ਹਰਮੰਦਰ ਕੰਗ (ਪਰਥ) ਆਸਟ੍ਰੇਲੀਆ
ਫੋਨ-0061 4342 88301
ਬਠਿੰਡਾ ਜਿੰਨਾ ਪਹਿਲੇ ਸਮਿਆਂ ‘ਚ ਅਣਗੌਲਿਆ ਰਿਹੈ, ਹੁਣ ਓਨਾ ਹੀ ਸੁਰਖੀਆਂ ‘ਚ ਰਹਿੰਦੈ। ਕੋਈ ਸਮਾਂ ਸੀ ਜਦੋਂ ਬਠਿੰਡਾ ਇਲਾਕੇ ਦੇ ਲੋਕਾਂ ਦੀ ਵਾਇਆ ਬਠਿੰਡਾ ਕਹਿ ਕੇ ਛੇੜ ਪਈ ਹੋਈ ਸੀ ਤੇ ਇਸ ਇਲਾਕੇ ਦੇ ਪੜ੍ਹਾਕੂ ਆਪਣਾ ਜ਼ਿਲ੍ਹਾ ਨਹੀਂ ਸੀ ਦੱਸਦੇ ਹੁੰਦੇ। ਉਚੇ ਟਿੱਬਿਆ ਦੀ ਧਰਤੀ ਹੁੰਦੀ ਸੀ ਇੱਥੋਂ ਦੀ ਜ਼ਮੀਨ। ਪਾਣੀ ਦੀ ਬਹੁਤ ਥੁੜ ਹੁੰਦੀ। ਪਿੰਡਾਂ ‘ਚੋ ਜੇ ਕੋਈ ਵਰ੍ਹੇ-ਛਿਮਾਹੀ ਬਠਿੰਡੇ ਕਿਸੇ ਪੇਸ਼ੀ ‘ਤੇ ਜਾਂ ਕਿਸੇ ਰਿਸ਼ਤੇਦਾਰੀ ਵਿਚ ਜਾਂਦਾ ਤਾਂ ਜੁੱਤੀ ਵਿਚ ਦੋ ਦੋ ਸੇਰ ਰੇਤਾ ਨਾਲ ਲੈ ਕੇ ਮੁੜਦਾ। ਕੋਈ ਸਮਾਂ ਸੀ ਜਦੋਂ ਬਠਿੰਡੇ ਦੀ ਜ਼ਮੀਨ ਮਹਿਜ ਸਾਢੇ ਗਿਆਰਾਂ ਰੁਪਏ ਗਜ ਵਿਕਦੀ ਸੀ ਤੇ ਕੋਈ ਲੈਣ ਨੂੰ ਤਿਆਰ ਨਹੀਂ ਸੀ ਕਿ ਕਿਸੇ ਨੇ ਰੇਤਲੇ ਟਿੱਬਿਆਂ ਦਾ ਕੀ ਕਰਨਾ! ਬਠਿੰਡੇ ਦੀ ਕਿਸਮਤ ਉਦੋਂ ਜਾਗੀ ਜਦੋਂ ਇੱਥੇ ਥਰਮਲ ਪਲਾਂਟ ਬਣਿਆ। ਦਿਨਾਂ ਵਿਚ ਹੀ ਜ਼ਮੀਨਾਂ ਦੇ ਭਾਅ ਚੜ੍ਹ ਗਏ ਤੇ ਬਠਿੰਡਾ ਸੁਰਖੀਆਂ ਵਿਚ ਆ ਗਿਆ।
ਲੋਕ ਧਾਰਾ ਵਿਚ ਵਿਚ ਬਠਿੰਡੇ ਦਾ ਜ਼ਿਕਰ ਛਿੜ ਪਿਆ ਸੀ। ਲੋਕਾਂ ਦਾ ਮਾਣ ਨਾਲ ਸਿਰ ਉਚਾ ਹੋ ਗਿਆ। ਗੱਲਾਂ ਬਾਤਾਂ ਵਿਚ ਥਰਮਲ ਪਲਾਂਟ ਦੀਆਂ ਗੱਲਾਂ ਹੋਣ ਲੱਗੀਆਂ। ਪਿੰਡਾਂ ਦੀਆਂ ਜਨਾਨੀਆਂ ਲੜਦੀਆਂ ਤਾਂ ਇੱਕ ਦੂਜੀ ਨੂੰ ਗਾਹਲਾਂ ਕੱਢਦੀਆਂ, Ḕਨੀਂ ਤੇਰੇ ‘ਤੇ ਡਿੱਗ ਪੈਣ ਥਰਮਲ ਦੀਆਂ ਚਿਮਨੀਆਂ, ਨੀਂ ਤੇਰੇ ਪੈ ਜੇ ਅੱਖਾਂ ‘ਚ ਥਰਮਲ ਦੀ ਸਵਾਹ। ਮਾਰਿਆ ਨਾ ਲਫੇੜਾ, ਥਰਮਲ ਦੀ ਚਿਮਨੀ ਜਿੱਡੀ ਨਲੀ ਕੱਢਦੂੰ ਬਹੇਲ ਦੀ। ਵੇ ਮੈਂ ਝੀਲਾਂ ‘ਚ ਛਾਲ ਮਾਰ ਕੇ ਮਰਜੂੰ ਜੇ ਏਸ ਵਾਢੀ ਵੇਲੇ ਪਿੱਪਲ ਪੱਤੀਆਂ ਨਾ ਘੜਾ ਕੇ ਦਿੱਤੀਆਂ।’ ਅੰਗਰੇਜ਼ਾਂ ਵੇਲੇ ਦਾ ਬਣਿਆ ਰੇਲਵੇ ਸਟੇਸ਼ਨ ਸੱਤ ਲਾਈਨਾਂ ਹੋਣ ਕਰਕੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਦਾ ਰੁਤਬਾ ਹਾਸਲ ਕਰ ਗਿਆ ਸੀ। ਬਾਬੂ ਰਜਬ ਅਲੀ ਜਿਹੇ ਅਲਬੇਲੇ ਸ਼ਇਰ ਨੇ ਆਪਣੇ ਬੈਂਤਾਂ ਵਿਚ ਕਈ ਥਾਂ ਇਸ ਦਾ ਜ਼ਿਕਰ ਕੀਤੈ,
