ਬਲਜੀਤ ਬਾਸੀ
ਬਿੱਜੜਾ ਇਕ ਕਮਾਲ ਦਾ ਕਾਰੀਗਰ ਪੰਛੀ ਹੈ। ਅਫਸੋਸ ਕਿ ਕਥਿਤ ਹਰੀ ਕ੍ਰਾਂਤੀ ਕਾਰਨ ਅੱਜ ਪੰਜਾਬ ਦੀ ਧਰਤੀ ਤੇ ਉਹ ਦਰਖਤ ਨਹੀਂ ਜਿਨ੍ਹਾਂ ‘ਤੇ ਬਿੱਜੜੇ ਆਲ੍ਹਣੇ ਲਟਕਾਇਆ ਕਰਦੇ ਸਨ। ਕੋਈ ਵੇਲਾ ਸੀ ਪਿੰਡਾਂ ਦੇ ਬਾਹਰਵਾਰ ਕਿੱਕਰਾਂ ਆਦਿ ਤੇ ਬੇਸ਼ੁਮਾਰ ਬਿੱਜੜੇ ਦੇਖੇ ਜਾ ਸਕਦੇ ਸਨ। ਅੱਜ ਤਾਂ ਇਹ ਨਿਮਾਣੇ ਪੰਛੀ ਕਦੇ ਕਦਾਈਂ ਬਿਜਲੀ ਦੇ ਖੰਬਿਆਂ ‘ਤੇ ਵੀ ਆਪਣੇ ਆਲ੍ਹਣੇ ਪਾਉਣ ਲਈ ਮਜਬੂਰ ਹਨ। ਦੁਨੀਆਂ ਭਰ ਵਿਚ ਬਿੱਜੜਾ ਪੰਛੀ ਦੀਆਂ ਸੈਂਕੜੇ ਪ੍ਰਜਾਤੀਆਂ ਹਨ। ਬਿੱਜੜੇ ਆਪਣੇ ਗੁਲਾਈਦਾਰ ਬੋਤਲ ਜਿਹੇ ਆਲ੍ਹਣਿਆਂ ਕਰਕੇ ਸਾਡਾ ਧਿਆਨ ਖਿਚਦੇ ਹਨ। ਇਨ੍ਹਾਂ ਆਲ੍ਹਣਿਆਂ ਦੇ ਅੰਦਰ ਤਾਂ ਸਮਝੋ ਸੁਰੰਗਾਂ ਹੀ ਵਿਛਾਈਆਂ ਹੁੰਦੀਆਂ ਹਨ। ਪੰਜਾਬੀ ਵਿਚ ਇਨ੍ਹਾਂ ਆਲ੍ਹਣਿਆਂ ਲਈ ਵੀ ਬਿੱਜੜਾ ਸ਼ਬਦ ਹੀ ਹੈ। ਪਰ ਇਸ ਲੇਖ ਵਿਚ ਅਸੀਂ ਆਮ ਤੌਰ ‘ਤੇ ਬਿੱਜੜਾ ਸ਼ਬਦ ਇਸ ਵਿਸ਼ੇਸ਼ ਪੰਛੀ ਲਈ ਹੀ ਵਰਤਾਂਗੇ। ਅਫਰੀਕਾ ਦੇ ਕਈ ਬਿੱਜੜਿਆਂ ਦੇ ਆਲ੍ਹਣਿਆਂ ਅੰਦਰ ਤਾਂ ਕਈ ਕਈ ਕਈ ਮੰਜ਼ਿਲਾਂ ਵਾਲੇ ਘਰ ਹੁੰਦੇ ਹਨ। ਸ਼ਾਇਦ ਇਨ੍ਹਾਂ ਦੀ ਗਿਣਤੀ ਸੌ ਤੱਕ ਵੀ ਅੱਪੜ ਜਾਂਦੀ ਹੈ। ਇਹ ਘਰ ਇਕ ਤਰ੍ਹਾਂ ਅਪਾਰਟਮੈਂਟ ਦੀ ਨਿਆਈਂ ਹੀ ਹੁੰਦੇ ਹਨ। ਕਈ ਦਰਖਤਾਂ ‘ਤੇ ਅਜਿਹੇ ਆਲ੍ਹਣਿਆਂ ਦੇ ਝੁੰਡਾਂ ਦੇ ਝੁੰਡ ਦਿਖਾਈ ਦਿੰਦੇ ਹਨ। ਕੁਝ ਬਿੱਜੜੇ ਤਾਂ ਲੱਖਾਂ ਦੀ ਗਿਣਤੀ ਵਿਚ ਮੀਲਾਂ ਤੱਕ ਬਸਤੀਆਂ ਬਣਾ ਕੇ ਰਹਿੰਦੇ ਹਨ। ਇਸ ਸੂਰਤ ਵਿਚ ਇਹ ਖੇਤੀ ਦਾ ਖੂਬ ਨਾਸ ਕਰਦੇ ਹਨ। ਬਿੱਜੜੇ ਵਧੇਰੇ ਤੌਰ ‘ਤੇ ਕੀੜੇ-ਮਕੌੜੇ ਤੇ ਬੀਜ ਖਾਂਦੇ ਹਨ। ਇਹ ਆਮ ਤੌਰ ‘ਤੇ ਗਰਮ ਖੁਸ਼ਕ ਦੇਸ਼ਾਂ ਵਿਚ ਮਿਲਦੇ ਹਨ। ਇਹ ਕੰਡਿਆਲੇ ਦਰਖਤਾਂ ਅਤੇ ਪਾਣੀ ਦੇ ਕਿਨਾਰਿਆਂ ‘ਤੇ ਉਗੇ ਤਾੜ ਜਿਹੇ ਦਰਖਤਾਂ ‘ਤੇ ਆਪਣੇ ਆਲ੍ਹਣੇ ਬਣਾਉਣੇ ਪਸੰਦ ਕਰਦੇ ਹਨ। ਕੰਡਿਆਲੇ ਅਤੇ ਪਾਣੀ ਵਿਚ ਉਗੇ ਦਰਖਤਾਂ ‘ਤੇ ਬਣਾਏ ਆਲ੍ਹਣਿਆਂ ਤੱਕ ਸ਼ਿਕਾਰੀ ਪੰਛੀ, ਸੱਪ, ਕਿਰਲੀ ਆਦਿ ਛੇਤੀ ਕੀਤੇ ਪਹੁੰਚ ਨਹੀਂ ਸਕਦੇ ਇਸ ਲਈ ਇਨ੍ਹਾਂ ਦੇ ਆਂਡੇ ਅਤੇ ਚੂਚੇ ਮਹਿਫੂਜ਼ ਰਹਿੰਦੇ ਹਨ। ਆਲ੍ਹਣਾ ਬਣਾਉਣ ਦਾ ਕੰਮ ਨਰ ਬਿੱਜੜਾ ਹੀ ਕਰਦਾ ਹੈ। ਇਹ ਲੰਬੂਤਰਾ ਬੀਨ ਵਰਗਾ ਆਲ੍ਹਣਾ ਦਰਖਤ ਆਦਿ ਦੀ ਟਾਹਣੀ ਨਾਲ ਉਲਟਾ ਟੰਗਿਆ ਹੁੰਦਾ ਹੈ। ਹੇਠਲੇ ਪਾਸੇ ਪ੍ਰਵੇਸ਼-ਦੁਆਰ ਹੁੰਦਾ ਹੈ ਜੋ ਬਹੁਤ ਹੀ ਭੀੜਾ ਰੱਖਿਆ ਹੁੰਦਾ ਹੈ। ਅੰਦਰ ਘੁੰਮਣਘੇਰੀਆਂ ਹੁੰਦੀਆਂ ਹਨ। ਇਸ ਤਰ੍ਹਾਂ ਕਿਸੇ ਸ਼ਿਕਾਰੀ ਦਾ ਧੁਰ ਅੰਦਰ ਪਹੁੰਚਣਾ ਬਹੁਤ ਕਠਨ ਹੁੰਦਾ ਹੈ। ਕੋਈ ਹੌਸਲਾ ਕਰ ਹੀ ਲਵੇ ਤਾਂ ਅੰਦਰ ਵੜਦੇ ਵੜਦੇ ਹੀ ਦਮ ਘੁੱਟ ਕੇ ਮਰ ਜਾਂਦਾ ਹੈ। ਹਾਂ, ਕੁਝ ਕਿਸਮ ਦੇ ਬਿੱਜੜਿਆਂ ਦੇ ਆਲ੍ਹਣਿਆਂ ਦੇ ਪ੍ਰਵੇਸ਼ ਦੋ-ਦੋ ਫੁੱਟ ਵੀ ਹੁੰਦੇ ਹਨ ਤੇ ਕੁਝ ਦੋ ਪਾਸਿਆਂ ਤੋਂ ਵੀ ਖੁਲ੍ਹਦੇ ਹਨ।
ਨਰ ਬਿੱਜੜਾ ਆਪਣੇ ਆਲ੍ਹਣੇ ਨੂੰ ਮੁਕੰਮਲ ਕਰ ਲੈਣ ਪਿਛੋਂ ਆਪਣੇ ਖੰਭ ਫੜਫੜਾ ਕੇ ਮਦੀਨ ਬਿੱਜੜੇ ਦਾ ਧਿਆਨ ਖਿੱਚਦਾ ਹੈ। ਮਦੀਨ ਬਿੱਜੜਾ ਅੰਦਰ ਜਾ ਕੇ ਆਲ੍ਹਣੇ ਦੀ ਘੋਖ ਕਰਦੀ ਹੈ, ਖਾਸ ਤੌਰ ‘ਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ। ਜੇ ਪਸੰਦ ਆਵੇ ਤਾਂ ਠੀਕ, ਨਹੀਂ ਤਾਂ ਸਿਰ ਫੇਰ ਦਿੰਦੀ ਹੈ। ਹਿੰਦ ਮਹਾਂਦੀਪ ਅਤੇ ਦੱਖਣ ਪੂਰਬੀ ਏਸ਼ੀਆ ਦੇ ਬਿੱਜੜੇ ਘਰੇਲੂ ਚਿੜੀ ਵਰਗੇ ਹੀ ਹੁੰਦੇ ਹਨ, ਇਥੋਂ ਤੱਕ ਕਿ ਇਨ੍ਹਾਂ ਦੀ ਆਵਾਜ਼ ਵੀ ਚਿੜੀ ਵਾਂਗ ਚਿੜ ਚਿੜ ਜਿਹੀ ਹੀ ਹੁੰਦੀ ਹੈ। ਇਸ ਖਿੱਤੇ ਦੇ ਬਿਜੜਿਆਂ ਦੀ ਕਿਸਮ ਦਾ ਵਿਗਿਆਨਕ ਨਾਂ ਹੀ ਬਾਯਾ ਹੈ ਜੋ ਕਿ ਹਿੰਦੁਸਤਾਨੀ ਸ਼ਬਦ ਹੈ। ਇਸ ਸ਼ਬਦ ਦਾ ਬਿੱਜੜਾ ਸ਼ਬਦ ਨਾਲ ਸੁਜਾਤੀ ਸਬੰਧ ਹੈ।
ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬਿੱਜੜੇ ਆਪਣੇ ਆਲ੍ਹਣੇ ਵਿਚ ਗਾਰੇ ਨਾਲ ਜੁਗਨੂੰ ਚੁੰਬੇੜ ਦਿੰਦੇ ਹਨ ਤਾਂ ਕਿ ਰਾਤ ਨੂੰ ਰੋਸ਼ਨੀ ਹੋ ਸਕੇ। ਪਰ ਇਹ ਗੱਲ ਸਹੀ ਨਹੀਂ ਹੈ। ਇਹ ਮਿੱਟੀ ਦੀ ਵਰਤੋਂ ਆਲ੍ਹਣੇ ਨੂੰ ਮਜ਼ਬੂਤ ਕਰਨ ਲਈ ਕਰਦੇ ਹਨ। ਬਿੱਜੜਾ ਬਹੁਤ ਬੁਧੀਮਾਨ ਪੰਛੀ ਹੈ। ਸੜਕ ਕੰਢੇ ਬੈਠੇ ਕਈ ਤਮਾਸ਼ੇਕਾਰ ਇਨ੍ਹਾਂ ਤੋਂ ਕਈ ਕਰਤਬ ਕਰਾਉਂਦੇ ਹਨ। ਜਿਵੇਂ ਭੋਇੰ ‘ਤੇ ਸਿੱਕੇ ਜਾਂ ਮਣਕੇ ਆਦਿ ਖਿਲਾਰ ਕੇ ਇਨ੍ਹਾਂ ਤੋਂ ਚੁਕਾਏ ਜਾਂਦੇ ਹਨ। ਬਿਜੜਾ ਧਾਗੇ ਵਿਚ ਮਣਕੇ ਪਰੋ ਸਕਦਾ ਹੈ। ਇਹ ਕਿਸੇ ਦੇ ਹੱਥੋਂ ਸਿੱਕਾ ਖੋਹ ਕੇ ਮਾਲਕ ਕੋਲ ਪਹੁੰਚਾ ਸਕਦਾ ਹੈ, ਮਾਲਕ ਦੇ ਇਸ਼ਾਰੇ ‘ਤੇ ਮਿੱਠੀ ਗੋਲੀ ਚੁੱਕ ਕੇ ਕਿਸੇ ਔਰਤ ਦੇ ਬੁਲ੍ਹਾਂ ‘ਤੇ ਟਿਕਾ ਸਕਦਾ ਹੈ। ਇਸ ਤੋਂ ਇਕ ਖਿਡੌਣਾ ਤੋਪ ਵੀ ਚਲਵਾਈ ਜਾਂਦੀ ਹੈ। ਸੁਣਨ ਵਿਚ ਆਉਂਦਾ ਹੈ ਕਿ ਬਨਾਰਸ ਵਿਚ ਗਿਝਾਏ ਹੋਏ ਬਿੱਜੜੇ ਔਰਤਾਂ ਦੇ ਮੱਥੇ ਤੋਂ ਸੋਨੇ ਦਾ ਟਿੱਕਾ ਲਾਹ ਕੇ ਮਨਚਲੇ ਗਭਰੂਆਂ ਦੇ ਹੱਥੀਂ ਧਰ ਦਿੰਦੇ ਸਨ। ਅਕਬਰ ਦੇ ਜ਼ਮਾਨੇ ਜਾਂ ਸ਼ਾਇਦ ਇਸ ਤੋਂ ਵੀ ਪਹਿਲਾਂ ਬਿੱਜੜੇ ਤੋਂ ਬਹੁਤ ਸਾਰੇ ਕਰਤਬ ਕਰਵਾਏ ਜਾਂਦੇ ਸਨ। ਮੈਂ ਆਪ ਅਜਿਹੇ ਟਰਿੱਕ ਹੌਲੀਵੁੱਡ ਦੇ ਯੂਨੀਵਰਸਲ ਸਟੂਡੀਓ ਵਿਚ ਤੱਕੇ ਸਨ।
ਨਰ ਬਿਜੜਾ ਆਪਣਾ ਆਲ੍ਹਣਾ ਕਿਸੇ ਟਾਹਣੀ ਉਤੇ ਘਾਹ ਆਦਿ ਦੇ ਤੀਲੇ ਦੇ ਵੰਗਲੇ ਜਿਹੇ ਬਣਾ ਕੇ ਸ਼ੁਰੂ ਕਰਦਾ ਹੈ। ਫਿਰ ਕਪੜਾ ਬੁਣਨ ਵਾਂਗ ਹੋਰ ਤੀਲਿਆਂ ਦਾ ਤਾਣਾ ਬਾਣਾ ਬੁਣਦਾ ਜਾਂਦਾ ਹੈ। ਪਹਿਲਾਂ ਪਹਿਲ ਇਹ ਅੱਧ ਪੁਚੱਧਾ ਅਜ਼ਮਾਇਸ਼ੀ ਆਲ੍ਹਣਾ ਹੀ ਬਣਾਉਂਦਾ ਹੈ। ਜੇ ਕੋਲ ਲੰਘਦੀ ਕਿਸੇ ਮਦੀਨ ਨੂੰ ਇਹ ਭਾਅ ਜਾਵੇ ਤਾਂ ਹੀ ਇਸ ਨੂੰ ਸੰਪੂਰਨ ਕਰਦਾ ਹੈ ਨਹੀਂ ਤਾਂ ਹੋਰ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਨੂੰ ਬਣਾਉਣ ਲਈ ਪੰਜ ਸੌ ਫੇਰੀਆਂ ਅਤੇ ਦੋ ਹਫਤੇ ਦਾ ਸਮਾਂ ਲੱਗ ਜਾਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਿੱਜੜੇ ਦੀ ਜ਼ਿੰਦਗੀ ਦੀ ਬਹੁਤੀ ਸਰਗਰਮੀ ਆਪਣੇ ਆਲ੍ਹਣੇ ਨੂੰ ਇਕ ਕਲਾਮਈ ਰੂਪ ਦੇਣ ਵਿਚ ਹੀ ਲੱਗ ਜਾਂਦੀ ਹੈ। ਇਹ ਵੀ ਤਾਂ ਇਕ ਦੀਵਾਨਗੀ ਹੀ ਹੈ। ਉਂਜ ਨਰ ਤੇ ਮਦੀਨ ਬਿੱਜੜੇ ਕਈਆਂ ਨਾਲ ਆਸ਼ਕੀ ਨਿਭਾਉਂਦੇ ਹਨ।
ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਬਿੱਜੜਾ ਸ਼ਬਦ ਵਿਚ ਬੁਣਨ ਦੇ ਭਾਵ ਹੀ ਹਨ। ਇਸ ਸ਼ਬਦ ਦਾ ਉਦਭਵ ḔਵੇḔ ਧਾਤੂ ਤੋਂ ਹੋਇਆ ਹੈ। ਇਸ ਧਾਤੂ ਵਿਚ ਗੁੰਨ੍ਹਣ, ਗੁੰਦਣ, ਬੁਣਨ, ਲਪੇਟਣ ਆਦਿ ਦੇ ਭਾਵ ਹਨ। ਬਿੱਜੜਾ ਆਪਣਾ ਆਲ੍ਹਣਾ ਗੁੰਦਦਾ ਜਾਂ ਬੁਣਦਾ ਹੀ ਹੈ। ਸੋ, ਇਸ ਤੋਂ ਬਿੱਜੜਾ ਦੇ ਅਰਥਾਂ ਵਾਲਾ ਬਇਆ, ਬਯਾ ਜਾਂ ਬਾਯਾ ਸ਼ਬਦ ਬਣਿਆ। Ḕਵ Ḕਧੁਨੀ ਆਮ ਹੀ ḔਬḔ ਵਿਚ ਬਦਲ ਜਾਂਦੀ ਹੈ। ਮਈਆ ਸਿੰਘ ਦੇ ਪੰਜਾਬੀ ਕੋਸ਼ ਵਿਚ ਇਸ ਲਈ ਬਯੜਾ ਸ਼ਬਦ ਆਇਆ ਹੈ। ਸੋ, ਸ਼ਬਦ ਵਿਕਾਸ ਕੁਝ ਇਸ ਤਰ੍ਹਾਂ ਹੋਇਆ, ਬੱਯਾ > ਬੱਯੜਾ > ਬਿੱਜੜਾ। ਅੰਗਰੇਜ਼ੀ ਵਿਚ ਬਿੱਜੜੇ ਲਈ ਵੀਵਰ ਬਰਡ ਸ਼ਬਦ ਹੈ। ਇਥੇ ਵੀ ਭਾਵ ਬੁਣਨ ਤੋਂ ਹੀ ਹੈ। ḔਵੇḔ ਤੋਂ ਬਯਨ ਸ਼ਬਦ ਬਣਿਆ ਤੇ ਫਿਰ ਬੁਣਨ, ਬੁਣਾਈ, ਬੁਣਤੀ ਤੇ ਬੁਣਕਰ ਜਿਹੇ ਸ਼ਬਦ ਹੋਂਦ ਵਿਚ ਆਏ। ਕਬੀਰ ਜੀ ਜੁਲਾਹਾ ਜਾਤੀ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਕਾਵਿ ਵਿਚ ਇਸ ਕਿੱਤੇ ਨਾਲ ਸਬੰਧਤ ਕਈ ਸ਼ਬਦ ਅਤੇ ਅਲੰਕਾਰ ਮਿਲਦੇ ਹਨ ਜਿਵੇਂ “ਸੁੰਨ ਸਹਿਜ ਮਹਿ ਬੁਨਤ ਹਮਾਰੀ”, “ਬੁਨਿ ਬੁਨਿ ਆਪੇ ਆਪ ਪਹਿਰਾਵਉ”, “ਤਨਨਾ ਬੁਨਨਾ ਸਭੁ ਤਜਿਓ ਹੈ।” ਬੁਣਕਰ ਜੁਲਾਹੇ ਨੂੰ ਕਹਿੰਦੇ ਹਨ। ਮਰਾਠੀ ਵਿਚ ਬਿੱਜੜੇ ਲਈ ਵਿਣਕਰ ਸ਼ਬਦ ਹੈ।
