ਕੌੜਾ ਵੱਟਾ

ਮੱਖਣ ਸਿੰਘ
ਜ਼ੈਲਾ ਪੁਰਾਂ ਟੁੰਨ ਹੋ ਚੁੱਕਾ ਸੀ। ਨਾਜ਼ਰ ਸਿੰਘ ਨੇ ਇਕ ਹੋਰ ਤਕੜਾ ਜਿਹਾ ਪੈਗ ਭਰਿਆ ਤੇ ਜ਼ੈਲੇ ਵੱਲ ਕਰਦਾ ਹੋਇਆ ਬੋਲਿਆ, “ਲੈ ਵੱਡੇ ਭਾਈ!”
ਉਹ ਬੜੀ ਮੁਸ਼ਕਲ ਨਾਲ ਗਿਲਾਸ ਨੂੰ ਮੂੰਹ ਤੱਕ ਲੈ ਗਿਆ। ਘੁੱਟ ਭਰਦਿਆਂ ਹੀ ਉਹ ਇਕ ਪਾਸੇ ਨੂੰ ਲੁੜਕ ਗਿਆ।
“ਲੈ ਏਹਦਾ ਤਾਂ ਸਰ ਗਿਆ, ਜਾਹ ਲਿਆ ਡਰਾਈਵਰ ਨੂੰ।” ਨਾਜ਼ਰ ਸਿੰਘ ਨੇ ਜ਼ੈਲੇ ਨੂੰ ਠੀਕ ਤਰ੍ਹਾਂ ਪਾਉਂਦਿਆਂ ਤਾਰੇ ਨੂੰ ਆਖਿਆ।
ਤਾਰੇ ਨੇ ਦਰਾਂ ‘ਚ ਖਲੋ ਕੇ ਡਰਾਈਵਰ ਨੂੰ ਆਉਣ ਦਾ ਇਸ਼ਾਰਾ ਕੀਤਾ ਤੇ ਫਿਰ ਉਨ੍ਹੀਂ ਪੈਰੀਂ ਅੰਦਰ ਆ ਗਿਆ। ਦੋਹਾਂ ਨੇ ਜ਼ੈਲੇ ਨੂੰ ਚੁੱਕਿਆ ਤੇ ਕਾਰ ਦੀ ਪਿਛਲੀ ਸੀਟ ‘ਤੇ ਲਿਟਾ ਦਿੱਤਾ।
ਨਾਜ਼ਰ ਸਿੰਘ ਨੇ ਕਾਰ ਵਿਚ ਬੈਠਦਿਆਂ ਤਾਰੇ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ ਤੇ ਧੀਮੀ ਸੁਰ ‘ਚ ਆਖਿਆ,”ਆੜ੍ਹਤੀਏ ਵੱਲ ਹੋ ਆ। ਮੈਂ ਇਹਨੂੰ ਤੇਰੇ ਫੁੱਫੜ ਦੇ ਹਵਾਲੇ ਕਰ ਆਵਾਂ, ਉਹ ਸਵੇਰ ਤੱਕ ਕਾਗਜ਼ ਤਿਆਰ ਕਰ ਰੱਖੂ।”
“ਚੱਲ ਭਾਈ ਕਰ ਸਟਾਰਟ।” ਕਾਰ ਪਲਾਂ ‘ਚ ਈ ਅੱਖਾਂ ਤੋਂ ਉਹਲੇ ਹੋ ਗਈ। ਤਾਰੇ ਨੇ ਅੰਦਰ ਆ ਕੇ ਸੁਰਜੀਤ ਦੇ ਕੰਨ ‘ਚ ਹੌਲੀ ਦੇਣਾ ਕੁਝ ਆਖਿਆ। ਸਾਈਕਲ ਚੁੱਕੀ ਤੇ ਸ਼ਹਿਰ ਵੱਲ ਨੂੰ ਹੋ ਤੁਰਿਆ।
ਤਾਰਾ ਪਿੰਡ ਤੋਂ ਕੋਹ ਕੁ ਵਾਟ ‘ਤੇ ਗਿਆ ਹੋਣੈ। ਸੂਰਜ ਦੀ ਲਾਲ ਟਿੱਕੀ ਅਸਮਾਨ ਦੇ ਪੈਰਾਂ ‘ਚ ਗਵਾਚ ਗਈ। ਇਹ ਸਿਆਲੂ ਦਿਨ ਵੀ ਕਾਹਦੇ ਨੇ, ਅੱਖ ਝੱਪਕਦਿਆਂ ਸ਼ਾਮਾਂ ਢਲ ਜਾਂਦੀਆਂ ਨੇ। ਉਸ ਹੈਂਡਲ ਨੂੰ ਮਜ਼ਬੂਤੀ ਨਾਲ ਫੜਿਆ ਤੇ ਫੁਰਤੀ ਨਾਲ ਜ਼ੋਰ ਜ਼ੋਰ ਦੀ ਪੈਡਲ ਮਾਰਨ ਲੱਗਾ। ਉਹ ਸਾਈਕਲ ਨੂੰ ਜਿੰਨਾ ਵੀ ਤੇਜ਼ ਕਰਨ ਦੀ ਕੋਸ਼ਿਸ਼ ਕਰਦਾ, ਸਾਈਕਲ ਦੀਆਂ ਬਰੇਕਾ ਘੂੰ ਘੂੰ ਕਰਦੀਆਂ ਮੋਹਰਲੇ ਪਹੀਏ ਨੂੰ ਪਿਛਾਂਹ ਧੱਕ ਦਿੰਦੀਆਂ।
“ਇਹਨੂੰ ਕੀ ਹੋ ਗਿਆ ਅੱਜ, ਹਾਲੇ ਕਲ੍ਹ ਈ ਤਾਂ ਠੀਕ ਕਰਾਇਆ ਸੀ” ਤਾਰੇ ਨੇ ਸਾਈਕਲ ਨੂੰ ਰੋਕ ਕੇ ਚੱਕੇ ਨਾਲ ਘਿਸੱਰਦੀਆਂ ਰਬੜ ਦੀਆਂ ਗੁਲੀਆਂ ਨੂੰ ਮਰੋੜ ਕੇ ਪਹੀਏ ਤੋਂ ਹਟਵਾਂ ਕੀਤਾ ਤੇ ਬਿਨਾਂ ਸਮਾਂ ਗਵਾਏ ਲੱਤ ਘੁਮਾ ਕੇ ਕਾਠੀ ‘ਤੇ ਚੜ੍ਹ ਗਿਆ।
ਭਰ ਸਿਆਲ ਵਿਚ ਵੀ ਉਹ ਮੁੜ੍ਹਕੀ ਮੁੜ੍ਹਕੀ ਹੋ ਗਿਆ ਸੀ। ਲੱਤਾਂ ਉਸ ਦੀਆਂ ਫੁੱਲਣ ਲੱਗੀਆਂ। ਦਮ ਲੈਣ ਨੂੰ ਮਨ ਵੀ ਕੀਤਾ ਪਰ ਫੈਲਦੇ ਹਨੇਰੇ ਨੂੰ ਵੇਖ ਉਸ ਦੇ ਦਿਮਾਗ ਦੀਆਂ ਨਾੜਾਂ ਵਿਚ ਖ਼ੂਨ ਦੀ ਗਤੀ ਤੇਜ਼ ਹੋ ਗਈ “ਕਿਤੇ ਮੀਂਹ ਮੱਲ ਦੁਕਾਨ ਹੀ ਨਾ ਬੰਦ ਕਰ ਜਾਵੇ” ਇਹ ਤੌਖਲਾ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕਰੀ ਜਾ ਰਿਹਾ ਸੀ।
ਹੁਣ ਹਨੇਰੇ ਨੇ ਪੂਰੀ ਤਰ੍ਹਾਂ ਚਾਨਣ ਨੂੰ ਆਪਣੀ ਬੁੱਕਲ ਵਿਚ ਲੈ ਲਿਆ ਸੀ ਪਰ ਤਾਰਾ ਇਨ੍ਹਾਂ ਸੋਚਾਂ ਵਿਚ ਡੁੱਬਿਆ “ਜੇ ਆੜਤੀਏ ਦੁਕਾਨ ਬੰਦ ਕਰ’ਤੀ ਤਾਂ ਉਸ ਪੈਸੇ ਦੇਣੋਂ ਇਨਕਾਰ ਕਰ’ਤਾ ਤਾਂ ਸਵੇਰੇ ਜ਼ੈਲੇ ਕੋਲੋਂ ਜਿਹੜੀ ਜ਼ਮੀਨ ਦੀ ਰਜਿਸਟਰੀ ਕਰਾਉਣੀ ਉਹæææ?” ਇਹ ਖਿਆਲ ਉਸ ਦੇ ਮਨ ‘ਤੇ ਠੂੰਏਂ ਵਾਂਗ ਲੜਿਆ।
