ਇੱਕ ਸੁਆਲ ਦੀ ਮੌਤ ਬਨਾਮ ਗੁਰਦਿਆਲ ਬੱਲ ਦੀ ਆਧੁਨਿਕਤਾ

ਰੂਸੀ ਚਿੰਤਕ ਤ੍ਰਾਤਸਕੀ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਸਿਆਸੀ ਪਿੜ ਤੱਕ ਪਹੁੰਚੀ ਬਹਿਸ ਨਾ ਸਿਰਫ ਲਮਕ ਹੀ ਗਈ ਹੈ ਸਗੋਂ ਇਹ ਗੋਸ਼ਟੀ ਹੁਣ ਤੂੰ-ਤੂੰ, ਮੈਂ-ਮੈਂ ਬਣ ਗਈ ਹੈ, ਵਿਚਾਰ ਤੋਂ ਤਿਲ੍ਹਕ ਕੇ ਵਿਅਕਤੀ ‘ਤੇ ਸੀਮਤ ਹੋ ਗਈ ਹੈ। ਅਜਿਹੀ ਬਹਿਸ ਦੇ ਕੋਈ ਸਾਰਥਕ ਨਤੀਜੇ ਨਿਕਲਣ ਦੇ ਬਹੁਤੇ ਆਸਾਰ ਨਹੀਂ ਹੁੰਦੇ। ਇਸ ਨੁਕਤੇ ਨੂੰ ਮੁੱਖ ਰੱਖਦਿਆਂ ਅਸੀਂ ਇਸ ਬਹਿਸ ਨੂੰ ਇਥੇ ਹੀ ਸਮੇਟਦੇ ਹਾਂ। ਇਸ ਸਬੰਧੀ ਆਏ ਹੋਰ ਕ੍ਰਮ-ਪ੍ਰਤੀਕ੍ਰਮ ਅਸੀਂ ਨਹੀਂ ਛਾਪ ਸਕਾਂਗੇ। -ਸੰਪਾਦਕ

ਪ੍ਰਭਸ਼ਰਨਬੀਰ ਸਿੰਘ
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ
‘ਪੰਜਾਬ ਟਾਈਮਜ਼’ ਦੇ ਅੰਕ 13 ਵਿਚ ਗੁਰਦਿਆਲ ਬੱਲ ਦਾ ਮੇਰੇ ਲੇਖ ‘ਗੁਰਦਿਆਲ ਬੱਲ ਦੇ ਸਿਆਸੀ ਚਿੰਤਨ ਦੀਆਂ ਗੁੱਝੀਆਂ ਰਮਜ਼ਾਂ’ ਦੇ ਜੁਆਬ ਵਿਚ ਪ੍ਰਤੀਕਰਮ ਛਪਿਆ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਮਕਸਦ ਬੱਲ ਦੇ ਪਹਿਲਾਂ ਛਪੇ ਲੇਖ ਬਾਰੇ ਕੁਝ ਪ੍ਰਸ਼ਨ ਉਠਾਉਣਾ ਹੀ ਸੀ, ਬੱਲ ਨੂੰ ਨੀਵਾਂ ਦਿਖਾਉਣਾ ਨਹੀਂ; ਪਰ ਬੱਲ ਨੇ ਆਪਣੇ ਨਵੇਂ ਲੇਖ ਵਿਚ ਵੀ ਮੇਰੇ ਪ੍ਰਸ਼ਨਾਂ ਨੂੰ ਮੁਖਾਤਿਬ ਹੋਣ ਦੀ ਬਜਾਏ ਜਜ਼ਬਾਤੀ ਸ਼ਬਦਾਵਲੀ ਵਰਤਦਿਆਂ ਆਪਣੀ ਨੈਤਿਕ ਉੱਚਤਾ ਦਰਸਾਉਣ ਅਤੇ ਗੁੱਸਾ ਪ੍ਰਗਟਾਉਣ ਨੂੰ ਤਰਜੀਹ ਦਿੱਤੀ ਹੈ। ਮੇਰੇ ਸੁਆਲ ਬੱਲ ਦੀ ਨਿੱਜੀ ਜ਼ਿੰਦਗੀ ਬਾਰੇ ਨਹੀਂ ਸਨ, ਸਗੋਂ ਪੂਰੀ ਤਰ੍ਹਾਂ ਉਨ੍ਹਾਂ ਦੇ ਲੇਖ ਉਤੇ ਹੀ ਆਧਾਰਤ ਸਨ। ਬਿਹਤਰ ਹੁੰਦਾ, ਜੇ ਉਹ ਮੇਰੇ ਉਠਾਏ ਨੁਕਤਿਆਂ ਨੂੰ ਮੁਖਾਤਿਬ ਹੁੰਦੇ ਪਰ ਪਤਾ ਨਹੀਂ ਕਿਉਂ, ਉਨ੍ਹਾਂ ਨੇ ਲੇਖਕਾਂ, ਕਿਤਾਬਾਂ ਅਤੇ ਇਸ ਵਾਰ ਕਿਤਾਬਾਂ ਤੋਂ ਵੀ ਅੱਗੇ ਜਾਂਦਿਆਂ ਕਿਤਾਬਾਂ ਦੇ ਚੈਪਟਰਾਂ ਦੇ ਨਾਂਵਾਂ ਦਾ ਜ਼ਿਕਰ ਕਰਨਾ ਮੇਰੇ ਖਿਆਲ ਨਾਲ ਸੰਵਾਦ ਰਚਾਉਣ ਨਾਲੋਂ ਜ਼ਿਆਦਾ ਜ਼ਰੂਰੀ ਸਮਝਿਆ?
ਮੈਂ ਬੱਲ ਦੇ ਲੇਖ ਬਾਰੇ ਦੋ ਨੁਕਤੇ ਉਠਾਏ ਸਨ। ਪਹਿਲਾ, 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੀ ਨਸਲਕੁਸ਼ੀ ਨੂੰ ਬੱਲ ਸਾਹਿਬ ਵੱਲੋਂ ਦੰਗੇ ਕਹਿਣ ਦਾ ਅਤੇ ਦੂਜਾ ਅਮਰੀਕੀ ਸਾਮਰਾਜ ਦੇ ਪਿਆਦਿਆਂ ਵਜੋਂ ਵਿਚਰਨ ਵਾਲੇ ਦੋ ਲੇਖਕਾਂ ਅਜ਼ਰ ਨਫੀਸੀ ਅਤੇ ਮੁਹੰਮਦ ਮੋਹਾਦੇਸਿਨ ਦੀ ਸਿਫਤ-ਸਲਾਹ ਕਰਨ ਦਾ।
1984 ਦੀ ਨਸਲਕੁਸ਼ੀ ਨੂੰ ਦੰਗੇ ਕਹਿਣ ਬਾਰੇ ਉਠਾਏ ਮੇਰੇ ਸੁਆਲ ਨੂੰ ਬੱਲ ਨੇ ‘ਬਦਨੀਤੀ ਭਰਿਆ ਧੱਕਾ’ ਕਰਾਰ ਦਿੱਤਾ ਹੈ ਪਰ ਆਪਣੇ ਪ੍ਰਤੀਕਰਮ ਵਿਚ ਵੀ ਬੱਲ ਨੇ ਉਨ੍ਹਾਂ ਘਟਨਾਵਾਂ ਨੂੰ ‘ਬੇਹੱਦ ਮਨਹੂਸ’ ਹੀ ਕਿਹਾ ਹੈ, ਨਸਲਕੁਸ਼ੀ ਫਿਰ ਵੀ ਨਹੀਂ ਕਿਹਾ। ਬੱਲ ਦਾ ਇਤਰਾਜ਼ ਹੈ ਕਿ ਮੈਂ ਅਜਿਹਾ ਸੁਆਲ ਉਠਾ ਕੇ ਉਨ੍ਹਾਂ ਦੀ ਸ਼ਖਸੀਅਤ ਅਤੇ ਇਰਾਦਿਆਂ ਬਾਰੇ ਸ਼ੱਕ ਪ੍ਰਗਟ ਕੀਤਾ ਹੈ ਪਰ ਉਨ੍ਹਾਂ ਦੀ ਸ਼ਖਸੀਅਤ ਸ਼ੱਕ ਦੀ ਸੰਭਾਵਨਾ ਤੋਂ ਕਿਤੇ ਉਪਰ ਹੈ। ਇਸੇ ਲਈ ਉਹ ਮੇਰੇ ਸੁਆਲਾਂ ਦਾ ਸਿੱਧਾ ਜੁਆਬ ਦੇਣ ਦੀ ਬਜਾਏ ਮੈਨੂੰ ਹੀ ਸੁਆਲ ਪੁੱਛਣ ਦੇ ਦੋਸ਼ ਵਿਚ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਸੁਰ ਅਜਿਹੀ ਹੈ ਜਿਵੇਂ ਕਹਿ ਰਹੇ ਹੋਣ ਕਿ ਤੂੰ ਇਹ ਸੁਆਲ ਕਰਨ ਦੀ ਜੁਅਰਤ ਕਿਵੇਂ ਕੀਤੀ!
ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੇ ਸੁਆਲ ਬੱਲ ਦੀ ਲਿਖਤ ਵੱਲ ਸੇਧਿਤ ਸਨ, ਉਨ੍ਹਾਂ ਦੀ ਸ਼ਖਸੀਅਤ ਵੱਲ ਨਹੀਂ, ਕਿਉਂਕਿ ਮੈਂ ਉਨ੍ਹਾਂ ਨੂੰ ਇੰਨਾ ਨੇੜੇ ਤੋਂ ਨਹੀਂ ਜਾਣਦਾ ਕਿ ਉਨ੍ਹਾਂ ਦੀ ਸ਼ਖਸੀਅਤ ਬਾਰੇ ਕੁਝ ਕਹਿ ਸਕਾਂ। ਮੈਂ ਉਨ੍ਹਾਂ ਨੂੰ ਜ਼ਿੰਦਗੀ ਵਿਚ ਸਿਰਫ ਇਕ ਵਾਰ ਦੇਖਿਆ ਹੈ ਜਦੋਂ ਉਹ ਜਲੰਧਰ ਜਸਵੀਰ ਸ਼ੀਰੀ ਦੇ ਘਰ ਬੜੇ ਜੋਸ਼ ਵਿਚ ਕਿਰਕੇਗਾਰਡ ਬਾਰੇ ਵਿਖਿਆਨ ਦੇ ਰਹੇ ਸਨ। ਬਹੁਤੇ ਪਾਠਕ ਵੀ ਸ਼ਾਇਦ ਬੱਲ ਨੂੰ ਨਿੱਜੀ ਤੌਰ ‘ਤੇ ਨਾ ਜਾਣਦੇ ਹੋਣ, ਪਰ ਲਿਖਤ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਨੇ ਸ਼ਬਦ ਦੰਗੇ ਵਰਤਿਆ ਹੈ। ਇਹ ਸ਼ਬਦ ਵਰਤਣ ਦੇ ਦੋ ਕਾਰਨ ਹੋ ਸਕਦੇ ਹਨ। ਇਕ ਤਾਂ ਇਹ ਕਿ ਉਹ ਵਾਕਿਆ ਹੀ ਉਨ੍ਹਾਂ ਘਟਨਾਵਾਂ ਨੂੰ ਦੰਗੇ ਸਮਝਦੇ ਹਨ ਅਤੇ ਦੂਜਾ ਇਹ ਕਿ ਇਹ ਸ਼ਬਦ ਉਨ੍ਹਾਂ ਵੱਲੋਂ ਅਣਗਹਿਲੀ ਵਿਚ ਵਰਤਿਆ ਗਿਆ, ਪਰ ਉਹ 1984 ਦੀਆਂ ਘਟਨਾਵਾਂ ਨੂੰ ਦੰਗੇ ਨਹੀਂ ਮੰਨਦੇ। ਉਨ੍ਹਾਂ ਦੇ ਪ੍ਰਤੀਕਰਮ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ 1984 ਵਿਚ ਸਿੱਖਾਂ ਨਾਲ ਜੋ ਵਾਪਰਿਆ, ਉਸ ਨੂੰ ਉਹ ਕੀ ਮੰਨਦੇ ਹਨ? ਜੇ ਉਨ੍ਹਾਂ ਨੇ ਇਹ ਸ਼ਬਦ ਅਣਗਹਿਲੀ ਵਿਚ ਵਰਤਿਆ ਸੀ, ਤਾਂ ਉਨ੍ਹਾਂ ਨੂੰ ਇਹ ਕਹਿ ਦੇਣਾ ਚਾਹੀਦਾ ਸੀ ਕਿ ਮੈਥੋਂ ਇਹ ਸ਼ਬਦ ਅਣਗਹਿਲੀ ਵਿਚ ਵਰਤਿਆ ਗਿਆ। ਦੂਜਾ ਉਨ੍ਹਾਂ ਨੇ ਸਪਸ਼ਟ ਰੂਪ ਵਿਚ ਇਹ ਵੀ ਨਹੀਂ ਮੰਨਿਆ ਕਿ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਹੋਈ। ਉਨ੍ਹਾਂ ਨੇ 1984 ਦੀਆਂ ਘਟਨਾਵਾਂ ਲਈ ‘ਬੇਹੱਦ ਮਨਹੂਸ’ ਸ਼ਬਦ ਵਰਤਿਆ ਹੈ। ਮਨਹੂਸ ਸ਼ਬਦ ਜ਼ਿੰਮੇਵਾਰੀ ਤੈਅ ਨਹੀਂ ਕਰਦਾ ਅਤੇ ਘਟਨਾ ਨੂੰ ਹਾਦਸੇ ਦੀ ਰੰਗਤ ਦਿੰਦਾ ਹੈ। 1984 ਹਾਦਸਾ ਨਹੀਂ ਸੀ। ਹਿੰਦੋਸਤਾਨੀ ਹਕੂਮਤ ਵੱਲੋਂ ਆਪਣੀ ਪੂਰੀ ਤਾਕਤ ਲਾ ਕੇ, ਆਪਣੇ ਹੀ ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਅਤੇ ਮਨੁੱਖੀ ਨੈਤਿਕਤਾ ਦੀ ਖਿੱਲੀ ਉਡਾਉਂਦਿਆਂ ਕੀਤਾ ਗਿਆ ਅਤਿ ਘਿਨਾਉਣਾ ਕਾਰਾ ਸੀ। ਇਸ ਨਸਲਘਾਤ ਦੇ ਦੋਸ਼ੀ ਅੱਜ ਵੀ ਆਪਣੇ ਕੀਤੇ ‘ਤੇ ਸ਼ਰਮਸਾਰ ਨਹੀਂ ਹਨ, ਸਗੋਂ ਕਹਿੰਦੇ ਹਨ ਕਿ ਸਿੱਖਾਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਸੀ।
ਸੋ, ਬੱਲ ਸਾਹਿਬ ਲਈ ਮੇਰਾ ਪ੍ਰਸ਼ਨ ਅਜੇ ਵੀ ਉਵੇਂ ਦਾ ਉਵੇਂ ਖੜ੍ਹਾ ਹੈ ਕਿ ਉਹ 1984 ਨੂੰ ਦੰਗੇ ਮੰਨਦੇ ਹਨ ਜਾਂ ਨਸਲਕੁਸ਼ੀ? ਕੀ ਹੁਣ ਬੱਲ ਸਾਹਿਬ ਨੂੰ ਵੀ ਦੱਸਣਾ ਪਵੇਗਾ ਕਿ ਭਾਸ਼ਾ ਦੀ ਵੀ ਰਾਜਨੀਤੀ ਹੁੰਦੀ ਹੈ। ਕਿਸੇ ਦੀ ਸ਼ਬਦਾਵਲੀ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਕਿਹੜੀ ਧਿਰ ਨਾਲ ਖੜ੍ਹਾ ਹੈ। 