ਸੰਗਰੂਰ: ਪੰਜਾਬ ਵਿਚ ਹੁਣ ਤੱਕ ਵਿਧਾਨ ਸਭਾ ਤੇ ਆਮ ਚੋਣਾਂ ਦਾ ਇਤਿਹਾਸ ਰਿਹਾ ਹੈ ਕਿ ਇਥੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਲਾਵਾ ਕਿਸੇ ਹੋਰ ਸਿਆਸੀ ਧਿਰ ਦੇ ਪੈਰ ਨਹੀਂ ਜੰਮ ਸਕੇ। ਖਾਸਕਰ 15ਵੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ ਸਿਰਫ਼ ਪਹਿਲੇ ਤੇ ਦੂਜੇ ਸਥਾਨ ‘ਤੇ ਆਉਣ ਵਾਲੇ 26 ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੇ 192 ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ।
ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਹਲਕੇ ਵਿਚ ਤੀਜੇ ਸਥਾਨ ‘ਤੇ ਰਹਿਣ ਵਾਲਾ ਕੋਈ ਵੀ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ ਸੀ। ਇਥੋਂ ਤੱਕ ਕਿ ਅੱਡੀ-ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਰਾਜਨੀਤਕ ਖੇਤਰ ਦੇ ਕਈ ਵੱਡੇ ਖਿਡਾਰੀ ਵੀ ਆਪਣੀ ਜ਼ਮਾਨਤ ਨਹੀਂ ਸੀ ਬਚਾ ਸਕੇ। 2009 ਵਿਚ ਹੋਈਆਂ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ।
ਸੰਗਰੂਰ ਲੋਕ ਸਭਾ ਹਲਕੇ ਦੀਆਂ ਕੁੱਲ 12,51,401 ਵੋਟਾਂ ਵਿਚੋਂ 9,31,468 ਵੋਟਾਂ ਪੋਲ ਹੋਈਆਂ ਸਨ। ਜ਼ਮਾਨਤ ਬਚਾਉਣ ਲਈ ਕੁੱਲ ਪੋਲ ਹੋਈਆਂ ਵੋਟਾਂ ਦਾ ਛੇਵਾਂ ਹਿੱਸਾ ਭਾਵ 1,55,245 ਵੋਟਾਂ ਲੈਣੀਆਂ ਜ਼ਰੂਰੀ ਸਨ ਪਰ ਸ਼ ਰਾਮੂਵਾਲੀਆ ਤੇ ਸ਼ ਮਾਨ ਵਿਚੋਂ ਕੋਈ ਵੀ ਇਸ ਅੰਕੜੇ ਤੱਕ ਨਹੀਂ ਪੁੱਜ ਸਕਿਆ। ਤੀਜੇ ਸਥਾਨ ‘ਤੇ ਰਹੇ ਸ਼ ਰਾਮੂਵਾਲੀਆ ਨੂੰ 1,15,012 ਵੋਟਾਂ ਮਿਲੀਆਂ ਸਨ ਜਦੋਂ ਕਿ ਪੰਜਵੇਂ ਸਥਾਨ ‘ਤੇ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਸਿਰਫ਼ 33714 ਵੋਟਾਂ ਹੀ ਪ੍ਰਾਪਤ ਹੋਈਆਂ ਸਨ।
ਮਿਲੇ ਅੰਕੜਿਆਂ ਮੁਤਾਬਕ 1998 ਦੀਆਂ ਲੋਕ ਸਭਾ ਚੋਣਾਂ ਸਮੇਂ ਪੰਜਾਬ ਵਿਚ ਚੋਣ ਲੜਨ ਵਾਲੇ ਕੁੱਲ 102 ਉਮੀਦਵਾਰਾਂ ਵਿਚੋਂ 75 ਦੀ ਜ਼ਮਾਨਤ ਜ਼ਬਤ ਹੋਈ ਸੀ। 1999 ਵਿਚ ਕੁੱਲ 120 ਉਮੀਦਵਾਰਾਂ ਵਿਚੋਂ 89 ਉਮੀਦਵਾਰਾਂ ਤੇ 2004 ਦੀਆਂ ਚੋਣਾਂ ਵਿਚ ਕੁੱਲ 142 ਉਮੀਦਵਾਰਾਂ ਵਿਚੋਂ 117 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸਨ। 2009 ਦੀਆਂ ਚੋਣਾਂ ਵਿਚ ਇਹ ਅੰਕੜਾ ਵਧ ਕੇ 192 ਤੱਕ ਪੁੱਜ ਗਿਆ।
