ਮਝੈਲ ਸਿੰਘ ਸਰਾਂ ਬੜੇ ਸਹਿਜ ਭਾਅ ਇੰਜ ਲਿਖੀ ਜਾਂਦੇ ਹਨ ਜਿਵੇਂ ਕਿਸੇ ਬਰੋਟੇ ਹੇਠ ਬੈਠਾ ਕੋਈ ਬਜ਼ੁਰਗ ਗੱਲਾਂ ਕਰ ਰਿਹਾ ਹੋਵੇ ਪਰ ਆਪਣੇ ਇਸ ਅੰਦਾਜ਼ ਵਿਚ ਮਝੈਲ ਸਿੰਘ ਸਰਾਂ ਦੁਖਦੀਆਂ ਰਗਾਂ ਉਤੇ ਡੂੰਘੀਆਂ ਚੋਟਾਂ ਲਾਈ ਜਾਂਦੇ ਹਨ। ਕਈ ਵਾਰ ਤਾਂ ਇਹ ਚੋਟਾਂ ਇੰਨੀਆਂ ਗੁੱਝੀਆਂ ਹੁੰਦੀਆਂ ਹਨ ਕਿ ਇਨ੍ਹਾਂ ਦੀ ਗੁੱਝੀ ਪੀੜ ਨਿਸ਼ਾਨੇ ਹੇਠਲੀ ਧਿਰ ਨੂੰ ਲੰਮਾ ਸਮਾਂ ਮਹਿਸੂਸ ਹੁੰਦੀ ਰਹਿੰਦੀ ਹੈ। ਕੁਝ ਅਜਿਹਾ ਹੀ ਅੰਦਾਜ਼ ਪਾਠਕਾਂ ਨੂੰ ਇਸ ਲੇਖ ਵਿਚ ਨਜ਼ਰ ਆਵੇਗਾ। -ਸੰਪਾਦਕ
ਮਝੈਲ ਸਿੰਘ ਸਰਾਂ
ਢਾਈ ਅੱਖਰਾਂ ਦਾ ਲਫਜ਼ ‘ਵੋਟ’ ਅੱਜ ਦੁਨੀਆਂ ਦੇ ਜਮਹੂਰੀਅਤ-ਪਸੰਦ ਮੁਲਕਾਂ ਵਿਚ ਸਭ ਤੋਂ ਵੱਧ ਤਾਕਤਵਰ ਸ਼ਬਦ ਦਾ ਰੂਪ ਧਾਰ ਗਿਆ ਹੈ। ਬੜੇ ਖੱਬੀਖਾਨ ਹਾਕਮਾਂ ਦਾ ਤਖਤਾ ਪਲਟਣ ਦੀ ਸਮਰੱਥਾ ਹੈ ਇਸ ਛੋਟੇ ਜਿਹੇ ਲਫ਼ਜ਼ ਕੋਲ। ਭਾਰਤ ਵਿਚ ਤਾਂ ਰੱਬ ਨਾਲੋਂ ਵੀ ਵੱਧ ਪੂਜਾ ਹੁੰਦੀ ਹੈ ਇਸ ਵੋਟ ਦੇ ਨਾਂ ‘ਤੇ। ਵੋਟ ਖਾਤਰ ਬੇਥਾਹ ਗੁਪਤਦਾਨ ਦਿੱਤਾ ਜਾਂਦਾ ਹੈ ਡੇਰਿਆਂ, ਮੰਦਿਰਾਂ ਤੇ ਹੋਰ ਨਿਕ-ਸੁਕ ਨੂੰ। ਇਹ ਵੋਟ ਵੀ ਕੀ ਸ਼ੈਅ ਆ, ਜਿਹਨੂੰ ਇਹਦਾ ਭੁਸ ਪੈ ਗਿਆ; ਫਿਰ ਉਹਦਾ ਧਰਮ, ਰਿਸ਼ਤਾ, ਜ਼ਮੀਰ ਬੱਸ ਇਹਦੇ ਦੁਆਲੇ ਹੀ ਘੁੰਮਦੇ ਹਨ। ਇਕੋ ਰਾਤ ਵਿਚਾਲੇ ਪੱਗ ਦੇ ਰੰਗ ਹੀ ਨਹੀਂ ਬਦਲਦੇ, ਵਿਸ਼ਵਾਸ ਦਾ ਘਾਤ ਵੀ ਕਰ ਦਿੱਤਾ ਜਾਂਦਾ ਹੈ। ਭਾਵੇਂ ਲੱਖ ਐਬ ਹੋਣ, ਬੱਸ ਇਕ ਛਤਰੀ ਤੋਂ ਉਡ ਕੇ ਦੂਜੀ ‘ਤੇ ਬਹਿਣ ਦੀ ਦੇਰ ਆ, ਇਹ ਵੋਟ ਦੁੱਧ ਧੋਤਾ ਸਾਬਿਤ ਕਰਨ ਵਿਚ ਦੇਰ ਨਹੀਂ ਲਾਉਂਦੀ। ਵੋਟ ਦੀ ਲਲ੍ਹਕ ਦਾ ਮਾਰਿਆ ਇਥੋਂ ਤੱਕ ਵੀ ਥੱਲੇ ਜਾ ਸਕਦਾ ਹੈ ਕਿ ਘਰ ਦਾ ਭੇਤੀ ਬਣ ਕੇ ਸਰਬਤ ਦਾ ਭਲਾ ਮੰਗਣ ਵਾਲੀ ਸੱਚੇ ਪਰਵਰਦਗਾਰ ਦੀ ਪਵਿੱਤਰ ਜਗ੍ਹਾ ‘ਤੇ ਫੌਜੀ ਹਮਲਾ ਕਰਾਉਣ ਦੀਆਂ ਵੀ ਸਲਾਹਾਂ ਦੇਵੇ, ਤੇ ਹੱਲਾਸ਼ੇਰੀ ਦੇ ਕੇ ਨੌਜਵਾਨਾਂ ਨੂੰ ਬਲੀ ਦੇ ਬੂਥੇ ਧੱਕ ਕੇ ਬੜਾ ਭੋਲਾ ਤੇ ਨਿਮਾਣਾ ਬਣ ਕੇ ਉਨ੍ਹਾਂ ਦੇ ਮਾਪਿਆਂ ਦੀਆਂ ਵੋਟਾਂ ਨਾਲ ਅੱਜ ਤੱਕ ਹਾਕਮ ਬਣੀ ਫਿਰੇ, ਕਿ ਤੁਹਾਨੂੰ ਨਿਆਂ ਦੇਵਾਂਗਾ।
ਭਾਰਤ ਵਰਗੇ ਮੁਲਕ ਨੇ ਤਾਂ ਆਪਣੇ ‘ਸੰਤ ਸੁਭਾਅ’ ਨੂੰ ਵੋਟ ਪਾਉਣ ਨੂੰ ਵੀ ਧਾਰਮਿਕ ਰੰਗਣ ਦੇ ਕੇ ਉਜਾਗਰ ਕੀਤਾ, ਤੇ ਨਾਂ ਰੱਖ ਦਿੱਤਾ ਮਤਦਾਨ, ਤੇ ਬੰਦੇ ਦਾ ਨਾਂ ਮੱਤਦਾਤਾ। ਹੁਣ ਜਿਥੇ ਦਾਨ ਤੇ ਦਾਤਾ ਵਰਗੇ ਲੁਭਾਉਣੇ ਲਫ਼ਜ਼ ਆਉਣ, ਫਿਰ ਭਲਾ ਕਾਹਨੂੰ ਕੋਈ ਪਿੱਛੇ ਰਹਿੰਦਾ ਦਾਨ ਦੇ ਕੇ ਦਾਤਾ ਕਹਾਉਣ ਨੂੰ। ਬੜਾ ਫ਼ਖ਼ਰ ਮਹਿਸੂਸ ਹੁੰਦਾ ਸਾਨੂੰ ਪੰਜਾਬੀਆਂ ਨੂੰ ਦਾਤਾ ਕਹਾ ਕੇ। ਤਾਂ ਹੀ ਤਾਂ ਗੁਰਦੁਆਰਿਆਂ ਦੇ ਫ਼ਰਸ਼ਾਂ ਉਤੇ ਦਾਤਿਆਂ ਦੇ ਨਾਮ ਦੀਆਂ ਪੱਥਰ-ਪਲੇਟਾਂ ਵਿਚ ਰੋਜ਼ ਵਾਧਾ ਹੋਈ ਜਾਂਦਾ ਹੈ। ਮੁਲਕ ਦੇ ਹਾਕਮ ਵੀ ਸਿਰ ਉਚਾ ਕਰ ਕੇ ਕਹਿੰਦੇ ਆ ਕਿ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ, ਭਾਵ (ਮੱਤ) ਦਾਤਿਆਂ ਦੀ ਸੋਨੇ ਦੀ ਚਿੜੀ ਦੇ ਸੇਵਾਦਾਰ ਹਨ। ਫਿਰ ਜਿਥੇ ਖੁਦ ਐਨੇ ਦਾਤੇ ਵਸਦੇ ਹੋਣ, ਉਥੇ ਕਿਉਂ ਰੋਟੀ-ਦਾਲ ਦੀ ਸਕੀਮ ਲੈਣ ਲਈ ਲੰਮੀਆਂ ਕਤਾਰਾਂ ਲੱਗਣ? ਕਿਉਂ ਇਹ ਦਾਤੇ ਖੁਦ ਆਪਣੇ ਹੱਥੀਂ ਰੱਸਾ ਚੁੱਕੀ ਫਿਰਦੇ ਆ ਫਾਹਾ ਲੈਣ ਨੂੰ? ਕਿਉਂ ਇਨ੍ਹਾਂ ਦਾਤਿਆਂ ਨੂੰ ਰੇਲਾਂ ਦੀਆਂ ਪਟੜੀਆਂ ਅਤੇ ਸੜਕਾਂ ਉਤੇ ਹਾਏ-ਹਾਏ ਤੇ ਮੁਰਦਾਬਾਦ ਕਰਨੀ ਪੈਂਦੀ ਹੈ? ਕਿਉਂ ਮਜਬੂਰ ਹੈ ਇਹ ਦਾਤਾ ਮਰਨ ਵਰਤ ‘ਤੇ ਬੈਠਣ ਲਈ? ਕਿਉਂ ਦੁੱਧ ਚੁੰਘਦੀ ਬੱਚੀ ਦੀ ਲਾਸ਼ ਲੈ ਕੇ ਬਹਿਣਾ ਪੈਂਦਾ ਕਿਸੇ ਨਿਮਾਣੀ ਮਾਂ ਨੂੰ ਸੜਕ ਉਤੇ? ਕਿਉਂ ਤੇ ਕੌਣ ਰੋਲ ਰਿਹਾ ਹੈ ਬਜ਼ੁਰਗ ਦਾਤੇ ਦੀ ਪੱਗ? ਕਿਉਂ ਇਨ੍ਹਾਂ ਦਾਤਿਆਂ ਦੀਆਂ ਕੰਜਕਾਂ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹ ਕੇ ਖੁਦ ਨੂੰ ਜਿਉਂਦੇ ਜੀਅ ਲਾਂਬੂ ਲਾਉਣ? ਮੰਗਤਿਆਂ ਤੋਂ ਵੀ ਬਦਤਰ ਬਣਾ ਦਿੱਤੇ ਇਹ (ਮਤ) ਦਾਤੇ। ਸੱਚਾਈ ਤਾਂ ਇਹ ਆ ਕਿ ਮੱਤ ਮਾਰੀ ਗਈ ਪਿਛਲੇ 6-7 ਦਹਾਕਿਆਂ ਤੋਂ ਮਤਦਾਨ ਕਰਦਿਆਂ ਦੀ; ਪਰ ਬੜੇ ਢੀਠ ਆ ਇਹ ਮਤਦਾਨ ਲੈਣ ਵਾਲੇ, ਇਨ੍ਹਾਂ ਦੀ ਰੂਹ ਨਹੀਂ ਰੱਜੀ। ਚਰੂੰਡ ਲਿਆ (ਮਤ) ਦਾਤਿਆਂ ਨੂੰ, ਘਸਿਆਰੇ ਬਣਾ ਕੇ ਰੱਖ ‘ਤੇ ਬੜੇ-ਬੜੇ ਸਬਜ਼ਬਾਗ ਦਿਖਾ ਕੇ।
ਅਮਰੀਕਾ ਦੇ ਰਾਸ਼ਟਰਪਤੀ ਰਹੇ ਅਬਰਾਹਮ ਲਿੰਕਨ ਦੀ ਪਰਿਭਾਸ਼ਾ ਕਿ ‘ਲੋਕ ਰਾਜ ਵਿਚ ਜਿਹੜੀ ਹਕੂਮਤ ਬਣਦੀ ਹੈ, ਉਹ ਲੋਕਾਂ ਦੁਆਰਾ ਲੋਕਾਂ ਦੀ ਅਤੇ ਲੋਕਾਂ ਵਾਸਤੇ ਹੁੰਦੀ ਹੈ’, ਬਹੁਤ ਮਕਬੂਲ ਹੈ। ਜਦੋਂ ਇਹ ਪਰਿਭਾਸ਼ਾ ਦਿੱਤੀ ਗਈ, ਉਦੋਂ ਅਮਰੀਕਾ ਘਰੇਲੂ ਯੁੱਧ ਵਿਚੋਂ ਗੁਜ਼ਰ ਰਿਹਾ ਸੀ। ਮੁੱਖ ਕਾਰਨ ਸੀ ਗੁਲਾਮੀ ਪ੍ਰਥਾ ਦਾ ਖਾਤਮਾ ਕਰਨਾ। ਇਹਦੇ ਲਈ ਰਾਸ਼ਟਰਪਤੀ ਲਿੰਕਨ ਨੂੰ ਖੁਦ ਕਤਲ ਹੋਣਾ ਪਿਆ। ਫਿਰ ਨਾਲ ਹੀ ਯੁੱਧ ਵੀ ਬੰਦ ਹੋ ਗਿਆ, ਤੇ ਗੁਲਾਮੀ ਵਾਲਾ ਕਲੰਕ ਵੀ ਮੁੱਕ ਗਿਆ। ਕਾਲੀ ਨਸਲ ਵਾਲਿਆਂ ਨੂੰ ਵੀ ਵੋਟ ਦਾ ਹੱਕ ਮਿਲ ਗਿਆ, ਤੇ ਉਹ ਵੀ ਹਕੂਮਤ ਵਿਚ ਹਿੱਸੇਦਾਰ ਬਣ ਗਏ। ਅੱਜ 150 ਸਾਲ ਹੋ ਚੁੱਕੇ, ਅਮਰੀਕਾ ਨੇ ਲਿੰਕਨ ਦੇ ਕਹੇ ਸ਼ਬਦਾਂ ‘ਤੇ ਭਰੋਸਾ ਕਰ ਕੇ ਸਰਕਾਰ ਨੂੰ ਲੋਕਾਂ ਦੀ ਅਤੇ ਲੋਕਾਂ ਵਾਸਤੇ ਕਾਫ਼ੀ ਹੱਦ ਤੱਕ ਬਣਾਈ ਰੱਖਿਆ ਹੈ; ਤਾਂ ਹੀ ਅਜੇ ਤੱਕ ਨਾਬਰਾਂ ਦੀ ਕੋਈ ਜਮਾਤ ਮੁਲਕ ਦੇ ਖ਼ਿਲਾਫ਼ ਹਥਿਆਰਬੰਦ ਹੋ ਕੇ ਨਹੀਂ ਉਠੀ, ਜਦੋਂ ਕਿ ਇਸ ਮੁਲਕ ਵਿਚ ਦੁਨੀਆਂ ਭਰ ਦੇ ਹਿੱਸਿਆਂ ਤੋਂ ਅਣਗਿਣਤ ਕੌਮਾਂ ਦੇ ਲੋਕ ਆ ਕੇ ਵਸੇ ਹੋਏ ਹਨ। ਮੈਂ ਨਹੀਂ ਪਿਛਲੇ ਦਸਾਂ ਸਾਲਾਂ ਤੋਂ ਕਦੇ ਸੁਣਿਆ-ਪੜ੍ਹਿਆ ਕਿ ਫਲਾਣੇ ਸ਼ਹਿਰ ਵਿਚ ਕਰਫਿਊ ਲੱਗਿਆ। ਕਦੇ ਨਹੀਂ ਪੜ੍ਹਿਆ ਕਿ ਫੌਜ ਨੇ ਕਿਸੇ ਗਿਰਜੇ ‘ਤੇ ਹਮਲਾ ਕਰ ਕੇ ਕਤਲੇਆਮ ਕੀਤਾ ਹੋਵੇ। ਤਰ੍ਹਾਂ-ਤਰ੍ਹਾਂ ਦੇ ਨਾਂਵਾਂ ਵਾਲੇ ਅਰਧ-ਸੈਨਿਕ ਬਲ ਮੈਂ ਨਹੀਂ ਸੁਣੇ, ਐਡੇ ਵੱਡੇ ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣ ਵਾਲੇ। ਇੱਥੇ ਇਹ ਵੀ ਨਾ ਕਹਿਣ ਲੱਗ ਪੈਣਾ ਮੈਨੂੰ, ਪਈ ਬੜਾ ਅਮਰੀਕਾ-ਭਗਤ ਬਣਿਆ ਫਿਰਦਾ। ਜੋ ਦੇਖਿਆ, ਉਹੋ ਕੁਝ ਹੀ ਲਿਖਦਾਂ।
ਹੁਣ ਸੋਚੋ ਕਿ ਭਾਰਤ ਦੀ ਚੁਣੀ ਹੋਈ ਹਕੂਮਤ ਖਿਲਾਫ ਨਾਬਰੀ ਦੀ ਨੌਬਤ ਕਿਉਂ ਆਉਂਦੀ ਹੈ? ਨਾਬਰੀ ਵਾਲਾ ਰਾਹ ਕੋਈ ਸੌਖਾ ਥੋੜ੍ਹਾ, ਹਰ ਵਕਤ ਜਾਨ ਤਲੀ ‘ਤੇ ਰੱਖੀ ਫਿਰਨਾ ਪੈਂਦਾ ਹੈ। ਕਾਰਨ ਸਪਸ਼ਟ ਹੈ ਕਿ ਹਿੰਦੋਸਤਾਨੀ ਹਾਕਮਾਂ ਨੇ ਲਿੰਕਨ ਦੀ ਪਰਿਭਾਸ਼ਾ ਨੂੰ ਅਧੂਰੇ ਰੂਪ ਵਿਚ ਲਾਗੂ ਕੀਤਾ। ਸਰਕਾਰ ਬਣਦੀ ਤਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਹੈ, ਪਰ ਫਿਰ ਉਹ ਲੋਕਾਂ ਦੀ ਅਤੇ ਲੋਕਾਂ ਵਾਸਤੇ ਰਹਿੰਦੀ ਨਹੀਂ, ਤੇ ਇਸੇ ਪਾੜੇ ਵਿਚੋਂ ਪੈਦਾ ਹੁੰਦੇ ਹਨ ਨਾਬਰ। ਖੋਟ ਕਿਥੇ ਰਲਿਆ, ਇਹ ਦੇਖਣਾ ਬੜਾ ਲਾਜ਼ਮੀ ਹੈ। ਮੁਲਕ ਦੀ ਜੰਗ-ਏ-ਆਜ਼ਾਦੀ ਵਿਚ ਹਿੱਸਾ ਪਾਉਣ ਵਾਲਿਆਂ ਦੀ ਨੀਅਤ ਵਿਚ ਤਾਂ ਰੱਤੀ ਭਰ ਵੀ ਖੋਟ ਨਹੀਂ ਸੀ। ਉਹ ਤਾਂ ਸਿਰਾਂ ‘ਤੇ ਕੱਫਣ ਬੰਨ੍ਹ ਕੇ ਲੜੇ, ਘਰ-ਘਾਟ ਉਜਾੜ ਲਏ, ਜ਼ਿੰਦਗੀ ਰੋਲ ਲਈ ਆਪਣੀ ਕਾਲੇ ਪਾਣੀਆਂ ਦੀ ਜੇਲ੍ਹ ਵਿਚ, ਝੂਲ ਗਏ ਫਾਂਸੀ ਦੇ ਫੰਦਿਆਂ ‘ਤੇ। ਮੁਲਕ ਦੇ ਬਣਨ ਵਾਲੇ ਮੋਹਤਬਰਾਂ ਦੇ ਦਿੱਤੇ ਕੌਲ-ਕਰਾਰਾਂ ਅਤੇ ਵਾਅਦਿਆਂ ‘ਤੇ ਭਰੋਸਾ ਕੀਤਾ ਕਿ ਤੁਹਾਡਾ ਵੀ ਆਜ਼ਾਦ ਮੁਲਕ ਵਿਚ ਇਕ ਖਿੱਤਾ ਹੋਵੇਗਾ ਜਿਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ। ਖੋਟੇ ਨਿਕਲੇ ਦਿਲ ਦੇ, ਮੁੱਕਰ ਗਏ ਕੀਤੇ ਵਾਅਦਿਆਂ ਤੋਂ ਆਜ਼ਾਦ ਹੁੰਦਿਆਂ ਸਾਰ। ਸੋ, ਨਾਬਰੀ ਦਾ ਬੂਟਾ ਇਨ੍ਹੀਂ ਖੁਦ ਲਾਇਆ, ਆਪਣੇ ਹੱਥੀਂ।
ਦਰਅਸਲ 1947 ਵਿਚ ਮੁਲਕ ਦੀ ਆਜ਼ਾਦੀ ਨਾਲੋਂ ਜ਼ਿਆਦਾ ਪੁਨਰ-ਸੁਰਜੀਤੀ ਹੋਈ ਹਿੰਦੂ ਸਾਮਰਾਜ ਦੀ ਜਿਹੜੀ ਕੋਈ 1000 ਸਾਲ ਪਹਿਲਾਂ ਅਰਬਾਂ ਦੇ ਹਮਲੇ ਨਾਲ ਜਾਂਦੀ ਰਹੀ ਸੀ। ਮੁੜ ਮੰਨੂਵਾਦ ਨੇ ਫਨ ਚੁੱਕ ਲਿਆ। ਫੌਜ ਦੇ ਬੂਟਾਂ ਥੱਲੇ ਕਿਤੇ ਦਰੜਿਆ ਜਾ ਰਿਹਾ ਹੈ ਇਹ ਦੁਨੀਆਂ ਦਾ ਸਭ ਤੋਂ ਵੱਡਾ ਜਮਹੂਰੀਅਤ ਦਾ ਦੇਵਤਾ, ਤੇ ਦੇਵੀਆਂ ਨੂੰ ਹਵਸ ਦਾ ਸ਼ਿਕਾਰ ਬਣਨਾ ਪੈਂਦਾ ਆਪਣੀ ਹੀ ਫੌਜ ਤੋਂ, ਤੇ ਕਿਤੇ ਨਸ਼ਿਆਂ ਦੇ ਸਮੁੰਦਰ ਵਿਚ ਡੋਬਿਆ ਜਾ ਰਿਹਾ ਹੈ ਗਿਣੀ-ਮਿਥੀ ਸਾਜ਼ਿਸ਼ ਤਹਿਤ। ਵਿਕਾਊ ਲੀਡਰਾਂ ਦੀ ਕਤਾਰ ਲੱਗੀ ਪਈ ਆ ਮੰਨੂਵਾਦ ਦੀ ਸੇਵਾ ਵਿਚ। ਪੰਜਾਂ ਸਾਲਾਂ ਬਾਅਦ ਫਿਰ ਧਮਕ ਪੈਂਦੇ ਆ, ਆਹ ਵੋਟਾਂ ਵਾਲਾ ਛੁਣ-ਛੁਣਾ ਵਜਾਉਂਦੇ।
ਆਹ ਮੂਰਖ ਬਣਾਉਣ ਵਾਲੀ ਗੱਲ ਸ਼ਾਇਦ ਵਤਨਪ੍ਰਸਤ ਕਹਾਉਣ ਵਾਲਿਆਂ ਨੂੰ ਮਾੜੀ ਲੱਗੇ, ਪਰ ਹੈ ਇਹ ਸੌ ਫੀਸਦੀ ਸੱਚ। ਤਾਜ਼ੀ ਮਿਸਾਲ ਹੀ ਸਾਂਝੀ ਕਰ ਲਈਏ। ਪਿੱਛੇ ਜਿਹੇ ਬਾਦਲਾਂ ਨੇ ਪੰਜਾਬ ਵਿਚ ਨਰੇਂਦਰ ਮੋਦੀ ਦੀ ਰੈਲੀ ਕਰਵਾਈ। ਮੋਦੀ ਸਿਰ ‘ਤੇ ਕੇਸਰੀ ਪੱਗ ਰੱਖ ਕੇ ਬੋਲਿਆ ਕਿ ਇਸ ਪੱਗ ਦੀ ਹਿਫ਼ਾਜ਼ਤ ਮੈਂ ਕਰੂੰਗਾ, ਜਦੋਂ ਕਿ ਹਕੀਕਤ ਵਿਚ ਗੁਜਰਾਤ ਵਿਚ ਵਸਦੇ ਸਿੱਖਾਂ ਨੂੰ ਉਜਾੜਨ ਦਾ ਬਾਨਣੂੰ ਇਸੇ ਮੋਦੀ ਨੇ ਬੰਨ੍ਹਿਆ ਹੋਇਐ। ਉਸ ਦੀਆਂ ਤੱਦੀਆਂ ਕਰ ਕੇ ਅਮਰੀਕਾ ਅਜੇ ਤੱਕ ਉਸ ਨੂੰ ਵੀਜ਼ਾ ਨਹੀਂ ਦੇ ਰਿਹਾ ਪਰ ਬਾਦਲੀ ਸਿੱਖਾਂ ਨੂੰ ਉਹ ਮਸੀਹੇ ਤੋਂ ਘੱਟ ਨਜ਼ਰ ਹੀ ਨਹੀਂ ਆਉਂਦਾ। ਇਹ ਖੁਸ਼ੀ ਵਿਚ ਐਨੇ ਖੀਵੇ ਹੋ ਗਏ ਕਿ ਕਈ ਚੋਟੀ ਦੇ ਸੰਤ ਕਹਾਉਣ ਵਾਲਿਆਂ ਤੇ ਸਿੱਖਾਂ ਦੇ ਦਸਵੰਧ ਨਾਲ ਚਲਦੀ ਸ਼੍ਰੋਮਣੀ ਕਮੇਟੀ ਨੇ ਖੁਦ ਲੰਗਰ ਲਾਏ। ਮੁਸਲਮਾਨਾਂ ਦੇ ਕਤਲੇਆਮ ਦੇ ਜ਼ਿੰਮੇਵਾਰ ਇਸ ਹੁਕਮਰਾਨ ਨੂੰ ਖਾਲਸੇ ਦੀ ਸ਼ਾਨ ਕਿਰਪਾਨ ਭੇਟ ਕਰ ਕੇ ਜੈਕਾਰੇ ਛੱਡਣੇ! ਭਲਾ ਕਿਹੜੀ ਮੁਹਿੰਮ ਫਤਿਹ ਕਰ ਕੇ ਆਇਆ ਸੀ ਮੋਦੀ? ਲੋਕਾਂ, ਖਾਸ ਕਰ ਕੇ ਸਿੱਖ ਕਹਾਉਣ ਵਾਲਿਆਂ ‘ਤੇ ਵੀ ਰੰਜ਼ ਹੈ, ਕਿ ਉਹ ਕਿਉਂ ਵਹੀਰਾਂ ਘੱਤੀ ਤੁਰ ਪਏ ਸੀ ਇਸ ਕਥਿਤ ਕਾਤਲ ਨੂੰ ਦੇਖਣ। ਦਿੱਲੀ ਜਾ ਕੇ ਇਹ ਰਲ ਕੇ ਚਟਕਿੱਲੀ ਲਾਉਂਦੇ ਆ ਕਿ ਮੈਂ ਫਤਿਹ ਰੈਲੀ ਕਰ ਕੇ ਬੁੱਧੂ ਬਣਾ ਆਇਆਂ, ਤੇ ਪੰਜਾਬ ਜਾ ਕੇ ਵੀ ਦਿੱਲੀ ਸਿੱਖ ਕਤਲੇਆਮ ਦੀ ਕੋਈ ਗੱਲ ਨਹੀਂ ਕੀਤੀ।
ਹੁਣ ਗੱਲ ਕਰੀਏ ਪੰਜਾਬ ਦੀ। ਵੋਟਾਂ ਖਾਤਰ ਬੜੇ ਭਰਮਾਊ ਵਾਅਦੇ ਹੋ ਰਹੇ ਹਨ। ਬਠਿੰਡਾ ਤਾਂ ਸੁੱਖ ਨਾਲ ਪਿਛਲੇ ਮਹੀਨਿਆਂ ਵਿਚ ਨੀਂਹ ਪੱਥਰਾਂ ਨਾਲ ਭਰ ਦਿੱਤਾ। ਭਰਦੇ ਵੀ ਕਿਉਂ ਨਾ, ਬਈ ਹਾਕਮਾਂ ਦੀ ਨੂੰਹ, ਨੰਨ੍ਹੀ ਛਾਂ ਜੁ ਖੜ੍ਹੀ ਹੈ ਉਥੋਂ ਦੇ ਮਤਦਾਤਿਆਂ ਕੋਲੋਂ ਮਤ ਦਾ ਦਾਨ ਲੈਣ ਨੂੰ। ਉਦਾਂ ਤਾਂ ਪੰਜਾਬੀਆਂ ਦੇ ਸੁਭਾਅ ਵਿਚ ਹੀ ਨਹੀਂ ਕਿ ਇਹ ਜਾਣਨ ਕਿ ਮੈਨੀਫੈਸਟੋ ਨਾਂ ਦੀ ਵੀ ਕੋਈ ਸ਼ੈਅ ਹੁੰਦੀ ਹੈ। ਇਹ ਮੈਨੀਫੈਸਟੋ ਹੁੰਦਾ ਨਿਰਾ ਵਾਅਦਿਆਂ ਦਾ ਪਟਾਰਾ ਜਿਹੜਾ ਪੂਰਾ ਕਦੋਂ ਹੋਣਾ, ਉਹ ਨਹੀਂ ਪਤਾ? ਨਾਲੇ ਅਸੀਂ ਸਿੱਖ ਤਾਂ ਵੈਸੇ ਵੀ ਜ਼ੁਬਾਨੀ-ਕਲਾਮੀ ਵਾਅਦਿਆਂ ‘ਤੇ ਜੈਕਾਰੇ ਛੱਡਣ ਵਾਲੇ ਹਾਂ। ਮੋਦੀ ਵਰਗੇ ਫਿਰਕਾਪ੍ਰਸਤ (ਜਿਹਦੀ ਫਿਤਰਤ ਇਹੋ ਕਹਿੰਦੀ ਹੈ ਕਿ ਘੱਟ-ਗਿਣਤੀਆਂ ਜਿਨ੍ਹਾਂ ਵਿਚ ਸਿੱਖ ਵੀ ਹੈਨ, ਲਈ ਹਿੰਦੋਸਤਾਨ ਵਿਚ ਕੋਈ ਜਗ੍ਹਾ ਨਹੀਂ), ਦੇ ਮਾਣ-ਸਨਮਾਨ ਵਿਚ ਜੈਕਾਰੇ ਛੱਡਣੇ ਕਿਹੜੀ ਸਮਝਦਾਰੀ ਹੈ ਬਈ ਜੋ ਸਿੱਖਾਂ ਨੇ ਕੀਤੀ ਹੈ?
ਹੁਣ ਵੋਟਾਂ ਦੌਰਾਨ ਪੰਜਾਬ ਵਿਚ ਚੁੱਪ-ਚੁਪੀਤੇ 4 ਕੁ ਸਰਵੇਖਣ ਕਰ ਲੈਣੇ ਆ, ਤੇ ਮਤ ਦਾਤਿਆਂ ਦੀ ਮਤ ਵੀ ਪਰਖ ਲੈਣੀ ਆ, ਤੇ ਨਾਲ ਦੀ ਨਾਲ ਕਿਹੜੇ ਕਾਰਪੋਰੇਟ ਘਰਾਣੇ ਕੋਲ ਸੂਬੇ ਨੂੰ ਗਿਰਵੀ ਰੱਖਣਾ, ਉਹਦਾ ਫੈਸਲਾ ਵੀ ਹੋ ਜਾਣਾ। ਬਾਕੀ ਜਿੱਤਣ ਹਾਰਨ ਦਾ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਕਿਹੜੇ ਸਰਵੇਖਣ ਹੋਣੇ ਆ, ਉਨ੍ਹਾਂ ਦਾ ਥੋੜ੍ਹਾ ਖੁਲਾਸਾ ਕਰੀਏ। ਇਹਦੇ ਵਿਚ ਤਾਂ ਕੋਈ ਦੋ ਰਾਵਾਂ ਹੈ ਨਹੀਂ, ਕਿ ਵੋਟਾਂ ਪੈਣ ਪੰਜਾਬ ਵਿਚ ਤੇ, ਨਸ਼ੇ-ਪੱਤੇ ਨਾ ਵੰਡੇ ਜਾਣ, ਨਾ-ਮੁਮਕਿਨ ਹੈ। ਪੰਜਾਬ ਦਾ ਆਮਦਨ ਦਾ ਵੱਡਾ ਸਰੋਤ ਹੈ ਸ਼ਰਾਬ ਦੀ ਵਿਕਰੀ। ਸਰਕਾਰ ਹਰ ਸਾਲ ਆਪਣੀ ਆਬਕਾਰੀ ਪਾਲਿਸੀ ਬਣਾਉਂਦੀ ਆ ਜਿਸ ਵਿਚ ਪਿਛਲੇ ਸਮੇਂ ਦੀ ਸ਼ਰਾਬ ਦੀ ਖਪਤ ਨੂੰ ਦੇਖ ਕੇ ਅਗਲੇ ਸਾਲ ਦਾ ਕੋਟਾ ਮਿਥਿਆ ਜਾਂਦਾ। ਹੁਣ ਸਰਵੇਖਣ ਇਹ ਹੋਣਾ ਕਿ ਕਿੰਨੀ ਸ਼ਰਾਬ ਵੋਟਾਂ ਵਾਲੇ ਇਸ ਮਹੀਨੇ ਵਿਚ ਇਕ ਪਿੰਡ ਨੂੰ ਦਿੱਤੀ ਗਈ। ਉਸ ਮੁਤਾਬਿਕ ਅਗਲੇ ਸਾਲ ਸ਼ਰਾਬ ਦਾ ਕੋਟਾ ਵਧਾਇਆ ਜਾਣਾ, ਤੇ ਉਨ੍ਹਾਂ ਪਿੰਡਾਂ ਦੀ ਪਛਾਣ ਵੀ ਹੋ ਜਾਣੀ ਹੈ ਜਿਥੇ ਨਵੇਂ ਠੇਕੇ ਖੋਲ੍ਹਣੇ ਆ, ਤੇ ਉਨ੍ਹਾਂ ਠੇਕੇਦਾਰਾਂ ਦੀ ਸ਼ਨਾਖ਼ਤ ਵੀ ਕਰ ਲੈਣੀ ਹੈ ਜਿਨ੍ਹਾਂ ਨੂੰ ਨਵੇਂ ਠੇਕੇ ਦੇਣੇ ਆ; ਕਿਉਂਕਿ ਜਿਨ੍ਹਾਂ ਸਰਪੰਚਾਂ, ਨੰਬਰਦਾਰਾਂ ਰਾਹੀਂ ਵੋਟਾਂ ਵਿਚ ਸ਼ਰਾਬ ਵੰਡ ਹੁੰਦੀ, ਉਨ੍ਹਾਂ ਵਿਚੋਂ ਜਿਹੜਾ ਵੱਧ ਸੇਵਾ ਭਾਵਨਾ ਨਾਲ ਇਹ ਕਾਰਜ ਕਰ ਗਿਆ, ਉਹੀ ਅਗਲੇ ਸਾਲ ਸ਼ਰਾਬ ਦਾ ਠੇਕੇਦਾਰ।
ਦੂਜਾ ਸਰਵੇਖਣ ਇਹ ਹੈ ਕਿ ਸ਼ਰਾਬ ਦੇ ਨਾਲ-ਨਾਲ ਕਿਹੜੇ ਨਸ਼ੇ ਦੀ ਜ਼ਿਆਦਾ ਮੰਗ ਹੈ। ਕਿੰਨੇ ਕੁ ਮੁੰਡੇ ਹਰ ਪਿੰਡ ਵਿਚ ਕਿੰਨਾ ਕੁ ਨਸ਼ਾ ਲੈਂਦੇ ਹਨ। ਕਿਹੜੇ ਨਵੇਂ ਨਸ਼ੇ ਦੀ ਮੰਗ ਕਰਦੇ ਆ। ਇਹ ਸਾਰਾ ਹਿਸਾਬ-ਕਿਤਾਬ ਲਾ ਲਿਆ ਜਾਂਦਾ ਹੈ। ਉਸ ਮੁਤਾਬਿਕ ਖ਼ਪਤ ਦੀ ਪੂਰਤੀ ਲਈ ‘ਭੋਲੇ’ ਵਰਗੇ ਚੋਟੀ ਦੇ ਖਿਡਾਰੀ ਨੂੰ ਸਮਗਲਰ ਬਣਾ ਕੇ, ਤੇ ਰਾਬਤਾ ਬਣਾ ਕੇ ਲਗਾਤਾਰ ਸਪਲਾਈ ਦਾ ਗੁਪਤ ਪ੍ਰਬੰਧ ਬੜੇ ਹੀ ਸੁਚੱਜੇ ਢੰਗ ਨਾਲ ਕਰ ਦਿੱਤਾ ਜਾਂਦਾ। ਫਿਰ ਵੱਡੀਆਂ-ਵੱਡੀਆਂ ਰੈਲੀਆਂ ਤੇ ਅ-ਸੰਗਤ ਦਰਸ਼ਨ ਕਰਵਾ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਸੂਬਾ ਨਸ਼ਾ ਮੁਕਤ ਹੋ ਰਿਹਾ ਹੈ, ਤੇ ਬੜੀ ਬੇਸ਼ਰਮੀ ਤੇ ਬੇਹਯਾਈ ਨਾਲ ਉਹੀ ਲੀਡਰ ਕਹਿ ਰਿਹਾ ਹੁੰਦਾ ਹੈ ਜਿਹਦਾ ਨਾਂ ਭੋਲਾ, ਡਰੱਗ ਤਸਕਰੀ ਵਿਚ ਸਿੱਧਾ ਲੈਂਦਾ; ਤੇ ਅਸੀਂ ਮਤ ਦਾਤੇ, ਨੀਲੀਆਂ ਪੀਲੀਆਂ ਪੱਗਾਂ ਬੰਨ੍ਹ ਕੇ ਮੋਹਰੇ ਬਹਿ ਕੇ ਜੈਕਾਰੇ ‘ਤੇ ਜੈਕਾਰਾ ਛੱਡਦੇ ਹਾਂ। ਸਾਡੇ ਮੁੰਡੇ ਮਰ ਰਹੇ ਆ ਨਸ਼ਿਆਂ ਨਾਲ, ਤੇ ਅਸੀਂ ਕਿਹੜੀ ਖੁਸ਼ੀ ਵਿਚ ਜੈਕਾਰਿਆਂ ‘ਤੇ ਜ਼ੋਰ ਦਿੱਤਾ ਹੋਇਆ ਭਲਾ?
