ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੰਜਾਬ ਵਿਚ ਕਣਕ ਦੀ ਵਾਢੀ ਬੇਸ਼ੱਕ ਵਿਸਾਖੀ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਇਹ ਨਿਰਾ ਫਸਲੀ ਤਿਉਹਾਰ ਨਹੀਂ ਹੈ। ਸੰਨ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਜੋ ਇਤਿਹਾਸਕ ਅਤੇ ਅਲੌਕਿਕ ਕੌਤਕ ਦਸਵੇਂ ਗੁਰੂ ਜੀ ਨੇ ਵਰਤਾਇਆ, ਉਸ ਨੇ ਵਿਸਾਖੀ ਦੀ ਧਾਰਮਿਕ ਅਤੇ ਇਤਿਹਾਸਕ ਮਹਾਨਤਾ ਨੂੰ ਵੱਖਰਾ ਹੀ ਰੰਗ ਦੇ ਦਿੱਤਾ ਜਾਂ ਇਉਂ ਕਹਿ ਸਕਦੇ ਹਾਂ ਕਿ ਵਿਸਾਖੀ ਖਾਲਸਾ ਪੰਥ ਦਾ ਪ੍ਰਗਟ ਦਿਵਸ ਬਣ ਗਈ। ਮਸੰਦ ਥਾਪਣ ਦੀ ਪਰੰਪਰਾ ਨੌਵੇਂ ਗੁਰੂ ਜੀ ਤੱਕ ਬਾਦਸਤੂਰ ਜਾਰੀ ਰਹੀ, ਪਰ ਇਸ ਪਰੰਪਰਾ ਵਿਚ ਢੇਰ ਸਾਰੇ ਵਿਗਾੜ ਪੈਦਾ ਹੋ ਗਏ। ਮਸੰਦ ਆਪਣੀਆਂ ਪਦਵੀਆਂ ਨੂੰ ਜੱਦੀ ਪੁਸ਼ਤੀ ਵਿਰਾਸਤ ਸਮਝਣ ਲੱਗ ਪਏ। ਕਈ ਥਾਂਈਂ ਤਾਂ ਉਹ ਗੁਰੂ ਹੀ ਬਣ ਬੈਠੇ! ਇਹ ਰੋਗ ਦਸਮ ਪਾਤਸ਼ਾਹ ਦੇ ਸਮੇਂ ਤੱਕ ‘ਅਸਾਧ ਰੋਗ’ ਬਣ ਗਿਆ। ਗੁਰੂ ਦਰਬਾਰ ਵਿਚ ਮਸੰਦਾਂ ਦੀਆਂ ਕਰਤੂਤਾਂ ਦੀਆਂ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ। ਇਕ ਭੰਡ-ਜਥੇ ਨੇ ਤਾਂ ਦਸ਼ਮੇਸ਼ ਪਿਤਾ ਦੇ ਸਨਮੁਖ ਮਸੰਦਾਂ ਦੀ ਝਲਕੀ ਪੇਸ਼ ਕਰਕੇ ਅਸਲੀਅਤ ਹੀ ਪੇਸ਼ ਕਰ ਦਿਤੀ। ਇਸ ਕੁ-ਪ੍ਰਥਾ ਨੂੰ ਸਦਾ ਲਈ ਬੰਦ ਕਰ ਕੇ ‘ਪੰਚ ਪ੍ਰਵਾਨ ਪੰਚ ਪ੍ਰਧਾਨ’ ਦੇ ਸਿਧਾਂਤ ਦਾ ਬਾਨਣੂੰ ਬੰਨ੍ਹਣ ਲਈ, ਦਸਵੇਂ ਗੁਰੂ ਜੀ ਵੱਲੋਂ ਤਿਆਰੀ ਅਰੰਭ ਕਰ ਦਿੱਤੀ ਗਈ। ਇਨ੍ਹਾਂ ਦਿਨਾਂ ਵਿਚ ਸਿੱਖ ਸੰਗਤਾਂ ਦੇ ਨਾਂ ਜਾਰੀ ਕੀਤੇ ਹੁਕਮਨਾਮੇ ਵਿਚਲੇ ਸ਼ਬਦ ਇਸ ਗੱਲ ਦੀ ਗਵਾਹੀ ਦਿੰਦੇ ਹਨ,
“ਸ੍ਰੀ ਗੁਰੂ ਜੀਉ ਦੀ ਆਗਿਆ ਹੈ: ਭਾਈ ਕਲਿਆਣ
ਰਾਇ ਸਰਬੱਤ ਸੰਗਤਿ ਮਾਛੀਵਾੜੇ ਕੀ! ਗੁਰੂ ਰਖੈਗਾ।
ਸੰਗਤ ਮੇਰਾ ‘ਖਾਲਸਾ’ ਹੈæææਜੋ ਗੁਰੂ ਕੇ ਨਵਿਤ ਕਾ ਹੋਵੈæææਗੋਲਕ, ਦਸਵੰਧ, ਮੰਨਤ ਸੋ ਹਜੂਰਿ ਆਪ ਲੈ ਆਵਣਾ। ਮਸੰਦਾਂ ਨੋ ਮੰਨਣਾ ਨਾਹੀæææਗੁਰੂ ਕੇ ਨਿਵਤ ਕਾ ਹੋਵੈ, ਸੋ ਵਿਸੋਏ ਨੂੰ ਹਜੂਰਿ ਲੈ ਕੇ ਦਰਸਨੁ ਆਵਣਾæææਹੋਰਸ ਕਿਸੇ ਮਸੰਦ ਨੂੰ ਨਾਹੀ ਮੰਨਣਾæææਮਸੰਦ, ਮਸੰਦੀਏ ਦੈ ਮਰਣੈ ਪਰਣੇ, ਗੁਰੂ ਕੈ ਸਿੱਖ ਨਾਹੀ ਜਾਣਾæææਗੁਰੂ ਕੇ ਸਿੱਖ! ਹੁਕਮੁ ਮੰਨਗੁ ਸੋ ਨਿਹਾਲ ਹੋਗੁ॥”
ਇਨ੍ਹਾਂ ਹੁਕਮਾਂ ਦੁਆਰਾ ਦੇਸ-ਪਰਦੇਸ ਤੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ 29 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਲਈ ਆਦੇਸ਼ ਦਿੱਤੇ ਗਏ। ਇਸ ਇਤਿਹਾਸਕ ਇਕੱਠ ਦੀਆਂ ਅਗਾਊਂ ਤਿਆਰੀਆਂ ਜ਼ੋਰ-ਸ਼ੋਰ ਨਾਲ ਅਰੰਭ ਹੋ ਗਈਆਂ। ਅਨੰਦਾਂ ਦੀ ਪੁਰੀ ਵਿਚ ਰੌਣਕਾਂ ਸ਼ੁਰੂ ਹੋ ਗਈਆਂ। ਦਰਬਾਰੀ ਕਵੀ ਸੈਨਾਪਤਿ ਨੇ ‘ਸ੍ਰੀ ਗੁਰ ਸੋਭਾ’ ਵਿਚ ਅਨੰਦਪੁਰ ਸਾਹਿਬ ਦੀ ਸੋਭਾ ਇਉਂ ਬਿਆਨ ਕੀਤੀ ਹੈ,
ਪੁਰ ਆਨੰਦ ਗੁਰੂ ਗੋਬਿੰਦ ਸਿੰਘ
ਅਬ ਕਬਿ ਕਰਤ ਬਖਾਨ॥
ਗਿਰਦ ਪਹਾਰ ਅਪਾਰ ਅਤਿ
ਸਤਲੁਦ੍ਰ-ਤਟਿ ਸੁਭ ਥਾਨ॥
ਸਿੱਖ ਨੂੰ ਸਿੰਘ ਬਣਾਉਣ ਲਈ ਅਤੇ ‘ਧਰਮ ਚਲਾਵਨ ਸੰਤ ਉਬਾਰਨ’ ਦੇ ਵਾਕ ਨੂੰ ਅਮਲੀ ਰੂਪ ਦੇਣ ਹਿੱਤ ‘ਤੀਸਰਿ ਮਜ਼ਹਬ ਖਾਲਸਾ’ ਪ੍ਰਗਟ ਕਰਨ ਲਈ ਵਿਸਾਖੀ ਦਾ ਦਿਨ ਚੁਣਿਆ ਗਿਆ। ਹੁਣ ਤੱਕ ਨੌਂ ਗੁਰੂ ਸਹਿਬਾਨ ਵੱਲੋਂ ਤਿਆਰ ਕੀਤੇ ਗਏ ‘ਫੌਲਾਦ’ ਦੀ ‘ਕ੍ਰਿਪਾਨ’ ਬਣਾਉਣ ਦਾ ਸਮਾਂ ਆ ਚੁੱਕਿਆ ਸੀ। ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ, ਬਾਲਕ ਗੋਬਿੰਦ ਰਾਏ ਨੇ ਜੋ ਐਲਾਨ ਕੀਤਾ, ਉਹ ਸੀ,
