ਅਮੋਲਕ ਸਿੰਘ ਜੰਮੂ
ਪਿਛਲੇ ਲੇਖ ਵਿਚ ਮੈਂ ਪੰਜਾਬੀ ਟ੍ਰਿਬਿਊਨ ਦੇ ਮੁਢਲੇ ਪਰਿਵਾਰਕ ਮਾਹੌਲ ਅਤੇ ਫਿਰ ਨਿਊਜ਼ਰੂਮ ਵਿਚ ਤਰੱਕੀਆਂ ਦੇ ਗੇੜ ਕਾਰਨ ਇਸ ਦੇ ਵਿਗੜ ਜਾਣ ਤੇ ਆਪਣੇ ਸਾਥੀ ਗੁਰਦਿਆਲ ਸਿੰਘ ਬੱਲ ਦੀ ਇਸ ਪ੍ਰਤੀ ਵੇਦਨਾ ਦੀ ਗੱਲ ਕੀਤੀ ਸੀ। ਉਸ ਦੀ ਇਹ ਵੇਦਨਾ ਅਜੇ ਮੁਕਣ ਵਾਲੀ ਨਹੀਂ ਸੀ ਅਤੇ ਇਹ ਅਗਲੇ ਸਾਲਾਂ ਵਿਚ ਹੋਰ ਵੀ ਵਧਦੀ ਗਈ। ਮੈਂ ਪਹਿਲਾਂ ਵੀ ਦੱਸ ਆਇਆ ਹਾਂ ਕਿ ਬੱਲ ਬਾਬੇ ਦਾ ਸੌæਕ ਪੁਸਤਕਾਂ ਪੜ੍ਹਨਾ ਤੇ ਦੋਸਤੀਆਂ ਪਾਲਣਾ ਰਿਹਾ ਹੈ। ਪੰਜਾਬ ਦੇ ਵਿਗੜ ਰਹੇ ਮਾਹੌਲ ਦਾ ਵੀ ਉਸ ਨੂੰ ਖਾਸ ਹੀ ਦੁਖ ਸੀ। ਤ੍ਰਾਸਦੀ ਇਹ ਸੀ ਕਿ ਇਕ ਪਾਸੇ ਪੰਜਾਬ ਦਾ ਮਾਹੌਲ ਨਿਰੰਤਰ ਵਿਗੜ ਰਿਹਾ ਸੀ ਅਤੇ ਦੂਜੇ ਪਾਸੇ ਪੰਜਾਬੀ ਟ੍ਰਿਬਿਊਨ ਦੇ ਅੰਦਰ ਦਾ ਮਾਹੌਲ।
25-26 ਅਪ੍ਰੈਲ, 1983 ਦੀ ਗੱਲ ਹੈ। ਅਖਬਾਰਾਂ ਵਿਚ ਸੁਰਖੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਨਿਕਲ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਡੀæ ਆਈæ ਜੀæ ਏæ ਐਸ਼ ਅਟਵਾਲ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ। ਇਸ ਦਿਨ ਮੇਰੀ ਜੀਵਨ ਸਾਥਣ ਜਸਪ੍ਰੀਤ ਦੇ ਮਾਮਾ ਜੀ ਕਾਮਰੇਡ ਰਾਜੇਸ਼ਵਰ ਸਿੰਘ ਰੰਧਾਵਾ ਸਾਨੂੰ ਮਿਲਣ ਲਈ ਆਏ ਹੋਏ ਸਨ। ਇਹ ਗੱਲ ਅਪਰੈਲ 1983 ਦੀ ਹੈ। ਸਾਡੇ ਵਿਆਹ ਤੋਂ ਬਾਅਦ ਚੰਡੀਗੜ੍ਹ ਸਾਡੇ ਘਰ ਇਹ ਉਨ੍ਹਾਂ ਦੀ ਦੂਜੀ ਫੇਰੀ ਸੀ। ਮਾਮਾ ਜੀ ਨੇ ਸਾਰੀ ਉਮਰ ਆਪ ਵਿਆਹ ਨਹੀਂ ਸੀ ਕਰਵਾਇਆ। ਮਾਮਾ ਜੀ ਤੇ ਬੀਜੀ (ਮੇਰੀ ਸੱਸ) ਦੋ ਹੀ ਭੈਣ-ਭਰਾ ਸਨ। ਮਾਮਾ ਜੀ ਦਾ ਬੀਜੀ ਅਤੇ ਆਪਣੇ ਭਾਣਜੇ-ਭਾਣਜੀਆਂ ਨਾਲ ਬੜਾ ਮੋਹ ਵਾਲਾ ਰਿਸ਼ਤਾ ਸੀ। ਸੱਚ ਤਾਂ ਇਹ ਹੈ ਕਿ ਸਾਡਾ ਰਿਸ਼ਤਾ ਵੀ ਉਨ੍ਹਾਂ ਕਰਕੇ ਹੀ ਹੋ ਸਕਿਆ। ਉਹ ਅੰਮ੍ਰਿਤਸਰ ਜਿਲੇ ਵਿਚ ਅਜਨਾਲਾ ਤੋਂ 4 ਕਿਲੋਮੀਟਰ ਦੂਰ ਪੈਂਦੇ ਪਿੰਡ ਚਮਿਆਰੀ ਤੋਂ ਸਨ ਅਤੇ ਪਿੰਡ ਦੇ ਲੰਮਾ ਸਮਾਂ ਸਰਪੰਚ ਵੀ ਰਹੇ। ਇਸੇ ਪਿੰਡ ਦੀ ਹੀ ਲੂਣਾ ਸੀ ਅਤੇ ਪਿੰਡ ਦੇ ਨਾਂ ਕਰ ਕੇ ਹੀ ਉਨ੍ਹਾਂ ਨੂੰ ਰਾਜੇਸ਼ਵਰ ਸਿੰਘ ਚਮਿਆਰੀ ਕਰਕੇ ਜਾਣਿਆ ਜਾਣ ਲੱਗਾ। ਮਾਮਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਕਮਿਊਨਿਸਟ ਪਾਰਟੀ ਦੇ ਲੇਖੇ ਲਾ ਦਿਤੀ। ਪਾਰਟੀ ਦੇ ਦੋਫਾੜ ਹੋਣ ਬਾਅਦ ਉਹ ਸੀ ਪੀ ਐਮ ਨਾਲ ਰਹੇ। ਜਦੋਂ ਸੀ ਪੀ ਐਮ ਦੋਫਾੜ ਹੋਈ ਤਾਂ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਆ ਗਏ। ਆਪਣੀ ਜੱਦੀ ਜਾਇਦਾਦ ਵੀ ਉਨ੍ਹਾਂ ਵੇਚ-ਵੇਚ ਪਾਰਟੀ ਜਾਂ ਫਿਰ ਲੋਕਾਂ ਦੀ ਮਦਦ ਦੇ ਲੇਖੇ ਲਾਈ। ਮੈਨੂੰ ਉਹ ਪੁਰਾਣੇ ਸਮਿਆਂ ਦੇ ਕਿਸੇ ਰਿਸ਼ੀ ਵਰਗੇ ਲੱਗਦੇ।