ਵੋਟਾਂ ਮੰਗਦੇ ਇਨ੍ਹਾਂ ਲੀਡਰਾਂ ਨੇ ਕਿਉਂਕਿ ਪਿੰਡ-ਪਿੰਡ ਜਾਣੈ, ਪੰਚਾਇਤਾਂ ਨਾਲ ਰਾਬਤਾ ਵੀ ਬਣਾਉਣੈ ਤੇ ਨਾਲ-ਨਾਲ ਇਹ ਸੂਹ ਵੀ ਕੱਢ ਲੈਣੀ ਹੈ ਕਿ ਕਿਹੜੇ ਪਿੰਡ ਕੋਲ ਸ਼ਾਮਲਾਟ ਦੀ ਕਿੰਨੀ ਜ਼ਮੀਨ ਹੈ, ਤੇ ਉਸ ਉਤੇ ਕੌਣ ਕਾਬਜ਼ ਹੈ? ਬੱਸ, ਫਿਰ ਜੋੜ-ਘਟਾਓ ਵਾਲਾ ਹਿਸਾਬ ਲੱਗ ਕੇ ਚੰਡੀਗੜ੍ਹ ਵੱਡੇ ਮਹਾਂਰਥੀ ਕੋਲ ਪਹੁੰਚ ਜਾਣਾ, ਤੇ ਵੋਟਾਂ ਵਾਲਾ ਝੰਜਟ ਮੁੱਕਦਿਆਂ ਸਾਰ ਹੀ ਸ਼ਾਮਲਾਟੀ ਜ਼ਮੀਨਾਂ ਦੀ ਸਾਰ ਵੀ ਲਈ ਜਾਣ ਲੱਗ ਪੈਣੀ ਆ। ਕਿਹੜੀ ਜ਼ਮੀਨ ਕਿਸ ਮਕਸਦ ਲਈ ਫਿੱਟ ਬੈਠਦੀ, ਸਭ ਕੰਮ ਚੰਡੀਗੜ੍ਹੋਂ ਵੱਡੇ ਦਫ਼ਤਰ ਨੇ ਆਪ ਹੀ ਮੁਕੰਮਲ ਕਰ ਕੇ ਉਹਦਾ ਭੋਗ ਪਾ ਦੇਣਾ, ਕਿਉਂਕਿ ਜ਼ਮੀਨ ਦੇ ਸ਼ਿਕਾਰੀਆਂ ਦੀਆਂ ਤਾਰਾਂ ਸਿੱਧੀਆਂ ਸੂਬੇ ਦੇ ਰਹਿਬਰਾਂ ਨਾਲ ਜੁੜੀਆਂ ਹੋਈਆਂ। ਆਹ ਵੋਟਾਂ ਵਕਤ ਇਹ ਸਰਵੇਖਣ ਵੀ ਕਰ ਲਿਆ ਜਾਂਦਾ ਕਿ ਕਿਹੜੇ ਪਿੰਡਾਂ ਦੀ ਜ਼ਮੀਨ ਸੂਬੇ ਦੇ ਵਿਕਾਸ ਦੇ ਨਾਂ ‘ਤੇ ਐਕਵਾਇਰ ਕਰ ਕੇ ਲੋਕਾਂ ਤੋਂ ਸਸਤੇ ਭਾਅ ਖਰੀਦ ਕੇ ਵੱਡੀਆਂ ਕੰਪਨੀਆਂ ਨੂੰ ਦੇਣੀ ਹੈ, ਤੇ ਫਿਰ ਕੁਝ ਵਕਤ ਬਾਅਦ ਉਹ ਜ਼ਮੀਨ ਜਿਹੜੀ ਏਕੜਾਂ ਦੇ ਭਾਅ ਖਰੀਦੀ ਹੁੰਦੀ ਆ, ਗਜ਼ਾਂ ਦੇ ਹਿਸਾਬ ਪਲਾਟ ਕੱਟ ਕੇ ਜਿਥੇ ਬੇਹਿਸਾਬਾ ਮੁਨਾਫ਼ਾ ਕਮਾਇਆ ਜਾਂਦਾ, ਉਥੇ ਬੇਜ਼ਮੀਨਿਆਂ ਦੀ ਗਿਣਤੀ ਵਿਚ ਵੀ ਵਾਧਾ ਕਰ ਦਿੱਤਾ ਜਾਂਦਾ ਹੈ। ਉਧਰ ਮੱਤ ਦਾਤਿਆਂ ਨੂੰ ਜੈਕਾਰੇ ਛੱਡਣ ਤੋਂ ਹੀ ਵਿਹਲ ਨਹੀਂ ਮਿਲਦੀ!