ਇਸ ਬਿਧਿ ਕੋ ਅਬਿ ਪੰਥ ਬਨਾਵੋ।
ਸਕਲ ਜਗਤ ਮਹਿ ਬਹੁਤ ਬਿਦਤਾਵੋ।
ਲਾਖਹੁੰ ਨਰ ਜੱਗ ਕੇ ਇਕ ਥਾਇ।
ਤਿਨ ਮੈਂ ਮਿਲੈ ਏਕ ਸਿੱਖ ਜਾਇ।
ਸਭ ਮਹਿ ਪ੍ਰਥਕ ਪਛਾਨਯੋਂ ਪਰੇ।
ਰਲੈ ਨਾ ਕਯੌਂਹੂ ਕੈਸਿਹੁ ਕਰੇ। (ਕਵੀ ਸੰਤੋਖ ਸਿੰਘ)
ਇਸ ਨੂੰ ਸਾਕਾਰ ਕਰਨ ਲਈ ਗੁਰੂ ਜੀ ਵੱਲੋਂ ਯੋਜਨਾਬੰਦੀ ਕਰ ਲਈ ਗਈ। ਆਖਰ, 1699 ਈਸਵੀ ਦੀ ਵਿਸਾਖੀ ਦਾ ਸੁਭਾਗਾ ਦਿਨ ਚੜ੍ਹਿਆ। ਕੇਸਗੜ੍ਹ ਦੀ ਠੇਰੀ ਸਾਹਮਣੇ, ਸ਼ਾਮਿਆਨੇ ਸਜਾਏ ਗਏ। ਹਜ਼ਾਰਾਂ ਸੰਗਤਾਂ ਦਾ ਇਕੱਠ ਆਣ ਜੁੜਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿਚ ਹਰ ਪਾਸੇ ਚਹਿਲ-ਪਹਿਲ ਹੋ ਗਈ। ਗੁਰੂ ਸਾਹਿਬ ਦੇ ਬੈਠਣ ਲਈ ਉਚੀ ਥਾਂ ਆਸਣ ਤਿਆਰ ਕੀਤਾ ਗਿਆ, ਜਿਸ ਦੇ ਨਾਲ ਹੀ ਇਕ ਤੰਬੂ ਖਾਸ ਤੌਰ ‘ਤੇ ਲਗਵਾਇਆ ਗਿਆ। ਗੁਰੂ ਦਰਸ਼ਨਾਂ ਲਈ ਬਿਹਬਲ ਹੋਈਆਂ ਸੰਗਤਾਂ ਉਤਾਵਲੀਆਂ ਹੋ ਰਹੀਆਂ ਸਨ ਕਿ ਕਦੋਂ ਸਤਿਗੁਰੂ ਜੀ ਦੀਵਾਨ ਵਿਚ ਪਧਾਰ ਕੇ ਦਰਸ਼ਨ ਦੇਣਗੇ। ਅਚਾਨਕ ਦਸਮੇਸ਼ ਪਿਤਾ ਹੱਥ ਵਿਚ ਨੰਗੀ ਕ੍ਰਿਪਾਨ ਲੈ ਕੇ ਦਰਬਾਰ ਵਿਚ ਆਉਂਦਿਆਂ ਹੀ ਗਰਜ ਕੇ ਬੋਲੇ, “ਹੈ ਕੋਈ ਗੁਰੂ ਕਾ ਲਾਲ, ਜੋ ਧਰਮ ਲਈ ਆਪਣਾ ਸੀਸ ਦੇਣ ਲਈ ਅੱਗੇ ਆਵੇ? ਅੱਜ ਸਾਨੂੰ ਇਕ ਸੀਸ ਦੀ ਲੋੜ ਹੈ।”
ਇਹ ਅਨੋਖੀ ਮੰਗ ਸੁਣਦਿਆਂ ਸੰਗਤਾਂ ਵਿਚ ਘੁਸਰ-ਮੁਸਰ ਹੋਣ ਲੱਗ ਪਈæææਕੁਝ ਪਲਾਂ ਬਾਅਦ ਗੁਰੂ ਜੀ ਨੇ ਫਿਰ ਪੂਰੇ ਜੋਸ਼ ਨਾਲ ਸਿਰ ਦੀ ਮੰਗ ਕੀਤੀ। ਚਾਰੇ ਪਾਸੇ ਸੰਨਾਟਾ ਛਾ ਗਿਆæææਜਦੋਂ ਤੀਜੀ ਵਾਰ ਬੜੇ ਰੋਹ ਨਾਲ ਗੁਰੂ ਜੀ ਨੇ ਸੀਸ ਮੰਗਿਆ ਤਾਂ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਦਇਆ ਰਾਮ (ਖੱਤਰੀ) ਸੰਗਤ ਵਿਚੋਂ ਉਠ ਕੇ ਪਾਤਸ਼ਾਹ ਦੇ ਹਜ਼ੂਰ ਪੇਸ਼ ਹੋ ਕੇ ਕਹਿਣ ਲੱਗਾ, “ਗੁਰੂ ਜੀ, ਸਿਰ ਹਾਜ਼ਰ ਹੈ।”