ਸਵੇਰ ਦੀ ਡਿਊਟੀ ਕਰਕੇ ਮੈਂ ਘਰ ਪੁਜਾ ਤਾਂ ਅੱਗੇ ਉਹ ਟੀ ਵੀ ਮੂਹਰੇ ਬੈਠੇ ਜਸਪ੍ਰੀਤ ਨਾਲ ਮਟਰ ਕੱਢਵਾ ਰਹੇ ਸਨ। ਜਸਪ੍ਰੀਤ ਮਟਰਾਂ ਦਾ ਕੰਮ ਮੇਰੇ ਹਵਾਲੇ ਕਰਕੇ ਆਪ ਚਾਹ ਦੇ ਆਹਰ ਲੱਗ ਗਈ ਅਤੇ ਕਾਮਰੇਡ ਸਾਹਿਬ ਨੇ ਅੰਮ੍ਰਿਤਸਰ ਵਿਚ ਵਾਪਰੀ ਘਟਨਾ ਬਾਰੇ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿਤਾ। ਮੈਂ ਜਰਾ ਲਾਪ੍ਰਵਾਹੀ ਜਿਹੀ ਨਾਲ ਉਨ੍ਹਾਂ ਦੀ ਗੱਲ ਇਹ ਆਖ ਕੇ ਕੱਟ ਦਿਤੀ ਕਿ ਪੁਲਿਸ ਅਫਸਰ ਕੰਪਲੈਕਸ ਵਿਚ ਸਿੰਘਾਂ ਦੀ ਸੀæ ਆਈæ ਡੀæ ਕਰਨ ਗਿਆ ਹੋਵੇਗਾ। ਪਰ ਮਾਮਾ ਜੀ ਨੇ ਸੁਰ ਗੰਭੀਰ ਰਖਦਿਆਂ ਆਖਿਆ ਕਿ ਅਮੋਲਕ, ਸੀæਆਈæਡੀæ ਕਰਨ ਉਸ ਨੇ ਗੁਰੂ ਘਰ ਅੰਦਰ ਆਪ ਕੀ ਲੈਣ ਜਾਣਾ ਸੀ? ਇਹ ਬੜੀ ਮਾੜੀ ਗੱਲ ਹੋਈ ਹੈ। ਇਹ ਕੰਮ ਜਿਸ ਨੇ ਵੀ ਕੀਤਾ, ਚੰਗਾ ਨਹੀਂ ਕੀਤਾ। ਗੁਰੂ ਘਰ ਸਭਨਾਂ ਦਾ ਸਾਂਝਾ ਹੁੰਦਾ ਹੈ, ਉਥੇ ਵੱਡੇ ਤੋਂ ਵੱਡੇ ਵੈਰੀ ਨਾਲ ਵੀ ਐਸਾ ਭਾਣਾ ਨਹੀਂ ਵਾਪਰਨਾ ਚਾਹੀਦਾ।
ਮਾਮਾ ਜੀ ਕਹਿਣ ਲੱਗੇ, ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਿੰਮਵਾਰੀ ਬਣਦੀ ਹੈ ਕਿ ਉਹ ਇਸ ਘਟਨਾ ਦੀ ਦੋ ਟੁਕ ਸ਼ਬਦਾਂ ਵਿਚ ਨਿਖੇਧੀ ਕਰੇ ਪਰ ਉਨ੍ਹਾਂ ਨੂੰ ਦੁੱਖ ਸੀ ਕਿ ਜਥੇਦਾਰ ਨੇ ਇਸ ਤਰ੍ਹਾਂ ਕਰਨਾ ਨਹੀਂ। ਮਾਮਾ ਜੀ ਨੂੰ ਅਟਵਾਲ ਦੀ ਗੁਰੂਘਰ ਵਿਚ ਹੱਤਿਆ ਦੇ ਪਿੱਛੇ ਚੁੜੇਲਾਂ ਨੱਚਦੀਆਂ ਨਜ਼ਰ ਆ ਰਹੀਆਂ ਸਨ। ਇਸੇ ਦੌਰਾਨ ਜਸਪ੍ਰੀਤ ਮੈਨੂੰ ਕਹਿਣ ਲੱਗੀ, ਬੱਲ ਨੂੰ ਮਾਮਾ ਜੀ ਦੇ ਆਉਣ ਬਾਰੇ ਦੱਸ ਆਉ। ਬੱਲ ਨੇ ਡਿਊਟੀ ਤੋਂ 9 ਵਜੇ ਛੁੱਟੀ ਕਰਨੀ ਸੀ। ਅਸਲ ਵਿਚ ਉਹ ਪਹਿਲਾਂ ਕਈ ਵਾਰ ਗੱਲ ਕਰ ਚੁੱਕੀ ਸੀ ਕਿ ਮਾਮਾ ਜੀ ਜਦੋਂ ਵੀ ਆਏ ਉਨ੍ਹਾਂ ਨੂੰ ਬੱਲ ਨਾਲ ਜਰੂਰ ਮਿਲਾਉਣਾ ਹੈ। ਬੱਲ ਆਇਆ ਤਾਂ 5-7 ਮਿੰਟਾਂ ਵਿਚ ਹੀ ਮਾਮਾ ਜੀ ਨਾਲ ਉਸ ਦੀ ਇਸ ਕਿਸਮ ਦੀ ਨਿੱਘੀ ਵਾਰਤਾਲਾਪ ਸ਼ੁਰੂ ਹੋ ਗਈ ਜਿਵੇਂ ਉਹ ਚਿਰਾਂ ਤੋਂ ਹੀ ਇੱਕ ਦੂਸਰੇ ਦੇ ਸਾਥੀ ਰਹੇ ਹੋਣ।
ਉਨ੍ਹਾਂ ਦੀ ਗੱਲਬਾਤ ਦੀ ਸ਼ੁਰੂਆਤ ਅੰਮ੍ਰਿਤਸਰ ਜ਼ਿਲ੍ਹੇ ਵਿਚ ਸੀ ਪੀ ਐਮ ਦੇ ਜਨਰਲ ਸੈਕਟਰੀ ਕਾਮਰੇਡ ਫੌਜਾ ਸਿੰਘ ਭੁੱਲਰ ਬਾਰੇ ਯਾਦਾਂ ਨਾਲ ਹੋਈ। ਮਾਮਾ ਜੀ ਨੇ ਕਾਮਰੇਡ ਭੁੱਲਰ ਦੀ ਪ੍ਰੇਰਣਾ ਨਾਲ ਹੀ ਸਾਰਾ ਜੀਵਨ ਕਮਿਊਨਿਸਟ ਆਦਰਸ਼ਵਾਦ ਦੇ ਲੇਖੇ ਲਾ ਦਿੱਤਾ ਸੀ। ਕਾਮਰੇਡ ਭੁੱਲਰ ਪੰਜਾਬੀ ਸੂਬੇ ਦੇ ਪੱਕੇ ਮੁੱਦਈ ਸਨ ਅਤੇ ਉਨ੍ਹਾਂ ਨੂੰ ਅਕਾਲੀ ਨੇਤਾਵਾਂ ਵੱਲੋਂ ਅਰਦਾਸ ਭੰਗ ਕਰਕੇ ਮਰਨ ਵਰਤ ਤੋੜੇ ਜਾਣ ਦਾ ਢਿੱਡੋਂ ਦੁੱਖ ਸੀ। ਬੱਲ ਦੱਸਣ ਲੱਗਾ ਕਿ ਸਾਲ 1968 ‘ਚ ਜਿਸ ਦਿਨ ਸ਼ ਦਰਸ਼ਨ ਸਿੰਘ ਫੇਰੂਮਾਨ ਨੇ ਮਰਨ ਵਰਤ ਰੱਖਿਆ ਉਸ ਰਾਤ ਉਹ ਅਤੇ ਉਸ ਦਾ ਦੋਸਤ ਕੰਵਲ ਜੋ ਉਸ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਸੀ, ਪਾਰਟੀ ਦਫਤਰ ਵਿਚ ਕਾਮਰੇਡ ਭੁੱਲਰ ਨੂੰ ਮਿਲਣ ਗਏ ਹੋਏ ਸਨ। ਕਾਮਰੇਡ ਭੁੱਲਰ ਕਹਿਣ ਲੱਗੇ ਕਿ ਉਹ ਸ਼ ਫੇਰੂਮਾਨ ਦੇ ਸਿਰੜੀ ਸੁਭਾਅ ਦੇ ਭੇਤੀ ਹਨ। ਹੁਣ ਜਾਂ ਤਾਂ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਅਤੇ ਜਾਂ ਫਿਰ ਇਹ ਜਵਾਂ ਮਰਦ ਆਪਣੀ ਜਾਨ ਤੇ ਖੇਡ ਜਾਵੇਗਾ।
ਫਿਰ ਮਾਮਾ ਜੀ ਦੀ ਗੱਲਬਾਤ ਕਾਮਰੇਡ ਸਟਾਲਿਨ ਤੇ ਜਾ ਟਿਕੀ। ਮਾਮਾ ਜੀ ਦੀ ਰਾਏ ਅਨੁਸਾਰ ਸਟਾਲਿਨ ਮਜ਼ਦੂਰ ਜਮਾਤ ਦਾ ਮਸੀਹਾ ਸੀ ਅਤੇ ਉਸ ਦੀ ਮੌਤ ਨਾਲ ਦੁਨੀਆਂ ਭਰ ਦੇ ਗਰੀਬ ਲੋਕ ਅਨਾਥ ਹੋ ਗਏ ਸਨ। ਉਹ ਦੱਸਣ ਲੱਗੇ ਕਿ ਸਟਾਲਿਨ ਦੀ ਮੌਤ ਪਿਛੋਂ ਉਨ੍ਹਾਂ ਦੋ ਦਿਨ ਅੰਨ ਨੂੰ ਮੂੰਹ ਨਹੀਂ ਸੀ ਲਾਇਆ ਅਤੇ ਅਜਿਹੇ ਹੋਰ ਕਾਮਰੇਡਾਂ ਦੀ ਗਿਣਤੀ ਦਾ ਵੀ ਕੋਈ ਲੇਖਾ ਨਹੀਂ ਸੀ। ਇਸ ਦੇ ਉਲਟ ਗੁਰਦਿਆਲ ਬੱਲ ਦੀ ਰਾਏ ਸੀ ਕਿ ਸਟਾਲਿਨ ਜਿੱਡਾ ਵੱਡਾ ਇਨਸਾਨੀਅਤ ਦਾ ਮੁਜ਼ਰਿਮ ਹੁਣ ਤੱਕ ਦੇ ਇਤਿਹਾਸ ਵਿਚ ਹੋਰ ਕੋਈ ਨਹੀਂ ਹੋਇਆ। ਜੁਲਮ ਆਪੋ ਆਪਣੇ ਸਮੇਂ ਚੰਗੇਜ਼ ਖਾਨ ਅਤੇ ਤੈਮੂਰਲੰਗ ਨੇ ਵੀ ਬੜੇ ਕੀਤੇ ਹੋਣਗੇ ਪਰ ਤਕੜੀ ਦੇ ਇੱਕ ਪਲੜੇ ਵਿਚ ਹੁਣ ਤੱਕ ਹੋਏ ਬੀਤੇ ਸਭ ਜੁਲਮਾਂ ਦੀਆਂ ਕਹਾਣੀਆਂ ਅਤੇ ਦੂਸਰੇ ਵਿਚ ਇਕੱਲੇ ਸਟਾਲਿਨ ਵੱਲੋਂ ਆਪਣੇ ਹੀ ਸਾਥੀ ਕਮਿਊਨਿਸਟ ਇਨਕਲਾਬੀਆਂ ਨੂੰ ਮਾਰਨ ਲਈ ਚਲਾਏ ਬਦਨਾਮ ਮਾਸਕੋ ਮੁਕੱਦਮਿਆਂ ਦੀਆਂ ਕਥਾਵਾਂ ਪਾ ਲਈਆਂ ਜਾਣ ਤਾਂ ਸਟਾਲਿਨ ਦੇ ਜੁਲਮਾਂ ਵਾਲਾ ਛਾਬਾ ਭਾਰੀ ਸੀ। ਸਟਾਲਿਨ ਦਾ ਗੁਨਾਹ ਇਹ ਨਹੀਂ ਸੀ ਕਿ ਉਸ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਨਜਾਇਜ ਮਾਰਿਆ। ਇਨਕਲਾਬ ਨੂੰ ਬਚਾਉਣ ਲਈ ਉਹ ਸਾਰੇ ਹੀ ਰੂਸੀਆਂ ਨੂੰ ਮਾਰ ਛੱਡਦਾ, ਗੱਲ ਗੇੜ ਵਿਚ ਆ ਸਕਦੀ ਸੀ। ਜੋ ਗੱਲ ਗੇੜ ਵਿਚ ਨਹੀਂ ਆਉਂਦੀ ਉਹ ਇਹ ਹੈ ਕਿ ਉਸ ਦੇ ਮੁਨਸਿਫਾਂ ਨੇ ਮਾਰੇ ਜਾਣ ਵਾਲੇ ਕਾਮਰੇਡਾਂ ਨੂੰ ਪਹਿਲਾਂ ਸ਼ਰੇਆਮ ਆਪਣੇ ਆਪ ਨੂੰ ਕੁੱਤੇ ਬੰਦੇ ਕਹਿਣ ਲਈ ਮਜਬੂਰ ਕੀਤਾ ਅਤੇ ਫਿਰ ਕੁੱਤਿਆਂ ਵਾਂਗ ਉਨ੍ਹਾਂ ਨੂੰ ਗੋਲੀਆਂ ਮਰਵਾ ਦਿੱਤੀਆਂ।
ਬੱਲ ਕਹਿ ਰਿਹਾ ਸੀ ਕਿ ਕਾਮਨੇਵ ਵਰਗੇ ਸੀਨੀਅਰ ਆਗੂ ਨੂੰ ਪਾਰਟੀ ਦੀ ਹਾਈ ਕਮਾਂਡ ਅੱਗੇ ਆਪਣੇ ਆਪ ਨੂੰ ‘ਕੁੱਤਾ ਬੰਦਾ’ ਮੰਨ ਲੈਣ ਲਈ ਲਾਲਚ ਇਹ ਦਿੱਤਾ ਗਿਆ ਕਿ ਉਸ ਦੇ ਅਜਿਹੇ ਇਕਬਾਲ ਨਾਲ ਇਨਕਲਾਬ ਦਾ ਕਾਜ ਅੱਗੇ ਵਧੇਗਾ ਅਤੇ ਘੱਟੋ-ਘੱਟ ਉਸ ਦੇ ਪੁੱਤਰ ਕੁੱਤਿਆਂ ਦੀ ਮੌਤ ਮਾਰੇ ਜਾਣ ਤੋਂ ਬਚ ਜਾਣਗੇ। ਬੇਸ਼ਰਮੀ ਅਤੇ ਲਾਹਣਤ ਦੀ ਹੱਦ ਇਹ ਸੀ ਕਿ ਕਾਮਨੇਵ ਦੇ ਲੜਕੇ ਤਾਂ ਜਲਦੀ ਪਿੱਛੋਂ ਹੀ ਰਗੜ ਦਿੱਤੇ ਗਏ। 1953 ਵਿਚ ਖੁਦ ਮਰਨ ਤੋਂ ਪਹਿਲਾਂ ਸਟਾਲਿਨ ਨੇ ਕਾਮਨੇਵ ਦੇ ਪੋਤਰਿਆਂ ਨੂੰ ਵੀ ਮਰਵਾ ਦਿੱਤਾ। ਸਟਾਲਿਨ ਦੇ ਸਮਕਾਲੀ ਹਿਟਲਰ ਨੇ ਲੱਖਾਂ ਯਹੂਦੀਆਂ ਨੂੰ ਗੈਸ ਕੈਪਾਂ ਵਿਚ ਬੇਰਹਿਮੀ ਨਾਲ ਮਰਵਾਇਆ ਸੀ। ਪ੍ਰੰਤੂ ਉਸ ਨੂੰ ਆਪਣੇ ਜਰਨੈਲ ਰੋਮੇਲ ਦੀ ਵਫਾਦਾਰੀ ‘ਤੇ ਜਦੋਂ ਸ਼ੱਕ ਹੋਇਆ ਤਾਂ ਉਸ ਨੂੰ ਜ਼ਹਿਰ ਪੀ ਕੇ ਮਰਨ ਲਈ ਮਜਬੂਰ ਤਾਂ ਕੀਤਾ ਸੀ ਪਰ ਉਸ ਦੇ ਆਤਮ ਸਨਮਾਨ ਜਾਂ ਉਸ ਦੇ ਪਰਿਵਾਰ ਨੂੰ ਕੋਈ ਆਂਚ ਨਹੀਂ ਆਈ ਸੀ।
ਮਾਮਾ ਜੀ ਜੋ ਬੱਲ ਨੂੰ ਮਿਲ ਕੇ ਪਹਿਲਾਂ ਬੜੇ ਖੁਸ਼ ਹੋਏ ਸਨ-ਅਜਿਹੀਆਂ ਕਹਾਣੀਆਂ ਸੁਣ ਕੇ ਉਦਾਸ ਹੋ ਗਏ ਅਤੇ ਚੁਪ ਹੀ ਹੋ ਗਏ। ਜਸਪ੍ਰੀਤ, ਜਿਸ ਨੂੰ ਕਿ ਆਪਣੇ ਮਾਮਾ ਜੀ ਨੂੰ ਬੱਲ ਨਾਲ ਮਿਲਾਉਣ ਦਾ ਚਾਅ ਚੜ੍ਹਿਆ ਹੋਇਆ ਸੀ, ਉਨ੍ਹਾਂ ਦੇ ਮਾਯੂਸ ਚਿਹਰੇ ਨੂੰ ਵੇਖ ਕੇ ਬੇਚੈਨ ਹੋ ਗਈ। ਉਸ ਨੇ ਬੱਲ ਨੂੰ ਇਸ ਕਿਸਮ ਦੀਆਂ ਉਦਾਸ ਕਰਨ ਵਾਲੀਆਂ ਗੱਲਾਂ ਕਰਨ ਤੋਂ ਪੂਰੇ ਜ਼ੋਰ ਨਾਲ ਰੋਕ ਦਿੱਤਾ।
ਜੂਨ 84 ਵਿਚ ਅਪਰੇਸ਼ਨ ਬਲਿਊ ਸਟਾਰ ਹੋਇਆ ਤਾਂ ਕਰਫਿਊ ਕਰਕੇ ਪੰਜਾਬ ਤੇ ਚੰਡੀਗੜ੍ਹ ਦੇ ਹੋਰ ਦਫਤਰਾਂ ਵਾਂਗ ਟ੍ਰਿਬਿਊਨ ਦਫਤਰ ਵੀ ਤਿੰਨ ਦਿਨ ਬੰਦ ਰਿਹਾ। ਪੰਜਾਬੀ ਟ੍ਰਿਬਿਊਨ ਦੇ ਸਟਾਫ ਵਿਚੋਂ ਬਹੁਤਿਆਂ ਦਾ ਪਿਛੋਕੜ ਬੇਸ਼ਕ ਖੱਬੇਪਖੀ ਸੀ ਪਰੰਤੂ ਇਸ ਘਟਨਾ ਨੇ ਸਭਨਾਂ ਦੇ ਚਿਹਰਿਆਂ ‘ਤੇ ਹੀ ਇਕ ਅਜੀਬ ਉਦਾਸੀ ਲੈ ਆਂਦੀ ਸੀ। ਕਰਫਿਊ ਖਤਮ ਹੋਣ ਤੋਂ ਬਾਅਦ ਸਟਾਫ ਦੇ ਕਰੀਬ ਸਾਰੇ ਮੈਂਬਰ ਹੀ ਸੰਪਾਦਕ ਬਰਜਿੰਦਰ ਸਿੰਘ ਦੇ ਘਰ ਇਕੱਠੇ ਹੋਏ। ਉਦਾਸ ਚਿਹਰਿਆਂ ਨਾਲ ਵਿਸ਼ੇਸ਼ ਸਪਲੀਮੈਂਟ ਕੱਢਣ ਦਾ ਫੈਸਲਾ ਹੋਇਆ। ਦਫਤਰ ਪਹੁੰਚੇ ਤਾਂ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਚਿਹਰਿਆਂ ‘ਤੇ ਇਕ ਖਾਸ ਕਿਸਮ ਦੀ ਤਸੱਲੀ ਸਹਿਜੇ ਹੀ ਦੇਖੀ ਜਾ ਸਕਦੀ ਸੀ, ਜਦੋਂਕਿ ਪੰਜਾਬੀ ਟ੍ਰਿਬਿਊਨ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਾਜਨੀਤੀ ਨਾਲ ਅਸਹਿਮਤੀ ਰਖਣ ਵਾਲੇ ਸਟਾਫ ਦੇ ਚਿਹਰਿਆਂ ਉਪਰ ਵੀ ਦਰਦ ਤੱਕਿਆ ਜਾ ਸਕਦਾ ਸੀ।
ਇਸ ਵਰਤਾਰੇ ਤੋਂ ਦੋ ਕੁ ਮਹੀਨੇ ਬਾਅਦ ਹੀ ਅਜੀਤ ਅਖਬਾਰ ਦੇ ਮੁਖ ਸੰਪਾਦਕ ਸ਼ ਸਾਧੂ ਸਿੰਘ ਹਮਦਰਦ ਚਲਾਣਾ ਕਰ ਗਏ ਅਤੇ ਸੰਪਾਦਕ ਸ਼ ਬਰਜਿੰਦਰ ਸਿੰਘ ਨੂੰ ਪੰਜਾਬੀ ਟ੍ਰਿਬਿਊਨ ਛਡ ਕੇ ਅਜੀਤ ਦੀ ਸੰਪਾਦਕੀ ਸੰਭਾਲਣੀ ਪਈ। ਉਨ੍ਹਾਂ ਦੀ ਥਾਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ਼ ਗੁਲਜ਼ਾਰ ਸਿੰਘ ਸੰਧੂ ਬਣੇ। ਸਾਲ 1985 ‘ਚ ਪੰਜਾਬੀ ਟ੍ਰਿਬਿਊਨ ਵਿਚ ਸਟਾਫ ਰਿਪੋਰਟਰ ਦੀ ਇਕ ਅਸਾਮੀ ਨਿਕਲੀ। ਟ੍ਰਿਬਿਊਨ ਅਦਾਰੇ ਵਿਚ ਇਸ ਸਮੇਂ ਤੱਕ ਮੁਲਾਜ਼ਮ ਯੂਨੀਅਨ ਦੀ ਪੂਰੀ ਤੂਤੀ ਵੱਜੀ ਹੋਈ ਸੀ ਅਤੇ ਜਨਰਲ ਸੈਕਟਰੀ ਪੰਡਿਤ ਮੋਹਣ ਲਾਲ ‘ਮਾਫੀਆ ਡੌਨ’ ਦੀ ਭੂਮਿਕਾ ਨਿਭਾ ਰਿਹਾ ਸੀ। ਸਟਾਫ ਰਿਪੋਰਟਰ ਦੀ ਪੋਸਟ ਬਹੁਤ ਹੀ ਲੁਭਾਉਣੀ ਸੀ। ਧੜੇਬੰਦੀ ਪੂਰੇ ਸਿਖਰ ‘ਤੇ ਸੀ। ਸਾਡੇ ਧੜੇ ਵੱਲੋਂ ਦਲਜੀਤ ਸਰਾਂ ਅਤੇ ਦੂਸਰੇ ਧੜੇ ਵੱਲੋਂ ਜਗਤਾਰ ਸਿੰਘ ਸਿੱਧੂ ਇਸ ਪੋਸਟ ਲਈ ਦਾਅਵੇਦਾਰ ਸਨ। ਸੰਪਾਦਕ ਸੰਧੂ ਸਾਹਿਬ ਦਾ ਮਨ ਦਲਜੀਤ ਸਰਾਂ ਦੇ ਪੱਖ ਵਿਚ ਸੀ। ਪ੍ਰੰਤੂ ਪੰਡਿਤ ਮੋਹਣ ਲਾਲ ਹਰ ਹਾਲ ਵਿਚ ਸਟਾਫ ਰਿਪੋਰਟਰੀ ਦਾ ਮੁਕਟ ਜਗਤਾਰ ਸਿੰਘ ਸਿੱਧੂ ਦੇ ਸਿਰ ‘ਤੇ ਟਿਕਾਉਣ ਲਈ ਤੁਲਿਆ ਹੋਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੇ ਇਤਿਹਾਸ ਅੰਦਰ ਇਹ ਬੜਾ ਹੀ ਦਿਲਚਸਪ ਭੇੜ ਸੀ। ਗੁਲਜ਼ਾਰ ਸਿੰਘ ਸੰਧੂ ਤਬੀਅਤਨ ਬੜੇ ਹੀ ਨਰਮ ਦਿਲ ਇਨਸਾਨ ਸਨ। ਉਹ ਪਿੱਛੋਂ ਖੁਦ ਕਹਿੰਦੇ ਰਹੇ ਸਨ ਕਿ ਉਨ੍ਹਾਂ ਨੇ ਉਸ ਸਮੇਂ ਤੱਕ ਜ਼ਿੰਦਗੀ ਵਿਚ ਕਦੇ ਅਜਿਹੀ ਭੈੜੀ ਕਸ਼ਮਕਸ਼ ਦਾ ਸਾਹਮਣਾ ਨਹੀਂ ਕੀਤਾ ਸੀ। ਅਦਾਰੇ ਵਿਚ ਉਸ ਸਮੇਂ ਤੱਕ ਸਬ ਐਡੀਟਰਾਂ ਦੀਆਂ ਇਕ ਨਹੀਂ ਬਲਕਿ ਦੋ ਅਸਾਮੀਆਂ ਖਾਲੀ ਸਨ ਜਿਨ੍ਹਾਂ ਨੂੰ ਭਰਨ ਤੋਂ ਮੈਨੇਜਮੈਂਟ ਖਾਹ-ਖਮਾਹ ਅੜਿੱਕੇ ਅਟਕਾ ਰਹੀ ਸੀ। ਸਬ ਐਡੀਟਰ ਦੀ ਅਸਾਮੀ ਦਾ ਗਰੇਡ ਸਟਾਫ ਰਿਪੋਰਟਰ ਵਾਲਾ ਹੀ ਸੀ। ਸੰਧੂ ਸਾਹਿਬ ਨੇ ਧਰਮ ਸੰਕਟ ਤੋਂ ਬਚਣ ਦਾ ਸੁਖਾਲਾ ਰਾਹ ਕੱਢਦਿਆਂ ਜਨਰਲ ਮੈਨੇਜਰ ਭਾਂਬਰੀ ਨੂੰ ਦਲਜੀਤ ਸਰਾਂ ਅਤੇ ਸਿੱਧੂ-ਦੋਵਾਂ ਨੂੰ ਹੀ ਸਟਾਫ ਰਿਪੋਰਟਰ ਬਣਾ ਦੇਣ ਲਈ ਆਖ ਦਿੱਤਾ। ਬੇਲੋੜੇ ਤਣਾਓ ਤੋਂ ਬਚਣ ਦਾ ਇਸ ਤੋਂ ਚੰਗਾ ਰਸਤਾ ਵੀ ਹੋਰ ਕੋਈ ਨਹੀਂ ਸੀ। ਪ੍ਰੰਤੂ ਮੁਲਾਜਮ ਯੂਨੀਅਨ ਦੇ ਬੌਸ ਮੋਹਣ ਲਾਲ ਦੀ ਹਿੰਡ ਦਾ ਸਵਾਲ ਸੀ। ਉਸ ਨੇ ਜਨਰਲ ਮੈਨੇਜਰ ਐਸ ਡੀ ਭਾਂਬਰੀ ਨੂੰ ਵੀ ਦਬਾਇਆ ਹੋਇਆ ਸੀ ਕਿ ਸਟਾਫ ਰਿਪੋਰਟਰ ਇੱਕੋ ਹੀ ਅਤੇ ਉਹ ਵੀ ਉਸ ਦੀ ਮਰਜੀ ਅਨੁਸਾਰ ਜਗਤਾਰ ਸਿੱਧੂ ਹੀ ਬਣੇਗਾ।
ਸੰਪਾਦਕ ਨੇ ਪਹਿਲਾ ਦਾਅ ਚਲਦਾ ਨਾ ਵੇਖਦਿਆਂ ਦੂਸਰਾ ਦਾਅ ਇਹ ਚਲਾਇਆ ਕਿ ਦੋਵਾਂ ਉਮੀਦਵਾਰਾਂ ਨੂੰ ਮਹੀਨੇ ਭਰ ਲਈ ਆਪੋ-ਆਪਣੀ ਸਮੱਰਥਾ ਦਿਖਾਉਣ ਵਾਸਤੇ ਫੀਲਡ ਵਿਚ ਧੱਕ ਦਿੱਤਾ। ਪ੍ਰੰਤੂ ਦੋਵਾਂ ਵਿਚੋਂ ਇੱਕ ਦੀ ਚੋਣ ਦਾ ਮਸਲਾ ਫਿਰ ਉਵੇਂ ਜਿਵੇਂ ਹੀ ਖੜਾ ਰਿਹਾ। ਇੱਕ ਮਹੀਨਾ ਤਾਂ ਕੀ ਪੂਰੇ ਛੇ ਮਹੀਨੇ ਦਗੜ-ਦਗੜ ਹੁੰਦੀ ਰਹੀ। ਦੋਵਾਂ ਉਮੀਦਵਾਰਾਂ ਦਾ ਜੋਰ ਤਾਂ ਲੱਗਣਾ ਹੀ ਸੀ ਇਕ ਪਾਸੇ ਕਰਮਜੀਤ ਸਿੰਘ ਅਤੇ ਦੂਜੇ ਪਾਸੇ ਸ਼ਾਮ ਸਿੰਘ ਦੀ ਅਗਵਾਈ ਹੇਠ ਦੋਵਾਂ ਧੜਿਆਂ ਦੇ ਸਮਰੱਥਕ ਵੀ ਖਫਾ ਖੂਨ ਹੋਏ ਰਹੇ। ਸੰਧੂ ਸਾਹਿਬ ਦੇ ਇਸ ਪੈਂਤੜੇ ਅੱਗੇ ਮੋਹਣ ਲਾਲ ਜਲਦੀ ਹੀ ਕਾਹਲਾ ਪੈਣ ਲੱਗਾ ਅਤੇ ਉਸ ਦੇ ਦਾਬੇ ਹੇਠ ਜਨਰਲ ਮੈਨੇਜਰ ਨੇ ਸੰਪਾਦਕ ਸੰਧੂ ਸਾਹਿਬ ਉਤੇ ਹੋਰ ਦਬਾਓ ਪਾਉਣਾ ਸ਼ੁਰੂ ਕਰ ਦਿੱਤਾ।
ਹੁਣ ਸੰਧੂ ਸਾਹਿਬ ਨੇ ਹਾਰ ਕੇ ਜਨਰਲ ਮੈਨੇਜਰ ਜਾਂ ਮੈਨੇਜਮੈਂਟ ਨੂੰ ਕਿਸੇ ਵੀ ਗਲਤ ਠੀਕ ਆਧਾਰ ‘ਤੇ ਦੋਵਾਂ ਦੀ ਸੀਨੀਆਰਟੀ ਤੈਅ ਕਰਕੇ ਸੀਨੀਅਰ ਮਿਥੇ ਗਏ ਉਮੀਦਵਾਰ ਨੂੰ ਸਟਾਫ ਰਿਪੋਰਟਰੀ ਦੀ ਬਖਸ਼ਿਸ਼ ਕਰ ਦੇਣ ਲਈ ਲਿਖਤੀ ਸਿਫਾਰਸ਼ ਕਰ ਦਿੱਤੀ। ਮੋਹਣ ਲਾਲ ਇਸੇ ਹੀ ਦਾਅ ‘ਤੇ ਸੀ। ਜਗਤਾਰ ਸਿੰਘ ਸਿੱਧੂ ਸਰਟੀਫੀਕੇਟ ‘ਤੇ ਲਿਖੀ ਉਮਰ ਦੇ ਹਿਸਾਬ ਦਲਜੀਤ ਨਾਲੋਂ 5-7 ਦਿਨ ਵੱਡਾ ਸੀ। ਇਹ ਪਤਾ ਲੱਗਦਿਆਂ ਹੀ ਅਗਲਿਆਂ ਨੇ ਜਗਤਾਰ ਸਿੱਧੂ ਦਾ ਨਾਂ ਉਪਰ ਤੇ ਦਲਜੀਤ ਦਾ ਨਾਂ ਹੇਠਾਂ ਲਿਖ ਕੇ ਸੀਨੀਆਰਟੀ ਵਾਲਾ ਫਰਲਾ ਸੰਪਾਦਕ ਦੇ ਮੇਜ ‘ਤੇ ਲਿਆ ਟਿਕਾਇਆ। ਇਹ ਪਹਿਲੀ ਜਨਵਰੀ 1986 ਦੀ ਗੱਲ ਹੈ।