ਇੰਜ ਕੱਚੀਆ ਪਿੱਲੀਆਂ ਸੋਚਾਂ ਚੱਬਦਾ ਆਖਰ ਤਾਰਾ ਸ਼ਹਿਰ ਆ ਹੀ ਗਿਆ। ਸ਼ਹਿਰ ਦੀਆਂ ਜਗਮਗਾਉਂਦੀਆਂ ਬੱਤੀਆਂ ਤੇ ਵਿਚ-ਵਿਚਾਲੇ ਬੰਦ ਹੋ ਰਹੀਆਂ ਦੁਕਾਨਾਂ ਕਦੇ ਉਸ ਨੂੰ ਆਸ਼ਾਵਾਦੀ ਤੇ ਕਦੇ ਬਹੁਤ ਹੀ ਨਿਰਾਸ਼ ਕਰਦੀਆਂ। ਉਹ ਸ਼ਹਿਰ ਆਲੀ ਭੀੜ ਨੂੰ ਚੀਰਦਾ ਮੰਡੀ ਵਾਲੀ ਸੜਕ ਪੈ ਗਿਆ। ਮੰਡੀ ਉਸ ਤੋਂ ਕੋਈ ਬਹੁਤੀ ਦੂਰ ਨਹੀਂ ਸੀ ਪਰ ਡੋਬੂ ਮਨ ਨੂੰ ਮੰਜ਼ਿਲ ਹਾਲੇ ਵੀ ਦੂਰ ਦਿਖਾਈ ਦਿੰਦੀ।
ਉਸ ਇੰਜ ਫਿਕਰਾਂ ‘ਚ ਮੰਡੀ ਵਾਲਾ ਮੂੰਹ ਵੇਖਿਆ। ਅੱਧੀ ਖੁਲ੍ਹੀ ਤੇ ਅੱਧੀ ਬੰਦ ਮੰਡੀ ਵੇਖ ਕੇ ਉਸ ਦਾ ਸਾਹ ਸੂਤਿਆ ਗਿਆ। ਉਸ ਸਾਈਕਲ ਨੂੰ ਖੰਭੇ ਨਾਲ ਖੜ੍ਹੀ ਕਰ ਬਿਨਾਂ ਤਾਲੇ ਲਾਏ ਤੇਜ਼ੀ ਨਾਲ ਇਕ ਕਿਸਮ ਦੀ ਦੌੜ ਜਿਹੀ ਲਾਈ। ਦੂਰੋਂ ਹੀ ਖੁਲ੍ਹੀ ਦੁਕਾਨ ਵੇਖ ਕੇ ਉਸ ਨੂੰ ਸਾਹ ‘ਚ ਆਇਆ ਤੇ ਚਿਹਰਾ ਖੁਸ਼ੀ ਨਾਲ ਖਿੜ ਉਠਿਆ।
“ਮੈਂ ਤੇਰੀ ਉਡੀਕ ਕਰ ਰਿਹਾ ਸਾਂ, ਬੜਾ ਕੁਵੇਲਾ ਕਰ’ਤਾ।” ਮੀਂਹ ਮੱਲ ਨੇ ਉਸ ਨੂੰ ਵੇਖਦੇ ਹੋਏ ਆਖਿਆ।
“ਤਾਏ ਜ਼ੈਲੇ ਨੂੰ ਵੀ ਕਿਸੇ ਟਿਕਾਣੇ ਲਾਉਣਾ ਸੀ। ਸਵੇਰ ਦਾ ਲੱਗਾ ਸੀ ਪੀਣ, ਸ਼ਾਮੀਂ ਲੁੜਕਿਐ।”
“ਅੱਛਾ ਅੱਛਾ! ਆਹੋ ਭਾਈ ਜ਼ਮੀਨਾਂ ਦੇ ਕੰਮ ਈ ਏਦਾਂ ਦੇ ਨੇ।”
“ਲਿਆਓ ਸ਼ਾਹ ਜੀ ਕੱਢੋ ਪੈਸੇ।”
“ਠਹਿਰ ਕਾਕਾ ਦਮ ਤਾਂ ਲੈ ਲੈ, ਐਨਾ ਕਾਹਲਾ ਕਾਹਨੂੰ ਪੈਂਦੈਂ। ਐਨੀ ਦੂਰੋਂ ਆਇਆਂ। ਓਏ ਰਾਮੂ ਚਾਹ ਫੜੀਂ ਦੋ ਕੱਪ।” ਐਨਾ ਆਖ ਲਾਲਾ ਗੱਲੇ ‘ਚੋਂ ਪੈਸੇ ਕੱਢ ਕੇ ਗਿਣਨ ਲੱਗਾ।
“ਲੈ ਬਈ ਪੁੱਤਰਾ ਤੁਹਾਡਾ ਸਾਰ’ਤਾ। ਤੁਸੀਂ ਨਾ ਆਖਿਓ ਲਾਲਾ ਕੰਮ ਨਹੀਂ ਆਇਆ। ਆਹ ਲੈ ਪਹਿਲਾਂ ਬਹੀ, ‘ਤੇ ਕਰ ਦਸਤਖ਼ਤ।
“ਦਸਤਖ਼ਤæææਦਸਤਖ਼ਤ ਜਿੰਨੇ ਮਰਜ਼ੀ।” ਤਾਰੇ ਨੇ ਪੈਨ ਫੜਿਆ ਤੇ ਅੰਗਰੇਜ਼ੀ ‘ਚ ਦਸਤਖ਼ਤ ਕਰ’ਤੇ।
“ਕਾਕਾ ਪੈਸੇ ਗਿਣ ਲੈ।”
“ਲਾਲਾ ਜੀ ਤੁਸੀਂ ਗਿਣੇ ਈ ਆ।” ਉਸ ਬਿਨਾਂ ਗਿਣੇ ਜੇਬ ‘ਚ ਪਾ ਲਏ।”
ਏਨੇ ਨੂੰ ਚਾਹ ਆ ਗਈ ਤੇ ਤਾਰਾ ਚਾਹ ਦੇ ਘੁੱਟਾਂ ‘ਚ ਪੈਸੇ ਮਿਲਣ ਦੀ ਖੁਸ਼ੀ ਘੋਲ-ਘੋਲ ਪੀਣ ਲੱਗਾ। ਚਾਹ ਦਾ ਆਖਰੀ ਘੁੱਟ ਭਰਦਿਆਂ “ਚੰਗਾ ਲਾਲਾ ਜੀ, ਹਨੇਰਾ ਬਹੁਤ ਹੋ ਗਿਆ ਪਿੰਡ ਵੀ ਪਹੁੰਚਣੈ। ਰਕਮ ਵੀ ਜੇਬ ‘ਚ ਆ।” ਉਸ ਫ਼ਤਹਿ ਬੁਲਾਈ। ਸਾਈਕਲ ਚੁੱਕੀ ਤੇ ਮੰਡੀਓਂ ਬਾਹਰ ਹੋ ਗਿਆ।
“ਇਹ ਮੁਹੱਲਾ ਏ ਕਿ ਕਨਾਟ ਪਲੇਸ। ਐਨੀ ਭੀੜ। ਇਸ ਨਾਲੋਂ ਤਾਂ ਚੰਗਾ ਸੀ ਉਹ ਬਾਹਰੋਂ ਬਾਹਰ ਹੀ ਹੋ ਜਾਂਦਾ।
“ਬਾਣੀਆ ਮੁਹੱਲਿਉਂ’ ਬਾਹਰ ਆ ਕੇ ਉਸ ਸ਼ੁਕਰ ਕੀਤਾ। ‘ਤੌਬਾ, ਤੌਬਾ ਮੇਰੇ ਪਿਉ ਦੀ ਮੁੜ ਕੇ ਨਹੀਂ ਆਉਂਦਾ ਇੱਧਰ। ਸਾਹਮਣੇ ਠੇਕਾ ਸੀ। ਉਸ ਸਾਈਕਲ ਖੜ੍ਹੀ ਕੀਤੀ। ਅੱਧੀਆ ਲਿਆ ਤੇ ਹਾਤੇ ‘ਚ ਆ ਗਿਆ।
ਉਸ ਪੈਗ ਪਾਇਆ ਈ ਸੀ ਕਿ ਉਸ ਦੀ ਨਜ਼ਰ ਸਾਹਮਣੇ ਬੈਠੇ ਤਿੰਨ ਬਾਬੂਆਂ ‘ਤੇ ਪਈ ਜੋ ਆਖਰੀ ਪੈਗ ਡਬਲ ਪਾ ਰਹੇ ਸਨ। ਉਨ੍ਹਾਂ ‘ਚੋਂ ਇਕ ਬੋਲਿਆ, “ਨਾ ਤੂੰ ਤਾਂ ਪਟਿਆਲਾ ਵੀ ਟੱਪ ਚਲਿਆ। ਏ ਦਾਰੂ ਏ ਕਿ ਗੰਨੇ ਦਾ ਰਸ। ਐਵੀਂ ਪਲਟੀ ਜਾਂਦੈ।”
“ਜਲਦੀ ਜਲਦੀ ਚੁੱਕੋ ਤੇ ਟਿਭੀਏ ਇੱਥੋਂ, ਕਲ੍ਹ ਬਾਈਪਾਸ ‘ਤੇ ਬੰਦਾ ਮਾਰ ਗਏ। ਵਿਚਾਰਾ ਸਾਈਕਲ ‘ਤੇ ਜਾ ਰਿਹਾ ਸੀ। ਸਾਡੇ ਲਾਗਲੇ ਪਿੰਡ ਦਾ ਸੀ।”
ਇਹ ਬੋਲ ਤਾਰੇ ਨੂੰ ਜਿਵੇਂ ਧੁਰ ਅੰਦਰ ਤੱਕ ਹਿਲਾ ਗਏ। ਉਸ ਉਤੋ-ੜਿਤੀ ਦੋ ਹਾੜੇ ਲਾਏ ਤੇ ਹਾਤਿਉਂ ਬਾਹਰ ਹੋ ਗਿਆ।
“ਜਾਣਾ ਤਾਰੇ ਨੇ ਵੀ ਬਾਈਪਾਸ ਵੱਲ ਦੀ ਸੀ। ਨਸ਼ਾ ਉਸ ਦਾ ਜਾਂਦਾ ਲੱਗਿਆ ਸੀ। ਉਸ ਆਪਣੇ ਆਪ ਨੂੰ ਤਕੜਾ ਕੀਤਾ, “ਵੇਖੀ ਜਾਊ।” ਇਕ ਵਾਰੀ ਜੇਬ ਨੂੰ ਟੋਹਿਆ ਤੇ ਪਿੰਡ ਵੱਲ ਨੂੰ ਹੋ ਤੁਰਿਆ।
ਪਿੰਡ ਵੜਦਿਆਂ ਹੀ ਤਾਈ ਦੇਬੋ ਉਸ ਦੇ ਮੱਥੇ ਲੱਗੀ। ਉਸ ਦਾ ਮੱਥਾ ਠਣਕਿਆ। ਸਿਰ ਸ਼ਰਮ ਨਾਲ ਝੁੱਕ ਗਿਆ। “ਲਾਹਨਤ ਏ ਇਹੋ ਜਿਹੀ ਜ਼ਮੀਨ ਦੇæææ।”
ਖੁਲ੍ਹੇ ਵਾਲ ਤੇ ਬੁਰਾ ਹਾਲ, ਲੰਬੜਾਂ ਦੇ ਪਿਛਵਾੜੇ ਉਸ ਤੰਦੂਰ ਤਪਾ ਰੱਖਿਆ ਸੀ। ਉਹ ਪਾਗਲਾਂ ਵਾਂਗ ਤੰਦੂਰ ਵਿਚ ਬਾਲਣ ਸੁੱਟਦੀ ਜਿਵੇਂ ਮੁਰਗੇ ਦੀ ਧੋਣ ਮਰੋੜ ਰਹੀ ਹੋਵੇ। ਇਹ ਹਰਕਤਾਂ ਉਹ ਵਾਰ-ਵਾਰ ਕਰਦੀ। ਤੰਦੂਰ ਵਿਚੋਂ ਅੱਗ ਦਾ ਭਬੂਕਾ ਨਿਕਲ ਦੂਰ ਤੱਕ ਹਨੇਰੇ ਦਾ ਗਲਾ ਘੁੱਟਦਾ ਚੌਗਿਰਦੇ ਨੂੰ ਰੁਸ਼ਨਾ ਜਾਂਦਾ।
“ਆ ਗਿਆ ਪੁੱਤਰ ਜੀਤੇ।” ਤਾਈ ਨੇ ਤਾਰੇ ਨੂੰ ਦੂਰੋਂ ਹੀ ਆਉਂਦਿਆਂ ਵੇਖ ਕੇ ਬੁਲ੍ਹਾਂ ‘ਤੇ ਮੁਸਕਰਾਹਟ ਲਿਆਉਂਦਿਆਂ ਆਖਿਆ।
ਇਹ ਸੁਣ ਕੇ ਤਾਰੇ ਦਾ ਚਿਹਰਾ ਮਸੋਸਿਆ ਗਿਆ।
“ਆ ਜਾ ਤੰਦੂਰ ਤਪਿਐ। ਭੁੱਖ ਲੱਗੀ ਹੋਣੀ ਤੈਨੂੰ। ਹੁਣੇ ਲਾਹ ਦਿੰਦੀ ਆ ਰੋਟੀ। ਵੇ ਤੂੰ ਕਿੱਥੇ ਤੁਰ ਗਿਆ ਸੈਂ, ਕੱਲੀ ਮਾਂ ਨੂੰ ਛੱਡ ਕੇ।”
ਤਾਰੇ ਦਾ ਗੱਚ ਭਰ ਆਇਆ। ਅਸੀਂ ਕੀ ਕਰਨ ਲੱਗੇ ਆਂ, ਇਸ ਗਰੀਬਣੀ ਨਾਲ। ਪੁੱਤ ਰਿਹਾ ਨਹੀਂ, ਘਰ ਵਾਲਾ ਅਮਲੀ ਏ ਤੇ ਇਹæææ ਇਹ ਵਿਚਾਰੀ ਪੁੱਤ ਦੇ ਵਿਯੋਗ ਵਿਚ ਪਾਗਲ਼ææ।”
ਜੀਤਾ ਮੇਰਾ ਯਾਰ ਸੀ ਇੱਕਠੇ ਪੜ੍ਹੇ ਸਾਂ। ਇਕ ਦੂਜੇ ਤੋਂ ਬਿਨਾ ਸਾਹ ਨਹੀਂ ਸਾਂ ਭਰਦੇ। ਤਾਰਾ ਸਿੰਆਂ ਤੈਨੂੰ ਕਿੱਥੇ ਮਿਲੂ ਢੋਈ।”
ਯਾਰ ਮਰਿਆ ਨਹੀਂ, ਤੂੰ ਲੱਗੈਂ ਉਸ ਦੀ ਜ਼ਮੀਨ ਹਥਿਆਉਣ। ਚੱਪਣੀ ‘ਚ ਨੱਕ ਡਬੋ ਕੇ ਮਰ ਜਾ। ਕਿਉਂ ਪਿਓ ਦੀ ‘ਹਾਂ’ ਵਿਚ ਹਾਂ ਮਿਲਾਉਂਦਾ ਤੁਰਿਆ ਜਾ ਰਿਹੈਂ। ਹਾਲੇ ਵੀ ਕੁਝ ਨਹੀਂ ਵਿਗੜਿਆ। ਰਜਿਸਟਰੀ ਸਵੇਰੇ ਹੋਣੀ ਏ।”
“ਆ ਵੀ ਜਾ ਹੁਣ। ਇੱਥੇ ਕੀ ਬਿੱਟ ਬਿੱਟ ਤੱਕੀ ਜਾਂਦੈਂ।” ਤਾਰੇ ਨੇ ਦੋ ਤਿੰਨ ਵਾਰੀ ਸਿਰ ਨੂੰ ਹਲੂਣਿਆ। “ਤਾਈ ਪੈਰੀਂ ਪੈਨਾਂ, ਮੈਂ ਤਾਰਾ ਆਂ।” ਬੜੀ ਮੁਸ਼ਕਿਲ ਨਾਲ ਉਸ ਦੇ ਮੂੰਹੋਂ ਨਿਕਲਿਆ ਪਰ ਉਹ ਤਾਈ ਦੀਆਂ ਅੱਖਾਂ ਦੀ ਤਾਬ ਨਾ ਝੱਲ ਸਕਿਆ।
“ਵੇ ਪੁੱਤ ਮੇਰਾ ਜੀਤਾ ਕਿੱਥੇ ਆ? ਜਾ ਲਿਆ ਉਸ ਨੂੰ ਟੋਲ ਕੇ, ਕਈ ਦਿਨਾਂ ਤੋਂ ਘਰ ਨਹੀਂ ਆਇਆ। ਦੋਵੇਂ ਵੀਰ ਰਲ ਕੇ ਰੋਟੀ ਖਾਇਉ, ਆਟਾ ਗੁੰਨ੍ਹਿਆ ਪਿਐ।”
“ਤਾਈ ਜੀਤੇ ਨੇ ਹੁਣ ਨਹੀਂ ਆਉਣਾ। ਉਹ ਤਾਂ ਖ਼ਾਕੀ ਵਰਦੀ ਵਾਲਿਆਂ ਨਿਗਲ ਲਿਆ।” ਆਖ਼ਰ ਤਾਰੇ ਨੇ ਤਾਈ ਨੂੰ ਸੱਚ ਤੋਂ ਜਾਣੂ ਕਰਵਾਉਣ ਵਿਚ ਹੀ ਬੇਹਤਰੀ ਸਮਝੀ। ਸ਼ਾਇਦ ਪੁੱਤਰ ਦੀ ਮੌਤ ਸੁਣ ਕੇ ਤਾਈ ਰੋ ਪਵੇ ਤੇ ਠੀਕ ਹੋ ਜਾਵੇ।
“ਨਹੀਂ ਤੂੰ ਝੂਠ ਬੋਲਦੈਂ, ਮੇਰਾ ਜੀਤਾ ਜ਼ਰੂਰ ਆਊਗਾ।” ਉਸ ਦੇ ਬੋਲਾਂ ਵਿਚ ਦ੍ਰਿੜ੍ਹਤਾ ਸੀ।
“ਨਹੀਂ ਤਾਈ ਜੀਤੇ ਨਹੀਂ ਆਉਣਾ, ਉਹ ਸਾਥੋਂ ਬਹੁਤ ਦੂਰ ਚਲਾ ਗਿਆ।” ਤਾਰੇ ਦੀਆਂ ਅੱਖਾਂ ਭਰ ਆਈਆਂ। ਉਹ ਹੌਲੀ-ਹੌਲੀ ਮੁਰਦਿਆਂ ਵਾਂਗ ਸਾਈਕਲ ਘਸੀਟਦਾ ਘਰ ਵੱਲ ਨੂੰ ਹੋ ਤੁਰਿਆ।
ਘਰ ਆ ਕੇ ਤਾਰੇ ਨੇ ਸਾਈਕਲ ਨੂੰ ਇਕ ਨੁੱਕਰੇ ਖੜ੍ਹਾ ਕੀਤਾ। ਚੁੱਲ੍ਹੇ ਮੋਹਰੇ ਬੈਠੀ ਸੁਰਜੀਤ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ। ਵੀਹ ਹਜ਼ਾਰ ਉਸ ਦੀ ਤਲੀ ‘ਤੇ ਧਰਿਆ ਤੇ ਆਪ ਬੁਝਿਆ ਜਿਹਾ ਚੁਲ੍ਹੇ ਅੱਗੇ ਆ ਬੈਠਾ। ਸੁਰਜੀਤ ਖੁਸ਼ ਸੀ ਕਿ ਕੰਮ ਸਿਰੇ ਚੜ੍ਹ ਗਿਐ।
“ਨਾ ਕੀ ਗੱਲ? ਪੈਸਿਆਂ ਦਾ ਜੁਗਾੜ ਤਾਂ ਹੋ ਗਿਆ। ਹੁਣ ਕਾਹਦਾ ਝੋਰਾ ਲਾਈ ਬੈਠੇਂ?”
“ਝੋਰਾ ਕਾਹਦਾ, ਬਾਹਰ ਲੰਬੜ ਦੇ ਪਿੱਛੇ ਤਾਈ ਦੇਬੋ ਵਿਚਾਰੀæææ?”
“ਛੱਡ ਉਹਦੀ ਗੱਲ, ਉਹ ਤੇ ਸ਼ਦੈਣ ਏਂ। ਹੱਥ ਪੈਰ ਧੋਣੇ ਆ ਤਾਂ ਪਾਣੀ ਗਰਮ ਰੱਖ ਦੇਵਾਂ।”
“ਪਾਣੀ ਨੂੰ ਛੱਡ, ਜਾ ਅੰਦਰੋਂ ਰਜਾਈ ਲਿਆ।”
“ਉਹ ਕਾਹਦੇ ਲਈ।”
“ਤਾਈ ਨੂੰ ਦੇ ਆਵਾਂ। ਚੀਥੜਿਆਂ ‘ਚ ਵਿਚਾਰੀ ਦੇ ਪੈਰ ਵੀ ਨੰਗੇ ਆ। ਠੰਢ ਵੀ ਉਪਰੋਂ ਕਿੰਨੀ ਏ।”
ਸੁਰਜੀਤ ਅੰਦਰੋਂ ਰਜਾਈ ਲੈ ਆਈ। ਤਾਰਾ ਰਜਾਈ ਚੁੱਕ ਤਾਈ ਵੱਲ ਨੂੰ ਹੋ ਤੁਰਿਆ। ਤਾਈ ਤਾਂ ਉਥੇ ਹੈ ਈ ਨਹੀਂ ਸੀ। ਸਾਰਾ ਪਿੰਡ ਦੱਬੇ ਪੈਰੀਂ ਗਾਹ ਮਾਰਿਆ ਪਰ ਤਾਈ ਨਾ ਲੱਭੀ। ਅੰਤ ਥੱਕ ਹਾਰ ਕੇ ਵਾਪਸ ਘਰ ਨੂੰ ਪਰਤ ਆਇਆ।
ਸੁਰਜੀਤ ਬੂਹੇ ‘ਚ ਖੜ੍ਹੀ ਉਸ ਦੀ ਉਡੀਕ ਕਰ ਰਹੀ ਸੀ। “ਕੀ ਗੱਲ ਰਜਾਈ ਵਾਪਸ ਲੈ ਆਇਆਂ।”
“ਪਤਾ ਨਹੀਂ ਕਿੱਥੇ ਚਲੇ’ਗੀ ਤਾਈ। ਸਾਰਾ ਪਿੰਡ ਘੁੰਮ ਆਇਆਂ।”
ਜਨਕੋਂ ਕਹਿੰਦੀ ਸੀ ਗੁਰਦੁਆਰੇ ਤਾਈ ਦੀ ਮੰਜੀ ਡੱਠੀ ਏ। ਜਦੋਂ ਠੰਢ ਲੱਗੀ, ਆਪੇ ਜਾ ਪੈਣਾ ਉਸ, ਵੈਸੇ ਵੀ ਉਹਨੂੰ ਕੌਣ ਰੋਕਦਾ। ਜਿਸ ਘਰ ਜਾ ਵੜੀ, ਉਥੇ ਬਿਸਤਰਾ ਮਿਲ ਜਾਣਾ। ਮੈਂ ਸ਼ਾਮੀਂ ਤੁਹਾਡੇ ਜਾਣ ਤੋਂ ਬਾਅਦ ਆਪ ਬੁਲਾ ਕੇ ਉਸ ਨੂੰ ਚਾਹ ਦਾ ਗਿਲਾਸ ਭਰ ਕੇ ਦਿੱਤਾ ਸੀ। ਲੋਹੜਾ ਹੋਇਆ! ਜਵਾਨ ਪੁੱਤਰ ਦੀ ਮੌਤ ਨੇæææ।” ਉਸ ਹਉਕਾ ਭਰਿਆ। ਕੁਝ ਪਲਾਂ ਲਈ ਦੋਵਾ ‘ਚ ਚੁੱਪ ਤਣੀ ਰਹੀ। ਉਸ ਚੁੱਪ ਨੂੰ ਸੁਰਜੀਤ ਤੋੜਦੀ ਬੋਲੀ, ਬਾਪੂ ਉਡੀਕ ਉਡੀਕ ਗਿਆ ਹਵੇਲੀ ਨੂੰ। ਉਹ ਤਾਏ ਨੂੰ ਫੁੱਫੜ ਦੇ ਹਵਾਲੇ ਕਰ ਆਏ ਨੇ। ਫੁੱਫੜ ਕਹਿੰਦਾ ਸੀ। ਤੁਹਾਡੇ ਆਉਣ ਤੱਕ ਮੈਂ ਸਾਰੇ ਕਾਗਜ਼ ਤਿਆਰ ਕਰਵਾ ਰੱਖਾਂਗਾ।”
ਤਾਰੇ ਨੂੰ ਇਨ੍ਹਾਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ।
“ਰੋਟੀ ਗਰਮ ਕਰ ਦੇਵਾਂ ਕਿ ਹਾਲੇ ਪੈਗ਼ææ।”
“ਰੋਟੀ ਮੈਂ ਸ਼ਹਿਰੋਂ ਈ ਖਾਂ ਆਇਆਂ।” ਉਸ ਝੂਠ ਬੋਲਿਆ। ਉਸ ਦਾ ਮਨ ਸਭ ਕਾਸੇ ਤੋਂ ਉਚਾਟ ਹੋ ਗਿਆ ਸੀ ਤੇ ਉਹ ਮੰਜੇ ‘ਤ ਆ ਕੇ ਲੇਟ ਗਿਆ।