ਫੁਰਤੀ ਨਾਲ ਦਇਆ ਰਾਮ ਨੂੰ ਬਾਹੋਂ ਫੜ ਕੇ ਗੁਰੂ ਜੀ ਤੰਬੂ ਵਿਚ ਲੈ ਗਏ। ਤੰਬੂ ਵਿਚੋਂ ਬਾਹਰ ਆਉਣ ਵੇਲੇ, ਗੁਰੂ ਜੀ ਦੇ ਹੱਥ ਫੜੀ ਕ੍ਰਿਪਾਨ ਲਹੂ ਨਾਲ ਲਿਬੜੀ ਹੋਈ ਦੇਖ ਕੇ ਬਹੁਤ ਸਾਰਿਆਂ ਦੇ ਸਾਹ ਸੁੱਕ ਗਏ। ਦੀਵਾਨ ਵਿਚ ਆਉਂਦਿਆਂ ਹੀ ਉਨ੍ਹਾਂ ਮੰਗ ਦੁਹਰਾਈ, “ਮੈਨੂੰ ਇਕ ਸਿਰ ਦੀ ਹੋਰ ਲੋੜ ਹੈ?” ਭੈਅ-ਭੀਤ ਹੋਈ ਸੰਗਤ ਇਹ ਅਜਬ ਨਜ਼ਾਰਾ ਦੇਖ ਕੇ ਹੱਕੀ-ਬੱਕੀ ਰਹਿ ਗਈ। ਪਹਿਲੇ ਨੌਂ ਗੁਰੂਆਂ ਨੇ ਕਦੀ ਇਹੋ ਜਿਹਾ ਕਰੜਾ ਇਮਤਿਹਾਨ ਨਹੀਂ ਸੀ ਲਿਆ। ਕਈਆਂ ਦੇ ਚਿਹਰੇ ਪੀਲੇ ਪੈ ਗਏ।
ਇਤਿਹਾਸਕਾਰ ਲਿਖਦੇ ਹਨ ਕਿ ਕਈ ਮੋਹਤਬਰ ਸਿੱਖ, ਇਸ ਅਲੋਕਾਰੇ ਕੌਤਕ ਖਿਲਾਫ਼ ਮਾਤਾ ਗੁਜਰੀ ਜੀ ਕੋਲ ਸ਼ਿਕਾਇਤ ਲੈ ਕੇ ਵੀ ਗਏ ਪਰ ਇਧਰ ਗੁਰੂ ਜੀ ਦੀ ਮੰਗ ਅਨੁਸਾਰ ਹਸਤਨਾਪੁਰ ਨਿਵਾਸੀ ਧਰਮ ਦਾਸ ਉਠਿਆ। ਉਸ ਨੂੰ ਵੀ ਪਕੜ ਕੇ ਸਤਿਗੁਰੂ ਜੀ ਤੰਬੂ ਵਿਚ ਲੈ ਗਏ। ਤੀਜੀ ਵਾਰ ਸੀਸ ਦੀ ਮੰਗ ਪੂਰੀ ਕਰਨ ਲਈ ਜਗਨਨਾਥ ਪੁਰੀ ਦਾ ਹਿੰਮਤ ਰਾਇ ਨਿਤਰਿਆ। ਚੌਥੀ ਵਾਰ ਦਵਾਰਕਾ ਤੋਂ ਆਇਆ ਮੁਹਕਮ ਚੰਦ ਅਤੇ ਪੰਜਵੀਂ ਵਾਰ ਸਿਰ ਦੀ ਮੰਗ ਦੇ ਜਵਾਬ ਵਿਚ ਬਿਦਰ ਵਾਸੀ ਸਾਹਿਬ ਚੰਦ, ਵਾਰੀ-ਵਾਰੀ ਉਠਦੇ ਗਏ। ਹੁਣ ਗੁਰੂ ਸਾਹਿਬ ਤੰਬੂ ਵਿਚ ਕੁਝ ਪਲ ਰੁਕਣ ਉਪਰੰਤ ਜਦੋਂ ਬਾਹਰ ਆਏ ਤਾਂ ਕ੍ਰਿਪਾਨ ਗਾਤਰੇ ਵਿਚ ਸੀ। ਗੁਰੂ ਜੀ ਬੜੇ ਹੀ ਪ੍ਰਸੰਨ ਚਿੱਤ ਅਤੇ ਗੰਭੀਰ ਮੁਦਰਾ ਵਿਚ ਸਨ। ਉਨ੍ਹਾਂ ਦੇ ਪਿੱਛੇ-ਪਿੱਛੇ ਤੰਬੂ ਵਿਚ ਲਿਜਾਏ ਗਏ ਪੰਜੇ ਸਿੱਖ ਇਕੋ ਜਿਹੇ ਵਸਤਰ ਪਹਿਨੇ ਹੋਏ ਤੁਰੇ ਆ ਰਹੇ ਸਨ। ਉਨ੍ਹਾਂ ਦੇ ਗਾਤਰੇ ਕ੍ਰਿਪਾਨਾਂ, ਨੀਲੇ ਦਸਤਾਰੇ, ਗੋਡਿਆਂ ਤੱਕ ਕਛਹਿਰੇ, ਹੱਥਾਂ ਵਿਚ ਸਰਬ ਲੋਹ ਦੇ ਕੜੇ ਪਾਏ ਹੋਏ, ਮਾਨੋ ਉਹ ਪੰਜੇ ਸਕੇ ਭਰਾ ਹੋਣ।
ਇੰਨੇ ਚਿਰ ਨੂੰ ਸਤਲੁਜ ਦੇ ਨਿਰਮਲ ਜਲ ਵਿਚੋਂ ਸਰਬ ਲੋਹ ਦਾ ਬਾਟਾ ਭਰ ਕੇ ਲਿਆਂਦਾ ਗਿਆ। ਗੁਰੂ ਜੀ ਨੇ ‘ਬੀਰ-ਆਸਣ’ ਸਜਾ ਕੇ ਬਾਟੇ ਵਿਚ ਦੋ ਧਾਰਾ ਖੰਡਾ ਫੇਰਨਾ ਸ਼ੁਰੂ ਕਰ ਦਿੱਤਾ। ਪੰਜਾਂ ਸਿੱਖਾਂ ਨੂੰ ਧਿਆਨ ਬਾਟੇ ਵਿਚ ਰੱਖਣ ਲਈ ਆਖ ਕੇ ਚੁਫੇਰੇ ਖੜ੍ਹਾ ਕੀਤਾ ਗਿਆ। ਖੰਡਾ ਫੇਰਦੇ ਹੋਏ ਗੁਰੂ ਜੀ ਨਾਲ ਨਾਲ ਜਪੁ ਜੀ, ਜਾਪੁ ਸਾਹਿਬ, ਸਵੱਯੇ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕਰਦੇ ਰਹੇ। ਪ੍ਰਸਿੱਧ ਇਤਿਹਾਸਕਾਰ ਡਾæ ਸੰਗਤ ਸਿੰਘ ਅਨੁਸਾਰ ਇਸ ਮੌਕੇ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਰਾਮ ਕੁਇਰ (ਪਿੱਛੋਂ ਨਾਮ ਗੁਰਬਖ਼ਸ਼ ਸਿੰਘ) ਦੇ ਸੁਝਾਅ ‘ਤੇ ਗੁਰੂ ਕੇ ਮਹਿਲ ਮਾਤਾ ਜੀਤੋ ਜੀ ਨੇ ਪਤਾਸੇ ਲਿਆ ਕੇ ਬਾਟੇ ਵਿਚ ਪਾਏ। ਪਾਠ ਦੀ ਸਮਾਪਤੀ ਉਪਰੰਤ ਅਰਦਾਸਾ ਸੋਧ ਕੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਗਿਆ। ‘ਗੁਰ ਬਿਲਾਸ ਪਾਤਸ਼ਾਹੀ ਦਸ’ ਦਾ ਕਰਤਾ ਭਾਈ ਕੁਇਰ ਸਿੰਘ ਲਿਖਦਾ ਹੈ,
ਅੰਮ੍ਰਿਤ ਗੁਰੂ ਤਯਾਰ ਕਰਿ,
ਕੈ ਅਰਦਾਸ ਕੀ ਰੀਤ।
ਠਾਢੇ ਕਮਰ ਛਕਾਇਕੈ,
ਸੁਨਮੁਖ ਪੰਚ ਸੁਨੀਤ।
ਪਾਨ ਜੋੜਿ ਤਿਨ ਅਮੀਂ ਪਿਵਾਵੈਂ।
ਬੋਲ ਵਾਹਿਗੁਰੂ! ਮੁਖੋਂ ਕਹਾਵੈਂ।
ਪੰਚਨ ਕੋ ਐਸੇ ਤਬ ਦਯੋ।
ਨਾਮ, ਨਗਰ ਤਿਨ ਪੂਛਨ ਕਯੋ।
