ਵੇਈਂ ਨਦੀ ਪ੍ਰਵੇਸ਼ ਤੋਂ ਖਾਲਸਾ ਸਿਰਜਣਾ ਤੱਕ ਦਾ ਸਫਰ

ਡਾæ ਗੁਰਨਾਮ ਕੌਰ, ਕੈਨੇਡਾ
ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਦੇ ਸੁਲਤਾਨਪੁਰ ਲੋਧੀ ਵਿਖੇ 1499 ਈਸਵੀ ਵਿਚ ਵੇਈਂ ਨਦੀ ਪ੍ਰਵੇਸ਼ ਤੋਂ ਰੱਖੀ ਗਈ ਮੰਨੀ ਜਾਂਦੀ ਹੈ, ਜਦੋਂ ਉਨ੍ਹਾਂ ਨੇ ਵੇਈਂ ਤੋਂ ਬਾਹਰ ਆ ਕੇ ਆਪਣਾ ਪਹਿਲਾ ਐਲਾਨਨਾਮਾ Ḕਨ ਕੋ ਹਿੰਦੂ ਨ ਕੋ ਮੁਸਲਮਾਨḔ ਕੀਤਾ। ਸਿੱਖ ਧਰਮ ਨੂੰ ਆਖਰੀ ਸੰਸਥਾਗਤ ਰੂਪ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵੈਸਾਖੀ ਨੂੰ ਖਾਲਸੇ ਦੀ ਸਿਰਜਣਾ ਕਰ ਕੇ ਕੇਸਗੜ੍ਹ ਸਾਹਿਬ ਵਿਖੇ ਦਿੱਤਾ। ਇਸ ਤਰ੍ਹਾਂ ਇਹ ਸੁਲਤਾਨਪੁਰ ਲੋਧੀ ਦੇ ਵੇਈਂ ਨਦੀ ਪ੍ਰਵੇਸ਼ ਤੋਂ ਕੇਸਗੜ੍ਹ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਖਾਲਸੇ ਦੀ ਸਥਾਪਨਾ ਤੱਕ ਦਾ ਲੰਬਾ ਸਫਰ ਦੋ ਸੌ ਸਾਲ ਵਿਚ ਸੰਪੂਰਨ ਹੁੰਦਾ ਹੈ। ਇਹ ਇੱਕ ਨਿਰੰਤਰ ਅਮਲ ਹੈ। Ḕਵੇਈਂ ਨਦੀ ਪ੍ਰਵੇਸ਼Ḕ ਨਾਲ ਹਿੰਦੋਸਤਾਨ ਦੀ ਧਰਤੀ ‘ਤੇ ਇੱਕ ਨਵੇਂ ਚਾਨਣਮਈ ਜੁਗ ਦਾ ਅਰੰਭ ਹੁੰਦਾ ਹੈ ਜਿਸ ਨੂੰ ਭਾਈ ਗੁਰਦਾਸ ਨੇ Ḕਮਿਟੀ ਧੁੰਧੁ ਜਗਿ ਚਾਨਣੁ ਹੋਆḔ ਕਿਹਾ ਹੈ।
ਗੁਰੂ ਨਾਨਕ ਸਾਹਿਬ ਨੇ ਮਨੁੱਖ ਦੇ ਸਾਹਮਣੇ ਇੱਕ ਨਵੇਂ ਸਮਾਜ ਦੀ ਸਿਰਜਣਾ ਦਾ ਤਸੱਵਰ ਰੱਖਿਆ ਜਿਸ ਵਿਚ ਸਮੁੱਚੇ ਸਮਾਜ ਨੂੰ ਅਧਿਆਤਮਕ, ਧਾਰਮਿਕ, ਸਮਾਜਿਕ, ਆਰਥਿਕ ਅਤੇ ਹੋਰ ਮਨੁੱਖੀ ਬਰਾਬਰੀ ਦੇ ਹੱਕ ਪ੍ਰਾਪਤ ਹੋਣ। ਜਾਤ, ਜਨਮ, ਧਰਮ ਜਾਂ ਇਸਤਰੀ-ਪੁਰਸ਼ ਹੋਣ ਦੇ ਨਾਤੇ ਕੋਈ ਵਾਂਝਾ, ਉਚਾ ਜਾਂ ਨੀਵਾਂ ਨਾ ਹੋਵੇ। ਪਿਛਲੇ ਕੁਝ ਲੇਖਾਂ ਵਿਚ ਗੁਰੂ ਨਾਨਕ ਸਾਹਿਬ ਰਚਿਤ Ḕਆਸਾ ਦੀ ਵਾਰḔ ਅਤੇ Ḕਬਾਬਰ ਵਾਣੀḔ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਬਾਣੀਆਂ ਦੇ ਸੰਖੇਪ ਅਧਿਐਨ ਤੋਂ ਕੁਝ ਨੁਕਤੇ ਉਭਰ ਕੇ ਸਾਹਮਣੇ ਆਉਂਦੇ ਹਨ। ਗੁਰੂ ਸਾਹਿਬ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਸੰਬੋਧਨ ਕਰਦੇ ਹਨ। ਇੱਕ ਸਾਸ਼ਕ ਵਰਗ ਹੈ ਜੋ ਉਸ ਵੇਲੇ ਬਾਹਰੋਂ ਆ ਕੇ ਪਠਾਣਾਂ/ਤੁਰਕਾਂ ਦੇ ਰੂਪ ਵਿਚ ਰਾਜਸੱਤਾ ‘ਤੇ ਕਾਬਜ ਹੈ। ਇਹ ਵਰਗ ਨਾ ਸਿਰਫ ਬਾਹਰੋਂ ਆਇਆ ਹੈ ਬਲਕਿ ਇਸ ਦਾ ਧਰਮ ਵੀ ਬਾਹਰੋਂ ਆਇਆ ਆਮ ਲੋਕਾਈ ਨਾਲੋਂ ਵੱਖਰਾ ḔਇਸਲਾਮḔ ਹੈ, ਜਿਸ ਕਰਕੇ ਇਹ ਆਪਣੀ ਪਰਜਾ ਨਾਲ ਵਿਤਕਰਾ ਕਰਦਾ ਹੈ, ਧਰਮ ਦੇ ਆਧਾਰ ‘ਤੇ ਪਰਜਾ ਦਾ ਸੋਸ਼ਣ ਕਰਦਾ ਹੈ ਜਿਸ ਨੂੰ Ḕਆਸਾ ਦੀ ਵਾਰḔ ਵਿਚ ਗੁਰੂ ਨਾਨਕ ਸਾਹਿਬ ਨੇ Ḕਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈḔ ਕਿਹਾ ਹੈ।
ਦੂਜਾ ਵਰਗ ਹਿੰਦੋਸਤਾਨੀ ਸਮਾਜ ਦਾ ਕੁਲੀਨ ਵਰਗ ਹੈ ਜੋ ਇੱਕ ਪਾਸੇ ਤਾਂ ਸਮਾਜਿਕ ਦਰਜ਼ਾਬੰਦੀ ਅਰਥਾਤ ਵਰਣ-ਵੰਡ ਵਿਚ ਉਚੀ ਜਾਤ ਅਖਵਾਉਂਦਾ ਹੈ ਜਿਸ ਵਿਚ ਬ੍ਰਾਹਮਣ ਅਤੇ ਖੱਤਰੀ ਸ਼ਾਮਲ ਹਨ। ਦੂਜੇ ਪਾਸੇ ਇਹ ਸ਼ਾਸਕਾਂ ਨਾਲ ਮਿਲ ਕੇ ਗਰੀਬ ਭਾਈਚਾਰੇ ਦਾ ਸੋਸ਼ਣ ਕਰਦਾ ਹੈ। ਇਹ ਦੋਵੇਂ ਜਾਤਾਂ ਆਪਣੇ ਆਪ ਨੂੰ ਉਚੀ ਜਾਤ ਸਮਝਦੇ ਹੋਏ ਜਾਤੀ-ਅਭਿਮਾਨ ਦੇ ਸ਼ਿਕਾਰ ਹਨ। ਬ੍ਰਾਹਮਣ ਵਰਗ ਧਾਰਮਿਕਤਾ ਦੇ ਪਰਦੇ ਹੇਠ ਕਰਮ-ਕਾਂਡ ਰਾਹੀਂ ਆਮ ਲੋਕਾਂ ਨੂੰ ਲੁੱਟ ਰਿਹਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਪਖੰਡ ਕਰ ਕੇ ਲੋਕਾਂ ਨੂੰ ਭਰਮਾਂ ਵਿਚ ਪਾ ਰਿਹਾ ਹੈ। ਇਸ ਵਰਗ ਨੂੰ ਗੁਰੂ ਨਾਨਕ ਸਾਹਿਬ ਨੇ Ḕਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥Ḕ ਕਿਹਾ ਹੈ ਅਤੇ ਨਾਲ ਹੀ Ḕਛੋਡੀਲੇ ਪਾਖੰਡਾ॥ ਨਾਮਿ ਲਇਐ ਜਾਹਿ ਤਰੰਦਾ॥Ḕ ਕਿਹਾ ਹੈ। ਇਸ ਪੁਜਾਰੀ ਕਲਾਸ ਵਿਚ ਸ਼ਾਸਕ ਧਰਮ ਦਾ ਮੁੱਲਾਂ ਵੀ ਸ਼ਾਮਲ ਹੈ। ਇਹ ਪੁਜਾਰੀ ਵਰਗ ਆਪਣੀ ਰੋਜੀ-ਰੋਟੀ ਦੀ ਖਾਤਰ ਧਾਰਮਿਕਤਾ ਵਿਚ ਪਾਖੰਡ ਫੈਲਾ ਰਿਹਾ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ, Ḕਰੋਟੀਆ ਕਾਰਨ ਪੂਰੈ ਤਾਲਿḔ ਅਤੇ Ḕਮਾਣਸ ਖਾਣੇ ਕਰਹਿ ਨਿਵਾਜḔ ਕਹਿੰਦੇ ਹਨ। ਇਹ ਧਾਰਮਿਕਤਾ ਨਹੀਂ ਹੈ, ਧਾਰਮਿਕਤਾ ਦੇ ਨਾਮ ‘ਤੇ ਕੂੜ ਦਾ ਪਾਸਾਰ ਹੈ।