ਚੌਥਾ ਸਰਵੇਖਣ ਇਨ੍ਹਾਂ ਵੋਟਾਂ ਵਿਚ ਹੋਣਾ ਮੱਤ ਦਾਤਿਆਂ ਦੀ ਮੱਤ ਦਾ। ਇਹ ਲੀਡਰ ਸਾਡੇ ਕੋਲ ਸਿਰਫ ਵੋਟਾਂ ਮੰਗਣ ਨਹੀਂ ਆਉਂਦੇ। ਦਰਅਸਲ ਇਹ ਆਉਂਦੇ ਆ ਸਾਡੀ ਅਕਲ ਪਰਖਣ ਕਿ ਪਿਛਲੇ ਪੰਜਾਂ ਸਾਲਾਂ ਵਿਚ ਕੋਈ ਫਰਕ ਪਿਆ, ਕਿ ਹੁਣ ਵੀ ਉਥੇ ਹੀ ਖੜ੍ਹੀ ਆ। ਇਹ ਇਸ ਗੱਲ ਤੋਂ ਹੀ ਸਭ ਪਰਖ ਜਾਂਦੇ ਆ, ਕਿ ਪਿੰਡ ਵੜਦਿਆਂ ਸਾਰ ਜੇ ਗੱਲ ਫੁੱਲਾਂ ਦੇ ਹਾਰ ਪਾ ਕੇ ਜ਼ਿੰਦਾਬਾਦ ਦੇ ਨਾਅਰੇ ਲੱਗ ਗਏ, ਤਾਂ ਸਮਝੋ ਅਕਲ ਅਜੇ ਦੂਰ ਹੀ ਹੈ। ਰਹਿੰਦੀ ਕਸਰ ਉਦੋਂ ਨਿਕਲ ਜਾਂਦੀ ਹੈ ਜਦੋਂ ਇਨ੍ਹਾਂ ਮੱਤ ਦਾਤਿਆਂ ਨੂੰ ਪੁੱਛਿਆ ਜਾਂਦੈ ਕਿ ਦੱਸੋ, ਪਿੰਡ ਲਈ ਕੀ ਕੀਤਾ ਜਾਵੇ ਕਿ ਖੁਸ਼ਹਾਲੀ ਆਵੇ ਇਸ ਪਿੰਡ ਵਿਚ ਵੀ। ਅਰਜ਼ ਕਰਨਗੇ ਕਿ ਗੁਰਦੁਆਰੇ ਨਾਲੋਂ ਵੱਧ ਮਾਨਤਾ ਫਿੱਡੇ ਸ਼ਾਹ ਦੀ ਜਗ੍ਹਾ ਦੀ ਹੈ, ਉਥੇ ਜਾਂਦਾ ਪਹਿਆ ਕੱਚਾ ਹੋਣ ਕਰ ਕੇ ਲੋਕਾਂ ਨੂੰ ਮੀਂਹ-ਕਿਣੀ ਵਿਚ ਦੀਵੇ ਜਗਾਉਣ ਜਾਣ ਵਕਤ ਔਖਿਆਈ ਹੁੰਦੀ ਆ। ਜੇ ਦੋ ਕੁ ਫਰਲਾਂਗ ਦਾ ਉਹ ਕੱਚਾ ਪਹਿਆ ਪੱਕਾ ਕਰਵਾ ਦਿਓ, ਤਾਂ ਸਾਰਾ ਪਿੰਡ ਤੁਹਾਡੇ ਗੁਣ ਗਾਵੇਗਾ। ਜਦੋਂ ਪੰਜਾਬੀ ਗਲੀਆਂ, ਨਾਲੀਆਂ, ਛੱਪੜਾਂ, ਸਿਵਿਆਂ ਦੀਆਂ ਚਾਰ ਦੀਵਾਰੀਆਂ, ਜਠੇਰਿਆਂ ਦੀਆਂ ਉਸਾਰੀਆਂ ਦੀਆਂ ਬਾਤਾਂ ਇਨ੍ਹਾਂ ਲੀਡਰਾਂ ਕੋਲ ਵੋਟਾਂ ਵਕਤ ਵੀ ਪਾਉਂਦੇ ਆ, ਤਾਂ ਇਹ ਲੀਡਰ ਫੱਟ ਸਮਝ ਜਾਂਦੇ ਕਿ ਇਹ ਅਜੇ ਵੀ ਉਨੇ ਹੀ ਬੁੱਧੂ ਆ, ਜਿੰਨੇ ਪੰਜ ਸਾਲ ਪਹਿਲਾਂ ਸੀ। ਇਹ ਸੋਚਦੇ ਆ ਕਿ ਜੇ ਲੋਕਾਂ ਨੇ ਹੁਣ ਨਹੀਂ ਪੁੱਛਿਆ ਕਿ ਜਿਹੜੇ ਪੰਜਾਬ ਦੇ ਮਸਲਿਆਂ ‘ਤੇ ਮੋਰਚੇ ਲੁਆ ਕੇ ਲੱਖਾਂ ਸਿੱਖ ਨੌਜਵਾਂਨਾਂ ਨੂੰ ਮਰਵਾਇਆ, ਕੀ ਉਹ ਹੱਲ ਹੋ ਗਏ? ਜਿਨ੍ਹਾਂ ਦਾ ਨਾਂ ਭੋਲਾ, ਡਰੱਗ ਮਾਫੀਏ ਵਿਚ ਲੈਂਦਾ, ਉਹ ਕਿਉਂ ਅਜੇ ਵੀ ਹਾਕਮ ਬਣੇ ਬੈਠੇ ਆ? ਕਿਉਂ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਜਾਂਦਾ? ਕੌਣ ਹੈ ਜਿਹੜਾ ਚਿੱਠੀਆਂ ਲਿਖ ਕੇ ਰੋਕਦਾ ਹੈ? ਕਿਹਨੇ ਅੰਦਰਖਾਤੇ ਮੁਲਾਕਾਤਾਂ ਕਰ ਕੇ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਵਾਇਆ? ਉਹ ਕਿਹੜੀਆਂ ਤਾਕਤਾਂ ਨੇ ਜੋ ਸਾਧਾਂ ਦੀ ਪਿੱਠ ‘ਤੇ ਖੜ੍ਹ ਕੇ ਸਿੱਖੀ ਦਾ ਘਾਣ ਕਰਵਾ ਰਹੀਆਂ ਨੇ? ਕੌਣ ਹੈ ਉਹ ਜਿਹੜਾ ਅੱਜ ਸ੍ਰੀ ਅਕਾਲ ਤਖ਼ਤ ਨੂੰ ਸਿੱਖਾਂ ਵਿਰੁਧ ਹੀ ਵਰਤ ਰਿਹਾ ਹੈ? ਪੰਜਾਬ ਵਿਚ ਦਿਨ-ਬਦਿਨ ਬੇਜ਼ਮੀਨੇ ਕਿਸਾਨਾਂ ਦੀ ਗਿਣਤੀ ਵਿਚ ਵਾਧਾ ਕਿਹਦੀਆਂ ਪਾਲਿਸੀਆਂ ਨਾਲ ਹੋ ਰਿਹਾ? ਸੂਬੇ ਸਿਰ ਕਰਜ਼ਾ ਵਧਣ ਦਾ ਕਾਰਨ ਕੀ ਲੋਕ ਹਨ ਜਾਂ ਸਿਆਸੀ ਅਹਿਲਕਾਰਾਂ ਦਾ ਅਯਾਸ਼ੀਪੁਣਾ? ਜਿਨ੍ਹਾਂ ਦਾ ਥੱਲਾ ਹੈਲੀਕਾਪਟਰ ਦੀ ਸੀਟ ਤੋਂ ਬਗੈਰ ਲਗਦਾ ਹੀ ਨਹੀਂ ਕਿਤੇ।
ਅਕਸਰ ਇਲਜ਼ਾਮ ਲਾ ਦਿੱਤਾ ਜਾਂਦੈ ਕਿ ਲੀਡਰ ਵਾਅਦੇ ਤਾਂ ਬੜੇ ਕਰਦੇ ਆ, ਪਰ ਵਫ਼ਾ ਨਹੀਂ ਕਰਦੇ। ਮੁਲਕ ਦੇ ਹਾਕਮਾਂ ਬਾਰੇ ਤਾਂ ਮੈਂ ਕਹਿ ਨਹੀਂ ਕੁਝ ਸਕਦਾ, ਪਰ ਆਪਣੇ ਸੂਬੇ ਦੇ ਹਾਕਮਾਂ ‘ਤੇ ਇਹ ਇਲਜ਼ਾਮ ਲਾਉਣਾ ਨਹੀਂ ਬਣਦਾ। ਉਹ ਜਿਹੜੇ ਵਾਅਦੇ ਜਿਨ੍ਹਾਂ ਨਾਲ ਕਰਦੇ ਆ, ਪੂਰਾ ਕਰਨ ਲਈ ਵੀ ਪੂਰਾ ਜ਼ੋਰ ਲਾ ਦਿੰਦੇ ਆ; ਤਾਂ ਹੀ ਨਿੱਕੇ ਜਿਹੇ ਸੂਬੇ ਪੰਜਾਬ ਲਈ ਇਕੋ ਘਰ ਦੇ ਹੀ ਦੋ ਹਾਕਮ-ਇਕ ਵੱਡਾ ਤੇ ਇਕ ਛੋਟਾ, ਬਣਾਉਣੇ ਪਏ। ਤੇ ਛੋਟੇ ਹਾਕਮ ਦਾ ਤਾਂ ਕੰਮ ਹੀ ਇਹੋ ਹੈ ਕਿ ਵਾਅਦੇ ਕਰਨੇ ਤੇ ਵਫ਼ਾ ਚੜ੍ਹਾਉਣੇ। ਉਹ ਐਨਾ ਸਮਝਦਾਰ ਹੈ ਕਿ ਵਾਅਦਾ ਇਕ ਕਰਦਾ, ਤੇ ਵਫਾ ਦੋ ਹੋ ਜਾਂਦੇ ਹਨ; ਤਾਂ ਹੀ ਤਾਂ ਸੂਬੇ ਦਾ ਵਿਕਾਸ ਉਛਾਲੇ ਮਾਰਨ ਲੱਗ ਪਿਆ। ਉਨ੍ਹਾਂ ਵਾਅਦਾ ਕੀਤਾ ਸੀ ਕਿ ਹਰ ਸ਼ਹਿਰ ਨੂੰ ਜਾਣ ਵਾਲੀਆਂ ਸੜਕਾਂ 4 ਮਾਰਗੀ ਐਨੀਆਂ ਚੌੜੀਆਂ ਤੇ ਵਧੀਆ ਬਣਾ ਦੇਣੀਆਂ ਕਿ ਭਾਵੇਂ ਜਿੱਦਾਂ ਮਰਜ਼ੀ ਸ਼ਰਾਬ ਪੀ ਕੇ ਗੱਡੀ ਚਲਾਇਓ, ਕੋਈ ਖ਼ਤਰਾ ਨਹੀਂ ਹੋਵੇਗਾ। ਹੁਣ ਚੌੜੀਆਂ ਤੇ ਵਧੀਆ ਸੜਕਾਂ ਤਾਂ ਹੀ ਮੰਨੀਆਂ ਜਾਣਗੀਆਂ, ਜੇ ਸ਼ਰਾਬ ਦੇ ਠੇਕੇ ਵੱਧ ਤੋਂ ਵੱਧ ਖੋਲ੍ਹਣ ਤਾਂ ਕਿ ਸ਼ਰਾਬੀਆਂ ਦੀ ਗਿਣਤੀ ਵਧੇ। ਫਿਰ ਉਹ ਰਹਿੰਦੀਆਂ-ਖਹੂੰਦੀਆਂ ਜ਼ਮੀਨਾਂ ਵੇਚ ਕੇ ਕਾਰਾਂ ਖਰੀਦਣ। ਕਾਰਾਂ ਵੇਚਣ ਵਾਲਿਆਂ ਨੂੰ ਸੱਦਾ ਦੇ ਦਿੱਤਾ ਕਿ ਆ ਜੋ, ਵਕਤ ਵਧੀਆ। ਸੂਬਾ ਸਰਕਾਰ ਨੇ ਇਹ ਵਾਅਦਾ ਪੂਰਾ ਕਰਨ ਖਾਤਿਰ ਇਸ ਸਾਲ ਸ਼ਰਾਬ ਦੇ ਠੇਕੇ ਵਧਾ ਦਿੱਤੇ। ਹੁਣ ਸੜਕ ਵੀ ਚੌੜੀ ਹੋ ਜੂ’ਗੀ, ਤੇ ਟੌਲ ਵਾਲੇ ਵੀ ਬਿਠਾ ਦਿੱਤੇ ਜਾਣਗੇ ਕਿ ਹੁਣ ਕੋਈ ਸੁੱਕਾ ਨਾ ਨਿਕਲੇ। ਫਿਰ ਚੌੜੀ ਸੜਕ ‘ਤੇ ਪੁਲਿਸ ਦਾ ਨਾਕਾ ਵੀ ਲੁਆਉਣੈ ਕਿਉਂਕਿ ਉਥੋਂ ਵੀ ਮਹੀਨਾ ਮਿਲਣਾ ਹੁੰਦਾ। ਕਿਉਂ? ਹੋਇਆ ਨਾ ਵਾਅਦਾ ਵਫ਼ਾ! ਸਾਰੇ ਖੁਸ਼, ਵਿਚੇ ਹਾਕਮ। ਇਹੋ ਜਿਹੇ ਵਾਅਦੇ ਜਿਹੜੇ ਲੋਕਾਂ ਨਾਲ, ਸੱਚ ਮਤ ਦਾਤਿਆਂ ਨਾਲ ਹੁੰਦੇ ਹਨ; ਜਿਨ੍ਹਾਂ ਦਾ ਬੜਾ ਗੱਜ-ਵੱਜ ਕੇ ਪ੍ਰਚਾਰ ਵੀ ਕੀਤਾ ਜਾਂਦਾ। ਪ੍ਰਚਾਰ ਕਿਹੜਾ ਕਿਤਿਉਂ ਬੀæਬੀæਸੀæ ਤੋਂ ਕਰਵਾਉਣਾ, ਆਪਣੇ ਹੀ ਚੈਨਲ ਚੱਲਦੇ ਆ 24 ਘੰਟੇ; ਇਕੋ ਨਾਂ ਦੀ ਮਾਲਾ ਜਪ ਹੁੰਦੀ ਆ। ਅਖ਼ਬਾਰਾਂ ਵਾਲਿਆਂ ਨਾਲ ਲੈਣ-ਦੇਣ ਵੱਖਰਾ ਨਿਬੇੜਿਆ ਹੋਇਆ।
ਕੁਝ ਵਾਅਦੇ ਹੋਰ ਹੁੰਦੇ ਹਨ ਜਿਨ੍ਹਾਂ ਦਾ ਪ੍ਰਚਾਰ ਕਿਸੇ ਹੋਰ ਢੰਗ ਨਾਲ ਕੀਤਾ ਜਾਂਦਾ, ਪਰ ਹਕੀਕਤ ਵਿਚ ਕੁਝ ਹੋਰ ਹੁੰਦੇ ਆ। ਉਹ ਵਾਅਦੇ ਪੰਡਾਲ ਬਣਾ ਕੇ, ਸਟੇਜਾਂ ‘ਤੇ ਝੰਡੀਆਂ ਲਾ ਕੇ ਜੈਕਾਰਿਆਂ ਦੀ ਗੂੰਜ ਵਿਚ ਨਹੀਂ ਕੀਤੇ ਜਾਂਦੇ। ਉਹ ਵਾਅਦੇ ਹੁੰਦੇ ਹਨ ਪੰਜ ਤਾਰਾ ਹੋਟਲਾਂ ਵਿਚ ਨਿੰਮੀ-ਨਿੰਮੀ ਲੋਅ ਵਿਚ ਬਹਿ ਕੇ ਖਾਣ-ਪੀਣ ਨਾਲ। ਇਹੋ ਜਿਹੇ ਕੁਝ ਵਾਅਦੇ ਸੂਬੇ ਦੇ ਹਾਕਮਾਂ ਨੇ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਮੁਹਾਲੀ ਵਿਚ ਵਿਕਾਸ ਦੇ ਨਾਮ ਹੇਠ ਸੰਮੇਲਨ ਕਰ ਕੇ ਕੀਤੇ। ਉਹ ਵਾਅਦੇ ਜਿਨ੍ਹਾਂ ਨੂੰ ਸਰਕਾਰੀ ਭਾਸ਼ਾ ਵਿਚ ਐਮæਓæਯੂæ (ਭਾਵ ਮੈਮੋਰੈਂਡਮ ਔਫ ਅੰਡਰਸਟੈਂਡਿੰਗ) ਕਿਹਾ ਜਾਂਦਾ! ਵੱਡਾ ਹਾਕਮ ਤਾਂ ਕਹਿੰਦਾ ਅੰਡਰਸਟੈਂਡਿੰਗ (ਸਮਝੌਤਾ) ਨਹੀਂ, ਕੁਮਿਟਮੈਂਟ (ਵਾਅਦਾ) ਕਹੋ ਜੀ। ਉਹ ਵਾਅਦੇ ਹੋਏ 65,000 ਕਰੋੜ ਰੁਪਏ ਦੇ। ਕਿਨ੍ਹਾਂ ਨਾਲ ਕੀਤੇ? ਉਨ੍ਹਾਂ ਦੇ ਨਾਮ ਹਨ ਅੰਬਾਨੀ, ਨੈਸ ਵਾਡੀਆ, ਓਸਵਾਲ, ਭਾਰਤੀ ਮਿੱਤਲ, ਏਅਰਟੈਲ, ਲਕਸ਼ਮੀ ਮਿੱਤਲ; ਮਤਲਬ ਮੁਲਕ ਦੇ ਤਾਂ ਕੀ, ਦੁਨੀਆਂ ਦੇ ਵੱਡੇ ਸਰਮਾਏਦਾਰ! ਇਹ ਲਾਉਣਗੇ ਆਪਣਾ ਸਰਮਾਇਆ ਸੂਬੇ ਦੇ ਵਿਕਾਸ ਲਈ, ਤੇ ਕਮਾਉਣਗੇ ਮੁਨਾਫ਼ਾ। ਦੇਖਿਆ ਜਾਵੇ ਤਾਂ ਐਡੇ ਵੱਡੇ ਸਰਮਾਏਦਾਰਾਂ ਨੂੰ ਭਲਾ ਕੀ ਮੋਹ ਜਾਗਿਆ ਪੰਜਾਬ ਨਾਲ, ਕਿ ਉਥੇ ਸਰਮਾਇਆ ਲਾਉਣ ਲਈ ਰਾਜ਼ੀ ਹੋ ਗਏ, ਜਦੋਂ ਕਿ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਪਹਿਲੇ ਕਾਰਖਾਨੇਦਾਰ ਉਥੋਂ ਭੱਜਣ ਲਈ ਕਾਹਲੇ ਪਏ ਹੋਏ ਆ।
ਇਕ ਗੱਲ ਹੋਰ ਸਾਂਝੀ ਕਰਾਂ, ਮੁਲਕ ਦੇ ਕੁਝ ਵੱਡੇ ਸਰਮਾਏਦਾਰਾਂ ਵਿਚ ਇਕੋ-ਇਕ ਪੰਜਾਬੀ ਸਿੱਖ ਦਾ ਨਾਮ ਵੀ ਹੈਗਾ, ਉਹ ਨਾਂ ਹੈ ਬਾਦਲ ਪਰਿਵਾਰ ਦਾ। ਇਹ ਜਿਹੜੇ ਬੰਬੇ ਤੋਂ ਜਾ ਕੇ ਸਰਮਾਏਦਾਰਾਂ ਨੂੰ ਸੱਦ ਕੇ ਲਿਆਉਂਦੇ, ਖੁਦ ਆਪ ਆਪਣਾ ਸਰਮਾਇਆ ਕਿਉਂ ਨਹੀਂ ਲਾਉਂਦੇ ਸੂਬੇ ਦੇ ਵਿਕਾਸ ਤੇ ਭਲਾਈ ਲਈ? ਪੰਜਾਬ ਦੇ ਮੱਤ ਦਾਤਿਓ! ਥੋੜ੍ਹਾ ਆਪਣੀ ਮੱਤ ‘ਤੇ ਜ਼ੋਰ ਪਾਇਓæææਐਵੇਂ ਨਾ ਨੀਂਹ ਪੱਥਰਾਂ ਦੀ ਸਿਆਸਤ ‘ਤੇ ਜੈਕਾਰੇ ਛੱਡੀ ਜਾਇਆ ਕਰੋ। ਜੇ ਇਉਂ ਹੀ ਕਰਦੇ ਰਹੇ ਤਾਂ ਉਹ ਦਿਨ ਬਹੁਤਾ ਦੂਰ ਨਹੀਂ, ਜਿਸ ਦਿਨ ਪੰਜਾਬ ਵਿਚ ਵੜਦਿਆਂ ਨੂੰ ‘ਪੰਜਾਬ ਫਾਰ ਸੇਲ’ ਦੇ ਬੋਰਡ ਲੱਗਿਓ ਦਿਸਣਗੇ। ਗੁਲਾਮੀ ਨੂੰ ਹਾਕਾਂ ਨਾ ਮਾਰੋ ਭਰਾਵੋ। ਹਾਕਮ ਤੁਲੇ ਬੈਠੇ ਆ ਤੁਹਾਨੂੰ ਗੁਲਾਮ ਬਣਾਉਣ ਲਈ।