ਇਨ੍ਹਾਂ ਪੰਜਾਂ ਨੂੰ ਹੀ ਗੁਰੂ ਜੀ ਨੇ ਆਪਣੇ ‘ਪੰਜ ਪਿਆਰੇ’ ਹੋਣ ਦਾ ਮਾਣ ਬਖ਼ਸ਼ਿਆ ਅਤੇ ਪੰਜਾਂ ਦੇ ਸਮੂਹ ਨੂੰ ਹੀ ਖਾਲਸਾ ਪੰਥ ਦੀ ਅਗਵਾਈ ਸੌਂਪੀ (ਯਾਦ ਰਹੇ, ਇਤਿਹਾਸ ਵਿਚ ਕਿਤੇ ਜ਼ਿਕਰ ਨਹੀਂ ਹੈ ਕਿ ਇਨ੍ਹਾਂ ਵਿਚੋਂ ਕਿਸੇ ਇਕ ਨੂੰ ਕੋਈ ਵਿਸ਼ੇਸ਼ ਅਧਿਕਾਰ ਦਿੱਤੇ ਜਾਂ ਪਹਿਲਾਂ ਉਠ ਕੇ ਸੀਸ ਦੇਣ ਵਾਲੇ ਨੂੰ ਪੰਜਾਂ ਪਿਆਰਿਆਂ ਦਾ ਮੁਖੀ ਆਦਿ ਥਾਪਿਆ)।
ਗੋਬਿੰਦ ਰਾਏ ਤੋਂ ‘ਗੋਬਿੰਦ ਸਿੰਘ’ ਸਜਣ ਵਾਸਤੇ ਗੁਰੂ ਜੀ ਨੇ ਖੁਦ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕੀਤਾ। ਭਾਈ ਰਤਨ ਸਿੰਘ ‘ਭੰਗੂ’ ਕਰਤਾ ‘ਪ੍ਰਾਚੀਨ ਪੰਥ ਪ੍ਰਕਾਸ਼’ ਲਿਖਦੇ ਹਨ,
ਕਰੀ ਜੁ ਸਤਿਗੁਰ ਪ੍ਰਥਮ ਬਿਧਿ,
ਸੋਈ ਪੁਨਿ ਬਿਧ ਕੀਨ॥
ਪੰਜ ਭੁਜੰਗੀ ਜੋ ਭਏ,
ਗੁਰ ਉਨ ਤੇ ਪਾਹੁਲ ਲੀਨ॥
ਇਕ ਕਵੀ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਣ ਤੋਂ ਬਾਅਦ ਪਹਿਲੀ ਜਾਤ-ਪਾਤ ਕੁਲ ਕਰਮ ਨਾਸ਼ ਹੋਣ ਬਾਬਤ ਭਾਈ ਧਰਮ ਸਿੰਘ ਨੂੰ ਮੁਖਾਤਿਬ ਹੁੰਦਿਆਂ ਆਖਿਆ,
‘ਤੂੰ ਵੀ ਨਹੀਉਂ ਜੱਟ,
ਮੈਂ ਵੀ ਸੋਢੀ ਨਹੀਂ ਰਹਿ ਗਿਆ।’
ਇੰਜ ‘ਆਪੇ ਗੁਰੂ ਚੇਲਾ’ ਦੇ ਸਿਧਾਂਤ ਨੂੰ ਹਕੀਕਤ ਵਿਚ ਬਦਲ ਕੇ ਖਾਲਸੇ ਦੇ ਰੂਪ ਵਿਚ ਪਰਮ ਮਨੁੱਖ ਸਾਜਿਆ ਗਿਆ। ਇਨ੍ਹਾਂ ਪੰਜਾਂ ਪਿਆਰਿਆਂ ਨੂੰ ਪੰਜ ਕੱਕਾਰ (ਕੇਸ, ਕੜਾ, ਕਛਹਿਰਾ, ਕ੍ਰਿਪਾਨ, ਕੰਘਾ) ਸਦੈਵ ਧਾਰਨ ਕਰਨ ਦਾ ਆਦੇਸ਼ ਦੇ ਕੇ ਇਨ੍ਹਾਂ ਕੱਕਾਰਾਂ ਦੀ ਵਿਸ਼ੇਸ਼ ਮਹਾਨਤਾ ਬਾਰੇ ਦੱਸਿਆ ਗਿਆ। ਕੜਾ ਪ੍ਰਤਿਗਿਆ ਦੇ ਰੂਪ ਵਿਚ, ਕ੍ਰਿਪਾਨ ਪਰਉਪਕਾਰ ਤੇ ਸਵੈ-ਰੱਖਿਆ ਲਈ, ਕਛਹਿਰਾ ਆਚਰਣਕ ਉਚਤਾ ਲਈ, ਕੰਘਾ ਕੇਸਾਂ ਦੀ ਸਫਾਈ ਤੇ ਸੁੱਚਮ ਦਾ ਸੰਕੇਤ ਅਤੇ ਕੇਸਾਂ ਨੂੰ ਕੱਕਾਰਾਂ ਦੀ ਸਿਰਮੌਰਤਾ ਬਖ਼ਸ਼ੀ ਗਈ। ਬਿਨਾਂ ਕੇਸਾਂ ਦੇ ਬਾਕੀ ਨਿਸ਼ਾਨਾਂ ਦੀ ਕੋਈ ਅਹਿਮੀਅਤ ਨਹੀਂ ਹੋਵੇਗੀ। ਹਰ ਤਰ੍ਹਾਂ ਦੇ ਨਸ਼ਿਆਂ ਦਾ ਤਿਆਗ, ਜ਼ੁਲਮ ਦੇ ਨਾਸ਼ ਲਈ ਸਦਾ ਤਿਆਰ-ਬਰ-ਤਿਆਰ ਰਹਿਣ ਲਈ ਆਖਿਆ ਗਿਆ। ਚਾਰ ਬੱਜਰ ਕੁਰਹਿਤਾਂ (ਕੇਸਾਂ ਦੀ ਬੇਅਦਬੀ, ਕੁੱਠਾ ਖਾਣਾ, ਤੰਬਾਕੂ ਸੇਵਨ, ਪਰ-ਇਸਤਰੀ ਜਾਂ ਪਰ-ਪੁਰਖ ਗਮਨ) ਤੋਂ ਦੂਰ ਰਹਿ ਕੇ ਖਾਲਸੇ ਲਈ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ ਨਿਸ਼ਚਿਤ ਕੀਤਾ ਗਿਆ। ਪੁਰਾਤਨ ਇਤਿਹਾਸਕਾਰਾਂ ਅਨੁਸਾਰ ਇਸ ਮੌਕੇ ਵਿਸ਼ਾਲ ਅੰਮ੍ਰਿਤ ਸੰਚਾਰ ਕੀਤਾ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ। ਅੰਮ੍ਰਿਤਧਾਰੀ ਸਿੰਘਾਂ ਨੂੰ ਰਹਿਤ ਮਰਯਾਦਾ ਦ੍ਰਿੜ ਕਰਵਾਉਂਦਿਆਂ ਇਹ ਦੱਸਿਆ ਗਿਆ ਕਿ ਹੁਣ ਤੋਂ ਉਨ੍ਹਾਂ ਦਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ ਅਤੇ ਉਹ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਨ। ਮਰਦਾਂ ਦੇ ਨਾਮ ਅੱਗੇ ਸਿੰਘ (ਸ਼ੇਰ) ਅਤੇ ਬੀਬੀਆਂ ਦੇ ਨਾਮ ਅੱਗੇ ਕੌਰ (ਰਾਜ ਕੁਮਾਰੀ) ਸ਼ਬਦ ਲਗਾਉਣੇ ਜ਼ਰੂਰੀ ਕਰਾਰ ਦਿੱਤੇ ਗਏ।
ਇਉਂ ਖਾਲਸੇ ਦਾ ਪ੍ਰਕਾਸ਼ ਇਨ੍ਹਾਂ ਪਹਿਲੇ ਪੰਜ ਗੁਰਸਿੱਖਾਂ ਵਿਚ ਹੋਇਆ ਜੋ ਧਰਮ ਦੀ ਖਾਤਰ ਸੀਸ ਤਲੀ ‘ਤੇ ਰੱਖ ਕੇ ਅੱਗੇ ਆਏ। ਪੰਜ ਪਿਆਰੇ ਗੁਰੂ ਦਾ ਰੂਪ ਹੀ ਹੁੰਦੇ ਹਨ। ਗੁਰੂ ਉਨ੍ਹਾਂ ਵਿਚ ਆਪ ਵੱਸਦਾ ਹੈ। ਸਮੂਹ ਸਿੰਘਾਂ ਨੂੰ ਦਸਮੇਸ਼ ਗੁਰੂ ਵੱਲੋਂ ਇਸ ਸਮੇਂ ਦਿੱਤੇ ਗਏ ਉਪਦੇਸ਼ਾਂ ਨੂੰ ਸ੍ਰੀ ਗੁਰ ਸੋਭਾ ਵਿਚ ਇਉਂ ਅੰਕਿਤ ਕੀਤਾ ਗਿਆ ਹੈ,
