ਰਾਜਮੋਹਨ ਗਾਂਧੀ (1935) ਅੱਜ ਕੱਲ੍ਹ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ‘ਤੇ ਚੋਣ ਮੈਦਾਨ ਵਿਚ ਡਟਿਆ ਹੋਇਆ ਹੈ। ਸੱਤਾ ਹਾਸਲ ਕਰਨਾ ਉਸ ਦਾ ਮਕਸਦ ਨਹੀਂ, ਉਹ ਤਾਂ ਭਾਰਤ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੈ, ਤੇ ਨਾਲ ਹੀ ਇਹ ਚੇਤਾ ਕਰਵਾਉਣ ਦਿੱਲੀ ਪੁੱਜਾ ਹੈ ਕਿ ਇਸ ਦੇਸ਼ ਦਾ ਕੋਈ ਵਾਲੀ ਵਾਰਸ ਵੀ ਹੈ! ਉਹ ਅਮਰੀਕੀ ਯੂਨੀਵਰਸਿਟੀ ਆਫ ਇਲੀਨਾਏ ਦੇ ‘ਸੈਂਟਰ ਫਾਰ ਸਾਊਥ ਏਸ਼ੀਅਨ ਐਂਡ ਮਿਡਲ ਈਸਟਰਨ ਸਟੱਡੀਜ਼’ ਵਿਚ ਪ੍ਰੋਫੈਸਰ ਹੈ। ਪਿਛਲੇ ਸਾਲ ਹੀ ਪੰਜਾਬ ਦੇ ਇਤਿਹਾਸ ਬਾਰੇ ਉਸ ਦੀ ਬੜੀ ਅਹਿਮ ਕਿਤਾਬ ‘ਪੰਜਾਬ: ਔਰੰਗਜ਼ੇਬ ਟੂ ਮਾਊਂਟਬੈਟਨ-ਏ ਹਿਸਟਰੀ ਆਫ ਪੰਜਾਬ’ ਛਪੀ ਹੈ। ਇਸ ਕਿਤਾਬ ਵਿਚ ਉਸ ਨੇ ਬਹੁਤ ਥਾਂਈਂ ਲੀਹ ਤੋਂ ਹਟਵੀਆਂ ਗੱਲਾਂ ਕੀਤੀਆਂ ਹਨ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਇਸ ਕਿਤਾਬ ਦਾ ਰੀਵੀਊ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ। ਹੁਣ ਉਨ੍ਹਾਂ ਰਾਜਮੋਹਨ ਗਾਂਧੀ ਬਾਰੇ ਆਪਣਾ ਤਾਜ਼ਾ ਲੇਖ ਭੇਜਿਆ ਹੈ। ਪੰਜਾਬ ਦੇ ਇਤਿਹਾਸ ਵਿਚ ਰਾਜਮੋਹਨ ਗਾਂਧੀ ਦੀ ਇੰਨੀ ਦਿਲਚਸਪੀ ਉਸ ਦੇ ਆਪਣੇ ਪਿਛੋਕੜ ਨਾਲ ਸਾਵੀਂ ਤੁਲਦੀ ਹੈ। ਪਹਿਲਾਂ ਵੀ ਉਹ ਆਪਣੇ ਵਿਤ ਮੁਤਾਬਕ ਮਨੁੱਖੀ ਸਰੋਕਾਰਾਂ ਲਈ ਅਹੁਲਦਾ ਰਿਹਾ ਹੈ। ਪ੍ਰੋæ ਪੰਨੂ ਨਾਲ ਇਸ ਮੁਲਾਕਾਤ ਵਿਚੋਂ ਵੀ ਇਹੀ ਝਲਕਾਰੇ ਪੈਂਦੇ ਹਨ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: 91-94642-51454
ਕੁਝ ਨਾਮ ਅਜਿਹੇ ਹਨ, ਲਿਖਤ ਹੇਠ ਦੇਖਾਂ ਤਾਂ ਵਰਕਾ ਥੱਲ ਦਿੰਦਾ ਹਾਂ; ਸਮਾਂ ਜ਼ਾਇਆ ਕਰਨ ਦਾ ਕੀ ਲਾਭ ਭਲਾ? ਪਹਿਲੋਂ ਹੀ ਪਤਾ ਹੁੰਦੈ, ਕੁਝ ਨਹੀਂ ਮਿਲਣ ਵਾਲਾ ਇਥੋਂ। ਕਈ ਨਾਂ ਅਜਿਹੇ ਹਨ, ਦੇਖਦਿਆਂ ਦਿਲ ਕਰਦੈ ਹੁਣੇ ਪੜ੍ਹਾਂ, ਜੇ ਸਮਾਂ ਨਹੀਂ ਤਾਂ ਬਸਤੇ ਵਿਚ ਰੱਖ ਲੈਂਦਾ ਹਾਂ; ਜਦੋਂ ਸਮਾਂ ਮਿਲਿਆ, ਪੜ੍ਹਾਂਗਾ। ਸ਼ ਖੁਸ਼ਵੰਤ ਸਿੰਘ ਅਤੇ ਸ੍ਰੀ ਰਾਜਮੋਹਨ ਗਾਂਧੀ-ਦੋ ਅਜਿਹੇ ਨਾਮ ਹਨ ਜਿਹੜੇ ਦਿਲ ਉਤੇ ਕੋਈ ਸੁਨੇਹਾ ਛੱਡਦੇ ਹਨ। ਅੰਗਰੇਜ਼ੀ ਅਖਬਾਰ ‘ਦਿ ਹਿੰਦੂ’ ਨੇ ਖੁਸ਼ਵੰਤ ਸਿਘ ਦੇ ਦੇਹਾਂਤ ਉਪਰੰਤ ਵਾਕ ਛਾਪਿਆ ਸੀ, “ਅੰਗਰੇਜ਼ੀ ਜਹਾਨ ਵਿਚ ਪੰਜਾਬ ਦੀ ਜਿਹੜੀ ਖਿੜਕੀ ਖੁੱਲ੍ਹੀ ਹੋਈ ਸੀ, ਬੰਦ ਹੋ ਗਈ ਹੈ।”
ਗੱਲ ਕਰਨ ਦੀ ਇੱਛਾ ਰਾਜਮੋਹਨ ਨਾਲ ਮੁਲਾਕਾਤ ਬਾਰੇ ਸੀ, ਪਰ ਕੀ ਕਰੀਏ, ਬਿਨਾਂ ਦੱਸੇ ਪੁੱਛੇ ਕੋਈ ਭਲਾ ਮਹਿਮਾਨ ਘਰ ਦੇ ਬੂਹੇ ‘ਤੇ ਦਸਤਕ ਦੇ ਦਿਆ ਕਰਦਾ ਹੈ! ਮਹਿਮਾਨ ਜੇ ਖੁਸ਼ਵੰਤ ਸਿੰਘ ਹੋਵੇ ਤਾਂ ਖਿੜੇ ਮੱਥੇ ਸਵਾਗਤ। ਮੈਨੂੰ ਫਖ਼ਰ ਹੈ, ਇਸ ਸਰਦਾਰ ਨਾਲ ਮੈਂ ਹੱਥ ਮਿਲਾਇਆ, ਉਸ ਨਾਲ ਖਾਣਾ ਖਾਧਾ, ਗੱਲਾਂ ਕੀਤੀਆਂ। ਜਸਵਿੰਦਰ ਦਾ ਸ਼ਿਅਰ ਹੈ,
ਦਫਨ ਹੋ ਕੇ ਵੀ ਉਹ ਬੇਚੈਨ ਹੋ ਲੋਕਾਂ ‘ਚ ਆ ਬਹਿੰਦੈ
ਅਜੇ ਸੱਥਾਂ ‘ਚ ਲਗਦੀ ਹਾਜ਼ਰੀ ਉਸ ਗੈਰਹਾਜ਼ਰ ਦੀ।
ਖੁਸ਼ਵੰਤ ਸਿੰਘ ਬਾਰੇ ਕਾਹਲੀ-ਕਾਹਲੀ ਬੜਾ ਕੁਝ ਲਿਖਿਆ ਜਾ ਰਿਹੈ, ਰਤਾ ਠਹਿਰ ਕੇ ਸੰਜਮ ਨਾਲ ਲਿਖਾਂਗਾ। ਅੱਜ ਰਾਜਮੋਹਨ ਗਾਂਧੀ ਬਾਰੇ ਥੋੜ੍ਹੀਆਂ ਕੁ ਗੱਲਾਂ ਕਰਨ ਦਾ ਮਨ ਹੈ।
ਗਾਂਧੀ ਜੀ ਦਾ ਚਾਲੀ ਸਾਲ ਪੁਰਾਣਾ ਪਾਠਕ ਹਾਂ। ਉਨ੍ਹਾਂ ਬਾਰੇ ਪਤਾ-ਸਤਾ ਕਰਦਾ ਰਿਹਾਂæææਕਿੱਥੇ ਹਨ, ਕੀ ਕਰਦੇ ਹਨ। ਮਹਾਤਮਾ ਗਾਂਧੀ ਦੇ ਪਰਿਵਾਰ ਦਾ ਕੋਈ ਜੀਅ ਸਿਆਸਤ ਕਰ ਕੇ ਸ਼ੁਹਰਤ ਜਾਂ ਨਾਮ ਖੱਟਣ ਦਾ ਅਭਿਲਾਖੀ ਨਹੀਂ ਰਿਹਾ। ਰਾਜਮੋਹਨ ਪਹਿਲਾਂ ਸੰਸਾਰ ਦੇ ਉਚ ਕੋਟੀ ਪੱਤਰਕਾਰ ਰਹੇ, ਫਿਰ ਯੂਨੀਵਰਸਿਟੀ ਆਫ ਇਲੀਨਾਏ ਵਿਚ ਪ੍ਰੋਫੈਸਰ ਆਫ ਜਰਨਲਿਜ਼ਮ ਨਿਯੁਕਤ ਹੋਏ। ਸਾਲ ਪਹਿਲਾਂ ਜਦੋਂ ਉਨ੍ਹਾਂ ਦੀ ਕਿਤਾਬ ‘ਔਰੰਗਜ਼ੇਬ ਟੂ ਮਾਊਂਟਬੈਟਨ: ਏ ਹਿਸਟਰੀ ਆਫ ਪੰਜਾਬ’ ਪੈਂਗੁਇਨ ਨੇ ਛਾਪੀ ਤਾਂ ਮੈਂ ਤੁਰੰਤ ਪੜ੍ਹ ਲਈ। ਇੰਟਰਨੈਟ ਤੋਂ ਉਸ ਦੀ ਸਾਈਟ ਖੋਲ੍ਹ ਕੇ ਈ-ਮੇਲ ਲੱਭੀ। ਇਸ ਕਿਤਾਬ ਉਪਰ ਜਿਹੜਾ ਮੇਰਾ ਰੀਵੀਊ ਲੇਖ ਛਪਿਆ (ਜੋ ਪੰਜਾਬ ਟਾਈਮਜ਼ ਵਿਚ ਛਪ ਚੁੱਕਾ ਹੈ), ਭੇਜਦਿਆਂ ਬੇਨਤੀ ਕੀਤੀ ਕਿ ਇਹ ਕਿਤਾਬ ਪੰਜਾਬੀ ਵਿਚ ਅਨੁਵਾਦ ਕਰਨ ਦਾ ਇੱਛੁਕ ਹਾਂ, ਆਗਿਆ ਮਿਲੇਗੀ?