1984 ਵਿਚ ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ ਦੰਗਿਆਂ ਦਾ ਨਾਂ ਹਿੰਦੋਸਤਾਨੀ ਹਕੂਮਤ ਨੇ ਦਿੱਤਾ।
ਦੂਜਾ ਮਸਲਾ ਹੈ ਅਜ਼ਰ ਨਫੀਸੀ ਅਤੇ ਮੁਹੰਮਦ ਮੋਹਾਦੇਸਿਨ ਦਾ। ਬੱਲ ਸਾਹਿਬ ਦੇ ਤਰਕ ਪੜ੍ਹ ਕੇ ਮੈਨੂੰ ਬੇਹੱਦ ਅਫਸੋਸ ਹੋਇਆ ਕਿ ਅਜ਼ਰ ਨਫੀਸੀ ਅਤੇ ਮੁਹੰਮਦ ਮੋਹਾਦੇਸਿਨ ਬਾਰੇ ਉਠਾਏ ਮੇਰੇ ਸੁਆਲਾਂ ਦਾ ਸਿੱਧਾ ਜੁਆਬ ਦੇਣ ਦੀ ਥਾਂ ਉਨ੍ਹਾਂ ਨੇ ਹੋਰ ਲੇਖਕਾਂ, ਕਿਤਾਬਾਂ ਅਤੇ ਇਲਾਕਾਈ ਟਕਰਾਵਾਂ ਬਾਰੇ ਗੱਲ ਕਰਨ ਨੂੰ ਤਰਜੀਹ ਦਿੱਤੀ। ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਖਿੰਡੀਆਂ-ਪੁੰਡੀਆਂ ਉਦਾਹਰਣਾਂ ਵਿਚੋਂ ਦੋ ਨੁਕਤੇ ਮਿਲਦੇ ਹਨ। ਇਕ ਤਾਂ ਬੱਲ ਸਾਹਿਬ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ, ਕਿ ਕਿਉਂਕਿ ਫਲਾਣੇ-ਫਲਾਣੇ ਲੇਖਕ ਉਤੇ ਵੀ ਸੀæਆਈæਏæ ਦਾ ਏਜੰਟ ਹੋਣ ਦੇ ਦੋਸ਼ ਲੱਗੇ ਸਨ, ਜਾਂ ਸੀæਆਈæਏæ ਨੇ ਉਨ੍ਹਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਅਸਲ ਵਿਚ ਉਹ ਸੀæਆਈæਏæ ਲਈ ਕੰਮ ਨਹੀਂ ਕਰਦੇ ਸਨ; ਇਸ ਲਈ ਅਜ਼ਰ ਨਫੀਸੀ ਅਤੇ ਮੁਹੰਮਦ ਮੋਹਾਦੇਸਿਨ ਵੀ ਸੀæਆਈæਏæ ਨਾਲ ਮਿਲ ਕੇ ਕੰਮ ਨਹੀਂ ਕਰ ਰਹੇ। ਬੱਲ ਸਾਹਿਬ ਦਾ ਦੂਜਾ ਨੁਕਤਾ ਇਹ ਹੈ ਕਿ ਜ਼ਾਲਮ ਤਾਕਤਾਂ ਨਾਲ ਜੂਝ ਰਹੇ ਲੋਕਾਂ ਸਾਹਮਣੇ ਕਈ ਵਾਰ ਇਹ ਇਖਲਾਕੀ ਮਸਲਾ ਖੜ੍ਹਾ ਹੋ ਜਾਂਦਾ ਹੈ ਕਿ ਉਹ ਆਪਣੀ ਦੁਸ਼ਮਣ ਧਿਰ ਦੀ ਕਿਸੇ ਹੋਰ ਦੁਸ਼ਮਣ ਧਿਰ ਜਿਹੜੀ ਖੁਦ ਵੀ ਜ਼ਾਲਮ ਹੈ (ਪਰ ਹੋਰ ਲੋਕਾਂ ਲਈ), ਦੀ ਮੱਦਦ ਲੈਣ ਜਾਂ ਨਾ। ਦੋਹਾਂ ਨੁਕਤਿਆਂ ਦੀ ਜ਼ਰਾ ਵਿਸਥਾਰ ਵਿਚ ਪੜਚੋਲ ਕਰਨ ਦੀ ਲੋੜ ਹੈ।
ਅੰਨਾ ਅਖਮਾਤੋਵਾ, ਬੋਰਿਸ ਪਾਸਤਰਨਾਕ ਅਤੇ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦੀਆਂ ਉਦਾਹਰਣਾਂ ਦੇ ਕੇ ਬੱਲ ਸਾਹਿਬ ਇਹ ਸਾਬਿਤ ਕਰਨਾ ਚਾਹੁੰਦੇ ਹਨ, ਕਿ ਕਿਉਂਕਿ ਇਨ੍ਹਾਂ ਲੇਖਕਾਂ ਨੂੰ ਸੀæਆਈæਏæ ਵੱਲੋਂ ਪ੍ਰਮੋਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਇਸ ਦਾ ਮਤਲਬ ਇਹ ਨਹੀਂ ਕਿ ਇਹ ਲੇਖਕ ਸੀæਆਈæਏæ ਦੇ ਏਜੰਟ ਸਨ। ਮੈਂ ਇਨ੍ਹਾਂ ਤਿੰਨਾਂ ਲੇਖਕਾਂ ਬਾਰੇ ਬੱਲ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ, ਪਰ ਸਮੱਸਿਆ ਇਹ ਹੈ ਕਿ ਇਹ ਉਦਾਹਰਣ ਅਜ਼ਰ ਨਫੀਸੀ ਅਤੇ ਮੁਹੰਮਦ ਮੋਹਾਦੇਸਿਨ ‘ਤੇ ਨਹੀਂ ਢੁਕਦੀ। ਇਨ੍ਹਾਂ ਦੋਹਾਂ ਦੇ ਮਸਲੇ ਵਿਚ ਮਾਮਲਾ ਉਲਟਾ ਹੈ। ਇਨ੍ਹਾਂ ਨੇ ਖੁਦ ਪਹਿਲ ਕਰ ਕੇ ਅਮਰੀਕੀ ਜੰਗਬਾਜ਼ਾਂ ਨਾਲ ਸਾਂਝ ਪਾਈ। ‘ਬੈਨਾਡੋਰ ਅਸੋਸੀਏਟਸ’ ਦੀਆਂ ਸੇਵਾਵਾਂ ਅਜ਼ਰ ਨਫੀਸੀ ਨੇ ਲਈਆਂ, ਤੇ ਮਸਲਾ ਉਠਣ ਤੋਂ ਬਾਅਦ ਇਸ ਗੱਲ ਦਾ ਖੰਡਨ ਵੀ ਨਹੀਂ ਕੀਤਾ। ਮੋਹਾਦੇਸਿਨ ਦੀ ਜਥੇਬੰਦੀ ਆਪਣੇ ਜਨਤਕ ਸਮਾਗਮਾਂ ਵਿਚ ਸੀæਆਈæਏæ ਅਤੇ ਐਫ਼ਬੀæਆਈæ ਦੇ ਸਾਬਕਾ ਡਾਇਰੈਕਟਰਾਂ ਨੂੰ ਲੈਕਚਰ ਕਰਨ ਲਈ ਪੱਚੀ-ਪੱਚੀ ਹਜ਼ਾਰ ਡਾਲਰ ਦੇ ਕੇ ਬੁਲਾਉਂਦੀ ਹੈ। ਸੀæਆਈæਏæ ਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ। ਇਹ ਤਾਂ ਪਹਿਲਾਂ ਹੀ ਵਿਛੇ ਹੋਏ ਹਨ। ਅਖਮਾਤੋਵਾ, ਪਾਸਤਰਨਾਕ ਅਤੇ ਸੋਲਜ਼ੇਨਿਤਸਿਨ ਦੀ ਸੀæਆਈæਏæ ਵੱਲੋਂ ਮੱਦਦ ਇਨ੍ਹਾਂ ਲੇਖਕਾਂ ਦੀ ਜਾਣਕਾਰੀ ਤੋਂ ਬਗੈਰ ਕੀਤੀ ਜਾਂਦੀ ਸੀ। ਜਦੋਂ ਕਿ ਨਫੀਸੀ ਅਤੇ ਮੋਹਾਦੇਸਿਨ ਵੱਲੋਂ ਖੁਦ ਜਾ ਕੇ ਅਤੇ ਪੈਸੇ ਦੇ ਕੇ ਮੱਦਦ ਲਈ ਜਾਂਦੀ ਹੈ। ਉਦਾਹਰਣ ਕਿਸੇ ਤਰਕ ਦਾ ਵਜ਼ਨ ਵਧਾਉਣ ਲਈ ਦਿੱਤੀ ਜਾਂਦੀ ਹੈ, ਨਾ ਕਿ ਸਿਰਫ ਉਦਾਹਰਣ ਦੇਣ ਲਈ ਹੀ। ਚੰਗਾ ਹੁੰਦਾ, ਜੇ ਬੱਲ ਸਾਹਿਬ ਨਫੀਸੀ ਤੇ ਮੋਹਾਦੇਸਿਨ ਬਾਰੇ ਵੀ ਕੋਈ ਪਾਏਦਾਰ ਗੱਲ ਕਰਦੇ।
ਦੂਜਾ ਮਸਲਾ ਉਨ੍ਹਾਂ ਇਖਲਾਕੀ ਚੋਣ ਦਾ ਉਠਾਇਆ ਹੈ, ਪਰ ਇਖਲਾਕੀ ਚੋਣ ਮਸਲਾ ਉਦੋਂ ਤੱਕ ਹੀ ਹੁੰਦੀ ਹੈ ਜਦੋਂ ਤੱਕ ਉਹ ਕਰ ਨਾ ਲਈ ਜਾਵੇ। ਜਦੋਂ ਚੋਣ ਕਰ ਹੀ ਲਈ, ਤਾਂ ਮਸਲਾ ਕਾਹਦਾ ਰਹਿ ਗਿਆ? ਜਦੋਂ ਮੋਹਾਦੇਸਿਨ ਨੇ ਅਮਰੀਕਾ ਨਾਲ ਹੱਥ ਮਿਲਾ ਹੀ ਲਏ, ਤਾਂ ਇਖਲਾਕੀ ਚੋਣ ਤਾਂ ਹੋ ਗਈ, ਤੇ ਮੋਹਾਦੇਸਿਨ ਇਸ ਇਮਤਿਹਾਨ ਵਿਚੋਂ ਫੇਲ੍ਹ ਵੀ ਹੋ ਗਿਆ। ਮੋਹਾਦੇਸਿਨ ਵਰਗਿਆਂ ਦੀ ਇਖਲਾਕੀ ਉਚਤਾ ਦਾ ਸਬੂਤ ਤਾਂ ਮਿਲਦਾ ਜੇ ਉਹ ਇਰਾਨੀ ਹਕੂਮਤ ਅਤੇ ਅਮਰੀਕੀ ਸਾਮਰਾਜ-ਦੋਹਾਂ ਤੋਂ ਦੂਰੀ ਬਣਾ ਕੇ ਖੜ੍ਹਦਾ। ਮੋਹਾਦੇਸਿਨ ਨੂੰ ਇਰਾਨੀ ਹਕੂਮਤ ਦੇ ਜ਼ੁਲਮ ਤਾਂ ਦਿਸਦੇ ਹਨ, ਪਰ ਅਮਰੀਕਾ ਵੱਲੋਂ ਇਰਾਨ ਵਿਚ ਜੋ ਤਬਾਹੀ ਕੀਤੀ ਗਈ, ਉਹ ਨਹੀਂ ਦਿਸਦੀ। ਸ਼ਾਇਦ ‘ਕੈਂਪ ਲਿਬਰਟੀ’ ਦੀਆਂ ਕੰਧਾਂ ਹੀ ਇੰਨੀਆਂ ਉਚੀਆਂ ਹਨ ਕਿ ਇਰਾਕ ਵਿਚ ਬੈਠ ਕੇ ਵੀ ਇਹ ਪਤਾ ਨਹੀਂ ਲੱਗਦਾ ਕਿ ਆਸੇ-ਪਾਸੇ ਕੀ ਹੋ ਰਿਹਾ ਹੈ? ਸੱਦਾਮ ਹੁਸੈਨ ਨੇ ਵੀ ਇਰਾਨ ਦੇ ਖਿਲਾਫ ਅਮਰੀਕਾ ਨਾਲ ਹੱਥ ਮਿਲਾਏ ਸਨ। ਅਖੀਰ ਵਿਚ ਕੀ ਖੱਟਿਆ? ਹੁਣ ਕੁਰਦਾਂ ਤੇ ਮੋਹਾਦੇਸਿਨ ਨੇ ਵੀ ਮਿਲਾ ਲਏ ਹਨ, ਭਵਿੱਖ ਵਿਚ ਪਤਾ ਲੱਗ ਜਾਵੇਗਾ ਕਿ ਉਹ ਕੀ ਖੱਟਦੇ ਹਨ?
ਪੱਛਮੀ ਆਧੁਨਿਕਤਾ ਦੀ ਇਹ ਖਾਸ ਦੇਣ ਹੈ ਕਿ ਇਸ ਨੇ ਹਰ ਚੀਜ਼ ਨੂੰ ਪ੍ਰਸ਼ਨ ਅਤੇ ਤਰਕ ਦੇ ਘੇਰੇ ਵਿਚ ਲੈ ਆਂਦਾ। ਇਸ ਪਹੁੰਚ ਦੀਆਂ ਭਾਵੇਂ ਆਪਣੀਆਂ ਸੀਮਾਵਾਂ ਵੀ ਹਨ, ਫਿਰ ਵੀ ਇਸ ਪਹੁੰਚ ਨੇ ਸਮਾਜਕ-ਰਾਜਨੀਤਕ ਮਸਲਿਆਂ ਬਾਰੇ ਬਹਿਸ ਵਿਚ ਸੰਜੀਦਗੀ ਲਿਆਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਬੱਲ ਸਾਹਿਬ ਵੈਸੇ ਤਾਂ ਆਧੁਨਿਕਤਾ ਦੇ ਮੁਦੱਈ ਹਨ ਪਰ ਜਦੋਂ ਕੋਈ ਉਨ੍ਹਾਂ ਨੂੰ ਸੁਆਲਾਂ ਰਾਹੀਂ ਮੁਖਾਤਿਬ ਹੁੰਦਾ ਹੈ, ਤਾਂ ਉਹ ਸੁਆਲ ਪੁੱਛਣ ਵਾਲੇ ਨੂੰ ਹੀ ਦੋਸ਼ੀ ਬਣਾ ਧਰਦੇ ਹਨ। ਸ਼ਾਇਦ ਇਸੇ ਕਰਕੇ ਜਦੋਂ ਵੀ ਪੰਜਾਬ ਨਾਲ ਸਬੰਧਤ ਮਸਲਿਆਂ ਬਾਰੇ ਬਹਿਸ ਛਿੜਦੀ ਹੈ, ਤਾਂ ਜਲਦੀ ਹੀ ਮਿਹਣੇਬਾਜ਼ੀ ਵਿਚ ਬਦਲ ਜਾਂਦੀ ਹੈ।

Be the first to comment

Leave a Reply

Your email address will not be published.