ਮੁਲਕ ਦੀ ਵਾਗਡੋਰ ਕਿਸ ਪਾਰਟੀ ਹੱਥ ਦੇਣੀ ਆ, ਇਹ ਤੈਅ ਕਰਦੀਆਂ ਨੇ ਦੋ ਤਾਕਤਾਂ। ਪਹਿਲੀ, ਹਿੰਦੂਤਵ ਸਾਮਰਾਜਵਾਦ ਤੇ ਦੂਜੀ ਹੈ ਕਾਰਪੋਰੇਟ ਘਰਾਣੇ। ਸਭ ਕੁਛ ਸਲਾਹ ਨਾਲ ਅੰਦਰ-ਖਾਤੇ ਬਹਿ ਕੇ ਮਿਥ ਲਿਆ ਜਾਂਦਾ, ਕਿਹੜੇ ਮੁੱਦੇ ਕਿਸ ਵੱਲੋਂ ਉਠਾਏ ਜਾਣ, ਪਹਿਲਾਂ ਹੀ ਫੈਸਲਾ ਹੋ ਜਾਂਦਾ ਪਰ ਇਸ ਵਾਰ ਦੀਆਂ ਵੋਟਾਂ ਵਿਚ ਥੋੜ੍ਹੀ ਹਲਚਲ ਜਿਹੀ ਕਰੀ ਜਾ ਰਿਹਾ ਅਰਵਿੰਦ ਕੇਜਰੀਵਾਲ। ਕੁਝ ਗਿਣਤੀਆਂ-ਮਿਣਤੀਆਂ ਵਿਚ ਫੇਰ-ਬਦਲ ਦਾ ਤੌਖਲਾ ਬਣਾਈ ਜਾ ਰਿਹੈ ਆਹ ਨਿਗੂਣਾ ਜਿਹਾ ਝਾੜੂ। ਇਹਦੇ ਦਿੱਲੀ ਵਿਚ ਦਿਖਾਏ ਜਲਵੇ ਤੋਂ ਬਾਅਦ ਹੁਣ ਭਾਵੇਂ ਸਾਰੇ ਬੜੇ ਚੁਕੰਨੇ ਹੋ ਗਏ ਆ, ਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਦਿੱਲੀ ਵਾਲੀ ਕਰਾਮਾਤ ਮੁਲਕ ਵਿਚ ਨਾ ਦਿਖਾ ਸਕੇ। ਸ਼ਾਇਦ ਇਹ ਲੋਕ ਕਾਮਯਾਬ ਵੀ ਹੋ ਜਾਣ। ਵੈਸੇ ਵੀ ਕੇਜਰੀਵਾਲ ਕੋਲ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਵੱਖੋ-ਵੱਖਰੇ ਮੁੱਦਿਆਂ ਦਾ ਹੱਲ ਹੈ ਨਹੀਂ। ਬੱਸ ਇਕ ਹਵਾ ਨੇ ਦਿਸ਼ਾ ਬਦਲੀ ਹੈ, ਜਿਹੜੀ ਉਦਾਂ ਹੈ ਚੰਗੀæææਘੱਟੋ-ਘੱਟ ਹਾਕਮਾਂ ਦੇ ਪੋਤੜੇ ਤਾਂ ਜ਼ਰੂਰ ਫੋਲੇ ਜਾਣਗੇ। ਉਹਦੇ ਦਿੱਲੀ ਦੇ 49 ਦਿਨਾਂ ਦੀ ਹਕੂਮਤ ਦੀ ਇਕ ਮਾਅਰਕੇ ਵਾਲੀ ਗੱਲ ਲੱਗੀ ਜਿਹੜੀ ਕਿਸੇ ਵੀ ਖੱਬੀਖਾਨ ਲੀਡਰ ਦੇ ਵੱਸ ਦੀ ਨਹੀਂ ਸੀ। ਇਹ ਹੈ ਕੇਜਰੀਵਾਲ ਵੱਲੋਂ ਅੰਬਾਨੀ ਦੀ ਪੂਛ ਨੂੰ ਹੱਥ ਪਾਉਣਾ। ਹੈਰਾਨੀ ਇਹ ਕਿ ਹੱਥ ਤਾਂ ਅੰਬਾਨੀ ਦੀ ਪੂਛ ਨੂੰ ਲੱਗਿਆ, ਚੀਕਾਂ ਨਿਕਲ ਗਈਆਂ ਕਾਂਗਰਸ ਤੇ ਬੀæਜੇæਪੀæ ਦੀਆਂ; ਤੇ ਦੋਹਾਂ ਦੀਆਂ ਡਰ ਦੇ ਮਾਰੇ ਸਕਿੰਟਾਂ ਵਿਚ ਜੱਫੀਆਂ ਪੈ ਗਈਆਂ, ਤੇ ਤੀਜਾ ਦਿਨ ਨਹੀਂ ਪੈਣ ਦਿੱਤਾ। ਢਹਿ-ਢੇਰੀ ਕਰ ਕੇ ਅਹੁ ਮਾਰੀ ਕੇਜਰੀਵਾਲ ਦੀ ਹਕੂਮਤ; ਤੇ ਨਾਲ ਹੀ ਮੀਡੀਆ ਪਾ ਦਿੱਤਾ ਉਹਦੇ ਮਗਰ। ਹੁਣ ਸ਼ਾਇਦ ਮਈ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਮੁੜ ਦਿੱਲੀ ਵਿਚ ਵੀ ਪਹਿਲੇ ਵਾਲਾ ਕ੍ਰਿਸ਼ਮਾ ਨਾ ਦਿਖਾ ਸਕੇ, ਕਿਉਂਕਿ ਦਿੱਲੀ ਦੀ ਨਬਜ਼ ਨੂੰ ਟੋਹਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ। ਇਹ ਤਾਂ ਬਾਦਲ ਵਰਗਾ ਘਾਗ ਸਿਆਸਤਦਾਨ ਹੀ ਦਿੱਲੀ ਦੀ ਨਬਜ਼ ਦੀ ਥਾਹ ਪਾ ਸਕਦਾ ਹੈ! ਉਹੀ ਜਾਣਦਾ ਕਿ ਦਿੱਲੀ ਨਾਲ ਵਫਾ ਕਿੱਦਾਂ ਨਿਭ ਸਕਦੀ ਹੈ। ਭਾਵੇਂ ਇਸ ਕੰਮ ਲਈ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਵੀ ਕਿਉਂ ਨਾ ਕਰਵਾਉਣਾ ਪਿਆ ਹੋਵੇ?
ਪੰਜਾਬ ਵਿਚ ਆਮ ਅਦਾਮੀ ਪਾਰਟੀ ਲੱਗਦਾ ਨਹੀਂ ਕਿ ਕੋਈ ਖਾਸ ਮਾਅਰਕਾ ਵੱਜ ਸਕੇ। ਕਾਰਨ ਹੈ, ਪੰਜਾਬ ਦਾ ਹਰ ਬੰਦਾ ਆਮ ਆਦਮੀ ਪਾਰਟੀ ਦੀ ਬਜਾਏ ਖਾਸ ਆਦਮੀ ਬਣ ਕੇ ਪੂਰੇ ਠੁੱਕ ਨਾਲ ਰਹਿਣਾ ਪਸੰਦ ਕਰਦਾ। ਅਸੀਂ ਤਾਂ ਆਪਣੇ ਆਪ ਨੂੰ ਖਾਸ ਦਿਖਾਉਣ ਖਾਤਿਰ ਜ਼ਮੀਨਾਂ ਵੇਚ ਕੇ ਮੁੰਡੇ ਕੁੜੀਆਂ ਦੇ ਵਿਆਹ ਰਾਜਿਆਂ ਮਹਾਰਾਜਿਆਂ ਵਾਲੀ ਸਜ-ਧਜ ਨਾਲ ਮੈਰਿਜ ਪੈਲੇਸਾਂ ਵਿਚ ਪਾਣੀ ਵਾਂਗੂੰ ਸ਼ਰਾਬ ਰੋੜ੍ਹ ਦਿੰਦੇ ਆਂ। ਅਸੀਂ ਕਿੱਥੋਂ ਬਣਨਾ ਚਾਹੁੰਦੇ ਹਾਂ ਆਮ ਆਦਮੀ? ਅਸੀਂ ਤਾਂ ਵੋਟ ਵੀ ਖਾਸ-ਮ-ਖਾਸ ਨੂੰ ਪਾ ਕੇ ਹੁੱਬਦੇ ਫਿਰਦੇ ਹਾਂ, ਕਿਉਂਕਿ ਸਾਡੇ ਦਿਮਾਗ ਵਿਚ ਇਹ ਘਰ ਕਰਵਾ ਦਿੱਤਾ ਕਿ ਇਹੋ ਹੀ ਫਖਰ-ਏ-ਕੌਮ ਆ। ਰੱਬ ਸਾਨੂੰ ਸੁਮੱਤ ਬਖਸ਼ੇ ਕਿ ਮਤਦਾਨ, ਮਤ ਨਾਲ ਕਰਨ ਦੇ ਯੋਗ ਹੋਈਏ ਤਾਂ ਕਿ ਸਾਡੀਆਂ ਵੋਟਾਂ ਲੈਣ ਵਾਲੇ ਵਾਅਦੇ ਅਤੇ ਵਫਾਈਆਂ ਕਿਤੇ ਹੋਰ ਨਾ ਕਰ ਸਕਣ।
Leave a Reply