ਪਰ ਮਸਲੇ ਦਾ ਹੱਲ ਇਨੀ ਅਸਾਨੀ ਨਾਲ ਅਜੇ ਵੀ ਹੋਣ ਵਾਲਾ ਨਹੀਂ ਸੀ। ਜੇਕਰ ਮੋਹਣ ਲਾਲ ਜਗਤਾਰ ਦੇ ਹੱਕ ਵਿਚ ਚਟਾਨ ਵਾਂਗ ਖੜ੍ਹਾ ਸੀ ਤਾਂ ਭਾਅ ਜੀ ਕਰਮਜੀਤ ਅਤੇ ਗੁਰਦਿਆਲ ਬੱਲ ਨੇ ਵੀ ਦਲਜੀਤ ਦੇ ਹੱਕ ਵਿਚ ਸਿਰ ਧੜ ਦੀਆਂ ਬਾਜੀਆਂ ਲਾਈਆਂ ਹੋਈਆਂ ਸਨ। ਬੱਲ, ਦਲਜੀਤ ਅਤੇ ਜਗਤਾਰ-ਦੋਵਾਂ ਨਾਲੋਂ ਹੀ ਉਮਰ ਵਿਚ ਦੋ-ਤਿੰਨ ਸਾਲ ਵੱਡਾ ਸੀ। ਮੈਨੂੰ ਯਾਦ ਹੈ, ਰਾਤ ਦੀ ਡਿਊਟੀ ‘ਤੇ ਮੈਂ ਵੀ ਉਸ ਦਿਨ ਬੱਲ ਦੇ ਨਾਲ ਸਾਂ। ਬੱਲ ਨੂੰ ਉਸ ਦਿਨ ਵਾਂਗ ਬੇਬਸ ਅਤੇ ਪ੍ਰੇਸ਼ਾਨ ਸ਼ਾਇਦ ਹੀ ਕਦੀ ਕਿਸੇ ਨੇ ਵੇਖਿਆ ਹੋਵੇ। ਅਗਲੇ ਦਿਨ ਹੀ ਟ੍ਰਿਬਿਊਨ ਦੇ ਟਰੱਸਟੀਆਂ ਦੀ ਦੋਮਾਹੀ ਮੀਟਿੰਗ ਵਿਚ ਜਗਤਾਰ ਸਿੱਧੂ ਦੀ ਚੋਣ ਉਪਰ ਵੀ ਪੱਕੀ ਮੋਹਰ ਲੱਗ ਜਾਣੀ ਸੀ। ਬੱਲ ਨੂੰ ਇਹ ਪਤਾ ਸੀ ਤੇ ਉਹ ਦਫਤਰੋਂ ਸਿੱਧਾ ਕਰਮਜੀਤ ਭਾਅ ਜੀ ਵਲ ਚਲਾ ਗਿਆ। ਸਾਰੀ ਰਾਤ ਸੋਚ ਸੋਚ ਕੇ ਦੋਵਾਂ ਨੇ ਬੱਲ ਦੀ ਤਰਫੋਂ ਟ੍ਰਿਬਿਊਨ ਟਰੱਸਟ ਦੇ ਉਸ ਸਮੇਂ ਦੇ ਚੇਅਰਮੈਨ ਜਨਰਲ ਪੀæ ਐਸ਼ ਗਿਆਨੀ ਅੱਗੇ ਪੇਸ਼ ਕਰਨ ਲਈ ਇਕ ਦਰਖਾਸਤ ਤਿਆਰ ਕੀਤੀ। ਉਸ ਪੱਤਰ ਦੀ ਨਕਲ ਅੱਜ ਤੱਕ ਮੇਰੇ ਕੋਲ ਸਾਂਭੀ ਪਈ ਹੈ।
ਟਰੱਸਟੀਆਂ ਦੀ ਮੀਟਿੰਗ ਸਵੇਰੇ 10 ਵਜੇ ਸੀ। ਉਸ ਤੋਂ ਪਹਿਲਾਂ ਪਹਿਲਾਂ ਅਜਿਹਾ ਰਸੂਖ ਵਾਲਾ ਆਦਮੀ ਲੱਭਣਾ ਵੀ ਜਰੂਰੀ ਸੀ ਜੋ ਚੇਅਰਮੈਨ ਨੂੰ ਦਰਖਾਸਤ ਪੜ੍ਹਨ ਲਈ ਰਜ਼ਾਮੰਦ ਕਰ ਸਕੇ। ਦੋਵਾਂ ‘ਮੁਹਿੰਮਬਾਜਾਂ’ ਨੇ ਸਵੇਰੇ 7 ਵਜੇ ਤੋਂ ਪਹਿਲਾਂ ਪਹਿਲਾਂ ਅਰਜ਼ੀ ਟਾਈਪ ਕਰਵਾਈ ਅਤੇ ਉਸੇ ਵਕਤ ਜਸਮਹਿੰਦਰ ਸਿੰਘ ਮਿੱਕੀ ਦੇ ਹਵਾਲੇ ਜਾ ਕੀਤੀ। ਇਹ ਮਿੱਕੀ ਸਾਲ 1971-72 ‘ਚ ਡੇਹਰਾਦੂਨ ਡੀæ ਏæ ਵੀæ ਕਾਲਜ ‘ਚ ਵਿਦਿਆਰਥੀ ਯੂਨੀਅਨ ਦਾ ਬੜਾ ਜਬ੍ਹੇ ਵਾਲਾ ਪ੍ਰਧਾਨ ਸੀ ਅਤੇ ਬੱਲ ਦਾ ਉਸ ਨਾਲ ਉਨ੍ਹਾਂ ਦਿਨਾਂ ਤੋ ਹੀ ਨੇੜ ਸੀ। ਮਿੱਕੀ ਦੂਨ ਸਕੂਲ ਵਿਚ ਸੰਜੇ ਗਾਂਧੀ ਹੋਰਾਂ ਦੇ ਨਾਲ-ਨਾਲ ਜਨਰਲ ਪੀæਐਸ਼ ਗਿਆਨੀ ਦੇ ਦਾਮਾਦ ਮਮਿਕ ਸਾਹਿਬ ਨਾਲ ਵੀ ਪੜ੍ਹਿਆ ਹੋਇਆ ਸੀ। ਕਰਮਜੀਤ ਭਾਅ ਜੀ ਅਤੇ ਬਲ ਨੇ ਅਰਜ਼ੀ ਟਰਸਟੀ ਪੀæਐਸ਼ ਗਿਆਨੀ ਤੱਕ ਪਹੁੰਚਾਉਣ ਲਈ ਸਵੇਰੇ 8 ਵਜੇ ਤੱਕ ਮਮਿਕ ਸਾਹਿਬ ਦੀ ਕੋਠੀ ਉਸ ਦੇ ਹਵਾਲੇ ਜਾ ਕੀਤੀ।