2009 ਵਿਚ ਸੰਗਰੂਰ ਹਲਕੇ ਤੋਂ ਚੋਣ ਲੜਨ ਵਾਲੇ ਕੁੱਲ 16 ਉਮੀਦਵਾਰਾਂ ਵਿਚੋਂ ਜੇਤੂ ਰਹੇ ਵਿਜੈਇੰਦਰ ਸਿੰਗਲਾ (ਕਾਂਗਰਸ) ਤੇ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਛੱਡ ਕੇ ਬਾਕੀ ਸਾਰੇ 14 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸਨ। ਨਤੀਜੇ ਤੋਂ ਬਾਅਦ ਸ਼ ਰਾਮੂਵਾਲੀਆ ਨੇ ਤਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਉਨ੍ਹਾਂ ਨੇ ਬਹੁਤ ਜ਼ੋਰ ਲਗਾ ਕੇ ਦੇਖ ਲਿਆ ਪਰ ਪੰਜਾਬ ਦੇ ਲੋਕ ਤੀਜੀ ਧਿਰ ਨੂੰ ਨਹੀਂ ਸਵੀਕਾਰਦੇ। ਇਹੋ ਵਜ੍ਹਾ ਸੀ ਕਿ ਬਾਅਦ ਵਿਚ ਸ਼ ਰਾਮੂਵਾਲੀਆ ਨੇ ਆਪਣੀ ਲੋਕ ਭਲਾਈ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਰਲਾਉਣ ਵਿਚ ਹੀ ਆਪਣੀ ਭਲਾਈ ਸਮਝੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਇਸ ਵਾਰ ਸੰਗਰੂਰ ਲੋਕ ਸਭਾ ਹਲਕੇ ਦੀ ਬਜਾਏ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਨੂੰ ਤਰਜੀਹ ਦੇਣ ਦਾ ਵੀ ਇਹ ਕਾਰਨ ਸਮਝਿਆ ਜਾ ਰਿਹਾ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਦਾ ਵੋਟ ਬੈਂਕ ਖਿਸਕਦਾ-ਖਿਸਕਦਾ ਕਾਫ਼ੀ ਹੇਠਾਂ ਆ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ ਮਾਨ ਨੇ 1999 ਵਿਚ ਸੰਗਰੂਰ ਹਲਕੇ ਤੋਂ ਆਸਾਂ ਨਾਲੋਂ ਕਿਤੇ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ।
____________________________________________
ਤੀਜੀ ਧਿਰ ਦੀ ਅਸਫਲਤਾ ਦੀ ਤਸਵੀਰ
ਚੋਣ ਕਮਿਸ਼ਨ ਦੀ ਸਾਈਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ 2009 ਵਿਚ ਪੰਜਾਬ ਦੇ ਗੁਰਦਾਸਪੁਰ ਹਲਕੇ ਦੇ 13 ਉਮੀਦਵਾਰਾਂ ਵਿਚੋਂ 11 ਦੀ ਜ਼ਮਾਨਤ ਜ਼ਬਤ ਹੋਈ।
ਅੰਮ੍ਰਿਤਸਰ ਹਲਕੇ ਦੇ 14 ਉਮੀਦਵਾਰਾਂ ਵਿਚੋਂ 12, ਖਡੂਰ ਸਾਹਿਬ ਹਲਕੇ ਦੇ 15 ਵਿਚੋਂ 13, ਜਲੰਧਰ ਹਲਕੇ ਦੇ 15 ਵਿਚੋਂ 13, ਹੁਸ਼ਿਆਰਪੁਰ ਹਲਕੇ ਦੇ 12 ਵਿਚੋਂ 10, ਆਨੰਦਪੁਰ ਸਾਹਿਬ ਹਲਕੇ ਦੇ 14 ਵਿਚੋਂ 12, ਲੁਧਿਆਣਾ ਹਲਕੇ ਦੇ 30 ਵਿਚੋਂ 28, ਫਤਹਿਗੜ੍ਹ ਸਾਹਿਬ ਹਲਕੇ ਦੇ 11 ਵਿਚੋਂ 9, ਫਰੀਦਕੋਟ ਹਲਕੇ ਦੇ 15 ਵਿਚੋਂ 13 ਤੇ ਫਿਰੋਜ਼ਪੁਰ ਹਲਕੇ ਦੇ 27 ਵਿਚੋਂ 25 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। ਬ
ਠਿੰਡਾ ਹਲਕੇ ਦੇ 22 ਵਿਚੋਂ 20 ਅਤੇ ਪਟਿਆਲਾ ਹਲਕੇ ਦੇ 14 ਉਮੀਦਵਾਰਾਂ ਵਿਚੋਂ 12 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਇਸ ਤੋਂ ਸਪਸ਼ਟ ਹੈ ਕਿ ਹਰ ਹਲਕੇ ਵਿਚੋਂ ਕੋਈ ਵੀ ਤੀਜਾ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ ਸੀ।
Leave a Reply