ਬਲਜੀਤ ਬਾਸੀ
ਪੰਜਾਬੀ ਵਿਚ ਘਣਚੱਕਰ ਸ਼ਬਦ ਅਸੀਂ ਮੂਰਖ, ਮੰਦਬੁਧ, ਭੌਂਦੂ ਆਦਿ ਦੇ ਅਰਥਾਂ ਵਿਚ ਇਸਤੇਮਾਲ ਕਰਦੇ ਹਾਂ। ਕਈ ਇਸ ਨੂੰ ਜ਼ਿੰਦਗੀ ਦੇ ਚੱਕਰਾਂ ਵਿਚ ਫਸੇ ਵਿਅਕਤੀ ਦੇ ਆਸ਼ੇ ਲਈ ਵੀ ਵਰਤ ਲੈਂਦੇ ਹਨ, ਕੁਝ ਇਸ ਤਰ੍ਹਾਂ ਜਿਵੇਂ ਉਹ ਅਜਿਹੇ ਚੱਕਰਵਿਊ ਵਿਚ ਘਿਰਿਆ ਹੋਵੇ ਜਿਸ ਵਿਚੋਂ ਨਿਕਲਣ ਦਾ ਕੋਈ ਰਾਹ ਹੀ ਨਾ ਲਭਦਾ ਹੋਵੇ। ਸਾਲ ਕੁ ਪਹਿਲਾਂ ਇਕ ਸਨਸਨੀਖੇਜ਼ ਹਾਸਰਸੀ ਫਿਲਮ ਆਈ ਸੀ ਜਿਸ ਦਾ ਨਾਂ ਸੀ, ਘਣਚੱਕਰ। ਇਸ ਵਿਚ ਵਿਦਿਆ ਬਾਲਨ ਨੇ ਇਕ ਪੰਜਾਬਣ ਦਾ ਵਧੀਆ ਰੋਲ ਨਿਭਾਇਆ ਸੀ। ਉਂਜ ਤਾਂ ਹਰ ਸਸਪੈਂਸ ਫਿਲਮ ਨੂੰ ਘਣਚੱਕਰ ਕਿਹਾ ਜਾ ਸਕਦਾ ਹੈ ਪਰ ਇਸ ਫਿਲਮ ਵਿਚ ਇਸ ਸ਼ਬਦ ਦੇ ਹੋਰ ਤਰ੍ਹਾਂ ਵੀ ਅਰਥ ਉਘੜਦੇ ਹਨ। ਇਸ ਦਾ ਮੁਖ ਪਾਤਰ ਤੀਹ ਕਰੋੜ ਦਾ ਬੈਂਕ ਡਾਕਾ ਮਾਰ ਕੇ ਧਨ ਕਿਤੇ ਲੁਕੋ ਦਿੰਦਾ ਹੈ ਪਰ ਫਿਰ ਯਾਦਾਸ਼ਤ ਖੋ ਬੈਠਦਾ ਹੈ, ਅਰਥਾਤ ਘਣਚੱਕਰ ਬਣ ਜਾਂਦਾ ਹੈ।
ਪਿਛੇ ਜਿਹੇ ਮੈਂ ਆਪਣੇ ਪਿੰਡ ਦੇ ਕੱਚੇ ਘਰ ਬਾਰੇ ਇਕ ਰੇਖਾਚਿੱਤਰ ਲਿਖਿਆ ਸੀ। ਉਸ ਵਿਚ ਮੈਂ ਘਰ ਦੇ ਕੱਚੇ ਦਲਾਨ ਦਾ ਖਾਕਾ ਉਲੀਕਦਿਆਂ ਦੱਸਿਆ ਸੀ ਕਿ ਇਸ ਦੇ ਗਭੇ ਇਕ ਮੰਜੇ ਦੇ ਥਾਂ ਜਿੰਨਾ ਪੀਲਪਾਵਾ ਹੁੰਦਾ ਸੀ ਜੋ ਦਲਾਨ ਨੂੰ ਚਾਰ ਹਿੱਸਿਆਂ ਵਿਚ ਵੰਡ ਦਿੰਦਾ ਸੀ। ਟੱਬਰ ਦੇ ਜੀਅ ਅੰਦਰ ਵੜਦੇ ਸਾਰ ਹੀ, “ਇਸ ਘਣਚੱਕਰ ਦੁਆਲੇ ਹੀ ਘੁੰਮਦੇ ਰਹਿੰਦੇ ਸਨ।” ਘਣਚੱਕਰ ਵਿਚ ਫਸੇ ਬੰਦੇ ਦੀ ਅਵਸਥਾ ਨੂੰ ਅਸੀਂ ਚਕ੍ਰਿਤ ਹੋਇਆ ਵੀ ਕਹਿ ਸਕਦੇ ਹਾਂ ਪਰ ਇਸ ਦਾ ਅਰਥ ਵਧੇਰੇ ਹੈਰਾਨ ਹੋਇਆ ਹੁੰਦਾ ਹੈ। ਹਾਂ, ਚਕਰਾਇਆ ਜ਼ਰੂਰ ਕਹਿ ਸਕਦੇ ਹਾਂ। ਗੁਰਦਾਸ ਮਾਨ ਦੇ ਇਕ ਗੀਤ ਦੇ ਬੋਲ ਹਨ “ਚੱਕਰ ਹੈ, ਚੱਕਰ ਹੈ, ਚੱਕਰ ਹੈ।” ਇਕ ਹਿੰਦੀ ਗੀਤ ਦੇ ਇਨ੍ਹਾਂ ਬੋਲਾਂ ਵਿਚ ਵੀ ਮਨੁਖ ਦੇ ਘੁੰਮਣਘੇਰੀਆਂ ਵਿਚ ਫਸੇ ਹੋਣ ਦੇ ਭਾਵ ਸਾਹਮਣੇ ਆਉਂਦੇ ਹਨ, “ਗਰਦਿਸ਼ ਮੇਂ ਹੈਂ ਸਾਰੇ, ਮਤ ਘਬਰਾਨਾ ਪਿਆਰੇ।”
ਪੈਰਾਂ ਵਿਚ ਚੱਕਰ ਮੁਹਾਵਰੇ ਦਾ ਅਰਥ ਵੀ ਕੁਝ ਇਸ ਤਰ੍ਹਾਂ ਦਾ ਹੈ, ਮਨੁਖੀ ਜ਼ਿੰਦਗੀ ਭਟਕਣ ਹੀ ਹੈ। ਪਰ ਜਿਵੇਂ ਸ਼ੁਰੂ ਵਿਚ ਦੱਸਿਆ ਗਿਆ ਹੈ, ਘਣਚੱਕਰ ਦਾ ਆਮ ਜਾਣਿਆ ਜਾਂਦਾ ਅਰਥ ਬੁਧੂ, ਬੇਵਕੂਫ਼, ਲੋਲ੍ਹਾ ਹੈ। ਚੱਕਰ ਵਿਚ ਫਸਿਆ ਬੰਦਾ ਲੋਲ੍ਹੜ ਹੋ ਹੀ ਜਾਂਦਾ ਹੈ। ਪਰ ਸਬੰਧਤ ਸ਼ਬਦ ਦੇ ਮੁਢ ਵਿਚ ਘਣ ਅਗੇਤਰ ਆਇਆ ਹੈ ਤਾਂ ਇਸ ਦਾ ਕੀ ਅਰਥ ਹੋ ਸਕਦਾ ਹੈ? ਘਣ ਦਾ ਜਾਣਿਆ ਜਾਂਦਾ ਮੁਖ ਅਰਥ ਤਾਂ ਇਕ ਲੋਹੇ ਦਾ ਹਥੌੜਾ ਜਾਂ ਅਹਿਰਨ ਹੁੰਦਾ ਹੈ। ਜਾਂ ਫਿਰ ਭੌਤਿਕੀ ਵਿਚ ਅਸੀਂ ਘਣ ਦਾ ਅਰਥ ਕਿਸੇ ਤਿੰਨ-ਵਿਮਈ ਵਸਤੂ ਨੂੰ ਕਹਿੰਦੇ ਹਾਂ। ਗਣਿਤ ਵਿਚ ਘਣਫਲ ਕਿਸੇ ਸੰਖਿਆ ਨੂੰ ਆਪਣੇ ਆਪ ਨਾਲ ਤਿੰਨ ਵਾਰੀ ਗੁਣਾ ਕਰਨ ਨਾਲ ਹਾਸਿਲ ਹੁੰਦੀ ਸੰਖਿਆ ਨੂੰ ਆਖਿਆ ਜਾਂਦਾ ਹੈ ਜਿਸ ਨੂੰ ਅੰਗਰੇਜ਼ੀ ਵਿਚ ਕਿਊਬ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕੀ ਘਣਚੱਕਰ ਇਕ ਤੀਹਰੇ ਚੱਕਰ ਵਿਚ ਫਸੇ ਬੰਦੇ ਦੀ ਸਥਿਤੀ ਵੱਲ ਸੰਕੇਤ ਕਰਦਾ ਹੈ? ਜਾਂ ਕਹਿ ਲਵੋ, ਕੀ ਘਣਚੱਕਰ ਘਣੇ ਚੱਕਰ ਦੀ ਸਥਿਤੀ ਹੈ?
ਮਈਆ ਸਿੰਘ ਨੇ ਆਪਣੇ ਕੋਸ਼ ਵਿਚ ਇਸ ਦਾ ਸ਼ਾਬਦਿਕ ਅਰਥ “ਜੋ ਲਾਟੂ ਵਾਂਗ ਘੁਮੰਦਾ ਹੈ” ਦੱਸਿਆ ਹੈ। ਇਥੇ ਲਾਟੂ ਤੋਂ ਭਾਵ ਲੱਕੜੀ ਦਾ ਉਹ ਸ਼ੰਕੂਨੁਮਾ ਟੁਕੜਾ ਹੈ ਜਿਸ ਨੂੰ ਬੱਚੇ ਛੈਂਟਾ ਮਾਰ ਕੇ ਘੁੰਮਾਉਂਦੇ ਹਨ। ਇਹ ਬੱਚਿਆਂ ਦੀ ਇਕ ਮਨਪਰਚਾਵੀ ਖੇਡ ਹੈ। ਪਰ ਦਿੱਕਤ ਹੈ ਕਿ ਘਣ ਦੇ ਅਰਥ ਅਸੀਂ ਲਾਟੂ ਵਜੋਂ ਨਹੀਂ ਜਾਣਦੇ। ਹਿੰਦੀ ਸ਼ਬਦਸਾਗਰ ਵਿਚ ਇਸ ਨੂੰ ਇਕ ਪ੍ਰਕਾਰ ਦੀ ਆਤਿਸ਼ਬਾਜ਼ੀ ਦੱਸਿਆ ਗਿਆ ਹੈ ਜੋ ਬਹੁਤ ਸ਼ੋਰ ਕਰਦੀ ਹੈ। ਪੰਜਾਬੀ ਵਿਚ ਇਸ ਨੂੰ ਅਸੀਂ ਚੱਕਰੀ ਜਾਂ ਚੱਕੀ ਵੀ ਕਹਿੰਦੇ ਹਾਂ। ਪਲੈਟਸ ਦੇ ਕੋਸ਼ ਵਿਚ ਵੀ ਇਹੋ ਅਰਥ ਹਨ। ਪਹਿਲੇ ਤੇ ਦੂਜੇ ਨੇ ਤੀਜੇ ਦੀ ਨਕਲ ਮਾਰੀ ਲਗਦੀ ਹੈ। ਘਣਚੱਕਰ ਦੀ ਕਿਸੇ ਵੀ ਵਿਆਖਿਆ ਵਿਚ ਚੱਕਰ ਦੇ ਭਾਵ ਹੀ ਉਭਰਦੇ ਹਨ, ਘਣ ਕਿਤੇ ਨਹੀਂ ਰੜਕਦਾ। ਖੈਰ, ਘਣਚੱਕਰ ਦੇ ਮੁਢਲੇ ਅਰਥਾਂ ਦਾ ਥਹੁਪਤਾ ਉਦੋਂ ਹਾਸਿਲ ਹੁੰਦਾ ਹੈ ਜਦ ਅਸੀਂ ਘਣ ਸ਼ਬਦ ਦੇ ਇਕ ਹੋਰ ਉਘੇ ਅਰਥ ਵੱਲ ਝਾਤੀ ਮਾਰਦੇ ਹਾਂ ਤੇ ਉਹ ਹੈ, ਬੱਦਲ। ਹਿੰਦੀ ਸ਼ਬਦਸਾਗਰ ਨੇ ਘਣ ਦੇ ਪਹਿਲੇ ਅਰਥ ਇਹੋ ਦਿੱਤੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਇਨ੍ਹਾਂ ਅਰਥਾਂ ਵਿਚ ਕਈ ਵਾਰੀ ਆਇਆ ਹੈ, “ਘਣ ਵਰਸਿਹ ਰੁਤਿ ਆਏ” (ਤੁਖਾਰੀ ਬਾਰਾਮਾਹ); “ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ” (ਰਾਮ ਰੁਤੀ)। ਘਨਹਰ ਦੇ ਵੀ ਇਹੀ ਅਰਥ ਹਨ, “ਘਨਹਰ ਘੋਰ ਦਸੋ ਦਿਸਿ ਬਰਸੈ” -ਗੁਰੂ ਨਾਨਕ ਦੇਵ। ਘਨਘੋਰ ਦਾ ਮਤਲਬ ਬੱਦਲ ਦੀ ਗਰਜ ਹੈ, “ਘਨਘੋਰ ਪ੍ਰੀਤਿ ਮੋਰ” -ਗੁਰੂ ਅਰਜਨ ਦੇਵ।
ਸੋ, ਘਣਚੱਕਰ ਸ਼ਬਦ ਦਾ ਅਰਥ ਹੋਇਆ ਜੋ ਬੱਦਲ ਵਾਂਗ ਚੱਕਰ ਵਿਚ ਪਿਆ ਹੋਇਆ ਹੈ। ਇਹ ਬੱਦਲਾਂ ਦੇ ਏਧਰ ਉਧਰ ਆਵਾਰਾ ਘੁੰਮਣ ਵਾਲੀ ਸਿਫਤ ਵੱਲ ਇਸ਼ਾਰਾ ਕਰਦਾ ਹੈ। ਇਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਮਹਾਕਵੀ ਕਾਲੀਦਾਸ ਨੇ ਆਪਣੇ ਦੂਤਕਾਵਿ “ਮੇਘਦੂਤ” ਵਿਚ ਬੱਦਲਾਂ ਦੇ ਹੋਰ ਕਈ ਨਾਂਵਾਂ ਵਿਚੋਂ ਇਕ ਨਾਂ ਘਣਚੱਕਰ ਵਰਤਿਆ ਹੈ। ਘਣਚੱਕਰ ਦੀ ਆਵਾਰਗੀ ਜਾਂ ਘੁੰਮਕੜਤਾ ‘ਚੋਂ ਇਸ ਦੇ ਅਰਥ ਵਿਕਸਿਤ ਹੋ ਕੇ ਚੰਚਲਬੁਧ ਹੋ ਗਏ। ਚੰਚਲ ਬੁਧੀ ਵਾਲਾ ਹੀ ਮੂਰਖ, ਬੇਵਕੂਫ, ਡਗ, ਡਫਰ ਹੁੰਦਾ ਹੈ। ਜਾਂ ਇਉਂ ਕਹਿ ਲਵੋ ਕਿ ਆਵਾਰਾ, ਡੋਲਦੇ ਵਿਚਾਰਾਂ ਵਾਲਾ ਬੰਦਾ ਹੀ ਬੇਵਕੂਫ਼ ਹੁੰਦਾ ਹੈ । ਭੌਂਦੂ ਸ਼ਬਦ ਤੋਂ ਵੀ ਇਸ ਦੇ ਅਜਿਹੇ ਅਰਥਾਂ ਦੀ ਪੁਸ਼ਟੀ ਹੁੰਦੀ ਹੈ। ਭੌਂਦੂ ਆਦਮੀ ਉਹ ਹੈ ਜਿਸ ਦਾ ਦਿਮਾਗ ਭੌਂਦਾ ਫਿਰਦਾ ਹੈ।
