ਗੁਰਦਿਆਲ ਬੱਲ ਅਤੇ ਪ੍ਰਭਸ਼ਰਨਦੀਪ/ਪ੍ਰਭਸ਼ਰਨਬੀਰ ਵਿਚਕਾਰ ਚਲ ਰਹੀ ਗੋਸ਼ਟੀ ਹੁਣ ਤੂੰ-ਤੂੰ, ਮੈਂ-ਮੈਂ ਬਣ ਗਈ ਹੈ, ਵਿਚਾਰ ਤੋਂ ਤਿਲ੍ਹਕ ਕੇ ਵਿਅਕਤੀ ‘ਤੇ ਸੀਮਤ ਹੋ ਗਈ ਹੈ। ਵਿਅਕਤੀ ਤੇ ਵਿਚਾਰ ਵਿਚਲੀ ਸਪੇਸ ਜਾਂ ਸ਼ਾਮਲਾਟ ਤੋਂ ਬਿਨਾਂ ਗੋਸ਼ਟੀ ਸੰਭਵ ਨਹੀਂ ਹੁੰਦੀ। ਦੂਜੀ ਜ਼ਰੂਰੀ ਸ਼ਰਤ ਹੈ ਕਿ ਗੋਸ਼ਟੀ ਕਰਨ ਵਾਲੇ ਇੰਨੇ ਚਿਰ ਲਈ ਆਪਣੇ ਵਿਸ਼ਵਾਸਾਂ ਨੂੰ ਆਪਣੇ ਨਿਰਣਿਆਂ ਤੋਂ ਮੁਕਤ ਕਰ ਲੈਣ, ਤੇ ਇਨ੍ਹਾਂ ਨੂੰ ਦੂਜਿਆਂ ਦੀ ਅੱਖ ਨਾਲ ਨਿਰਖਣ ਤੇ ਸੋਧਣ ਲਈ ਤਿਆਰ ਰਹਿਣ।
ਇਥੇ ਇਹ ਕੁਝ ਨਹੀਂ ਹੋ ਰਿਹਾ। ਇਥੇ ਦੋਵੇਂ ਧਿਰਾਂ ਮੋਰਚਿਆਂ ਵਿਚ ਬੈਠੀਆਂ ਇਕ ਦੂਜੇ ਵੱਲ ਤੀਰ ਛੱਡ ਰਹੀਆਂ ਹਨ। ਦੋਵੇਂ ਫਤਵੇ ਥੋਪ ਰਹੀਆਂ ਹਨ ਕਿ ਦੂਜਾ ਜਾਣ-ਬੁਝ ਕੇ ਯਥਾਰਥ ਨੂੰ ਕੈਰੀ ਅੱਖ ਨਾਲ ਵੇਖ ਰਿਹਾ ਹੈ। ਇਥੇ ਉਹੋ ਜਿਹਾ ਕੁਝ ਹੋ ਰਿਹਾ ਹੈ ਜਿਸ ਤੋਂ ਸਿੱਧ ਗੋਸਟਿ ਵਿਚ ਵਰਜਿਆ ਗਿਆ ਹੈ: ਰੋਸ ਨਾ ਕੀਜੈ ਉਤਰ ਦੀਜੈ।
ਇਹ ਸਾਰਾ ਕੁਝ ਕਿਵੇਂ ਹੋ ਰਿਹਾ ਹੈ? ਇਹ ਇਸ ਵਾਦ-ਵਿਵਾਦ ਦੀਆਂ ਲਿਖਤਾਂ ਤੋਂ ਸਪਸ਼ਟ ਹੈ। ਇਹ ਕਿਉਂ ਹੋ ਰਿਹਾ ਹੈ? ਇਹਨੂੰ ਵਿਚਾਰਨ ਲਈ ਵਧੇਰੇ ਸਮੇਂ ਦੀ ਲੋੜ ਹੈ। ਤੇ ਇਹ ਮੇਰੇ ਵੱਸ ਦਾ ਰੋਗ ਨਹੀਂ।
ਗੁਰਦਿਆਲ ਬੱਲ ‘ਤੇ ਦੋ ਦੋਸ਼ ਲੱਗੇ ਹਨ। ਇਕ ਦਾ ਸਬੰਧ ਉਹਦੇ ਦ੍ਰਿਸ਼ਟੀਕੋਣ ਨਾਲ ਹੈ, ਦੂਜੇ ਦਾ ਉਹਦੀ ਲਿਖਣ ਵਿਧੀ ਨਾਲ। ਦੋਵੇਂ ਭਾਵੇਂ ਇਕ ਦੂਜੇ ਨਾਲ ਜੁੜੇ ਹੋਏ ਹਨ, ਪਰ ਮੈਂ ਕੇਵਲ ਉਹਦੀ ਲਿਖਣ ਵਿਧੀ ਬਾਰੇ ਹੀ ਕੁਝ ਗੱਲਾਂ ਕਰਨੀਆਂ ਹਨ।