ਛੱਤ ਉਪਰ ਬਾਲਿਆਂ ਨੂੰ ਵੇਖਿਆ। ਬਾਲੇ ਉਸ ਨੂੰ ਖੇਤਾਂ ਦੀਆਂ ਆੜਾਂ ਜਾਪੇ। ਨਛੱਤਰ ਸਿੰਘ ਦੇ ਬੋਲ ਉਸ ਦੇ ਕੰਨਾ ‘ਚ ਗੂੰਜੇ, “ਤਾਰਿਆ ਭੁੱਲ ਜਾ ਜ਼ੈਲੇ ਹੁਰਾਂ ਦੀ ਜ਼ਮੀਨ ਨੂੰ ਤੇ ਐਵੇਂ ਆੜ ਨਾ ਛਿੱਲੀ ਜਾ ਇਧਰੋਂ! ਠੇਕਾ ਭਰਦੇ ਆਂ ਅਸੀਂ ਏਹਦਾ।
“ਮਾਂ ਦਾ ਖਸਮ! ਆਂਹਦਾ ਸੀ ਅੱਖ ਨਾ ਰੱਖੀਂ ਜ਼ਮੀਨ ‘ਤੇ ਠੇਕਾ ਭਰਦੇ ਆਂ।” ਫਿਰ ਖਿਆਲਾਂ ਨੇ ਕਰਵਟ ਬਦਲੀ।
“ਇਸ ਨਛਤਰੂ ਨੇ ਤਾਂ ਸਾਨੂੰ ਵੀ ਮਜ਼ਬੂਰ ਕਰ’ਤਾ। ਨਹੀਂ ਤਾਂ ਅਸੀਂ ਕਦੇ ਵੀ ਤਾਏ ਦੀ ਜ਼ਮੀਨæææਹੁਣ ਕੀ ਕਰੀਏ? ਨਛਤਰੂ ਨੂੰ ਤਾਂ ਸਬਕ ਸਿਖਾਉਣਾ ਈ ਪਊ। ਉਦਣ ਭੈਣ ਦੇਣੀ ਦਾ ਆਹੰਦਾ ਸੀ ਜੱਟ ਦੇ ਗੁੱਸੇ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਈ ਆਂ।
ਏੇਦਾਂ ਨਹੀਂ ਸਰਨਾ ਹੁਣ ਤਾਈ ਨੂੰ ਮੈਂ ਆਪਣੇ ਘਰ ਲੈ ਆਉਣਾ। ਸ਼ਹਿਰ ਚੰਗੇ ਜਿਹੇ ਡਾਕਟਰ ਕੋਲ ਉਸ ਦਾ ਇਲਾਜ ਕਰਾਊਂ। ਜੇ ਜੀਤਾ ਨਹੀਂ ਰਿਹਾ, ਮੈਂ ਤਾਂ ਬੈਠਾਂæææ।” ਇੰਜ ਉਹ ਆਪਣੇ ਮਨ ਨਾਲ ਗੱਲ ਕਰਦਾ ਪਤਾ ਨਹੀਂ ਕਦੋਂ ਸੌਂ ਗਿਆ।
“ਤਾਰਿਆ ਉਠ ਵਈ, ਕਿੱਡਾ ਦਿਨ ਚੜ੍ਹ ਆਇਐ।” ਐਨਾ ਆਖ ਕੇ ਨਾਜਰ ਸਿੰਘ ਅਲਮਾਰੀ ‘ਚੋਂ ਕਾਗਜ਼ ਲੱਭਣ ਲੱਗਾ।
ਤਾਰਾ ਉਠਿਆ ਪਰ ਉਠਣ ਨੂੰ ਮਨ ਨਹੀਂ ਕਰ ਰਿਹਾ ਸੀ। ਸਾਰਾ ਸਰੀਰ ਥਕਾਵਟ ਨਾਲ ਚੀਨਾ ਚੀਨਾ ਹੋਇਆ ਪਿਆ ਸੀ। ਸਰੀਰ ਵਿਚ ਜਿਵੇਂ ਜਾਨ ਨਾ ਹੋਵੇ, ਉਹ ਬਿਮਾਰਾਂ ਵਾਂਗ ਖੁਰੇ ਵੱਲ ਨੂੰ ਹੋ ਤੁਰਿਆ।
ਨਾਜ਼ਰ ਸਿੰਘ ਕਾਗਜ਼ ਲੱਭ ਕੇ ਲੰਬੜ ਦੇ ਘਰ ਵੱਲ ਨੂੰ ਹੋ ਤੁਰਿਆ। ਤਾਰੇ ਦਾ ਮਨ ਤਾਂ ਕੀਤਾ ਬਾਪੂ ਨੂੰ ਆਖ ਦੇਵੇ, “ਅਸੀਂ ਨਹੀਂ ਕਰਾਉਣੀ ਰਜਿਸਟਰੀ, ਸਾਡੇ ਕੋਲ ਗੁਜ਼ਾਰੇ ਜੋਗੀ ਜ਼ਮੀਨ ਬਥੇਰੀ ਆ।” ਪਰ ਕਹਿ ਨਾ ਸਕਿਆ।
ਧੁੰਦ ਵੀ ਅੱਜ ਕਹਿਰ ਦੀ ਸੀ। ਦਸ ਵੱਜ ਗਏ ਸਨ, ਧੁੱਪ ਦਾ ਨਾਂ ਨਿਸ਼ਾਨ ਨਹੀਂ ਸੀ। ਉਹ ਹਾਲੇ ਫਿਰਨੀ ਵੀ ਨਹੀਂ ਸਨ ਟੱਪੇ ਕਿ ਪਿਛਿਓਂ ਚੰਨੂੰ ਚੌਕੀਦਾਰ ਦੀ ਆਵਾਜ਼ ਕੰਨੀਂ ਪਈ।
“ਲੰਬੜਦਾਰ ਜੀ ਬੁੜੀ ਦੇਬੋ ਕਰ ਗਈ ਚੜ੍ਹਾਈਆਂ ਰਾਤੀਂ। ਅਹੁ ਪਈ ਏ ਬੋਹੜ ਦੇ ਥੱਲੇ।”
“ਵਾਹਿਗੁਰੂ” ਨੰਬਰਦਾਰ ਦੇ ਮੂੰਹੋਂ ਏਨਾ ਹੀ ਨਿਕਲਿਆ।
ਇਹ ਸੁਣ ਤਾਰਾ ਧੁਰ ਅੰਦਰ ਤੱਕ ਹਿੱਲ ਗਿਆ ਤੇ ਬੋਹੜ ਵੱਲ ਨੂੰ ਹੋ ਤੁਰਿਆ। ਤਾਈ ਦੀ ਲਾਸ਼ ਠੰਢ ਨਾਲ ਆਕੜੀ ਪਈ ਸੀ। ਤਾਰੇ ਦੀਆਂ ਅੱਖਾਂ ਮੋਹਰੇ ਕੱਲ ਰਾਤ ਜੋ ਵਾਪਰਿਆ ਸੀ, ਆ ਖੜਾ ਹੋਇਆ। ਉਸ ਨੂੰ ਲੱਗਿਆ ਦੇਬੋ ਦੀ ਮੌਤ ਦਾ ਉਹੀ ਜ਼ੁੰਮੇਵਾਰ ਹੋਵੇ। ਉਸ ਤਾਈ ਦਾ ਸਿਰ ਆਪਣੇ ਪੱਟਾਂ ‘ਤੇ ਰੱਖ ਲਿਆ ਤੇ ਫੁੱਟ-ਫੁੱਟ ਰੋਣ ਲੱਗਾ।
ਇਹ ਵੇਖ ਚੰਨੂੰ ਦੀਆਂ ਵੀ ਅੱਖਾਂ ਭਰ ਆਈਆਂ। ਤਾਰਾ ਸਿੰਘਾ ਮਾੜਾ ਹੋਇਆ। ਬੜੀ ਚੰਗੀ ਸੀ ਪੁੱਤ ਦਾ ਝੋਰਾ ਈ ਖਾ ਗਿਆ। ਚੰਨੂੰ ਨੇ ਸਾਫ਼ੇ ਨਾਲ ਅੱਖਾਂ ਸਾਫ਼ ਕਰਦਿਆਂ ਆਖਿਆ।
ਵੇਖਦੇ ਹੀ ਵੇਖਦੇ ਸਾਰਾ ਪਿੰਡ ਇਕੱਠਾ ਹੋ ਗਿਆ। ਸਭ ਤਾਈ ਦੇਬੋ ਦੀਆਂ ਗੱਲਾਂ ਕਰਨ ਲੱਗੇ।