ਕੁਲੀਨ ਵਰਗ ਜਾਂ ਉਚੀ ਜਾਤ ਵਿਚ ਸ਼ਾਮਲ ਖੱਤਰੀ ਵਰਣ ਕੂੜ ਦੇ ਪਾਸਾਰ ਵਿਚ ਇੱਕ ਪਾਸੇ ਬ੍ਰਾਹਮਣ ਦਾ ਸਾਥ ਦਿੰਦਾ ਹੈ ਅਤੇ ਦੂਜੇ ਪਾਸੇ ਹਾਕਮ ਧਿਰ ਨਾਲ ਰਲ ਕੇ ਨੌਕਰੀ ਦੇ ਲਾਲਚ ਵਿਚ ਆਪਣੇ ਲੋਕਾਂ ਦਾ ਸੋਸ਼ਣ ਕਰਦਾ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ Ḕਆਸਾ ਦੀ ਵਾਰḔ ਵਿਚ Ḕਛੁਰੀ ਵਗਾਇਨ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥Ḕ ਕਹਿੰਦੇ ਹਨ। ਹਿੰਦੂ ਵਰਣ-ਵੰਡ ਅਨੁਸਾਰ ਖੱਤਰੀਆਂ ਦਾ ਕੰਮ ਆਪਣੇ ਮੁਲਕ ਦੀ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਰੱਖਿਆ ਕਰਨਾ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਤੱਕ ਪਹੁੰਚਦਿਆਂ ਖੱਤਰੀਆਂ ਦਾ ਕੰਮ ਮਹਿਜ ਸ਼ਾਸਕ ਜਮਾਤ ਜੋ ਕਿ ਵਿਦੇਸ਼ੀ ਹੈ, ਦਾ ਹੁਕਮ ਵਜਾਉਣਾ ਰਹਿ ਗਿਆ ਹੈ। ਉਹ ਸ਼ਾਸਕਾਂ ਦੀ ਸਿਰਫ ਆਰਥਿਕ ਅਤੇ ਰਾਜਨੀਤਕ ਗੁਲਾਮੀ ਹੀ ਨਹੀਂ ਹੰਢਾ ਰਹੇ ਬਲਕਿ ਸਭਿਆਚਾਰਕ ਗੁਲਾਮੀ ਦਾ ਵੀ ਸ਼ਿਕਾਰ ਹੋ ਚੁੱਕੇ ਹਨ। ਇਸੇ ਲਈ ਗੁਰੂ ਨਾਨਕ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ Ḕਖਤ੍ਰੀਆ ਤੇ ਧਰਮ ਛੋੜਿਆ ਮਲੇਛ ਭਾਖਿਆ ਗਹੀ॥Ḕ ਅਤੇ Ḕਨੀਲਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ॥Ḕ
ਤੀਜਾ ਵਰਗ ਆਮ ਮਨੁੱਖ ਹੈ ਜਿਸ ਵਿਚ ਵਰਣ-ਵੰਡ ਦੇ ਨਿਮਨ ਵਰਣ ਅਤੇ ਇਸਤਰੀ-ਵਰਗ ਸ਼ਾਮਲ ਹੈ। ਇਹ ਸਦੀਆਂ ਤੋਂ ਨਿਮਾਣਾ, ਨਿਤਾਣਾ ਅਤੇ ਲਿਤਾੜਿਆ ਜਾ ਰਿਹਾ ਵਰਗ ਹੈ ਜਿਸ ਦੀ ਹਰ ਤਰ੍ਹਾਂ ਨਾਲ ਲੁੱਟ-ਖਸੁੱਟ ਹੋ ਰਹੀ ਹੈ। ਇਸ ਵਰਗ ਨਾਲ ਵੀ ਗੁਰੂ ਨਾਨਕ ਸੰਵਾਦ ਰਚਾਉਂਦੇ ਹਨ, ਇਸ ਦੀ ਸਦੀਆਂ ਤੋਂ ਚਲੀ ਆ ਰਹੀ ਗੁਲਾਮੀ ਦਾ ਅਹਿਸਾਸ ਕਰਾਉਂਦੇ ਹਨ ਅਤੇ ਇਸ ਵਰਗ ਵਿਚ ਨਵੀਂ ਰੂਹ ਭਰਦੇ ਹਨ ਜਦੋਂ ਕਹਿੰਦੇ ਹਨ, Ḕਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥Ḕ ਗੁਰੂ ਨਾਨਕ ਉਨ੍ਹਾਂ ਅੰਦਰ ਇੱਕ ਨਵੀਂ ਚੇਤਨਾ ਹੀ ਨਹੀਂ ਪੈਦਾ ਕਰਦੇ ਬਲਕਿ ਉਨ੍ਹਾਂ ਦੇ ਨਾਲ ਖੜ੍ਹੇ ਹੁੰਦੇ ਹਨ, Ḕਹਉ ਢਾਢੀਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥ ਤਿਨ ਮੰਗਾ ਜਿ ਤੁਝੈ ਧਿਆਇਦੇ॥Ḕ ਇਸਤਰੀ ਨੂੰ ਗੁਰੂ ਨਾਨਕ ਨੇ ਸਮਾਜ ਦੀ ਚੂਲ ਅਤੇ ਬਰਾਬਰ ਦੀ ਇਨਸਾਨ ਤਸਲੀਮ ਕੀਤਾ ਜਿਸ ਦੀ ਹੋਂਦ ਤੋਂ ਬਿਨਾ ਮਨੁੱਖੀ ਹੋਂਦ ਹੀ ਸੰਭਵ ਨਹੀਂ ਹੈ। ਇਹੀ ਨਹੀਂ, ਉਨ੍ਹਾਂ ਨੇ ਸੰਸਾਰ ਨੂੰ ਇਹ ਦਿਖਾਇਆ ਕਿ ਅਧਿਆਤਮਕ ਅਨੁਭਵ ਗ੍ਰਹਿਸਥ ਵਿਚ ਰਹਿ ਕੇ ਹੀ ਕੀਤਾ ਜਾ ਸਕਦਾ ਹੈ, ਪਰਿਵਾਰਕ ਜੀਵਨ ਦਾ ਤਿਆਗ ਕਰਕੇ, ਏਕਾਂਤਵਾਸ ਹੋ ਕੇ ਨਹੀਂ।
ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਰੱਬੀ ਪ੍ਰੇਮ ਦਾ ਇਜ਼ਹਾਰ ਇਸਤਰੀ (ਮਨੁੱਖ) ਵੱਲੋਂ ਪਰਮਾਤਮਾ-ਪਤੀ ਲਈ ਤੜਪ ਦੇ ਰੂਪ ਵਿਚ ਪਰਗਟ ਕੀਤਾ ਗਿਆ ਹੈ। ਇਸ ਤਰ੍ਹਾਂ ਤਿਆਗਵਾਦੀ ਧਰਮਾਂ ਦੀ ਤਰ੍ਹਾਂ ਇਸਤਰੀ ਧਰਮ ਦੇ ਰਸਤੇ ਦਾ ਰੋੜਾ ਹੋਣ ਦੀ ਥਾਂ ‘ਤੇ ਧਰਮ ਦਾ ਰਸਤਾ ਦਰਸਾਉਂਦੀ ਨਜ਼ਰ ਆਉਂਦੀ ਹੈ।
ਗੁਰੂ ਨਾਨਕ ਸਾਹਿਬ ਨੇ ਜਿਸ ਨਵੇਂ ਧਰਮ ਦਾ ਆਗਾਜ਼ ਕੀਤਾ ਉਹ ਸਰਬ-ਅਲਿੰਗਨਕਾਰੀ ਹੈ, ਸਰਬੱਤ ਦਾ ਭਲਾ ਮੰਗਦਾ ਹੈ। ਜਦੋਂ ਇਸ ਧਰਮ ਦੀ ਨੀਂਹ ਰੱਖੀ ਗਈ ਉਦੋਂ ਇਸਲਾਮ ਜੋ ਸਾਸ਼ਕਾਂ ਦਾ ਧਰਮ ਸੀ ਅਤੇ ਹਿੰਦੂ ਧਰਮ ਜੋ ਇਥੋਂ ਦੇ ਰਹਿਣ ਵਾਲਿਆਂ ਦਾ ਮੁੱਖ ਧਰਮ ਸੀ, ਵਿਚ ਆਪਸੀ ਟਕਰਾ ਚੱਲ ਰਿਹਾ ਸੀ ਜਿਸ ਦਾ ਜ਼ਿਕਰ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਕੀਤਾ ਹੈ Ḕਬੇਦ ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ॥ ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮ੍ਹਣਿ ਮਉਲਾਣੇ॥Ḕ ਗੁਰੂ ਨਾਨਕ ਸਾਹਿਬ ਨੇ ਹਿੰਦੂ ਜਾਂ ਮੁਸਲਮਾਨ ਨੂੰ ਸਿੱਖ ਬਣਨ ਲਈ ਨਹੀਂ ਕਿਹਾ ਬਲਕਿ ਹਿੰਦੂ ਨੂੰ ਸੱਚਾ ਹਿੰਦੂ ਅਤੇ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਦੀ ਪ੍ਰੇਰਨਾ ਕੀਤੀ,
ਮਿਹਰ ਮਸੀਤਿ ਸਿਦਕੁ ਮੁਸਲਾ
ਹਕ ਹਲਾਲੁ ਕੁਰਾਣ॥
ਸਰਮ ਸੁੰਨਤਿ ਸੀਲੁ ਰੋਜਾ
ਹੋਹੁ ਮੁਸਲਮਾਣੁ॥
ਕਰਣੀ ਕਾਬਾ ਸਚੁ ਪੀਰ
ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ
ਨਾਨਕ ਰਖੈ ਲਾਜ॥੧॥ (ਪੰਨਾ ੧੪੦)
ਪੰਜਿ ਨਿਵਾਜਾ ਵਖਤ ਪੰਜਿ
ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲੁ ਦੁਇ
ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ
ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖਿ ਕੈ
ਤਾ ਮੁਸਲਮਾਣੁ ਸਦਾਇ॥
ਨਾਨਕ ਜੇਤੇ ਕੂੜਿਆਰ
ਕੂੜੈ ਕੂੜੀ ਪਾਇ॥੩॥ (ਪੰਨਾ ੧੪੦)
ਇਸੇ ਤਰ੍ਹਾਂ ਹਿੰਦੂ ਨੂੰ ਵੀ ਚੰਗਾ ਹਿੰਦੂ ਬਣਨ ਲਈ ਕਿਹਾ ਹੈ,
ਦਇਆ ਕਪਾਹ ਸੰਤੋਖੁ ਸੂਤੁ
ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ
ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ
ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ
ਜੋ ਗਲਿ ਚਲੇ ਪਾਇ॥
ਚਉਕੜਿ ਮੁਲਿ ਅਣਾਇਆ
ਬਹਿ ਚਉਕੈ ਪਾਇਆ॥
ਸਿਖਾ ਕੰਨਿ ਚੜਾਈਆ
ਗੁਰੁ ਬ੍ਰਾਹਮਣੁ ਥਿਆ॥
ਓਹੁ ਮੁਆ ਓਹੁ ਝੜਿ ਪਇਆ
ਵੇਤਗਾ ਗਇਆ॥੧॥ (ਪੰਨਾ ੪੭੧)
ਗੁਰੂ ਨਾਨਕ ਸਾਹਿਬ ਨੇ ਇੱਕ ਅਕਾਲ ਪੁਰਖ ਨੂੰ ਸਭ ਦਾ ਸਿਰਜਣਹਾਰ ਮੰਨ ਕੇ ਉਸ ਦੇ ਨਾਮ ਸਿਮਰਣ ਦਾ ਅਦੇਸ਼ ਕੀਤਾ ਜਿਸ ਦੀ ਜੋਤਿ ਸਭ ਵਿਚ ਵਿਆਪਕ ਹੈ। ਉਨ੍ਹਾਂ ਨੇ ਮਨੁੱਖ ਨੂੰ ਮਨੁੱਖ ਦੀ ਅਧੀਨਗੀ ਛੱਡ ਕੇ ਇੱਕ ਅਕਾਲ ਪੁਰਖ ਦੇ ਭੈ ਵਿਚ ਰਹਿਣ ਦਾ ਰਸਤਾ ਦਿਖਾਇਆ, ਜਿਸ ਨੂੰ ਭਾਈ ਗੁਰਦਾਸ ਨੇ Ḕਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆḔ ਕਿਹਾ ਹੈ।
ਇਸ ਤਰ੍ਹਾਂ ਉਨ੍ਹਾਂ ਨੇ ਅਨੇਕਤਾ ਵਿਚ ਏਕਤਾ ਦਾ ਸਿਧਾਂਤ ਦਿੱਤਾ ਅਤੇ ਆਪਣੇ ਇਸ ਸਿਧਾਂਤ ਨੂੰ ਦੂਸਰੇ ਧਰਮਾਂ ਦੇ ਨੁਮਾਇੰਦਿਆਂ ਨਾਲ ਸਾਂਝਾ ਕਰਨ ਲਈ ਅਤੇ ਆਮ ਲੋਕਾਂ ਨੂੰ ਇਸ ਦਾ ਪਾਠ ਪੜ੍ਹਾਉਣ ਲਈ ਚਾਰ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਕੀਤੀਆਂ ਅਤੇ ਗੋਸ਼ਟਾਂ ਰਚਾਈਆਂ। ਗੁਰੂ ਨਾਨਕ ਨੇ ਬਾਬਰ ਦੇ ਹਮਲੇ ਅਤੇ ਤਬਾਹੀ ਸਬੰਧੀ ਜਿਸ ਤਰ੍ਹਾਂ ਹਿੰਦੁਸਤਾਨੀ ਜਨਤਾ ਨੂੰ ਜਾਗ੍ਰਿਤ ਕੀਤਾ, ਉਸ ਦੀ ਚਰਚਾ ਪਿਛਲੇ ਲੇਖਾਂ ਵਿਚ ਕੀਤੀ ਜਾ ਚੁੱਕੀ ਹੈ। ਦੂਸਰੀ ਨਾਨਕ ਜੋਤਿ ਨੇ ਇਸ ਮਿਸ਼ਨ ਨੂੰ ਅੱਗੇ ਲੈ ਜਾਣ ਲਈ ਖਡੂਰ ਸਾਹਿਬ ਨਵਾਂ ਕੇਂਦਰ ਵਸਾ ਕੇ ਸੰਗਤਿ ਨੂੰ ਗੁਰਮੁਖੀ ਪੜ੍ਹਾਉਣ ਅਤੇ ਨੌਜੁਆਨਾਂ, ਬੱਚਿਆਂ ਦੀ ਤੰਦਰੁਸਤੀ ਲਈ ਖੇਡਾਂ ਦਾ ਪ੍ਰਬੰਧ ਕੀਤਾ। ਊਚ-ਨੀਚ, ਛੋਟੇ-ਵੱਡੇ, ਗਰੀਬ-ਅਮੀਰ ਦਾ ਫਰਕ ਮਿਟਾਉਣ ਹਿਤ ਗੁਰੂ ਅਮਰਦਾਸ ਨੇ ਲੰਗਰ ਦੀ ਸੰਸਥਾ ਨੂੰ ਏਨਾ ਮਜ਼ਬੂਤ ਕਰ ਦਿੱਤਾ ਕਿ Ḕਪਹਲੇ ਪੰਗਤ ਪਾਛੇ ਸੰਗਤḔ ਦਾ ਪੱਕਾ ਨਿਯਮ ਬਣਾ ਦਿੱਤਾ। ਇਸਤਰੀਆਂ ਲਈ ਪਰਦੇ ਅਤੇ ਸਤੀ ਦੀ ਰਸਮ ਦੀ ਸਖਤ ਮਨਾਹੀ ਕਰ ਦਿੱਤੀ। ਪੰਥ-ਪ੍ਰਚਾਰ ਲਈ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ 22 ਮੰਜੀਆਂ ਅਰਥਾਤ ਵੱਡੇ ਪ੍ਰਚਾਰ ਕੇਂਦਰ ਅਤੇ ਅਨੇਕਾਂ ਛੋਟੇ ਪ੍ਰਚਾਰ ਕੇਂਦਰ ਜਿਨ੍ਹਾਂ ਨੂੰ ਪੀੜ੍ਹੀਆਂ ਕਿਹਾ ਜਾਂਦਾ ਸੀ ਸਥਾਪਤ ਕੀਤੇ।
ਗੁਰੂ ਰਾਮਦਾਸ ਨੇ ਲੋਕਾਂ ਦੀ ਆਰਥਿਕ ਅਤੇ ਧਾਰਮਿਕ ਅਜ਼ਾਦੀ ਨੂੰ ਮੁੱਖ ਰੱਖਦਿਆਂ ਰਾਮਦਾਸ ਚੱਕ ਅਰਥਾਤ ਅੰਮ੍ਰਿਤਸਰ ਸ਼ਹਿਰ ਵਪਾਰਕ ਸ਼ਾਹ-ਰਾਹ ‘ਤੇ ਸਥਾਪਤ ਕੀਤਾ ਅਤੇ ਸਰੋਵਰ ਦੀ ਖੁਦਾਈ ਕਰਵਾਉਣੀ ਸ਼ੁਰੂ ਕੀਤੀ। ਗੁਰੂ ਅਰਜਨ ਦੇਵ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਪਰਪੱਕ ਕਰਦਿਆਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਚਾਰ ਦਿਸ਼ਾਵਾਂ ਵਿਚ ਚਾਰ ਦਰਵਾਜ਼ੇ ਰੱਖੇ ਗਏ ਜਿੱਥੇ ਹਰ ਵਰਗ ਦੇ, ਹਰ ਧਰਮ ਦੇ ਮਨੁੱਖ ਨੂੰ ਆਉਣ ਦਾ ਅਧਿਕਾਰ ਦਿੱਤਾ ਗਿਆ, ਕੋਈ ਵਿਤਕਰਾ ਨਹੀਂ। ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਇਸਲਾਮ ਨੂੰ ਮੰਨਣ ਵਾਲੇ ਸੂਫ਼ੀ ਸੰਤਾਂ ਅਤੇ ਹਿੰਦੂ ਭਗਤਾਂ ਦੀ ਬਾਣੀ ਸ਼ਾਮਲ ਕਰਕੇ Ḕਗ੍ਰੰਥḔ ਸਾਹਿਬ ਤਿਆਰ ਕੀਤਾ ਜਿਸ ਵਿਚ ਸੰਤਾਂ ਭਗਤਾਂ ਦੀ ਬਾਣੀ ਨੂੰ ਵੀ ਸ਼ਬਦ-ਗੁਰੂ ਦਾ ਦਰਜਾ ਪ੍ਰਾਪਤ ਹੋਇਆ। ਇਹ ਸੂਫੀ ਸੰਤ ਅਤੇ ਭਗਤ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਅਤੇ ਬੋਲੀਆਂ ਨਾਲ ਸਬੰਧਤ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਨਿਆਂ ਖਾਤਰ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਇਸ ਤਰ੍ਹਾਂ ਅਧਿਆਤਮਕਤਾ ਅਤੇ ਸੰਸਾਰਕਤਾ ਨੂੰ ਇਕੱਠਾ ਕਰ ਦਿੱਤਾ। ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਇਸਲਾਮੀਕਰਨ ਕਰਨਾ ਚਾਹੁੰਦਾ ਸੀ ਅਤੇ ਹਿੰਦੂਆਂ ਨੂੰ ਮਜ਼ਬੂਰਨ ਇਸਲਾਮ ਧਾਰਨ ਕਰਵਾ ਰਿਹਾ ਸੀ। ਨੌਂਵੇਂ ਗੁਰੂ ਤੇਗ ਬਹਾਦਰ ਨੇ ਦੂਸਰਿਆਂ ਦੇ ਧਰਮ ਲਈ ਆਪਣੀ ਸ਼ਹਾਦਤ ਦੇ ਕੇ ਇਹ ਸਥਾਪਤ ਕਰ ਦਿੱਤਾ ਕਿ ਆਪਣੇ ਇਸ਼ਟ ਨੂੰ ਮੰਨਣਾ ਹਰ ਮਨੁੱਖ ਦਾ ਜਨਮ-ਸਿੱਧ ਅਧਿਕਾਰ ਹੈ। ਗੁਰੂ ਨਾਨਕ ਸਾਹਿਬ ਨੇ ਜਿਸ ਮਾਰਗ-ਪੰਥ ਦੀ ਨੀਂਹ ਰੱਖੀ ਉਸ ਮਾਰਗ ਦੀ ਕਠਿਨਤਾ ਪ੍ਰਤੀ, ਉਸ ‘ਤੇ ਪੈਰ ਧਰਨ ਵਾਲਿਆਂ ਨੂੰ ਸੁਚੇਤ ਕਰਦਿਆਂ ਕਿਹਾ,
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ ੧੪੧੨)
ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਨੌਂ ਸਾਲ ਦੀ ਉਮਰ ਵਿਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਨੂੰ ਫਰਿਆਦ ਲੈ ਕੇ ਆਏ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਲਈ ਜਾਣ ਵਾਸਤੇ ਬੇਨਤੀ ਕੀਤੀ। ਫਿਰ ਗੁਰੂ ਨਾਨਕ ਸਾਹਿਬ ਦੇ ਸਥਾਪਤ ਕੀਤੇ ਮਾਰਗ ‘ਤੇ ਚੱਲਦਿਆਂ ਮਨੁੱਖਤਾ ਦੀ ਖਾਤਰ ਜ਼ਬਰ ਅਤੇ ਜ਼ੁਲਮ ਨੂੰ ਟੱਕਰ ਦੇਣ ਲਈ 1699 ਦੀ ਵੈਸਾਖੀ ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਉਨ੍ਹਾਂ ਕੋਲੋਂ ਆਪ ਅੰਮ੍ਰਿਤ ਛਕਿਆ ਅਤੇ ਆਪਣੇ ਆਪ ਨੂੰ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਅਖਵਾਇਆ। ਮਾਤਾ ਸਾਹਿਬ ਦੇਵਾਂ ਅੰਮ੍ਰਿਤ ਛਕ ਕੇ ਸਾਹਿਬ ਕੌਰ ਬਣੇ। ਸਿੱਖ ਇਸਤਰੀ ਨੂੰ ਖਾਲਸਾ ਸਜਣ ਦਾ ਬਰਾਬਰ ਦਾ ਅਧਿਕਾਰ ਦਿੱਤਾ। ਖਾਲਸਾ ਸਾਜ ਕੇ ਗੁਰੂ ਨਾਨਕ ਦੇ ਨਿਰਮਲ ਪੰਥ ਨੂੰ ਅੰਤਮ ਰੂਪ ਦਿੱਤਾ ਤਾਂ ਕਿ ਕੋਈ ਜ਼ਬਰੀ ਕਿਸੇ ਦੇ ਹੋਣ ਅਤੇ ਥੀਣ ਦਾ ਅਧਿਕਾਰ, ਕਿਸੇ ਵੀ ਮਾਰਗ ਦਾ ਪਾਂਧੀ ਹੋਣ ਦਾ ਅਧਿਕਾਰ ਨਾ ਖੋਹ ਸਕੇ। ਇਹ ਪੰਜ ਪਿਆਰੇ ਵੱਖ ਵੱਖ ਜਾਤਾਂ ਨਾਲ ਸਬੰਧਤ ਸਨ ਜੋ ਇੱਕੋ ਜਾਤ Ḕਵਾਹਿਗੁਰੂ ਜੀḔ ਦੀ ਜਾਤ ਅਰਥਾਤ ਵਾਹਿਗੁਰੂ ਜੀ ਦਾ ਖਾਲਸਾ ਹੋ ਗਏ। ਗੁਰੂ ਦੀ ਮੁਹਰ-ਛਾਪ ਪੰਜ ਕਕਾਰ ਬਖਸ਼ਿਸ਼ ਕੀਤੇ ਗਏ: ਕੇਸ ਅਕਾਲ ਪੁਰਖ ਵੱਲੋਂ ਬਖ਼ਸ਼ਿਸ਼ ਕੀਤੀ ਸੂਰਤ ਨੂੰ ਪਰਵਾਨ ਕਰਨ ਦਾ ਚਿੰਨ੍ਹ। ਕੰਘਾ-ਕੇਸਾਂ ਦੀ ਸਫਾਈ ਵਾਸਤੇ, ਸਰੀਰਕ ਅਤੇ ਆਤਮਕ ਸਫਾਈ ਦਾ ਚਿੰਨ੍ਹ (ਰਿਸ਼ੀ-ਪਰੰਪਰਾ ਵੀ ਜਟਾਜੂਟ ਰਹੀ ਹੈ ਪਰ ਉਨ੍ਹਾਂ ਦੇ ਵਾਲ ਸਫਾਈ ਖੁਣੋਂ ਜਟਾਂ ਬਣ ਜਾਂਦੇ ਹਨ)। ਕੜਾ-ਵੀਣੀ ਤੇ ਪਹਿਨਣ ਲਈ ਜੋ ਚੰਗੇ ਕੰਮ ਕਰਨ ਦਾ ਪ੍ਰੇਰਨਾ ਸ੍ਰੋਤ ਅਤੇ ਸਵੈ-ਰੱਖਿਆ ਲਈ ਹਥਿਆਰ ਦਾ ਕੰਮ ਦਿੰਦਾ ਹੈ। ਕ੍ਰਿਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜੋ ਧਰਮ, ਨਸਲ, ਰੰਗ ਅਤੇ ਜਾਤ ਦੇ ਭਿੰਨ-ਭੇਦ ਤੋਂ ਉਪਰ ਉਠ ਕੇ ਮਜ਼ਲੂਮ ਦੀ ਰੱਖਿਆ ਲਈ ਵਰਤੀ ਜਾਣੀ ਹੈ। ਕਛਹਿਰਾ ਜੋ ਗੁਣਵਾਨ ਅਤੇ ਸੰਜਮੀ ਜੀਵਨ ਜਿਉਣ ਦਾ ਚੇਤਾ ਕਰਵਾਉਂਦਾ ਹੈ। ਗੁਰੂ ਸਾਹਿਬ ਨੇ ਸਿਹਤਮੰਦ ਸਮਾਜ ਦੀ ਸਿਰਜਣਾ ਹਿਤ ਤਮਾਕੂ ਆਦਿ ਹਰ ਤਰ੍ਹਾਂ ਦੇ ਨਸ਼ੇ ਕਰਨ ਦੀ ਮਨਾਹੀ ਕੀਤੀ। ਖਾਲਸਾ ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਰਹਿ ਰਿਹਾ ਹੋਵੇ ਉਹ ਅਨੰਦਪੁਰ ਦਾ ਵਾਸੀ ਹੈ, ਉਸ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਹੈ। ਇਸ ਤਰ੍ਹਾਂ ਉਹ ਦੇਸ਼-ਕੌਮ ਦੀਆਂ ਹੱਦ-ਬੰਦੀਆਂ ਤੋਂ ਉਤੇ ਹੈ ਕਿਉਂਕਿ ਉਹ Ḕਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੇਂ ਹਉਂ ਕਰੋਂ ਨਿਵਾਸḔ ਹੈ। ਇਸੇ ਪ੍ਰਸੰਗ ਵਿਚ ਸਵੱਈਆਂ ਵਿਚ ਫੁਰਮਾਇਆ ਹੈ,
ਜੁੱਧ ਜਿਤੇ ਇਨਹੀ ਕੇ ਪ੍ਰਸਾਦਿ
ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਧ ਟਰੈ ਇਨਹੀ ਕੇ ਪ੍ਰਸਾਦਿ
ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋਸੇ ਗਰੀਬ ਕਰੋਰ ਪਰੇ॥੨

Be the first to comment

Leave a Reply

Your email address will not be published.