ਵਾਹਿ ਸਮੈਂ ਗੁਰ ਬੈਨ ਸੁਨਾਯੋ॥
ਖਾਲਸ ਆਪਨੋ ਰੂਪ ਬਤਾਯੋ॥
ਖਾਲਸ ਹੀ ਸੋ ਹੈ ਮਮ ਕਾਮਾ॥
ਬਖਸ਼ ਦਿਯੋ ਖਾਲਸ ਕੋ ਜਾਮਾ॥
ਜਬ ਲਗ ਖਾਲਸਾ ਰਹੈ ਨਿਆਰਾ॥
ਤਬ ਲਗ ਤੇਜ ਦੀਉ ਮੈ ਸਾਰਾ॥
ਜਬ ਇਹ ਗਹੈ ਬਿਪ੍ਰਨ ਕੀ ਰੀਤ॥
ਮੈ ਨ ਕਰਉਂ ਇਨ ਕੀ ਪ੍ਰਤੀਤ॥
ਪਰ ਵਰਤਮਾਨ ਸਮੇਂ ਖਾਲਸਾ ਪੰਥ ਦੇ ਹਾਲਾਤ ਦੇਖ ਕੇ ਦਿਲ ਵਿਚ ਚੀਸ ਉਠਦੀ ਹੈ। ਅਫ਼ਸੋਸ! ਨਾ ਸਾਡਾ ਇਸ਼ਟ ਇਕ ਰਿਹਾ, ਨਾ ਅੰਮ੍ਰਿਤ ਇਕ ਰਿਹਾ। ਨਾ ਸੰਗਤ ਇਕ ਰਹੀ, ਨਾ ਅਰਦਾਸ ਇਕ। ਨਾ ਮਰਯਾਦਾ ਇਕ, ਨਾ ਸਰੂਪ ਇਕ ਰਿਹਾ। ਰਹਿੰਦੀ ਕਸਰ ਧਰਮ ਤੇ ਰਾਜਨੀਤੀ ਦੇ ਸੁਮੇਲ ਵਾਲੇ ਸਿਧਾਂਤ ਦੀ ਦੁਰਵਰਤੋਂ ਨੇ ਕੱਢ ਦਿੱਤੀ ਹੈ। 1699 ਦੀ ਵਿਸਾਖੀ ਮੌਕੇ ਸਥਾਪਤ ਕੀਤੇ ਗਏ ਪੰਚ ਪ੍ਰਧਾਨੀ ਸਿਸਟਮ ਦੀ ਥਾਂ ਤਾਨਾਸ਼ਾਹੀ ਰੁਚੀਆਂ ਪ੍ਰਬਲ ਹੋ ਗਈਆਂ ਹਨ। ਇਕ ਅਕਾਲ ਦੇ ਪੁਜਾਰੀ ਸਿੰਘਾਂ ਦੀ ਨਿੱਤ ਖੁੰਬਾਂ ਵਾਂਗ ਉਠਦੇ ਅਖੌਤੀ ਡੇਰੇਦਾਰਾਂ ਨੇ ਮੱਤ ਮਾਰੀ ਪਈ ਹੈ। ਸਿੱਖ ਸਿਆਸਤ ਵਿਚ ਆਪੇ ਬਣੇ ਘੜੰਮ ਚੌਧਰੀਆਂ ਨੂੰ ਧਰਮ ਦੀ ਚਿੰਤਾ ਨਾਲੋਂ ਕੁਰਸੀ ਦਾ ਜ਼ਿਆਦਾ ਫਿਕਰ ਹੈ। ਅਜਿਹੀ ਆਪਾ-ਧਾਪੀ ਵਿਚ ਪੰਥਕ ਇਕਸੁਰਤਾ ਕਿਵੇਂ ਆਵੇਗੀ? ‘ਅੰਧਾ ਆਗੂ ਜੇ ਥੀਐ’ ਦੇ ਵਾਕ ਅਨੁਸਾਰ ਜਿੰਨਾ ਚਿਰ ਖਾਲਸਾ ਪੰਥ ਨੂੰ ਦੂਰ-ਅੰਦੇਸ਼ ਲੀਡਰਸ਼ਿਪ ਨਹੀਂ ਮਿਲਦੀ। ਉਨਾ ਚਿਰ ਖੁਆਰੀਆਂ ਹੀ ਪੱਲੇ ਪੈਣਗੀਆਂ। ਫਿਲਹਾਲ 1699 ਦੀ ਵਿਸਾਖੀ ਦੀਆਂ ਪਾਵਨ ਯਾਦਾਂ ਹੀ ਧਰਵਾਸਾ ਦੇਣਗੀਆਂ।
‘ਦਾਮਨੇ-ਦੀਂ ਹਾਥ ਸੇ ਛੂਟਾ,
ਤੋ ਜ਼ਮਈਅੱਤ ਕਹਾਂ?
ਜ਼ਮਈਅੱਤ ਹੂਈ ਰੁਖਸਤ ਤੋ,
ਮਿੱਲਤ ਭੀ ਗਈ।
-(ਡਾæ ਮੁਹੰਮਦ ਇਕਬਾਲ)
Leave a Reply