ਗੁਰਦਿਆਲ ਬੱਲ ਦੇ ਸਨੇਹੀ ਤੇ ਵਿਰੋਧੀ-ਦੋਵੇਂ ਕਹਿੰਦੇ ਹਨ ਕਿ ਉਹਨੂੰ ਲਿਖਣ ਦਾ ਚੱਜ ਨਹੀਂ। ਜੋ ਕਹਿਣ ਲਗਦਾ ਹੈ, ਉਹ ਕਹਿੰਦਾ ਨਹੀਂ; ਐਵੇਂ ਉਘ ਦੀਆਂ ਪਤਾਲ ਮਾਰੀ ਜਾਂਦਾ ਹੈ। ਮੈਂ ਸਹਿਮਤ ਹਾਂ, ਪਰ ਦੂਜਿਆਂ ਵਾਂਙੂੰ ਨਹੀਂ।
ਮੈਨੂੰ ਲਗਦਾ ਹੈ ਕਿ ਮੈਂ ਗੁਰਦਿਆਲ ਨੂੰ ਪੜ੍ਹਨਾ ਨਹੀਂ ਸਿੱਖਿਆ।
ਮੈਨੂੰ ਉਹੀ ਲਿਖਤਾਂ ਪੜ੍ਹਨੀਆਂ ਆਉਂਦੀਆਂ ਹਨ ਜਿਨ੍ਹਾਂ ਦਾ ਆਦਿ, ਮਧ, ਅੰਤ ਹੁੰਦਾ ਹੈ; ਵਾਕ ਚਿਣੇ ਹੁੰਦੇ, ਪੈਰੇ ਵਿਚੋਂ ਪੈਰਾ ਨਿਕਲਦਾ ਹੈ, ਵਿਸ਼ੇ ਵਸਤੂ ਦੀ ਏਕਤਾ ਹੁੰਦੀ ਹੈ, ਦਲੀਲਾਂ ਦੇ ਕੇ ਨਿਰਣਾ ਕੱਢਿਆ ਹੁੰਦਾ ਹੈ। ਕਿਸੇ ਨੂੰ ਕੱਟਿਆ ਹੁੰਦਾ ਹੈ, ਕਿਸੇ ਦੀ ਪ੍ਰੋੜਤਾ ਕੀਤੀ ਹੁੰਦੀ ਹੈ। ਇਹ ਖੇਤਰ ਤਰਕ ਤੇ ਨਿਆਇ ਦਾ ਹੈ। ਮਹੱਤਵਪੂਰਨ ਹੈ। ਇਹਦੇ ਬਿਨਾਂ ਭੌਤਿਕ, ਜੈਵਿਕ ਤੇ ਮਾਨਸਿਕ ਜਗਤ ਦੇ ਨੇਮ ਲੱਭਣੇ ਸੰਭਵ ਨਹੀਂ, ਪਰ ਇਸ ਖੇਤਰ ਤੋਂ ਬਾਹਰ ਵੀ ਚੇਤਨਾ ਹੈ, ਧਰਤੀ ‘ਤੇ ਉਗੇ ਝਾੜ-ਬੂਟ ਤੇ ਘਾਹ ਫੂਸ ਵਾਂਙ ਉਘੜ-ਦੁਘੜੀ, ਰਹੱਸ ਤੇ ਵਿਰੋਧਾਂ ਵਾਲੀ। ਬੱਲ ਦੀ ‘ਊਟ ਪਟਾਂਗ’ ਪੜ੍ਹਦਿਆਂ ਸਾਡੀ ਤਰਕ ਅਤੇ ਨਿਆਏ ‘ਤੇ ਲੱਗੀ ਟਿਕਟਿਕੀ ਉਖੜਦੀ ਹੈ, ਤੇ ਉਸ ਸੰਸਾਰ ਦੀ ਝਲਕ ਦਿਸਦੀ ਹੈ ਜਿਹੜਾ ਨਿਆਏ ਸੰਗਲੀ ਤੋਂ ਪਰ੍ਹਾ ਹੁੰਦਾ ਹੈ। ਘਟੋ-ਘਟ ਮੈਂ ਇਉਂ ਪ੍ਰਤੀਤ ਕਰਦਾ ਹਾਂ।
ਠੀਕ ਹੈ ਬੱਲ ਖਿੰਡਿਆ ਹੋਇਆ ਹੈ, ਪਰ ਉਹ ਆਪਣੀਆਂ ਪੁਸਤਕਾਂ ਵਾਂਙ ਖਿੰਡਿਆ ਹੋਇਆ ਹੈ; ਸ਼ਾਇਦ ਵਾਂਙ ਵੀ ਨਹੀਂ, ਪੁਸਤਕਾਂ ਵਿਚ ਖਿੰਡਿਆ ਹੋਇਆ ਹੈ। ਉਹਦੇ ਘਰ ਵਿਚ ਉਹ ਨਹੀਂ, ਪੁਸਤਕਾਂ ਰਹਿੰਦੀਆਂ ਹਨ। ਭੋਜਨ ਵੇਲੇ, ਖਾਣੇ ਦੇ ਮੇਜ਼ ਤੋਂ ਪੁਸਤਕਾਂ ਚੁੱਕ ਕੇ ਪਲੇਟ ਰੱਖਣ ਜੋਗੀ ਥਾਂ ਬਣਾਉਣੀ ਪੈਂਦੀ ਹੈ, ਸੌਣ ਵੇਲੇ ਬਿਸਤਰੇ ਤੋਂ ਵੀ ਇਹੀ ਕੁਝ ਕਰਨਾ ਪੈਂਦਾ ਹੈ। ਹਰ ਥਾਂ ‘ਤੇ ਪੁਸਤਕਾਂ ਖਿੰਡੀਆਂ ਪਈਆਂ ਹਨ।