ਨਾਜਰ ਸਿੰਘ ਨੇ ਨੰਬਰਦਾਰ ਨੂੰ ਇਕ ਪਾਸੇ ਲਿਜਾ ਕੇ ਆਖਿਆ, “ਨੰਬਰਦਾਰ ਜੀ ਇਹ ਤਾਂ ਮਰਗ ਹੋ ਗਿਆ। ਚੰਗੇ ਕੰਮ ਚੱਲੇ ਸੀ, ਜੋ ਵਾਹਿਗੁਰੂ ਨੂੰ ਮਨਜ਼ੂਰ। ਹੁਣ ਕੀ ਕਰੀਏ? ਰਜਿਸਟਰੀ ਦਾ ਫਾਹਾ ਵੱਢ ਆਈਏ ਤੇ ਦਾਗਾਂ ਤੋਂ ਪਹਿਲਾਂ ਪਹਿਲਾਂ ਮੁੜਨ ਵਾਲੇ ਬਣੀਏ। ਕਿਤੇ ਜ਼ੈਲਾ ਦੇਬੋ ਦੀ ਮੌਤ ਸੁਣ ਕੇ ਭੱਜ ਈ ਨਾ ਆਵੇ ਪਿੰਡ ਨੂੰ, ਤਾਰੇ ਨੂੰ ਬੁਲਾਓ ਚੱਲੀਏ ਹੁਣ।”
ਨੰਬਰਦਾਰ ਨੇ ਬੜੇ ਠਰ੍ਹੰਮੇ ਨਾਲ ਤਾਰੇ ਦੇ ਮੋਢੇ ‘ਤੇ ਹੱਥ ਰਖਦਿਆਂ ਕਿਹਾ, “ਚੱਲ ਬਈ ਜਵਾਨਾ, ਇਹ ਤਾਂ ਵਿਚਾਰੀ ਮਿੱਟੀ ਹੋ ਗਈ। ਉਠ ਆਪਾਂ ਵੀ ਕੰਮ ਨਿਬੇੜ ਆਈਏ।”
ਨਾਜ਼ਰ ਸਿੰਘ ਨੂੰ ਤਾਰੇ ‘ਤੇ ਗੁੱਸਾ ਆ ਰਿਹਾ ਸੀ ਕਿ ਚੰਗਾ ਭਲਾ ਪਤੈ ਇਸ ਨੂੰ ਰਜਿਸਟਰੀ ਕਰਾਉਣੀ ਏ, ਉਹ ਸ਼ਹਿਰ ਉਡੀਕਦੇ ਹੋਣੇ। ਕਈ ਦਿਨਾਂ ਦੇ ਇਸੇ ਪਾਸੇ ਲੱਗੇ ਆਂ। ਇਹ ਮਾਂ ਦਾ ਖਸਮ ਵੇਖ ਖਾਂ ਕਿਵੇਂ ਬੁੜੀਆਂ ਵਾਂਗ ਲੱਗੈ ਰੋਣ, ਜਿਵੇਂ ਇਹਦੀ ਮਾਂ ਮਰ ਗਈ ਹੋਵੇ।
ਤਾਰਾ ਚਾਹੁੰਦਾ ਤਾਂ ਸੀ, ਆਖ ਦੇਵੇ ਬਾਪੂ ਨੂੰ ‘ਅਸੀਂ ਨਹੀਂ ਕਰਾਉਣੀ ਰਜਿਸਟਰੀ’ ਪਰ ਪਤਾ ਨਹੀਂ ਉਸ ਦਾ ਮਨ ਕਿਸ ਮਿੱਟੀ ਦਾ ਬਣਿਆ ਹੋਇਆ ਸੀ। ਉਹ ਉਠਿਆ ਤੇ ਮਗਰ ਮਗਰ ਹੋ ਤੁਰਿਆ। ਉਸ ਦੀਆਂ ਅੱਖਾਂ ਅੱਗੇ ਅਤੀਤ ਦੇ ਕਈ ਦ੍ਰਿਸ਼ ਉਭਰ ਗਏ।
ਉਦੋਂ ਤਾਈ ਦੇਬੋ ਭਰ ਜਵਾਨ ਘੋੜੇ ਵਾਂਗ ਭੱਜੀ ਫਿਰਦੀ, ਕੰਮ ਮੁਕ ਜਾਂਦਾ ਪਰ ਤਾਈ ਨਾ ਥੱਕਦੀ। ਤਾਇਆ ਅਮਲੀ ਸੀ। ਸਾਰਾ ਦਿਨ ਅਮਲ ਖਾ ਕੇ ਵੇਹਲਿਆਂ ਦੀ ਢਾਣੀ ‘ਚ ਬੈਠਾ ਰਹਿੰਦਾ।
ਇਕ ਵਾਰ ਚਾਚਾ ਹਰਨਾਮਾ ਤਾਏ ਜ਼ੈਲੇ ਬਾਰੇ ਦੱਸਣ ਲੱਗਾ, ਰੌਲਿਆਂ ਦਾ ਸਾਲ ਸੀ, ਤਾਇਆ ਉਦੋਂ ਭਰ ਜਵਾਨ ਸੀ, ਜਵਾਨੀ ‘ਚ ਉਸ ਦਾ ਇਕੋ ਸ਼ੌਂਕ ਸੀ, ਮਾਲਸ਼ ਕਰਨੀ, ਡੰਡ ਬੈਠਕਾਂ ਕੱਢਣੀਆਂ ਤੇ ਖਾੜੇ ‘ਚ ਘੁਲਣਾ। ਉਸ ਦੇ ਗੇਲੀ ਗੇਲਣੀ ਵਰਗੇ ਪੱਟ ਤੇ ਪਹਾੜ ਜਿੱਡੀ ਛਾਤੀ ਵੇਖ ਕੇ ‘ਪ੍ਰਤਾਪੀ’ ਜੋ ਆਪਣੇ ਵੇਲੇ ਦੀ ਸਭ ਤੋਂ ਹੁਸੀਨ ਕੁੜੀ ਸੀ, ਤਾਏ ‘ਤੇ ਲੱਟੂ ਹੋ ਗਈ। ਦੋਵੇਂ ਲੁਕ-ਲੁਕ ਇਕ ਦੂਜੇ ਨੂੰ ਮਿਲਣ ਲੱਗੇ। ਲੋਕਾਂ ਦੀ ਜ਼ਬਾਨ ਤੇ ਇਨ੍ਹਾਂ ਦੀਆਂ ਗੱਲਾਂ ਹਾਲੇ ਤੁਰੀਆਂ ਹੀ ਸਨ, ਰੌਲੇ ਪੈ ਗਏ।
‘ਪ੍ਰਤਾਪੀ’ ਦਾ ਕੋਈ ਥਹੁ ਪਤਾ ਨਾ ਲੱਗਾ। ਉਹ ਕਿੱਥੇ ਗਈ, ਜਿਊਂਦੀ ਏ ਕਿ ਮਰ ਗਈ ਏ। ਸਿਆਲਕੋਟ ਤੋਂ ਇੱਧਰ ਆ ਕੇ ਤਾਇਆ ਉਦਾਸ ਰਹਿਣ ਲੱਗਾ। ਉਸ ਨੂੰ ਹਰ ਵੇਲੇ ਪ੍ਰਤਾਪੀ ਦੀ ਯਾਦ ਸਤਾਉਂਦੀ। ਉਹ ਸਾਰੀ ਸਾਰੀ ਰਾਤ ਜਾਗ ਕੇ ਹਾਉਕੇ ਭਰਦਾ। ਗ਼ਮ ਤੋਂ ਛੁਟਕਾਰਾ ਪਾਉਣ ਲਈ ਉਹ ਕਦੇ ਅਫੀਮ ਖਾਂਦਾ ਤੇ ਕਦੇ ਸ਼ਰਾਬ ਪੀ ਛੱਡਦਾ। ਤਾਏ ਦੇ ਬਾਪੂ ਨੇ ਜਦੋਂ ਆਪਣੇ ਪੁੱਤਰ ਦੀ ਇਹ ਹਾਲਤ ਵੇਖੀ ਤਾਂ ਉਸ ਇਸ ਦਾ ਵਿਆਹ ਕਰḔਤਾ। ਪਰ ਤਾਇਆ ‘ਪ੍ਰਤਾਪੀ’ ਨੂੰ ਨਾ ਭੁੱਲ ਸਕਿਆ ‘ਪ੍ਰਤਾਪੀ’ ਦੀ ਥਾਂ ਨਸ਼ਿਆਂ ਨੇ ਲੈ ਲਈ। ਤਾਈ ਬਥੇਰਾ ਯਤਨ ਕਰਦੀ, ਉਸ ਨੂੰ ਖੁਸ਼ ਰੱਖਣ ਦਾ। ਪਰ ਤਾਇਆ ਨਾ ਖੁਸ਼ ਹੋਇਆ। ਨਸ਼ਿਆਂ ਨੇ ਉਸ ਦਾ ਸਾਰਾ ਸਰੀਰ ਖੋਰḔਤਾ ਤੇ ਉਹ ਕੁਝ ਸਾਲਾਂ ‘ਚ ਹੀ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ।
ਜੀਤੇ ਦੇ ਮਨ ਵਿਚ ਪਿਉ ਪ੍ਰਤੀ ਰੋਹ ਸੀ ਤੇ ਮਾਂ ਦੇ ਨਾਲ ਅੰਤਾਂ ਦਾ ਮੋਹ। ਉਹ ਆਪਣੀ ਮਾਂ ਲਈ ਬੜਾ ਕੁਝ ਕਰਨਾ ਚਾਹੁੰਦਾ ਸੀ ਪਰ ਕਰ ਨਾ ਸਕਿਆ।
ਦਸਵੀਂ ਪਾਸ ਕਰਕੇ ਉਹ ਆਪ ਵਾਹੀ ‘ਚ ਫਸ ਗਿਆ ਤੇ ਘਰ ਵਿਚ ਗ਼ਰੀਬੀ ਹੋਣ ਦੇ ਬਾਵਜੂਦ ਪੜ੍ਹਾਈ ਕਰਨ ਸ਼ਹਿਰ ਤੁਰ ਗਿਆ। ਪਹਿਲੇ ਤਿੰਨ ਸਾਲ ਉਸ ਬੜੇ ਇਨਾਮ ਜਿੱਤੇ। ਹੱਡਾਂ ਦਾ ਮੋਕਲਾ ਸੀ, ਬਿਲਕੁਲ ਆਪਣੇ ਪਿਉ ‘ਤੇ ਗਿਆ ਸੀ। ਕਈ ਛਿੰਜਾਂ ਜਿੱਤੀਆਂ ਸਨ ਉਸ ਨੇ ਤੇ ਫਿਰ ਕਾਲਜ ਵੱਲੋਂ ਕੁਸ਼ਤੀਆਂ ਲੜਨ ਲੱਗਾ। ਕਾਲਜ ਦਾ ਬੈਸਟ ਖਿਡਾਰੀ ਵੀ ਚੁਣਿਆ ਗਿਆ। ਬੀæਏæ ਦੇ ਆਖਰੀ ਸਾਲ ‘ਚ ਉਹ ਆਪਣੇ ਬੇਲੀਆਂ ਦੇ ਜ਼ੋਰ ਪਾਉਣ ਤੇ ਸਪੋਰਟਸ ਕਾਲਜ ਨੂੰ ਛੱਡ ਕੇ ‘ਖ਼ਾਲਸਾ ਕਾਲਜ’ ਆ ਗਿਆ। ਖ਼ਾਲਸਾ ਕਾਲਜ ‘ਚ ਉਸ ਨੂੰ ਕੁਝ ਮਹੀਨੇ ਹੀ ਬੀਤੇ ਸਨ, ਉਸ ਦਾ ਰੰਗ ਢੰਗ ਬਦਲ ਗਿਆ। ਉਹ ਕਲੀਨ ਸੇਵ ਤੋਂ ਪੂਰਾ ਸਿੰਘ ਬਣ ਗਿਆ। ਭਰਵੀਂ ਸੰਘਣੀ ਦਾੜ੍ਹੀ ਉਹ ਪੂਰਾ ਜਥੇਦਾਰ ਜਾਪਦਾ। ਅਖਾੜੇ ਵਿਚ ਉਸ ਦਾ ਜਾਣਾ ਛੁੱਟ ਗਿਆ ਸੀ।
ਉਹ ਹਨੇਰੇ ਸਵੇਰੇ ਆਪਣੇ ਸਾਥੀਆਂ ਨਾਲ ਪਿੰਡ ਆਉਂਦਾ ਥੋੜ੍ਹੀ ਦੇਰ ਅਟਕਦਾ ਤੇ ਚੱਲਿਆ ਜਾਂਦਾ। ਉਸ ਨੂੰ ਹਮੇਸ਼ਾ ਜਾਣ ਦੀ ਕਾਹਲ ਹੁੰਦੀ।
ਨਛੱਤਰੂ ਤਾਂ ਪਹਿਲਾਂ ਈ ਉਸ ਦੇ ਹਿੱਸੇ ਬਚੇ ਖੁਚੇ ਚਾਰ ਕੁ ਸਿਆੜਾਂ ‘ਤੇ ਅੱਖਾਂ ਟਿਕਾਈ ਬੈਠਾ ਸੀ। ਉਸ ਲੋਕਾਂ ਦੇ ਕੰਨ ਭਰਨੇ ਸ਼ੁਰੂ ਕਰḔਤੇ, ਲੋਕੀਂ ਜੀਤੇ ਤੋਂ ਤ੍ਰਹਿਣ ਲੱਗੇ।
ਉਹ ਛੁੱਟੀਆਂ ‘ਚ ਪੂਰੇ ਪੰਦਰਾਂ ਦਿਨ ਪਿੰਡ ਰਿਹਾ ਸੀ। ਉਹ ਜਦ ਵੀ ਆਪਣੇ ਪਿੰਡ ਦੇ ਕਿਸੇ ਬੇਲੀ ਜਾਂ ਵਿਹੜਿਉਂ ਲਗਦੇ ਚਾਚੇ ਤਾਏ ਜਾਂ ਭਰਾ ਨੂੰ ਬੁਲਾਉਂਦਾ, ਉਹ ਉਸ ਦੀ ਗੱਲ ਦਾ ਪੂਰਾ ਹੁੰਗਾਰਾ ਨਾ ਭਰਦੇ ‘ਤੇ ਉਸ ਤੋਂ ਡਰਦੇ ਖਿਸਕਣ ਦੀ ਕਰਦੇ। ਉਹ ਇਹ ਸਭ ਵੇਖ ਬੜਾ ਦੁੱਖੀ ਹੁੰਦਾ। ਮੇਰੇ ਨਾਲ ਆਪਣਾ ਦੁੱਖੜਾ ਸਾਂਝਾ ਕਰਦਾ। ਮੈਂ ਸਭ ਕੁਝ ਜਾਣਦੇ ਹੋਏ ਵੀ ਉਸ ਦਾ ਦਿਲ ਰੱਖਣ ਲਈ ਆਖਦਾ, “ਨਹੀਂ ਜੀਤਿਆ ਇਹ ਸਭ ਤੇਰੇ ਮਨ ਦਾ ਵਹਿਮ ਏਂ?”
“ਬੀਬੀ ਬਸ ਥੋੜ੍ਹੇ ਈ ਦਿਨ ਨੇ, ਕਾਲਜ ਤੋਂ ਫ੍ਰੀ ਹੋ ਜਾਣੈ, ਤੂੰ ਫਿਕਰ ਨਾ ਕਰਿਆ ਕਰ। ਆਪਣੀ ਕਿਹੜੀ ਕਿਸੇ ਨਾਲ ਦੁਸ਼ਮਣੀ ਏ। ਕੀ ਤੈਨੂੰ ਆਪਣੇ ਪੁੱਤ ‘ਤੇ ਭਰੋਸਾ ਨਹੀਂ? ਉਹ ਤਾਈ ਨੂੰ ਹੌਂਸਲਾ ਵੀ ਦੇ ਜਾਂਦਾ ਤੇ ਜਾਂਦੇ ਹੋਏ ਮੇਰੀ ਡਿਊਟੀ ਵੀ ਲਾ ਜਾਂਦਾ। ਬੇਬੇ ਦਾ ਖਿਆਲ ਰੱਖੀਂ, ਪੜ੍ਹਾਈ ਜ਼ੋਰਾਂ ‘ਤੇ ਆ।
ਇਕ ਰਾਤ ਜੀਤਾ ਹਾਲੇ ਘਰ ਆਇਆ ਹੀ ਸੀ, ਪੁਲਿਸ ਦੀਆਂ ਹਰਲ ਹਰਲ ਕਰਦਿਆਂ ਜੀਪਾਂ ਤੇ ਸੈਂਕੜਿਆਂ ਦੀ ਤਦਾਦ ‘ਚ ਖਾਕੀ ਵਰਦੀ ਵਾਲਿਆਂ ਪਿੰਡ ਨੂੰ ਘੇਰ ਲਿਆ ਸੀ। ਜੀਤੇ ਦੀਆਂ ਮੁਸ਼ਕਾਂ ਬੰਨ੍ਹ ਕੇ ਲੈ ਤੁਰੇ ਸਨ। ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਪੁਲਿਸ ਨੂੰ ਪੁੱਛੇ, “ਜੀਤੇ ਦਾ ਕੀ ਕਸੂਰ ਏ?”
