ਮੰਦੀ ਬੋਲ-ਬਾਣੀ ਤੋਂ ਚੋਣ ਕਮਿਸ਼ਨ ਖਫਾ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਦਾ ਮਾਹੌਲ ਭਖਣ ਨਾਲ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਵਿਚ ਆਈ ਤਲਖੀ ਤੋਂ ਚੋਣ ਕਮਿਸ਼ਨ ਵੀ ਖਫਾ ਹੈ। ਪਿਛਲੇ ਦਿਨੀਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚੋਣ ਰੈਲੀ ਵਿਚ ਕਿਹਾ ਸੀ ਕਿ ਕਾਂਗਰਸੀਆਂ ਦੀ ਧੌਣ ਮਰੋੜ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੋਨੀਆ ਗਾਂਧੀ ਨੂੰ ਹੰਟਰ ਵਾਲੀ ਬੀਬੀ ਅਤੇ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਉਮੀਦਵਾਰ ਅੰਬਿਕਾ ਸੋਨੀ ਨੂੰ ਬੁੱਢੀ ਆਖ ਦਿੱਤਾ ਸੀ।
ਕਾਂਗਰਸ ਦਾ ਕਹਿਣਾ ਹੈ ਕਿ ਅਕਾਲੀ ਦਲ ਆਪਣੀ ਹਾਰ ਵੇਖ ਕੇ ਬੁਖਲਾ ਗਿਆ ਹੈ, ਇਸ ਲਈ ਹੀ ਅਜਿਹੀ ਹੋਛੀ ਬਿਆਨਬਾਜ਼ੀ ਕਰ ਰਿਹਾ ਹੈ। ਅਸਲ ਵਿਚ ਇਸ ਵਾਰ ਵੀ ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਵੇਖਦਿਆਂ ਹਾਕਮ ਧਿਰ ਆਪਣੀ ਜਿੱਤ ਯਕੀਨੀ ਮੰਨ ਰਹੀ ਸੀ, ਪਰ ਕਾਂਗਰਸ ਹਾਈ ਕਮਾਨ ਨੇ ਅਚਾਨਕ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਅਕਾਲੀ-ਭਾਜਪਾ ਗੱਠਜੋੜ ਦੀਆਂ ਗਿਣਤੀਆਂ ਮਿਣਤੀਆਂ ਵਿਗਾੜ ਦਿੱਤੀਆਂ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ, ਅਨੰਦਪੁਰ ਸਾਹਿਬ ਤੋਂ ਅੰਬਿਕਾ ਸੋਨੀ, ਫਿਰੋਜ਼ਪੁਰ ਤੋਂ ਸੁਨੀਲ ਜਾਖੜ, ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹਨ। ਕਾਂਗਰਸ ਦੀ ਇਸ ਰਣਨੀਤੀ ਨੂੰ ਟੱਕਰ ਦੇਣ ਲਈ ਸੱਤਾ ਧਿਰ ਨੇ ਵੀ ਆਪਣੀ ਸਰਗਰਮੀ ਵਧਾ ਦਿੱਤੀ ਹੈ। ਮੀਡੀਆ ਵਿਚ ਨਵੇਂ ਚੋਣ ਦ੍ਰਿਸ਼ ਬਾਰੇ ਚਰਚੇ ਕਰ ਕੇ ਅਕਾਲੀ ਦਲ ਹਮਲਾਵਰ ਰੁਖ਼ ਅਪਨਾ ਰਿਹਾ ਹੈ। ਅਕਾਲੀ ਆਗੂ ਵਿਰੋਧੀਆਂ ‘ਤੇ ਤਿੱਖੇ ਸ਼ਬਦੀ ਵਾਰ ਕਰ ਰਹੇ ਹਨ।
ਉਧਰ, ਕਾਂਗਰਸ ਨੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਏ ਜਿਸ ਮਗਰੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀæਕੇæ ਸਿੰਘ ਥੋੜ੍ਹਾ ਸਰਗਰਮ ਹੋਏ ਹਨ। ਪੰਜਾਬ ਦੇ ਕਈ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਕ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸੱਤਾ ਧਿਰ ਲਈ ਇਹ ਪਹਿਲਾ ਵੱਡਾ ਝਟਕਾ ਹੈ। ਇਨ੍ਹਾਂ ਅਧਿਕਾਰੀਆਂ ‘ਤੇ ਦੋਸ਼ ਸੀ ਕਿ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਚੋਣਾਂ ਵਿਚ ਸੱਤਾ ਧਿਰ ਨੂੰ ਫਾਇਦਾ ਦੇ ਰਹੇ ਹਨ।