ਕਿਲਾ ਨੀ ਚਿਤੌੜ ਜੈਸਾ, ਕੌਲ ਨੀਂ ਭਦੌੜ ਜੈਸਾ,
ਡਾਕੂ ਜਿਊਣੇ ਮੌੜ ਜੈਸਾ ਕਿਸੇ ਦੇਸ ਹੋਣਾ ਨਾ।
ਤਿੱਖਾ ਬੋਲ ਬਿੰਡੇ ਜੈਸਾ, ਸੁਆਦ ਨੀਂ ਚਰਿੰਡੇ ਜੈਸਾ,
ਤੇ ਟੇਸ਼ਣ ਬਠਿੰਡੇ ਜੈਸਾ ਮਿਲਦਾ ਖੜੋਣਾ ਨਾ।
ਜਾਂ
ਰਜਬ ਅਲੀ ਸੱਤ ਲਾਇਨਾਂ ਪੈਂਦੀਆਂ ਬਠਿੰਡੇ ਵਿਚ,
ਰੌਣਕ ਜਿਆਦਾ ਜਿਉਂ ਭੰਬੋਰ ਸ਼ਹਿਰ ਸੱਸੀ ਦੇ।
ਕਿਸੇ ਸਰਕਾਰ ਲਈ ਲੋਕਾਂ ਤੋਂ ਵੋਟਾਂ ਲੈਣ ਦਾ ਸਭ ਤੋਂ ਵੱਡਾ ਵਿਕਾਸ ਦਾ ਮੁੱਦਾ ਹੁੰਦਾ ਹੈ ਤੇ ਸਮੇਂ ਸਮੇਂ ਤੇ ਵੱਖ ਵੱਖ ਸਰਕਾਰਾਂ ਬਠਿੰਡਾ ਇਲਾਕੇ ਵਿਚ ਹੋਏ ਇਸ ਤਰ੍ਹਾਂ ਦੇ ਵਿਕਾਸ ਦਾ ਸਿਹਰਾ ਆਪਣੇ ਸਿਰ ਬੰਨਦੀਆਂ ਆਈਆਂ ਹਨ। ਹਰ ਸਰਕਾਰ ਵੋਟਾਂ ਮੰਗਣ ਵੇਲੇ ਇਹੀ ਕਹਿੰਦੀ ਰਹੀ ਹੈ ਕਿ ਇਹ ਵਿਕਾਸ ਸਾਡੀ ਸਰਕਾਰ ਨੇ ਕੀਤੈ ਤੇ ਵੋਟਾਂ ਸਾਨੂੰ ਪਾਓ। ਸਮੇਂ ਨਾਲ ਜ਼ਮਾਨੇ ਦਾ ਦਸਤੂਰ ਹਮੇਸ਼ਾ ਬਦਲਦਾ ਰਿਹਾ ਹੈ। ਪਰ ਹੁਣ ਗੱਲਾਂ ਹੋਰ ਨੇ। ਅਖੇ, Ḕਕਿਸੇ ਗੱਲੋਂ ਨਾ ਬਠਿੰਡਾ ਘੱਟ ਰਹਿ ਗਿਆ, ਟਿੱਬਿਆਂ ਦੀ ਰੇਤ ਵਿਕਦੀ।’
ਵਾਕਈ ਬਠਿੰਡੇ ਦੇ ਟਿੱਬਿਆਂ ਦੀ ਰੇਤ ਵਿਕੀ ਐ ਤੇ ਹੁਣ ਤਾਂ ਇੱਥੇ ਟਿੱਬੇ ਕਿਤੇ ਦੇਖਣ ਨੂੰ ਵੀ ਨਹੀਂ ਮਿਲਦੇ। ਹੁਣ ਤਾਂ ਬਠਿੰਡਾ ਇਲਾਕੇ ਵਿਚ ਘੁੰਮਦੀਆਂ ਦਿਸਦੀਆਂ ਹਨ ਲਾਲ ਬੱਤੀ ਵਾਲੀਆਂ ਗੱਡੀਆਂ। ਜਦੋਂ ਤੋਂ ਬਠਿੰਡਾ ਜਿਲ੍ਹੇ ਉਤੇ ਸਿਆਸਤ ਮਿਹਰਬਾਨ ਹੋਈ ਹੈ, ਉਦੋਂ ਤੋਂ ਹੀ ਇਹ ਵੀæਆਈæਪੀæ ਸ਼ਹਿਰ ਬਣ ਗਿਆ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਾ ਆਪਣਾ ਇਲਾਕਾ ਹੋਣ ਕਰਕੇ ਇਸ ਦਾ ਵਿਕਾਸ ਹੋਣਾ ਸੁਭਾਵਿਕ ਹੀ ਹੈ। ਚੋਣਾਂ ਦਾ ਇਤਿਹਾਸ ਵੀ ਦੱਸਦਾ ਹੈ ਕਿ ਬਹੁਤੀ ਵਾਰ ਇਸ ਲੋਕ ਸਭਾ ਸੀਟ ‘ਤੇ ਅਕਾਲੀ ਦਲ ਦਾ ਕਬਜਾ ਰਿਹਾ ਹੈ। ਸੰਨ 2009 ਤੱਕ ਲੋਕ ਸਭਾ ਹਲਕਾ ਬਠਿੰਡਾ ਰਿਜਰਵ ਸੀ, ਪਰ ਸੰਨ 2009 ਵਿਚ ਇਸ ਨੂੰ ਜਨਰਲ ਹਲਕਾ ਐਲਾਨਣ ਤੋਂ ਬਾਦ ਬਾਦਲ ਪਰਿਵਾਰ ਦੀ ਨੂੰਹ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਤੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੇ ਬਾਦਲ ਪਰਿਵਾਰ ਦੀ ਨੂੰਹ ਨੂੰ ਤਕੜੀ ਟੱਕਰ ਦਿੱਤੀ ਸੀ। ਬੇਸ਼ੱਕ ਉਦੋਂ ਹਰਸਿਮਰਤ ਬਾਦਲ ਨੇ ਰਣਇੰਦਰ ਨੂੰ ਸਵਾ ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਪਰ ਉਦੋਂ ਵੀ ਬਾਦਲ ਪਰਿਵਾਰ ਦਾ ਸਾਰਾ ਜੋਰ ਇਸੇ ਸੀਟ ‘ਤੇ ਲੱਗਾ ਹੋਇਆ ਸੀ। ਕਿਹੜਾ ਹਰਬਾ ਸੀ ਜਿਹੜਾ ਬਾਦਲ ਪਰਿਵਾਰ ਨੇ ਨਹੀਂ ਵਰਤਿਆ। ਦਰਅਸਲ ਬਾਦਲ ਪਰਿਵਾਰ ਦਾ ਵੱਕਾਰ ਇਸ ਸੀਟ ‘ਤੇ ਦਾਅ ‘ਤੇ ਲੱਗਾ ਹੋਇਆ ਸੀ। ਇਸ ਵਾਰ ਵੀ ਬਠਿੰਡਾ ਸੀਟ ਨੇ ਆਪਣਾ ਆਪਣਾ ਉਮੀਦਵਾਰ ਖੜਾ ਕਰਨ ਦੇ ਸਵਾਲ ‘ਤੇ ਦੋਵਾਂ ਪ੍ਰਮੁੱਖ ਪਾਰਟੀਆਂ ਦੇ ਮੱਥੇ ‘ਤੇ ਤਰੇਲੀਆਂ ਲਿਆ ਦਿੱਤੀਆਂ ਸਨ। ਅਕਾਲੀ ਦਲ ਕੋਲ ਹਰਸਿਮਰਤ ਬਾਦਲ ਤੋਂ ਬਿਨਾ ਹੋਰ ਕੋਈ ਵੀ ਕੱਦਾਵਰ ਉਮੀਦਵਾਰ ਇਸ ਸੀਟ ਤੋਂ ਚੋਣ ਲੜਨ ਲਈ ਨਹੀਂ ਸੀ। ਇਹੀ ਹਾਲ ਕਾਂਗਰਸ ਦਾ ਸੀ। ਉਨ੍ਹਾਂ ਕੋਲ ਵੀ ਅਜਿਹਾ ਕੋਈ ਆਗੂ ਨਹੀਂ ਸੀ ਜਿਹੜਾ ਹਰਸਿਮਰਤ ਨੂੰ ਟੱਕਰ ਦੇ ਸਕੇ। ਕਾਂਗਰਸ ਦੀ ਕਿਸਮਤ ਚੰਗੀ ਕਹਿ ਲਵੋ ਕਿ ਇਸ ਨੂੰ ਬਾਦਲਾਂ ਨਾਲੋ ਰੁੱਸ ਕੇ ਆਏ ਮਨਪ੍ਰੀਤ ਬਾਦਲ ਵਰਗਾ ਮੋਹਰਾ ਚਾਲ ਚੱਲਣ ਲਈ ਲੱਭ ਗਿਆ। ਹੁਣ ਦਿਓਰ-ਭਰਜਾਈ ਦੇ ਚੋਣ ਮੈਦਾਨ ਵਿਚ ਹੋਣ ਕਰਕੇ Ḕਕੁੰਢੀਆਂ ਦੇ ਸਿੰਗ ਫਸ ਗਏ, ਕੋਈ ਨਿੱਤਰੂ ਵੜੇਮੇ ਖਾਣੀ’ ਵਾਲੀ ਗੱਲ ਸੱਚੀ ਸਾਬਤ ਹੋ ਗਈ ਹੈ। ਇਕੋ ਘਰ ਦੇ ਦੋ ਜੀਆਂ ਦੀ ਲੜਾਈ ਦੇਖਣ ਲਈ ਲੋਕ ਪੱਬਾਂ ਭਾਰ ਹੋਏ ਪਏ ਹਨ।