ਤਾਈ ਦੇਬੋ ਅੰਨ੍ਹੇ-ਵਾਹ ਜੀਪ ਦੇ ਮਗਰ ਭੱਜੀ ਸੀ। ਠਾਣੇਦਾਰ ਨੇ ਰਫ਼ਲ ਦੀ ਬੱਟ ਮਾਰੀ ਤੇ ਤਾਈ ਥਾਂਏਂ ਢੇਰੀ ਹੋ ਗਈ ਉਸ ਦਿਨ ਤੋਂ ਬਾਅਦ ਹਾੜ੍ਹ ਜਾਵੇ ਜਾਂ ਪੋਹ ਆਏ ਪਿੰਡ ਪਿੰਡ, ਗਲੀ ਗਲੀ, ਘਰ ਘਰ ਭਟਕਣ ਲੱਗੀ ਤਾਈ ਦੇਬੋ।
ਫਿਰ ਉਹੀ ਹੋਇਆ ਜਿਸ ਦਾ ਡਰ ਸੀ। ਹਫ਼ਤੇ ਕੁ ਬਾਅਦ ਅਖ਼ਬਾਰ ਦੇ ਪਹਿਲੇ ਪੰਨੇ ‘ਤੇ ਜੀਤੇ ਦੀ ਲਾਸ਼ ਦੀ ਫੋਟੋ ਛਪੀ। ਜਿਸ ਨੂੰ ਪੜ੍ਹ ਕੇ ਸਾਰਾ ਪਿੰਡ ਹਿੱਲ ਗਿਆ ਸੀ?
“ਨਾ ਨਾਜ਼ਰ ਸਿੰਹਾਂ ਲੇਟ ਹੋ ਗਏ।” ਤਾਰੇ ਦੇ ਫੁੱਫੜ ਘੁੰਮਣ ਸਿੰਘ ਨੇ ਉਨ੍ਹਾਂ ਨੂੰ ਤਹਿਸੀਲੇ ਵੜਦਿਆਂ ਨੂੰ ਵੇਖ ਦੂਰੋਂ ਹੀ ਆਵਾਜ਼ ਮਾਰੀ। ਤਾਰੇ ਦੇ ਖਿਆਲਾਂ ਦੀ ਲੜੀ ਟੁੱਟ ਗਈ। ਉਸ ਨੂੰ ਪਤਾ ਹੀ ਨਾ ਲੱਗਿਆ ਕਿ ਉਹ ਕਦ ਤਹਿਸੀਲੇ ਪਹੁੰਚ ਗਏ ਸਨ।
“ਘੁੰਮਣ ਸਿੰਹਾਂ ਬੁੜ੍ਹੀ ਦੇਬੋ ਕਰ ਗਈ ਚੜ੍ਹਾਈਆਂ।” ਨਾਜ਼ਰ ਸਿੰਘ ਨੇ ਕੋਲ ਆ ਕੇ ਉਸ ਦੇ ਕੰਨ ‘ਚ ਹੌਲੀ ਦੇਣੀ ਆਖਿਆ।
“ਉਹ ਹੋ ਬੜੀ ਬੁਰੀ ਖ਼ਬਰ ਏ ਫਿਰ ਤਾਂ? ਅੱਛਾਂ ਕਾਗਜ਼ ਤਿਆਰ ਨੇ। ਜ਼ੈਲੇ ਦੇ ਦਸਤਖ਼ਤ ਹੋ ਚੁੱਕੇ ਨੇ। ਆਓ ਫਟਾਫਟ।”
ਉਹ ਚਾਰੇ ਅਰਜ਼ੀ ਨਵੀਸ ਦੇ ਬੈਂਚਾਂ ‘ਤੇ ਬੈਠ ਗਏ, ਤੇ ਕਾਗਜ਼ ਮੁਕੰਮਲ ਕਰਾਉਣ ‘ਚ ਰੁੱਝ ਗਏ।
ਦੁਪਹਿਰਾਂ ਢੱਲ ਗਈਆਂ ਸਨ। ਰਜਿਸਟਰੀ ਹੋ ਚੁੱਕੀ ਸੀ ਤੇ ਉਹ ਵਾਪਸ ਪਰਤ ਰਹੇ ਸਨ।
“ਬਾਪੂ ਆਹ ਲੈ ਝੋਲਾ।” ਤਾਰੇ ਨੇ ਦੁੱਖੀ ਜਿਹਾ ਹੋ ਕੇ ਰਜਿਸਟਰੀ ਵਾਲਾ ਝੋਲਾ ਇੰਜ ਫੜਾਇਆ ਜਿਵੇਂ ਕੋਈ ਚੀਜ਼ ਗਲੋਂ ਲਾਹੀ ਦੀ ਏ ਆਪ ਨਹਿਰੋਂ ਨਹਿਰ ਕਬਰਾਂ ਵੱਲ ਨੂੰ ਹੋ ਤੁਰਿਆ।
ਲੱਟ ਲੱਟ ਸਿਵਾ ਬਲ ਰਿਹਾ ਸੀ। ਤਾਰੇ ਨੂੰ ਇੰਜ ਲੱਗਾ ਜਿਵੇਂ ਵਣ ‘ਚੋਂ ਕੱਲੇ ਰੁੱਖ ਨੂੰ ਤੋੜ ਕੇ ਚਿਖ਼ਾ ‘ਚ ਚਿਣ ਦਿੱਤਾ ਗਿਆ ਹੋਵੇ। ਉਸ ਇਕ ਲੱਕੜ ਚੁੱਕੀ ਤੇ ਸਿਵੇ ‘ਚ ਧਰ ਦਿੱਤੀ। ਆਪ-ਮੁਹਾਰੇ ਉਸ ਦੀਆਂ ਭੁੱਬਾਂ ਨਿਕਲ ਗਈਆਂ। ਉਹ ਕਿੰਨੀ ਦੇਰ ਹੁਬਕੀ ਹੁਬਕੀ ਰੋਂਦਾ ਰਿਹਾ।
ਸ਼ਾਮ ਸੰਘਣੇ ਹਨੇਰੇ ‘ਚ ਬਦਲ ਚੁੱਕੀ ਸੀ। ਉਹ ਮੁੜਿਆ ਤਾਂ ਕੀ ਵੇਖਦਾ ਹੈ ਪਿੱਪਲ ਦੇ ਥੱਲੇ ਤਾਇਆ ਜ਼ੈਲਾ ਗੁੰਮ ਸੁੰਮ ਬੁੱਤ ਬਣਿਆ ਬੈਠਾ ਹੈ। ਉਸ ਦੀ ਦਾੜ੍ਹੀ ‘ਚ ਕਿੰਨੇ ਹੀ ਅੱਥਰੂ ਅਟਕੇ ਹੋਏੇ ਸਨ। “ਤਾਇਆæææ?” ਐਨਾ ਹੀ ਉਸ ਦੇ ਮੂੰਹੋਂ ਨਿਕਲਿਆ। ਉਹ ਉਸ ਦੇ ਗਲ ਨੂੰ ਚੰਬੜ ਗਿਆ ਤੇ ਧਾਹੀਂ ਰੋਣ ਲੱਗਾ।
“ਚੱਲ ਤਾਇਆ ਘਰ ਨੂੰ।” ਤਾਰਾ ਆਪਣੇ ਆਪ ਨੂੰ ਸਾਵਾਂ ਕਰਦਾ ਬੋਲਿਆ।
“ਨਹੀਂ ਪੁੱਤ ਮੈਂ ਹਾਲੇ ਨਹੀਂ ਜਾਣਾ।” ਉਸ ਖੀਸੇ ‘ਚੋਂ ਰੁਪਏ ਕੱਢੇ ਤੇ ਤਾਰੇ ਦੇ ਹੱਥਾਂ ‘ਚ ਫੜਾਉਂਦਾ ਹੋਇਆ ਬੋਲਿਆ, “ਲੈ ਪੁੱਤ ਸਾਂਭ ਇਨ੍ਹਾਂ ਨੂੰ, ਇਹਦਾ ਵੀ ਨਾਜਰ ਸਿੰਘ ਨੂੰ ਕੌੜਾ ਵੱਟਾ ਦੇ ਦੇਵੀਂ।”

Be the first to comment

Leave a Reply

Your email address will not be published.