ਮੈਂ ਜਿੰਨੀ ਵਾਰ ਉਹਨੂੰ ਮਿਲਿਆ ਹਾਂ, ਉਹਨੇ ਪੁਸਤਕਾਂ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਕੀਤੀ। ਮੈਨੂੰ ਲਗਦਾ ਹੈ, ਉਹਨੂੰ ਹੋਰ ਗੱਲ ਕਰਨੀ ਹੀ ਨਹੀਂ ਆਉਂਦੀ। ਨਾ ਹੀ ਉਹਨੂੰ ਪ੍ਰਚਲਿਤ ਅਰਥਾਂ ਵਿਚ ਲਿਖਣਾ ਆਉਂਦਾ ਹੈ। ਉਹ ਆਪ ਕਹਿੰਦਾ ਹੈ, ਮੈਨੂੰ ਲੇਖ ਲਿਖਣ ਦਾ ਵੱਲ ਨਹੀਂ। ਮੈਂ ਤਾਂ ਆਪਣੇ ਮਿੱਤਰਾਂ ਨਾਲ ਗੱਲਾਂ ਕਰਦਾ ਹਾਂ, ਜਾਂ ਉਨ੍ਹਾਂ ਨੂੰ ਖਤ ਲਿਖਦਾ ਹਾਂ। ਉਹ ਵੀ ਆਪਣੀ ਮੌਜ ਵਿਚ। ਇਉਂ ਕਰਨ ਵੇਲੇ ਵੀ ਉਹ ਆਪ ਘਟ ਬੋਲਦਾ ਹੈ, ਉਹਦੇ ਅੰਦਰ ਦੀਆਂ ਕਿਤਾਬਾਂ ਵੱਧ ਬੋਲਦੀਆਂ ਹਨ। ਉਦੋਂ ਵੀ ਉਹਦਾ ਜਤਨ ਹੁੰਦਾ ਹੈ, ਸੁਣਨ ਵਾਲੇ ਨੂੰ ਵਧ ਤੋਂ ਵਧ ਪੁਸਤਕਾਂ ਦੀ ਦੱਸ ਪਾਈ ਜਾਵੇ ਜਿਨ੍ਹਾਂ ਨੇ ਉਹਨੂੰ ਜਿਉਣ ਦੀ ਚਿਣਗ ਦਿੱਤੀ ਹੈ। ਇਕ ਵਾਰ ਟੋਰਾਂਟੋ ਦੇ ‘ਕਲਮਾਂ ਦੇ ਕਾਫਲੇ’ ਦੀ ਇਕ ਇਕੱਤਰਤਾ ਵਿਚ ਕੋਈ ਪ੍ਰਸ਼ਨ ਪੁੱਛਣ ਵੇਲੇ ਪੰਜ ਮਿੰਟ ਪੁਸਤਕਾਂ ਬਾਰੇ ਬੋਲਦਾ ਰਿਹਾ। ਜਦੋਂ ਪੁੱਛਿਆ ਗਿਆ, ਤੁਹਾਡਾ ਪ੍ਰਸ਼ਨ ਕੀ ਹੈ, ਕਹਿੰਦਾ ਪਤਾ ਨਹੀਂ।
ਬਲ ਨੂੰ ਕਿਸੇ ਵਾਦ-ਵਿਵਾਦ ਵਿਚ ਨਹੀਂ ਪੈਣਾ ਚਾਹੀਦਾ। ਉਹਦੇ ਵਿਚ ਉਹਦੀ ਹਾਰ ਹੀ ਹਾਰ ਹੈ। ਉਹਦਾ ਕੰਮ ਜਿਉਣ ਜੋਗੀਆਂ ਪੁਸਤਕਾਂ ਦਾ ਹੋਕਾ ਦੇਈ ਜਾਣਾ ਹੈ।
ਕਦੇ-ਕਦੇ ਮੈਂ ਉਹਦੀਆਂ ਗੱਲਾਂ ਤੇ ਲਿਖਤਾਂ ਤੋਂ ਉਕਤਾ ਜਾਂਦਾ ਹਾਂ। ਉਹਦੇ ਨਾਲ ਤੁਰਨਾ ਸੌਖਾ ਨਹੀਂ। ਮੈਨੂੰ ਲਗਦਾ ਹੈ, ਉਹ ਬਹੁਤ ਘਟ ਸਮਝਿਆ ਗਿਆ ਫੱਕਰ ਹੈ।
-ਨਵਤੇਜ ਭਾਰਤੀ
Leave a Reply