ਹੁਣ ਆਈਏ, ਘਣ ਸ਼ਬਦ ਦੇ ਹੋਰ ਵਿਸਤਾਰ ਵੱਲ। ਸਭ ਤੋਂ ਪਹਿਲਾਂ ਇਹ ਦੱਸ ਦੇਈਏ ਕਿ ਘਣ ਸ਼ਬਦ ਦਾ ਧਾਤੂ ḔਹਨḔ ਹੈ ਜਿਸ ਵਿਚ ਕੁੱਟਣ, ਪਿੱਟਣ, ਮਾਰਨ, ਲਿਤਾੜਨ ਆਦਿ ਦੇ ਭਾਵ ਹਨ। ਕਿਸੇ ਚੀਜ਼ ਜਿਵੇਂ ਧਾਤ ਆਦਿ ਨੂੰ ਕੁੱਟੀ ਜਾਈਏ ਤਾਂ ਇਹ ਸੰਘਣੀ ਹੋ ਜਾਂਦੀ ਹੈ। ਇਸ ਲਈ ਇਸ ਦੇ ਅਰਥ ਗਾੜ੍ਹੇ ਜਾਂ ਸੰਘਣੇ ਵਾਲੇ ਵੀ ਹਨ, ਖਾਸ ਤੌਰ ‘ਤੇ ਘਣਾ ਸ਼ਬਦ ਦੇ, “ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ” -ਮੋਹਨ ਸਿੰਘ। ਦਰਅਸਲ, ਸੰਘਣਾ ਸ਼ਬਦ ਵੀ ਸਮ+ਘਣਾ ਤੋਂ ਹੀ ਬਣਿਆ ਹੈ। ਸਮ ਅਗੇਤਰ ਦਾ ਅਰਥ ਸਹਿਤ, ਨਾਲ ਹੁੰਦਾ ਹੈ। ਸੋ ਮੇਘ ਜਾਂ ਬੱਦਲ ਲਈ ਘਣ ਸ਼ਬਦ ਇਸ ਵਿਚ ਸੰਘਣੇਪਣ ਜਾਂ ਗਾੜ੍ਹੇ ਦੇ ਅਰਥ ਨਿਹਿਤ ਹੋਣ ਕਰਕੇ ਹੈ। ਘਣ ਸ਼ਬਦ ਦਾ ਅਰਥ-ਵਿਸਤਾਰ ਹੋ ਕੇ ਇਹ ਬਹੁਤ, ਅਧਿਕ ਦੇ ਆਸ਼ੇ ਲਈ ਵੀ ਵਰਤਿਆ ਜਾਣ ਲੱਗਾ ਹੈ ਜਿਵੇਂ ਥੋੜਾ-ਘਣਾ ਸ਼ਬਦ ਜੁੱਟ ਵਿਚ। ਦਰਅਸਲ, ਘਣ ਚੀਜ਼ ਠੋਸ ਜਾਂ ਸਥੂਲ ਹੁੰਦੀ ਹੈ, ਇਸ ਲਈ ਇਸ ਵਿਚ ਬਹੁਤ, ਜਾਂ ਅਧਿਕ ਦੇ ਭਾਵ ਆ ਗਏ, “ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰ” -ਗੁਰੂ ਨਾਨਕ ਦੇਵ। ਗੁਰੂ ਨਾਨਕ ਦਾ ਇਕ ਹੋਰ ਸ਼ਬਦ ਹੈ, “ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੁਲਿ ਖੁਸੀਆ॥” ਸ਼ਾਹ ਹੁਸੈਨ ਨੇ ਵੀ ਇਹ ਸ਼ਬਦ ਵਰਤਿਆ ਹੈ, “ਜਾ ਕੁਆਰੀ ਤਾਂ ਚਾਉ ਘਣਾ, ਪੁੱਤ ਪਰਾਏ ਦੇ ਵਸ ਪਵਾਂ।” “ਥੋਥਾ ਚਨਾ ਬਾਜੇ ਘਣਾ” ਕਹਾਵਤ ਵਿਚ ਵੀ ਘਣ ਦੇ ਇਹੋ ਅਰਥ ਝਲਕਦੇ ਹਨ। ਇਕ ਹੋਰ ਅਖੌਤ ਹੈ,