ਆਮ ਲੋਕਾਂ ਦਾ ਮੰਨਣਾ ਹੈ ਕਿ ਹਰਸਿਮਰਤ ਬਾਦਲ ਨੂੰ ਇਸ ਹਲਕੇ ਤੋਂ ਮਨਪ੍ਰੀਤ ਬਾਦਲ ਵਰਗਾ ਧੜੱਲੇਦਾਰ ਆਗੂ ਹੀ ਟੱਕਰ ਦੇ ਸਕਦਾ ਹੈ। ਗੱਲ ਕੁੱਝ ਵੀ ਹੋਵੇ ਪਰ ਹੁਣ ਸਭ ਦੀਆਂ ਨਜ਼ਰਾਂ ਇਸੇ ਸੀਟ ‘ਤੇ ਲੱਗੀਆਂ ਹੋਈਆਂ ਹਨ। ਇਸ ਹਲਕੇ ਤੋਂ ਅੱਠ ਵਾਰ ਅਕਾਲੀ ਦਲ, ਚਾਰ ਵਾਰ ਕਾਂਗਰਸ ਤੇ ਦੋ ਵਾਰ ਸੀæਪੀæਆਈæ ਦੀ ਨੁਮਇੰਦਗੀ ਰਹੀ ਹੈ। ਪਰ ਇਸ ਵਾਰ ਇਸ ਸੀਟ ਤੋਂ ਆਉਣ ਵਾਲੇ ਨਤੀਜੇ ਇਤਿਹਾਸ ਬਣਨ ਦੇ ਸਮਰਥ ਹਨ। ਸੰਨ 2009 ਵਿਚ ਇਸ ਹਲਕੇ ਨੂੰ ਜਨਰਲ ਹਲਕਾ ਬਣਾਉਣ ਸਮੇਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਸੀ, ਜਿਸ ਨੇ ਇਸ ਹਲਕੇ ਨਾਲੋ ਰਾਮਪੁਰਾ ਫੂਲ ਤਹਿਸੀਲ ਦੇ ਕਾਫੀ ਪਿੰਡਾਂ ਨੂੰ ਤੋੜ ਕੇ ਹਲਕਾ ਫਰੀਦਕੋਟ ਨਾਲ ਜੋੜ ਦਿੱਤਾ ਸੀ ਤੇ ਕਈ ਹੋਰ ਪਿੰਡ ਬਠਿੰਡਾ ਹਲਕੇ ਨਾਲ ਜੋੜੇ ਗਏ ਸਨ। ਇਸ ਨੂੰ ਵੀ ਚੋਣਾਂ ਵਿਚ ਇੱਕ ਰਣਨੀਤੀ ਦੇ ਨਜ਼ਰੀਏ ਨਾਲ ਦੇਖਿਆ ਗਿਆ ਸੀ।
ਬੇਸ਼ੱਕ ਜੋੜੇ-ਵਿਛੋੜੇ ਗਏ ਪਿਡਾਂ ਨੇ ਇਹ ਇਤਰਾਜ਼ ਵੀ ਜਤਾਇਆ ਕਿ ਸਾਡਾ ਹਲਕਾ ਕਿਉਂ ਬਦਲਿਆ ਗਿਆ ਹੈ ਪਰ ਕਿਸੇ ਦੀ ਕੋਈ ਗੱਲ ਨਾ ਸੁਣੀ ਗਈ। ਸੰਨ 2009 ਦੀਆਂ ਚੋਣਾਂ ਵਿਚ ਬਾਦਲ ਪਰਿਵਾਰ ਦੀ ਸਾਰੀ ਤਾਕਤ ਇਸੇ ਸੀਟ ਦੀ ਪ੍ਰਾਪਤੀ ‘ਤੇ ਲੱਗੀ ਹੋਈ ਸੀ। ਸਰਕਾਰੀ ਮਸ਼ੀਨਰੀ ਅਤੇ ਜੋੜ-ਤੋੜ ਦੀ ਸਿਆਸਤ ਦਾ ਬਾਦਲ ਪਰਿਵਾਰ ਨੇ ਖੂਬ ਫਾਇਦਾ ਉਠਾਇਆ। ਅਕਾਲੀ ਦਲ (ਬਾਦਲ ਪਰਿਵਾਰ) ਲਈ ਇਹ ਪੈਂਤੜਾ ਠੀਕ ਵੀ ਸੀ ਕਿAੁਂਕਿ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਨੂੰ ਭਾਰੀ ਬਹੁਮਤ ਮਿਲਿਆ ਸੀ। ਉਸ ਦੇ ਵੀ ਕਈ ਕਾਰਨ ਸਨ। 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਹੀ ਇਸ ਇਲਾਕੇ ਵਿਚ ਸਰਸੇ ਵਾਲੇ ਸਾਧ ਨੂੰ ਲੈ ਕੇ ਇਕ ਜ਼ਬਰਦਸਤ ਹੰਗਾਮਾ ਖੜਾ ਹੋਇਆ ਸੀ, ਸਰਸੇ ਵਾਲੇ ਦੇ ਸ਼ਰਧਾਲ਼ੂਆਂ ਅਤੇ ਆਮ ਲੋਕਾਂ ਵਿਚ ਜ਼ਬਰਦਸਤ ਝੜਪਾਂ ਹੋਈਆਂ ਤੇ ਕਿੰਨਾ ਚਿਰ ਇਹ ਮਸਲਾ ਅੱਗ ਵਾਂਗ ਭਖਦਾ ਰਿਹਾ। ਸਾਰੇ ਪੰਜਾਬ ਤੋਂ ਲੋਕ ਜਥਿਆਂ ਦੇ ਰੂਪ ਵਿਚ ਤਲਵੰਡੀ ਸਾਬੋ ਪਹੁੰਚੇ ਸਨ ਤੇ ਸਰਸੇ ਵਾਲੇ ਸਾਧ ਨੂੰ ਸਬਕ ਸਿਖਾਉਣ ਦੀ ਧਾਰੀ ਬੈਠੇ ਸਨ। ਪਰ ਧਰਮ ਵਿਚ ਸਿਆਸਤ ਦੀ ਘੁਸਪੈਠ ਹੋਣ ਕਰਕੇ ਜਥੇਦਾਰਾਂ ਨੇ ਲੋਕ ਰੋਹ ਨੂੰ ਕਿਵੇਂ ਨਾ ਕਿਵੇਂ ਠੰਡਾ ਕੀਤਾ। ਇਸ ਸਾਰੇ ਘਟਨਾਕ੍ਰਮ ਦਾ ਫਾਇਦਾ ਕਾਂਗਰਸ ਵਾਲੇ ਉਠਾ ਗਏ। ਲੋਕਾਂ ਵਿਚ ਇਹ ਰੋਹ ਸੀ, ਪੰਥਕ ਕਹਾਉਣ ਵਾਲੀ ਸਰਕਾਰ ਨੇ ਸਿੱਖ ਮਸਲਿਆਂ ਦੀ ਬਲੀ ਦੇ ਕੇ ਮਹਿਜ ਕੁਰਸੀ ਹਥਿਆਉਣ ਲਈ ਕਈ ਸਮਝੋਤੇ ਕੀਤੇ ਹਨ। ਲੋਕਾਂ ਦੇ ਮੂੰਹ ਤੋਂ ਹੁੰਦੀ ਹੋਈ ਇਹ ਗੱਲ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਈ ਤੇ ਨਤੀਜਾ ਸਾਹਮਣੇ ਸੀ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਇਲਾਕੇ ਵਿਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਗਿਣਤੀ ਰਿਕਾਰਡ ਤੋੜ ਹੈ ਤੇ ਇਸ ਇਲਾਕੇ ਦਾ ਇੱਕ ਸਿਰਕੱਢ ਕਾਂਗਰਸੀ ਆਗੂ ਸਰਸੇ ਵਾਲੇ ਸਾਧ ਦਾ ਕੁੜਮ ਵੀ ਹੈ। ਇਸ ਦਾ ਫਾਇਦਾ ਕਾਂਗਰਸ ਨੂੰ ਇਹ ਹੋਇਆ ਕਿ ਸਰਸੇ ਵਾਲੇ ਦੇ ਸ਼ਰਧਾਲ਼ੂਆਂ ਨੇ ਕਾਂਗਰਸ ਦੀ ਸ਼ਰੇਆਮ ਸੁਪੋਰਟ ਕੀਤੀ ਤੇ ਇਸ ਹਲਕੇ ਵਿਚ ਅਕਾਲੀਆਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ।
ਕਹਿੰਦੇ ਹਨ ਕਿ ਦੁੱਧ ਦਾ ਸੜਿਆ ਪਾਣੀ ਨੂੰ ਵੀ ਫੂਕ ਮਾਰ ਕੇ ਪੀਂਦੈ। ਇਸੇ ਕਰਕੇ ਠੀਕ ਦੋ ਸਾਲਾਂ ਬਾਦ ਹੋਈ ਲੋਕ ਸਭਾ ਚੋਣ ਵਿਚ ਘਾਗ ਸਿਅਸਤਦਾਨ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰਹ ਦੀ ਚੋਣ ਮੁਹਿੰਮ ਦੀ ਵਾਗਡੋਰ ਅਪਣੇ ਹੱਥਾਂ ਵਿਚ ਲਈ ਸੀ, ਕਿਉਂਕਿ ਉਸ ਸਮੇਂ ਕਿਸੇ ਕਿਸਮ ਦਾ ਰਿਸਕ ਨਹੀਂ ਸੀ ਲਿਆ ਜਾ ਸਕਦਾ। ਹਰਸਿਮਰਤ ਤੇ ਸੁਖਬੀਰ ਦੇ ਤਿੰਨੇ ਬੱਚੇ ਵੀ ਆਪਣੀ ਮਾਂ ਲਈ ਵੋਟਾਂ ਮੰਗਣ ਲਈ ਨਾਲ ਤੁਰੇ ਸਨ।