ਉਨ੍ਹਾਂ ਦੇ ਅਮਰੀਕਨ ਸਕੱਤਰ ਨੇ ਜਵਾਬ ਦਿੱਤਾ, “ਮੇਲ ਵਾਸਤੇ ਧੰਨਵਾਦ ਪ੍ਰੋਫੈਸਰ ਪੰਨੂ। ਤੁਹਾਡਾ ਪੱਤਰ ਅਤੇ ਤੁਹਾਡੀ ਇੱਛਾ ਪ੍ਰੋਫੈਸਰ ਗਾਂਧੀ ਜੀ ਅੱਗੇ ਰੱਖਾਂਗਾ। ਇਸ ਵਕਤ ਉਹ ਦਫਤਰ ਵਿਚ ਹਾਜ਼ਰ ਨਹੀਂ ਹਨ। ਜਦੋਂ ਆਉਣਗੇ, ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਜਵਾਬ ਲਿਖਾਂਗਾ।”
ਇਕ ਘੰਟੇ ਬਾਅਦ ਰਾਜਮੋਹਨ ਦੀ ਮੇਲ ਆ ਗਈ, ਲਿਖਿਆ ਸੀ, “ਪਿਆਰੇ ਪ੍ਰੋਫੈਸਰ ਪੰਨੂ, ਮੇਰੇ ਆਉਣ ਤੋਂ ਪਹਿਲਾਂ ਸਕੱਤਰ ਨੇ ਤੁਹਾਡੇ ਖ਼ਤ ਦਾ ਜਵਾਬ ਭੇਜ ਦਿੱਤਾ। ਮੈ ਉਸ ਨੂੰ ਕਿਹਾ ਵੀ, ਇੰਨੀ ਕਾਹਲੀ ਦੀ ਕੀ ਲੋੜ ਸੀ? ਤੁਹਾਡੀ ਮੇਲ ਦਾ ਉਤਰ ਦੇਣਾ ਮੇਰਾ ਫਰਜ਼ ਬਣਦਾ ਸੀ। ਕਿਰਪਾ ਕਰ ਕੇ ਖਿਮਾ ਕਰਨੀ। ਮੇਰੀ ਕਿਤਾਬ ਬਹੁਤ ਪੜ੍ਹੀ ਜਾ ਰਹੀ ਹੈ, ਪਰ ਕਿਸੇ ਪੰਜਾਬੀ ਨੇ ਇਸ ਦਾ ਉਸ ਤਰ੍ਹਾਂ ਰੀਵੀਊ ਨਹੀਂ ਕੀਤਾ ਜਿਵੇਂ ਤੁਸੀਂ ਕੀਤਾ ਹੈ। ਤੁਸੀਂ ਇਸ ਦਾ ਅਨੁਵਾਦ ਪੰਜਾਬੀ ਵਿਚ ਕਰਨਾ ਚਾਹਿਆ ਹੈ, ਪਰ ਇਹ ਤਾਂ ਵੱਡ ਆਕਾਰੀ ਕਿਤਾਬ ਹੈ, ਤੁਹਾਡੇ ਕੋਲ ਇੰਨਾ ਸਮਾਂ ਕਿਥੇ ਹੋਏਗਾ? ਫਰਜ਼ ਕਰੋ ਤੁਸੀਂ ਤਰਜਮਾ ਕਰ ਦਿੰਦੇ ਹੋ, ਫਿਰ ਇਸ ਨੂੰ ਛਾਪੇਗਾ ਕੌਣ? ਮੈਨੂੰ ਅੰਗਰੇਜ਼ੀ ਦਾ ਪਾਠਕ ਤਾਂ ਜਾਣਦਾ ਹੈ, ਪੰਜਾਬੀਆਂ ਨੂੰ ਮੇਰਾ ਪਤਾ ਈ ਨਹੀਂ।”
ਅਖਬਾਰ ਵਿਚ ਖਬਰ ਪੜ੍ਹੀ ਕਿ ਉਹ ਭਾਰਤ ਆ ਗਏ ਹਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਟਿਕਟ ‘ਤੇ ਦਿੱਲੀ ਤੋਂ ਲੋਕ ਸਭਾ ਲਈ ਚੋਣ ਲੜ ਰਹੇ ਹਨ। ਸਿਆਸਤ ਉਨ੍ਹਾਂ ਦੇ ਸੁਭਾਅ ਵਿਚ ਨਹੀਂ, ਖਬਰ ਪੜ੍ਹ ਕੇ ਰਤਾ ਹੈਰਾਨੀ ਹੋਈ।
ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਦੀ ਬੇਟੀ ਦੇ ਅਨੰਦ ਕਾਰਜ ਵਿਚ ਸ਼ਾਮਲ ਹੋਣ ਵਾਸਤੇ 28 ਮਾਰਚ ਨੂੰ ਸ਼ਾਮੀ ਦਿੱਲੀ ਪੁੱਜ ਗਿਆ, ਤੇ ਗਾਂਧੀ ਜੀ ਨੂੰ ਫੋਨ ਕੀਤਾ, ਤੁਹਾਨੂੰ ਕੱਲ੍ਹ ਮਿਲਾਂਗਾ। ਕਿੱਥੇ ਮਿਲਾਂ? ਉਨ੍ਹਾਂ ਕਿਹਾ, ਬਹੁਤ ਮਿਹਨਤ ਕਰਨੀ ਪੈ ਰਹੀ ਹੈ। ਪਤਾ ਨਹੀਂ ਲਗਦਾ, ਕਿਥੇ ਮਿਲੀਏ। ਚਲੋ ਇਉਂ ਦੱਸੋ ਕਦੋਂ ਮਿਲਣਾ ਹੈ? ਫੈਸਲਾ ਹੋਇਆ, ਦੁਪਹਿਰ ਠੀਕ ਰਹੇਗਾ। ਸਵੇਰੇ ਵਿਆਹ ਦੀ ਸੰਗਤ ਵਿਚ ਚਾਹ ਪੀ ਕੇ ਮੈਂ ਗਾਂਧੀ ਜੀ ਨੂੰ ਮਿਲਣ ਚਲਾ ਗਿਆ। ਉਹ ਮੇਰੇ ਤੋਂ ਪਹਿਲਾਂ ਮਿਥੇ ਥਾਂ ਉਤੇ ਆਏ ਹੋਏ ਸਨ। ਜੱਫੀ ਪਾ ਕੇ ਮਿਲੇ।
ਸਿਆਸਤ ਦੀਆਂ ਗੱਲਾਂ ਬਾਅਦ ਵਿਚ, ਪਹਿਲਾਂ ਕਿਤਾਬਾਂ ਦੀਆਂ ਗੱਲਾਂ ਹੋਈਆਂ। ਪੰਜਾਬ ਦੇ ਇਤਿਹਾਸ ਨੂੰ ਪੰਜਾਬੀ ਵਿਚ ਤਰਜਮਾ ਕਰਨ ਬਾਰੇ ਗੱਲ ਹੋਈ ਤਾਂ ਗੰਭੀਰ ਹੋ ਗਏ, ਮੈਨੂੰ ਪੰਜਾਬੀ ਜਾਣਦੇ ਨਹੀਂ, ਕਿਹੜਾ ਪ੍ਰਕਾਸ਼ਕ ਮੇਰੀ ਕਿਤਾਬ ਪੰਜਾਬੀ ਵਿਚ ਛਾਪੇਗਾ? ਮੈਂ ਕਿਹਾ, ਤੁਹਾਨੂੰ ਤੇ ਖੁਸ਼ਵੰਤ ਸਿੰਘ ਨੂੰ ਸੰਸਾਰ ਜਾਣਦਾ ਹੈ। ਮੇਰੀ ਵੀ ਕਿਸਮਤ ਰਤਾ ਕੁ ਚੰਗੀ ਹੈ। ਮੈਨੂੰ ਪੰਜਾਬ ਜਾਣਨ ਲੱਗ ਗਿਆ ਹੈ। ਵਧੀਆ ਪ੍ਰਕਾਸ਼ਕ ਖੁਸ਼ੀ ਨਾਲ ਤੁਹਾਡੀ ਕਿਤਾਬ ਛਾਪੇਗਾ। ਕੀ ਪਤਾ ਮੇਰੀ ਪੰਜਾਬੀ ਯੂਨੀਵਰਸਿਟੀ ਹੀ ਛਾਪ ਦੇਵੇ?
-ਤੁਹਾਡਾ ਜੀਵਨ ਲਿਖਣ ਪੜ੍ਹਨ ਵਿਚ ਬੀਤਿਆ। ਅਚਾਨਕ ਸਰਗਰਮ ਸਿਆਸਤ ਵਿਚ ਕਿਵੇਂ ਕੁੱਦ ਪਏ?