ਚਣਾ ਚੇਤ ਘਣਾ, ਕਣਕ ਘਣੀ ਵਿਸਾਖ।
ਤੀਵੀ ਘਣੀ ਤਾ ਜਾਣੀਏ, ਜੇ ਮੁੰਡਾ ਹੋਵੇ ਢਾਕ।
ਹਰਿਆਣਵੀ ਵਿਚ ਅਜਿਹੀ ਵਰਤੋਂ ਦੇਖੋ, “ਜੇ ਡਰਾਈਵਰ ਮੰਨੇ ਘਣਾ ਤੰਗ ਕਰੇ ਸਾ।” ਹਥੌੜੇ ਜਾਂ ਅਹਿਰਨ ਦੇ ਅਰਥ ਦੋ ਕਾਰਨਾਂ ਕਰਕੇ ਵਿਕਸਿਤ ਹੋਏ ਹੋ ਸਕਦੇ ਹਨ। ਇਕ ਕਾਰਨ ਇਹ ਹੋ ਸਕਦਾ ਹੈ ਕਿ ਘਣ ਨਾਲ ਸੱਟ ਮਾਰੀ ਜਾਂਦੀ ਹੈ ਤੇ ਘਣ ਵਿਚ ਮਾਰਨ, ਪਿੱਟਣ, ਕੁੱਟਣ ਦੇ ਜਮਾਂਦਰੂ ਅਰਥ ਹਨ। ਦੂਜਾ ਘਣ ਇਕ ਭਾਰੀ ਭਰਕਮ ਠੋਸ ਧਾਤ ਹੁੰਦੀ ਹੈ ਜੋ ਕੁੱਟ ਕੁੱਟ ਕੇ ਹੀ ਬਣਾਈ ਜਾ ਸਕਦੀ ਹੈ। ਘਣ ਦਾ ਅਰਥ ਘੰਟੀ ਵੀ ਹੁੰਦਾ ਹੈ ਤੇ ਘੰਟੀ ਵੀ ਮਾਰਨ ਨਾਲ ਹੀ ਵਜਦੀ ਹੈ। ਘਣ ਦੇ ਮਾਰਨ, ਕੁੱਟਣ ਵਾਲੇ ਅਰਥਾਂ ਤੋਂ ਹੀ ਇਸ ਦੇ ਗਣਿਤ ਦੇ ਵਾਧੇ ਵਾਲੇ ਅਰਥ ਵਿਕਸਿਤ ਹੋਏ ਹਨ। ਕੁੱਟ ਕੁੱਟ ਕੇ ਕੋਈ ਚੀਜ਼ ਲੰਮੀ ਕਰ ਲਈ ਜਾਂਦੀ ਹੈ। ਅਰਬੀ ਵਲੋਂ ਆਏ ਜ਼ਰਬ ਸ਼ਬਦ ਵਿਚ ਵੀ ਮਾਰਨ, ਕੁੱਟਣ ਦੇ ਅਰਥਾਂ ਦੇ ਨਾਲ ਨਾਲ ਗੁਣਾ ਕਰਨ ਦੇ ਅਰਥ ਵੀ ਹਨ। ਘਣ ਨਾਲ ਸ਼ਾਮ ਲੱਗ ਕੇ ਘਣਸ਼ਾਮ ਸ਼ਬਦ ਬਣ ਗਿਆ ਜੋ ਕ੍ਰਿਸ਼ਨ ਦੀ ਇਕ ਉਪਾਧੀ ਹੈ। ਕ੍ਰਿਸ਼ਨ ਨੂੰ ਬੱਦਲਾਂ ਦੇ ਕਾਲੇ ਰੰਗ (ਸ਼ਾਮ ਰੰਗ) ਵਾਲਾ ਬਿਆਨਿਆ ਗਿਆ ਹੈ। ਕ੍ਰਿਤਘਣ ਸ਼ਬਦ ਵਿਚ ਘਣ ਪਰੇ ਸੁੱਟਣ ਦੇ ਅਰਥਾਂ ਵਿਚ ਆਇਆ ਹੈ।