ਗੱਲ ਮੋੜ ਕੇ ਮੌਜੂਦਾ ਲੋਕ ਸਭਾ ਚੋਣਾਂ ‘ਤੇ ਲੈ ਕੇ ਆਉਂਦੇ ਹਾਂ। ਇਨ੍ਹਾਂ ਦਿਨਾਂ ਵਿਚ ਸਿਆਸੀ ਜੋੜ-ਤੋੜ ਹੋਣੇ ਸੁਭਾਵਿਕ ਹੀ ਹਨ। ਤਲਵੰਡੀ ਸਾਬੋ (ਦਮਦਮਾ ਸਹਿਬ) ਦੇ ਘਾਗ ਕਾਂਗਰਸੀ ਜੀਤ ਮਹਿੰਦਰ ਸਿੱਧੂ ਪਿਛਲੇ ਦਿਨੀਂ ਅਕਾਲੀ ਦਲ ਦੀ ਤੱਕੜੀ ਵਿਚ ਤੁਲ ਗਏ। ਇਸ ਜੋੜ-ਤੋੜ ਦਾ ਲਾਭ ਅਕਾਲੀ ਦਲ ਨੂੰ ਹੋ ਸਕਦਾ ਹੈ ਕਿਉਂਕਿ ਜੀਤ ਮਹਿੰਦਰ ਸਿੱਧੂ ਦੀ ਆਪਣੇ ਹਲਕੇ ਵਿਚ ਚੰਗੀ ਪੁੱਛ ਪ੍ਰਤੀਤ ਹੈ ਤੇ ਆਪਣੀ ਸੱਠ ਪ੍ਰਤੀਸ਼ਤ ਵੋਟ ਉਹ ਅਕਾਲੀਆਂ ਦੇ ਹੱਕ ਵਿਚ ਭੁਗਤਾ ਸਕਦਾ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਵਿਚ ਅਕਾਲੀ ਜਥੇਦਾਰਾਂ ਦੀ ਕੋਈ ਕਮੀ ਨਹੀਂ ਜਿਹੜੇ ਆਪਣੀ ਸਮਝ ਮੁਤਾਬਕ ਹਰ ਵਾਰ ਲੋਕਾਂ ਨੂੰ Ḕਪੰਥ ਨੂੰ ਵੋਟ’ ਪਾਉਣ ਲਈ ਉਕਸਾਉਂਦੇ ਹਨ।
ਹੁਣ ਜੇ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਬੇਸ਼ੱਕ ਮਨਪ੍ਰੀਤ ਬਾਦਲ ਇਸੇ ਇਲਾਕੇ ਦੀ ਪੈਦਾਇਸ਼ ਹੈ ਪਰ ਅਕਾਲੀ ਦਲ ਨਾਲੋ ਵੱਖ ਹੋ ਕੇ ਵੱਖਰੀ ਪਾਰਟੀ ਬਣਾਉਣੀ ਤੇ ਫਿਰ ਕਈ ਸਿਰੇ ਦੇ ਆਗੂਆਂ ਦਾ ਇਸ ਵਿਚ ਸ਼ਾਮਿਲ ਹੋ ਕੇ ਵੱਖ ਹੋਣਾ ਤੇ ਐਨ ਅੰਤ ਸਮੇਂ ਪਾਰਟੀ ਦੀ ਜਿੰਦ ਜਾਨ ਮੰਨੇ ਜਾਂਦੇ ਕਾਮੇਡੀਅਨ ਭਗਵੰਤ ਮਾਨ ਦੇ ਪਾਰਟੀ ਨਾਲੋ ਤੋੜ-ਵਿਛੋੜੇ ਦੇ ਘਟਨਾਕ੍ਰਮ ਨੇ ਮਨਪ੍ਰੀਤ ਦੀ ਪਾਰਟੀ ਦੀ ਸ਼ਾਖ ਨੂੰ ਢਾਹ ਹੀ ਲਾਈ ਹੈ। ਸ਼ਹੀਦਾਂ ਦੀ ਧਰਤੀ ਤੋਂ ਸਹੁੰ ਚੁੱਕ ਕੇ ਨਿਜ਼ਾਮ ਬਦਲਣ ਦੀਆਂ ਗੱਲਾਂ ਨੇ ਬੇਸ਼ੱਕ ਪੀæਪੀæਪੀæ ਨਾਲ ਅਗਾਂਹਵਧੂ ਸੋਚ ਦੇ ਲੋਕ ਜੋੜੇ, ਪਰ ਹੁਣ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਿਚ ਮਨਪ੍ਰੀਤ ਬਾਦਲ ਦੇ ਰਲੇਵੇਂ ਨੂੰ ਪਾਰਟੀ ਨਾਲ ਜੁੜੇ ਲੋਕ ਕੁਰਸੀ ਦੀ ਭੁੱਖ ਆਖ ਰਹੇ ਹਨ। ਇਹ ਹੋਣਾ ਸੁਭਾਵਿਕ ਹੀ ਸੀ ਕਿਉਂਕਿ ਮਨਪ੍ਰੀਤ ਬਾਦਲ ਦੀ ਪਾਰਟੀ ਸਿਰਫ ਇੱਕ ਆਦਮੀ ਪਾਰਟੀ ਬਣ ਕੇ ਰਹਿ ਗਈ ਸੀ ਤੇ ਚੋਣਾਂ ਜਿੱਤਣ ਲਈ ਮਨਪ੍ਰੀਤ ਨੂੰ ਕਿਸੇ ਦੀ ਬੇੜੀ ਵਿਚ ਤਾਂ ਸਵਾਰ ਹੋਣਾ ਹੀ ਪੈਣਾ ਸੀ। ਉਸ ਲਈ ਅੱਗੇ ਟੋਆ, ਪਿੱਛੇ ਖਾਈ ਵਾਲੀ ਨੌਬਤ ਆਈ ਪਈ ਸੀ। ਵਾਪਸ ਅਕਾਲੀ ਦਲ ਵਿਚ ਮੁੜਨ ਕਾਰਨ ਹੋਣ ਵਾਲੀ ਬੇ-ਇੱਜਤੀ ਨਾਲੋ ਕਾਂਗਰਸ ਦੀ ਗੱਡੀ ਵਿਚ ਝੂਟਾ ਲੈਣਾ ਹੀ ਮਨਪ੍ਰੀਤ ਨੇ ਮੁਨਾਸਿਬ ਸਮਝਿਆ। ਪਰ ਕਾਂਗਰਸ ਵਿਚ ਰਲੇਵਾਂ ਉਸ ਦੀ ਆਪਣੀ ਪਾਰਟੀ ਨਾਲ ਜੁੜੇ ਲੋਕਾਂ ਦੇ ਵੀ ਹਜ਼ਮ ਨਹੀਂ ਹੋ ਰਿਹਾ ਕਿAੁਂਕਿ ਸਾਕਾ ਨੀਲਾ ਤਾਰਾ ਅਤੇ ਦਿੱਲੀ ਵਿਚ ਕਾਂਗਰਸ ਪਾਰਟੀ ਦੇ ਇਸ਼ਾਰੇ ‘ਤੇ ਹੋਏ ਸਿੱਖਾਂ ਦੇ ਕਤਲੇਆਮ ਨੂੰ ਪੰਜਾਬੀ ਦਿਲੋਂ ਨਹੀਂ ਕੱਢ ਸਕੇ।
ਬਠਿੰਡਾ ਹਲਕੇ ਵਿਚ ਕਾਂਗਰਸ ਪਾਰਟੀ ਦੇ ਆਧਾਰ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ। ਕਾਂਗਰਸੀ ਵਰਕਰ ਮਨਪ੍ਰੀਤ ਬਾਦਲ ਨੂੰ ਪਸੰਦ ਨਾ ਵੀ ਕਰਦੇ ਹੋਣ ਪਰ ਪਾਰਟੀ ਮਗਰ ਜਾ ਕੇ ਉਨ੍ਹਾਂ ਨੂੰ ਵੋਟ ਮਨਪ੍ਰੀਤ ਨੂੰ ਹੀ ਪਾਉਣੀ ਪੈਣੀ ਹੈ। ਪਿਛਲੇ ਨਤੀਜਿਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਸਕਦਾ ਜਦੋਂ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਸਵਾ ਲੱਖ ਵੋਟ ਦੇ ਫਰਕ ਨਾਲ ਹਾਰਿਆ ਸੀ। ਇਹ ਫਰਕ ਕੋਈ ਥੋੜਾ ਨਹੀਂ ਹੁੰਦਾ। ਜੇਕਰ ਬਠਿੰਡਾ ਸੀਟ ਤੋਂ ਮਨਪ੍ਰੀਤ ਬਾਦਲ ਕਾਂਗਰਸ ਦੇ ਸਮਰਥਨ ਨਾਲ ਖੜਾ ਨਾ ਹੁੰਦਾ ਤਾਂ ਕਾਂਗਰਸ ਭਾਵੇਂ ਕਿਸੇ ਨੂੰ ਵੀ ਖੜਾ ਕਰਦੀ, ਨਤੀਜੇ ਦਾ ਕਿਆਸ ਪਹਿਲਾਂ ਹੀ ਲੱਗ ਸਕਦਾ ਸੀ ਕਿ ਜਿੱਤੇਗੀ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਹੀ। ਪਰ ਮਨਪ੍ਰੀਤ ਦੇ ਆਪਣੀ ਭਰਜਾਈ ਦੇ ਬਰਾਬਰ ਖੜਾ ਹੋਣ ਨਾਲ ਅਕਾਲੀ ਦਲ ਦੇ ਮੱਥੇ ‘ਤੇ ਵੀ ਤਰੇਲੀਆਂ ਆਈਆਂ ਹਨ। ਹੁਣ ਮੁਕਾਬਲਾ ਓਨਾ ਸੌਖਾ ਨਹੀਂ ਰਿਹਾ, ਜਿੰਨਾ ਅਨੁਮਾਨ ਲਾਇਆ ਜਾ ਰਿਹਾ ਸੀ। ਸੱਚਾ ਸੌਦਾ, ਸਿਰਸੇ ਦੇ ਸ਼ਰਧਾਲੂਆਂ ਦੀ ਵੋਟ ਵੀ ਇਸ ਵਾਰ ਮਨਪ੍ਰੀਤ ਬਾਦਲ ਦੇ ਹੱਕ ਵਿਚ ਭੁਗਤਣ ਦੇ ਆਸਾਰ ਬਣ ਰਹੇ ਹਨ।