ਬਲ ਨੇ ਅਰਜ਼ੀ ਰਾਹੀਂ ਇਹ ਦਾਅਵਾ ਜਤਾ ਦਿੱਤਾ ਸੀ ਕਿ ਜੇ ਸਟਾਫ ਰਿਪੋਰਟਰੀ ਦੀ ਯੋਗਤਾ ਉਮਰ ਹੈ, ਤਾਂ ਫਿਰ ਉਹ ਦੋਹਾਂ ਉਮੀਦਵਾਰਾਂ ਨਾਲੋਂ ਵੱਡਾ ਸੀ ਤੇ ਉਸ ਦਾ ਵੀ ਦਾਅਵਾ ਬਣਦਾ ਸੀ। ਇਸ ਤਰ੍ਹਾਂ ਜਗਤਾਰ ਸਿੱਧੂ ਦੇ ਮੂੰਹ ਵਿਚ ਸਟਾਫ ਰਿਪੋਰਟਰੀ ਦਾ ਲੱਡੂ ਡਿੱਗਦਾ-ਡਿੱਗਦਾ ਰਹਿ ਗਿਆ। ਪ੍ਰੰਤੂ ਪੰਡਤ ਮੋਹਣ ਲਾਲ ਵੀ ਹਾਰ ਮੰਨਣ ਵਾਲਾ ਨਹੀਂ ਸੀ। ਇਸ ਸਟੇਜ ‘ਤੇ ਉਸ ਨੇ ਜਨਰਲ ਮੈਨੇਜਰ ਦੇ ਰਾਹੀਂ ‘ਟ੍ਰਿਬਿਊਨ’ ਗਰੁਪ ਦੇ ਮੁਖ ਸੰਪਾਦਕ ਪ੍ਰੇਮ ਭਾਟੀਏ ਨੂੰ ਵੀ ਧਿਰ ਬਣਾ ਲਿਆ। ਹਫਤਾ ਕੁ ਬਾਅਦ ਉਨ੍ਹਾਂ ਨੇ ਇੰਟਰਵਿਊ ਦੇ ‘ਨਾਟਕ’ ਲਈ ਤਰੀਕ ਫਿਕਸ ਕਰਵਾ ਦਿੱਤੀ। ਪ੍ਰੇਮ ਭਾਟੀਏ ਨੇ ਦੋਵਾਂ ਉਮੀਦਵਾਰਾਂ ਦੀ ‘ਯੋਗਤਾ’ ਨੂੰ ਪਰਖਿਆ ਅਤੇ ਮੋਹਣ ਲਾਲ ਦੇ ਉਮੀਦਵਾਰ ਦੇ ਹੱਕ ਵਿਚ ਫੈਸਲਾ ਸੁਣਾ ਦਿੱਤਾ।
ਬੱਲ ਪਿਛਲੇ ਸਾਲ ਜਦੋਂ ਮੇਰੇ ਕੋਲ ਆਇਆ ਤਾਂ ਇਹ ਗੱਲ ਚਲਣ ‘ਤੇ ਮੈਂ ਹਾਸੇ ‘ਚ ਕਿਹਾ, ਦਲਜੀਤ ਅਤੇ ਜਗਤਾਰ ‘ਚੋਂ ਜੇਕਰ ਨੌਗਾ ਜਗਤਾਰ ਦੇ ਹੱਕ ਵਿਚ ਪੈ ਹੀ ਗਿਆ ਤਾਂ ਐਡੀ ਵੀ ਕੀ ਗੱਲ ਸੀ? ਪਰ ਉਹ ਇਸ ਗੱਲ ‘ਤੇ ਬਜਿਦ ਸੀ ਕਿ ਜਗਤਾਰ ਦੇ ਮੁਕਾਬਲੇ ਦਲਜੀਤ ਹਰ ਪੱਖ ਤੋਂ ਬੇਹਤਰ ਸੀ। ਇਨਸਾਨੀ ਪੱਖ ਤੋਂ, ਭਾਸ਼ਾ ਦੇ ਸੰਜਮ ਤੇ ਸ਼ਬਦਾਂ ਦੇ ਸੰਗੀਤ ਦੀ ਸਮਝ ਦੇ ਪੱਖੋਂ, ਰਾਜਨੀਤਿਕ ਅਤੇ ਸਮਾਜਿਕ ਸੋਝੀ ਪੱਖੋਂ, ਜ਼ਿੰਦਗੀ ਦੇ ਬੁਨਿਆਦੀ ਮੁੱਲਾਂ ਪ੍ਰਤੀ ਸੰਵੇਦਨਾ ਦੇ ਪੱਖੋਂ-ਗੱਲ ਕੀ ਸਾਰੇ ਹੀ ਪੱਖਾਂ ਤੋਂ ਜਗਤਾਰ ਦੇ ਮੁਕਾਬਲੇ ਦਲਜੀਤ ਨਿਸ਼ਚੇ ਹੀ ਸਹੀ ਸੀ। ਦਲਜੀਤ ਵਿਚ ਸੰਗ ਸੀ, ਸ਼ਰਮ ਸੀ, ਸਨੇਹ ਦੀ ਸਮਰੱਥਾ ਸੀ। ਫਿਰ ਕਹਿਣ ਲੱਗਾ, ਇਸ ਦੇ ਉਲਟ ਜਗਤਾਰ ਸਿੱਧੂ ਦਿਨਾਂ ਵਿਚ ਹੀ ਅਜਿਹੀਆਂ ਸਾਰੀਆਂ ਕਦਰਾਂ ਨੂੰ ਛੱਡ ਕੇ ਮਿੰਨਾ ਸਿਆਸਤਦਾਨ ਬਣ ਗਿਆ ਹੋਇਆ ਸੀ।
ਇਹ ਕਥਾ ਮੈਂ ਇਸ ਕਰਕੇ ਛੋਹੀ ਸੀ ਕਿ ਪਾਠਕ ਅੰਦਾਜ਼ਾ ਲਾ ਸਕਣ ਕਿ ਹੱਕ ਹਕੂਕ ਦੀ ਰਾਖੀ ਦੇ ਨਾਂ ‘ਤੇ ਲੰਮੀ ਜੱਦੋ-ਜਹਿਦ ਤੋਂ ਬਣੇ ਕਿਸੇ ਸੰਗਠਨ ਦੀ ਵਾਗਡੋਰ ਗਲਤ ਕਿਸਮ ਦੇ ਲੋਕਾਂ ਦੇ ਹੱਥਾਂ ਵਿਚ ਆ ਜਾਣ ‘ਤੇ ਅਕਸਰ ਹੀ ਕਿਸ ਕਿਸਮ ਦੇ ਭਾਣੇ ਵਾਪਰ ਜਾਂਦੇ ਹਨ? ਟ੍ਰਿਬਿਊਨ ਅਦਾਰੇ ਵਿਚ ਜਨਰਲ ਮੈਨੇਜਰ ਰੁਲੀਆ ਰਾਮ ਸ਼ਰਮਾ ਦੀ ਸਾਲਾਂ ਬੱਧੀ ਪੂਰੀ ਦਹਿਸ਼ਤ ਬਣੀ ਰਹੀ ਸੀ ਪ੍ਰੰਤੂ ਯੂਨੀਅਨ ਬਣਦਿਆਂ ਹੀ ਮੋਹਣ ਲਾਲ ‘ਕਲਰਕ’ ਨੇ ਆਪਣੇ ਨਾਲ ਅਸਹਿਮਤੀ ਰੱਖਣ ਵਾਲਿਆਂ ਦੇ ਅਜਿਹੇ ਕੜਿੱਲ ਕੱਢੇ ਕਿ ਰੁਲੀਆ ਰਾਮ ਦੀ ਦਹਿਸ਼ਤ ਦਿਨਾਂ ਵਿਚ ਹੀ ਭੁਲ ਗਈ। ਜਾਬਰ ਕਿਸਮ ਦੇ ਜਨਰਲ ਸਕੱਤਰ ਦੇ ਹੁੰਦਿਆਂ ਪਰੂਫ ਰੀਡਰ ਵਾਲੇ ‘ਪਿੰਜਰੇ’ ਵਿਚੋਂ ਮੁਕਤ ਹੋ ਸਕਣ ਦੀ ਮੇਰੀ ਹਸਰਤ ਹੋਰ ਵੀ ਕਠਿਨ ਹੋ ਗਈ।
Leave a Reply