ਬੋਲੇ, ਇਸ ਨੂੰ ਸਿਆਸਤ ਕਹਿ ਦਿਉ ਤਾਂ ਵੀ ਬੁਰਾਈ ਨਹੀਂ, ਪਰ ਮੈਂ ਦੇਰ ਤੋਂ ਦੇਖਦਾ ਰਿਹਾ, ਜਿਸ ਮੁਲਕ ਦੀ ਖੁਸ਼ਹਾਲੀ ਵਾਸਤੇ ਅਣਗਿਣਤ ਸੂਰਮਿਆਂ ਨੇ ਜ਼ਿੰਦਗੀਆਂ ਲਾ ਦਿੱਤੀਆਂ, ਉਹ ਮੁਲਕ ਗਲਤ ਦਿਸ਼ਾ ਵੱਲ ਧੱਕਿਆ ਜਾ ਰਿਹੈ। ਮੈਂ ਫਿਕਰਵੰਦ ਸਾਂ ਪਰ ਰਸਤਾ ਨਹੀਂ ਲੱਭਦਾ ਸੀ। ਮੈਨੂੰ ਲੱਗਾ, ਕੇਜਰੀਵਾਲ ਨੇ ਰਸਤਾ ਤਲਾਸ਼ ਕਰ ਲਿਐ। ਕੌਣ ਹੈ ਭਲਾ ਅਰਵਿੰਦ ਕੇਜਰੀਵਾਲ? ਬੰਦਾ ਨਹੀਂ, ਮੈਨੂੰ ਭਾਰਤ ਦੀ ਦੱਬੀ ਹੋਈ ਇੱਛਾ ਦਾ ਨਾਮ ਕੇਜਰੀਵਾਲ ਲੱਗਿਆ। ਜੋ ਮੈਂ ਕਰਨਾ ਚਾਹੁੰਦਾ ਸਾਂ, ਮੇਰੇ ਤੋਂ ਨਹੀਂ ਹੋ ਰਿਹਾ ਸੀ, ਉਹ ਕੇਜਰੀਵਾਲ ਕਰਨ ਲੱਗਾ ਹੈ। ਫਿਰ ਕਿਉਂ ਨਾ ਉਸ ਨੂੰ ਤਾਕਤ ਦੇਈਏ? ਕਾਂਗਰਸ ਅਤੇ ਬੀæਜੇæਪੀæ ਦੇ ਚੋਣ ਦਫਤਰਾਂ ਵਿਚ ਮੇਲੇ ਲੱਗੇ ਹੋਏ ਹਨ, ਕਿਉਂਕਿ ਪੀਣ-ਖਾਣ ਲਈ ਭਾਰੀ ਸਮੱਗਰੀ ਮੌਜੂਦ ਹੈ। ਅਜਿਹਾ ‘ਆਪ’ ਦੇ ਦਫਤਰਾਂ ਵਿਚ ਨਹੀਂ। ਆਪੋ-ਆਪਣੇ ਘਰਾਂ ਤੋਂ ਖਾਣਾ ਖਾ ਕੇ ਲੋਕ, ਸੌਂਪੀਆਂ ਗਈਆਂ ਜ਼ਿਮੇਵਾਰੀਆਂ ਨਿਭਾਉਣ ਤੁਰ ਜਾਂਦੇ ਹਨ। ਇਸ ਪਾਰਟੀ ਦੀ ਟੋਪੀ ਪਹਿਨਣਾ ਫੈਸ਼ਨ ਹੋ ਗਿਆ ਹੈ।
ਮੈਂ ਪੁੱਛਿਆ, ਕੀ ਤੁਹਾਡੇ ਬਾਬੇ ਮਹਾਤਮਾ ਗਾਂਧੀ ਦਾ ਨਾਮ ਵੀ ਤੁਹਾਡੀ ਚੋਣ ਵਿਚ ਅਸਰ-ਅੰਦਾਜ਼ ਹੋਏਗਾ?