ਜੋ ਵੀ ਹੋਵੇ, ਪੂਰੇ ਪੰਜਾਬ ਦੀਆਂ ਨਜ਼ਰਾਂ ਇਸ ਸੀਟ ‘ਤੇ ਹਨ। ਹੋਣ ਵੀ ਕਿਉਂ ਨਾ ਕਿਉਂਕਿ ਇਹ ਸਿਆਸੀ ਪਿੜ ਵਿਚ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਦੀ ਲੜਾਈ ਹੈ। ਸਿਆਸੀ ਅਣਬਣ ਤੋਂ ਲਾਂਭੇ ਹੋ ਕੇ ਦੇਖਿਆ ਜਾਵੇ ਤਾਂ ਹਰਸਿਮਰਤ ਅਤੇ ਮਨਪ੍ਰੀਤ ਇੱਕੋ ਪਰਿਵਾਰ ਦੇ ਦੋ ਮੈਂਬਰ ਹੋਣ ਦੇ ਨਾਲ ਨਾਲ ਦਿਓਰ-ਭਰਜਾਈ ਵੀ ਹਨ ਜਿਸ ਨੂੰ ਪੰਜਾਬੀ ਲੋਕਧਾਰਾ ਵਿਚ ਬੜੀ ਅਹਿਮੀਅਤ ਹਾਸਲ ਹੈ। ਸਹੁਰੇ ਘਰ ਵਿਚ ਪਤੀ ਤੋਂ ਬਾਅਦ ਆਪਣੇ ਦਿਓਰ ਨਾਲ ਹੀ ਕਿਸੇ ਇਸਤਰੀ ਦਾ ਨੇੜੇ ਦਾ ਰਿਸ਼ਤਾ ਹੁੰਦਾ ਹੈ। ਛੋਟਾ ਦਿਓਰ ਭਾਬੀਆਂ ਦਾ ḔਗਹਿਣਾḔ ਵਰਗੇ ਵਿਸ਼ੇਸ਼ਣਾਂ ਨਾਲ ਦਿਓਰ ਨੂੰ ਲੋਕਧਾਰਾ ਵਿਚ ਵਡਿਆਇਆ ਗਿਆ ਹੈ। Ḕਬੋਤਾ ਬੰਨ ਦੇ ਬੋਹੜ ਦੀ ਛਾਂਵੇਂ, ਆਜਾ ਦਿਓਰਾ ਤਾਸ਼ ਖੇਡੀਏḔ ਜਾਂ Ḕਮੇਰੀ ਕੌਣ ਚੁੱਕੂ ਫੁਲਕਾਰੀ, ਛੋਟੇ ਦਿਓਰ ਬਿਨਾਂ।Ḕ Ḕਪੁੱਛਦਾ ਦਿਓਰ ਖੜਾ, ਤੇਰਾ ਕੀ ਦੁੱਖਦਾ ਭਰਜਾਈਏ।Ḕ
ਪਰ ਕਹਿੰਦੇ ਨੇ ਕਿ ਸਿਆਸਤ ਵਿਚ ਕੋਈ ਆਪਣਾ-ਪਰਾਇਆ ਨਹੀਂ। ਬੇਸ਼ੱਕ ਦਿਓਰ-ਭਰਜਾਈ ਦੀ ਲੜਾਈ ਵਿਚਾਰਾਂ ਦੀ ਹੋਵੇ ਜਾਂ ਕੁਰਸੀ ਦੀ। ਮੁੱਕਦੀ ਗੱਲ ਹੁਣ ਜੇਕਰ ਮਨਪ੍ਰੀਤ ਬਾਦਲ ਆਪਣੀ ਵੱਡੀ ਭਰਜਾਈ ਤੋਂ ਹਾਰ ਗਿਆ ਤਾਂ ਉਸ ਦਾ ਸਿਆਸੀ ਭਵਿੱਖ ਫਰਸ਼ ‘ਤੇ ਆ ਸਕਦਾ ਹੈ ਪਰ ਜੇ ਜਿੱਤ ਗਿਆ ਤਾਂ ਬਾਦਲਾਂ ਨੂੰ ਤਾਂ ਝਟਕਾ ਲੱਗੇਗਾ ਹੀ ਨਾਲ ਆਮ ਲੋਕਾਂ ਲਈ ਵੀ ਇਹ ਜਿੱਤ ਕਿਸੇ ਅਚੰਭੇ ਤੋਂ ਘੱਟ ਨਹੀਂ ਹੋਵੇਗੀ। ਥਰਮਲ ਦੀਆਂ ਉਚੀਆਂ ਚਿਮਨੀਆਂ ਹਾਰਨ ਵਾਲੇ ਉਮੀਦਵਾਰ ਨੂੰ ਉਸ ਦੇ ਬੌਣੇਪਣ ਦਾ ਅਹਿਸਾਸ ਜਰੂਰ ਕਰਵਾਉਣਗੀਆਂ,
“ਰਾਇਆ ਰਾਇਆ ਰਾਇਆ,
ਵਿਚ ਵੇ ਬਠਿੰਡੇ ਦੇ
ਇੱਕ ਥਰਮਲ ਪਲਾਂਟ ਲਗਾਇਆ,
ਉਚੇ ਉਚੇ ਲਾ ਕੇ ਮਿਸਤਰੀ,
ਇੱਕ ਨਵਾ ਨਮੂਨਾਂ ਪਾਇਆ,
ਵੇ ਡਿੱਗ ਪਈ ਥਰਮਲ ਤੋਂ
ਪਤਾ ਲੈਣ ਨੀਂ ਆਇਆ,
ਵੇ ਡਿੱਗ ਪਈ ਥਰਮਲ ਤੋਂ…।
Leave a Reply