟਣ ਵਾਲਿਆਂ ਵਿਚ ਸ਼ਾਮਲ ਨਹੀਂ ਹੋ ਸਕਦੇ।
Leave a Reply