ਹੱਸ ਪਏ, ਹਰਗਿਜ਼ ਨਹੀਂ। ਮੇਰੀ ਪਾਰਟੀ ਦਾ ਕੋਈ ਬੁਲਾਰਾ ਮੇਰੇ ਬਾਬੇ ਦਾ ਨਾਮ ਨਹੀਂ ਲੈਂਦਾ। ਮੈਂ ਪਹਿਲੇ ਦਿਨ ਹੀ ਹਦਾਇਤ ਕਰ ਦਿੱਤੀ ਸੀ। ਖਾਨਦਾਨ ਦੇ ਨਾਮ ‘ਤੇ ਰੋਟੀ ਨਹੀਂ ਖਾਵਾਂਗਾ, ਖੁਦ ਕਮਾਈ ਕਰਾਂਗਾ। ਜੇ ਮਨਜ਼ੂਰ ਹੋ ਗਿਆ ਧੰਨਭਾਗ, ਨਹੀਂ ਮਨਜ਼ੂਰ ਤਾਂ ਭਲਾ। ਦੱਸੋ, ਮੇਰੇ ਬਾਬੇ ਨੇ ਸੱਤਾ ਪ੍ਰਾਪਤੀ ਦੀ ਖਾਹਿਸ਼ ਕੀਤੀ ਕਦੀ? ਉਨ੍ਹਾਂ ਨੇ ਤਾਂ ਚਾਹਿਆ ਸੀ ਆਜ਼ਾਦ ਹੋਣ ਪਿੱਛੋ ਕਾਂਗਰਸ ਪਾਰਟੀ ਤੋੜ ਦਿੱਤੀ ਜਾਵੇ, ਕਿਉਂਕਿ ਸੱਤਾ ਹਾਸਲ ਕਰ ਕੇ ਇਹ ਭ੍ਰਿਸ਼ਟ ਹੋ ਜਾਏਗੀ; ਨਹਿਰੂ ਅਤੇ ਪਟੇਲ ਨਹੀਂ ਮੰਨੇ। ਮਹਾਤਮਾ ਜੀ ਜਾਣਦੇ ਸਨ ਕਿ ਪਾਰਟੀ ਨੇ ਆਜ਼ਾਦੀ ਵਾਸਤੇ ਜੋ ਭੂਮਿਕਾ ਨਿਭਾਈ, ਉਸ ਨਾਲ ਭਾਰਤੀਆਂ ਦੇ ਦਿਲਾਂ ਵਿਚ ਕਾਂਗਰਸ ਦਾ ਆਦਰਯੋਗ ਅਕਸ ਬਣ ਗਿਆ ਹੈ। ਇਹ ਅਕਸ ਸਭ ਧਰਮਾਂ, ਕਬੀਲਿਆਂ, ਜਾਤਾਂ ਵਿਚ ਥਿਰ ਹੋ ਗਿਆ ਸੀ। ਤੁਸੀਂ ਦੇਖ ਹੀ ਲਿਐ, ਕਾਂਗਰਸ ਦਾ ਕੀ ਹਸ਼ਰ ਹੋ ਗਿਆ ਹੈ ਹੁਣ ਤੱਕ।
ਜਿੱਤਣ ਦੇ ਕਿੰਨੇ ਕੁ ਚਾਂਸ ਹਨ?
ਪ੍ਰਵਾਹ ਨਹੀਂ ਕੀਤੀ ਜਿੱਤ ਹਾਰ ਦੀ। ਮਨਸ਼ਾ ਕੇਵਲ ਤਾਕਤ ਹਾਸਲ ਕਰਨ ਦੀ ਹੁੰਦੀ, ਮਨਮਰਜ਼ੀ ਦੀ ਕਿਸੇ ਵੀ ਪਾਰਟੀ ਤੋਂ ਟਿਕਟ ਮੰਗਦਾ, ਖੁਸ਼ੀ ਨਾਲ ਦੇਣੀ ਸੀ। ਹਿੰਦੁਸਤਾਨ ਨੂੰ ਦੱਸਣਾ ਹੈ ਕਿ ਇਸ ਦਾ ਕੋਈ ਵਾਲੀ ਵਾਰਸ ਹੈ ਅਜੇ; ਅਜੇ ਕਿਸੇ ਨੂੰ ਇਸ ਦੇ ਵਰਤਮਾਨ ਅਤੇ ਭਵਿੱਖ ਦਾ ਫਿਕਰ ਹੈ। ਇੰਨੀ ਜਲਦੀ ਨਵੀਂ ਪਾਰਟੀ ਲਾਂਚ ਕਰ ਕੇ ਤਾਜ-ਤਖਤ ਮਿਲ ਜਾਵੇਗਾ, ਭੁਲੇਖਾ ਨਹੀਂ। ਬੱਸ, ਦੇਸ਼ ਦੀ ਪਰਜਾ ਅੱਗੇ ਹਾਜ਼ਰੀ ਲੁਆਣੀ ਹੈ। ਇਸ ਉਪਰ ਤੁਹਾਡੀ ਟਿੱਪਣੀ ਪੰਨੂ ਭਾਈ?