ਪੰਜਾਬੀ ਦਾ ਇਕ ਠੋਸ ਸ਼ਬਦ ਹੈ ਵਿਉਂਤ। ਦੁਆਬੇ ਵਿਚ ਇਸ ਨੂੰ ਬੇਂਤ ਕਹਿੰਦੇ ਹਨ ਜਿਵੇਂ ਬੇਂਤ ਲਾਉਣਾ। ਵਿਉਂਤ ਦਾ ਅਰਥ ਤਰਕੀਬ ਜਾਂ ਜੁਗਤ ਆਦਿ ਹੁੰਦਾ ਹੈ। ਮੁਢਲੇ ਤੌਰ ‘ਤੇ ਇਸ ਦਾ ਭਾਵ ਹੈ, ਕਪੜੇ ਦੀ ਕਾਟ। ਸਿਰ ‘ਤੇ ਰੱਖੀ ਪੰਡ ਆਦਿ ਦੇ ਭਾਰ ਦੀ ਚੋਭ ਜਾਂ ਸਖਤਾਈ ਤੋਂ ਬਚਣ ਲਈ ਕਪੜੇ ਜਾਂ ਘਾਹ ਫੂਸ ਦੇ ਬਣਾਏ ਬਿੰਨੇ ਨੂੰ ਸਿਰ ‘ਤੇ ਰੱਖਿਆ ਜਾਂਦਾ ਹੈ। ਇਸ ਦਾ ਇਕ ਰੁਪਾਂਤਰ ਇੰਨੂ ਵੀ ਹੈ। ਇਸ ਸ਼ਬਦ ਵਿਚ ਵੀ ਬੁਣਨ ਜਾਂ ਗੁੰਦਣ ਦੇ ਹੀ ਭਾਵ ਹਨ। ਬੇਣ ਜਾਂ ਬੈਂਤ ਸ਼ਬਦ ਵੀ ਇਸ ਤੋਂ ਬਣੇ ਹਨ ਕਿਉਂਕਿ ਇਸ ਦੀਆਂ ਲਚਕਦਾਰ ਛਮਕਾਂ ਤੋਂ ਫਰਨੀਚਰ ਬਣਾਇਆ ਜਾਂਦਾ ਹੈ, “ਬੇਨ ਬ੍ਰਿਛ ਕੇ ਖਰੇ ਸਮੂਹਾ।” ਵੇਯ ਜਾਂ ਬੇਣ, ਵੇਣ, ਬੇਨ ਆਦਿ ਅਜਿਹਾ ਸਮਾਨ ਬਣਾਉਣ ਵਾਲੇ ਕਾਰੀਗਰ ਨੂੰ ਕਿਹਾ ਜਾਂਦਾ ਹੈ। ਇਹ ਸ਼ਬਦ ਇਕ ਵਰਣਸ਼ੰਕਰ ਜਾਤੀ ਲਈ ਵੀ ਵਰਤਿਆ ਜਾਂਦਾ ਜੋ ਬਾਂਸ ਜਾਂ ਕਾਨਿਆਂ ਆਦਿ ਦਾ ਸਮਾਨ ਬਣਾ ਕੇ ਗੁਜ਼ਾਰਾ ਕਰਦੀ ਹੈ। ਇਸ ਦਾ ਅਰਥ ਵਿਕਸਿਤ ਹੋ ਕੇ ਸੰਗੀਤਕਾਰ ਵੀ ਹੋ ਗਿਆ ਹੈ। ਇਸ ਸ਼ਬਦ ਦਾ ਫਾਰਸੀ ਰੂਪ ਬੇਦ ਹੈ। ਬੈਂਤ ਕਵਿਤਾ ਦੇ ਇਕ ਰੂਪ ਨੂੰ ਵੀ ਕਹਿੰਦੇ ਹਨ ਜਿਸ ਵਿਚ ਕਵੀ ਆਪਣੇ ਕਾਵਿਕ ਭਾਵ ਗੁੰਦਦਾ ਹੈ। ਵੇਯੁ ਦਾ ਇਕ ਅਰਥ ਸਿਰ ਦੀ ਬੋਦੀ ਵੀ ਹੁੰਦਾ ਹੈ ਕਿਉਂਕਿ ਇਹ ਗੁੰਦੀ ਹੋਈ ਹੁੰਦੀ ਹੈ, “ਬਧੈ ਬੇਣ ਸਿਰ ਊਚੋ ਰਖੈ।” ਪਰ ਕਾਹਨ ਸਿੰਘ ਦੇ ਮਹਾਨ ਕੋਸ਼ ਵਿਚ ਇਥੇ ਇਸ ਦਾ ਅਰਥ ਬਾਂਸ ਹੀ ਦਿੱਤਾ ਹੈ ਜੋ ਗਲਤ ਮਲੂਮ ਹੁੰਦਾ ਹੈ। ਗੰਗਾ, ਜਮਨਾ ਅਤੇ ਸਰਸਵਤੀ ਦਰਿਆਵਾਂ ਦੇ ਸੰਗਮ ਨੂੰ ਤਿਰਵੇਣੀ ਕਿਹਾ ਜਾਂਦਾ ਹੈ। ਪੰਜਾਬ ਦੇ ਲੋਕ ਇਕੋ ਥਾਂ ਤੇ ਗੁਥਮਗੁੱਥਾ ਉਗੇ ਬੋਹੜ, ਪਿੱਪਲ ਅਤੇ ਨਿੰਮ ਦੇ ਦਰਖਤਾਂ ਦੇ ਝੁੰਡ ਲਈ ਵੀ ਏਹੀ ਸ਼ਬਦ ਵਰਤਦੇ ਹਨ। ਇਸ ਵਿਚ ਵੇਣੀ ਘਟਕ ਸਪਸ਼ਟ ਝਲਕ ਰਿਹਾ ਹੈ। ਓਤ-ਪੋਤ ਦਾ ਮੂਲ ਅਰਥ ਤਾਣੇ-ਬਾਣੇ ਦੇ ਰੂਪ ਵਿਚ ਹੈ। ਇਹ ਬਣਿਆ ਹੈ ਓਤਾ (ਜੋ ਵੇ ਧਾਤੂ ਤੋਂ ਬਣਿਆ+ਪਰੋਤਾ (= ਪਰਾ+ਓਤਾ) ਤੋਂ। ਪਰੋਣਾ ਦਾ ਪਹਿਲਾ ਰੂਪ ਪਰਾਵੇ ਸੀ। ਗੁਜਰਾਤੀ ਵਿਚ ਅੱਜ ਵੀ ਪਰੋਣਾ ਦੇ ਅਰਥ ਵਿਚ ਪਰਵੋਂ ਸ਼ਬਦ ਹੈ, ਲਹਿੰਦੀ ਵਿਚ ਪਰੋਵਣਾ ਹੈ। ਇਸ ਵਿਚ ਪਰਾ ਤਾਂ ਅਗੇਤਰ ਹੈ, ਬਾਕੀ ਵੇ ਹੀ ਹੈ। ਹੋਰ ਹਿੰਦ-ਆਰਿਆਈ ਭਾਸ਼ਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ੱe ਿਕਲਪਿਆ ਗਿਆ ਹੈ ਜਿਸ ਦਾ ਅਰਥ ਗੁੰਦਣਾ ਜਿਹਾ ਹੀ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਅੰਗਰੇਜ਼ੀ ਦਾ ੱਲਿਲੋੱ ਸ਼ਬਦ ਬਣਿਆ ਜੋ ਬੈਂਤ ਦੀ ਤਰ੍ਹਾਂ ਦਾ ਇਕ ਲਚਕਦਾਰ ਦਰਖਤ ਹੁੰਦਾ ਹੈ। ਇਸੇ ਤਰ੍ਹਾਂ ੱਟਿਹe ਅਤੇ ੱਟਿਹੇ ਸ਼ਬਦਾਂ ਦੇ ਵੀ ਇਹੋ ਅਰਥ ਹੁੰਦੇ ਹਨ ਤੇ ਇਨ੍ਹਾਂ ਦਾ ਸਬੰਧ ਵੀ ਇਸੇ ਮੂਲ ਨਾਲ ਹੈ। ਰੂਸੀ, ਗਰੀਕ, ਲਾਤੀਨੀ, ਲਿਥੂਏਨੀਅਨ, ਜਰਮਨ ਆਦਿ ਅਨੇਕਾਂ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ।
Leave a Reply