ਚੋਣ ਕਮਿਸ਼ਨ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕਾਂਗਰਸੀਆਂ ਦੀ ਧੌਣ ਮਰੋੜਨ ਵਾਲੇ ਬਿਆਨ ਦੀ ਸੀæਡੀæ ਮੰਗਵਾਈ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਸਰਕਾਰੀ ਅਫ਼ਸਰਾਂ ਨੂੰ ਧਮਕਾਉਣ ਦੇ ਮਾਮਲੇ ‘ਤੇ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਜਾਂਚ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਚੋਣ ਅਧਿਕਾਰੀ ਵਿਜੈ ਕੁਮਾਰ ਸਿੰਘ ਨੇ ਅਕਾਲੀ ਉਮੀਦਵਾਰ ਵੱਲੋਂ ਆਮ ਜਲਸੇ ਦੌਰਾਨ ਵਰਤੀ ਭਾਸ਼ਾ ਦੀ ਵੀਡੀਓਗਰਾਫ਼ੀ ਦੇਖ ਲਈ ਹੈ। ਚੋਣ ਕਮਿਸ਼ਨ ਵੱਲੋਂ ਮੰਗੇ ਜਾਣ ‘ਤੇ ਜਲਸੇ ਦੀ ਸੀæਡੀæ ਦਿੱਲੀ ਭੇਜੀ ਜਾਵੇਗੀ। ਪਤਾ ਲੱਗਾ ਹੈ ਕਿ ਮੁੱਖ ਚੋਣ ਅਫ਼ਸਰ ਅਕਾਲੀ ਉਮੀਦਵਾਰ ਵਿਰੁਧ ਕਾਰਵਾਈ ਕਰਨ ਨੂੰ ਲੈ ਕੇ ਸ਼ਸ਼ੋਪੰਜ ਵਿਚ ਹਨ ਪਰ ਇਸ ਮਾਮਲੇ ਕਰਕੇ ਸ਼ ਇਯਾਲੀ ਲਈ ਸੰਕਟ ਵਧ ਸਕਦਾ ਹੈ। ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਚੋਣ ਜਲਸੇ ਦੌਰਾਨ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਬਿਕਾ ਸੋਨੀ ਨੂੰ 72 ਸਾਲ ਦੀ ਬੁੱਢੀ ਕਹਿਣ ਤੋਂ ਬਾਅਦ ਪੈਦਾ ਹੋਏ ਵਿਵਾਦ ਬਾਰੇ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੀæਕੇæ ਸਿੰਘ ਨੂੰ ਆਪਣੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਭਾਵੇਂ ਆਪਣੀ ਰਿਪੋਰਟ ਵਿਚ ਪੁਸ਼ਟੀ ਕੀਤੀ ਹੈ ਕਿ ਸ਼ ਚੰਦੂਮਾਜਰਾ ਨੇ ਸ੍ਰੀਮਤੀ ਸੋਨੀ ਨੂੰ 72 ਸਾਲ ਦੀ ਬੁੱਢੀ ਮਾਈ ਆਖਿਆ ਸੀ, ਪਰ ਇਸ ਦੇ ਨਾਲ ਹੀ ਅਕਾਲੀ ਆਗੂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਹੈ।
ਉਂਜ ਕਾਂਗਰਸੀ ਉਮੀਦਵਾਰ ਜਾਂ ਕਿਸੇ ਹੋਰ ਪਾਰਟੀ ਆਗੂ ਵੱਲੋਂ ਇਸ ਟਿੱਪਣੀ ਖ਼ਿਲਾਫ਼ ਚੋਣ ਕਮਿਸ਼ਨਰ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਸੀ, ਪਰ ਇਸ ਮੁੱਦੇ ‘ਤੇ ਅਕਾਲੀ ਤੇ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜ਼ੀ ਦਾ ਨੋਟਿਸ ਲੈਂਦਿਆਂ ਮੁੱਖ ਚੋਣ ਕਮਿਸ਼ਨਰ ਨੇ ਜ਼ਿਲ੍ਹਾ ਚੋਣ ਅਫਸਰ ਨੂੰ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦੇਣ ਲਈ ਆਖਿਆ ਸੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਕੋਲ ਚੋਣ ਜ਼ਾਬਤੇ ਦੀਆਂ ਵੀ ਵੱਡੇ ਪੱਧਰ ‘ਤੇ ਸ਼ਿਕਾਇਤਾਂ ਪੁੱਜੀਆਂ ਹਨ।

Be the first to comment

Leave a Reply

Your email address will not be published.