ਮੈਂ ਕਿਹਾ, ਗਾਂਧੀ ਭਰਾ, ਮੈਂ ਕਥਾਕਾਰ ਹਾਂ। ਇਸ ਪ੍ਰਸੰਗ ਵਿਚ ਯੂਸਫ ਦੀ ਸਾਖੀ ਸੁਣਾਉਣੀ ਠੀਕ ਰਹੇਗੀ। ਸ਼ਾਹਜ਼ਾਦੇ ਯੂਸਫ ਨੂੰ ਹੰਕਾਰ ਹੋ ਗਿਆ ਸੀ ਕਿ ਜਹਾਨ ਵਿਚ ਉਸ ਤੋਂ ਵਧੀਕ ਸੋਹਣਾ ਕੋਈ ਨਹੀਂ। ਰੱਬ ਨੂੰ ਹੰਕਾਰ ਪਸੰਦ ਨਹੀਂ। ਦੁਸ਼ਮਣ ਨੇ ਹੱਲਾ ਬੋਲਿਆ, ਸ਼ਾਹਜ਼ਾਦਾ ਹਾਰ ਗਿਆ, ਫੜਿਆ ਗਿਆ। ਮੁਨਾਦੀ ਕਰਵਾਈ ਗਈ ਕਿ ਗੁਲਾਮ ਯੂਸਫ ਦੀ ਬੋਲੀ ਲੱਗੇਗੀ, ਖਰੀਦਦਾਰ ਹਾਜ਼ਰ ਹੋਣ। ਯੂਸਫ ਦੇ ਮਹਿਲੋਂ ਬਾਹਰ ਝੋਂਪੜੀ ਵਿਚ ਵਸਦੀ ਉਸ ਦੀ ਹਾਣੀ, ਮਜ਼ਦੂਰ ਦੀ ਧੀ ਘੋੜੀ ‘ਤੇ ਸਵਾਰ ਆਉਂਦੇ ਜਾਂਦੇ ਸ਼ਾਹਜ਼ਾਦੇ ਨੂੰ ਦੇਖਿਆ ਕਰਦੀ ਸੀ। ਬੋਲੀ ਦੇਣ ਵਾਲਿਆਂ ਦੀ ਕਤਾਰ ਵਿਚ ਉਹ ਵੀ ਜਾ ਖਲੋਤੀ। ਪਰਖਣ ਲਈ ਦਿਖਾਉਣ ਵਾਸਤੇ ਜਦੋਂ ਯੂਸਫ ਨੂੰ ਇਕ-ਇਕ ਖਰੀਦਦਾਰ ਕੋਲੋਂ ਦੀ ਲੰਘਾਇਆ ਜਾ ਰਿਹਾ ਸੀ, ਗਰੀਬ ਕੁੜੀ ਨੂੰ ਖਰੀਦਦਾਰਾਂ ਵਿਚ ਖਲੋਤੀ ਦੇਖ ਕੇ ਸ਼ਾਹਜ਼ਾਦਾ ਹੈਰਾਨ ਹੋ ਗਿਆ। ਪੁੱਛਿਆ, ਤੂੰ ਮੈਨੂੰ ਖਰੀਦੇਂਗੀ? ਗਰੀਬ ਕੁੜੀ ਬੋਲੀ, ਨਹੀਂ। ਖਰੀਦਣਗੇ ਤੈਨੂੰ ਉਹੀ ਜਿਨ੍ਹਾਂ ਕੋਲ ਦੌਲਤ ਹੈ। ਮੈਂ ਕਤਾਰ ਵਿਚ ਖਲੋਤੀ ਹਾਂ, ਤਾਂ ਕਿ ਦੱਸ ਸਕਾਂ ਤੈਨੂੰ ਖਰੀਦ ਸਕਦੀ ਤਾਂ ਜ਼ਰੂਰ ਖਰੀਦ ਲੈਂਦੀ, ਖਰੀਦ ਕੇ ਆਜ਼ਾਦ ਕਰ ਦਿੰਦੀ। ਮੇਰੀ ਖਾਹਸ਼ ਦੀ ਹਾਜ਼ਰੀ ਲੱਗ ਗਈ ਹੈ।
Leave a Reply