ਪਕਵਾਨ ਬਣਾਉਣ ਲਈ ਕੜਾਹੀ ਵਿਚ ਪਾਈ ਗਈ ਸਮਗਰੀ ਜਾਂ ਮਿਕਦਾਰ ਨੂੰ ਘਾਣ ਕਿਹਾ ਜਾਂਦਾ ਹੈ। ਉਕਤੀ ਹੈ, ਘਾਣ ਪਾਉਣਾ। ਇਸ ਦਾ ਅਰਥ ਢੇਰ, ਇਕੱਠ; ਕੇਲਿਆਂ ਦਾ ਸਮੂਹ; ਮਧੂ ਮੱਖੀਆਂ ਦਾ ਛੱਤਾ; ਵੱਢ-ਟੱਕ ਕਤਲੇਆਮ ਵੀ ਹੈ। ਇਨ੍ਹਾਂ ਸਾਰੇ ਅਰਥਾਂ ਵਿਚ ਘਣ ਦੇ ਸੰਘਣੇਪਣ, ਠਸਾਠਸ ਜਾਂ ਖਚਖਚ ਦੇ ਭਾਵ ਹੀ ਉਜਾਗਰ ਹੁੰਦੇ ਹਨ। ਮਿੱਟੀ ਵਿਚ ਪਾਣੀ ਅਤੇ ਤੂੜੀ ਮਿਲਾ ਕੇ ਇਸ ਨੂੰ ਪੈਰਾਂ-ਲੱਤਾਂ ਨਾਲ ਖੂਬ ਕੁੱਟਿਆ, ਲਤਾੜਿਆ ਜਾਂਦਾ ਹੈ ਤਾਂ ਕਿ ਇਹ ਗਾੜ੍ਹੀ ਹੋ ਸਕੇ। ਇਸ ਲਈ ਅਜਿਹੀ ਲਿਪਾਈ ਕਰਨ ਵਾਲੀ ਮਿੱਟੀ ਨੂੰ ਘਾਣੀ ਕਿਹਾ ਜਾਂਦਾ ਹੈ। ਕੋਹਲੂ ਵਿਚ ਪਾ ਕੇ ਤੇਲ ਕੱਢਣ ਲਈ ਪਾਣੀ ਮਿਲੇ ਬੀਜਾਂ ਨੂੰ ਘਾਣੀ ਕਿਹਾ ਜਾਂਦਾ ਹੈ ਕਿਉਂਕਿ ਇਹ ਵੀ ਇੱਕ ਸੰਘਣਾ ਜਿਹਾ ਘੋਲ ਬਣ ਜਾਦਾ ਹੈ। ਜਾਂ ਇਉਂ ਕਹਿ ਲਵੋ ਕਿ ਇਸ ਨੂੰ ਕੋਹਲੂ ਵਿਚ ਪਾ ਕੇ ਖੂਬ ਕੁੱਟਿਆ-ਮਾਰਿਆ ਜਾਣਾ ਹੈ। ਕੜਾਹੇ ਵਿਚਲੇ ਰਹੁ ਦੀ ਜਦ ਪੱਤ ਆ ਜਾਂਦੀ ਹੈ ਤਾਂ ਇਸ ਵਿਚ ਘੌਣਾ ਫੇਰਿਆ ਜਾਂਦਾ ਹੈ। ਘੌਣੇ ਨੂੰ ਕੁਝ ਇਲਾਕਿਆਂ ਵਿਚ ਘਾਵਾਂ ਵੀ ਕਹਿੰਦੇ ਹਨ। ਸਪਸ਼ਟ ਹੈ ਕਿ ਇਥੇ ਵੀ ਪੱਤ ਨੂੰ ਗਾੜ੍ਹੀ ਕਰਨ ਵੱਲ ਸੰਕੇਤ ਹੈ। ਫਿਰ ਸੱਟ, ਚੋਟ ਦੇ ਅਰਥਾਂ ਵਾਲੇ ਘਾਉ ਸ਼ਬਦ ਵਿਚ ਵੀ ਕੁੱਟਣ ਜਾ ਪਿੱਟਣ ਦੇ ਭਾਵ ਹਨ।
Leave a Reply